ਸੱਸੀ-ਪੁੰਨੂੰ

ਲੋਕ ਗਾਥਾ




”ਸੱਸੀ ਪੁੰਨੂੰ” ਦੀ ਲੋਕ ਗਾਥਾ ਇਕ ਅਜਿਹੀ ਗਾਥਾ ਹੈ ਜਿਸ ਨੇ ਪੰਜਾਬੀਆਂ ਦੀ ਮਾਨਸਿਕਤਾ ‘ਤੇ ਸਦੀਵੀ ਪ੍ਰਭਾਵ ਪਾਇਆ ਹੋਇਆ ਹੈ। ਸਦੀਆਂ ਬੀਤਣ ਬਾਅਦ ਵੀ ਪੰਜਾਬ ਦੀ ਮੁਟਿਆਰ ਇਸ ਕਹਾਣੀ ਵਿਚਲੇ ਦਰਦ ਨੂੰ ਸਹਿਜਾਅ ਨਹੀਂ ਸਕੀ। ਉਸ ਨੇ ਸੈਆਂ ਲੋਕਗੀਤਾਂ ਰਾਹੀਂ ਆਪਣੀ ਵੇਦਨਾ ਦਾ ਇਜ਼ਹਾਰ ਬੜੇ ਦਰਦੀਲੇ ਬੋਲਾਂ ਵਿੱਚ ਕੀਤਾ ਹੈ:
ਆਪਣੇ ਕੋਠੇ ਮੈਂ ਖੜ੍ਹੀ
ਪੁੰਨੂੰ ਖੜ੍ਹਾ ਮਸੀਤ ਵੇ
ਭਰ ਭਰ ਅੱਖੀਆਂ ਡੋਲ੍ਹਦੀ
ਨੈਣੀਂ ਲੱਗੀ ਪ੍ਰੀਤ ਵੇ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੱਡ ਕੇ ਨਾ ਜਾਈਂ ਵੇ।
ਉਠ ਨੀ ਮਾਏਂ ਸੁੱਤੀਏ
ਚੁੱਲ੍ਹੇ ਅੱਗ ਨੀ ਪਾ
ਜਾਂਦੇ ਪੁੰਨੂੰ ਨੂੰ ਘੇਰ ਕੇ
ਕੋਈ ਭੋਜਨ ਦਈਂ ਛਕਾ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੱਡ ਕੇ ਨਾ ਜਾਈਂ ਵੇ।
ਉਠ ਨੀ ਭਾਬੋ ਸੁੱਤੀਏ
ਦੁੱਧ ਮਧਾਣੀ ਪਾ
ਜਾਂਦੇ ਪੁੰਨੂੰ ਨੂੰ ਘੇਰ ਕੇ
ਮੱਖਣ ਦਈਂ ਛਕਾ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੱਡ ਕੇ ਨਾ ਜਾਈਂ ਵੇ।
ਉਠ ਵੇ ਵੀਰਾ ਸੁੱਤਿਆ
ਕੋਈ ਪੱਕਾ ਮਹਿਲ ਚੁਣਾ
ਵਿੱਚ ਵਿੱਚ ਰੱਖ ਕੇ ਮੋਰੀਆਂ
ਦੇਖਾਂ ਪੁੰਨੰ ਦਾ ਰਾਹ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੱਡ ਕੇ ਨਾ ਜਾਈਂ ਵੇ।
ਬਾਰਾਂ ਪਿੰਡਾਂ ਦੇ ਚੌਧਰੀ
ਕੋਠੇ ਲਵਾਂ ਚੜ੍ਹਾ
ਚੰਗੇ ਜਿਹੇ ਨੂੰ ਦੇਖ ਕੇ
ਤੈਨੂੰ ਦੇਵਾਂ ਵਿਆਹ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੱਡ ਕੇ ਨਾ ਜਾਈਂ ਵੇ।
ਬਾਰਾਂ ਪਿੰਡਾਂ ਦੇ ਚੌਧਰੀ
ਕੋਠੇ ਲਈਂ ਚੜ੍ਹਾ
ਚੰਗੇ ਜਿਹੇ ਨੂੰ ਦੇਖ ਕੇ
ਮੈਥੋਂ ਛੋਟੀ ਨੂੰ ਲਈਂ ਵਿਆਹ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾਂ
ਸੁੱਤੀ ਨੂੰ ਛੱਡ ਕੇ ਨਾ ਜਾਈਂ ਵੇ।

ਕੋਈ ਸੱਤ ਕੁ ਸਦੀਆਂ ਪਹਿਲਾਂ ਦੀ ਗੱਲ ਏ ਅਜੋਕੇ ਪਾਕਿਸਤਾਨ ਸਥਿਤ ਭੰਬੋਰ ਸ਼ਹਿਰ ਵਿੱਚ ਸਿੰਧ ਦਾ ਆਦਮ ਖਾਨ ਨਾਮੀਂ ਰਾਜਾ ਰਾਜ ਕਰਦਾ ਸੀ। ਰਾਜਾ ਬੜਾ ਦਾਨੀ ਸੀ। ਕਿਸੇ ਗੱਲ ਦੀ ਉਹਦੇ ਘਰ ਤੋਟ ਨਹੀਂ ਸੀ। ਜੇ ਤੋਟ ਸੀ ਤਾਂ ਇਕ ਔਲਾਦ ਦੀ। ਰਾਣੀ ਦੀ ਸੱਖਣੀ ਗੋਦ ਉਹ ਦੀ ਸਾਰੀ ਪਰਜਾ ਲਈ ਉਦਾਸੀ ਦਾ ਕਾਰਨ ਬਣੀ ਹੋਈ ਸੀ। ਰਾਜੇ ਨੇ ਪਰਜਾ ਸਮੇਤ ਸੱਚੇ ਰੱਬ ਅੱਗੇ ਅਰਦਾਸਾਂ ਕੀਤੀਆਂ। ਸੈਆਂ ਮੰਨਤਾਂ ਮੰਨੀਆਂ ਤੇ ਪੁੰਨ ਦਾਨ ਕੀਤੇ। ਰੱਬ ਤਰੁੱਠਿਆ। ਰਾਣੀ ਦੀ ਗੋਦ ਹਰੀ ਹੋ ਗਈ। ਉਹ ਦੇ ਘਰ ਪਿਆਰੀ ਬਾਲੜੀ ਨੇ ਜਨਮ ਲਿਆ। ਸਾਰੀ ਪਰਜਾ ਨੇ ਖੁਸ਼ੀਆਂ ਮਨਾਈਆਂ। ਭੰਬੋਰ ਸ਼ਹਿਰ ਜਗਮਗਾ ਉਠਿਆ। ਸਾਰੇ ਦੇ ਸਾਰੇ ਅਸਮਾਨੀ ਤਾਰੇ ਧਰਤ ‘ਤੇ ਉੱਤਰ ਆਏ।
ਬਾਦਸ਼ਾਹ ਨੇ ਨੰਨ੍ਹੀ ਬਾਲੜੀ ਦੀ ਕਿਸਮਤ ਜਾਨਣ ਲਈ ਨਜੂਮੀ ਸੱਦ ਲਏ। ਉਨ੍ਹਾਂ ਆਪਣੀ ਜੋਤਿਸ਼ ਵਿਦਿਆ ਦੀ ਅੱਖ ਖੋਲ੍ਹੀ…ਤਾਰਿਆਂ ਜੜੀ ਰਾਤ ‘ਤੇ ਕਿਸੇ ਕਾਲਖ ਧੂੜ ਦਿੱਤੀ।
ਨਜੂਮੀਆਂ ਦੱਸਿਆ, ”ਹੇ ਬਾਦਸ਼ਾਹ ਸਲਾਮਤ ਇਹ ਲੜਕੀ ਤੁਹਾਡੇ ਮੱਥੇ ਕਾਲਖ਼ ਦਾ ਟਿੱਕਾ ਲਾਵੇਗੀ। ਜਦੋਂ ਬਾਲੜੀ ਮੁਟਿਆਰ ਹੋ ਜਾਵੇਗੀ ਤਦ ਇਹਦਾ ਪਿਆਰ ਇਕ ਵਿਦੇਸ਼ੀ ਗੱਭਰੂ ਨਾਲ ਪੈ ਜਾਵੇਗਾ ਤੇ ਇਹ ਉਹਦੇ ਪਿੱਛੇ ਥਲਾਂ ਵਿੱਚ ਰੁਲ ਮੋਏਗੀ।”
ਇਹ ਸੁਣ ਰਾਜੇ ਦਾ ਕੇਸੂ ਦੇ ਫੁੱਲ ਵਾਂਗ ਟਹਿਕਦਾ ਮੁਖੜਾ ਕੁਮਲਾ ਗਿਆ।

”ਇਹ ਮੇਰੇ ਮੱਥੇ ਕਾਲਖ਼ ਦਾ ਟਿੱਕਾ ਲਾਵੇਗੀ, ਕਿਉਂ ਨਾ ਇਹਨੂੰ ਹੁਣੇ ਹੀ ਬਿਲੇ ਲਾ ਦਿੱਤਾ ਜਾਵੇ”, ਰਾਜੇ ਸੋਚਿਆ। ਅਮੀਰਾਂ ਵਜ਼ੀਰਾਂ ਹਾਂ ਵਿੱਚ ਹਾਂ ਮਿਲਾ ਦਿੱਤੀ।
