bapu da laadla
VIP
ਲੇਖਕ- ਡਾ:ਸੁਖਪ੍ਰੀਤ ਸਿੰਘ ਉਦੋਕੇ, ਐਡੀਟਰ ਇਨ ਚੀਫ ਪੰਜਾਬ ਸਪੈਕਟ੍ਰਮ
ਜਦੋਂ ਮੋਹਨਦਾਸ ਕਰਮ ਚੰਦ ਗਾਂਧੀ ਨੂੰ ‘ਰਾਸ਼ਟਰ ਪਿਤਾ' ਆਖ ਸੰਬੋਧਿਤ ਕੀਤਾ ਜਾਂਦਾ ਹੈ ਤਾਂ ਮਾਨਸਿਕ ਸਤਹ ਉਪਰ ਇਕ ਸਵਾਲ ਜ਼ਰੂਰ ਜਨਮ ਲੈਂਦਾ ਹੈ ਕਿ ਕੀ ਗਾਂਧੀ ਜੀ ਸਚਮੁੱਚ ਰਾਸ਼ਟਰ ਪਿਤਾ ਸਨ? ਕਿਉਂਕਿ ਉਨ੍ਹਾਂ ਦੀਆਂ ਨੀਤੀਆਂ ਦੇ ਮੱਦੇਨਜ਼ਰ ਗਾਂਧੀ ਨੂੰ ਹਿੰਦੂਤਵ ਦਾ ਪਿਤਾ ਤਾਂ ਕਿਹਾ ਜਾ ਸਕਦਾ ਹੈ, ਪਰੰਤੂ ਰਾਸ਼ਟਰ ਪਿਤਾ ਨਹੀਂ। ਉਸ ਨੇ ਵਾਪਰ ਰਹੀ ਹਰ ਘਟਨਾ ਅਤੇ ਵਰਤਾਰੇ ਨੂੰ ਹਿੰਦੂਵਾਦੀ ਦ੍ਰਿਸ਼ਟੀਕੋਣ ਤੋਂ ਹੀ ਤੱਕਿਆ ਨਾ ਕਿ ਸਮੁੱਚੇ ਭਾਰਤੀ ਦ੍ਰਿਸ਼ਟੀਕੋਣ ਤੋਂ।
ਉਹ ਹਿੰਦੂ ਆਦਰਸ਼ਾਂ ਦਾ ਪੱਕਾ ਧਾਰਨੀ ਸੀ ਅਤੇ ਉਸ ਦੇ ਰਾਜਨੀਤਕ ਦਰਸ਼ਨ ਦੇ ਆਧਾਰ ਤਿਆਗ ਅਤੇ ਅਹਿੰਸਾ ਵੀ ਪ੍ਰਾਚੀਨ ਹਿੰਦੂਤਵੀ ਵਿਚਾਰਧਾਰਾ ਦੀ ਨਵੀਂ ਰੰਗਤ ਸੀ। ਇਸ ਵਿਚ ਕੋਈ ਸ਼ੱਕ ਨਹੀਂ ਜੇਕਰ ਗਾਂਧੀ ਦਾ ਨਜ਼ਰੀਆ ਹਿੰਦੂਵਾਦੀ ਦੀ ਜਗ੍ਹਾ ਭਾਰਤੀ ਦ੍ਰਿਸ਼ਟੀਕੋਣ ਤੋਂ ਹੁੰਦਾ ਤਾਂ ਭਾਰਤ ਵਿਚ ਐਸਾ ਰਾਜਸੀ, ਸਮਾਜੀ ਅਤੇ ਆਰਥਿਕ ਇਨਕਲਾਬ ਆ ਜਾਣਾ ਸੀ, ਜਿਸ ਨੇ ਭਾਰਤੀਆਂ ਅੰਦਰ ਚੇਤਨਤਾ ਦਾ ਪ੍ਰਕਾਸ਼ ਕਰਕੇ ਅਗਿਆਨ ਅੰਧੇਰ ਰੂਪੀ ਬਿਪਰਵਾਦ ਦੀਆਂ ਜੜ੍ਹਾਂ ਹਿਲਾ ਦੇਣੀਆਂ ਸਨ। ਪਰੰਤੂ ਗਾਂਧੀ ਨੇ ਐਸਾ ਚੇਤਨਤਾ ਭਰਪੂਰ ਇਨਕਲਾਬ ਲਿਆਉਣ ਦੀ ਜਗ੍ਹਾ ਆਪਣਾ ਸਾਰਾ ਜ਼ੋਰ ਹਿੰਦੂਤਵ ਨੂੰ ਬਚਾਉਣ ਅਤੇ ਚੇਤਨ ਪ੍ਰਕਾਸ਼ੀ ਸ਼ਕਤੀ ਨੂੰ ਦਹਿਸ਼ਤਪਸੰਦ ਦਰਸਾਉਣ ਉਪਰ ਹੀ ਕੇਂਦਰਿਤ ਕਰ ਰੱਖਿਆ।
ਗਾਂਧੀ ਜਨਮ ਤੋਂ ਜ਼ਾਤ ਦੇ ਸਿਧਾਂਤ ਦਾ ਧਾਰਨੀ ਸੀ ਅਤੇ ਇਸ ਕਰਕੇ ਹੀ ਹਿੰਦੂਤਵ ਦੇ ਜਾਤੀਵਾਦ ਅਧਾਰਿਤ ਗ੍ਰੰਥਾਂ ਅਤੇ ਅਸੂਲਾਂ ਵਿਚ ਉਸ ਦਾ ਅਤੁੱਟ ਵਿਸ਼ਵਾਸ ਸੀ। ਉਹ ਬੜੇ ਮਾਣ ਨਾਲ ਆਪਣੇ ਆਪ ਨੂੰ ਸਨਾਤਨੀ ਹਿੰਦੂ ਆਖਿਆ ਕਰਦਾ ਸੀ। ਵੇਦਾਂ, ਉਪਨਿਸ਼ਦਾਂ, ਸਿਮਰਤੀਆਂ ਵਿਚ ਗਾਂਧੀ ਦਾ ਪੂਰਨ ਵਿਸ਼ਵਾਸ ਸੀ ਅਤੇ ਇਹ ਕਾਰਨ ਸੀ ਕਰਮਚੰਦ ਗਾਂਧੀ ਨੇ ਦੱਖਣੀ ਅਫਰੀਕਾ ਦੇ ਆਪਣੇ ਲੰਬੇ ਅਨੁਭਵ ਨਾਲ ਘੱਟ ਤੋਂ ਘੱਟ ‘ਹਿੰਦ ਸਵਰਾਜ' (ਗਾਂਧੀ ਲਿਖਤ ਪੁਸਤਕ) ਪੁਸਤਕ ਲਿਖਣ ਦੇ ਸਮੇਂ ਤਕ ਉਸ ਨੇ ਆਪ ਦੇ ਲੰਬੇ-ਲੰਬੇ ਰਾਜਨੀਤਕ ਵਿਚਾਰਾਂ ਦੀ ਧਾਰਮਿਕ ਅੰਧ ਵਿਸ਼ਵਾਸ ਨਾਲ ਪੱਟੀ ਬੰਨ੍ਹਣ ਦੀ ਕਲਾ ਉਸ ਨੇ ਭਲੀ ਭਾਂਤ ਸਿਖ ਲਈ ਸੀ ਅਤੇ ਹਿੰਦੁਸਤਾਨ ਨੂੰ ਪ੍ਰਯੋਗਸ਼ਾਲਾ ਸਮਝ ਉਸ ਨੇ ਇਸ ਨੂੰ ਪਰਖਿਆ ਅਤੇ ਵਿਕਸਤ ਕੀਤਾ। ਬੇਸ਼ਕ ਇਸ ਨੂੰ ਗੁਣ ਹੀ ਸਮਝਿਆ ਜਾਵੇ ਕਿਉਂਕਿ ਇਸ
