ਪਟਿਆਲਾ ਸ਼ਹਿਰ ਦਾ ਇਤਿਹਾਸ

ਸ਼ਾਹੀ ਸ਼ਹਿਰ ਪਟਿਆਲਾ ਦੇ ਸ਼ੁਰੂਆਤੀ ਇਤਿਹਾਸ ਦਾ ਸਬੰਧ ਫੁਲਕੀਆ ਮਿਸਲ ਦੇ ਚੌਧਰੀ ਫੂਲ ਸਿੰਘ ਨਾਲ ਵੀ ਜੋੜਿਆ ਜਾਂਦਾ ਹੈ, ਪ੍ਰੰਤੂ ਦੁਨੀਆਂ ਦੇ ਨਕਸ਼ੇ ‘ਤੇ ਪੈੱਗ, ਪਰਾਂਦਾ, ਪਗੜੀ, ਜੁੱਤੀ, ਬਾਗਾਂ ਅਤੇ ਦਰਵਾਜ਼ਿਆਂ ਦੇ ਸ਼ਹਿਰ ਨਾਲ ਇੱਕ ਅਹਿਮ ਸਥਾਨ ਬਣਾਉਣ ਵਾਲੇ ਬਾਬਾ ਆਲਾ ਸਿੰਘ ਨੂੰ ਪਟਿਆਲਾ ਦਾ ਸੰਸਥਾਪਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ 1763 ਈ. ਵਿਚ ਕਿਲ੍ਹਾ ਮੁਬਾਰਕ ਦੀ ਨੀਂਹ ਰੱਖੀ ਅਤੇ ਬਾਅਦ ਵਿਚ ਸਾਰਾ ਸ਼ਹਿਰ ਇਸ ਕਿਲ੍ਹੇ ਦੇ ਆਲੇ ਦੁਆਲੇ ਹੀ ਵਸਿਆ। ਬਾਬਾ ਆਲਾ ਸਿੰਘ ਆਪਣੇ ਸਮਕਾਲੀਆਂ ਵਿਚੋਂ ਨਾ ਕੇਵਲ ਬਹਾਦਰ, ਸਗੋਂ ਵਧੀਆ ਕੂਟਨੀਤਕ ਦੇ ਤੌਰ ‘ਤੇ ਵੀ ਜਾਣੇ ਜਾਂਦੇ ਹਨ। ਦੇਖਦੇ ਹੀ ਦੇਖਦੇ ਪਟਿਆਲਾ ਰਿਆਸਤ ਦੀਆਂ ਹੱਦਾਂ ਕਾਫੀ ਦੂਰ ਤੱਕ ਫੈਲ ਗਈਆਂ। ਇੱਕ ਪਾਸੇ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਲੈ ਕੇ ਰਾਜਸਥਾਨ ਤੱਕ, ਇਧਰ ਯਮੁਨਾ ਨਦੀ ਤੋਂ ਲੈ ਕੇ ਸਤਲੁਜ ਤੱਕ ਰਿਆਸਤ ਦਾ ਝੰਡਾ ਬੁਲੰਦ ਹੋਣ ਲੱਗਾ। ਇਸ ਦੌਰਾਨ ਰਿਆਸਤ ਨੂੰ ਅਫਗਾਨਾ, ਮੁਗਲਾਂ ਅਤੇ ਮਰਾਠਿਆਂ ਨਾਲ ਲੜਾਈਆਂ ਲੜਨੀਆਂ ਪਈਆਂ, ਪ੍ਰੰਤੂ ਰਿਆਸਤ ਹਰ ਵਾਰ ਉਭਰ ਕੇ ਹੀ ਸਾਹਮਣੇ ਆਈ। ਰਾਜਾ ਅਮਰ ਸਿੰਘ ਨੂੰ ਆਪਣੀ ਬਹਾਦੁਰੀ ਦੇ ਕਾਰਨ ‘ਰਾਜ ਏ ਰਾਜਾਨ’ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ ਸੀ। 1808 ਈ. ਵਿਚ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਪਟਿਆਲਾ ਰਿਆਸਤ ਦੇ ਰਾਜਿਆਂ ਨੇ ਬਿਟ੍ਰਿਸ਼ ਹਕੂਮਤ ਨਾਲ ਹੱਥ ਮਿਲਾ ਲਿਆ ਸੀ। ਪਟਿਆਲਾ ਰਿਆਸਤ ਦੇ ਪ੍ਰਸਿੱਧ ਰਾਜਿਆਂ ਵਿਚੋਂ ਮਹਾਰਾਜਾ ਕਰਮ ਸਿੰਘ, ਮਹਾਰਾਜਾ ਨਰਿੰਦਰ ਸਿੰਘ, ਮਹਾਰਾਜਾ ਮਹਿੰਦਰ ਸਿੰਘ, ਮਹਾਰਾਜਾ ਰਾਜਿੰਦਰ ਸਿੰਘ, ਮਹਾਰਾਜਾ ਭੁਪਿੰਦਰ ਸਿੰਘ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਦਾ ਨਾਮ ਵਿਸ਼ੇਸ਼ ਤੌਰ ‘ਤੇ ਲਿਆ ਜਾ ਸਕਦਾ ਹੈ।
ਮਹਾਰਾਜਾ ਭੁਪਿੰਦਰ ਸਿੰਘ ਦੇ ਕਾਰਜਕਾਲ ਦੇ ਦੌਰਾਨ ਪਟਿਆਲਾ ਰਿਆਸਤ ਲਈ ਕਾਫੀ ਜ਼ਿਆਦਾ ਚਮਕਣ ਦਾ ਮੌਕਾ ਮਿਲਿਆ। ਪਟਿਆਲਾ ਦੇਸ਼ ਦੇ ਨਾਲ ਨਾਲ ਦੁਨੀਆਂ ਦੇ ਨਕਸ਼ੇ ‘ਤੇ ਵੀ ਆ ਗਿਆ। ਭਾਵੇਂ ਖੇਡਾਂ ਦਾ ਖੇਤਰ ਹੋਵੇ ਜਾਂ ਫੇਰ ਵਿਸ਼ਵ ਪੱਧਰੀ ਇਮਾਰਤਾਂ ਦੀ ਗੱਲ, ਉਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਹੀ ਇੰਗਲੈਂਡ ਦੇ ਇਤਿਹਾਸਕ ਲਾਰਡਜ਼ ਮੈਦਾਨ ਦੀ ਨਕਲ ‘ਤੇ ਸਟੇਡੀਅਮ ਬਣਾਇਆ ਗਿਆ, ਜਿਹੜਾ ਕਿ ਇਸ ਸਮੇਂ ਧਰੁਵ ਪਾਂਡਵ ਕ੍ਰਿਕਟ ਸਟੇਡੀਅਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ। 1875 ਈ. ਵਿਚ ਬਣਿਆ ਸਰਕਾਰੀ ਮਹਿੰਦਰਾ ਕਾਲਜ ਰਿਆਸਤ ਲਈ ਸਿੱਖਿਆ ਦਾ ਇੱਕ ਵੱਡਾ ਕੇਂਦਰ ਬਣ ਕੇ ਉਭਰਿਆ। ਮੋਤੀ ਬਾਗ ਪੈਲੇਸ ਅਤੇ ਸ਼ੀਸ਼ ਮਹਿਲ ਮਹਾਰਾਜਾ ਨਰਿੰਦਰ ਸਿੰਘ ਅਤੇ ਬਾਰਾਂਦਰੀ ਵਰਗੀ ਖੂਬਸੂਰਤ ਜਗ੍ਹਾ ਦਾ ਨਿਰਮਾਣਾ ਮਹਾਰਾਜਾ ਰਾਜਿੰਦਰ ਸਿੰਘ ਦੇ ਕਾਰਜਕਾਲ ਵਿਚ ਹੋਇਆ।
ਅਜ਼ਾਦੀ ਤੋਂ ਬਾਅਦ ਬਣੇ ਪੈਪਸੂ ਰਾਜ ਦੌਰਾਨ ਪਟਿਆਲਾ ਇਸ ਦੀ ਰਾਜਧਾਨੀ ਰਿਹਾ ਹੈ। ਇਸੇ ਦੌਰਾਨ ਪਟਿਆਲਾ ਸਿੱਖਿਆ ਅਤੇ ਸਿਹਤ ਦੇ ਕੇਂਦਰ ਦੇ ਰੂਪ ਵਿਚ ਵੀ ਉਭਰਿਆ। ਇਸ ਤੋਂ ਬਾਅਦ ਜਦੋਂ 1966 ਵਿਚ ਆਧੁਨਿਕ ਪੰਜਾਬ ਹੋਂਦ ਵਿਚ ਆਇਆ ਤਾਂ ਪੰਜਾਬ ਦੇ ਜ਼ਿਆਦਾ ਮੁੱਖ ਦਫਤਰ ਪਟਿਆਲਾ ਵਿਖੇ ਹੀ ਰਹਿ ਗਏ। ਅੱਜ ਵੀ ਪਟਿਆਲਾ ਪੰਜਾਬ ਵਿਚ ਹੀ ਨਹੀਂ ਸਗੋਂ ਦੇਸ਼-ਵਿਦੇਸ਼ ਵਿਚ ਆਪਣੀ ਅਹਿਮ ਥਾਂ ਰੱਖਦਾ ਹੈ।
 
Top