ਕਲਜੁੱਗ

ਕੁੱਜ ਰੱਖ ਕੇ ਤਲੀ ਤੇ ਜਾਨਾਂ ਸ਼ਹੀਦ ਹੋ ਜਾਂਦੇ ਨੇਂ
ਵਾਂਗ ਭਗਤ-ਸਰਾਭੇ ਸਭ ਨੂੰ ਉੱਚਾ ਕਿਰਦਾਰ ਨਹੀਂ ਮਿਲਦਾ
ਪੱਗਾਂ ਕੇਸਰੀ ਅੱਜ ਵੀ ਬਰਸੀਆਂ ਤੇ ਬਨ੍ਹਦੇ ਲੋਕ
ਪਰ ਸਭ ਨੂੰ ਡਾਇਰ ਮਾਰਨ ਦਾ ਅਧਿਕਾਰ ਨਹੀਂ ਮਿਲਦਾ
ਅਨਗਿਣਤ ਭਰਤੀਆਂ ਹੋਣ ਨਿਤ-ਦਿਨ ਫੌਜ ਦੀਆਂ
ਕਿਓਂ ਕੋਈ ਨਲੂਏ ਵਰਗਾ ਸਿਪਾਹਸਿਲਾਰ ਨਹੀਂ ਮਿਲਦਾ
ਦੇ ਕੇ ਭੇਟਾ ਦਰਗਾਹ ਤੇ ਲੋਕੀਂ ਨਾਮ ਲਿਖਾਉਂਦੇ ਨੇਂ
ਛਿੱਪ ਕੇ ਦੇਵੇ ਰਾਜੇ ਰਣਜੀਤ ਵਰਗਾ ਦਾਨੀਦਾਰ ਨਹੀਂ ਮਿਲਦਾ
ਬੰਦੂਕਾਂ ਹੁਣ ਮਾਰਦੀਆਂ ਸ਼ਿਕਾਰ ਮੀਲਾਂ ਦੀ ਦੂਰੀ ਤੋਂ
ਦੀਪ ਬਾਬੇ ਦੇ ਖੰਡੇ ਵਰਗਾ ਹਥਿਆਰ ਨਹੀਂ ਮਿਲਦਾ

ਮਝੀਆਂ ਚਾਰਨ ਵਾਲੇ ਤੇ ਡੁੱਬਣ ਵਾਲੀਆਂ ਅੱਜ ਵੀ ਨੇਂ
ਕਿਓਂ ਦੋਹੀਂ ਤਰਫੋਂ ਇੱਕੋ ਜਿਹਨਾਂ ਪਿਆਰ ਨਹੀਂ ਮਿਲਦਾ
ਦਿਲ ਦੀਆਂ ਗੱਲਾਂ ਜਾਨਣ ਵਾਲੇ ਲਿਖਦੇ ਹੀ ਰਹਿੰਦੇ ਨੇਂ
ਵਾਂਗੂ ਸ਼ਿਵ ਦੇ ਸਭ ਨੂੰ ਇਸ਼ਕ਼ੀ ਸਤਿਕਾਰ ਨਹੀਂ ਮਿਲਦਾ
ਜਨਤਾ ਦੀ ਗਿਣਤੀ ਕਰੋੜਾਂ ਤੋਂ ਅਰਬਾਂ ਤੇ ਹੋ ਪੁੱਜੀ
ਜੋ ਦਿਲ ਦੀਆਂ ਪੁਗਾਵੇ ਵਿੱਚੋਂ ਇੱਕ ਹਜ਼ਾਰ ਨਹੀਂ ਮਿਲਦਾ

ਗਿਆਰਾਂ, ਨਾਨਕ ਤੋਂ ਗਰੰਥ ਤੱਕ ਲੋਕਾਂ ਨੂੰ ਤਾਰ ਕੇ ਅਮਰ ਹੋਏ
ਕਿਓਂ ਹੁਣ ਸੱਚੀ ਰੂਹ ਨੂੰ ਕੋਈ ਅਵਤਾਰ ਨਹੀਂ ਮਿਲਦਾ
ਤੇਰੀਆਂ ਤੁੱਕਾਂ ਨੂੰ ਪੜ੍ਹ ਗੁਰਜੰਟ ਲੋਕਾਂ ਇਥੇ ਹੀ ਭੁੱਲ ਜਾਣਾ
ਲਿਖਿਆ ਜੋ ਗੁਰੂ ਅਰਜਨ ਸੁੱਖਾਂ ਦਾ ਭੰਡਾਰ ਨਹੀਂ ਮਿਲਦਾ
ਪਾਰ ਕਰਾ ਕੇ ਸੜਕ ਅਨ੍ਹੇ ਨੂੰ ਅਹਿਸਾਨ ਸਮਝਦੇ ਹਾਂ
ਤੇਗ ਬਹਾਦਰ ਵਾਂਗੂ ਕੋਈ ਮੋਢਾ ਤਾਰ ਨਹੀਂ ਮਿਲਦਾ
ਬਾਣੇ ਅੱਜ ਵੀ ਓਹੀ ਪਹਿਨੇ ਜੋ ਪਿੱਛੇ ਪੈਂਦੇ ਸੀ
ਪਰ ਸੰਤ ਸਿਪਾਹੀ ਗੋਬਿੰਦ ਵਰਗਾ ਸਰਦਾਰ ਨਹੀਂ ਮਿਲਦਾ
 
Top