ਕਲਾ ਸਦਕਾ ਹੀ ਉਹ ਇਕ ਨੇਤਾ ਬਣਿਆ।
ਸਿੱਖਾਂ ਪ੍ਰਤੀ ਗਾਂਧੀ ਦੀ ਨੀਤੀ
ਪਹਿਲੀ ਸੰਸਾਰ ਜੰਗ ਤੋਂ ਬਾਅਦ ਗਾਂਧੀ ਕੇਵਲ ਹਿੰਦੁਸਤਾਨ (ਅਫ਼ਰੀਕਾ ਤੋਂ) ਆਪਣੇ ਸਤਿਆਗ੍ਰਹਿ ਅਤੇ ਨਾ-ਮਿਲਵਰਤਣ ਦੇ ਤਜਰਬਿਆਂ ਲਈ ਹੀ ਆਇਆ ਸੀ। (ਬੇਸ਼ਕ ਕਿ ਗਾਂਧੀ ਦਾ ਨਾ-ਮਿਲਵਰਤਣ ਬਾਬਾ ਰਾਮ ਸਿੰਘ ਦੇ ਨਾ-ਮਿਲਵਰਤਣ ਦੀ ਹੀ ਨਕਲ ਸੀ, ਸਗੋਂ ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਬਾਬਾ ਰਾਮ ਸਿੰਘ ਦੁਆਰਾ ਸ਼ੁਰੂ ਕੀਤਾ ਨਾ-ਮਿਲਵਰਤਣ ਉਂਚ ਕੋਟੀ ਦਾ ਅੰਦੋਲਨ ਸੀ ਕਿਉਂਕਿ ਉਨ੍ਹਾਂ ਨੇ ਜਿਥੇ ਨਾ-ਮਿਲਵਰਤਣ ਆਰੰਭ ਕੀਤੀ, ਨਾਲ ਹੀ ਸਮਰੂਪ ਆਪਣਾ ਇਕ ਵੱਖਰਾ ਤੰਤਰ ਵੀ ਕਾਇਮ ਕੀਤਾ ਸੀ, ਜਦੋਂ ਕਿ ਗਾਂਧੀ ਜੀ ਸਰਕਾਰੀ ਤੰਤਰ 'ਤੇ ਨਿਰਭਰ ਰਹੇ।) ਸਿੱਖ ਵੀਹਵੀਂ ਸਦੀ ਦੇ ਆਰੰਭ ਵਿਚ ਹੀ ਗੁਰਦੁਆਰਾ ਸੁਧਾਰ ਲਹਿਰ ਦੇ ਰੂਪ ਵਿਚ ਅੰਦੋਲਨ ਆਰੰਭ ਕਰ ਚੁੱਕੇ ਸਨ ਅਤੇ ਦੂਸਰੇ ਪਾਸੇ ਵਿਦੇਸ਼ਾਂ ਵਿਚ (ਅਮਰੀਕਾ ਅਤੇ ਕੈਨੇਡਾ) ਵੀ ਸਿੱਖਾਂ ਨੇ ਗ਼ਦਰ ਪਾਰਟੀ ਦੀ ਅਗਵਾਈ ਹੇਠ ਸੰਘਰਸ਼ ਵਿੱਢ ਦਿੱਤਾ ਸੀ। ਗਾਂਧੀ ਸਭ ਤੋਂ ਪਹਿਲਾਂ ਸਿੱਖਾਂ ਨੂੰ ਆਪਣੀ ਨੀਤੀ ਦੇ ਖੰਭਾਂ ਹੇਠ ਲੈਣਾ ਚਾਹੁੰਦਾ ਸੀ, ਭੋਲੇ-ਭਾਲੇ ਸਿੱਖ ਲੀਡਰ ਉਸ ਦੀ ਕੂਟਨੀਤਕ ਚਾਲ ਸਮਝ ਨਾ ਸਕੇ। ਬੇਸ਼ਕ ਕਿ ਗੁ: ਸੁਧਾਰ ਲਹਿਰ ਗਾਂਧੀ ਦੇ ਦਿਮਾਗ ਦੀ ਉਪਜ ਨਹੀਂ ਸੀ, ਪਰੰਤੂ ਗਾਂਧੀ ਇਸ ਲਹਿਰ ਨਾਲ ਹਮਦਰਦੀ ਦਿਖਾ ਸਿੱਖਾਂ ਨੂੰ ਆਪਣੇ ਨਾ-ਮਿਲਵਰਤਣ ਅੰਦੋਲਨ (ਭਾਵ ਕਿ ਅੰਗਰੇਜ਼ ਦੀ ਗ਼ੁਲਾਮੀ ਤੋਂ ਬਿਪਰਵਾਦ ਦੀ ਗ਼ੁਲਾਮੀ) ਨਾਲ ਜੋੜਨਾ ਚਾਹੁੰਦਾ ਸੀ, ਇਹ ਉਸ ਦੀ ਰਾਜਨੀਤਕ ਜਾਦੂਗਰੀ ਸੀ। ਗੁਰਦੁਆਰਾ ਸੁਧਾਰ ਲਹਿਰ ਸਮੇਂ ਜਿਉਂ ਜਿਉਂ ਹੀ ਉਸ ਦਾ ਸੰਬੰਧ ਸਿੱਖ ਲੀਡਰਾਂ ਨਾਲ ਬਣਿਆ, ‘ਸਿੱਖ ਲੀਡਰਾਂ' ਦੀ ਮਿਹਰਬਾਨੀ ਸਕਦਾ ਗੁ: ਸੁਧਾਰ ਲਹਿਰ ਉਸ ਦੀਆਂ ਨੀਤੀਆਂ 'ਤੇ ਹੀ ਚੱਲਣ ਲੱਗੀ। ਇਥੋਂ ਤਕ ਕਿ ਗੁਰਦੁਆਰਾ ਸੁਧਾਰ ਲਹਿਰ ਵਿਚ ਸਿੱਖ ਅਹਿੰਸਕਾਂ ਵੱਲੋਂ ਚੁੱਕੀ ਜਾਂਦੀ ਸਹੁੰ ਵੀ ਉਸ ਦੇ ਦਿਮਾਗ ਦੀ ਉਪਜ ਸੀ। ਨਨਕਾਣਾ ਸਾਹਿਬ ਦੇ ਸਾਕੇ ਮੌਕੇ ਗਾਂਧੀ ਨੇ ਸਿੱਖਾਂ ਨੂੰ ਆਪਣੇ ਖੰਭਾਂ ਹੇਠ ਲੈਣ ਲਈ ਵਧੀਆ ਅਵਸਰ ਦੇ ਤੌਰ 'ਤੇ ਚੁਣਿਆ। ਇਸ ਮਕਸਦ ਵਿਚ ਉਹ ਕਾਮਯਾਬ ਵੀ ਹੋਇਆ ਅਤੇ ਸਾਕਾ ਨਨਕਾਣਾ ਸਾਹਿਬ ਉਸ ਨੂੰ ਸਤਿਆਗ੍ਰਹਿ ਅਤੇ ਅਹਿੰਸਾਵਾਦੀ ਅੰਦੋਲਨ ਦੀ ਪ੍ਰਯੋਗਸ਼ਾਲਾ ਹੀ ਨਜ਼ਰ ਆਇਆ। ਉਸ ਦੀ ਕੂਟਨੀਤੀ ਨਾ ਸਮਝਦੇ ਹੋਏ ਸਿੱਖ ਲੀਡਰ ਉਸ ਵੱਲ ਖਿੱਚੇ ਗਏ। ਉਹ ਸਮਝਦੇ ਸਨ ਗਾਂਧੀ ਗੁਰਦੁਆਰਾ ਸੁਧਾਰ ਲਹਿਰ ਵਿਚ ਉਨ੍ਹਾਂ ਦਾ ਪੂਰਾ ਸਾਥ ਦੇ ਰਿਹਾ ਹੈ, ਪਰੰਤੂ ਗਾਂਧੀ ਉਨ੍ਹਾਂ ਨੂੰ ਨਾ-ਮਿਲਵਰਤਣ ਅੰਦੋਲਨ ਲਈ ਵਰਤ ਰਿਹਾ ਸੀ ਕਿਉਂਕਿ ਅੰਗਰੇਜ਼ ਗੁਣਵਤਾ ਦੇ ਆਧਾਰ 'ਤੇ ਸਿੱਖਾਂ ਦੀ ਬੜੀ ਕਦਰ ਕਰਦੇ ਸਨ। ਬਹਾਦਰੀ ਦੇ ਸਦਕਾ ਹੀ ਅੰਗਰੇਜ਼ਾਂ ਨੇ ਸਿੱਖਾਂ ਨੂੰ ਫ਼ੌਜ ਅੰਦਰ ਵਿਸ਼ੇਸ਼ ਜਗ੍ਹਾ ਦਿੱਤੀ ਹੋਈ ਸੀ। ਸਿੱਖਾਂ ਦੀਆਂ ਧਾਰਮਿਕ ਪਰੰਪਰਾਵਾਂ ਦੀ ਅੰਗਰੇਜ਼ ਪੂਰੀ ਕਦਰ ਕਰਦੇ ਸਨ। ਸਿੱਖਾਂ ਦੀ ਬਹਾਦਰੀ ਦਾ ਹੀ ਨਤੀਜਾ ਸੀ ਕਿ ਆਬਾਦੀ ਪੱਖੋਂ 1.5% ਹੁੰਦੇ ਹੋਏ ਵੀ ਸਿੱਖਾਂ ਦੀ ਫ਼ੌਜ ਵਿਚ ਭਰਤੀ ਦਾ ਅਨੁਪਾਤ 30% ਸੀ। ਗਾਂਧੀ ਸਿੱਖਾਂ ਅਤੇ ਅੰਗਰੇਜ਼ਾਂ ਦੇ ਮਿਲਣ-ਵਰਤਣ ਨੂੰ ਤੋੜਨਾ ਚਾਹੁੰਦਾ ਸੀ, ਸੋ ਗਾਂਧੀ ਨੇ ਹੌਲੀ-ਹੌਲੀ ਸਿੱਖਾਂ ਨੂੰ ਨਾ-ਮਿਲਵਰਤਣ ਅੰਦੋਲਨ ਵਿਚ ਸ਼ਾਮਲ ਕਰਕੇ ਅੰਗਰੇਜ਼ਾਂ ਨਾਲੋਂ ਤੋੜ ਦਿੱਤਾ, ਪਰੰਤੂ ਖੁਦ ਸਰਕਾਰ ਦਾ ਚਹੇਤਾ ਬਣਿਆ ਰਿਹਾ।
ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਨਾਮਕ ਕਿਤਾਬ ਦੇ ਲੇਖਕ ਡਾ. ਹਰਜਿੰਦਰ ਸਿੰਘ ਦਿਲਗੀਰ ਲਿਖਦੇ ਹਨ:
‘‘ਸਰਕਾਰ ਨਾਲ ਨਾ-ਮਿਲਵਰਤਣ ਕਰਨ ਦਾ ਮਤਾ ਪਾਸ ਕਰਾਉਣ ਲਈ ਸਿੱਖਾਂ ਨੂੰ ਉਕਸਾਉਣ ਵਿਚ ਗਾਂਧੀ ਸਭ ਤੋਂ ਅੱਗੇ ਸੀ। ਪਰ ਇਸ ਗ਼ਲਤ ਕਦਮ ਦਾ ਖਮਿਆਜ਼ਾ ਸਿੱਖਾਂ ਨੂੰ ਬਹੁਤ ਭੁਗਤਣਾ ਪਿਆ। ਇਸ ਦਿਨ ਤੋਂ ਲੈ ਕੇ 1947 ਈ: ਤਕ ਅੰਗਰੇਜ਼ਾਂ ਨੇ ਸਿੱਖਾਂ ਨਾਲ ਹਮੇਸ਼ਾ ਜ਼ਿਆਦਤੀ ਕੀਤੀ। ਦੂਜੇ ਪਾਸੇ ਮੁਸਲਮਾਨ ਆਗੂਆਂ ਨੇ ਅੰਗਰੇਜ਼ਾਂ ਨਾਲ ਮਿਲਵਰਤਣ ਬਣਾਈ ਰੱਖਿਆ ਅਤੇ ਹਰ ਮੌਕੇ ਦਾ ਫਾਇਦਾ ਉਠਾ
