ਕਿਸਾਨ ਦੇ ਅੰਗ ਸੰਗ ਪੰਜਾਬੀ ਲੋਕ ਗੀਤ

ਕਦੇ ਝੱਖੜ ਕਦੇ ਗੜੇ
ਕੁਦਰਤ ਦਾ ਭਾਣਾ
ਜੱਟਾ ਤੇਰੀ ਜੂਨ ਬੁਰੀ ਹਲ ਵਾਹ ਕੇ
ਚਰੀ ਨੂੰ ਜਾਣਾ।

ਪੰਜਾਬੀ ਲੋਕ ਗੀਤਾਂ ਵਿੱਚ ਪਿੰਡ ਵਸਦਾ ਹੈ। ਲਗਪਗ ਸਾਰੇ ਹੀ ਪੰਜਾਬੀ ਲੋਕ ਗੀਤ ਪੰਜਾਬੀ ਕਿਸਾਨੀ ਜੀਵਨ ਨਾਲ ਸਬੰਧਤ ਹਨ। ਪੰਜਾਬੀ ਲੋਕ ਗੀਤਾਂ ਦਾ ਸਰਬਪੱਖੀ ਅਧਿਐਨ ਕਰੀਏ ਤਾਂ ਪੰਜਾਬੀ ਕਿਸਾਨੀ ਜ਼ਿੰਦਗੀ ਦੇ ਕਰੀਬ-ਕਰੀਬ ਸਾਰੇ ਹੀ ਪੱਖ ਉਜਾਗਰ ਹੁੰਦੇ ਹਨ। ਵੈਸੇ ਵੀ ਪੰਜਾਬ ਮੁੱਖ ਰੂਪ ਵਿੱਚ ਖੇਤੀਬਾੜੀ ਵਾਲਾ ਪ੍ਰਾਂਤ ਹੈ। ਵਾਹੀ ਇੱਥੋਂ ਦੇ ਲੋਕਾਂ ਦਾ ਮੁੱਖ ਕਿੱਤਾ ਹੈ। ਕਾਰਖਾਨੇ ਪੰਜਾਬ ਵਿੱਚ ਹਾਲੀ ਵੀ ਨਾ ਹੋਇਆਂ ਦੇ ਬਰਾਬਰ ਹਨ। ਇਸ ਲਈ ਪੰਜਾਬ ਵਿੱਚ ਮਜ਼ਦੂਰ ਵਰਗ ਘੱਟ ਹੈ। ਮੁੱਖ ਵਰਗ ਕਿਸਾਨ ਵਰਗ ਹੀ ਹੈ।
ਪੰਜਾਬ ਦੇ ਹਰੇ ਭਰੇ ਖੇਤਾਂ ਦੇ ਕਿਨਾਰੇ ਉੱਤੇ ਪਹਿਰੇਦਾਰਾਂ ਵਾਂਗ ਰੁੱਖ ਪੰਜਾਬੀ ਜੱਟ ਕਿਸਾਨ ਦੇ ਪਿਆਰੇ ਮਿੱਤਰ ਹਨ:-
ਰੁੱਖ ਬੋਲ ਨਾ ਸਕਦੇ ਭਾਵੇਂ,
ਬੰਦਿਆਂ ਦਾ ਦੁੱਖ ਪੁੱਛਦੇ।
* * *
ਚੁੱਪ ਚੁੱਪ ਪਿਪਲਾ ਵੇ,
ਮੇਰੀ ਰੂਹ ਦੀ ਗੰਢ ਖੋਲ।

ਖੇਤਾਂ ਵਿੱਚ ਇਕੱਲਾ ਕੰਮ ਕਰਦਾ ਪੰਜਾਬ ਦਾ ਕਿਸਾਨ, ਬ੍ਰਿਛਾਂ ਨਾਲ ਪਿਆਰ ਗੱਲਾਂ ਕਰਦਾ ਹੈ। ਬ੍ਰਿਛ ਉਸ ਦੀਆਂ ਗੱਲਾਂ ਦਾ ਹੁੰਗਾਰਾ ਭਰਦੇ ਹਨ। ਉਸ ਦੇ ਦੁੱਖ ਨਸਦੇ ਹਨ। ਰੂਹ ਨਿੱਘੀ ਹੋ ਜਾਂਦੀ ਹੈ।
ਪੰਜਾਬ ਦੇ ਪੰਜ ਪਾਣੀ ਭਾਵੇਂ ਹੁਣ, ਪੰਜੇ ਸਬੂਤੇ ਨਹੀਂ ਰਹੇ। 1947 ਦੀ ਕਹਿਰ ਭਰੀ ਵੰਡ ਨੇ ਦਿਲ ਵੰਡੇ, ਰੂਹ ਵੰਡੇ। ਦਰਿਆ ਵੀ ਕੱਟੇ ਗਏ। ਵੰਡੇ ਗਏ। ਪਰ ਹੁਣ ਵੀ ਪੰਜੇ ਦਰਿਆ ਪੰਜਾਬ ਦੇ ਜੱਟ ਦੇ ਪੁੱਤਰਾਂ ਵਾਂਗ ਹਨ। ਇਨ੍ਹਾਂ ਵਿੱਚੋਂ ਅੱਧੇ ਜਿਵੇਂ ਵਿਦੇਸ਼ ਜਾ ਕੇ ਕੋਈ ਕਿੱਤਾ ਕਰ ਰਹੇ ਹੋਣ। ਪੰਜਾਬ ਦੇ ਜੱਟ ਨੂੰ ਆਪਣੇ ਪੰਜਾਂ ਦਰਿਆਵਾਂ ਨਾਲ ਹਾਲਾਂ ਤੱਕ ਵੀ ਇੱਕ ਇਹੋ ਜਿਹਾ ਪਿਆਰ ਹੈ:
ਰਾਵੀ ਹਿੱਲੇ ਜੁੱਲੇ,
ਝਨਾਬ ਹਿੱਲੇ ਜੁੱਲੇ।
ਨਿਆਣੀਏਂ ਜਿੰਦੇ ਨੀ ਲੈ ਬੁੱਲ੍ਹੇ।
ਸਤਲੁਜ ਪਿਆ ਨੱਚੇ,
ਬਿਆਸ ਪਾਵੇ ਗਿੱਧਾ।
ਜਿਹਲਮ ਪਾਵੇ ਗਿੱਧਾ,
ਨੀ ਸਾਡਾ ਰਾਹ ਸਿੱਧਾ।

