ਜਦੋਂ ਨਲੂਆ ਸ਼ੇਰ ਨਾ ਰਿਹਾ

ਮਹਾਰਾਜਾ ਸਾਹਿਬ,ਖਿਆਲ ਰੱਖਿਓ! ਜਦੋਂ ਨਲੂਆ ਸ਼ੇਰ ਨਾ ਰਿਹਾ ਸ਼ੇਰ-ਏ-ਪੰਜਾਬ ਦੀ ਸੋਚ ਵੀ ਗਿੱਦੜਾਂ ਖਾ ਜਾਣੀ ਆ.........ਡਾ:ਸੁਖਪ੍ਰੀਤ ਸਿੰਘ ਉਦੋਕੇ


ਸਰਕਾਰ-ਏ-ਖਾਲਸਾ ਵਿੱਚ ਹਰ ਸਾਲ (ਸ਼ਾਇਦ ਹੋਲੇ ਮਹੱਲੇ ਦੇ ਨੇੜਲੇ ਸਮੇਂ)ਬੜਾ ਭਾਰੀ ਸ਼ਸਤਰ ਮੁਕਾਬਲਾ ਕਰਵਾਇਆਂ ਜਾਂਦਾ ਸੀ ਜਿਸ ਵਿੱਚ ਇਕ ਪਾਸੇ ਤਾਂ ਜੰਗੀ ਮੁਹਿੰਮਾਂ ਵਿੱਚ ਨਾਮਣਾ ਖੱਟਣ ਵਾਲੇ ਸੂਰਮਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਨਾਲ ਨਾਲ ਗਤਕੇ ਅਤੇ ਨੇਜ਼ੇਬਾਜ਼ੀ ਦੇ ਜੋਹਰ ਵੇਖੇ ਜਾਂਦੇ। ਤਕਰੀਬਨ ਸਾਰੇ ਰਾਜ ਵਿੱਚੋਂ ਹੀ ਜਨਤਾ ਇਹ ਨਜ਼ਾਰਾ ਵੇਖਣ ਲਈ ਆਉਂਦੀ ਅਤੇ ਸਾਰੀਆਂ ਹੀ ਫੌਜੀ ਪਲਟਣਾ ਇਸ ਵਿੱਚ ਹਿੱਸਾ ਲੈਂਦੀਆਂ ਸਨ।
ਹੁਣ ਇਹ ਨਜ਼ਾਰਾ ਜ਼ਰਾ ਆਪਣੇ ਨੇਤਰਾਂ ਸਾਹਮਣੇ ਲੇ ਕੇ ਆਵੋ ਕਿ ਸ਼ੇਰੇ-ਪੰਜਾਬ ਰਣਜੀਤ ਸਿੰਘ ਜੀ ਤਖਤ ਉਪਰ ਬੈਠੇ ਸਨ ਆਲੇ ਦੁਆਲੇ ਉਹਨਾਂ ਦੇ ਰਾਜ ਦਰਬਾਰੀ ਬੈਠੇ ਸਨ ਅਤੇ ਜੰਗਜੂ ਸੂਰਮੇ ਆਪਣੇ ਕਰਤਬ ਦਿਖਾ ਰਹੇ ਸਨ ਕਿ ਅਚਾਨਕ ਧਿਆਨ ਸਿੰਹੁ ਡੋਗਰਾ ਉਠ ਕੇ ਮਹਾਰਾਜੇ ਦੇ ਨੇੜੇ ਆਉਂਦਾ ਹੈ ਅਤੇ ਕੰਨ ਵਿੱਚ ਆਖਦਾ ਹੈ ਕਿ ਸਰਕਾਰ! ਲ਼ੋਕ ਆਖਦੇ ਹਨ ਕਿ ਆਪ ਜੀ ਕੇਵਲ ਹਰੀ ਸਿੰਘ ਨਲੂਏ ਦੀ ਫੋਕੀ ਟੋਹਰ ਬਣਾਉਣ ਲਈ ਹੀ ਪਰਚਾਰਦੇ ਹੋ ਕਿ ਉਸ ਨੇ ਆਪਦੇ ਸਾਹਮਣੇ ਜੰਗਲ ਵਿੱਚ ਬਿਨਾਂ ਸ਼ਸਤ੍ਰਾਂ ਤੋਂ ਸ਼ੇਰ ਦਾ ਸ਼ਿਕਾਰ ਕੀਤਾ ਪਰ ਇਹ ਕੰਮ ਸੌਖਾ ਨਹੀਂ.......ਲੋਕਾਂ ਵਿੱਚ ਚਰਚਾ ਹੈ ਕਿ ਆਪ ਜੀ ਉਸ ਦੀ ਚੜ੍ਹਤ ਬਣਾਉਣ ਲਈ ਝੂਠ ਬੋਲਦੇ ਹੋ।ਸ਼ੇਰੇ ਪੰਜਾਬ ਨੇ ਕਿਹਾ ਕਿ, "ਧਿਆਨ ਸਿੰਘ....ਪਿਛਲੀ ਵਾਰੀ ਵੀ ਤੁਸੀਂ ਇਹੋ ਕਿਹਾ ਸੀ ਕਿ...ਅਤੇ ਹਰੀ ਸਿੰਘ ਨੇ ਪਿਛਲੇ ਸਾਲ ਇਸ ਮੇਲੇ ਵਿੱਚ ਇਸ ਹੀ ਸਥਾਨ ਉਪਰ ਸ਼ੇਰ ਮਾਰ ਕੇ ਸਾਰੀ ਜਨਤਾ ਨੂੰ ਹੈਰਾਨ ਕਰ ਦਿੱਤਾ ਸੀ......ਪਰ ਹੁਣ ਆਪ ਜੀ ਫਿਰ ਇਹ ਦੁਬਾਰਾ ਕਿਉਂ ਕਹਿ ਰਹੇ ਹੋ? "
ਧਿਆਨ ਸਿੰਘ ਨੇ ਜ਼ਰਾ ਸੋਚ ਕੇ ਕਿਹਾ ਕਿ ਮਹਾਰਾਜਾ ਸਾਹਿਬ ਪਿਛਲੀ ਵਾਰੀ ਜਿਹੜਾ ਸ਼ੇਰ ਹਰੀ ਸਿੰਘ ਨੇ ਮਾਰ ਕੇ ਵਿਖਾਇਆ ਸੀ ਉਹ ਤਾਂ ਬੁੱਢਾ ਅਤੇ ਬਿਮਾਰ ਸੀ.....ਗੱਲ ਤਾਂ ਹੁਣ ਹੈ ਕਿ ਜੇ ਹਰੀ ਸਿੰਘ ਇਸ ਸ਼ੇਰ ਨੂੰ ਮਾਰ ਕੇ ਵਿਖਾਵੇ ਜਿਹੜਾ ਅਸੀਂ ਹੁਣ ਜੰਗਲ ਵਿੱਚੋਂ ਫੜ੍ਹ ਕੇ ਲਿਆਂਦਾ ਹੈ....ਲੋਕ ਕਹਿੰਦੇ ਨੇ ਕਿ ਅਸੀਂ ਤਾਂ ਫਿਰ ਮੰਨਾਗੇ ਕਿ ਹਰੀ ਸਿੰਘ ਖਾਲੀ ਹੱਥ ਸ਼ੇਰ ਦਾ ਸ਼ਿਕਾਰ ਕਰ ਸਕਦਾ ਹੈ।
ਦਰਅਸਲ ਧਿਆਨ ਸਿੰਹੁ ਹੋਰਾਂ ਨੂੰ ਪਤਾ ਕਿ ਜਿੰਨਾਂ ਚਿਰ ਰਣਜੀਤ ਸਿੰਘ ਦੀ ਫੌਜਾ ਸ਼ੇਰਦਿਲ ਜਰਨੈਲ ਹਰੀ ਸਿੰਘ ਜਿਉਂਦਾ ਹੈ ਉਨਾਂ ਚਿਰ ਤੱਕ ਨਾਂ ਸਾਡੀਆਂ ਸਾਜ਼ਿਸ਼ਾਂ ਕਾਮਯਾਬ ਹੋ ਸਕਦੀਆਂ ਹਨ ਅਤੇ ਨਾਂ ਹੀ ਅਸੀਂ ਰਾਜ ਭਾਗ ਦੇ ਮਾਲਕ ਬਣ ਸਕਦੇ ਹਨ ਇਸ ਕਰਕੇ ਉਹਨਾਂ ਨੇ ਕੇਵਲ ਹਰੀ ਸਿੰਘ ਨੂੰ ਖਤਮ ਕਰਨ ਲਈ ਜੰਗਲ ਵਿੱਚੋਂ ਆਦਮਖੌਰ ਸ਼ੇਰ ਕਾਬੂ ਕਰਵਾ ਕੇ ਲਿਆਂਦਾ ਸੀ ਜਿਸ ਨੂੰ ਕੇਵਲ ਹਰੀ ਸਿੰਘ ਨੂੰ ਖਤਮ ਕਰਨ ਲਈ ਹੀ ਵਰਤਣਾ ਚਾਹੁੰਦੇ ਸਨ।