ਸ਼੍ਰੋਮਣੀ ਅਕਾਲੀ ਦਲ ਪੰਨਾ-70
ਸੋ ਗਾਂਧੀ ਦੇ ਢਹੇ ਚੜ੍ਹੇ ਸਿੱਖ ਲੀਡਰ ਅੰਗਰੇਜ਼ਾਂ ਨਾਲੋਂ ਮਿਲਵਰਤਣ ਛੱਡ ਕੇ ਕੌਮ ਵਾਸਤੇ ਕੋਈ ਸਹੀ ਸਮੇਂ ਦਾ ਸਹੀ ਫਾਇਦਾ ਦਾ ਨਾ ਉਠਾ ਸਕੇ। ਅੰਗਰੇਜ਼ ਤਾਂ ਸਿੱਖਾਂ ਨੂੰ ਹਿੰਦੂ ਅਤੇ ਮੁਸਲਮਾਨਾਂ ਵਾਂਗ ਤੀਸਰੀ ਕੌਮ ਗਿਣਦੇ ਸਨ, ਇਥੋਂ ਤਕ ਕਿ ਅੰਗਰੇਜ਼ ਅਧਿਕਾਰੀ ਤਾਂ ਦਿਲੋਂ ਚਾਹੁੰਦੇ ਸਨ ਕਿ ਜੇਕਰ ਦੇਸ਼ ਦਾ ਬਟਵਾਰਾ ਹੋਣਾ ਹੀ ਹੈ ਤਾਂ ਹਿੰਦੂਆਂ ਦੇ ਭਾਰਤ ਅਤੇ ਮੁਸਲਮਾਨਾਂ ਦੇ ਪਾਕਿਸਤਾਨ ਵਿਕਚਾਰ ਸਿੱਖਾਂ ਦੀ ਵੀ ਇਕ ਅੱਡਰੀ ਸਿੱਖ ਸਟੇਟ ਕਾਇਮ ਹੋ ਜਾਵੇ, ਪਰੰਤੂ ਗਾਂਧੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਸਿੱਖ ਲੀਡਰ ਇਹ ਮੌਕਾ ਹੱਥੋਂ ਗਵਾ ਬੈਠੇ। ਸਿੱਖਾਂ ਦੀ ਇਸ ਦੁਰਦਸ਼ਾ ਬਾਰੇ ਅੰਗਰੇਜ਼ ਲੋਨਾਰਡ ਮੋਸਲੇ ਲਿਖਦਾ ਹੈ, ‘‘ਕੀ ਕੋਈ ਐਸੀ ਗੱਲ ਹੈ ਕਿ ਸਿੱਖ ਵੀ ਦੂਰ ਅੰਦੇਸ਼ ਹੋ ਸਕਦਾ ਹੈ।" ਦਰਅਸਲ ਸਿੱਖ ਇਹ ਗੱਲ ਸਮਝਣ ਤੋਂ ਹੀ ਅਸਮਰੱਥ ਰਹੇ ਕਿ ਗਾਂਧੀ ਦੀ ਨੀਤੀ ਹੀ ਸਿੱਖਾਂ ਦੀ ਵੱਖਰੀ ਹੋਂਦ ਦਾ ਖ਼ਾਤਮਾ ਹੈ, ਜੇਕਰ ਡਾ. ਅੰਬੇਦਕਰ ਦੇ ਸਿੱਖ ਸਜਣ ਦੇ ਪੱਖ ਨੂੰ ਵੀ ਵੇਖਿਆ ਜਾਵੇ ਤਾਂ ਗਾਂਧੀ ਦੀ ਸਿੱਖਾਂ ਪ੍ਰਤੀ ਨੀਤੀ ਨੂੰ ਸਮਝਣ ਵਿਚ ਕਾਫ਼ੀ ਸਹਾਇਕ ਹੈ। ਸਿੱਖ ਧਰਮ ਧਾਰਨ ਕਰਨ ਦੀ ਇੱਛਾ ਜ਼ਾਹਰ ਕਰਦਿਆਂ ਡਾ: ਅੰਬੇਦਕਰ ਨੇ ਕਿਹਾ, ‘‘ਜੇਕਰ ਨੀਵੀਆਂ ਜ਼ਾਤੀਆਂ ਸਿੱਖ ਸੱਜ ਜਾਣ ਤਾਂ ਉਹ ਦੇਸ਼ ਦੀ ਕਿਸਮਤ ਵਿਗਾੜਨ ਦੀ ਜਗ੍ਹਾ ਕਿਸਮਤ ਬਣਾਉਣ ਵਿਚ ਸਹਾਈ ਹੋਣਗੀਆਂ। .....ਸੋ ਇਹ ਦੇਸ਼ ਦੇ ਹਿੱਤ ਵਿਚ ਹੈ ਕਿ ਜੇਕਰ ਨੀਵੀਆਂ ਸ਼੍ਰੇਣੀਆਂ ਨੇ ਧਰਮ ਬਦਲਣਾ ਹੀ ਹੈ ਤਾਂ ਉਨ੍ਹਾਂ ਨੂੰ ਸਿੱਖ ਧਰਮ ਵਿਚ ਹੀ ਜਾਣਾ ਚਾਹੀਦਾ ਹੈ।"
ਪਰੰਤੂ ਗਾਂਧੀ ਨੂੰ ਅਛੂਤਾਂ ਦਾ ਸਿੱਖ ਬਣ ਜਾਣਾ ਵੀ ਪਸੰਦ ਨਹੀਂ ਸੀ, ਸੋ ਉਸ ਨੇ ਇਸ ਧਰਮ ਪਰਿਵਰਤਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਹਿੰਦੂਆਂ ਲਈ ਆਤਮ ਹੱਤਿਅਕ ਹੈ। ਗਾਂਧੀ ਨੇ ਆਪਣੇ ਵਿਸ਼ਵਾਸੀ ਸਾਥੀ ਗੋਬਿੰਦ ਵਲਬ ਪੰਤ ਰਾਹੀਂ ਇਸ ਤਜਵੀਜ਼ ਨੂੰ ਰੋਕਣ ਲਈ ਅਛੂਤਾਂ ਨੂੰ ਧਮਕੀ ਦਿੱਤੀ ਕਿ ਹਰੀਜਨ ਐਸਾ ਕਿਸੇ ਹਾਲਤ ਵਿਚ ਨਹੀਂ ਕਰ ਸਕਦੇ। ਗਾਂਧੀ ਨੇ ਪੰਡਤ ਮਦਨ ਮੋਹਨ ਮਾਲਵੀਆ (ਜੋ ਕਿ ਗਵਰਨਰ ਜਨਰਲ ਦੀ ਕੈਬਨਿਟ ਦਾ ਮੈਂਬਰ ਸੀ) ਰਾਹੀਂ ਸਰਕਾਰ 'ਤੇ ਜ਼ੋਰ ਪਾਇਆ ਕਿ ਅਛੂਤਾਂ ਨੂੰ ਵਿਸ਼ੇਸ਼ ਹਕੂਕ ਦਿੱਤੇ ਜਾਣ ਅਤੇ ਉਸ ਨੇ ਮਰਨ ਵਰਤ ਵੀ ਰੱਖ ਦਿੱਤਾ। ਇਕ ਹੋਰ ਚਾਲ ਖੇਡਦਿਆਂ ਗਾਂਧੀ ਨੇ ਅਛੂਤਾਂ ਨੂੰ ਧਮਕੀ ਦਾ ਸੰਕੇਤ ਵੀ ਦਿੱਤਾ ਕਿ ਜੇਕਰ ਉਨ੍ਹਾਂ ਸਿੱਖ ਧਰਮ ਧਾਰਨ ਕੀਤਾ ਤਾਂ ਪੂਨਾ ਸੰਧੀ ਅਧੀਨ ਦਿੱਤੀਆਂ ਖਾਸ ਰਿਆਇਤਾਂ ਉਨ੍ਹਾਂ ਤੋਂ ਵਾਪਸ ਲੈ ਲਈਆਂ
ਜਾਣਗੀਆਂ। ਡਾ. ਅੰਬੇਦਕਰ ਦੀ ਇਸ ਧਰਮ ਤਬਦੀਲੀ ਦੀ ਯੋਜਨਾ ਨੂੰ ਖ਼ਤਮ ਕਰਨ ਲਈ ਗਾਂਧੀ ਨੇ ਉਕਸਾ ਕੇ ਕਈ ਅੰਬੇਦਕਰ ਦੇ ਹਮਾਇਤੀ ਵੀ ਆਪਣੇ ਨਾਲ ਮਿਲਾ ਲਏ, ਸਿੱਟੇ ਵਜੋਂ ਅੰਬੇਦਕਰ ਦੀ ਸਿੱਖ ਧਰਮ ਧਾਰਨ ਕਰਨ ਦੀ ਖਾਹਿਸ਼ ਧਰੀ ਧਰਾਈ ਰਹਿ ਗਈ ਤੇ ਗਾਂਧੀ ਦੇ ਇਸ ‘ਮਹਾਂਵਾਕ' ਤੋਂ ਵੀ ਸਿੱਖ ਲੀਡਰਸ਼ਿਪ ਗਾਂਧੀ ਦੀ ਸਿੱਖਾਂ ਪ੍ਰਤੀ ਈਰਖਾਵਾਦੀ ਸੋਚ ਦਾ ਅੰਦਾਜਾ ਨਾ ਲਗਾ ਸਕੀ ਕਿ:
‘‘ਇਹ ਬਹੁਤ ਚੰਗਾ ਹੋਵੇਗਾ ਜੇਕਰ ਕਰੋੜਾਂ ਅਛੂਤ ਸਿੱਖ ਧਰਮ ਦੀ ਥਾਂ ਇਸਲਾਮ ਧਰਮ ਧਾਰਨ ਕਰ ਲੈਣ।"
ਡਾ. ਅੰਬੇਦਕਰ ਦੇ ਸਿੱਖ ਨਾ ਸੱਜਣ ਦੇ ਇਸ ਸਾਰੇ ਘਟਨਾਕ੍ਰਮ ਵਿਚ ਸਿੱਖ ਆਗੂਆਂ ਨੂੰ ਬਿਲਕੁਲ ਦੋਸ਼ ਮੁਕਤ ਕਰਨਾ ਵੀ ਅਸਲੀਅਤ ਨੂੰ ਛੁਪਾਉਣ ਦਾ ਕਰਮ ਹੋਵੇਗਾ।
‘‘...ਜੋ ਜੀਅ ਹੋਵੇ ਸੋ ਉਗਵੈ ਦੇ ਮਹਾਂਵਾਕ ਅਨੁਸਾਰ ਗਾਂਧੀ ਦੇ ਮੂੰਹੋਂ ਹੀ ਉਸ ਦੀ ਸਿੱਖਾਂ ਪ੍ਰਤੀ ਈਰਖਾਲੂ ਨੀਤੀ ਅਨੇਕਾਂ ਵਾਰ ਪ੍ਰਗਟ ਹੋਈ ਪਰੰਤੂ ਕੌਮੀ ਲੀਡਰਸ਼ਿਪ ਨੇ ਕੋਈ ਸਬਕ ਨਾ ਸਿੱਖਿਆ। ਜਦੋਂ ਭਾਰਤ ਦੇ ਝੰਡੇ ਦੀ ਤਿਆਰੀ ਹੋਈ ਤਾਂ ਸਿੱਖ ਧਰਮ ਦੀ ਪ੍ਰਤੀਨਿਧਤਾ ਵਿਖਾਉਂਦਾ ਕੋਈ ਰੰਗ ਨਾ ਸ਼ਾਮਲ ਕੀਤਾ ਗਿਆ ਕੇਵਲ ਹਿੰਦੂ ਧਰਮ ਅਤੇ ਇਸਲਾਮ ਦੀ ਪ੍ਰਤੀਨਿਧਤਾ ਕਰਦੇ ਰੰਗ (ਸਫੈਦ ਅਤੇ ਹਰਾ) ਸ਼ਾਮਲ ਕੀਤੇ ਗਏ। ਗਾਂਧੀ ਨੇ ਇਸ ਦਾ ਕਾਰਨ ਦੱਸਦਿਆਂ ਆਪਣੀ ਮਾਨਸਿਕਤਾ ਨੂੰ ਸਪੱਸ਼ਟ ਰੂਪ ਵਿਚ ਪ੍ਰਗਟ ਕੀਤਾ ਕਿ ਸਿੱਖ ਤਾਂ ਹਿੰਦੂ ਹੀ ਹਨ, ਇਨ੍ਹਾਂ ਦਾ ਵੱਖਰਾ ਰੰਗ ਕਿਉਂ? ਅਖੀਰ ਜਦੋਂ ਸਿੱਖਾਂ ਦੀ ਲੀਡਰਸ਼ਿਪ ਨੇ ਇਸ ਦੇ ਖਿਲਾਫ਼ ਵੀ ਸੰਘਰਸ਼ ਆਰੰਭ ਕਰ ਦਿੱਤਾ ਤਾਂ ਕੇਸਰੀ ਰੰਗ ਝੰਡੇ ਵਿਚ ਸ਼ਾਮਲ ਕੀਤਾ ਗਿਆ।"