ਮੈਦਾਨੀ ਪੰਜਾਬ ਦੇ ਹਰੇ ਭਰੇ ਖੇਤਾਂ ਦੀ ਵੱਟ ਉੱਤੇ ਤੁਰਦੇ ਕਿਸਾਨ ਦਾ ਦਿਲ ਆਪ ਮੁਹਾਰੇ ਗਾਉਣ ਲੱਗ ਪੈਂਦਾ ਹੈ। ਪੈਰ ਨੱਚਣ ਲੱਗ ਪੈਂਦੇ ਹਨ। ਉਸ ਨੂੰ ਆਪਾ ਭੁੱਲ ਜਾਂਦਾ ਹੈ। ਉਹ ਆਪਣੇ ਪੁੱਤਰਾਂ ਵਾਂਗ ਜਵਾਨ ਹੁੰਦੇ ਖੇਤਾਂ ਨੂੰ ਵੇਖ ਕੇ ਸਰੂਰਿਆ ਜਾਂਦਾ ਹੈ।
ਪੰਜਾਬੀ ਲੋਕ ਗੀਤਾਂ ਦੀ ਆਤਮਾ ਪਿੰਡ ਵਿੱਚ ਵਸਦੀ ਹੈ। ਲੋਕ ਗੀਤ ਸ਼ਹਿਰਾਂ ਦੀ ਧੂੜ ਤੋਂ ਦੂਰ ਹੀ ਰਹਿੰਦੇ ਹਨ। ਕਦੀ ਵਜਦ ਵਿੱਚ ਆ ਕੇ ਸ਼ਹਿਰੀ ਲੋਕ ਗੀਤ ਗਾਉਂਦੇ ਹਨ- ਨਾਲੇ ਸ਼ਰਮਾਉਂਦੇ ਹਨ। ਲੋਕ ਗੀਤ ਖੇਤਾਂ ਬਾਰੇ ਹਨ- ਕਣਕਾਂ ਬਾਰੇ। ਕਣਕ ਹੀ ਪੰਜਾਬ ਦੀ ਮੁੱਖ ਫਸਲ ਸੀ ਤੇ ਹੈ:
ਕਣਕਾਂ ਦੇ ਮੂੰਹ ਆ ਗਈ ਲਾਲੀ
ਖੁਸ਼ੀਆਂ ਭਰੇ ਕਿਆਰੇ
ਜਿਉਂ ਜਿਉਂ ਗਿੱਧੇ ‘ਚ
ਨੱਚਣ ਕੁੜੀਆਂ,
ਫਸਲਾਂ ਲੈਣ ਹੁਲਾਰੇ
ਭੰਗੜਾ ਪਾ ਮੁੰਡਿਆ
ਤੈਨੂੰ ਕਣਕ ਸੈਨਤਾਂ ਮਾਰੇ।

ਪੰਜਾਬੀ ਮੁਟਿਆਰ ਵੀ ਆਪਣੇ ਕਿਰਸਾਨ ਪਤੀ ਦੇ ਨਾਲ-ਨਾਲ ਹੈ-ਹੱਥ ਵਟਾਉਂਦੀ ਹੈ।
ਵਾਢੀ ਕਰੂੰਗੀ ਬਰੋਬਰ ਤੇਰੇ,
ਦਾਤੀ ਨੂੰ ਲਵਾ ਦੇ ਘੁੰਗਰੂ

ਕਣਕ ਉੱਤੇ ਪੰਜਾਬੀ ਕਿਰਸਾਨ ਦੀਆਂ ਬਹੁਤੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ।
ਤੇਰੇ ਕੰਨਾਂ ਨੂੰ ਕਰਾਦੂੰ ਵਾਲੇ,
ਕੱਢ ਲਵਾਂ ਕਣਕ ਨਵੀਂ।

ਜਵਾਨੀ ਚੜ੍ਹਦੀਆਂ ਫਸਲਾਂ ਨੂੰ ਵਕਤ ਸਿਰ ਬਾਰਸ਼ ਮਿਲ ਜਾਵੇ-ਕਿਸਾਨ ਵਾਸਤੇ ਉਹ ਮੀਂਹ ਵਾਲਾ ਦਿਨ ਖਾਸ ਤਿਉਹਾਰ ਵਾਲਾ ਦਿਨ ਹੁੰਦਾ ਹੈ:
ਸਾਵਣ ਮਹੀਨਾ ਵਰਖਾ ਲੱਗੇ,
ਕਮਾਦ ਉੱਚਾ ਹੋ-ਹੋ ਫੱਬੇ,
ਲੋਕੀਂ ਮੱਕੀ ਬੀਜਣ ਲੱਗੇ।

ਪਰ ਜੇ ਵਰਖਾ ਰੁੱਤ ਬਿਨ ਵਰਸਿਆਂ ਬੀਤਦੀ ਜਾਵੇ ਤਾਂ ਪਾਣੀ ਮੰਗਦੀਆਂ ਫਸਲਾਂ ਵੱਲ ਵੇਖ ਕੇ ਕਿਸਾਨ ਦਾ ਦਿਲ ਬੈਠਣ ਲੱਗ ਪੈਂਦਾ ਹੈ। ਪਾਣੀ ਹੀਣੀਆਂ ਆਪਣੀਆਂ ਬਿਮਾਰ ਫਸਲਾਂ ਨੂੰ ਵੇਖ ਕੇ ਕਿਸਾਨ ਅੰਦਰ ਹੀ ਅੰਦਰ ਤ੍ਰਹਿ ਜਾਂਦਾ ਹੈ:
ਭਾਦੋਂ ਮੀਂਹ ਨਾ ਪਿਆ,
ਤੇਲਾ ਲੱਗ ਕਮਾਦੀ ਗਿਆ।

ਪੰਜਾਬ ਦੀ ਧਰਤੀ ਅੰਨ ਦੀ ਧਰਤੀ ਹੈ। ਪੰਜਾਬੀ ਕਿਸਾਨ ਆਪਣੇ ਜੀਵਨ ਦੀਆਂ ਸਾਰੀਆਂ ਜ਼ਰੂਰਤਾਂ ਖੇਤਾਂ ਵਿੱਚੋਂ ਹੀ ਪੂਰੀਆਂ ਕਰਦਾ ਹੈ।
ਪਰ ਕਈ ਵਾਰ ਜ਼ਮੀਨ ਥੋੜ੍ਹੀ ਹੋਣ ਕਰਕੇ ਅਤੇ ਪਰਿਵਾਰ ਵੱਡਾ ਹੋਣ ਕਰਕੇ ਡੂੰਘਾ ਹਲ ਵਾਹਿਆਂ ਵੀ ਘਰ ਦਾ ਨਿਰਬਾਹ ਨਹੀਂ ਹੁੰਦਾ:
ਜੱਟ ਜੱਟੀ ਨੂੰ ਲੈਣ ਨਾ ਆਵੇ,
ਡਰਦਾ ਕਬੀਲਦਾਰੀਓਂ।

ਜਵਾਨ ਮੁੰਡੇ ਸਖਤ ਕੰਮ ਕਰਦੇ ਹਨ। ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਹਨ। ਪਰ ਫਿਰ ਵੀ ਮਾਮੂਲੀ ਜਿਹੀਆਂ ਲੋੜਾਂ ਕਈ ਵਾਰ ਪੂਰੀਆਂ ਨਹੀਂ ਕਰ ਸਕਦੇ।
ਮੁੰਡੇ ਮਰ ਗਏ ਕਮਾਈਆਂ ਕਰਦੇ,
ਲੱਛੀ ਤੇਰੇ ਬੰਦ ਨਾ ਬਣੇ।
ਪਹਿਲਾਂ ਮਾਮਲੇ ਤੋਂ ਜਾਨ ਛੁਡਾਈਏ,
ਬੰਦ ਤੇਰੇ ਫਿਰ ਬਣ ਜਾਣਗੇ।

ਕਈ ਵਾਰ ਬਾਰਸ਼ ਨਹੀਂ ਹੁੰਦੀ- ਜਾਂ ਵਕਤ ਸਿਰ ਨਹੀਂ ਹੁੰਦੀ ਜਾਂ ਲੋੜ ਤੋਂ ਵੱਧ ਹੋ ਜਾਂਦੀ ਹੈ। ਫਸਲਾਂ ਘੱਟ ਹੁੰਦੀਆਂ ਹਨ ਜਾਂ ਬਿਲਕੁਲ ਹੀ ਮਾਰੀਆਂ ਜਾਂਦੀਆਂ ਹਨ। ਫਿਕਰਾਂ ਮਾਰੀ ਪੰਜਾਬੀ ਮੁਟਿਆਰ ਫਿਰ ਕਿਵੇਂ ਨੱਚੇ ਕਿਵੇਂ ਖੁਸ਼ੀਆਂ ਮਨਾਵੇ:-
ਮੇਰਾ ਨੱਚਣੇ ਨੂੰ ਚਿੱਤ ਨਾ ਕਰਦਾ,
ਖੇਤ ਉਜਾੜ ਪਿਆ।
ਕਮਜ਼ੋਰ ਫਸਲਾਂ, ਛੋਟਾ ਬੋਹਲ, ਕੀ ਪੱਲੇ ਪਵੇ:-
ਛਿੱਲਾਂ ਪੰਦਰਾਂ ਨਾ ਜੱਟ ਨੂੰ ਥਿਆਈਆਂ,
ਬੋਹਲ ਸਾਰਾ ਵੇਚ ਘੱਤਿਆ।

