ਹਰਿਆਣਾ ਵਿੱਚ ਪੰਜਾਬੀ ਭਾਸ਼ਾ ਦਾ ਵਿਕਾਸ

ਭਾਸ਼ਾ ਬਿਨਾਂ ਮਨੁੱਖਤਾ ਅਧੂਰੀ ਹੈ। ਭਾਸ਼ਾ ਜ਼ਿੰਦਗੀ ਨੂੰ ਸਵੱਲੇ ਤੇ ਸੁਚੱਜੇ ਢੰਗ ਨਾਲ ਜਿਉਣ ਦਾ ਤਰੀਕਾ ਹੈ। ਧਰਤੀ ਦੇ ਜੀਵਾਂ ਕੋਲ ਆਪਣੇ ਭਾਵ ਦੂਜਿਆਂ ਤੱਕ ਪਹੁੰਚਾਉਣ ਦਾ ਇਸ ਤੋਂ ਵਧੀਆ ਤਰੀਕਾ ਹੋਰ ਕੋਈ ਨਹੀਂ ਹੈ।
ਪ੍ਰਿਥਵੀ ਦੇ ਹਰ ਪ੍ਰਾਣੀ ਦੀ ਬੋਲੀ ਆਪੋ-ਆਪਣੀ ਹੁੰਦੀ ਹੈ। ਪਸ਼ੂਆਂ, ਪੰਛੀਆਂ, ਮਨੁੱਖਾਂ ਭਾਵ ਹਰ ਕਿਸੇ ਦੀ ਆਪਣੀ ਭਾਸ਼ਾ ਹੁੰਦੀ ਹੈ। ਬੋਲੀ ਦਾ ਨਾਤਾ ਉਸ ਦੇ ਬੋਲਣ ਵਾਲਿਆਂ ਦੀ ਧਰਤੀ, ਪੌਣ-ਪਾਣੀ ਅਤੇ ਜੀਵਨ ਨਾਲ ਹੁੰਦਾ ਹੈ। ਬੋਲੀ ਧਰਤੀ ਦੀ ਮਹਿਕ ਦੇ ਬੁੱਲ੍ਹੇ ਵਾਂਗ ਹੈ। ਮਾਤ-ਭਾਸ਼ਾ ਤੋਂ ਬਿਨਾਂ ਕੋਈ ਵੀ ਵਿਅਕਤੀ ਸੰਤੁਸ਼ਟੀ-ਭਰਿਆ ਜੀਵਨ ਨਹੀਂ ਜੀਅ ਸਕਦਾ। ਆਪਣੀ ਮਾਤ-ਭਾਸ਼ਾ ਵਿੱਚ ਗੱਲ ਕਰਦਿਆਂ ਸਾਨੂੰ ਸੰਤੁਸ਼ਟੀ ਦਾ ਅਹਿਸਾਸ ਹੁੰਦਾ ਹੈ ਅਤੇ ਮੱਲੋਮੱਲੀ ਕਹਿ ਹੋ ਜਾਂਦਾ ਹੈ:
ਤੈਨੂੰ ਚੁੰਮ ਕੇ ਮੱਥੇ ਨਾਲ ਲਾਵਾਂ ਨੀ ਬੋਲੀਏ ਮਾਂ ਜਿਹੀਏ।
ਤੇਰਾ ਜੱਗ ਵਿੱਚ ਮਾਣ ਵਧਾਵਾਂ ਨੀ ਬੋਲੀਏ ਮਾਂ ਜਿਹੀਏ।¨
ਇਸ ਤੋਂ ਇਲਾਵਾ ਦੂਜੀਆਂ ਭਾਸ਼ਾਵਾਂ ਵਿੱਚ ਵਿਚਰਨਾ ਖੂਹ ਦੇ ਪਾਣੀ ਵਿੱਚ ਛਲਾਂਗ ਲਗਾਉਣ ਸਮਾਨ ਹੈ। ਜਿਸ ਵਿੱਚ ਛਲਾਂਗ ਤਾਂ ਮਾਰੀ ਜਾ ਸਕਦੀ ਹੈ ਪਰ ਦਰਿਆ ਦੇ ਵਹਿਣ ਵਾਂਗ ਸੁੱਤੇ-ਸਿੱਧ ਤਾਰੀਆਂ ਨਹੀਂ ਲਾਈਆਂ ਜਾ ਸਕਦੀਆਂ ਅਤੇ ਡੂੰਘੇ ਗਿਆਨ ਦਾ ਪਸਾਰ ਵੀ ਨਹੀਂ ਕੀਤਾ ਜਾ ਸਕਦਾ। ਰੂਹ ਨਾਲ ਗੱਲਾਂ ਤਾਂ ਅਸੀਂ ਸਿਰਫ਼ ਆਪਣੀ ਮਾਤ-ਭਾਸ਼ਾ ਵਿੱਚ ਹੀ ਕਰ ਸਕਦੇ ਹਾਂ। ਦੂਜੀਆਂ ਭਾਸ਼ਾਵਾਂ ਵਿੱਚ ਤਾਂ ਸਿਰਫ਼ ਬੋਲ ਲੈਣਾ ਹੀ ਹੁੰਦਾ ਹੈ। ਗੱਲਾਂ ਸਿਰਫ਼ ਬੋਲ ਹੀ ਨਹੀਂ ਹੁੰਦੇ ਸਗੋਂ ਦਿਲ ਦੀਆਂ ਡੂੰਘੀਆਂ ਤਹਿਆਂ ਦੀ ਗਵਾਹੀ ਭਰਦੀਆਂ ਹਨ। ਜਿਵੇਂ ਵਾਰਿਸ ਦੀ ‘‘ਹੀਰ’’ ਅੰਦਰ ਮਾਂ ਬੋਲੀ ਵਿੱਚ ਲਿਖੀਆਂ ਗੱਲਾਂ ਸਮਝਣ ਲਈ ਸਾਨੂੰ ਕਿਸੇ ਡਿਕਸ਼ਨਰੀ ਦਾ ਸਹਾਰਾ ਨਹੀਂ ਲੈਣਾ ਪੈਂਦਾ। ਤੇ ਇਸੇ ਤਰ੍ਹਾਂ ਬਾਬਾ ਬੁੱਲ੍ਹੇ ਸ਼ਾਹ ਦੀਆਂ ਕਾਫੀਆਂ ਨੂੰ ਸਮਝਣ ਲਈ ਕਿਸੇ ਮਾਹਰ ਕੋਲੋਂ ਨਹੀਂ ਪੁੱਛਣਾ ਪੈਂਦਾ।
ਸੋ ਹਰ ਕੌਮ ਦੀ ਹੋਂਦ ਅਤੇ ਉਸ ਦੇ ਵਿਕਾਸ ਦਾ ਅਧਾਰ ਉਸ ਦੀ ਮਾਤ-ਭਾਸ਼ਾ ’ਤੇ ਨਿਰਭਰ ਕਰਦਾ ਹੈ। ਪੰਜਾਬੀ ਸੱਭਿਆਚਾਰ ਦਾ ਅਧਾਰ ਸਾਡੀ ਮਾਂ-ਬੋਲੀ ਯਾਨਿ ਪੰਜਾਬੀ ਭਾਸ਼ਾ ’ਤੇ ਨਿਰਭਰ ਹੈ। ਇਸ ਲਈ ਪੰਜਾਬੀ ਭਾਸ਼ਾ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਆਪਣੀ ਭਾਸ਼ਾ ਨੂੰ ਵਿਕਾਸ ਦੇ ਰਾਹਾਂ ਉਤੇ ਪਾਉਣਾ ਬੇਹੱਦ ਜ਼ਰੂਰੀ ਹੈ। ਇਸ ਦਾ ਵਿਕਾਸ ਤਾਂ ਹੀ ਸੰਭਵ ਹੈ ਜੇ ਅਸੀਂ ਬੇਗਾਨੀਆਂ ਭਾਸ਼ਾਵਾਂ ਦਾ ਮੋਹ ਛੱਡ ਕੇ ਮਾਂ-ਬੋਲੀ ਦਾ ਸਤਿਕਾਰ ਦੇਈਏ।
ਸੰਸਾਰ ਵਿੱਚ ਪੰਦਰਾਂ ਕਰੋੜ ਤੋਂ ਵੱਧ ਲੋਕ ਪੰਜਾਬੀ ਬੋਲਦੇ ਹਨ। ਵਿਸ਼ਵ ਦੇ ਕੋਨੇ-ਕੋਨੇ ਵਿੱਚ ਪੰਜਾਬੀ ਛਾਏ ਹੋਏ ਹਨ। ਇਹ ਸਾਡੀ ਕੌਮ ਦੀ ਵੱਡੀ ਪ੍ਰਾਪਤੀ ਹੈ। ਇੱਕ ਪੰਜਾਬੀ ਬੰਦਾ ਜਲਦੀ ਹਰਮਨ ਪਿਆਰਾ ਹੋ ਜਾਂਦਾ ਹੈ ਕਿਉਂਕਿ ਉਸ ਦੀ ਬੋਲੀ ਵਿੱਚ ਮਿਠਾਸ ਅਤੇ ਲਹਿਜ਼ੇ ਵਿੱਚ ਸ਼ਾਲੀਨਤਾ ਹੈ। ਫ਼ਿਰ ਅਸੀਂ ਇਸ ਮਿੱਠੀ ਬੋਲੀ ਦਾ ਤ੍ਰਿਸਕਾਰ ਕਿਉਂ ਕਰੀਏ? ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੀ ਮਿਠਾਸ ਮਾਣਨ ਤੋਂ ਵਾਂਝੇ ਕਿਉਂ ਰੱਖੀਏ? ਅੱਜ ਪੂਰੇ ਵਿਸ਼ਵ ਦੇ ਨਾਲ-ਨਾਲ ਹਰਿਆਣੇ ਅੰਦਰ ਇਸ ਦੇ ਸਮੁੱਚੇ ਵਿਕਾਸ ਦੀ ਲੋੜ ਹੈ। ਬਹੁਤ ਕੋਸ਼ਿਸ਼ਾਂ ਮਗਰੋਂ ਪੰਜਾਬੀ ਨੂੰ ਸਰਕਾਰ ਨੇ ਹਰਿਆਣਾ ਅੰਦਰ ਦੂਜੀ ਭਾਸ਼ਾ ਦਾ ਦਰਜਾ ਦਿੱਤਾ। ਕੀ ਸਹੀ ਅਰਥਾਂ ਵਿੱਚ ਇਸ ਨੂੰ ਲਾਗੂ ਕੀਤਾ ਗਿਆ ਹੈ ਜਾਂ ਸਿਰਫ਼ ਕਾਗਜ਼ੀ ਕਾਰਵਾਈਆਂ ਤੱਕ ਹੀ ਸੀਮਿਤ ਹੈ? ਇਸ ਦਾ ਅੰਦਾਜ਼ਾ ਤੁਸੀਂ ਹਾਲਾਤ ਦੇਖ ਕੇ ਖ਼ੁਦ ਹੀ ਲਗਾ ਸਕਦੇ ਹੋ। ਇਸ ਬਾਰੇ ਕੁਝ ਸਵਾਲ ਹਨ ਸਾਨੂੰ ਸੋਚਣ ਲਈ ਮਜਬੂਰ ਕਰਦੇ ਹਨ: ਸਰਕਾਰੀ ਸਕੂਲਾਂ ਵਿੱਚ ਕਿੰਨੇ ਕੁ ਪੰਜਾਬੀ ਅਧਿਆਪਕ ਭਰਤੀ ਕੀਤੇ ਗਏ ਹਨ? ਪੰਜਾਬੀ ਦੀਆਂ ਕਿੰਨੀਆਂ ਅਸਾਮੀਆਂ ਭਰਨ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ? ਕਿੰਨੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਲਾਗੂ ਕੀਤੀ ਗਈ ਹੈ? ਸਰਕਾਰੀ ਸਕੂਲਾਂ ਤੋਂ ਕਿੰਨੇ ਕੁ ਬੱਚੇ ਪੰਜਾਬੀ ਭਾਸ਼ਾ ਪੜ੍ਹ•ਰਹੇ ਹਨ? ਨਿਯੁਕਤ ਕੀਤੇ ਗਏ ਕਿੰਨੇ ਕੁ ਸਰਕਾਰੀ ਅਧਿਆਪਕ ਦਿਲੋਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿਖਾਉਣ ਲਈ ਵਚਨਬੱਧ ਹਨ? ਇਹ ਸਵਾਲ ਚੁਭਵੇਂ ਜ਼ਰੂਰ ਹਨ ਪਰ ਸਾਨੂੰ ਸੋਚਣ ਲਈ ਮਜਬੂਰ ਕਰਦੇ ਹਨ। ਸਾਨੂੰ ਸਾਂਝੇ ਮੰਚ ’ਤੇ ਇਕੱਠੇ ਹੋ ਕੇ ਪੰਜਾਬੀ ਭਾਸ਼ਾ ਦੇ ਸਿਰ ਮੁਕਟ ਸਜਾਉਣ ਦੀ ਲੋੜ ਹੈ। ਭਾਵ ਸਕੂਲਾਂ,ਕਾਲਜਾਂ ਵਿੱਚ ਦੂਜੇ ਵਿਸ਼ੇ ਵਜੋਂ ਪੰਜਾਬੀ ਬਕਾਇਦਾ ਲਾਜ਼ਮੀ ਤੌਰ ’ਤੇ ਲਾਗੂ ਕੀਤੀ ਜਾਵੇ, ਇਸ ਦੇ ਪਾਠਕਾਂ ਦੀ ਸੰਖਿਆ ਵਧਾਈ ਜਾਵੇ ਤੇ ਇਸ ਨੂੰ ਰੁਜ਼ਗਾਰ ਪੱਖੋ ਹਰ ਪੱਧਰ ’ਤੇ ਲਾਗੂ ਕਰਾਉਣ ਲਈ ਸੰਘਰਸ਼ ਕੀਤਾ ਜਾਵੇ। ਮਹਿਜ਼ ਮੰਚਾਂ ’ਤੇ ਕਾਂਗਾ-ਰੌਲੀ ਪਾਉਣ ਤੇ ਦੋ ਸ਼ਬਦ ਕਹਿ ਕੇ ਆਪੋ-ਆਪਣੇ ਘਰੀਂ ਚਲੇ ਜਾਣ ਨਾਲ ਹੀ ਪੰਜਾਬੀ ਦਾ ਵਿਕਾਸ ਨਹੀਂ ਹੋ ਜਾਣਾ ਸਗੋਂ ਇਸ ਲਈ ਉਚੇਚੇ ਪੱਧਰ ’ਤੇ ਕੋਸ਼ਿਸ਼ਾਂ ਆਰੰਭੀਆਂ ਜਾਣ। ਹੁਣ ਹਰਿਆਣੇ ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਮਿਲਣ ਨਾਲ ਹੀ ਖ਼ੁਸ਼ ਨਹੀਂ ਹੋਣਾ ਚਾਹੀਦਾ ਸਗੋਂ ਸਹੀ ਅਰਥਾਂ ਵਿੱਚ ਪੰਜਾਬੀ ਲਾਗੂ ਕਰਵਾਉਣ ਲਈ ਹੰਭਲੇ ਮਾਰਨੇ ਚਾਹੀਦੇ ਹਨ। ਹਰਿਆਣੇ ਦੇ ਸਕੂਲਾਂ-ਕਾਲਜਾਂ ਅੰਦਰ ਵਿਸ਼ਿਆਂ ਨੂੰ ਲੈ ਕੇ ਹੁੰਦੀ ਰਾਜਨੀਤੀ (ਭਾਵ ਦੂਜੇ ਵਿਸ਼ਿਆਂ ਦੇ ਅਧਿਆਪਕਾਂ ਵੱਲੋਂ ਪੰਜਾਬੀ ਵਿਸ਼ੇ ਨੂੰ ਤ੍ਰਿਸਕਾਰ-ਭਰੀ ਨਜ਼ਰ ਨਾਲ ਵੇਖਣ ਦੀ ਪ੍ਰਵਿਰਤੀ) ਨੂੰ ਠੱਲ੍ਹ•ਪਾਈ ਜਾਵੇ। ਇਸ ਤਰ੍ਹਾਂ ਦੀ ਰਾਜਨੀਤੀ ਬੰਦ ਕਰਾਉਣ ਲਈ ਸਕੂਲਾਂ, ਕਾਲਜਾਂ ਦੇ ਮੁਖੀਆਂ ਦਾ ਧਿਆਨ ਦਿਵਾਉਣਾ ਵੀ ਪੰਜਾਬੀ ਦੇ ਵਿਕਾਸ ਵਿੱਚ ਸਹਾਈ ਹੋਵੇਗਾ। ਲੋਕਾਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਤੇ ਸਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਛੋਟੇ ਸਤਰ ਤੋਂ ਸਿਖਾਉਣ ਦਾ ਹੈ। ਇਸ ਲਈ ਕਿਸੇ ਵੀ ਸੰਸਥਾ ਵਿੱਚ ਮੁਫ਼ਤ ਕਲਾਸਾਂ ਲਗਾਈਆਂ ਜਾ ਸਕਦੀਆਂ ਹਨ। ਸਕੂਲਾਂ, ਕਾਲਜਾਂ ਦੇ ਮੁਖੀਆਂ ਨਾਲ ਗੱਲਬਾਤ ਕਰ ਕੇ ਹਫਤਾਵਾਰੀ ਪੀਰੀਅਡ ਲਗਵਾਏ ਜਾ ਸਕਦੇ ਹਨ। ਹੋਰ ਵੀ ਬਹੁਤ ਗੱਲਾਂ ਪੰਜਾਬੀ ਦੇ ਵਿਕਾਸ ਵਿੱਚ ਸਹਾਈ ਹੋ ਸਕਦੀਆਂ ਹਨ। ਲੋੜ ਸਿਰਫ਼ ਪੰਜਾਬੀ ਪ੍ਰਤੀ ਮੋਹ ਤੇ ਸੱਚੇ ਜਜ਼ਬੇ ਦੀ ਹੈ। ਹਰਿਆਣਾ ਦੇ ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ‘ਹਰਿਆਣਾ ਪੰਜਾਬੀ ਸਾਹਿਤ ਅਕਾਦਮੀ’ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਕਾਫ਼ੀ ਉਤਸ਼ਾਹ-ਜਨਕ ਹਨ। ਇਨਾਮਾਂ-ਸਨਮਾਨਾਂ ਨਾਲ ਪੰਜਾਬੀ ਸਾਹਿਤਕਾਰਾਂ, ਕਵੀਆਂ, ਅਲੋਚਕਾਂ ਆਦਿ ਦਾ ਮਾਣ ਵਧਣ ਕਾਰਨ ਪੰਜਾਬੀ ਸਾਹਿਤ ਹੋਰ ਵਿਕਸਿਤ ਹੋਇਆ ਹੈ। ਇਸ ਨਾਲ ਸਾਹਿਤਕਾਰਾਂ ਦੀ ਪ੍ਰੇਰਣਾ-ਸ਼ਕਤੀ ਵਧਦੀ ਹੈ ਤੇ ਉਹ ਹੋਰ ਚੰਗੇਰਾ ਸਾਹਿਤ ਰਚ ਰਹੇ ਹਨ ਕਿਉਂਕਿ ਜੇ ਹਰਿਆਣਾ ਦੇ ਪੰਜਾਬੀ ਸਾਹਿਤ ਦਾ ਵਿਕਾਸ ਹੋ ਰਿਹਾ ਹੈ ਤਾਂ ਸਮਝੋ ਪੰਜਾਬੀ ਦਾ ਵਿਕਾਸ ਵੀ ਹੋ ਰਿਹਾ ਹੈ। ਪਿਛਲੇ ਛੇ-ਸੱਤ ਸਾਲਾਂ ਦੌਰਾਨ ‘ਹਰਿਆਣਾ ਪੰਜਾਬੀ ਸਾਹਿਤ ਅਕਾਦਮੀ’ ਦਾ ਸਾਲਾਨਾ ਬਜਟ ਵੀਹ-ਤੀਹ ਲੱਖ ਤੋਂ ਵਧਾ ਕੇ ਇੱਕ ਕਰੋੜ ਹੋਣਾ ਵੱਡੀ ਪ੍ਰਾਪਤੀ ਕਿਹਾ ਜਾ ਸਕਦਾ ਹੈ। ਇਸ ਦਾ ਸਿਹਰਾ ਇਸ ਦੇ ਮੁਖੀਆਂ ਸਿਰ ਬੱਝਦਾ ਹੈ। ਪੰਜਾਬੀ ਦਾ ਸ਼ਬਦ-ਭੰਡਾਰ ਬਹੁਤ ਨਿੱਗਰ ਹੈ। ਇਸ ਦੀ ਲਿੱਪੀ ਗੁਰਮੁਖੀ ਸਿੱਖਣੀ ਬਹੁਤ ਆਸਾਨ ਹੈ। ਇਸ ਲਈ ਅਸੀਂ ਆਪਣੇ ਬੱਚਿਆਂ ਨੂੰ ਸਿਖਾ ਕੇ ਘਰ ਤੋਂ ਹੀ ਸ਼ੁਰੂਆਤ ਕਰ ਸਕਦੇ ਹਾਂ।
 
Top