ਪੁਸਤਕ ‘ਸ਼੍ਰੋਮਣੀ ਅਕਾਲੀ ਦਲ', ਪੰਨਾ: 150
ਗਾਂਧੀ ਨੇ ਸਿੱਖਾਂ ਪ੍ਰਤੀ ਹਮੇਸ਼ਾ ਹੀ ਦੋ-ਮੂੰਹੀ ਨੀਤੀ ਅਪਨਾਈ ਰੱਖੀ, ਜੇਕਰ ਲੋੜ ਪਈ ਤਾਂ ਕੁੱਟ-ਖਾਣ ਲਈ ਸਿੱਖ ਮੰਗਵਾ ਲਏ (ਲੂਣ ਦੇ ਅੰਦੋਲਨ ਵਿਚ ਜਦੋਂ ਮਰਹੱਟੇ ਕੁੱਟ ਖਾ ਕੇ ਭੱਜ ਗਏ ਤਾਂ ਅੰਮ੍ਰਿਤਸਰ ਤੋਂ ਜਥੇਦਾਰ ਪ੍ਰਤਾਪ ਸਿੰਘ ਦੀ ਅਗਵਾਈ ਵਿਚ ਸਿੱਖਾਂ ਦਾ ਜਥਾ ਕੁੱਟ ਖਾਣ ਲਈ ਮੰਗਵਾਇਆ ਗਿਆ) ਪਰੰਤੂ ਜੇਕਰ ਸਿੱਖ ਜੁਝਾਰੂਆਂ ਨੇ ਹਥਿਆਰ ਉਠਾ ਲਏ ਤਾਂ ਗਾਂਧੀ ਅੰਗਰੇਜ਼ ਹਿੱਤ ਬਣ ਗਿਆ ਤੇ ਭਗਤ ਸਿੰਘ ਦਹਿਸ਼ਤਪਸੰਦ।
(ਪੁਸਤਕ ‘ਸ਼੍ਰੋਮਣੀ ਅਕਾਲੀ ਦਲ', ਪੰਨਾ: 151)
ਜ਼ਿਕਰਯੋਗ ਹੈ ਕਿ ਇਰਵਨ ਸਮਝੌਤੇ ਦੇ ਦੌਰਾਨ ਵੀ ਭਗਤ ਸਿੰਘ ਨਾਲ ਗਾਂਧੀ ਨੇ ਧਰੋਹ ਕਮਾਇਆ। ਇਰਵਨ ਨਾਲ ਸਮਝੌਤੇ ਦੀ ਗੱਲਬਾਤ ਦੇ ਦੌਰਾਨ ਗਾਂਧੀ ਨੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਬਚਾਉਣ ਲਈ ਕੋਈ ਉਪਾਅ ਕੀਤਾ ਵੀ ਜਾਂ ਨਹੀਂ ਪਰੰਤੂ ਉਸ ਦੇ ਬਚਾਅ ਦੇ ਯਤਨਾਂ ਬਾਰੇ ਗਾਂਧੀ ਦੀ ਧਿਰ ਵੱਲੋਂ ਅਨੇਕਾਂ ਤਰ੍ਹਾਂ ਪ੍ਰਚਾਰ ਕੀਤਾ ਗਿਆ ਕਿਉਂਕਿ ਇਹ ‘ਮਹਾਤਮਾ ਜੀ' ਦੇ ਹਿੱਤ ਵਿਚ ਸੀ। ਪਰੰਤੂ ਜਦੋਂ ਮਨਮੰਥਨ ਨਾਥ ਗੁਪਤ ਨੇ ‘ਨਵਨੀਤ' ਵਿਚ ਪ੍ਰਕਾਸ਼ਿਤ ਆਪਣੇ ਲੇਖ ਵਿਚ ਰਾਸ਼ਟਰੀ ਲੇਖਾਕਾਰ (ਗ੍ਰਹਿ ਵਿਭਾਗ) ਦੀਆਂ ਫਾਈਲਾਂ ਵਿਚੋਂ ਅਸਲ ਤੱਥ ਉਜਾਗਰ ਕੀਤੇ ਤਾਂ ‘ਮੂਲੀ ਪੱਤਿਆਂ' ਦੀ ਪਛਾਣ ਹੋ ਗਈ ਜਿਵੇਂ ਕਿ ਲਾਰਡ ਇਰਵਿਨ ਨੇ ਆਪਣੇ ਰੋਜ਼ਨਾਮਚੇ ਵਿਚ ਲਿਖਿਆ ਹੈ:
‘‘ਦਿੱਲੀ ਵਿਚ ਜੋ ਸਮਝੌਤਾ ਹੋਇਆ ਹੈ, ਉਸ ਤੋਂ ਅਲੱਗ ਅਤੇ ਅੰਤ ਵਿਚ ਮਿਸਟਰ ਗਾਂਧੀ ਨੇ ਭਗਤ ਸਿੰਘ ਦਾ ਉਲੇਖ ਕੀਤਾ, ਉਨ੍ਹਾਂ ਫਾਂਸੀ ਰੱਦ ਕਰਾਉਣ ਲਈ ਕੋਈ ਪੈਰਵੀ ਨਹੀਂ ਕੀਤੀ, ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਵਰਤਮਾਨ ਪ੍ਰਸਥਿਤੀਆਂ ਵਿਚ ਫਾਂਸੀ ਨੂੰ ਰੱਦ ਕਰਨ ਦੇ ਵਿਸ਼ੇ ਬਾਰੇ ਕੁਝ ਵੀ ਨਹੀਂ ਕਿਹਾ।"
(ਫਾਈਲ ਨੰ: 5-45/1631)
