ਲੈ ਆ ਤੰਗਲ਼ੀ ਨਸੀਬਾਂ ਨੂੰ ਫਰੋਲ਼ੀਏ

ਓ ਲੈ ਆ ਤੰਗਲ਼ੀ......

ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਹਲ਼ਾਂ ਵਿਚੋਂ ਨੀਰ ਵਗਿਆ।
ਓਏ!ਲੈ ਆ ਤੰਗਲ਼ੀ ਨਸੀਬਾਂ ਨੂੰ ਫਰੋਲ਼ੀਏ, ਤੂੜੀ ਵਿਚੋਂ ਪੁੱਤ ਜੱਗਿਆ।
ਓ ਲੈ ਆ ਤੰਗਲ਼ੀ......

ਸਾਡੇ ਪਿੜ ਵਿਚ ਤੇਰੇ ਗਲ਼ ਚੀਥੜੇ ਨੀ, ਮੇਰੀਏ ਜਵਾਨ ਕਣਕੇ।
ਕੱਲ੍ਹ ਸ਼ਾਹਾਂ ਦੇ ਗੋਦਾਮਾਂ ਵਿਚੋਂ ਨਿਕਲ਼ੇਂ, ਤੂੰ ਸੋਨੇ ਦਾ ਪਟੋਲਾ ਬਣ ਕੇ।
ਤੂੰ ਵੀ ਬਣ ਗਿਆ ਗ਼ਮਾਂ ਦਾ ਗੁਮੰਤਰੀ, ਓ ਮੇਰੇ ਬੇਜ਼ੁਬਾਨ ਢੱਗਿਆ........
ਓ ਲੈ ਆ ਤੰਗਲ਼ੀ......

ਸਾਡਾ ਘੁੱਟੀਂ-ਘੁੱਟੀਂ ਤੇਲ ਖ਼ੂਨ ਪੀ ਗਿਆ, ਤੇ ਖਾਦ ਖਾ ਗਈ ਹੱਡ ਖਾਰ ਕੇ।
ਬੋਲੇ ਬੈਂਕ ਦੀ ਤਕਾਵੀ ਵਹੀ ਅੰਦਰੋਂ, ਬਈ ਬੋਹਲ਼ ਨੂੰ ਖੰਗੂਰਾ ਮਾਰ ਕੇ।
ਸਾਨੂੰ ਬਿਜਲੀ ਝੰਜੋੜਾ ਏਨਾ ਮਾਰਿਆ, ਕਿ ਸੱਧਰਾਂ ਨੂੰ ਲਾਂਬੂ ਲੱਗਿਆ।
ਓ ਲੈ ਆ ਤੰਗਲ਼ੀ........

ਨੀ ਧੀਏ! ਕਿਹੜੇ ਨੀ ਭੜੋਲੇ ਵਿਚ ਡੱਕ ਲਾਂ, ਮੈਂ ਤੇਰੀਆਂ ਜਵਾਨ ਸੱਧਰਾਂ।
ਵੱਢ ਖਾਣੀਆਂ ਸੱਸਾਂ ਦਾ ਰੂਪ ਧਾਰਿਆ, ਹੈ ਸਾਡੀਆਂ ਸਮਾਜੀ ਕਦਰਾਂ।
ਧੀਏ! ਕਿਹੜੇ ਮੈਂ ਨਜੂਮੀਆਂ ਨੂੰ ਪੁੱਛ ਲਾਂ, ਕਿਉਂ ਚੰਨ ਨੂੰ ਸਰਾਪ ਲੱਗਿਆ?
ਓ ਲੈ ਆ ਤੰਗਲ਼ੀ.......

ਸੁੱਕੇ ਜਾਣ ਨਾ ਬੋਹਲ਼ਾਂ ਦਾ ਮਾਰ ਮਗਰਾ, ਜੋ ਮਾਰਦੇ ਨੇ ਜਾਂਦੇ ਚਾਂਗਰਾਂ।
ਅੱਕ ਝੱਖੜਾਂ ਨੇ ਤੂੜੀ ਨੂੰ ਬਖੇਰਿਆ, ਹੈ ਖੇਤਾਂ ‘ਚ ਬਰੂਦ ਵਾਂਗਰਾਂ।
ਹੁਣ ਸਾਡਿਆਂ ਹੀ ਹੱਥਾਂ ਨੇ ਹੀ ਚੋਵਣਾ, ਜੋ ਮਿਹਨਤਾਂ ਨੂੰ ਮਾਖੋਂ ਲੱਗਿਆ।
ਓ ਲੈ ਆ ਤੰਗਲ਼ੀ............

ਸੰਤ ਰਾਮ ਉਦਾਸੀ
 
Top