ਪੁਰਾਣੀ ਅੱਖ

ਪੁਰਾਣੀ ਅੱਖ ਮੇਰੇ ਮੱਥੇ 'ਚੋ ਕੱਢ ਕੇ
ਸੁੱਟ ਦਿਉ ਕਿੱਧਰੇ
ਇਹ ਅੰਨੀ ਹੋ ਚੁੱਕੀ ਹੈ
ਮੈਨੂੰ ਇਸ ਅੱਖ ਸੰਗ
ਹੁਣ ਆਪਣਾ ਆਪਾ ਵੀ ਨਹੀ ਦਿਸਦਾ
ਤੁਹਾਨੂੰ ਕਿੰਝ ਵੇਖਾਂਗਾ
ਬਦਲਦੇ ਮੌਸਮ ਦੀ ਅੱਗ ਸਾਵੀ
ਕਿੰਝ ਸੇਕਾਂਗਾ?
ਇਹ ਅੱਖ ਕੈਸੀ ਹੇ ਜਿਸ ਵਿਚ
ਪੁਠੇ ਚਮਗਿੱਦੜਾਂ ਦਾ ਵਾਸਾ ਹੈ
ਤੇ ਪੁਸ਼ਤੋ-ਪੁਸ਼ਤ ਤੋ ਜੰਮੀ ਹੋਈ
ਬੁੱਢੀ ਨਿਰਾਸ਼ਾ ਹੈ
ਨਾ ਇਸ ਵਿਚ ਦਰਦ ਹੈ ਰਾਈ
ਤੇ ਨਾ ਚਾਨਣ ਹੀ ਮਾਸਾ ਹੈ !
ਇਹ ਅੱਖ ਮੇਰੇ ਆਦਿ ਪਿਤਰਾਂ ਨੂੰ
ਸਮੁੰਦਰ 'ਚੋ ਜਦੋ ਲੱਭੀ
ਉਹਨਾਂ ਸੂਰਾਂ ਦੇ ਵਾੜੇ ਵਿਚ
ਤृਕੀ ਬੋਅ 'ਚ ਆ ਦੱਬੀ
ਤੇ ਮੇਰੇ ਜਨਮ ਛਿਣ ਵੇਲੇ
ਮੇਰੇ ਮੱਥੇ 'ਚ ਆ ਗੱਡੀ
ਤੇ ਫਿਰ ਸੂਰਾਂ ਦੇ ਵਾੜੇ ਵਿਚ
ਕਈ ਦਿਨ ਢੋਲਕੀ ਵੱਜੀ !
ਤੇ ਫਿਰ ਸੂਰਾਂ ਦੇ ਵਾੜੇ ਨੂੰ
ਮੈਂ ਇੱਕ ਦਿਨ ਕਹਿੰਦਿਆ ਸੁਣਿਆ-
" ਇਹ ਅੱਖ ਲੈ ਕੇ ਕਦੇ ਵੀ ਇਸ ਘਰ 'ਚੋਂ
ਬਾਹਰ ਜਾਈਂ ਨਾ
ਜੇ ਬਾਹਰ ਜਾਏਂ ਤਾ ਪੁੱਤਰਾ
ਕਦੇ ਇਸਨੂੰ ਗਵਾਈਂ ਨਾ
ਇਹ ਅੱਖ ਜੱਦੀ ਅਮਾਨਤ ਹੈ
ਇਹ ਗੱਲ ਬਿਲਕੁਲ ਭੁਲਾਈਂ ਨਾ
ਤੇ ਕੁੱਲ ਨੂੰ ਦਾਗ ਲਾਈ ਨਾ
ਇਹ ਅੱਖ ਸੰਗ ਖੂਹ 'ਚ ਤਾਰੇ ਵੇਖ ਲਈਂ
ਸੂਰਜ ਨਾ ਪਰ ਵੇਖੀਂ
ਇਸ ਅੱਖ ਦੇ ਗਾਹਕ ਲੱਖਾਂ ਮਿਲਣਗੇ
ਪਰ ਅੱਖ ਨਾ ਵੇਚੀਂ
ਬਦਲਦੇ ਮੌਸਮ ਦੀ ਅੱਗ ਸਾਵੀ
ਕਦੇ ਨਾ ਸੇਕੀ !
ਇਹ ਅੱਖ ਲੈ ਕੇ ਜਦੋਂ ਵੀ ਮੈ ਕਿਤੇ
ਪਰਦੇਸ ਨੂੰ ਜਾਂਦਾ
ਮੇਰੇ ਕੰਨਾਂ 'ਚੋ ਪਿਤਰਾ ਦਾ
ਕਿਹਾ ਹਰ ਬੋਲ ਕੁਰਲਾਂਦਾ
'ਤੇ ਮੈ ਮੱਥੇ ਚੋਂ ਅੱਖ ਕੱਢ ਕੇ
ਸਦਾ ਬੋਜੇ 'ਚ ਪਾ ਲੈਂਦਾ
ਮੈ ਕੋਈ ਸੂਰਜ ਤਾਂ ਕੀ
ਸੂਰਜ ਦੀਆਂ ਕਿਰਨਾ ਵੀ ਨਾ ਤੱਕਦਾ
ਹਮੇਸ਼ਾ ਖੂਹ 'ਚ ਰਹਿੰਦੇ
ਤਾਰਿਆਂ ਨਾਲ ਹੀ ਹੱਸਦਾ
ਤੇ ਬਲ ਕੇ ਬੁਝ ਗਈ ਅੱਖ ਸੰਗ
ਕਈ ਰਾਹੀਆਂ ਨੂੰ ਰਾਹ ਦੱਸਦਾ !
ਪਰ ਅੱਜ ਇਸ ਅੱਖ ਨੂੰ
ਮੱਥੇ 'ਚ ਲਾ ਜਦ ਆਪ ਨੂੰ ਲੱਭਿਆ
ਮੈਨੂੰ ਮੇਰਾ ਆਪ ਨਾ ਲੱਭਿਆ
ਮੈਨੂੰ ਮੇਰੀ ਅੱਖ ਪੁਰਾਣੀ ਹੋਣ ਦਾ
ਧੱਕਾ ਜਿਹਾ ਲੱਗਿਆ
ਤੇ ਹਰ ਇੱਕ ਮੋੜ ਤੇ ਮੇਰੇ ਪੈਰ ਨੂੰ
ਠੇਡਾ ਜਿਹਾ ਵੱਜਿਆ !
ਮੇਰੇ ਮਿਤਰੋ ! ਇਸ ਦੋਸ਼ ਨੂੰ
ਮੇਰੇ 'ਤੇ ਹੀ ਛੱਡੋ
ਤੁਸੀ ਹੋਛੇ ਬਣੋਂਗੇ
ਜੇ ਮੇਰੇ ਪਿਤਰਾ ਦੇ ਮੂੰਹ ਲੱਗੋ
ਤੁਸੀ ਕੁੱਤਿਆ ਦੀ ਪਿੱਠ ਤੇ ਬੈਠ ਕੇ
ਜਲੂਸ ਨਾ ਕੱਢੋ
ਤੇ ਲੋਕਾਂ ਸਾਹਮਣੇ ਮੈਨੂੰ
ਅੰਨਾ ਤਾਂ ਨਾ ਸੱਦੋ
ਸਗੋਂ ਮੈਨੂੰ ਤੁਸੀ ਸੂਰਾਂ ਦੇ ਵਾੜੇ
ਤੀਕ ਤਾਂ ਛੱਡੋ
ਮੈ ਸ਼ਾਇਦ ਗੁੰਮ ਗਿਆ ਹਾ ਦੋਸਤੋ
ਮੇਰਾ ਘਰ ਕਿਤੋਂ ਲੱਭੋ !
ਮੈ ਇਹ ਅੱਖ ਅੱਜ ਹੀ
ਸੂਰਾx ਨੂੰ ਜਾ ਕੇ ਮੋੜ ਆਵਾਗਾ
ਤੇ ਆਪਣੇ ਸੀਸ ਵਿਚ
ਬਲਦੀ ਸੁਲਗਦੀ ਅੱਖ ਉਗਾਵਾਂਗਾ
ਜੋ ਰਾਹ ਸੂਰਜ ਨੂੰ ਜਾਂਦਾ ਹੈ
ਤੁਹਾਡੇ ਨਾਲ ਜਾਵਾਂਗਾ
ਬਦਲਦੇ ਮੌਸਮ ਦੀ ਅੱਗ
ਤੁਹਾਡੇ ਨਾਲ ਸੇਕਾਂਗਾ
ਬਦਲਦੇ ਮੌਸਮ ਦੀ ਅੱਗ
ਤੁਹਾਡੇ ਨਾਲ ਖਾਵਾਂਗਾ !


ਸ਼ਿਵ ਕੁਮਾਰ ਬਟਾਲਵੀ
 
Top