20 ਮਾਰਚ ਨੂੰ (ਭਗਤ ਸਿੰਘ ਦੀ ਫਾਂਸੀ ਤੋਂ ਠੀਕ ਕੁਝ ਦਿਨ ਪਹਿਲਾਂ) ਗਾਂਧੀ ਵਾਇਸਰਾਏ ਦੇ ਗ੍ਰਹਿ ਵਿਭਾਗ ਦੇ ਮੈਂਬਰਾਂ ਹਾਵਰਟ ਐਮਰਸਨ ਨੂੰ ਮਿਲਿਆ।
ਐਮਰਸਨ ਨੇ ਆਪਣੇ ਰੋਜ਼ਨਾਮਚੇ ਦੇ ਵਿਚ ਲਿਖਿਆ ਹੈ:
‘‘ਮਿਸਟਰ ਗਾਂਧੀ ਦੀ ਇਸ ਮਾਮਲੇ (ਭਗਤ ਸਿੰਘ ਸੰਬੰਧੀ) ਵਿਚ ਅਧਿਕ ਦਿਲਚਸਪੀ ਨਹੀਂ ਪਤਾ ਚੱਲੀ। ਮੈਂ ਉਸ ਨੂੰ ਇਹ ਕਿਹਾ ਜੇਕਰ ਫਾਂਸੀ ਤੋਂ ਬਾਅਦ ਹਾਲਾਤ ਖਰਾਬ ਨਾ ਹੋਏ ਤਾਂ ਇਹ ਇਕ ਵੱਡੀ ਗੱਲ ਹੋਵੇਗੀ। ਮੈਂ ਉਨ੍ਹਾਂ ਨੂੰ ਕਿਹਾ ਕਿ ਕੁਝ ਕਰੋ ਤਾਂ ਅਗਲੇ ਦਿਨਾਂ ਵਿਚ ਇਕੱਤਰਤਾਵਾਂ ਨਾ ਹੋਣ ਅਤੇ ਗਰਮ ਤਕਰੀਰਾਂ ਨਾ ਹੋਣ। ਇਸ 'ਤੇ ਉਨ੍ਹਾਂ ਨੇ ਆਪਣੀ ਸਹਿਮਤੀ ਪ੍ਰਗਟ ਕੀਤੀ ਅਤੇ ਕਿਹਾ, ‘‘ਜੋ ਵੀ ਮੇਰੇ ਤੋ ਹੋ ਸਕਿਆ ਮੈਂ ਕਰਾਂਗਾ।" (ਫਾਈਲ ਨੰ: 33- 1/1631)
(ਪੁਸਤਕ ‘ਗਾਂਧੀ ਬੇਨਕਾਬ' ਪੰਨਾ: 171 'ਚੋਂ)
ਸਿੱਖਾਂ ਪ੍ਰਤੀ ਗਾਂਧੀ ਦਾ ਨਜ਼ਰੀਆ ਏਨਾ ਪੱਖਪਾਤੀ ਸੀ ਕਿ ਮਾਰਚ 1931 ਈ: ਵਿਚ ਉਸ ਨੇ ਸੀਸ ਗੰਜ ਗੁਰਦੁਆਰੇ ਵਿਚ ਸਿੱਖਾਂ ਨੂੰ ਕਾਂਗਰਸ ਉਪਰ ਵਿਸ਼ਵਾਸ ਕਰਨ ਦੀ ਤਾਕੀਦ ਕਰਦਿਆਂ ਸਿੰਘਾਂ ਦੇ ਖ਼ਾਲਸਈ ਕਰਤੱਵ ਅਤੇ ਖ਼ਾਲਸਈ ਸ਼ਮਸ਼ੀਰ ਦੀ ਬਣਾਵਟੀ ਸ਼ਲਾਘਾ ਕਰਦਿਆਂ ਕਿਹਾ, ‘‘ਇਸ ਨਾਲ ਹੀ ਮੈਨੂੰ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਕਿ ਸਿੱਖ ਬਹਾਦਰ ਲੋਕ ਹਨ ਤੇ ਜੇ ਕਦੀ ਸਮਾਂ ਬਣ ਭੀ ਜਾਏ ਤਾਂ ਉਹ ਆਪਣੇ ਹੱਕਾਂ ਦੀ ਰਾਖੀ ਸ਼ਸਤਰ ਦੁਆਰਾ ਭੀ ਕਰ ਸਕਦੇ ਹਨ।"
ਆਜ਼ਾਦੀ ਦੇ ਫੌਰਨ ਬਾਅਦ ਹੀ ਗਾਂਧੀ ਦਾ ਰਵੱਈਆ ਸਿੱਖਾਂ ਪ੍ਰਤੀ ਇੰਨਾ ਬਦਲ ਗਿਆ ਕਿ ਜਿਸ ਖ਼ਾਲਸਈ ਸ਼ਮਸ਼ੀਰ ਦੀਆਂ ਮੋਮੋਠੱਗਣੀਆਂ ਸਿਫ਼ਤਾਂ ਕਰਦਾ ਸੀ
ਉਸ ਵਾਸਤੇ ਉਹ ਵਿਹੁ ਬਣ ਗਈ।
‘‘ਜੇਕਰ ਸਿੱਖਾਂ ਨੇ ਆਪਣਾ ਨਾਮ ਰੌਸ਼ਨ ਰੱਖਣਾ ਹੈ ਤਾਂ ਉਹ ਘੱਟ ਗਿਣਤੀ ਹੁੰਦੇ ਹੋਏ ਵੀ ਆਪਣੇ ਅਜੋੜ ਜਾਂ ਬੇਮੇਲ ਹੌਂਸਲੇ ਅਤੇ ਠੀਕ ਵਿਚਾਰ ਰਾਹੀਂ ਰੱਖ ਸਕਦੇ ਹਨ। ਕਿਰਪਾਨ ਇਕ ਜੰਗਾਲਿਆ ਹੋਇਆ ਸ਼ਸਤਰ ਹੈ, ਇਸ ਦੀ ਥਾਂ ਲੈਣ ਵਾਲੀ ਰਹਿਤ ਅਤੇ ਪ੍ਰਭਾਵਸ਼ਾਲੀ ਸ਼ਕਤੀ ਆਤਮਿਕ ਸ਼ਕਤੀ ਹੈ ਜੋ ਅਬਨਾਸ਼ੀ
ਹੈ।"
(‘ਗਾਂਧੀ ਤੇ ਸਿੱਖ', ਪੰਨਾ: 50)
6 ਜਨਵਰੀ 1947 ਦੇ ਨੇੜੇ ‘ਮਹਾਤਮਾ ਗਾਂਧੀ ਨੇ ਬੰਗਾਲ ਦੇ ਲਾਗਲੇ ਪਿੰਡਾਂ ਦਾ ਦੌਰਾ ਕਰਦੇ ਕਿਹਾ:
