ਇਹ ਰੁੱਤ ਹੰਝੂਆਂ ਲੱਦੀ ਬਿਰਹਾ ਮਾਰੀ ਹੈ

ਹਾਂ ਪੂਰਨ !
ਤੂੰ ਸੱਚੀ ਗੱਲ ਉਚਾਰੀ ਹੈ
ਇਹ ਰੁੱਤ ਹੰਝੂਆਂ ਲੱਦੀ ਬਿਰਹਾ ਮਾਰੀ ਹੈ
ਪੂਰਨ !
ਇੰਦਰ ਦੇਵ ਜਦੋਂ ਰੁੱਤਾਂ ਸੀ ਘੜਦਾ
ਉਹਨਾਂ ਦਿਨਾਂ ਵਿੱਚ,
ਐਂਦਰ ਨਾਂ ਦੀ ਇੱਕ ਪਰੀ ਨੂੰ
ਕਹਿੰਦੇ ਬੜਾ ਹੀ ਪਿਆਰ ਸੀ ਕਰਦਾ
ਹਰ ਮੌਸਮ ਦਾ ਰੰਗ,ਉਸਦੇ ਰੰਗਾਂ ਚੋਂ ਲੈਂਦਾ
ਰੁੱਤਾਂ ਦਾ ਆਧਾਰ, ਉਹਦੀ ਮੁਦਰਾ ਤੇ ਧਰਦਾ
ਕਹਿੰਦੇ
ਜਦ ਉਹ ਹੱਸੀ, ਰੁੱਤ ਬਹਾਰ ਬਣੀ
ਕਾਮੀ ਨਜ਼ਰੇ ਤੱਕੀ, ਤਾਂ ਅੰਗਿਆਰ ਬਣੀ
ਵਿੱਚ ਉਦਾਸੀ ਮੱਤੀ, ਤਾਂ ਪਤਹਾਰ ਬਣੀ
ਸੇਜਾ ਮਾਣ ਕੇ ਥੱਕੀ, ਤਾਂ ਠੰਡੀ ਠਾਰ ਬਣੀ
ਝਾਂਜਰ ਪਾ ਕੇ ਨੱਚੀ ਤਾਂ ਸ਼ਿੰਗਾਰ ਬਣੀ
ਪੰਜ ਰੁੱਤਾਂ ਦੀ ਐਂ ਦਰ ਇਓਂ ਆਧਾਰ ਬਣੀ
ਪਰ ਛੇਂਵੀਂ ਇਹ ਰੁੱਤ ਜਿਹੜੀ ਮਲਹਾਰ ਬਣੀ
ਜੋ ਅੱਜ ਸਾਡੇ ਸਾਂਹਵੇਂ ਬਿਰਹਣ ਵਾਂਗ ਖੜੀ
ਦੁਖ ਦਾਇਕ ਹੈ ਪੂਰਨ ਇਸ ਦੀ ਜਨਮ ਘੜੀ
ਐਂ ਦਰ ਹੋਰ ਕਿਸੇ ਦਿਓਤੇ ਨਾਲ ਗਈ ਵਰੀ
ਬਿਰਹੋਂ ਜਲੰਦੀ ਐਂਦਰ ਰੋਈ ਬੜੀ
ਕਹਿੰਦੇ ਉਸ ਦਿਨ ਇੰਦਰ ਨੇ ਇਹ ਰੁੱਤ ਘੜੀ
ਅੰਬਰ ਨੈਣੀ ਐਂਦਰ ਦੀ ਸਭ ਪੀੜ ਭਰੀ
ਤੇ ਕਹਿੰਦੇ ਇੰਦਰ ਨੇ ਏਨੀ ਮਦਿਰਾ ਪੀਤੀ
ਉਸ ਨੂੰ ਆਪਣੇ ਆਪ ਦੀ ਨਾ ਹੋਸ਼ ਰਹੀ
ਕਹਿੰਦੇ
ਜਦ ਵੀ ਇੰਦਰ ਦਾ ਦਿਲ ਜਲਦਾ ਹੈ
ਐਂਦਰ ਨੂੰ ਉਹ ਯਾਦ ਜਦੋਂ ਵੀ ਕਰਦਾ ਹੈ
ਉਸ ਦਿਨ ਅੰਬਰੋਂ ਪਾਣੀ ਵਰਦਾ ਹੈ

ਸ਼ਿਵ ਕੁਮਾਰ ਬਟਾਲਵੀ
 
Top