ਗੰਨੇ ਦੀ ਥਾਂ ਤੇ ਗੁੜ ਦੀ ਰੋੜੀ ਦੇਣ ਵਾਲਾ ਕਿਸਾਨ, ਇੱਕ ਸਿੱਟੇ ਦੀ ਥਾਂ ‘ਤੇ ਸਾਰੀ ਭਰੀ ਦੇਣ ਵਾਲਾ ਕਿਸਾਨ, ਕਦੀ ਨਿਗੂਣੇ ਸਾਗ ਦੀ ਰਿਆਇਤ ਵੀ ਨਹੀਂ ਸਹਾਰ ਸਕਦਾ। ਏਨਾ ਖੁੱਲ੍ਹਾ ਕਿਸਾਨ ਕਦੀ ਏਸ ਹੱਦ ਤਕ ਤੰਗਦਿਲੀਆ ਵੀ ਹੋ ਜਾਂਦਾ ਹੈ:
ਮੇਰੀ ਝੋਲੀ ‘ਚੋਂ ਸਾਗ ਸੁਟਾਇਆ,
ਟੁੱਟ ਪੈਣੇ ਰਾਖੇ ਨੇ।

ਦੇਰ ਬਾਅਦ ਆਏ ਆਪਣੇ ਵੀਰ ਦਾ ਸਵਾਗਤ ਭੈਣ ਠੀਕ ਤਰ੍ਹਾਂ ਨਹੀਂ ਕਰ ਸਕਦੀ। ਤੰਗੀਆਂ ਦੀ ਮਾਰੀ ਰੋਂਦੀ ਹੈ:
ਕਿੱਥੇ ਬੰਨ੍ਹਾਂ ਤੇਰਾ ਬੋਤਾ ਵੀਰਨਾ,
ਝੁੱਗੀਆਂ ‘ਚ ਦਿਨ ਕੱਟਦੀ।

ਇਸ ਹਾਲਤ ਵਿੱਚ ਪੰਜਾਬੀ ਲੋਕ ਗੀਤ ਪੰਜਾਬੀ ਜਵਾਨਾਂ ਪਾਸੋਂ ਪੁੱਛਦਾ ਹੈ
ਕੀ ਹੋ ਗਿਆ ਜਵਾਨੀਏ ਤੈਨੂੰ,
ਪੱਖੇ ਵਾਂਗ ਫਿਰੇਂ ਝੂਲਦੀ।

ਇਸ ਦੁਰਦਸ਼ਾ ਦੇ ਭਾਵੇਂ ਕਈ ਕਾਰਨ ਹਨ। ਜਿਵੇਂ ਅਨਪੜ੍ਹਤਾ, ਪਰਿਵਾਰ ਵਿਉਂਤਬੰਦ ਨਾ ਹੋਣਾ, ਮਹਿੰਗਾਈ, ਵਹਿਮਪ੍ਰਸਤੀ, ਵੈਰ ਵਿਰੋਧ, ਸ਼ਰਾਬਨੋਸ਼ੀ, ਮੁਕੱਦਮੇਬਾਜ਼ੀ ਆਦਿ। ਡਾਕਿਆ ਬਾਰੇ ਪੰਜਾਬੀ ਲੋਕ ਗੀਤ ਨੇ ਕਿਹਾ ਹੈ:
ਕੀ ਡਾਕਿਆਂ ਦਾ ਚਾਅ ਵੇ,
ਕੁਆਰੀਆਂ ਧੀਆਂ ਵਾਲਿਆ।
ਕਾਹਨੂੰ ਮਾਰਦਾਂ ਏ ਪਤਲਿਆ ਡਾਕੇ,
ਔਖੀ ਹੋਜੂ ਕੈਦ ਕੱਟਣੀ।
ਛੋਟੇ ਛੋਟੇ ਮੱਤਭੇਦ ਵੱਡੇ ਵੱਡੇ ਬਦਲੇ:
ਭਾਈਆਂ ਨੂੰ ਭਾਈ ਵੱਢਦੇ,
ਕਹੀਆਂ ਬਦਲੇ ਖੋਰੀਆਂ ਰਾਤਾਂ।
ਵੈਲਦਾਰੀਆਂ:
ਨਹੀਂ ਲੰਘਦੇ ਯਾਰਾਂ ਦੇ ਲਾਂਘੇ,
ਛੱਡ ਦੇ ਤੂੰ ਵੈਲਦਾਰੀਆਂ।

