ਸੱਭਿਆਚਾਰ ’ਚ ਘੜੇ ਦਾ ਮਹੱਤਵ

ਘੜੇ ਦਾ ਸਾਡੇ ਜੀਵਨ ਅਤੇ ਸੱਭਿਆਚਾਰ ਨਾਲ ਅਟੁੱਟ ਸਬੰਧ ਰਿਹਾ ਹੈ। ਜਿਉਂ ਜਿਉਂ ਸਮਾਂ ਬਦਲਦਾ ਗਿਆ, ਜੀਵਨਸ਼ੈਲੀ ਵੀ ਬਦਲਦੀ ਗਈ, ਸਭਿਆਚਾਰ ਵੀ ਬਦਲਦਾ ਗਿਆ ਅਤੇ ਵਰਤ-ਵਿਹਾਰ ਵਿੱਚ ਵਰਤੇ ਜਾਣ ਵਾਲੇ, ਵਸੀਲੇ, ਵਸਤੂਆਂ ਵੀ ਬਦਲਦੀਆਂ ਗਈਆਂ। ਅੱਜ ਜਦੋਂ ਅਸੀਂ ਪਿੱਛੇ ਮੁੜ ਕੇ ਵੇਖਦੇ ਹਾਂ ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਅਸੀਂ ਆਪਣੇ ਮੂਲ ਤੋਂ ਟੁੱਟ ਕੇ ਦੂਰ ਕਿਤੇ ਖੱਜਲ-ਖੁਆਰੀ ਦੇ ਮਾਰੂਥਲ ਵਿੱਚ ਜਾ ਵੜੇ ਹੋਈਏ ਤੇ ਅੱਜ ਸਾਨੂੰ ਅੱਗੇ ਵਧਣਾ ਅਤੇ ਪਿੱਛੇ ਮੁੜਨਾ ਦੋਵੇਂ ਹੀ ਦਿਸ਼ਾਵਾਂ ਮੌਤ ਵਾਂਗ ਦਿੱਸ ਰਹੀਆਂ ਹੋਣ।
ਇਕ ਦਰ ਖੱਡਾ ਡੂੰਘੀਆਂ, ਇਕ ਦਰ ਤਲਵਾਰਾਂ।
ਕੁਝ ਵੀ ਹੋਵੇ, ‘ਘੜਾ’ ਘੜਾ ਹੀ ਸੀ ਅਤੇ ਘੜਾ, ਘੜਾ ਹੀ ਹੈ। ਕੀ ਹੋਇਆ ਅਸੀਂ ਨਵਿਆਂ ਬਰਤਨਾਂ ਦੇ ਸੰਗ ਲੱਗ ਕੇ, ਘੜੇ ਨੂੰ ਭੁੱਲ ਬੈਠੇ? ਘੜੇ ਦੀ ਆਪਣੀ ਹੀ ਸ਼ਾਨ ਹੈ। ਪੰਜਾਬੀ ਲੋਕ ਗੀਤਾਂ ਵਿੱਚ ਕਦੇ, ਘੜੇ ਦੀ ਤੂਤੀ ਬੋਲਦੀ ਸੀ। ਘੜੇ ਦੇ ਇਕ ਤੋਂ ਇਕ ਚੜ੍ਹ ਕੇ ਗੀਤ ਹਨ।
-ਘੜਾ ਵੱਜਦਾ, ਘੜੋਲੀ ਵੱਜਦੀ, ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਪੰਜਾਬ ਦੀ ਲੋਕ-ਗਾਥਾ ਸੋਹਣੀ ਮਹੀਂਵਾਲ ਦਾ ਕਿੱਸਾ ਤਾਂ ਪਰਿਕਰਮਾ ਹੀ ‘ਘੜੇ’ ਦੀਆਂ ਕਰਦਾ ਹੈ। ਘੜਿਆ ਲੰਘਾਂ ਦੇ ਮੈਨੂੰ ਨਹਿਰੋਂ ਪਾਰ ਵੇ…।