ਰਾਜੇ ਨੇ ਬੇਟੀ ਨੂੰ ਮਰਵਾਉਣਾ ਚਾਹਿਆ, ਪ੍ਰੰਤੂ ਉਹ ਦੀ ਮਮਤਾ ਜਾਗ ਪਈ। ਉਹ ਆਪਣੇ ਦਿਲ ਦੇ ਟੁਕੜੇ ਨੂੰ ਕਿਵੇਂ ਮਰਵਾਂਦਾ। ਆਹ! ਉਹਨੇ ਇਕ ਅਤਿ ਸੁੰਦਰ ਸੰਦੂਕ ਬਣਵਾਇਆ ਤੇ ਨਿੱਕੀ ਜਿਹੀ ਜਿੰਦ ਉਸ ਵਿੱਚ ਬੰਦ ਕਰਕੇ ਠਾਠਾਂ ਮਾਰਦੇ ਸਿੰਧ ਦਰਿਆ ਵਿੱਚ ਰੋੜ੍ਹ ਦਿੱਤੀ।
ਮਲੂਕ ਜਿੰਦ ਦੀ ਅਮੜੀ ਤੜਪਦੀ ਰਹੀ, ਬਾਦਸ਼ਾਹ ਹੰਝੂ ਕੇਰਦਾ ਰਿਹਾ। ਸੰਦੂਕ ਬਿਨਾਂ ਚਪੂਓਂ ਤੇ ਮਲਾਹੋਂ ਬੇੜੀ ਵਾਂਗ ਦਰਿਆ ਦੀਆਂ ਖੌਰੂ ਪਾਉਂਦੀਆਂ ਲਹਿਰਾਂ ‘ਤੇ ਤੈਰਦਾ ਰਿਹਾ।
ਸ਼ਹਿਰੋਂ ਬਾਹਰ ਅੱਤਾ ਨਾ ਦਾ ਧੋਬੀ ਆਪਣੀ ਧੋਬਣ ਸਮੇਤ ਇਸੇ ਦਰਿਆ ‘ਤੇ ਕੱਪੜੇ ਧੋ ਰਿਹਾ ਸੀ। ਉਹਦੀ ਨਜ਼ਰ ਸੂਰਜ ਵਿੱਚ ਚਮਕਦੇ ਰੁੜ੍ਹੇ ਆਉਂਦੇ ਸੰਦੂਕ ‘ਤੇ ਜਾ ਪਈ। ਉਹਨੇ ਉਹ ਸੰਦੂਕ ਫੜ ਲਿਆ। ਉਸ ਸੰਦੂਕ ਦਾ ਢੱਕਣ ਚੁੱਕਿਆ। ਇਕ ਪਿਆਰਾ ਬੱਚਾ ਅੰਗੂਠਾ ਚੁੰਘ ਰਿਹਾ ਸੀ। ਹੈਰਾਨੀ ਅਤੇ ਖੁਸ਼ੀ ਦੇ ਰਲੇ-ਮਿਲੇ ਭਾਵਾਂ ਦੇ ਪ੍ਰਭਾਵ ਸਦਕਾ ਅੱਤਾ ਅਹਿਲ ਖੜ੍ਹਾ ਰਿਹਾ। ਇਕ ਪਲ ਮਗਰੋਂ ਬੁੱਢੇ ਧੋਬੀ ਦੇ ਝੁਰੜਾਏ ਬੁੱਲਾਂ ‘ਤੇ ਮੁਸਕਾਨ ਨੱਚੀ ਤੇ ਉਹਨੇ ਆਪਣੀ ਧੋਬਣ ਨੂੰ ਆਵਾਜ਼ ਮਾਰੀ, ”ਨੱਸ ਕੇ ਆਈਂ ਉਰੇ। ਆਹ ਵੇਖ ਰੱਬ ਨੇ ਸਾਡੇ ਲਈ ਕੇਹੀ ਅਮੁੱਲੀ ਦਾਤ ਘੱਲੀ ਏ। ਸਾਡੀਆਂ ਵਰ੍ਹਿਆਂ ਦੀਆਂ ਸੁਖਣਾਂ ਅੱਜ ਪੂਰੀਆਂ ਹੋਈਆਂ ਨੇ।”
ਧੋਬਣ ਨੇ ਬਾਲੜੀ ਨੂੰ ਆਪਣੀ ਗੋਦ ‘ਚ ਲੈ ਲਿਆ। ਖੁਸ਼ੀ ਦੇ ਮਾਰੇ ਉਹਦੀਆਂ ਅੱਖਾਂ ਵਿੱਚੋਂ ਮਮਤਾ ਦੇ ਅੱਥਰੂ ਵਗ ਟੁਰੇ।
ਮਹਿਲਾਂ ਦੀ ਦੌਲਤ ਧੋਬੀਆਂ ਦੇ ਘਰ ਜਵਾਨ ਹੋਣ ਲੱਗੀ। ਉਹਦਾ ਨਾਂ ਉਨ੍ਹਾਂ ਸੱਸੀ ਪਾ ਲਿਆ।