ਪਿੰਡਾਂ ਵਿਚ ਜਾਗੀਰਦਾਰ ਐਸ਼ ਕਰਦੇ ਹਨ ਤੇ ਛੋਟੇ ਕਿਸਾਨ, ਮੁਜ਼ਾਹਰੇ ਤੇ ਖੇਤ ਕਿਰਤੀ ਭੁੱਖੇ ਮਰਦੇ ਹਨ:
ਤਕੜੇ ਦੀ ਸਰਦਾਰੀ,
ਮਰਨ ਗਰੀਬਾਂ ਦਾ।

ਹੌਲੀ-ਹੌਲੀ ਜਗੀਰਦਾਰੀ ਪ੍ਰਬੰਧ ਮੱਧਮ ਪੈਂਦਾ ਗਿਆ। ਜ਼ਮੀਨ ਦੀ ਵੰਡ ਫਿਰ ਤੋਂ ਕੀਤੀ ਗਈ। ਬਾਣੀਆਂ ਦਾ ਸੂਦ ਸਿਸਟਮ ਖਤਮ ਕੀਤਾ ਗਿਆ। ਆੜ੍ਹਤੀਏ, ਸੂਦਖੋਰ ਸ਼ਾਹਾਂ ਬਾਰੇ ਲੋਕ ਗੀਤ ਕੁਰਲਾ ਉੱਠਿਆ:
ਸਾਰੇ ਜੱਟ ਕਰਜ਼ਾਈ ਕੀਤੇ,
ਸ਼ਾਹੂਕਾਰ ਨੇ ਅੱਤ ਚੁੱਕ ਲਈ।

ਤੰਗ ਆ ਕੇ ਪਿੰਡਾਂ ਦੇ ਲੋਕ ਸ਼ਹਿਰਾਂ ਵੱਲ ਭੱਜਣ ਲੱਗੇ। ਖੁਦਮੁਖਤਾਰ ਖੇਤੀ ਛੱਡ ਕੇ ਨਖਿੱਧ ਚਾਕਰੀ ਕਰਨ ਲੱਗੇ:
ਸ਼ਹਿਰ ਚੱਲੀਏ ਮਜੂਰੀ ਲੱਭੀਏ,
ਪਿੰਡਾਂ ਵਿਚ ਭੰਗ ਭੁੱਜਦੀ।

ਸਮਾਂ ਅੱਗੇ ਤੁਰਦਾ ਗਿਆ। ਰੁੱਤਾਂ ਬਦਲਦੀਆਂ ਗਈਆਂ ਹਾਲਾਤ ਫਿਰ ਖੁਸ਼ਗਵਾਰ ਹੋਏ। ਜੱਟ ਨੇ ਆਪਣੀ ਬਰਬਾਦੀ ਦੇ ਕਾਰਨ ਘੋਖੇ:-
ਮੱਘਰ ਪੋਹ ਖੇਤ ਪਿਆਜ਼ੀ,
ਦਾਣੇ ਉਧਾਰ ਤੇ ਦਮ ਵਿਆਜੀ,
ਉਸ ਜੱਟ ਦੀ ਹੁੰਦੀ ਬਰਬਾਦੀ।

ਖੇਤ ਮਜ਼ਦੂਰ ਕਾਮਿਆਂ ਨੇ ਵੱਡੇ ਜ਼ਿਮੀਂਦਾਰਾਂ ਨੂੰ ਵੰਗਾਰਿਆ:
ਜੇ ਤੂੰ ਕਿਸੇ ਅਸਲ ਦਾ ਜਾਇਆ,
ਮੈਨੂੰ ਮੰਦਾ ਨਹੀਂ ਕਹਿਣਾ,
ਪਸ਼ੂ ਧੰਨ ਹੁੰਦੇ ਹਨ। ਕਿਸਾਨ ਪਸ਼ੂਆਂ ਬਿਨਾਂ, ਹਥਿਆਰ ਬਿਨਾਂ ਸਿਪਾਹੀ ਵਾਂਗ ਹੈ। ਕਿਸਾਨ ਵਾਸਤੇ ਪਸ਼ੂ ਵੀ ਪਰਿਵਾਰ ਦੇ ਜੀਆਂ ਵਾਂਗ ਹੁੰਦੇ ਹਨ:
ਪੰਜ ਰੁਪਈਏ ਪੰਜ ਵਹਿੜਕੇ,
ਪੰਜ ਨਿਕਲੇ ਹਾਲੀ।
ਲਾਲ ਸਿਹਾਂ,
ਤੇਰੇ ਵਣਜਾਂ ਤੋਂ ਮੈਂ ਵਾਰੀ।
ਬੱਗੇ ਬਲਦਾਂ ਨੇ ਖਰਾਸੇ ਜਾਣਾ,
ਮਾਨ ਕੁਰੇ ਕੱਢ ਘੁੰਗਰੂ।

