ਲੜਕੀ ਨੂੰ ਦਿਓ ਰਸੋਈ ਦੀ ਸਿੱਖਿਆ

ਇਹ ਵੇਖਿਆ ਗਿਆ ਹੈ ਕਿ ਪਰਿਵਾਰ ਦੀ ਔਰਤ ਦਾ ਜ਼ਿਆਦਾ ਸਮਾਂ ਰਸੋਈ ਵਿੱਚ ਹੀ ਬਤੀਤ ਹੋ ਜਾਂਦਾ ਹੈ। ਹਰ ਮਹਿਲਾ ਚਾਹੁੰਦੀ ਹੈ ਕਿ ਉਹ ਚੰਗੇ ਤੋਂ ਚੰਗਾ ਖਾਣਾ ਬਣਾ ਕੇ ਪਰਿਵਾਰ ਦਾ ਮਨ ਜਿੱਤ ਲਵੇ। ਸ਼ੁਰੂ ਤੋਂ ਹੀ ਰਸੋਈ ਭਾਰਤੀ ਨਾਰੀ ਦੇ ਜੀਵਨ ਦਾ ਮੁੱਖ ਹਿੱਸਾ ਰਹੀ ਹੈ। ਘਰ ਦੀ ਮੁਖੀ ਦਾ ਹੀ ਰਸੋਈ ’ਤੇ ਅਧਿਕਾਰ ਰਿਹਾ ਹੈ। ਘਰ ਦੀਆਂ ਸਾਰੀਆਂ ਲੜਕੀਆਂ ਆਪਣੀ ਮਾਂ ਨੂੰ ਦੇਖ ਕੇ ਹੀ ਖਾਣਾ ਬਣਾਉਣਾ ਸਿੱਖ ਜਾਂਦੀਆਂ ਸਨ। ਇਸ ਦੇ ਲਈ ਉਸ ਸਮੇਂ ਕੋਈ ਟਰੇਨਿੰਗ ਦੀ ਜ਼ਰੂਰਤ ਨਹੀਂ ਹੁੰਦੀ ਸੀ। ਆਪਣੀ ਮਾਂ ਨੂੰ ਵੇਖ ਕੇ, ਉਨ੍ਹਾਂ ਨਾਲ ਰਸੋਈ ਵਿੱਚ ਹੱਥ ਵਟਾਉਂਦੇ-ਵਟਾਂਉਂਦੇ ਹੀ ਸਭ ਕੁਝ ਸਿੱਖ ਜਾਂਦੀਆਂ ਸਨ। ਬੇਟੀ ਨੂੰ ਸਹੁਰੇ ਘਰ ’ਚ ਖਾਣੇ ਲਈ ਨਾ ਸੁਣਨਾ ਪਵੇ, ਅਜਿਹੀਆਂ ਨਸੀਹਤਾਂ ਮਾਂ ਧੀ ਨੂੰ ਦਿੰਦੀ ਰਹਿੰਦੀ ਸੀ। ਸੱਸ-ਨੂੰਹ ਦੇ ਝਗੜੇ ਦਾ ਕਾਰਨ ਮੁੱਖ ਤੌਰ ’ਤੇ ਰਸੋਈ ਵਿੱਚ ਖਾਣਾ ਬਣਾਉਣਾ ਹੀ ਹੁੰਦਾ ਸੀ। ਖਾਣੇ ਵਿੱਚ ਕਿਸ ਨੂੰ ਕੀ ਪਸੰਦ ਹੈ, ਇਸ ਦਾ ਬਾਕਾਇਦਾ ਧਿਆਨ ਰੱਖਿਆ ਜਾਂਦਾ ਸੀ।
ਹੁਣ ਸਮਾਂ ਬਦਲ ਗਿਆ ਹੈ। ਪੜ੍ਹਾਈ ਦਾ ਬੋਝ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਬੇਟੀ ਕੋਲ ਘਰ ਦਾ ਕੋਈ ਕੰਮ ਕਰਨ ਲਈ ਵਿਹਲ ਵਿਖਾਈ ਨਹੀਂ ਦਿੰਦੀ। ਉਹ ਸਕੂਲ ਜਾਂ ਕਾਲਜ ਤੋਂ ਆ ਕੇ ਮਾਤਾ ਵੱਲੋਂ ਬਣਾਇਆ ਖਾਣਾ ਖਾ ਕੇ, ਕੁਝ ਚਿਰ ਆਰਾਮ ਕਰਕੇ ਪੜ੍ਹਾਈ ਕਰਨ ਲੱਗ ਜਾਂਦੀ ਹੈ। ਜੇ ਮਾਂ ਰਾਤ ਦਾ ਖਾਣਾ ਬਣਾਉਣ ਲਈ ਬੇਟੀ ਨੂੰ ਕਹਿ ਦੇਵੇ ਤਾਂ ਕਈ ਤਰ੍ਹਾਂ ਦੇ ਬਹਾਨੇ ਬਣਾਉਂਦੀ ਵਿਖਾਈ ਦਿੰਦੀ ਹੈ। ਉਹ ਪੜ੍ਹਨ ਤੋਂ ਬਿਨਾਂ ਘਰ ਦਾ ਕੋਈ ਕੰਮ ਸਿੱਖਣ ਦੀ ਕੋਸ਼ਿਸ਼ ਹੀ ਨਹੀਂ ਕਰਦੀ। ਮਾਂ ਦਾ ਫਰਜ਼ ਬਣਦਾ ਹੈ ਕਿ ਉਹ ਬੇਟੀ ਨੂੰ ਪੜ੍ਹਾਈ ਦੇ ਨਾਲ-ਨਾਲ ਰਸੋਈ ਦੀ ਸਿੱਖਿਆ ਦੇਵੇ, ਜਿਵੇਂ ਕਿ ਰੋਟੀ ਪਕਾਉਣਾ, ਸਬਜ਼ੀ, ਦਾਲ, ਚਾਵਲ, ਖੀਰ ਤੇ ਹਲਵਾ ਆਦਿ ਤੋਂ ਇਲਾਵਾ ਸਾਗ ਚੀਰਣ ਤੋਂ ਬਣਾਉਣ ਤੱਕ ਤੇ ਮੱਕੀ ਦੀ ਰੋਟੀ ਬਣਾਉਣਾ। ਆਮ ਘਰਾਂ ’ਚ ਵੇਖਿਆ ਜਾਂਦਾ ਹੈ ਕਿ ਮਾਂ ਹੀ ਭੋਜਨ ਬਣਾਉਣ ਦਾ ਕੰਮ ਕਰਦੀ ਹੈ ਤੇ ਬੇਟੀ ਕੇਵਲ ਭੋਜਨ ਨੂੰ ਪਰੋਸਣ ਦਾ ਕੰਮ ਕਰਦੀ ਹੈ। ਬੇਟੀ ਨੂੰ ਸ਼ੁਰੂ ਤੋਂ ਹੀ ਖਾਣਾ ਤਿਆਰ ਕਰਨ ਦੀ ਟਰੇਨਿੰਗ ਦੇਣਾ ਮਾਂ ਦਾ ਫਰਜ਼ ਬਣਦਾ ਹੈ। ਇਸ ਲਈ ਬੇਟੀ ਨੂੰ ਪੜ੍ਹਾਈ ਦੇ ਨਾਲ-ਨਾਲ ਭੋਜਨ ਤਿਆਰ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਕਿਉਂਕਿ ਵਿਆਹ ਉਪਰੰਤ ਸਹੁਰੇ ਘਰ ਜਾ ਕੇ ਉਸ ਨੂੰ ਰਸੋਈ ’ਚ ਪਕਵਾਨ ਤਿਆਰ ਕਰਨੇ ਹੀ ਪੈਣੇ ਹਨ। ਜੇ ਬੇਟੀ ਖਾਣਾ ਪਕਾਉਣ ’ਚ ਮਾਹਿਰ ਹੋਵੇਗੀ ਤਾਂ ਉਹ ਪਰਿਵਾਰ ਦੇ ਹਰ ਜੀਅ ਦਾ ਦਿਲ ਜਿੱਤ ਸਕੇਗੀ। ਉਸ ਨੂੰ ਹਰ ਤਰ੍ਹਾਂ ਦਾ ਖਾਣਾ ਆਪਣੇ ਹੱਥੀਂ ਤਿਆਰ ਕਰਨਾ ਚਾਹੀਦਾ ਹੈ ਤਾਂ ਜੋ ਉਸ ਨੂੰ ਸਹੀ ਮਾਤਰਾ ’ਚ ਵਰਤੀ ਜਾਣ ਵਾਲੀ ਸਮੱਗਰੀ ਦਾ ਪਤਾ ਚੱਲ ਸਕੇ। ਜੇ ਬੇਟੀ ਤੋਂ ਖਾਣਾ ਤਿਆਰ ਕਰਨ ’ਚ ਕੋਈ ਭੁੱਲ ਹੋ ਜਾਂਦੀ ਹੈ ਤਾਂ ਮਾਂ ਦਾ ਫਰਜ਼ ਬਣਦਾ ਹੈ ਕਿ ਉਹ ਉਸ ਨੂੰ ਪਿਆਰ ਨਾਲ ਸਮਝਾਵੇ।
