ਜਦ ਸਿੱਖ ਅਫ਼ਸਰਾਂ ਨੂੰ ਮਾਰਦੇ ਨੇ ਗੋਰੇ ਸਲਾਮਾ

Yaar Punjabi

Prime VIP
ਵਿਦੇਸ਼ੀ ਫ਼ੌਜਾਂ ਵਿਚ ਵੀ ਉੱਚ ਅਹੁਦੇ ਮੱਲੀ ਬੈਠੇ ਨੇ ਸਿੱਖ ਯੋਧੇ
fot-d.jpg

ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਵਰਗੇ ਦੇਸ਼ਾਂ ਦੀਆਂ ਫ਼ੌਜਾਂ ਵਿਚ ਵੀ ਸਿੱਖ ਯੋਧੇ ਉੱਚੇ ਅਹੁਦੇ ਮੱਲੀ ਬੈਠੇ ਹਨ। ਵੈਸੇ ਤਾਂ ਪੰਜਾਬੀ ਅਤੇ ਸਿੱਖ ਅਫ਼ਸਰਾਂ ਦੀ ਵਿਦੇਸ਼ੀ ਫ਼ੌਜਾਂ ਵਿਚ ਹੁਣ ਗਿਣਤੀ ਕਾਫ਼ੀ ਹੋ ਗਈ ਹੈ ਪਰ ਜੇਕਰ ਸਾਬਤ ਸੂਰਤ ਸਿੱਖ ਅਫ਼ਸਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਮੌਜੂਦਗੀ ਵੀ ਵਰਨਣਯੋਗ ਹੈ।

ਰਵਿੰਦਰ ਸਿੰਘ ਥਿਆੜਾ-ਲੰਡਨ ਮੈਟਰੋ ਪੁਲਿਸ ਵਿਚ ਦੋ ਸਾਲ ਪਹਿਲਾਂ ਭਰਤੀ ਹੋਇਆ ਇਹ 21 ਸਾਲਾ ਨੌਜੁਆਨ ਸਰਦਾਰ ਸੈਂਟਰਲ ਲੰਦਨ ਇਲਾਕੇ ਵਿਚ ਹੱਥ 'ਚ ਡੰਡਾ ਫੜ ਕੇ ਗੋਰਿਆਂ ਨੂੰ ਕੰਟਰੋਲ ਕਰਦਾ ਅਕਸਰ ਨਜ਼ਰ ਆਉਂਦਾ ਹੈ। ਪਿੱਛੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਡਵਿਡਾ ਅਹਿਰਾਣਾ ਦੇ ਰੈਵ ਥਿਆੜਾ ਨੂੰ ਆਪਣੀ ਦਸਤਾਰ ਨਾਲ ਬੜਾ ਪਿਆਰ ਹੈ।ਰਣਵੀਰ ਸਿੰਘ-ਬ੍ਰਿਟਿਸ਼ ਫ਼ੌਜ ਦੀ ਕੈਵਲਰੀ ਮਾਊਂਟੇਡ ਰੈਜਮੈਂਟ ਦਾ ਸਪੈਸ਼ਲਿਸਟ ਇਹ ਨੀਲੀਆਂ ਅੱਖਾਂ ਵਾਲਾ ਸਰਦਾਰ ਅਫ਼ਸਰ ਬੋਸਨੀਆ ਸਮੇਤ ਕਈ ਮੁਹਿੰਮਾਂ ਵਿਚ ਬ੍ਰਿਟਿਸ਼ ਫ਼ੌਜ ਵੱਲੋਂ ਸ਼ਮੂਲੀਅਤ ਕਰ ਚੁੱਕਾ ਹੈ। ਇੰਗਲੈਂਡ ਦੇ ਹੰਸਲੋ ਇਲਾਕੇ ਦਾ ਨਿਵਾਸੀ ਰਣਵੀਰ ਸਿੰਘ ਸਿੱਖ ਭਾਈਚਾਰੇ ਅਤੇ ਬ੍ਰਿਟਿਸ਼ ਹਕੂਮਤ ਵਿਚਕਾਰ ਇੱਕ ਕੜੀ ਦਾ ਕੰਮ ਕਰਦਾ ਹੈ।