ਇੱਥੇ ਹੀ ਬੱਸ ਨਹੀਂ ਕਿਉਂਕਿ ਘੜੇ ਨੂੰ ਹਿੰਦੀ ਅਤੇ ਬ੍ਰਿਜਭਾਸ਼ਾ ਵਿੱਚ ‘ਘਟ’ ਸ਼ਬਦ ਨਾਲ ਸੰਬੋਧਤ ਕੀਤਾ ਗਿਆ ਹੈ। ਜਿਸ ਦੇ ਅਰਥ, ਸਰੀਰ, ਹਿਰਦੇ ਅਤੇ ਘੜੇ ਲਈ ਲਏ ਗਏ ਹਨ। ਧਰਮ ਗ੍ਰੰਥਾਂ ਵਿੱਚ ਹਜ਼ਾਰਾਂ ਵਾਰੀ ਲਿਖਿਆ ਮਿਲਦਾ ਹੈ। ਇੱਥੋਂ ਤਕ ਕਿ ਸੰਗੀਤ-ਸਾਜ਼ਾਂ ਵਿੱਚ ਵੀ ‘ਘੜੇ’ ਦੀ ਆਪਣੀ ਵੱਖਰੀ ਹੋਂਦ ਰਹੀ ਹੈ।
ਸੁਰਜੀਤ ਬਿੰਦਰਖੀਏ ਦਾ ਗਾਇਆ ਤੇ ਸ਼ਮਸ਼ੇਰ ਸੰਧੂ ਦਾ ਲਿਖਿਆ ਗੀਤ ਹੈ:
ਤਿੜਕੇ ਘੜੇ ਦਾ ਪਾਣੀ
ਕੱਲ੍ਹ ਤੱਕ ਨਹੀਂ ਰਹਿਣਾ। ।

ਤਿੜਕੇ ਘੜੇ ਵਿੱਚ ਪਾਣੀ ਕਦੋਂ ਤੱਕ ਰੁਕ ਸਕਦਾ ਹੈ। ਮਨੁੱਖੀ ਸਰੀਰ ਰੂਪੀ ਘੜੇ ਵਿੱਚ ਸੁਆਸਾਂ ਰੂਪੀ ਪਾਣੀ ’ਤੇ ਵੀ ‘ਥਿਰੁ’ ਨਹੀਂ ਰਹਿਣਾ। ਇਕ-ਇਕ ਲੰਘਦਿਆਂ ਸੁਆਸਾਂ ਦੇ ਪਾਣੀ ਮੁੱਕ ਜਾਣਾ ਏਂ। ਜੀਊਣ ਅਤੇ ਮਰਨ ਦਾ ਨਾਂ ਈ ਜ਼ਿੰਦਗੀ ਹੈ। ‘ਘੜੇ ਦਾ ਪਾਣੀ’ -ਅੰਮ੍ਰਿਤ, ਆਬੇ-ਹਯਾਤ, ਜੀਵਨਦਾਤਾ।
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਕੀਤੇ ਗਏ ਸਰਵੇਖਣ ਮੁਤਾਬਕ, ਮਾਲਵਾ ਪੱਟੀ ਦੇ ਕੁਝ ਇਲਾਕਿਆਂ ਵਿੱਚ ‘‘ਰੇਡਿਓ ਐਕਟਿਵ ਧਾਤ’’ ਯੂਰੇਨੀਅਮ ਦੀ ਮਾਤਰਾ ਸੁਰੱਖਿਅਤ ਹੱਦ ਤੋਂ ਵੱਧ ਪਾਈ ਗਈ ਹੈ ਪ੍ਰੰਤੂ ਅਜੇ ਖਤਰੇ ਵਾਲੀ ਤਾਦਾਦ ਨਹੀਂ। ਫਿਰ ਵੀ ਯੂਰੇਨੀਅਮ ਅਤੇ ਭਾਰੀ ਧਾਤਾਂ ਦੀ ਪਾਣੀ ਵਿੱਚ ਪਾਈ ਗਈ ਹੋਂਦ ਨਾਲ ਨਿਪਟਣ ਦੇ ਕੁਝ ਘਰੇਲੂ ਨੁਸਖੇ, ਜਲ ਸਪਲਾਈ ਵਿਭਾਗ ਵੱਲੋਂ ਸੁਝਾਏ ਗਏ ਹਨ ਕਿ ਪਾਣੀ ਨੂੰ ਵਰਤਣ ਤੋਂ ਪਹਿਲਾਂ ਉਸ ਨੂੰ 8-10 ਘੰਟੇ ਮਿੱਟੀ ਦੇ ਘੜੇ ਵਿੱਚ ਰੱਖਿਆ ਜਾਵੇ।