ਮਹਾਰਾਜਾ ਸਾਹਿਬ ਨੇ ਕਿਹਾ,"ਕੋਈ ਗੱਲ ਨਹੀਂ ..ਧਿਆਨ ਸਿੰਘ ਜੀ ਤੁਸੀਂ ਸ਼ੇਰ ਲੈ ਆਓ..ਮੈਂ ਹੁਣੇ ਹੀ ਐਲਾਨ ਕਰਵਾ ਦਿੰਦਾਂ ਹਾਂ ਕਿ ਹਰੀ ਸਿੰਘ ਪਿਛਲੀ ਵਾਰ ਦੀ ਤਰਾਂ ਇਸ ਵਾਰ ਵੀ ਖੂੰਖਾਰ ਸ਼ੇਰ ਨਾਲ ਭਿੜੇਗਾ।" ਮਹਾਰਾਜਾ ਸਾਹਿਬ ਨੇ ਗਤਕਾ ਅਤੇ ਹੋਰ ਕਰਤਬ ਬੰਦ ਕਰਵਾ ਕੇ ਹਰੀ ਸਿੰਘ ਦੇ ਸ਼ੇਰ ਨਾਲ ਯੁੱਧ ਦਾ ਐਲਾਨ ਕਰਵਾ ਦਿੱਤਾ।ਰਾਜ ਦਰਬਾਰੀਆਂ ਵਿੱਚ ਬੈਠਾ ਜਰਨੈਲ ਹਰੀ ਸਿੰਘ ਵੀ ਮਹਾਰਾਜਾ ਅਤੇ ਧਿਆਨ ਸਿੰਹੁ ਦੀ ਘੁਸਰ ਮੁਸਰ ਵੇਖ ਰਿਹਾ ਹੀ ਅਤੇ ਸਾਰੀ ਚਾਲ ਨੂੰ ਸਮਝਦਾ ਵੀ ਸੀ।
ਐਲਾਨ ਹੋਣ ਦੀ ਦੇਰ ਸੀ ਕਿ ਸ਼ੇਰ ਦਿਲ ਜਰਨੈਲ ਸੰਗਤ ਨੂੰ ਫਤਹਿ ਬੁਲਾ ਕੇ ਉਠਿਆ ਅਤੇ ਮੈਦਾਨ ਵਿੱਚ ਆ ਗਿਆ।ਮੈਦਾਨ ਵਿੱਚ ਇਕ ਦੋ ਫੇਰੇ ਲਗਾਕੇ ਸਰੀਰ ਨੂੰ ਗਰਮ ਕੀਤਾ ਅਤੇ ਖੂੰਖਾਰ ਸ਼ੇਰ ਦੀ ਆਮਦ ਦਾ ਇੰਤਜਾਰ ਕਰਨ ਲੱਗਾ।ਕੁਝ ਹੀ ਪਲਾਂ ਵਿੱਚ ਧਿਆਨ ਸਿੰਹੁ ਡੋਗਰੇ ਦੇ ਅਹਿਲਕਾਰ ਇਕ ਬੈਲ ਗੱਡੀ ਦੇ ਪਿਛੇ ਲੋਹੇ ਦੇ ਪਿੰਜਰੇ ਨੂੰ ਖਿੱਚਦੇ ਹੋਏ ਮੈਦਾਨ ਵਿੱਚ ਆਏ ....ਇਸ ਪਿੰਜਰੇ ਵਿੱਚ ਖੂੰਖਾਰ ਸ਼ੇਰ ਬੰਦ ਸੀ।ਸਭ ਪਾਸੇ ਤੋਂ ਮੈਦਾਨ ਹਥਿਆਰਬੰਦ ਫੌਜ ਨੇ ਘੇਰੇ ਵਿੱਚ ਲੈ ਲਿਆ ਅਤੇ ਇਕ ਲੰਬੇ ਬੰਨੇ ਹੋਏ ਸੰਗਲ ਨੂੰ ਜਿਸ ਨਾਲ ਪਿੰਜਰੇ ਦਾ ਦਰਵਾਜਾ ਬੰਨਿਆ ਹੋਇਆ ਸੀ.......ਨੂੰ ਦੂਰੋਂ ਹੀ ਖੋਹਲ ਦਿੱਤਾ ਗਿਆ।