ਕੈਪਟਨ ਮਕੰਦ ਸਿੰਘ- ਬ੍ਰਿਟਿਸ਼ ਫ਼ੌਜ ਵਿਚ ਲਾਇਜ਼ਨ ਅਫ਼ਸਰ ਵਜੋਂ ਤਾਇਨਾਤ ਮਕੰਦ ਸਿੰਘ ਮਹਿਜ਼ 18 ਸਾਲ ਦੀ ਉਮਰ ਵਿਚ ਬ੍ਰਿਟਿਸ਼ ਫ਼ੌਜ ਵਿਚ ਭਰਤੀ ਹੋ ਗਿਆ ਸੀ। ਉਸ ਦੇ ਪਿਤਾ ਸ. ਬਲਦੇਵ ਸਿੰਘ ਵੀ ਬ੍ਰਿਟਿਸ਼ ਫ਼ੌਜ ਵਿਚ ਸਿਪਾਹੀ ਸਨ। ਮਕੰਦ ਸਿੰਘ ਪੰਜਾਬ ਤੋਂ 8 ਜਮਾਤਾਂ ਪਾਸ ਕਰਕੇ ਇੰਗਲੈਂਡ ਗਿਆ ਸੀ ਅਤੇ ਬਾਕੀ ਵਿੱਦਿਆ ਉਸਨੇ ਇੰਗਲੈਂਡ ਜਾ ਕੇ ਹਾਸਲ ਕੀਤੀ। ਉਹ ਹੁਣ ਤੱਕ ਕਈ ਵਿਸ਼ੇਸ਼ ਸੇਵਾ ਤਗਮੇ ਲੈ ਚੁੱਕਾ ਹੈ।
ਰਣਬੀਰ ਕੌਰ ਨਿੱਝਰ-ਅਮਰੀਕੀ ਫ਼ੌਜ ਵਿਚ ਪਹਿਲੀ ਸਿੱਖ ਮਹਿਲਾ ਵਜੋਂ ਭਰਤੀ ਹੋਈ ਰਣਬੀਰ ਕੌਰ ਫ਼ੌਜ ਵਿਚ ਸਪੈਸ਼ਲਿਸਟ ਅਧਿਕਾਰੀ ਹੈ। ਪਿੱਛੋਂ ਜਲੰਧਰ ਜ਼ਿਲ੍ਹੇ ਦੇ ਪਿੰਡ ਨਿੱਝਰਾਂ ਨਿਵਾਸੀ ਰਣਬੀਰ ਕੌਰ ਅਮਰੀਕੀ ਫ਼ੌਜ ਦੀ 315 ਇੰਜੀਨੀਅਰ ਰੈਜਮੈਂਟ ਵਿਚ ਤਾਇਨਾਤ ਹੈ ਅਤੇ ਅਫ਼ਗਾਨਿਸਤਾਨ ਦੇ ਯੁੱਧ ਵਿਚ ਹਿੱਸਾ ਲੈ ਚੁੱਕੀ ਹੈ। ਉਸ ਦੇ ਪਿਤਾ ਮਾਹਨ ਸਿੰਘ ਦਾ ਕੈਲੇਫੋਰਨੀਆ ਵਿਚ 160 ਏਕੜ ਦਾ ਅੰਗੂਰਾਂ ਦਾ ਬਾਗ਼ ਹੈ। ਉਹ ਮਹਿਜ਼ 19 ਸਾਲ ਦੀ ਉਮਰ ਵਿਚ ਫ਼ੌਜ ਅਧਿਕਾਰੀ ਬਣ ਗਈ ਸੀ।
ਹਰਸ਼ਮੀਰ ਕੌਰ ਗਿੱਲ-ਉਹ ਅਮਰੀਕੀ ਫ਼ੌਜ ਵਿਚ ਸੈਕਿੰਡ ਲੈਫਟੀਨੈਂਟ ਹੈ ਅਤੇ ਉਸ ਨੂੰ ਵੀ ਅਜਿਹੀ ਪਹਿਲੀ ਸਿੱਖ ਪੰਜਾਬੀ ਅਤੇ ਭਾਰਤੀ ਔਰਤ ਦਾ ਮਾਣ ਹਾਸਲ ਹੈ ਜੋ ਕਿ ਅਮਰੀਕੀ ਹਵਾਈ ਫ਼ੌਜ ਦੀ ਅਫ਼ਸਰ ਬਣੀ ਹੈ। ਉਹ 80 ਦੇ ਦਹਾਕੇ ਵਿਚ ਆਪਣੇ ਪਿਤਾ ਤਾਰਾ ਸਿੰਘ ਗਿੱਲ ਅਤੇ ਮਾਤਾ ਨਿਰਦੋਸ਼ ਕੌਰ ਗਿੱਲ ਨਾਲ ਅਮਰੀਕਾ ਆਈ ਸੀ। 5 ਫੁੱਟ 6 ਇੰਚ ਲੰਬੀ ਇਹ ਸਰਦਾਰਨੀ 20 ਸਾਲ ਦੀ ਉਮਰ ਵਿਚ ਸਾਲ 2001 ਵਿਚ ਅਮਰੀਕੀ ਹਵਾਈ ਫ਼ੌਜ ਵਿਚ ਭਰਤੀ ਹੋਈ ਸੀ।
ਕੈਪਟਨ ਕਮਲਜੀਤ ਸਿੰਘ ਕਲਸੀ-ਕੈਪਟਨ ਕਲਸੀ ਨੇ ਅਮਰੀਕੀ ਫ਼ੌਜ ਦਾ ਪਹਿਲਾ ਪਗੜੀ ਧਾਰੀ ਸਾਬਤ ਸੂਰਤ ਸਿੱਖ ਅਫ਼ਸਰ ਹੋਣ ਦਾ ਮਾਣ ਹਾਸਲ ਹੈ। ਉਸ ਨੇ ਸਾਬਤ ਸੂਰਤ ਸਿੱਖੀ ਬਰਕਰਾਰ ਰੱਖਣ ਲਈ ਲੰਬੀ ਕਾਨੂੰਨੀ ਲੜਾਈ ਫ਼ੌਜ 'ਚ ਰਹਿੰਦਿਆਂ ਹੀ ਲੜੀ ਅਤੇ ਜਿੱਤੀ ਹੈ। ਉਹ ਫ਼ੌਜ ਵਿਚ ਡਾਕਟਰ ਹੈ। ਉਸ ਦੇ ਪਿਤਾ ਅਤੇ ਦਾਦਾ ਭਾਰਤੀ ਹਵਾਈ ਫ਼ੌਜ ਵਿਚ ਅਧਿਕਾਰੀ ਰਹੇ ਹਨ ਅਤੇ ਪੜਦਾਦਾ ਨੇ ਬ੍ਰਿਟਿਸ਼ ਇੰਡੀਆ ਆਰਮੀ ਵਿਚ ਸੇਵਾ ਨਿਭਾਈ।
ਤੇਜ਼ਦੀਪ ਸਿੰਘ ਰਤਨ-ਐਮ.ਬੀ.ਏ. ਪਾਸ ਇਹ ਸਿੱਖ ਅਫ਼ਸਰ 2006 ਵਿਚ ਅਮਰੀਕੀ ਫ਼ੌਜ 'ਚ ਦੰਦਾਂ ਦੇ ਮਾਹਿਰ ਡਾਕਟਰ ਵਜੋਂ ਨਿਯੁਕਤ ਹੋਇਆ ਸੀ ਤੇ ਤਰੱਕੀ ਪਾ ਕੇ ਕੈਪਟਨ ਦੇ ਅਹੁਦੇ 'ਤੇ ਪੁੱਜ ਚੁੱਕਾ ਹੈ। ਭਾਰਤ ਵਿਚ ਪੈਦਾ ਹੋਇਆ ਕੈਪਟਨ ਰਤਨ ਇਸ ਵਕਤ ਨਿਊਯਾਰਕ ਦੇ ਫੋਰਟਡਰਮ ਇਲਾਕੇ ਦੀ ਫ਼ੌਜੀ ਯੂਨਿਟ ਵਿਚ ਡਾਕਟਰ ਵਜੋਂ ਸੇਵਾ ਨਿਭਾ ਰਿਹਾ ਹੈ।
ਸਿਮਰਨਪ੍ਰੀਤ ਲਾਂਬਾ-ਅਮਰੀਕੀ ਫ਼ੌਜ ਵਿਚ ਸਪੈਸ਼ਲਿਸਟ ਅਧਿਕਾਰੀ ਵਜੋਂ ਤਾਇਨਾਤ ਲਾਂਬਾ ਦਿੱਲੀ ਦਾ ਜੰਮਪਲ ਹੈ ਅਤੇ ਉਹ 2009 ਵਿਚ ਅਮਰੀਕੀ ਫ਼ੌਜ ਵਿਚ ਭਰਤੀ ਹੋਇਆ ਸੀ ਜਦੋਂ ਉਹ ਅਮਰੀਕਾ ਦਾ ਨਾਗਰਿਕ ਵੀ ਨਹੀਂ ਬਣਿਆ ਸੀ। ਉਸ ਨੂੰ 'ਮਾਵਨੀ' ਐਕਟ ਤਹਿਤ ਫ਼ੌਜ ਵਿਚ ਭਰਤੀ ਕੀਤਾ ਗਿਆ ਸੀ। ਉਸ ਨੇ ਫ਼ੌਜ ਵਿਚ ਰਹਿ ਕੇ ਕਈ ਸਖ਼ਤ ਸਿਖਲਾਈਆਂ ਪ੍ਰਾਪਤ ਕੀਤੀਆਂ ਹਨ ਅਤੇ ਉਹ ਵੀ ਸਾਬਤ ਸੂਰਤ ਸਿੱਖ ਰਹਿੰਦੇ ਹੋਏ। ਇਕ ਵਿਸ਼ੇਸ਼ ਕਮਾਂਡੋ ਸਿਖਲਾਈ ਲਈ ਉਸ ਨੇ ਦਾੜ੍ਹੀ ਲਈ ਜੈੱਲ ਅਤੇ ਛੋਟੀ ਦਸਤਾਰ ਪਾ ਵਿਸ਼ੇਸ਼ ਮਾਸਕ ਪਹਿਨ ਕੇ ਦਸ ਦਿੱਤਾ ਸੀ ਕਿ ਉਸ ਨੂੰ ਧਾਰਮਿਕ ਚਿੰਨ੍ਹ ਤਿਆਗਣੇ ਮਨਜ਼ੂਰ ਨਹੀਂ।
ਮਨਦੀਪ ਕੌਰ-ਉਹ ਹਥਿਆਰਬੰਦ ਬ੍ਰਿਟਿਸ਼ ਫ਼ੌਜ ਵਿਚ ਇਕ ਫ਼ੌਜੀ ਵਜੋਂ ਤਾਇਨਾਤ ਹੋਈ ਹੈ ਭਾਵੇਂ ਕਿ ਉਹ ਫ਼ੌਜ ਵਿਚ ਗ੍ਰੰਥੀ ਸਿੰਘ ਦੀ ਡਿਊਟੀ ਨਿਭਾ ਰਹੀ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਇੰਜੀਨੀਅਰਿੰਗ ਕਰਨ ਵਾਲੀ ਮਨਦੀਪ ਇੰਗਲੈਂਡ ਪੀ.ਐਚ.ਡੀ. ਕਰਨ ਗਈ ਸੀ ਪਰ ਉੱਥੇ 2005 ਵਿਚ ਉਹ ਫ਼ੌਜ ਵਿਚ ਚੁਣੀ ਗਈ।
ਕੈਪਟਨ ਪ੍ਰਭਜੋਤ ਸਿੰਘ ਧਨੋਆ-ਕੈਨੇਡਾ ਦੀ ਫ਼ੌਜ ਵਿਚ 7 ਸਾਲ ਪਹਿਲਾਂ ਭਰਤੀ ਹੋਇਆ ਇਹ ਸਿੱਖ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕ ਪਿੰਡ ਦਾ ਜੰਮਪਲ ਹੈ ਜਿਸ ਨੇ ਕਿ ਚੰਡੀਗੜ੍ਹ ਵਿਚ ਪੜ੍ਹ ਕੇ ਸਿਵਿਲ ਇੰਜੀਨੀਅਰਿੰਗ ਕੀਤੀ ਸੀ। ਉਹ ਵੀ ਹੁਣ ਤੱਕ ਕੈਨੇਡਾ ਦੀ ਫ਼ੌਜ ਵੱਲੋਂ ਕਈ ਮੁਹਿੰਮਾਂ ਵਿਚ ਹਿੱਸਾ ਲੈ ਚੁੱਕਾ ਹੈ। ਇਸ ਸਿੱਖ ਅਧਿਕਾਰੀ ਦਾ ਕੈਨੇਡਾ ਦੀ ਫ਼ੌਜ ਵਿਚ ਰੋਅਬ-ਦਾਬ ਦੇਖਿਆ ਹੀ ਬਣਦਾ ਹੈ।