ਸਿੰਧ ਦੇ ਪਾਣੀਆਂ ਨੇ ਮੁਟਿਆਰ ਸੱਸੀ ‘ਤੇ ਲੋਹੜੇ ਦਾ ਰੂਪ ਚਾੜ੍ਹ ਦਿੱਤਾ। ਸੱਸੀ ਦੇ ਰੂਪ ਦੀਆਂ ਧੁੰਮਾਂ ਪੈ ਗਈਆਂ। ਧੋਬੀਆਂ ਦੇ ਘਰ ਐਨਾ ਹੁਸਨ, ਲੋਕੀਂ ਹੈਰਾਨ ਹੁੰਦੇ। ਕਈ ਚੰਗਾ ਖਾਂਦੇ-ਪੀਂਦੇ ਧੋਬੀਆਂ ਨੇ ਸੱਸੀ ਦੇ ਸਾਕ ਦੀ ਖੈਰਾਤ ਮੰਗੀ, ਪ੍ਰੰਤੂ ਅੱਤੇ ਨੇ ਸਾਰੇ ਠੁਕਰਾ ਦਿੱਤੇ। ਉਹ ਸੱਸੀ ਦੀ ਰਜ਼ਾਮੰਦੀ ਲੈਣਾ ਚਾਹੁੰਦਾ ਸੀ। ਸੱਸੀ ਨੂੰ ਅਜੇ ਤੀਕਰ ਕੋਈ ਗੱਭਰੂ ਜਚਿਆ ਨਹੀਂ ਸੀ।
ਭੰਬੋਰ ਸ਼ਹਿਰ ਦੇ ਇਕ ਰਸੀਏ ਸੌਦਾਗਰ ਦੇ ਨਵੇਂ ਬਣੇ ਮਹਿਲ ਦੀ ਬੜੀ ਚਰਚਾ ਸੀ। ਇਸ ਮਹਿਲ ਵਿੱਚ ਸੰਸਾਰ ਭਰ ਦੇ ਸ਼ਹਿਜ਼ਾਦਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਸੱਸੀ ਵੀ ਆਪਣੀਆਂ ਸਹੇਲੀਆਂ ਨਾਲ ਇਹ ਮਹਿਲ ਵੇਖਣ ਗਈ। ਉਹ ਬੜੀ ਰੀਝ ਨਾਲ ਤਸਵੀਰਾਂ/ਚਿੱਤਰ ਵੇਖ ਰਹੀਆਂ ਸਨ, ਪਰ ਇਕ ਤਸਵੀਰ ਨੇ ਤਾਂ ਜਾਣੋਂ ਸੱੱਸੀ ਨੂੰ ਕੀਲ ਹੀ ਦਿੱਤਾ। ਉਹ ਇਸ ਤਸਵੀਰ ਤੋਂ ਆਪਣੀ ਨਿਗਾਹ ਪਰੇ ਨਾ ਹਟਾ ਸਕੀ। ਉਹ ਆਪਣਾ ਹੁਸੀਨ ਦਿਲ ਇਸ ਅਦੁੱਤੀ ਤਸਵੀਰ ਦੇ ਹਵਾਲੇ ਕਰ ਆਈ।
ਕਿਸੇ ਦੱਸਿਆ, ”ਇਹ ਕੀਚਮ ਦੇ ਸ਼ਹਿਜ਼ਾਦੇ ਪੁੰਨੂੰ ਦੀ ਤਸਵੀਰ ਏ।”
ਐਨਾ ਪਿਆਰਾ ਮੁਖੜਾ ਉਸ ਕਦੀ ਤੱਕਿਆ ਨਹੀਂ ਸੀ। ”ਰੱਬ ਕਰੇ, ਪੁੰਨੂੰ ਮੈਨੂੰ ਮਿਲ ਜਾਵੇ।” ਸੱਸੀ ਨੇ ਦਿਲ ਫੜ ਕੇ ਠੰਢਾ ਹਾਉਕਾ ਭਰਿਆ। ਸੱਸੀ ਹੁਣ ਪੁੰਨੂੰ ਦੀ ਹੋ ਚੁੱਕੀ ਸੀ।
ਸੱਸੀ ਦੇ ਸ਼ਹਿਰ ਭੰਬੋਰ ਕੀਚਮ ਦੇ ਸੌਦਾਗਰ ਆਂਦੇ ਜਾਂਦੇ ਰਹਿੰਦੇ ਸਨ। ਉਹ ਸੱਸੀ ਦੇ ਹੁਸਨ ਦੀ ਚਰਚਾ ਆਪਣੇ ਦੇਸ਼ ਜਾ ਕੇ ਕਰਦੇ। ਉਥੋਂ ਦਾ ਸ਼ਹਿਜ਼ਾਦਾ ਪੁੰਨੂੰ ਹੁਸ਼ਨਾਕ ਸੱਸੀ ਨੂੰ ਤੱਕਣ ਲਈ ਬੇਤਾਬ ਹੋ ਗਿਆ। ਉਹਨੇ ਆਪਣੇ ਪਿਤਾ ਅਲੀ ਹੈਤ ਨੂੰ ਕੋਈ ਬਹਾਨਾ ਲਾਇਆ ਤੇ ਇਕ ਕਾਫਲੇ ਨਾਲ ਭੰਬੋਰ ਪੁੱਜ ਗਿਆ।
