ਇਕ ਆਦਰਸ਼ ਤੇ ਬਹਾਦਰ ਮਾਂ

ਮਾਨਵੀ ਵਿਰਸੇ ਦਾ ਮਾਣ


ਕਿਸੇ ਵਿਅਕਤੀ ਦੀ ਜ਼ਿੰਦਗੀ ਵਿੱਚ ਮਾਂ ਦਾ ਸਥਾਨ ਕਿੰਨਾ ਉੱਚਾ ਹੁੰਦਾ ਹੈ ਇਸ ਦਾ ਅੰਦਾਜ਼ਾ ਸਿਰਫ਼ ਦੋ ਗੱਲਾਂ ਤੋਂ ਹੀ ਲਾਇਆ ਜਾ ਸਕਦਾ ਹੈ। ਪਹਿਲੀ ਗੱਲ ਇਹ ਕਿ ਮਾਂ ਨੂੰ ‘ਪਹਿਲਾ ਗੁਰੂ’ ਕਿਹਾ ਜਾਂਦਾ ਹੈ। ਦੂਜੀ ਗੱਲ ਇਹ ਕਿ ‘ਮਾਂ ਦੇ ਪੈਰਾਂ ਹੇਠ ਸਵਰਗ’ ਹੁੰਦਾ ਹੈ। ਇਹ ਗੱਲਾਂ ਝੂਠ ਨਹੀਂ ਕਿਉਂਕਿ ਪ੍ਰਮਾਣ ਵਜੋਂ ਭਾਰਤ ਦੇ ਇਤਿਹਾਸ ਵਿੱਚ ਅਜਿਹੀਆਂ ਇਕ ਨਹੀਂ ਅਨੇਕ ਮਾਤਾਵਾਂ ਦੇ ਨਾਂ ਲਏ ਜਾ ਸਕਦੇ ਹਨ। ਇਤਿਹਾਸ ਗਵਾਹ ਹੈ ਜਿਵੇਂ ਮਾਂ ਚਾਹੁੰਦੀ ਹੈ, ਉਵੇਂ ਸੰਤਾਨ ਕਰ ਵਿਖਾਉਂਦੀ ਹੈ। ਬਹੁਤ ਸਾਰੀਆਂ ਉਦਾਹਰਣਾਂ ਹਨ ਜਿਹੜੀਆਂ ਮਾਂ ਦੇ ਸਕੂਲ ਦੀਆਂ ਬਾਤਾਂ ਪਾਉਂਦੀਆਂ ਹਨ। ਇਤਿਹਾਸ ਵਿੱਚ ਅਜਿਹੀ ਹੀ ਇਕ ਆਦਰਸ਼ਕ ਤੇ ਬਹਾਦਰ ਮਾਂ ਹੋਈ ਹੈ ਜਿਸ ਦਾ ਨਾਂ ਸੀ-ਮਾਤਾ ਜੀਜਾ ਬਾਈ। ਭਾਰਤ ਵਿੱਚੋਂ ਕੋਈ ਅਜਿਹਾ ਨਾਂ ਸ਼ਾਇਦ ਹੀ ਹੋਵੇ, ਜਿਹੜਾ ਉਸ ਦੇ ਨਾਂ ਤੋਂ ਜਾਣੂ ਨਾ ਹੋਵੇ। ਮਾਤਾ ਜੀਜਾ ਬਾਈ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜਨਣੀ ਹੋਣ ਦੇ ਨਾਲ ਨਾਲ ਉਨ੍ਹਾਂ ਦੀ ਦੋਸਤ, ਮਾਰਗਦਰਸ਼ਕ ਅਤੇ ਪ੍ਰੇਰਣਾ ਸ੍ਰੋਤ ਵੀ ਸੀ। ਉਸ ਦੀ ਸਾਰੀ ਜ਼ਿੰਦਗੀ ਸਾਹਸ ਅਤੇ ਤਿਆਗ ਨਾਲ ਓਤਪੋਤ ਸੀ। ਜੀਵਨ ਭਰ ਕਦਮ-ਕਦਮ ’ਤੇ ਕਠਿਆਈਆਂ ਅਤੇ ਵਿਰੋਧੀ ਸਥਿਤੀਆਂ ਦਾ ਸਾਹਮਣਾ ਕਰਦਿਆਂ ਹੋਇਆਂ ਵੀ ਉਸ ਨੇ ਧੀਰਜ ਦਾ ਲੜ ਫੜੀ ਰੱਖਿਆ ਅਤੇ ਆਪਣੇ ਪੁੱਤਰ ‘ਸ਼ਿਵਾਜੀ’ ਨੂੰ ਅਜਿਹੇ ਸੰਸਕਾਰ ਦਿੱਤੇ ਜਿਨ੍ਹਾਂ ਸਦਕਾ ਉਹ ਵੱਡਾ ਹੋ ਕੇ ‘ਛਤਰਪਤੀ ਸ਼ਿਵਾਜੀ ਮਹਾਰਾਜ’ ਦੇ ਰੂਪ ਵਿੱਚ ਹਿੰਦੂ ਸਮਾਜ ਦਾ ਗੌਰਵ ਬਣਿਆ।
ਜੀਜਾ ਬਾਈ ਦਾ ਜਨਮ 1596 ਵਿਚ ਸ੍ਰੀ ਲਖੂ ਜੀ ਜਾਧਵ ਅਤੇ ਮਾਤਾ ਮਹਾਲਸਾ ਬਾਈ ਦੇ ਘਰ ਸਿੰਦਖੇੜ ਨਾਮੀ ਪਿੰਡ ਵਿੱਚ ਹੋਇਆ ਸੀ। ਅੱਜ ਕੱਲ੍ਹ ਇਹ ਪਿੰਡ ਮਹਾਰਾਸ਼ਟਰ ਦੇ ਵਿਦਰਭ ਰਾਜ ਦੇ ਬੁਲਢਾਣਾ ਜ਼ਿਲ੍ਹੇ ਦੇ ਮੇਹਕਰ ਇਲਾਕੇ ਦੇ ਅਧੀਨ ਆਉਂਦਾ ਹੈ। ਲਖੂ ਜੀ ਨੂੰ ਆਪਣੀ ਉੱਚੀ ਕੁਲ ‘ਜਾਧਵ’ ’ਤੇ ਬੜਾ ਮਾਣ ਸੀ। ਉਹ ਸ਼ਕਤੀਸ਼ਾਲੀ ਤੇ ਪ੍ਰਭਾਵਸ਼ਾਲੀ ਜਾਗੀਰਦਾਰ ਸੀ। ਉਨ੍ਹਾਂ ਦੀ ਧੀ ਜੀਜਾ ਬਾਈ ਬਚਪਨ ਤੋਂ ਧਾਰਮਿਕ, ਬਹਾਦਰ ਅਤੇ ਹਿੰਦੂ ਧਰਮ ਨੂੰ ਪਿਆਰ ਕਰਨ ਵਾਲੀ ਪ੍ਰਤਿਭਾਸ਼ਾਲੀ ਸ਼ਖ਼ਸੀਅਤ ਸੀ। ਉਸ ਦਾ ਵਿਆਹ ਸੂਰਬੀਰ ਸ਼ਾਹਜੀ ਭੌਂਸਲੇ ਨਾਲ ਹੋਇਆ। 