ਪੰਜਾਬੀ ਕਿਸਾਨ ਦੀਆਂ ਦੋ ਮੁੱਖ ਖੁਸ਼ੀਆਂ ਹਨ। ਦੁੱਧ ਤੇ ਪੁੱਤ। ਪੁੱਤਾਂ ਨਾਲੋਂ ਵੀ ਦੁੱਧ ਨੂੰ ਪਹਿਲ ਪ੍ਰਤੱਖ ਹੈ। ਜਿਸ ਜੱਟ ਦੇ ਲਵੇਰੀ ਮੱਝ ਨਾ ਹੋਵੇ, ਉਹ ਜੱਟ ਬਹੁਤ ਹੀ ਹੀਣਾ ਗਿਣਿਆ ਜਾਂਦਾ ਹੈ। ਨੂੰਹਾਂ-ਧੀਆਂ ਤੇ ਮੱਝਾਂ ਗਾਵਾਂ ਦੀ ਮੰਡੀ ਤਾਂ ਨੀਂ ਜਚਦੀ ਪਰ ਪੰਜਾਬੀ ਲੋਕ ਗੀਤਾਂ ਵਿਚ ਇਹ ਸੰਧੀ ਆਮ ਨਜ਼ਰ ਆਉਂਦੀ ਹੈ। ਮੱਝ ਦੀ ਖਾਸ ਮਹੱਤਤਾ ਹੈ:
ਬੂਰੀ ਮੱਝ ਨੂੰ ਥਾਪੀਆਂ ਮਾਰੇ,
ਪਤਲੋ ਦੇ ਹੱਥ ਗੜਵਾ।
ਬਾਪੂ ਮੱਝੀਆਂ ਦੇ ਸੰਗਲ ਫੜਾਵੇ,
ਵੀਰ ਘਰ ਪੁੱਤ ਜੰਮਿਆਂ।
ਦੁੱਧ ਤੇ ਪੁੱਤ ਦਾ ਖੂਬਸੂਰਤ ਮੇਲ ਵੇਖੋ:
ਪਿੰਡ ਦੇ ਜਵਾਨ ਮੰੁਡੇ ਤਾਂ ਪਿੰਡ ਦਾ ਸ਼ਿੰਗਾਰ ਹੁੰਦੇ ਹਨ।

ਪਿੰਡ ਦੀ ਧੀ ਭੈਣ ਦੀ ਇੱਜ਼ਤ ਸਾਰੇ ਪਿੰਡ ਦੀ ਇੱਜ਼ਤ ਹੁੰਦੀ ਹੈ। ਸਿਆਣੇ ਮੁੰਡੇ ਕੋਈ ਵਧੀਕੀ ਨਹੀਂ ਸਹਿੰਦੇ:
ਸਾਡੇ ਪਿੰਡ ਦੇ ਮੁੰਡੇ ਵੇਖ ਲਉ,
ਜਿਉਂ ਟਾਹਲੀ ਦੇ ਪਾਵੇ,
ਕੰਨੀਦਾਰ ਮੁੰਡੇ ਬੰਨ੍ਹਦੇ ਚਾਦਰੇ,
ਪਿੰਜਣੀ ਨਾਲ ਸੁਹਾਵੇ।

ਭਾਵੇਂ ਹੁਣ ਪਿੰਡ ਦੇ ਮੁੰਡੇ ਕੰਨੀਦਾਰ ਚਾਦਰੇ ਨਹੀਂ ਬੰਨ੍ਹਦੇ ਅਤੇ ਨਾ ਹੀ ਉਹ ਟਾਹਲੀ ਦੇ ਪਾਵਿਆਂ ਵਾਂਗ ਹੁੰਦੇ ਹਨ। ਜਵਾਨ ਹੁੰਦਿਆਂ ਹੀ ਮੁੰਡਿਆਂ ਨੂੰ ਰੁਜ਼ਗਾਰ ਦੀਆਂ ਮਜਬੂਰੀਆਂ ਘੇਰ ਲੈਂਦੀਆਂ ਹਨ। ਪੰਜਾਬ ਦੇ ਪਿੰਡਾਂ ਦੇ ਨੌਜਵਾðਨਾਂ ਵਿਚ ਫੌਜ ਦੀ ਨੌਕਰੀ ਹੀ ਸਭ ਤੋਂ ਪ੍ਰਸਿੱਧ ਰਹੀ ਹੈ। ਪੰਜਾਬ ਦੇ ਕਿਸੇ ਵੀ ਪਿੰਡ ਵਿਚ ਸ਼ਾਇਦ ਕੋਈ ਘਰਾਣਾ ਹੋਵੇ, ਜਿਸ ਵਿਚੋਂ ਕਿਸੇ ਵੇਲੇ ਕੋਈ ਮਰਦ ਫੌਜ ਵਿਚ ਸਰਵਿਸ ਨਾ ਕਰ ਚੁੱਕਾ ਹੋਵੇ। ਜਾਂ ਕਰ ਰਿਹਾ ਹੋਵੇ। ਇਸੇ ਕਰਕੇ ਅਨੇਕਾਂ ਪੰਜਾਬੀ ਲੋਕ ਗੀਤ ਫੌਜ ਨਾਲ ਸਬੰਧਤ ਹਨ:-
ਜਾ ਵੇ ਸਿਪਾਹੀਆ ਜਾ ਵੇ ਸਿਪਾਹੀਆ,
ਬਹੁਤੀ ਦੇਰ ਨਾ ਲਾਈਂ
ਸ਼ੇਰਾਂ ਵਾਂਗ ਪਾਲੀਂ ਅਣਖਾਂ ਨੂੰ,
ਪਿੱਠ ਨਾ ਕਦੇ ਵਿਖਾਵੀਂ,
ਤੇਰੇ ਸਿਰ ‘ਤੇ ਵੇ ਸਿਹਰੇ ਬੰਨੂ ਸਾਈਂ।
ਮਾਹੀ ਮੇਰਾ ਖਰਾ ਸਿਪਾਹੀ,
ਜੰਗ ਵਿਚ ਪਾਈਆਂ ਧਾਕਾਂ।
ਜੰਗ ਜਿੱਤ ਕੇ ਸਿਪਾਹੀ ਆਏ,
ਗਿੱਧਾ ਪਾਓ ਕੁੜੀਓ।