ਹੁਣ ਮੈਦਾਨ ਵਿੱਚ ਕੇਵਲ ਹਰੀ ਸਿੰਘ ਨਲੂਆ ਅਤੇ ਖੂੰਖਾਰ ਸ਼ੇਰ ਹੀ ਸੀ....ਸ਼ੇਰ ਪਿੰਜਰੇ ਵਿਚੋਂ ਨਿਕਲਦਾ ਹੀ ਹਰੀ ਸਿੰਘ ਵੱਲ ਤੂਫਾਨ ਵਾਂਗ ਵੱਧਿਆ...ਸ਼ੇਰ ਨੇ ਹਰੀ ਸਿੰਘ ਉਪਰ ਝਪਟਾ ਮਾਰਿਆ.....ਹਰੀ ਸਿੰਘ ਨੇ ਬੀਰ ਆਸਣ ਹੋ ਕੇ ਉਸ ਦੇ ਪੇਟ ਉਪਰ ਹੱਥ-ਵਾਰ ਦੀ ਕੋਸ਼ਿਸ਼ ਕੀਤੀ ਪਰ ਛਲਾਂਗ ਉਚੀ ਹੋਣ ਕਰਕੇ ਸ਼ੇਰ ਨੂੰ ਹੱਥ ਨਾ ਵੱਜ ਸਕਿਆ ....ਸ਼ੇਰ ਮੋੜਵੀਂ ਛਲਾਂਗ ਲਗਾ ਕੇ ਫਿਰ ਹਰੀ ਸਿੰਘ ਵੱਲ ਵਧਿਆ ਤਾਂ ਹਰੀ ਸਿੰਘ ਨੇ ਉਸ ਦਿਸ਼ਾ ਵੱਲ ਘੁੰਮ ਕੇ ਆਪਣੇ ਫੁਰਤੀਲੇ ਜਿਸਮ ਨੂੰ ਹੇਠਾਂ ਲਚਕਾ ਕੇ ਉਸ ਦੇ ਪੇਟ ਉਪਰ ਦੋਹਾਂ ਹੱਥਾਂ ਦਾ ਏਨਾ ਭਰਵਾਂ ਅਤੇ ਜੋਰਦਾਰ ਵਾਰ ਕੀਤਾ ਕਿ ਸ਼ੇਰ ਆਪਣੇ ਆਪ ਨੂੰ ਸੰਭਾਲ ਨਾ ਸਕਿਆ ਅਤੇ ਉਲਟ ਕੇ ਜ਼ਮੀਨ ਉਪਰ ਡਿੱਗ ਪਿਆ...ਹੁਣ ਹਰੀ ਸਿੰਘ ਨੇ ਫੁਰਤੀ ਨਾਲ ਉਸ ਉਪਰ ਜਾ ਪਿਆ ਅਤੇ ਉਸ ਦੀ ਪਿੱਠ ਉਪਰ ਬੈਠ ਗਿਆ ਉਸ ਦੇ ਚਬਾੜੇ ਨੂੰ ਦੋਹਾਂ ਹੱਥਾਂ ਵਿੱਚ ਜਕੜ ਲਿਆ ਅਤੇ ਸ਼ੇਰ ਹਰੀ ਸਿੰਘ ਦੇ ਹੇਠੋਂ ਨਿਕਲਣ ਲਈ ਪੂਰਾ ਜੋਰ ਲਗਾ ਰਿਹਾ ਸੀ ਅਤੇ ਉਸ ਨੂੰ ਹੇਠਾਂ ਦੱਬ ਕੇ ਰੱਖਣ ਦੀ ਕੋਸ਼ਿਸ਼ ਵਿੱਚ ਹਰੀ ਸਿੰਘ ਵੀ ਪਸੀਨੋ ਪਸੀਨੀ ਹੋ ਰਿਹਾ ਸੀ। ਦੋਹਾਂ ਸ਼ੇਰਾਂ ਦਾ ਪੂਰਾ ਤਾਣ ਲੱਗ ਰਿਹਾ ਸੀ।ਪੰਜਿਆਂ ਨਾਲ ਹਰੀ ਸਿੰਘ ਦਾ ਜਿਸਮ ਵੀ ਝਰੀਟਾਂ ਨਾਲ ਭਰਦਾ ਜਾ ਰਿਹਾ ਸੀ..ਦੋਹੇਂ ਹੀ ਸਾਹੋ ਸਾਹੀ ਹੋਏ ਸਨ ਕਿ ਹਰੀ ਸਿੰਘ ਨੇ ਇਕ ਦਮ ਪੂਰਾ ਤਾਣ ਲਗਾ ਕੇ ਉਸ ਦੇ ਹੱਥ ਵਿੱਚ ਫੜੇ ਹੋਰੇ ਚਬਾੜੇ ਨੂੰ ਦੋਹਾਂ ਹੱਥਾਂ ਨਾਲ ਏਨੀ ਜੋਰ ਦੀ ਖੋਹਲਿਆ ਕਿ ਸ਼ੇਰ ਦੀਆਂ ਚਿੰਗਾੜਾਂ ਨਿਕਲ ਗਈਆਂ..ਉਹ ਹਾਲੇ ਬੇਹਾਲ ਹੋ ਗਿਆਂ ਅਤੇ ਹਰੀ ਸਿੰਘ ਨੇ ਉਸ ਦੇ ਚਬਾੜਿਆਂ ਨੂੰ ਜੋਰ ਨਾਲ ਖੋਹਲਦੇ ਹੋਏ ਗਰਦਨ ਤੱਕ ਪਾੜ ਦਿੱਤਾ......ਖੂਨ ਦੇ ਫੁਹਾਰੇ ਛੁੱਟ ਪਏ ਅਤੇ ਹਰੀ ਸਿੰਘ ਵੀ ਖੂਨ ਵਿੱਚ ਲੱਥ ਪੱਥ ਹੋ ਗਿਆ.....ਦੋਹਾਂ ਦੇ ਜਿਸਮ ਲਹੂ ਰਤੇ ਹੋਏ ਪਏ ਸਨ ਅਤੇ ਪਤਾ ਨਹੀਂ ਸੀ ਲੱਗ ਰਿਹਾ ਕਿ ਖੂਨ ਕਿਸ ਦਾ ਵਹਿ ਰਿਹਾ ਹੈ ਅਤੇ ਜਿਆਦਾ ਜ਼ਖਮ ਕਿਸ ਦੇ ਹੈ.....ਵੇਖ ਰਹੇ ਲੋਕਾਂ ਦੇ ਸਾਹ ਟੰਗੇ ਪਏ ਸਨ ਅਤੇ ਮੂੰਹਾਂ ਵਿੱਚ ਉਂਗਲਾਂ ਪਈਆਂ ਹੋਈਆਂ ਸਨ......ਦੋਹੇ ਜਿਸਮ ਇਕ ਦੂਜੇ ਨਾਲ ਵਾਹੋ ਦਾਹੀ ਕਸ਼ਮਕਸ਼ ਕਰ ਰਹੇ ਸਨ ....ਸ਼ੇਰ ਦੀਆਂ ਦਹਾੜਾਂ ਦੀ ਅਵਾਜ ਨਾਲ ਅਸਮਾਨ ਗੂੰਜ ਰਿਹਾ ਸੀ.........ਕੁਝ ਚਿੱਰ ਹੋਰ ਸ਼ੇਰ ਹਰਕਤ ਕਰਦਾ ਰਿਹਾ ਅਤੇ ਅਖੀਰ ਸ਼ਾਂਤ ਹੋ ਗਿਆ....ਹੁਣ ਕੌਮ ਦਾ ਜਰਨੈਲ਼ ਹਰੀ ਸਿੰਘ ਨਲੂਆ......ਜ਼ਮੀਨ ਉਪਰੋਂ ਉਠਿਆ ਅਤੇ ਖੜੇ ਹੋ ਕੇ ਲੰਬੇ ਸਾਹ ਲੈਣ ਲੱਗਾ....ਸਾਰਾ ਜਿਸਮ ਪਸੀਨੋ ਪਸੀਨੀ ਅਤੇ ਖੂਨ ਨਾਲ ਲਹੂ ਰੱਤਾ ਹੋਇਆ ਪਿਆ ਸੀ....ਕੁਝ ਪਲ ਰੁਕ ਕੇ ਹਰੀ ਸਿੰਘ ਨਲੂਆ ਤਖਤ ਉਪਰ ਬੈਠੇ ਮਹਾਰਾਜੇ ਵੱਲ ਵੱਧਿਆ.......ਤਾੜੀਆਂ ਅਤੇ ਜੈਕਾਰਿਆਂ ਦੀ ਗੂੰਜ ਨਾਲ ਜਿੱਤੀ ਹੋਈ ਜੰਗ ਵਰਗਾ ਮਾਹੌਲ ਸੀ।