1627 ਵਿਚ ਉਸ ਦੀ ਕੁੱਖੋਂ ਛਤਰਪਤੀ ਸ਼ਿਵਾ ਜੀ ਦਾ ਜਨਮ ਹੋਇਆ ਜਿਸ ਨੇ ਬਾਅਦ ਵਿਚ ਮਰਾਠਾ ਸਾਮਰਾਜ ਦੀ ਨੀਂਹ ਰੱਖੀ। ਸ਼ਿਵਾਜੀ ਦੇ ਜਨਮ ਉਪਰੰਤ ਸ਼ਾਹ ਜੀ ਨੇ ਆਪਣੀ ਪਤਨੀ ਜੀਜਾ ਬਾਈ ਨੂੰ ਤਿਆਗ ਦਿੱਤਾ ਸੀ। ਸ਼ਿਵਾਜੀ ਬਚਪਨ ਵਿਚ ਮਤਰੇਈ ਮਾਂ ਤੁਕਾਬਾਈ ਮੋਹਿਤੇ ਕਰਕੇ ਕਾਫੀ ਸਮਾਂ ਪਿਤਾ ਦੇ ਪਿਆਰ ਤੋਂ ਵਾਂਝੇ ਰਹੇ। ਉਚੇ ਖ਼ਾਨਦਾਨ ਦੀ ਧੀ ਹੋਣ ਦੇ ਬਾਵਜੂਦ ਜੀਜਾ ਬਾਈ ਨੇ ਆਪਣਾ ਮਾਣ-ਅਪਮਾਨ ਭੁੱਲ ਕੇ ਸਾਰਾ ਧਿਆਨ ਆਪਣੇ ਪੁੱਤਰ ਵਲ ਕੇਂਦ੍ਰਿਤ ਕਰ ਲਿਆ ਤੇ ਪੁੱਤਰ ਦਾ ਪਾਲਣ-ਪੋਸ਼ਣ ਦਾਦਾਜੀ ਕੋਣਦੇਵ ਤੇ ਆਪਣੇ ਗੁਰੂ ਰਾਮਦਾਸ ਦੀ ਦੇਖ-ਰੇਖ ਵਿਚ ਪੂਨਾ ਵਿਖੇ ਰਹਿ ਕੇ ਕੀਤਾ। ਜੀਜਾ ਬਾਈ ਪੁੱਤ ਨੂੰ ਬਚਪਨ ਤੋਂ ਹੀ ਰਾਮਾਇਣ, ਮਹਾਂਭਾਰਤ, ਰਾਜੇ-ਰਾਣੀਆਂ ਅਤੇ ਸੰਤਾਂ-ਮਹਾਤਮਾ ਦੀਆਂ ਕਹਾਣੀਆਂ ਅਤੇ ਇਤਿਹਾਸ ਵਿਚੋਂ ਗੌਰਵਮਈ ਗੱਲਾਂ ਸੁਣਾਉਂਦੀ ਰਹਿੰਦੀ ਸੀ। ਮਾਂ ਉਸ ਨੂੰ ਹਰ ਕਲਾ ਵਿਚ ਨਿਪੁੰਨ ਵੇਖਣਾ ਚਾਹੁੰਦੀ ਸੀ, ਇਸ ਲਈ ਉਸ ਨੇ ਪੁੱਤਰ ਨੂੰ ਰਾਜਨੀਤੀ, ਸ਼ਸਤਰ ਕਲਾ ਤੇ ਜੰਗਾਂ-ਯੁੱਧਾਂ ਦੀ ਸਿੱਖਿਆ ਵੀ ਦਿਵਾਈ। ਉਸ ਨੇ ਪੁੱਤਰ ਵਿਚ ਦੇਸ਼ ਪਿਆਰ, ਸਾਹਸ, ਵੀਰਤਾ ਤੇ ਮੁਆਫ਼ ਕਰਨ ਵਰਗੇ ਸੰਸਕਾਰ ਏਨੇ ਕੁੱਟ-ਕੁੱਟ ਕੇ ਭਰੇ ਕਿ ਸ਼ਿਵਾਜੀ ਦੇ ਰੋਮ-ਰੋਮ ਵਿਚੋਂ ਦੇਸ਼ ਪਿਆਰ ਦੀ ਧਾਰਾ ਵਹਿੰਦੀ ਰਹੀ ਤੇ ਉਹ ਸੱਚੇ ਦੇਸ਼ ਭਗਤ, ਧਰਮੀ ਅਤੇ ਗੁਣਵਾਨ ਦੁਸ਼ਮਣ ਦਾ ਵੀ ਸਤਿਕਾਰ ਕਰਨ ਵਾਲੇ ਸ਼ਾਸਕ ਬਣੇ। ਜਦੋਂ ਉਹ ਮਾਤ-ਭੂਮੀ ਦੀ ਰੱਖਿਆ ਲਈ ਆਪਣੀ ਜਾਨ ਦੀ ਬਾਜ਼ੀ ਲਾ ਕੇ ਜੂਝ ਰਹੇ ਸਨ, ਉਸ ਵੇਲੇ ਕਈ ਲੋਕ ਉਨ੍ਹਾਂ ਦੇ ਵਿਰੋਧੀ ਬਣ ਗਏ ਜੋ ਆਪਣੇ ਐਸ਼-ਆਰਾਮ ਲਈ ਦੇਸ਼ ਨੂੰ ਵੇਚ ਦੇਣਾ ਚਾਹੁੰਦੇ ਸਨ। ਅਜਿਹੇ ਵੇਲੇ ਦੁਸ਼ਮਣਾਂ ਵਲੋਂ ਇਕ ਮਜਬੂਰ ਮੁੰਡੇ ਦੀ ਮਜਬੂਰੀ ਦਾ ਫ਼ਾਇਦਾ ਉਠਾਉਂਦਿਆਂ ਉਸ ਦੁਆਰਾ ਸ਼ਿਵਾਜੀ ਦੀ ਹੱਤਿਆ ਦੀ ਸਕੀਮ ਬਣਾਈ ਗਈ। ਇਕ ਰਾਤ ਸ਼ਿਵਾਜੀ ਸੌਂ ਰਹੇ ਸਨ। ਮਾਲੋਜੀ ਨਾਮੀ ਇਕ ਚੌਦਾਂ ਸਾਲਾਂ ਦਾ ਮੁੰਡਾ ਲੁਕਦਾ, ਛੁਪਦਾ ਸ਼ਿਵਾਜੀ ਦੇ ਕਮਰੇ ਵਿਚ ਪੁੱਜ ਗਿਆ ਕਿ ਤਾਨਾਜੀ ਸੈਨਾਪਤੀ ਨੇ ਉਸ ਨੂੰ ਵੇਖ ਲਿਆ। ਸੈਨਾਪਤੀ ਸਾਵਧਾਨ ਹੋ ਕੇ ਉਸ ਮੁੰਡੇ ਤੋਂ ਲੁਕਦਿਆਂ ਉਸ ਦੇ ਪਿੱਛੇ-ਪਿੱਛੇ ਪੁੱਜ ਗਏ। ਜਦੋਂ ਮਾਲੋਜੀ ਨੇ ਸ਼ਿਵਾਜੀ ਨੂੰ ਮਾਰਨ ਲਈ ਮਿਆਨ ਵਿਚੋਂ ਤਲਵਾਰ ਖਿੱਚੀ ਤਾਂ ਤਾਨਾਜੀ ਨੇ ਉਸ ਮੁੰਡੇ ਨੂੰ ਦਬੋਚ ਲਿਆ। ਰੌਲਾ ਸੁਣਕੇ ਸ਼ਿਵਾਜੀ ਦੀ ਨੀਂਦ ਖੁਲ੍ਹ ਗਈ। ਤਾਨਾਜੀ ਨੇ ਮੁੰਡੇ ਨੂੰ ਮੌਤ ਦਾ ਦੰਡ ਦੇਣ ਦੀ ਸਲਾਹ ਦਿੱਤੀ ਪਰ ਸ਼ਿਵਾਜੀ ਨੇ ਮੁੰਡੇ ਤੋਂ ਉਨ੍ਹਾਂ ਨੂੰ ਮਾਰਨ ਦਾ ਕਾਰਨ ਪੁੱਛਿਆ। ਮਾਲੋਜੀ ਨੇ ਦੱਸਿਆ ਕਿ ਉਸ ਦੀ ਮਾਂ ਬੀਮਾਰ ਹੈ ਤੇ ਪਿਤਾ ਜੀ ਦੇਸ਼ ਦੀ ਰੱਖਿਆ ਕਰਦੇ-ਕਰਦੇ ਯੁੱਧ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਸਨ। ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਤੇ ਮਾਂ ਦੇ ਇਲਾਜ ਲਈ ਉਸ ਕੋਲ ਪੈਸੇ ਨਹੀਂ ਹਨ। ਇਸ ਲਈ ਉਨ੍ਹਾਂ ਦੇ ਵਿਰੋਧੀਆਂ ਨੇ ਉਸ ਨੂੰ ਇਸ ਸ਼ਰਤ ’ਤੇ ਧਨ ਦੇਣ ਲਈ ਕਿਹਾ ਸੀ ਕਿ ਉਹ ਸ਼ਿਵਾਜੀ ਨੂੰ ਜਾਨੋਂ ਮਾਰ ਦੇਵੇ। ਤਾਨਾਜੀ ਗੁੱਸੇ ਵਿੱਚ ਆ ਕੇ ਉਸ ਮੁੰਡੇ ਨੂੰ ਮਾਰਨ ਲੱਗੇ ਪਰ ਮੁੰਡੇ ਨੇ ਮਰਨ ਲਈ ਉਸ ਰਾਤ ਦੀ ਮੋਹਲਤ ਮੰਗੀ ਤਾਂ ਕਿ ਮਾਂ ਨੂੰ ਮਿਲ ਕੇ ਸਵੇਰੇ ਮਰਨ ਲਈ ਵਾਪਸ ਆ ਸਕੇ। ਬੱਚੇ ਦੀ ਦਲੇਰੀ ਤੇ ਨਿਡਰਤਾ ਵੇਖ ਕੇ ਸ਼ਿਵਾਜੀ ਨੇ ਮੁੰਡੇ ਨੂੰ ਮਾਂ ਦੀ ਸੇਵਾ ਕਰਕੇ ਤੇ ਅਸ਼ੀਰਵਾਦ ਲੈ ਕੇ ਸਵੇਰੇ ਮੁੜ ਆਉਣ ਦੀ ਆਗਿਆ ਦੇ ਦਿੱਤੀ। ਉਸੇ ਤਰ੍ਹਾਂ ਹੋਇਆ ਬੱਚਾ ਸਵੇਰੇ ਦਰਬਾਰ ਵਿੱਚ ਹਾਜ਼ਰ ਹੋ ਗਿਆ। ਉਸ ਨੂੰ ਵੇਖ ਕੇ ਸ਼ਿਵਾਜੀ ਹੈਰਾਨ ਹੋ ਗਏ। ਦਰਬਾਰ ਵਿੱਚ ਹਾਜ਼ਰ ਹੋ ਕੇ ਉਸ ਬਾਲਕ ਨੇ ਜਿਹੜੇ ਬਚਨ ਸ਼ਿਵਾਜੀ ਨੂੰ ਕਹੇ ਉਨ੍ਹਾਂ ਨੂੰ ਸੁਣ ਕੇ ਸ਼ਿਵਾਜੀ ਦਾ ਮਨ ਭਰ ਆਇਆ। ਉਨ੍ਹਾਂ ਉਸ ਬਾਲਕ ਨੂੰ ਕਿਹਾ ਕਿ ਉਸ ਵਰਗੇ ਸੱਚੇ, ਸੁੱਚੇ ਤੇ ਬਹਾਦਰ ਨੌਜਵਾਨਾਂ ਦੀ ਤਾਂ ਦੇਸ਼ ਨੂੰ ਬਹੁਤ ਲੋੜ ਹੈ, ਇਸ ਲਈ ਉਹ ਉਸ ਨੂੰ ਆਪਣੇ ਨਾਲ ਹੀ ਰੱਖਣਗੇ। ਇਸ ਤਰ੍ਹਾਂ ਮਾਂ ਵਲੋਂ ਦਿੱਤੀ ਸਿੱਖਿਆ ਅਨੁਸਾਰ ਦੂਜੇ ਦੇ ਗੁਣਾਂ ਦਾ ਮੁੱਲ ਪਾਉਣ ਵਾਲੇ ਸ਼ਿਵਾਜੀ! ਸਾਹਮਣੇ ਖੜ੍ਹੇ ਦੁਸ਼ਮਣ ਦੇ ਵੀ ਸਦਗੁਣ ਦੇਖਦੇ ਤੇ ਪ੍ਰਭਾਵ ਗ੍ਰਹਿਣ ਕਰਦੇ ਸਨ।
ਮਾਂ ਜੀਜਾ ਬਾਈ ਨਾਲ ਆਲੇ-ਦੁਆਲੇ ਦੇ ਇਲਾਕਿਆਂ ਵਿਚ ਘੁੰਮ-ਫਿਰ ਕੇ ਸ਼ਿਵਾਜੀ ਨੇ ਨਿੱਜੀ ਪੱਧਰ ’ਤੇ ਜਾਣਕਾਰੀ ਪ੍ਰਾਪਤ ਕੀਤੀ ਤੇ ਸਥਾਨਕ ਲੋਕਾਂ ਵਿਚ ਰਹਿ ਕੇ ਛੇਤੀ ਹੀ ਹਰਮਨਪਿਆਰੇ ਹੋ ਗਏ। ਮਾਂ ਵਲੋਂ ਦਿੱਤੀ ਸਿੱਖਿਆ ਰਾਹੀਂ ਉਹ ਉਸ ਯੁੱਗ ਦੇ ਵਾਤਾਵਰਨ ਤੇ ਘਟਨਾਵਾਂ ਨੂੰ ਭਲੀ-ਪ੍ਰਕਾਰ ਸਮਝਣ ਲੱਗ ਪਏ ਸਨ। ਮਾਂ ਵਲੋਂ ਦਿੱਤੇ ਸੰਸਕਾਰਾਂ ਕਾਰਨ ਸ਼ਿਵਾਜੀ ਨੇ ਛੋਟੀ ਉਮਰ ਵਿੱਚ ਹੀ ਸੈਨਾ ਦਾ ਗਠਨ ਕਰਕੇ ਕਈ ਕਿਲ੍ਹੇ ਜਿੱਤ ਲਏ ਸਨ। ਉਸ ਨੇ ਉਨੀ ਸਾਲਾਂ ਦੀ ਉਮਰ ਵਿਚ ਪੂਨਾ ਦੇ ਨੇੜੇ ਆਪਣੇ ਵਿਸ਼ਵਾਸੀ ਲੋਕਾਂ ਨੂੰ ਸੰਗਠਿਤ ਕੀਤਾ ਤੇ ਤੀਰਣ ’ਤੇ ਕਬਜ਼ਾ ਕਰਕੇ ਆਪਣਾ ਜੀਵਨ-ਕ੍ਰਮ ਸ਼ੁਰੂ ਕੀਤਾ। ਹੌਲੀ ਹੌਲੀ ਉਸ ਦਾ ਵਿਦੇਸ਼ੀ ਸ਼ਾਸਨ ਦੀਆਂ ਬੇੜੀਆਂ ਤੋੜਨ ਦਾ ਸੰਕਲਪ ਦ੍ਰਿੜ੍ਹ ਹੁੰਦਾ ਗਿਆ। ਉਸ ਨੇ ਕਈ ਵਰ੍ਹੇ ਔਰੰਗਜ਼ੇਬ ਦੇ ਮੁਗਲ ਸਾਮਰਾਜ ਨਾਲ ਸੰਘਰਸ਼ ਕੀਤਾ।