ਮਿੱਟੀ ਦੇ ਘੜੇ ਵਿੱਚ, ਟੁੱਟੇ ਘੜੇ ਦੀਆਂ ਠੀਕਰੀਆਂ ਪਾਈਆਂ ਜਾਣ ਅਤੇ 8-10 ਘੰਟੇ ਲਈ ਪਾਣੀ ਘੜੇ ਵਿੱਚ ਰਹਿਣ ਦਿੱਤਾ ਜਾਵੇ। ਠੀਕਰੀਆਂ ਅਤੇ ਘੜੇ ਦੀ ਸਤ੍ਹਾ 70 ਫੀਸਦੀ ਤਕ ਯੂਰੇਨਿਅਮ ਜਜ਼ਬ ਕਰ ਲੈਣਗੀਆਂ। ਜਦੋਂ ਘੜੇ ਵਿਚ ਪਾਣੀ ਦੀ ਸਤਹ ਚੌਥਾ ਹਿੱਸਾ ਰਹਿ ਜਾਵੇ ਤਾਂ ਘੜੇ ਦਾ ਉਪਰਲਾ ਪਾਣੀ ਹੀ ਪੀਣ ਲਈ ਵਰਤਿਆ ਜਾਵੇ। ਯਾਦ ਰਹੇ ਕਿ ਉਪਰਲਾ ਅਤੇ ਨਿੱਤਰਿਆ ਪਾਣੀ ਘੜਿਆਂ ਦਾ ਹੀ ਪੀਤਾ ਜਾ ਸਕਦਾ ਏ, ਪ੍ਰੰਤੂ ਅੱਜ ਦੇ ਨਵੀਨ ਯੁੱਗ ਵਿੱਚ ਕੋਠਿਆਂ ਦੀਆਂ ਛੱਤਾਂ ’ਤੇ ਰੱਖੀਆਂ ਵਾਟਰ-ਟੈਂਕੀਆਂ ਦੇ ਹੇਠਲੇ ਹਿੱਸੇ ਵਿੱਚ ਹੀ ਸਪਲਾਈ ਪਾਈਪ ਲੱਗਿਆ ਹੋਣ ਕਾਰਨ, ਹੇਠਲਾ ਅਤੇ ਅਣ-ਨਿਤਰਿਆ ਪਾਣੀ, ਪੀਣ ਦੇ ਆਦੀ ਹੋ ਚੁੱਕੇ ਹਾਂ।
ਕੋਠਿਆਂ ’ਤੇ ਧਰੀਆਂ ਪਾਣੀ ਦੀਆਂ ਟੈਂਕੀਆਂ ਕਈ ਵਾਰ ਢੱਕਣ-ਵਿਹੂਣੀਆਂ ਹੋ, ਡੇਂਗੂ ਮੱਛਰ (ਏਡੀਜ਼ ਅਜਿਪਟੀ) ਫੈਲਾਉਣ ਲਈ ਵੀ ਵਧੀਆ ਪੈਦਾਇਸ਼ੀ ਸੋਮਾ ਸਾਬਤ ਹੁੰਦੀਆਂ ਹਨ। ਇਹ ‘‘ਬੁੱਕਲ ਵਿੱਚ ਸੱਪ ਪਾਲਣ’’ ਵਾਲੀ ਗੱਲ ਹੀ ਸਮਝੋ। ਜੇ ਹੋਵੇ ਤਾਂ ਪਲਾਸਟਿਕ ਦੀਆਂ ਟੈਂਕੀਆਂ ਨਾਲੋਂ, ਮਿੱਟੀ ਦੀਆਂ ਪਕਾਈਆਂ, ਮੱਟਾਂ ਵਰਗੀਆਂ ਛੋਟੀਆਂ ਟੈਂਕੀਆਂ ਪੀਣ ਵਾਲੇ ਪਾਣੀ ਲਈ ਇਸਤੇਮਾਲ ਹੋ ਸਕਦੀਆਂ ਹਨ।
ਮਨੁੱਖ ਦੇ ਸਰੀਰ ਵਿਚ ਹਾਨੀਕਾਰਕ ਧਾਤੂਆਂ ਨੂੰ ਬਾਹਰ ਕੱਢਣ ਲਈ ਹੇਠ ਲਿਖੀਆਂ ਵਸਤੂਆਂ ਦਾ ਪ੍ਰਯੋਗ ਉਕਤ ਵਿਭਾਗ ਵੱਲੋਂ ਹੀ ਦਰਸਾਇਆ ਗਿਆ ਹੈ।
ਅਜਿਹੇ ਫਲ ਖਾਓ ਜਿਸ ਵਿਚ ਸਿਟਰਿਕ ਐਸਿਡ ਹੁੰਦਾ ਹੈ ਜਿਵੇਂ ਨਿੰਬੂ, ਸੰਤਰਾ ਅਤੇ ਅੰਗੂਰ। ਲਸਣ ਦਾ ਇਸਤੇਮਾਲ ਕੀਤਾ ਜਾਵੇ।
ਆਂਵਲੇ ਦਾ ਖਾਧਾ ਅਤੇ ਸਿਆਣਿਆਂ ਦਾ ਆਖਿਆ ਉਸ ਸਮੇਂ ਜ਼ਰੂਰ ਕੌੜਾ ਲੱਗਦਾ ਹੈ, ਮਗਰੋਂ ਸੁਆਦ ਮਿੱਠਾ-ਮਿੱਠਾ ਜ਼ਰੂਰ ਆਉਂਦਾ ਹੈ।
‘ਸ਼ੁੱਧ ਪਾਣੀ ਹੈ, ਤਾਂ ਪ੍ਰਾਣੀ ਹੈ।
 
Top