16 ਨੂੰ ਕਰਾਂਗੇ ਚੱਕਾ ਜਾਮ : ਬਾਜਵਾ

[JUGRAJ SINGH]

Prime VIP
Staff member
20 ਨੂੰ ਹੋਵੇਗਾ ਮੁੱਖ ਮੰਤਰੀ ਬਾਦਲ ਦੀ ਕੋਠੀ ਦਾ ਘਿਰਾਓ
ਸ੍ਰੀ ਚਮਕੌਰ ਸਾਹਿਬ, (ਕੌਸ਼ਲ)-ਪੰਜਾਬ ਕਾਂਗਰਸ ਪਾਰਟੀ ਵਲੋਂ ਮਾਣਯੋਗ ਹਾਈਕੋਰਟ ਵਿਚ ਮਜੀਠੀਆ ਦੇ ਵਿਰੁੱਧ ਸੀ. ਬੀ. ਆਈ. ਜਾਂਚ ਅਤੇ ਐੱਫ. ਆਈ. ਆਰ. ਦਰਜ ਕਰਨ ਲਈ ਕੇਸ ਦਾਇਰ ਕੀਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਇੱਥੇ ਸਥਾਨਕ ਸਟੇਡੀਅਮ ਵਿਚ ਬਾਬਾ ਅਜੀਤ ਸਿੰਘ, ਜੁਝਾਰ ਸਿੰਘ ਸਪੋਰਟਸ ਕਲੱਬ ਵਲੋਂ ਕਰਵਾਏ ਵਿਸ਼ਾਲ ਕਬੱਡੀ ਕੱਪ ਟੂਰਨਾਮੈਂਟ ਦੌਰਾਨ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਉਪਰੋਕਤ ਮੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਪੰਜਾਬ ਸਰਕਾਰ ਤੋਂ ਕੀਤੀ ਜਾ ਰਹੀ ਹੈ। ਕਿਉਂਕਿ ਮਜੀਠੀਆ ਦਾ ਨਾਂ ਡਰੱਗ ਮਾਫੀਆ ਜਗਦੀਸ਼ ਸਿੰਘ ਭੋਲਾ ਵਲੋਂ ਨਸ਼ਿਆਂ ਦੇ ਕਾਰੋਬਾਰ ਵਿਚ ਲਏ ਜਾਣ ਤੋਂ ਬਾਅਦ ਪੰਜਾਬੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਮਜੀਠੀਆ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਹੁਦੇਦਾਰ ਅਤੇ ਵਰਕਰ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਮਜੀਠੀਆ ਖਿਲਾਫ ਪਰਚਾ ਦਰਜ ਕਰਵਾਉîਣ ਲਈ 16 ਜਨਵਰੀ ਨੂੰ ਚੱਕਾ ਜਾਮ ਕਰਕੇ 20 ਜਨਵਰੀ ਨੂੰ ਮੁੱਖ ਮੰਤਰੀ ਬਾਦਲ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਹਨ। ਉਨ੍ਹਾਂ ਕਾਂਗਰਸ ਪਾਰਟੀ ਵਿਚ ਅਹੁਦਿਆਂ ਨੂੰ ਲੈ ਕੇ ਪਏ ਵਿਵਾਦ ਦੇ ਮੁੱਦੇ 'ਤੇ ਕਿਹਾ ਕਿ ਅਸੀਂ ਸਭ ਇਕ ਹਾਂ, ਪਾਰਟੀ ਵਿਚ ਸਭ ਪਰਿਵਾਰਕ ਮੈਂਬਰ ਹਨ। ਇਸ ਮੌਕੇ ਐੱਮ. ਪੀ. ਰਵਨੀਤ ਸਿੰਘ ਬਿੱਟੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਸਲੀ ਡਰੱਗ ਮਾਫੀਆ ਮਜੀਠੀਆ ਨੂੰ ਪੰਜਾਬ ਸਰਕਾਰ ਬਚਾਉਣ ਲਈ ਝੂਠੇ ਬਿਆਨ ਦੇ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਪਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮਜੀਠੀਆ ਖਿਲਾਫ ਕਾਰਵਾਈ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਅੱਜ ਦੇ ਇਸ ਕਬੱਡੀ ਕੱਪ ਵਿਚ ਪਾਕਿਸਤਾਨ ਦੀ ਟੀਮ ਨੂੰ ਆਉਣ ਤੋਂ ਸੁਖਬੀਰ ਸਿੰਘ ਬਾਦਲ ਨੇ ਰੋਕਿਆ ਹੈ।