ਸੱਸੀ ਪੁੰਨੂੰ ਇਕ-ਦੂਜੇ ਨੂੰ ਇਸ ਤਰ੍ਹਾਂ ਮਿਲੇ ਜਿਵੇਂ ਔੜਾਂ ਮਾਰੀ ਧਰਤੀ ਨੂੰ ਬਾਰਸ਼ ਦੀਆਂ ਬੂੰਦਾਂ ਮਿਲਦੀਆਂ ਹਨ।
”ਤੂੰ ਪੁੰਨੂੰ ਏਂ ਸੁਹਣਿਆਂ। ਕੀਚਮ ਦਾ ਸ਼ਹਿਜ਼ਾਦਾ?” ਸੱਸੀ ਦਾ ਚਿਹਰਾ ਮੁਸਕਰਾਇਆ।
”ਹਾਂ ਮਨਮੋਹਣੀਏਂ ਸੱਸੀਏ, ਮੈਂ ਤੇਰੇ ਹੁਸਨ ਨੂੰ ਸਿਜਦਾ ਕਰਨ ਤੇਰੇ ਦੇਸ਼ ਆਇਆਂ।”

ਦੋਵੇਂ ਪਿਆਰੇ ਇਕ ਦੂਜੇ ਵਿੱਚ ਲੀਨ ਹੋ ਗਏ। ਦੁਨੀਆਂ ਭਰ ਦੀਆਂ ਸਾਰੀਆਂ ਨਿਆਮਤਾਂ ਉਨ੍ਹਾਂ ਦੀ ਝੋਲੀ ਆਣ ਪਈਆਂ।
ਪੁੰਨੂੰ ਹੁਣ ਸੱਸੀ ਜੋਗਾ ਹੋ ਚੁੱਕਿਆ ਸੀ।
ਪੁੰਨੂੰ ਦੇ ਨਾਲ ਦੇ ਸੌਦਾਗਰ ਆਪਣੇ ਦੇਸ ਪਰਤ ਗਏ।
ਉਨ੍ਹਾਂ ਪੁੰਨੂੰ ਦੇ ਪਿਤਾ ਅਲੀ ਹੈਤ ਨੂੰ ਪੁੰਨੂੰ ਦੇ ਇਸ਼ਕ ਦੀ ਸਾਰੀ ਵਾਰਤਾ ਜਾ ਸੁਣਾਈ। ਉਹਨੇ ਪੁੰਨੂੰ ਦੇ ਭਰਾ, ਪੁੰਨੂੰ ਨੂੰ ਵਾਪਸ ਕੀਚਮ ਲਿਆਉਣ ਲਈ ਭੰਬੋਰ ਭੇਜ ਦਿੱਤੇ।
ਉਹ ਕਈ ਦਿਨਾਂ ਦੀ ਮੰਜ਼ਲ ਮਾਰ ਕੇ ਭੰਬੋਰ ਸ਼ਹਿਰ ਸੱਸੀ ਦੇ ਘਰ ਪੁੱਜ ਗਏ। ਪੁੰਨੂੰ ਹੁਣ ਸੱਸੀ ਦੇ ਘਰ ਹੀ ਰਹਿ ਰਿਹਾ ਸੀ। ਸੱਸੀ ਨੇ ਪੁੰਨੂੰ ਦੇ ਭਰਾਵਾਂ ਦੀ ਖੂਬ ਖਾਤਰਦਾਰੀ ਕੀਤੀ। ਪੁੰਨੂੰ ਦੇ ਭਰਾ ਪੁੰਨੂੰ ਨੂੰ ਸ਼ਰਾਬ ਦੇ ਜਾਮਾਂ ਦੇ ਜਾਮ ਭਰ-ਭਰ ਪਿਆਂਦੇ ਰਹੇ। ਪੁੰਨੂੰ ਬੇਹੋਸ਼ ਹੋ ਗਿਆ।
ਰਾਤ ਰਾਣੀ ਨੇ ਸਤਾਰਿਆਂ ਜੜੀ ਕਾਲੀ ਚਾਦਰ ਆਪਣੇ ਦੁਆਲੇ ਵਲ੍ਹੇਟ ਲਈ। ਸੱਸੀ ਮਦਹੋਸ਼ ਹੋਏ ਪੁੰਨੂੰ ਦੇ ਗਲ ਆਪਣੀ ਬਾਂਹ ਵਲੀ ਘੂਕ ਸੁੱਤੀ ਪਈ ਸੀ। ਪੰਨੂ ਦੇ ਭਰਾ ਉੱਠੇ, ਉਨ੍ਹਾਂ ਹੌਲੇ ਜਹੇ ਸੱਸੀ ਦੀ ਬਾਂਹ ਪਰ੍ਹੇ ਹਟਾਈ ਤੇ ਪੁੰਨੂੰ ਨੂੰ ਇਕ ਊਠ ਉਤੇ ਲੱਦ ਲਿਆ। ਉਹ ਜਾਣਦੇ ਸਨ ਕਿ ਪੁੰਨੂੰ ਆਪਣੇ ਆਪ ਸੌਖਿਆਂ ਵਾਪਸ ਮੁੜਨ ਵਾਲਾ ਨਹੀਂ। ਸੱਸੀ ਬੇਖਬਰ ਸੁੱਤੀ ਸੀ। ਉਹ ਬੇਹੋਸ਼ ਪੁੰਨੂੰ ਨੂੰ ਲੈ ਤੁਰੇ!