ਇਕ ਵਾਰ ਮੇਰੇ ਮਿੱਤਰ ਦੇ ਘਰ ਮਹਿਮਾਨ ਆਏ ਹੋਏ ਸਨ ਤੇ ਮੈਂ ਵੀ ਸਬੱਬ ਨਾਲ ਪਹਿਲਾਂ ਹੀ ਉੱਥੇ ਬੈਠਾ ਸੀ। ਮਿੱਤਰ ਦੇ ਵਾਰ-ਵਾਰ ਕਹਿਣ ’ਤੇ ਮੈਨੂੰ ਵੀ ਦੁਪਹਿਰ ਦਾ ਖਾਣਾ ਖਾਣ ਲਈ ਮਜਬੂਰ ਹੋਣਾ ਪਿਆ। ਬੇਟੀ ਦੀ ਮਾਂ ਮਹਿਮਾਨਾਂ ਨੂੰ ਅਟੈਂਡ ਕਰ ਰਹੀ ਸੀ ਤੇ ਬੇਟੀ ਰਸੋਈ ’ਚ ਖਾਣਾ ਤਿਆਰ ਕਰਨ ’ਚ ਰੁੱਝੀ ਹੋਈ ਸੀ। ਕੁਝ ਦੇਰ ਬਾਅਦ ਬੇਟੀ ਨੇ ਮੰਮੀ ਨੂੰ ਰਸੋਈ ’ਚ ਬੁਲਾ ਕੇ ਕਿਹਾ, ‘ਹਲਵੇ ਵਿੱਚ ਪਾਣੀ ਜ਼ਿਆਦਾ ਪੈ ਗਿਆ, ਹੁਣ ਕੀ ਕਰਾਂ।’ ਮਾਂ ਨੇ ਬਾਹਰ ਆ ਕੇ ਕਿਹਾ ਕਿ ਖਾਣਾ ਤਿਆਰ ਹੋ ਰਿਹੈ ਤੇ ਬੇਟੀ ਨੇ ਮੰਮੀ ਦੇ ਕਹਿਣ ’ਤੇ ਮਿੱਠੇ ਚਾਵਲ ਤਿਆਰ ਕਰਕੇ ਮੌਕਾ ਸੰਭਾਲਿਆ। ਕਹਿਣ ਦਾ ਭਾਵ ਲੜਕੀ ਨੇ ਪਹਿਲਾਂ ਆਪਣੇ ਹੱਥੀਂ ਹਲਵਾ ਬਣਾਇਆ ਹੀ ਨਹੀਂ ਸੀ। ਇਸ ਲਈ ਮਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਬੇਟੀ ਨੂੰ ਹਰ ਤਰ੍ਹਾਂ ਦੇ ਪਕਵਾਨ ਬਣਾਉਣ ਦੀ ਪਰੈਕਟੀਕਲ ਟਰੇਨਿੰਗ ਦੇਵੇ। ਜਿੰਨੀ ਦੇਰ ਬੇਟੀ ਆਪਣੇ ਹੱਥੀਂ ਪਕਵਾਨ ਨਹੀਂ ਬਣਾਉਂਦੀ, ਉਹ ਪਕਵਾਨਾਂ ’ਚ ਮੁਹਾਰਤ ਹਾਸਲ ਨਹੀਂ ਕਰ ਸਕਦੀ। ਬੇਟੀ ਨੂੰ ਹਰੇਕ ਪਕਵਾਨ ਨੂੰ ਤਿਆਰ ਕਰਨ ਦੀ ਖੁੱਲ੍ਹ ਦੇਣੀ ਚਾਹੀਦੀ ਹੈ ਤਾਂ ਜੋ ਉਸ ਦੀ ਝਿਜਕ ਦੂਰ ਹੋ ਸਕੇ। ਜੇ ਬੇਟੀ ਤੋਂ ਖਾਣਾ ਤਿਆਰ ਕਰਦੇ ਸਮੇਂ ਕੋਈ ਗ਼ਲਤੀ ਹੋ ਜਾਵੇ ਤਾਂ ਉਸ ਨੂੰ ਝਿੜਕਣ ਦੀ ਬਜਾਇ ਪਿਆਰ ਨਾਲ ਸਮਝਾਉਣ ’ਚ ਹੀ ਸਿਆਣਪ ਹੈ।