ਕਿਉਂਕਿ ਉਹ ਕਬੱਡੀ ਕੱਪ 'ਤੇ ਵੀ ਰੇਤਾ ਮਾਫੀਆ, ਡਰੱਗ ਮਾਫੀਆ ਤੇ ਕੇਵਲ ਨੈੱਟਵਰਕ ਦੀ ਤਰ੍ਹਾਂ ਹੀ ਕਬਜ਼ਾ ਕਰਨਾ ਚਾਹੁੰਦਾ ਹੈ ਉਨ੍ਹਾਂ ਹਲਕੇ ਦੇ ਅਕਾਲੀ ਭਾਜਪਾ ਆਗੂਆਂ ਨੂੰ ਇਸ ਗੱਲ ਦਾ ਦੋਸ਼ੀ ਠਹਿਰਾਇਆ ਕਿ ਉਨ੍ਹਾਂ ਨੇ ਹੀ ਸੁਖਬੀਰ ਸਿੰਘ ਬਾਦਲ ਨੂੰ ਕਹਿ ਕੇ ਪਾਕਿਸਤਾਨ ਦੀ ਟੀਮ ਨੂੰ ਇੱਥੇ ਆਉਣ ਤੋਂ ਰੋਕਿਆ ਹੈ। ਇਸ ਮੌਕੇ ਡਾ. ਚਰਨਜੀਤ ਸਿੰਘ ਚੇਅਰਮੈਨ ਡਾਕਟਰ ਸੈੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਜੀ.ਪੀ, ਜਸਪਾਲ ਸਿੰਘ ਸਰਪੰਚ ਜ਼ੀਰਕਪੁਰ, ਸ਼ੀਲਾ ਨਾਰੰਗ ਪ੍ਰਧਾਨ ਮਹਿਲਾ ਕਾਂਗਰਸ ਕਮੇਟੀ ਜ਼ਿਲਾ ਰੋਪੜ, ਬੰਤ ਸਿੰਘ ਕਲਾਰਾ, ਦਵਿੰਦਰ ਸਿੰਘ ਜਟਾਣਾ, ਕਰਨੈਲ ਸਿੰਘ ਸਰਪੰਚ, ਭਾਗ ਸਿੰਘ ਸਾਬਕਾ ਵਿਧਾਇਕ, ਅਮਰਜੀਤ ਸਿੰਘ ਸੈਣੀ, ਜਤਿੰਦਰ ਸਿੰਘ ਕਲਾਰਾ, ਸ਼ਮਸ਼ੇਰ ਸਿੰਘ ਭੰਗੂ, ਸਤਵਿੰਦਰ ਸਿੰਘ ਚੈੜੀਆ, ਗਿਆਨ ਸਿੰਘ ਬੇਲਾ, ਕੇਸਰ ਸਿੰਘ ਸਿਟੀ ਪ੍ਰਧਾਨ, ਦਰਸ਼ਨ ਸਿੰਘ ਬਲਰਾਮਪੁਰ, ਰਾਜਵੀਰ ਸਿੰਘ ਪਡਿਆਲਾ, ਅਮਨਦੀਪ ਸਿੰਘ ਮਾਂਗਟ, ਨੰਬਰਦਾਰ ਗੁਰਮੀਤ ਸਿੰਘ, ਕਾਕਾ ਜਟਾਣਾ, ਦਲਜੀਤ ਕੌਰ ਬਲਾਕ ਪ੍ਰਧਾਨ ਕਾਂਗਰਸ, ਭੁਪਿੰਦਰ ਸਿੰਘ ਭੂਰਾ, ਚੁੱਚੂ ਸੂਦ ਮੋਰਿੰਡਾ, ਹਰੀਪਾਲ ਮੋਰਿੰਡਾ, ਕ੍ਰਿਪਾਲ ਸਿੰਘ ਗਿੱਲ, ਸ਼੍ਰੀ ਅਮਨ, ਐਡਵੋਕੇਟ ਅਵਤਾਰ ਸਿੰਘ ਸਿੱਧੂ ਅਤੇ ਨੰਬਰਦਾਰ ਬਹਾਦਰ ਸਿੰਘ ਓਇੰਦ ਆਦਿ ਹਾਜ਼ਰ ਸਨ।
'ਮਾਂ ਖੇਡ ਕਬੱਡੀ ਦੀ ਤੋਹੀਨ ਬਰਦਾਸ਼ਤ ਨਹੀਂ ਕਰਦੇ ਪੰਜਾਬੀ' : ਮਾਂ ਖੇਡ ਕਬੱਡੀ ਦੀ ਤੋਹੀਨ ਪੰਜਾਬੀ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕਰਦੇ, ਇਸ ਗੱਲ ਦਾ ਪ੍ਰਗਟਾਵਾ ਅੱਜ ਸਥਾਨਕ ਸਟੇਡੀਅਮ ਵਿਚ ਕਰਵਾਏ ਗਏ ਕਬੱਡੀ ਮੈਚਾਂ ਦੌਰਾਨ ਉਸ ਸਮੇਂ ਹੋਇਆ ਜਦੋਂ ਸਿਆਸੀ ਸਟੇਜ ਦਾ ਮੰਚ ਸੰਚਾਲਨ ਕਰ ਰਹੇ ਸਾਬਕਾ ਐੱਮ. ਐੱਲ. ਏ. ਭਾਗ ਸਿੰਘ ਨੇ ਇਹ ਕਹਿ ਦਿੱਤਾ ਕਿ ਹੁਣ ਪਾਰਟੀ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਸੰਬੋਧਨ ਕਰਨਗੇ ਅਤੇ ਮੈਚ ਬੰਦ ਕਰ ਦਿਉ। ਇੰਨੀ ਗੱਲ ਸੁਣਦੇ ਸਾਰ ਹੀ ਦਰਸ਼ਕਾਂ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਮੈਚ ਬੰਦ ਨਹੀਂ ਹੋਣਾ ਚਾਹੀਦਾ, ਆਖਿਰ ਚਲਦੇ ਮੈਚ ਦੌਰਾਨ ਹੀ ਸ. ਪ੍ਰਤਾਪ ਸਿੰਘ ਬਾਜਵਾ ਨੂੰ ਆਪਣਾ ਸੰਖੇਪ ਵਿਚ ਭਾਸ਼ਣ ਨਿਬੇੜਨਾ ਪਿਆ। ਕਾਂਗਰਸੀ ਕਲਚਰ ਅਨੁਸਾਰ ਕਈ ਸਥਾਨਕ ਆਗੂ ਲੀਡਰਾਂ ਦੇ ਭਾਸ਼ਣ ਸਮੇਂ ਪਿੱਛੇ ਖੜ੍ਹ ਕੇ ਫੋਟੋ ਖਿਚਵਾਉਣ ਲਈ ਧੱਕਾ ਮੁੱਕੀ ਹੁੰਦੇ ਹੋਏ ਵੀ ਵੇਖੇ ਗਏ।
 
Top