ਜੰਗ ਲਈ ਤੁਰ ਗਏ ਮਾਹੀ ਨੂੰ ਯਾਦ ਕਰਦੀ ਪਿੱਛੇ ਰਹਿ ਗਈ ਇਕੱਲੀ ਮੁਟਿਆਰ ਹਾਵੇ ਭਰਦੀ ਹੈ। ਬਾਬਲ ਦੇ ਸਹੇੜ ਕੇ ਦਿੱਤੇ ਵਰ ਨੂੰ, ਉਹ ਲੱਜਿਆ ਦੀ ਮਾਰੀ, ਨਿੰਦ ਵੀ ਨਹੀਂ ਸਕਦੀ:
ਸਾਥੋਂ ਹਾਏ ਨਿੰਦਿਆ ਨਾ ਜਵੇ,
ਤੇਰਾ ਵੇ ਸਹੇੜ ਬਾਬਲਾ।

ਪੰਜਾਬੀ ਮੁਟਿਆਰ ਵੀਰਾਂ ਲਈ ਉਹ ਵੱਡੀਆਂ ਪਦਵੀਆਂ ਦੀ ਇੱਛਾ ਰੱਖਦੀ ਹੈ। ਉਹ ਮੁਨਸ਼ੀ ਤੇ ਪਟਵਾਰੀ ਨੂੰ ਦੋ ਸਭ ਤੋਂ ਉੱਚੀਆਂ ਪਦਵੀਆਂ ਸਮਝਦੀ ਹੈ:
ਦੋ ਵੀਰ ਦੇਈਂ ਵੇ ਰੱਬਾ,
ਇਕ ਮੁਨਸ਼ੀ ਦੂਜਾ ਪਟਵਾਰੀ

ਸੱਜ ਵਿਆਹੀ ਮੁਟਿਆਰ ਕੁਰਲਾ ਕੇ ਕਹਿੰਦੀ ਹੈ:
ਰੱਬ ਕੰਤ ਜਿਨ੍ਹਾਂ ਦੇ ਨੌਕਰ,
ਕੈਦਾਂ ਉਮਰਾਂ ਦੀਆਂ।

ਪਰ ਸੱਸ ਬੜੀ ਜ਼ਾਲਮ ਹੈ। ‘ਨੂੰਹ ਨੂੰ ਬਹੁਤ ਤੰਗ ਕਰਦੀ ਹੈ। ਤਾਹੀਓਂ ਤਾਂ ਉਹ ਕਹਿੰਦੀ ਹੈ:-
ਸੱਸਾਂ ਕਿਸ ਪਾਪੀ ਬਣਾਈਆਂ,
ਸਾਡੇ ਮਗਰ ਚੁੜੇਲਾਂ ਲਾਈਆਂ।

