ਲੰਮੀ ਚੁੱਪ ਤੋਂ ਬਾਅਦ

ਚੁੱਪ
ਨਜ਼ਮ

ਲੰਮੀ ਚੁੱਪ ਤੋਂ ਬਾਅਦ
ਜਦੋਂ ਮੈਂ ਉਸ ਨੂੰ
"ਤੈਨੂੰ ਇਕ ਗੱਲ ਕਹਾਂ?"
ਆਖਿਆ ਸੀ ਤਾਂ,
"ਕਹਿ ਨਾ" ਕਹਿ ਕੇ
ਉਸ ਹੁੰਗਾਰਾ ਭਰਿਆ ਸੀ।
"........."
ਪਰ ਮੇਰੀ ਚੁੱਪ ਕੋਲ਼,
ਸਵਾਲ ਕਰਨ ਤੋਂ ਬਗੈਰ
ਹੋਰ ਸ਼ਾਇਦ
ਸ਼ਬਦ ਹੀ ਨਹੀਂ ਸਨ।
ਮੈਂ ਚੁੱਪ ਰਿਹਾ....
ਉਹ ਵੀ ਚੁੱਪ ਰਿਹਾ।
ਪਲ ਗੁਜ਼ਰੇ,
ਮਹੀਨੇ ਗੁਜ਼ਰੇ,
ਆਖ਼ਰ ਸਾਲ ਵੀ ਗੁਜ਼ਰ ਗਏ....
ਅੱਜ ਉਹ ਫਿਰ ਮਿਲ਼ਿਆ,
ਹਵਾ ਦੇ ਆਖ਼ਰੀ ਬੁੱਲੇ ਵਾਂਗ...
ਮੈਂ.....
ਫਿਰ ਟਾਹਣੀਆਂ ਵਾਂਗ
ਚੁੱਪ-ਚਾਪ ਖੜ੍ਹਾ ਰਿਹਾ
ਤੇ ਉਹ
ਮੇਰੇ ਕੋਲ਼ ਦੀ ਹੁੰਦਾ ਹੋਇਆ
ਗੁਜ਼ਰ ਗਿਆ
ਪਲਾਂ ਵਾਂਗ,
ਮਹੀਨਿਆਂ ਵਾਂਗ,
ਸਦੀਆਂ ਵਰਗੇ ਸਾਲਾਂ ਵਾਂਗ.....!
 
Top