ਮਹਾਰਾਜਾ ਵੀ ਤਖਤ ਉਪਰੋਂ ਉਠ ਕੇ ਖੜਾ ਹੋ ਗਿਆ ਅਤੇ ਆਪਣੇ ਗੱਲ ਪਏ ਹੀਰਿਆਂ ਦੇ ਹਾਰ ਨੂੰ ਆਪਣੇ ਗਲੋਂ ਉਤਾਰ ਕੇ ਦੋਹਾਂ ਹੱਥਾਂ ਵਿੱਚ ਫੜ ਲਿਆ....ਹਰੀ ਸਿੰਘ ਮਹਾਰਾਜੇ ਵੱਲ ਆ ਰਿਹਾ ਸੀ ਅਤੇ ਮਹਾਰਾਜਾ ਮੋਤੀਆਂ ਦਾ ਹਾਰ ਲੈ ਕੇ ਉਸ ਵੱਲ ਵੱਧ ਰਿਹਾ ਹੀ। ਹਰੀ ਸਿੰਘ ਦੇ ਕਦਮ ਇਕਦਮ ਰੁਕ ਗਏ ਅਤੇ.....ਮਹਾਰਾਜਾ ਵੀ ਹੈਰਾਨ ਹੋ ਕੇ ਇਕਦਮ ਰੁਕ ਗਿਆ....ਲੋਕਾਂ ਦੀਆਂ ਤਾੜੀਆਂ ਦੀ ਆਵਾਜ ਥੰਮ ਗਈ.......ਜੈਕਾਰ ਬੰਦ ਹੋ ਗਏ.....ਅਚਾਨਕ ਹਰੀ ਸਿੰਘ ਨੇ ਧਿਆਨ ਸਿੰਹੁ ਡੋਗਰੇ ਵੱਲ ਭਰਵੀਂ ਤੱਕਣੀ ਤੱਕਿਆ ਅਤੇ ਉਸਦੀ ਅਵਾਜ਼ ਸ਼ੇਰ ਦੀ ਗ਼ਰਜ ਵਾਂਗ ਹਵਾ ਵਿੱਚ ਗੂੰਜੀ, "ਸਰਕਾਰ-ਏ ਖਾਲਸਾ... ਮਹਾਰਾਜਾ ਸਾਹਿਬ....ਹਰੀ ਸਿੰਘ ਕੋਲੋਂ ਤਾਂ ਭਾਵੇਂ ਰੋਜ ਇਕ ਸ਼ੇਰ ਮਰਵਾ ਲਿਆ ਕਰੋ.....ਪਰ ਖਿਆਲ ਕਰਿਓ ! ਜਦੋਂ ਨਲੂਆ ਸ਼ੇਰ ਨਾ ਰਿਹਾ ਸ਼ੇਰ-ਏ-ਪੰਜਾਬ ਦੀ ਸੋਚ ਵੀ ਗਿੱਦੜਾਂ ਖਾ ਜਾਣੀ ਆ........."ਬੱਸ ਮਹਾਰਾਜਾ ਬੁੱਤ ਬਣ ਕੇ ਵੇਖਦਾ ਰਿਹਾ..ਅਤੇ ਅੰਤ ਇਹੀ ਹੋਇਆ।
 
ਬਿਲਕੁਲ ਸਹੀ ਲਿਖਿਆ ਬਾਈ ਜੀ--ਇਹੀ ਆਪਸੀ ਬੁਰਛਾਗਰਦੀ ਅੰਤ ਸਿੱਖ ਰਾਜ ਦੇ ਪਤਨ ਦਾ ਕਾਰਨ ਬਣੀ
 
Top