ਸੱਸੀ ਦੀ ਜਾਗ ਖੁੱਲ੍ਹੀ। ਪੁੰਨੂੰ ਉਹਦੇ ਕੋਲ ਨਹੀਂ ਸੀ। ਪੁੰਨੂੰ ਦੇ ਭਰਾ ਤੱਕੇ, ਉਨ੍ਹਾਂ ਦੀਆਂ ਡਾਚੀਆਂ ਵੇਖੀਆਂ, ਕੋਈ ਵੀ ਕਿਧਰੇ ਨਹੀਂ ਸੀ। ਉਸ ਆਲਾ-ਦੁਆਲਾ ਛਾਣ ਮਾਰਿਆ! ਪ੍ਰੰਤੂ ਪੁੰਨੂੰ ਤਾਂ ਕਾਫੀ ਦੂਰ ਜਾ ਚੁੱਕਿਆ ਸੀ! ਸੱਸੀ ਕੁਰਲਾ ਰਹੀ ਸੀ:
ਮੈਂ ਪੁੰਨੂੰ ਦੀ ਪੁੰਨੂੰ ਮੇਰਾ
ਸਾਡਾ ਪਿਆ ਵਿਛੋੜਾ ਭਾਰਾ
ਦਸ ਵੇ ਰੱਬਾ, ਕਿੱਥੇ ਗਿਆ
ਮੇਰੇ ਨੈਣਾਂ ਦਾ ਵਣਜਾਰਾ।
ਉਹਦੀ ਧਰਮ ਮਾਂ ਨੇ ਉਹਨੂੰ ਬਹੁਤੇਰਾ ਸਮਝਾਇਆ:
ਨਾ ਰੋ ਧੀਏ ਸੱਜੀਏ
ਪੰਨੰੂ ਵਰਗੇ ਬਲੈਚ ਬਥੇਰੇ
ਪਰ ਸੱਸੀ ਦੀ ਜਿੰਦ ਤਾਂ
ਪੁੰਨੂੰ ਦੇ ਹਵਾਲੇ ਹੋ ਚੁੱਕੀ ਸੀ:
ਮੈਂ ਵੱਟ ਲਿਆਵਾਂ ਪੂਣੀਆਂ
ਧੀਏ ਚਰਖੇ ਨੂੰ ਚਿੱਤ ਲਾ
ਜਾਂਦੇ
ਪੁੰਨੂੰ ਨੂੰ ਜਾਣ ਦੇ
ਕੌਲੇ ਦੀ ਗਈ ਨਾ ਬਲਾ।
ਅੱਗ ਲਾਵਾਂ ਤੇਰੀਆਂ ਪੂਣੀਆਂ
ਚਰਖੇ ਨੂੰ ਨਦੀ ਨੀ ਹੜ੍ਹਾ
ਜਾਨ ਤਾਂ ਮੇਰੀ ਲੈ ਗਿਆ
ਕੋਈ ਚੀਰੇ ਦੇ ਲੜ ਲਾ
ਨੀ ਜਾਂਦੇ
ਪੁੰਨੂੰ ਨੂੰ ਮੋੜ ਲੈ।
ਸੂਟ ਸਮਾਵਾਂ ਰੇਸ਼ਮੀ
ਚੁੰਨੀਆਂ ਦੇਵਾਂ ਨੀ ਰੰਗਾ
ਜਾਂਦੇ
ਪੁੰਨੂੰ ਨੂੰ ਜਾਣ ਦੇ
ਕੌਲੇ ਦੀ ਗਈ ਨੀ ਬਲਾ।

ਅੱਗ ਲਾਵਾਂ ਤੇਰੇ ਸੂਟ ਨੂੰ
ਚੁੰਨੀਆਂ ਦੇਵਾਂ ਨੀ ਮਚਾ
ਜਾਨ ਤਾਂ ਮੇਰੀ ਲੈ ਗਿਆ
ਕੋਈ ਚੀਰੇ ਦੇ ਲੜ ਲਾ
ਨੀ ਜਾਂਦੇ
ਪੁੰਨੂੰ ਨੂੰ ਮੋੜ ਲੈ।
ਬੂਰੀ ਮੱਝ ਤੈਨੂੰ ਲੈ ਦਿਆਂ
ਧੀਏ ਮੱਖਣਾਂ ਨਾਲ ਟੁਕ ਖਾ
ਜਾਂਦੇ
ਪੁੰਨੂੰ ਨੂੰ ਜਾਣ ਦੇ
ਕੌਲੇ ਦੀ ਗਈ ਨੀ ਬਲਾ।
ਅੱਗ ਲਾਵਾਂ ਤੇਰੀ ਮੱਖਣੀ
ਬੂਰੀ ਨੂੰ ਬੱਗ ਨੀ ਰਲਾ
ਜਾਣ ਤਾਂ ਮੇਰੀ ਲੈ ਗਿਆ
ਕੋਈ ਚੀਰੇ ਦੇ ਲੜ ਲਾ
ਨੀ ਜਾਂਦੇ
ਪੁੰਨੂੰ ਨੂੰ ਮੋੜ ਲੈ।
ਸੱਸੀ ਪੰਨੂ ਪੁੰਨੂੰ ਕੂਕਦੀ ਡਾਚੀ ਦੇ ਖੁਰੇ ਮਗਰ ਨਸ ਟੁਰੀ। ਸੂਰਜ ਲੋਹੜੇ ਦੀ ਅੱਗ ਵਰ੍ਹਾ ਰਿਹਾ ਸੀ। ਸੱਸੀ ਦੇ ਫੁੱਲਾਂ ਜਹੇ ਪੈਰ ਤਪਦੀ ਰੇਤ ‘ਤੇ ਭੁਜਦੇ ਪਏ ਸਨ ਪ੍ਰੰਤੂ ਉਹ ਪੁੰਨੂੰ ਪੁੰਨੂੰ ਜਾਪ ਕਰੇਂਦੀ ਹਾਲੋਂ ਬੇਹਾਲ ਹੋਈ ਨੱਸੀ ਜਾ ਰਹੀ ਸੀ:
ਨਾਜ਼ੁਕ ਪੈਰ ਮਲੂਕ ਸੱਸੀ ਦੇ
ਮਹਿੰਦੀ ਨਾਲ ਸ਼ਿੰਗਾਰੇ
ਬਾਲੂ ਰੇਤ ਤਪੇ ਵਿਚ ਥਲ ਦੇ
ਜਿਊਂ ਜੌਂ ਭੁੰਨਣ ਭਨਿਆਰੇ
ਸੂਰਜ ਭੱਜ ਵੜਿਆ ਵਿਚ ਬੱਦਲੀਂ
ਡਰਦਾ ਲਿਸ਼ਕ ਨਾ ਮਾਰੇ
ਹਾਸ਼ਮ ਵੇਖ ਯਕੀਨ ਸੱਸੀ ਦਾ
ਸਿਦਕੋਂ ਮੂਲ ਨਾ ਹਾਰੇ।

ਸੱਸੀ ਅੱਗੋਂ ਆਉਂਦੇ ਰਾਹੀਆਂ ਪਾਸੋਂ ਆਪਣੇ ਪੰੁਨੂ ਦਾ ਪਤਾ ਪੁੱਛਦੀ ਪ੍ਰੰਤੂ ਸਾਰੇ ਨਾਂਹ ਵਿਚ ਸਿਰ ਹਿਲਾ ਦੇਂਦੇ। ਉਸ ਥਲ ਅੱਗ ਵਾਸਤੇ ਪਾਏ:
ਦਸ ਵੇ ਥਲਾ ਕਿਤੇ ਵੇਖੀ ਹੋਵੇ
ਮੇਰੇ
ਪੁੰਨੂੰ ਦੀ ਡਾਚੀ ਕਾਲੀ
ਜਿਥੇ ਮੇਰਾ
ਪੁੰਨੂੰ ਮਿਲੇ
ਉਹ ਧਰਤ ਨਸੀਬਾਂ ਵਾਲੀ।

ਕੋਹਾਂ ਦੇ ਕੋਹ ਸੱਸੀ ਭੁਜਦੇ ਥਲਾਂ ‘ਤੇ ਡਾਚੀ ਦਾ ਖੁਰਾ ਲੱਭਦੀ ਰਹੀ। ਅੰਤ ਸਿੰਧ ਦੇ ਮਾਰੂਥਲਾਂ ਵਿਚਕਾਰ ਭੁੱਖੀ ਭਾਣੀ ਉਹ ਬੇਹੋਸ਼ ਹੋ ਕੇ ਡਿੱਗ ਪਈ ਤੇ ਪੁੰਨੂੰ ਪੁੰਨੂੰ ਕੂਕਦੀ ਨੇ ਪਰਾਣ ਤਿਆਗ ਦਿੱਤੇ।
ਦੂਜੇ ਬੰਨੇ, ਪੁੰਨੂੰ ਨੂੰ ਹੋਸ਼ ਪਰਤੀ, ਉਹਦੀ ਜਿੰਦ ਸੱਸੀ ਉਹਦੇ ਪਾਸ ਨਹੀਂ ਸੀ। ਨਾ ਹੀ ਕਿਧਰੇ ਭੰਬੋਰ ਸ਼ਹਿਰ ਸੀ-ਚਾਰੇ ਬੰਨੇ ਮਾਰੂ ਰੇਤ ਨਜ਼ਰੀਂ ਆ ਰਿਹਾ ਸੀ। ਉਸ ਵਾਪਸ ਪਰਤਣ ਦੀ ਜ਼ਿੱਦ ਕੀਤੀ। ਉਹਦੇ ਭਰਾਵਾਂ ਉਹਨੂੰ ਲੱਖ ਸਮਝਾਇਆ। ਉਹ ਉਨ੍ਹੀਂ ਰਾਹੀਂ ਆਪਣੀ ਡਾਚੀ ਸਮੇਤ ਮੁੜ ਪਿਆ। ਸੱਸੀ ਦਾ ਪਿਆਰਾ ਮੁਖੜਾ ਉਹਨੂੰ ਨਜ਼ਰੀਂ ਆਉਂਦਾ ਪਿਆ ਸੀ।
ਡਾਚੀ ਤੇਜ਼ ਕਦਮੀਂ ਭੰਬੋਰ ਸ਼ਹਿਰ ਵੱਲ ਨੱਸੀ ਆ ਰਹੀ ਸੀ। ਰਾਹ ਵਿਚ ਪੁੰਨੂੰ ਨੂੰ ਆਵਾਜ਼ ਪਈ:
”ਡਾਚੀ ਵਾਲਿਆ, ਇਕ ਪਲ ਰੁਕ ਜਾਵੀਂ। ਆ ਆਪਾਂ ਰਲ ਕੇ ਇਕ ਰੱਬੀ ਜਿਊੜੇ ਦੀ ਕਬਰ ਪੁੱਟ ਦੇਵੀਏ। ਇਹ ਆਪਣੇ ਪਿਆਰੇ ਦੀ ਭਾਲ ਵਿਚ ਪੂਰੀ ਹੋ ਗਈ ਏ।” ਪੁੰਨੂੰ ਨੇ ਪਰਤ ਕੇ ਵੇਖਿਆ ਇਕ ਆਜੜੀ ਕਬਰ ਪੁੱਟੀ ਜਾ ਰਿਹਾ ਸੀ। ਪੁੰਨੂੰ ਦਾ ਦਿਲ ਧੜਕਿਆ। ਉਹਨੇ ਡਾਚੀ ਖਲਿਆਰ ਲਈ ਤੇ ਉਸ ਦੇ ਪਾਸ ਜਾ ਕੇ ਬੋਲਿਆ, ”ਕਿੱਥੇ ਹੈ ਉਹ ਸਿਦਕਣ ਮੁਟਿਆਰ?”
