ਰੋਜ਼ਾਨਾ ਡਾਇਰੀ ਲਿਖਣਾ

ਰੋਜ਼ਾਨਾ ਆਪਣੀ ਜ਼ਿੰਦਗੀ ਬਾਰੇ ਛੋਟੀਆਂ-ਛੋਟੀਆਂ ਗੱਲਾਂ ਦਾ ਲਿਖਣਾ ਜਾਂ ਫਿਰ ਕੁਝ ਹੋਰ ਜਿਵੇਂ ਕੋਈ ਕਵਿਤਾ ਜਾਂ ਕੋਈ ਮਨ ਦੇ ਵਲਵਲਿਆਂ ਦਾ ਪ੍ਰਗਟਾਵਾ ਲਿਖਣਾ ਇੱਕ ਅਜੀਬ ਆਨੰਦ ਬਖਸ਼ਦਾ ਹੈ ਨਵੀਆਂ ਖੋਜਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਰੋਜ਼ਾਨਾ ਡਾਇਰੀ ਲਿਖਣਾ ਸਿਹਤ ਲਈ ਬਹੁਤ ਫਾਇਦੇਮੰਦ ਹੈ। ਜੋ ਲੋਕ ਆਪਣੇ ਨਿੱਜੀ ਵਿਚਾਰਾਂ ਨੂੰ ਰੋਜ਼ਾਨਾ ਕਲਮਬੱਧ ਕਰਦੇ ਹਨ, ਉਨ੍ਹਾਂ ਨੂੰ ਮਾਨਸਿਕ ਤਣਾਅ ’ਤੇ ਹੋਰ ਬਿਮਾਰੀਆਂ ਨਾਲ ਘੱਟ ਜੂਝਣਾ ਪੈਂਦਾ ਹੈ। ਇਕ ਅਧਿਆਪਕਾ ਨੇ ਰੋਜ਼ਾਨਾ ਡਾਇਰੀ ਲਿਖਣ ਸਬੰਧੀ ਆਪਣੇ ਵਿਚਾਰ ਦੱਸਦਿਆਂ ਕਿਹਾ ਕਿ ਮੇਰੀ ਡਾਇਰੀ ਜਿਸ ਵਿੱਚ ਮੈਂ ਰੋਜ਼ਾਨਾ ਕੁਝ ਨਾ ਕੁਝ ਲਿਖਦੀ ਰਹਿੰਦੀ ਹਾਂ, ਮੇਰੇ ਲਈ ਇਕ ਆਨੰਦ ਦਾ ਖਜ਼ਾਨਾ ਹੈ। ਬਚਪਨ ਵਿੱਚ ਹੀ ਮੈਂ ਇਹ ਸੱਚ ਆਪਣੇ ਮਨ ਵਿੱਚ ਬਿਠਾ ਲਿਆ ਸੀ ਕਿ ਜੀਵਨ ਦਾ ਕੋਈ ਵੀ ਦਿਨ ਇੰਨਾ ਹਨੇਰਾ ਨਹੀਂ ਹੁੰਦਾ ਕਿ ਉਸ ਵਿੱਚ ਚਾਨਣ ਦੀਆਂ ਰਿਸ਼ਮਾਂ ਜਮ੍ਹਾਂ ਹੀ ਨਾ ਹੋਣ। ਮੈਂ ਉਦੋਂ ਤੋਂ ਹੀ ਆਪਣਾ ਇਕ ਨਿਯਮ ਬਣਾਇਆ ਹੋਇਆ ਹੈ ਅਤੇ ਉਸ ਹੈ ਆਪਣੀ ਡਾਇਰੀ ਵਿੱਚ ਜੀਵਨ ਦੇ ਹਰੇਕ ਦਿਨ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ ਅਤੇ ਪ੍ਰਸੰਗ ਬਕਾਇਦਾ ਤੌਰ ’ਤੇ ਲਿਖਣਾ। ਜਿਵੇਂ ਮੈਂ ਕਿਸੇ ਸਹੇਲੀ ਨਾਲ ਕੋਈ ਮਨੋਰੰਜਕ ਗੱਲ ਕੀਤੀ ਹੋਵੇ, ਕੋਈ ਫੁੱਲ ਵੇਖ ਕੇ, ਕਿਸੇ ਕਿਤਾਬ ਨੂੰ ਪੜ੍ਹ ਕੇ, ਕਿਸੇ ਗਾਰਡਨ ਵਿੱਚ ਸੈਰ ਕਰਕੇ, ਕਿਸੇ ਨਜ਼ਦੀਕੀ ਦੀ ਚਿੱਠੀ ਪ੍ਰਾਪਤ ਕਰਕੇ ਮਤਲਬ ਕਿ ਰੋਜ਼ਾਨਾ ਕੋਈ ਘਟਨਾ ਹੋਵੇ ‘ਮੇਰੇ ਇਸ ਆਨੰਦ ਦੇ ਖਜ਼ਾਨੇ’ ਵਿੱਚ ਦਾਖਲ ਹੋ ਜਾਂਦੀ ਹੈ। ਜਦੋਂ ਕਾਫੀ ਸਮੇਂ ਬਾਅਦ ਮੈਂ ਇਨ੍ਹਾਂ ਨੂੰ ਪੜ੍ਹਦੀ ਹਾਂ ਤਾਂ ਇਕ ਅਜੀਬ ਖੁਸ਼ੀ ਮਿਲਦੀ ਹੈ। ਇਹ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਸਿਰਫ ਆਪਣੇ ਜੀਵਨ ਦੀਆਂ ਘਟਨਾਵਾਂ ਨੂੰ ਹੀ ਲਿਖੋ। ਆਪਣੀਆਂ ਪੜ੍ਹੀਆਂ ਪ੍ਰੇਰਣਾਦਾਇਕ ਅਤੇ ਆਨੰਦਦਾਇਕ ਕਾਵਿ-ਸਤਰਾਂ ਜਾਂ ਵਾਰਤਕ ਦੇ ਟੋਟਿਆਂ ਨੂੰ ਵੀ ਲਿਖਿਆ ਜਾ ਸਕਦਾ ਹੈ। ਇੱਕ ਲੇਖਕ ਜੋ ਕਿ ਰੋਜ਼ਾਨਾ ਡਾਇਰੀ ਲਿਖਦਾ ਹੈ, ਦਾ ਵਿਚਾਰ ਹੈ ਕਿ ਜੇਕਰ ਆਪਣੀ ਡਾਇਰੀ ਵਿੱਚ ਰੋਜ਼ਾਨਾ ਸਿਰਫ਼ ਇੰਨਾ ਹੀ ਲਿਖ ਲਿਆ ਜਾਵੇ ਕਿ ‘ਮੈਂ ਪਤਲਾ ਹਾਂ’ (ਭਾਵੇਂ ਤੁਸੀਂ ਮੋਟੇ ਹੋ ਤੇ ਪਤਲਾ ਹੋਣਾ ਚਾਹੁੰਦੇ ਹੋ), ਤਾਂ ਤੁਸੀਂ ਸੱਚ-ਮੁੱਚ ਅਜਿਹੇ ਹੋ ਸਕਦੇ ਹੋ ਕਿਉਂਕਿ ਵਿਗਿਆਨ ਦਿਮਾਗ ਦੀ ਸ਼ਕਤੀ ਨਾਲ ਇਸ ਦੇ ਅਤੇ ਸਿਹਤ ਵਿੱਚ ਸਬੰਧ ਨੂੰ ਸਿੱਧ ਕਰ ਚੁੱਕਿਆ ਹੈ। ਆਪਣੀਆਂ ਭਾਵਨਾਵਾਂ ਅਤੇ ਤੱਤਾਂ ਦਾ ਵੇਰਵਾ ਦੇਣ ਲਈ ਲਿਖਣਾ ਜ਼ਰੂਰੀ ਹੈ। ਜੇਕਰ ਤੁਸੀਂ ਆਸਾਨ ਤਰੀਕੇ ਨਾਲ ਸ਼ਿਕਾਇਤ ਦੇ ਲਹਿਜੇ ਵਿੱਚ ਵੀ ਲਿਖਦੇ ਚਲੋ ਤਾਂ ਜਿਵੇਂ ਤੁਸੀਂ ਆਪਣੇ ਆਪ ਨੂੰ ਜਿੱਤ ਲਿਆ। ਆਪਣੀਆਂ ਸਮੱਸਿਆਵਾਂ, ਪ੍ਰੇਸ਼ਾਨੀਆਂ ਜਾਂ ਫਿਰ ਕਿਸੇ ਵੀ ਵਿਸ਼ੇ ’ਤੇ ਲਿਖਣਾ ਇੱਕ ਮਹੱਤਵਪੂਰਨ ਕਾਰਜ ਹੈ, ਆਪਣੀਆਂ ਅੰਦਰੂਨੀ ਭਾਵਨਾਵਾਂ ਨੂੰ ਜਾਨਣ, ਸਮਝਣ ਅਤੇ ਅਨੁਭਵ ਪ੍ਰਾਪਤ ਕਰਨ ਲਈ।
 
Top