ਬੇਟੀ ਨੂੰ ਖਾਣਾ ਤਿਆਰ ਕਰਨ ’ਚ ਨਿਪੁੰਨ ਬਣਾਉਣਾ ਚਾਹੀਦਾ ਹੈ ਤਾਂ ਜੋ ਤੁਹਾਡੀ ਗ਼ੈਰਹਾਜ਼ਰੀ ਵਿੱਚ ਘਰ ਆਏ ਮਹਿਮਾਨਾਂ ਨੂੰ ਖਾਣਾ ਖੁਆ ਸਕੇ। ਅੱਜ ਵਕਤ ਬਦਲ ਗਿਆ ਹੈ, ਆਤਮ-ਨਿਰਭਰ ਹੋਣ ਕਾਰਨ ਫ਼ੈਸਲਾ ਲੈਣ ਦਾ ਅਧਿਕਾਰ ਲੜਕੀਆਂ ਕੋਲ ਹੈ। ਪਹਿਲਾਂ ਇਸਤਰੀਆਂ ਘਰ ਅਤੇ ਬਾਹਰ ਦਾ ਕੰਮ ਆਪ ਕਰਦੀਆਂ ਸਨ। ਆਪਣੇ ਲਈ ਉਨ੍ਹਾਂ ਕੋਲ ਸਮਾਂ ਵੀ ਨਹੀਂ ਹੁੰਦਾ ਸੀ।
ਅੱਜ ਵੀ ਲੜਕੀਆਂ ਨੇ ਆਪਣੀ ਮਾਤਾ ਨੂੰ ਚੁੱਲ੍ਹੇ-ਚੌਂਕੇ ਵਿੱਚ ਹਮੇਸ਼ਾ ਕੰਮ ਕਰਦੇ ਵੇਖਿਆ ਹੈ, ਕਦੇ ਆਰਾਮ ਕਰਦੇ ਨਹੀਂ। ਬੇਟੀ ਇੰਨੀ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੀ। ਨੌਕਰੀ-ਪੇਸ਼ਾ ਲੜਕੀਆਂ ਦਾ ਕਹਿਣਾ ਹੈ ਕਿ ਪੈਸੇ ਨਾਲ ਹਰੇਕ ਚੀਜ਼ ਖਰੀਦੀ ਜਾ ਸਕਦੀ ਹੈ, ਫਿਰ ਖਾਣਾ ਕਿਉਂ ਨਹੀਂ? ਪੈਸੇ ਨਾਲ ਬਾਜ਼ਾਰ ’ਚੋਂ ਖਾਣਾ ਖਾਧਾ ਜਾ ਸਕਦਾ ਹੈ, ਪਰ ਘਰ ਵਰਗੇ ਖਾਣੇ ਦਾ ਸੁਆਦ ਨਹੀਂ। ਬਾਜ਼ਾਰ ਦੇ ਖਾਣੇ ’ਚ ਤੇਜ਼ ਮਿਰਚ-ਮਸਾਲੇ ਤਾਂ ਹੁੰਦੇ ਹੀ ਹਨ ਤੇ ਵਰਤੇ ਗਏ ਰਾਸ਼ਨ ਦੀ ਸ਼ੁੱਧਤਾ ਦਾ ਵੀ ਪਤਾ ਨਹੀਂ ਹੁੰਦਾ। ਕਿੰਨਾ ਚੰਗਾ ਹੋਵੇ ਜੇ ਬਾਜ਼ਾਰ ਦਾ ਖਾਣਾ ਖਾਣ ਦੀ ਬਜਾਇ ਘਰ ਦਾ ਖਾਣਾ ਖਾਧਾ ਜਾਵੇ।
ਬੇਟੀ ਨੂੰ ਬਾਜ਼ਾਰ ’ਚ ਬਣੀਆਂ ਚੀਜ਼ਾਂ ਖਾਣ ਤੋਂ ਰੋਕਿਆ ਜਾਵੇ। ਬਾਜ਼ਾਰ ਦਾ ਖਾਣਾ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਮਾਂ ਆਪਣੀ ਬੇਟੀ ਨੂੰ ਘਰ ਵਿੱਚ ਪਕਵਾਨ ਬਣਾਉਣ ਲਈ ਪ੍ਰੇਰਿਤ ਕਰੇ। ਮਾਂ ਆਪਣੀ ਬੇਟੀ ਨੂੰ ਰਸੋਈ ਘਰ ਦੀ ਚੰਗੀ ਤਰ੍ਹਾਂ ਸਿੱਖਿਆ ਦੇਵੇ ਤਾਂ ਜੋ ਉਹ ਆਪਣੇ ਸਹੁਰੇ ਘਰ ਮਾਣ ਤੇ ਸਤਿਕਾਰ ਪਾ ਸਕੇ।
 
Top