ਆਜੜੀ ਪੁੰਨੂੰ ਨੂੰ ਦਰੱਖਤਾਂ ਦੇ ਇਕ ਝੁੰਡ ਕੋਲ ਲੈ ਗਿਆ। ਆਜੜੀ ਨੇ ਮੁਟਿਆਰ ਦੇ ਕੁਮਲਾਏ ਮੁਖੜੇ ਤੋਂ ਪੱਲਾ ਸਰਕਾਇਆ-ਪੰਨੂ ਦੇ ਹੋਸ਼ ਉੱਡ ਗਏ!
”ਸੱਸੀ!” ਪੁੰਨੂੰ ਨੇ ਧਾਹ ਮਾਰੀ ਤੇ ਉਹਦੇ ‘ਤੇ ਉਲਰ ਪਿਆ! ਪੁੰਨੂੰ ਵਿਰਲਾਪ ਕਰ ਰਿਹਾ ਸੀ ਤੇ ਉਹਦੇ ਕੋਸੇ ਹੰਝੂ ਸੱਸੀ ਦੇ ਕੁਮਲਾਏ ਚਿਹਰੇ ਨੂੰ ਧੋ ਰਹੇ ਸਨ। ”ਸੱਸੀਏ ਵੇਖ ਤੇਰਾ ਪੁੰਨੂੰ ਤੇਰੇ ਕੋਲ ਆ ਗਿਆ ਏ। ਸੱਸੀਏ! ਬੋਲ ਤਾਂ ਸਹੀ…ਤੇਰਾ ਪੁੰਨੂੰ ਸੱਸੀਏ…ਹਾਏ ਸੱਸੀਏ…” ਪੁੰਨੂੰ ਸੱਸੀ ਦੀ ਲਾਸ਼ ‘ਤੇ ਢਹਿ ਪਿਆ ਤੇ ਉਹਨੂੰ ਮੁੜ ਕੇ ਹੋਸ਼ ਨਾ ਆਇਆ! ਆਜੜੀ ਦੀਆਂ ਅੱਖੀਆਂ ਵਿਚੋਂ ਹੰਝੂਆਂ ਦੇ ਦਰਿਆ ਵਗ ਟੁਰੇ। ਉਹਦੇ ਵੇਖਦੇ ਵੇਖਦੇ ਦੋ ਜਿੰਦਾਂ ਇਕ-ਦੂਜੇ ਲਈ ਕੁਰਬਾਨ ਹੋ ਗਈਆਂ!
ਆਜੜੀ ਨੇ ਤਾਂ ਆਪਣੀ ਸਹਾਇਤਾ ਲਈ ਰਾਹੀ ਨੂੰ ਬੁਲਾਇਆ ਸੀ ਪ੍ਰੰਤੂ ਉਸ ਦੇ ਸਾਹਮਣੇ ਇਕ ਦੀ ਥਾਂ ਦੋ ਲੋਥਾਂ ਪਈਆਂ ਸਨ। ਖੌਰੇ ਕੋਈ ਹੋਰ ਉਸ ਦੀ ਮਦਦ ਲਈ ਆਵੇ ਜਾਂ ਨਾ ਆਵੇ। ਉਹਨੇ ਕੱਲਿਆਂ ਖਬਰ ਖੋਦੀ ਤੇ ਦੋਵੇਂ ਉਸ ਵਿਚ ਦਫਨਾ ਦਿੱਤੇ ਤੇ ਆਜੜੀ ਦੇ ਜੀਵਨ ਨੇ ਅਜਿਹਾ ਪਲਟਾ ਖਾਧਾ ਕਿ ਉਹ ਸੱਸੀ ਪੁੰਨੂੰ ਦੀ ਕਬਰ ‘ਤੇ ਫਕੀਰ ਬਣ ਕੇ ਬੈਠ ਗਿਆ।
 
Top