ਜੀਜਾ ਬਾਈ ਨੇ ਰਾਜ ਦਾ ਪ੍ਰੁਬੰਧ ਖੁਦ ਸੰਭਾਲਿਆ। ਇਕ ਵਾਰੀ ਬੀਜਾਪੁਰ ਦੇ ਸਰਦਾਰ ਨੇ ਪਨਹਾਲਾ ਦੁਰਗ ਨੂੰ ਘੇਰਾ ਪਾ ਲਿਆ। ਸ਼ਿਵਾਜੀ ਅੰਦਰ ਸਨ ਪਰ ਬਾਹਰ ਨਿਕਲਣ ਦਾ ਰਾਹ ਹੀ ਨਹੀਂ ਸੀ। ਸੈਨਾਪਤੀ ਘੇਰਾ ਤੋੜ ਕੇ ਦੁਰਗ ਤਕ ਪਹੁੰਚਣ ਦੀ ਕੋਸ਼ਿਸ਼ ਨਹੀਂ ਸਨ ਕਰ ਰਹੇ। ਇਹ ਦੇਖ ਕੇ ਜੀਜਾ ਬਾਈ ਰੋਹ ਤੇ ਜੋਸ਼ ਵਿਚ ਆ ਗਈ। ਉਸ ਨੇ ਸੈਨਾਪਤੀ ਨੂੰ ਕਠੋਰ ਸ਼ਬਦਾਂ ਵਿਚ ਕਿਹਾ, ‘‘ਰਾਜਾ ਕਿਲ੍ਹੇ ਵਿਚ ਹੈ ਅਤੇ ਤੁਸੀਂ ਸੈਨਾਪਤੀ ਹੋ ਕੇ ਦੁਸ਼ਮਣ ਦੇ ਡਰੋਂ ਪਿੱਛੇ ਹਟ ਰਹੇ ਹੋ? ਇਹ ਕਾਇਰਤਾ ਹੈ। ਮੈਂ ਖ਼ੁਦ ਘੇਰਾ ਤੋੜਨ ਲਈ ਜਾ ਰਹੀ ਹਾਂ।” ਆਜ਼ਾਦੀ ਦੀ ਸਥਾਪਨਾ ਲਈ ਪੁੱਤਰ ਦੀ ਪ੍ਰੇਰਕ ਬਣਨ ਵਾਲੀ ਤੇ ਉਸ ਦੇ ਜੀਵਨ ਦੀ ਦਿਸ਼ਾ ਨਿਰਧਾਰਤ ਕਰਨ ਵਾਲੀ ਮਾਤਾ ਜੀਜਾਬਾਈ ਆਪ ਵੀ ਸਵਰਾਜ/ ਆਜ਼ਾਦੀ ਦੀ ਦੇਵੀ ਸੀ।
ਸੋ, ਹਰ ਮਾਂ ਨੂੰ ਜੀਜਾ ਬਾਈ ਵਾਂਗ ਆਦਰਸ਼ਕ ਮਾਂ ਬਣ ਕੇ ਬੱਚਿਆਂ ਦੀ ਅਗਵਾਈ ਕਰਨੀ ਚਾਹੀਦੀ ਹੈ। ਮਾਂ ਦਾ ਅਸ਼ੀਰਵਾਦ ਹਮੇਸ਼ਾ ਰੱਖਿਆ-ਕਵਚ ਬਣ ਕੇ ਇਨਸਾਨ ਦੀ ਰੱਖਿਆ ਕਰਦਾ ਹੈ ਤੇ ਹਰ ਮੁਸ਼ਕਿਲ ਤੋਂ ਬਚਾਉਂਦਾ ਹੈ।
 
Top