ਮੁਲਾਕਾਤ ਵਾਲ਼ਾ ਦਿਨ ਨਜ਼ਮ

ਮੁਲਾਕਾਤ ਵਾਲ਼ਾ ਦਿਨ
ਨਜ਼ਮ
"ਤੈਨੂੰ ਯਾਦ ਹੈ ਆਪਣੀ,
ਪਹਿਲੀ ਮੁਲਾਕਾਤ?
ਕਦੋਂ ਮਿਲੇ ਸਾਂ ਆਪਾਂ?
ਪਹਿਲੀ ਵਾਰ", ਤੂੰ ਪੁੱਛਿਆ।
"ਹਾਂ, ਕਿਉਂ ਨਹੀਂ?”
ਮੈਂ ਜਵਾਬ ਦਿੰਦਾ ਹੋਇਆ ਅਗਾਂਹ ਬੋਲਿਆ,
"ਗੱਲ ਤਾਂ ਏਸੇ ਸਦੀ ਦੀ ਹੀ ਹੈ,
ਦਿਨ, ਤਾਰੀਖ, ਮਹੀਨਾ, ਸਾਲ?
ਹਾਂ ਯਾਦ ਆਇਆ......
ਸ਼ਾਇਦ ਓਸ ਦਿਨ...
ਅਮਰੀਕਾ ਵਿੱਚ 9/11 ਹੋਇਆ ਸੀ,
ਜਾਂ ਫਿਰ ਓਸ ਦਿਨ
ਅਮਰੀਕਾ ਨੇ ਇਰਾਕ ਤੇ ਹਮਲਾ ਕੀਤਾ ਸੀ,
ਨਹੀਂ ਨਹੀਂ
ਓਸ ਦਿਨ ਤਾਂ ਲੰਡਨ ਵਿੱਚ
ਬੰਬ ਧਮਾਕੇ ਹੋਏ ਸਨ,
ਖ਼ੌਰੇ ਮੈਨੂੰ ਭੁਲੇਖਾ ਲੱਗਿਆ,
ਓਸ ਦਿਨ ਤਾਂ ਸ਼ਾਇਦ ਬੰਬੇ,
ਬੰਬ ਫਟੇ ਸਨ,
ਜਾਂ ਫੇਰ ਮੈਂ ਟਪਲਾ ਖਾ ਗਿਆ ਲੱਗਦਾਂ!
ਓਸ ਦਿਨ ਭਾਰਤ ਦੀਆਂ ਫੌਜਾਂ,
ਪਾਕਿਸਤਾਨ ਤੇ ਹਮਲਾ ਕਰਨ ਚੜ੍ਹੀਆਂ ਸਨ,
ਭਾਰਤੀ ਪਾਰਲੀਮੈਂਟ ਤੇ ਹੋਏ
ਅੱਤਵਾਦੀ ਹਮਲੇ ਤੋਂ ਬਾਅਦ!
.......
"ਨਹੀਂ!,
ਇਨ੍ਹਾਂ ਦਿਨਾਂ 'ਚੋਂ,
ਤਾਂ ਸ਼ਾਇਦ ਕੋਈ ਵੀ ਨਹੀਂ ਸੀ"
ਤੂੰ ਸਹਿਜ ਸੁਭਾ ਆਖਿਆ!
"ਅੱਛਾ, ਮੈਂ ਯਾਦ ਕਰਦਾਂ"
ਮੈਂ ਫੇਰ ਸੋਚਾਂ ਦੇ ਆਰ ਲਾਈ....
"ਹਾਂ ਸ਼ਾਇਦ ਓਸ ਦਿਨ,
ਪੰਜਾਬ ਦੇ ਇਕ ਖੂਹ 'ਚੋਂ,
ਅਣਜੰਮੀਆਂ ਧੀਆਂ ਦੇ
ਭਰੂਣ ਮਿਲੇ ਸਨ,
ਜਾਂ ਓਸ ਦਿਨ
ਸਾਡੇ ਮੁਲਖ ਦੀ ਇਕ ਹੋਰ,
ਪੁਰਾਣੀ ਵਰਗੀ ਹੀ,
ਨਵੀਂ ਸਰਕਾਰ ਬਣੀ ਸੀ,
ਜਾਂ ਫੇਰ ਓਸ ਦਿਨ
ਜੀ-8 ਦੇਸ਼ਾਂ ਦੀ
ਸਾਂਝੀ ਵਾਰਤਾ ਹੋਈ ਸੀ ਕਿ,
ਸਾਰੇ ਸੰਸਾਰ ਵਿੱਚ ਸ਼ਾਂਤੀ
ਕਿਵੇਂ ਲਿਆਂਦੀ ਜਾਵੇ?
ਹਾਂ ਸੱਚ ਇਹ ਦਿਨ ਹੋ ਸਕਦੈ!
ਜਿਸ ਦਿਨ ਯੂ.ਐੱਨ.ਓ ਨੇ,
ਇਰਾਕ ਹਮਲੇ ਤੋਂ ਬਾਅਦ
ਅਮਰੀਕਾ ਦੀ ਘੁਰਕੀ ਤੋਂ ਡਰਦੇ ਨੇ
ਚੁੱਪ ਵੱਟ ਰੱਖੀ ਸੀ।
.........
"ਨਹੀਂ! ਨਹੀਂ!! ਨਹੀਂ!!!"
ਤੇਰਾ ਜਵਾਬ ਆਇਆ।
.........
"ਅੱਛਾ, ਚੱਲ ਛੱਡ
ਕਦੀ ਫੇਰ ਸੋਚਾਂਗਾ..."
ਕਹਿ ਕੇ,
ਮੈਂ.......
ਮਹਿਬੂਬਾ ਤੋਂ........... ਪਿੱਛਾ ਛੁਡਾਇਆ!
 
Top