ਪੰਜਾਬੀ ਲੋਕ ਗੀਤ ਪੰਜਾਬ ਦੇ ਸਾਧਾਰਣ ਕਿਰਤੀ ਕਿਸਾਨਾਂ ਦੀ ਜਿਊਂਦੀ ਜਾਗਦੀ ਤਸਵੀਰ ਦਾ ਹੁੰਗਾਰਾ ਭਰਦੇ ਪ੍ਰਤੀਤ ਹੁੰਦੇ ਹਨ। ਪੇਂਡੂ ਕਿਸਾਨੀ ਘਰ ਦਾ ਅੰਦਰਲਾ ਤੇ ਬਾਹਰਲਾ ਪਾਸਾ ਸਭ ਨਜ਼ਰ ਆ ਜਾਂਦਾ ਹੈ। ਪੰਜਾਬੀ ਲੋਕ ਗੀਤ ਕਿਸਾਨੀ ਤਸਵੀਰਾਂ ਤੇ ਚਿੰਨ੍ਹਾਂ ਵਿਚ ਕਿਸਾਨੀ ਜੀਵਨ ਦੀਆਂ ਖੁਸ਼ੀਆਂ-ਗ਼ਮੀਆਂ ਨੂੰ ਸੁਹਿਰਦਤਾ ਤੇ ਈਮਾਨਦਾਰੀ ਨਾਲ ਪੇਸ਼ ਕਰਦੇ ਹਨ।
ਪੰਜਾਬੀ ਲੋਕ ਗੀਤਾਂ ਦੇ ਨਵੇਂ ਸੋਮੇ ਸੁੱਕਦੇ ਜਾ ਰਹੇ ਹਨ-ਰੁਸਦੇ ਜਾ ਰਹੇ ਹਨ। ਤਾਈਆਂ, ਚਾਚੀਆਂ, ਨਾਨੀਆਂ, ਦਾਦੀਆਂ, ਅੱਡ-ਅੱਡ ਇਕਲਾਪੇ ਦੀ ਸਜ਼ਾ ਭੁਗਤ ਰਹੀਆਂ ਹਨ। ਬੱਚੇ, ਦਾਦੀਆਂ, ਨਾਨੀਆਂ ਦੀਆਂ ਗੋਦੀਆਂ ਵਿਚ ਨਹੀਂ ਬੈਠਦੇ। ਸਮਾਂ ਹੀ ਨਹੀਂ। ਬਾਤਾਂ ਕੌਣ ਪਾਵੇ। ਗੀਤ ਕੌਣ ਗਾਵੇ। ਗੀਤ ਕਿਸ ਲਈ ਗਾਵੇ। ਗੀਤ ਕਿਸ ਸੰਗ ਗਾਵੇ। ਬੱਚੇ ਟਿਊਸ਼ਨ ਦੁਕਾਨਾਂ ਵਿਚ ਹਨ। ਵੱਡੇ ਤੁਰ ਗਏ ਹਨ ਪ੍ਰਦੇਸ ਜਾਂ ਡਿੱਗੇ ਪਏ ਹਨ, ਨਸ਼ਿਆਂ ਸੰਗ ਬੇਹੋਸ਼। ਪਹਿਲਾਂ ਤੀਆਂ ਵੇਲੇ, ਘਰਾਂ ਵਿਚ ਵਿਆਹ-ਸ਼ਾਦੀਆਂ ਸਮੇਂ ਕੁੜੀਆਂ ਇਕੱਠੀਆਂ ਹੁੰਦੀਆਂ ਸਨ-ਨੱਚਦੀਆਂ ਸਨ, ਬੋਲੀਆਂ ਪਾਉਂਦੀਆਂ ਸਨ, ਗਾਉਂਦੀਆਂ ਸਨ।
ਹੁਣ ਜਿੱਥੇ ਭੰਗੜੇ-ਗਿੱਧੇ ਸਿਰਫ ਕਾਲਜ ਦੀ ਸਟੇਜ ਉੱਤੇ ਦਿੱਸਦੇ ਜਾਂ ਟੀ.ਵੀ. ਸਕਰੀਨ ਉੱਤੇ। ਉਧਾਰੇ ਬੋਲ, ਸ਼ਰਾਬੀ ਅਦਾਵਾਂ। ਭੰਡਾਰ ਵਿਚ ਬੈਠੀ ਮੁਟਿਆਰ ਲੰਮੀ ਬਾਂਹ ਕਰਕੇ, ਲੰਮਾ ਸਾਰਾ ਤੰਦ ਕੱਢਦੀ ਸੀ-ਲੰਮੀ ਸਾਰੀ ਹੇਕ ਅਸਮਾਨ ਨੂੰ ਜਾਂਦੀ ਸੀ। ਆਪ ਮੁਹਾਰੇ ਗੀਤ ਫੁੱਟਦਾ ਸੀ। ਹੁਣ ਨਾ ਦਾਦੇ ਪੜਦਾਦੇ ਵਰਗੇ ਘਣੇ ਰੁੱਖ ਰਹੇ ਹਨ। ਨਾ ਰੁੱਖਾਂ ਹੇਠ ਬੈਠੀਆਂ ਸੁੰਨਸਾਨ ਦੁਪਹਿਰਾਂ। ਨਾ ਫੁਲਕਾਰੀਆਂ, ਨਾ ਦਰੀਆਂ, ਨਾ ਸਿਰਹਾਣੇ, ਨਾ ਚਾਦਰਾਂ। ਨਾ ਘੁੱਗੀਆਂ, ਤੋਤਿਆਂ ਦੇ ਕਲੋਲ ਕਰਦੇ ਜੋੜੇ। ਨਾ ਉਹ ਮੁਕਤ ਰਾਤਾਂ, ਨਾ ਉਹ ਕੋਹਾਂ ਲੰਮੀਆਂ ਬਾਤਾਂ, ਨਾ ਉਹ ਰੰਗੀਲੇ ਪੀਹੜੇ। ਹੋ ਗਏ ਗੀਤਾਂ ਦੇ ਭੀੜੇ ਵਿਹੜੇ। ਪ੍ਰੋ. ਪੂਰਨ ਸਿੰਘ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦਾ ਹੈ:-
ਦਿਲ ਸਾਡੇ ਸੱਖਣੇ, ਲਾਟ ਬੁੱਝ ਗਈ,
ਸੋਹਣਿਆਂ ਦੱਸ ਖਾਂ,
ਉਹ ਵੇਲੇ ਕਿਧਰ ਲੰਘ ਗਏ?
 
Top