ਅਮਰੀਕੀ ਫ਼ੌਜ 'ਚੋਂ ਹੁਣੇ ਹੁਣੇ ਸੇਵਾ ਮੁਕਤ ਹੋਏ
ਤਿੰਨ ਸਿੱਖ ਕਰਨਲ

View attachment 12221
ਕਰਨਲ ਅਜਿੰਦਰ ਸਿੰਘ ਸੇਖੋਂ, ਕਰਨਲ ਜੀ.ਬੀ. ਸਿੰਘ ਅਤੇ ਕਰਨਲ ਗੋਪਾਲ ਸਿੰਘ ਖ਼ਾਲਸਾ ਤਿੰਨ ਅਜਿਹੇ ਸਾਬਤ ਸੂਰਤ ਸਿੱਖ ਅਧਿਕਾਰੀ ਹਨ, ਜੋ ਹੁਣੇ ਹੁਣੇ ਅਮਰੀਕੀ ਫ਼ੌਜ ਚੋਂ ਸੇਵਾ ਮੁਕਤ ਹੋਏ ਹਨ। ਖਾੜੀ ਜੰਗ ਵਿਚ 700 ਗੋਰੇ ਅਮਰੀਕੀ ਫ਼ੌਜੀਆਂ ਦੀ ਬਟਾਲੀਅਨ ਦੀ ਅਗਵਾਈ ਕਰਨ ਵਾਲੇ ਕਰਨਲ ਸੇਖੋਂ ਵਿਸ਼ੇਸ਼ ਸੇਵਾ ਮੈਡਲ, ਰਾਸ਼ਟਰ ਪਤੀ ਯੂਨਿਟ ਮੈਡਲ ਅਤੇ ਆਰਮੀ ਫਲਾਈਟ ਸਰਜਨ ਤਮਗ਼ਾ ਹਾਸਲ ਕਰ ਚੁੱਕੇ ਹਨ। ਕਰਨਲ ਜੀ.ਬੀ. ਸਿੰਘ 1979 ਵਿਚ ਅਮਰੀਕੀ ਫ਼ੌਜ ਵਿਚ ਭਰਤੀ ਹੋਏ ਸਨ। ਡਾਕਟਰੀ ਸੇਵਾਵਾਂ ਨਿਭਾਉਂਦਿਆਂ ਉਨ੍ਹਾਂ ਨੇ ਇਸ ਖੇਤਰ ਦਾ ਸਭ ਤੋਂ ਉੱਚਾ ਤਮਗ਼ਾ ''ਏ-ਪ੍ਰੀ-ਫਿਕਸ'' ਹਾਸਲ ਕੀਤਾ ਸੀ, ਜਦਕਿ ਕੋਰੀਆ ਵਿਚ ਅਮਰੀਕੀ ਫ਼ੌਜਾਂ ਦੀ ਅਗਵਾਈ ਲਈ ਉਨ੍ਹਾਂ ਨੂੰ ਵਿਸ਼ਿਸ਼ਟ ਸੇਵਾ ਮੈਡਲ ਵੀ ਮਿਲ ਚੁੱਕਾ ਹੈ। ਕਰਨਲ ਗੋਪਾਲ ਸਿੰਘ ਖ਼ਾਲਸਾ 1976 ਵਿਚ ਅਮਰੀਕੀ ਫ਼ੌਜ ਵਿਚ ਭਰਤੀ ਹੋਏ ਉਹ ਪੈਰਾਸ਼ੂਟ ਆਰਮੀ ਸਪੈਸ਼ਲ ਯੂਨਿਟ ਦੇ ਬਟਾਲੀਅਨ ਕਮਾਂਡਰ ਰਹੇ ਹਨ। ਜਿਨ੍ਹਾਂ ਦੇ ਅਧੀਨ 800 ਗੋਰੇ ਅਮਰੀਕੀ ਫ਼ੌਜੀ ਸਨ। ਉਨ੍ਹਾਂ ਨੂੰ ਵੀ ਵਧੀਆਂ ਸੇਵਾਵਾਂ ਬਦਲੇ ਵਿਸ਼ਿਸ਼ਟ ਸੇਵਾ ਮੈਡਲ ਤੋਂ ਇਲਾਵਾ ਸਿਲਵਰ ਓਕ ਲੀਫ਼ ਕਲਸਟਰ ਐਵਾਰਡ ਮਿਲ ਚੁੱਕਾ ਹੈ। ਉਹ ਹੁਣ ਵੀ ਅਮਰੀਕੀ ਫ਼ੌਜ ਦੀ ਰਾਖਵੀਂ ਕਮਾਂਡ ਵਿਚ ਹਨ।
.
 
Top