‘‘ਮੇਰੇ ਨਾਲ ਜਿਹੜੇ ਸਿੱਖ ਇਥੇ ਆਏ ਹਨ, ਇਹ ਇਥੇ ਕੋਈ ਦੰਗਾ-ਫਸਾਦ ਨਹੀਂ ਕਰਨ ਆਏ। ਇਸ ਦਾ ਸਬੂਤ ਇਹ ਹੈ ਕਿ ਇਹ ਇਥੇ ਕਿਰਪਾਨ
ਦੇ ਬਿਨਾਂ ਆਏ ਹਨ।"
(‘ਗਾਂਧੀ ਤੇ ਸਿੱਖ', ਪੰਨਾ: 51)
ਜ਼ਿਕਰਯੋਗ ਹੈ ਕਿ ਗਾਂਧੀ ਦੀਆਂ ਅਜਿਹੀਆਂ ਥੋਥੀਆਂ ਦਲੀਲਾਂ ਤੋਂ ਪ੍ਰਭਾਵਿਤ ਹੋ ਕੇ ਕਈ ਨਾਮ ਧਰੀਕ ਸਿੱਖਾਂ ਨੇ ਕਿਰਪਾਨਾਂ ਦਾ ਤਿਆਗ ਕਰ ਦਿੱਤਾ ਤੇ ਗਾਂਧੀ ਉਨ੍ਹਾਂ ਨੂੰ (ਕ੍ਰਿਪਾਨਹੀਣਾਂ) ਨੂੰ ਲੋਕਾਂ ਸਾਹਮਣੇ ਪੇਸ਼ ਕਰਕੇ ਬੜਾ ਖੁਸ਼ ਹੁੰਦਾ। ਇਸ ਤਰ੍ਹਾਂ ਬੜੀ ਵਿਧੀਪੂਰਵਕ ਦਲੀਲਾਂ ਦੇ ਕੇ ਸਿੱਖਾਂ ਦੇ ਗੌਰਵ ਦੀ ਪ੍ਰਤੀਕ ਸ਼ਮਸ਼ੀਰ ਖਿਲਾਫ਼ ਸੰਘਰਸ਼ ਜਾਰੀ ਰੱਖਿਆ ਪਰ ਖ਼ਾਲਸਾ ਜੀ ਦੇ ਸਿਰ 'ਤੇ ਜੂੰ ਨਾ ਸਰਕੀ।
ਅਖੀਰ ਗਾਂਧੀ ਦਾ ਹੌਂਸਲਾ ਇੰਨਾ ਵਧ ਗਿਆ ਕਿ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਮਰਾਹ ਕਰਨ ਵਾਲਾ ਨੇਤਾ ਕਹਿਣ ਲੱਗ ਪਿਆ। ਦਰਅਸਲ ਗਾਂਧੀ ਨੇ ਬੜੀ ਵਿਧੀ ਪੂਰਵਕ ਸਿੱਖ ਵਿਚਾਰਧਾਰਾ ਵਿਚ ਘੁਸਪੈਠ ਕੀਤੀ। ਗਾਂਧੀ ਦੀਆਂ ਥੋਥੀਆਂ ਦਲੀਲਾਂ ਤੋਂ ਪ੍ਰਭਾਵਿਤ ਕੌਮੀ ਆਗੂ ਸ਼ਾਂਤਮਈ ਰੋਸ ਮੁਜ਼ਾਹਰੇ ਕਰਦੇ ਰਹੇ।
ਡਾਂਗਾਂ ਖਾਂਦੇ ਰਹੇ ਅਤੇ ਜੇਲ੍ਹਾਂ ਕੱਟਦੇ ਰਹੇ, ਜੋ ਕਿ ਸਿੱਖ ਵਿਚਾਰਧਾਰਾ ਦਾ ਹਿੱਸਾ ਹੀ ਨਹੀਂ। ਗੁਰਮਤਿ ਦੀ ਅਟੱਲ ਧਾਰਨਾ ਹੈ:
ਜੈ ਜੀਵੈ ਪਤਿ ਲਥੀ ਜਾਇ।।
ਸਭੁ ਹਰਾਮੁ ਜੇਤਾ ਕਿਛੁ ਖਾਇ।।
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-142)
ਜੇਕਰ ਸਿੱਖਾਂ ਵਿਚ ਜੁਝਾਰੂਵਾਦ ਨੇ ਜਨਮ ਵੀ ਲਿਆ ਤਾਂ ਗਾਂਧੀ ਦੇ ਇਸ਼ਾਰੇ 'ਤੇ ਰਵਾਇਤੀ ਅਕਾਲੀ ਲੀਡਰਸ਼ਿਪ ਨੇ ਉਸ ਦੀ ਵਿਰੋਧਤਾ ਹੀ ਕੀਤੀ ਭਾਵੇਂ ਕਿ
ਅਨੇਕਾਂ ਗੁਰਦੁਆਰਿਆਂ ਦਾ ਕਬਜ਼ਾ ਸਿੱਖਾਂ ਨੂੰ ਗਰਮ-ਦਲੀਏ ਸਿੱਖ ਆਗੂਆਂ ਸਦਕਾ ਹੀ ਮਿਲ ਗਿਆ, ਕੋਈ ਖ਼ੂਨ ਨਾ ਡੋਲ੍ਹਣਾ ਪਿਆ ਤੇ ਨਾ ਕੁੱਟ ਖਾਣੀ ਪਈ।
ਪਰੰਤੂ ਗਾਂਧੀ ਦੇ ਅੜਿੱਕੇ ਚੜੇ ਅਕਾਲੀ ਆਗੂਆਂ ਨੇ ਬੜੀ ਵਿਧੀ ਪੂਰਵਕ ਗਰਮ ਦਲੀਆਂ (ਬੱਬਰ ਅਕਾਲੀਆਂ) ਖਿਲਾਫ਼ ਪ੍ਰਚਾਰ ਕੀਤਾ, ਅਕਾਲੀ ਦਲ ਦੇ ਬੁਲਾਰੇ
‘ਅਕਾਲੀ ਅਤੇ ਪ੍ਰਦੇਸੀ' ਨੇ ਆਪਣੇ 9 ਮਾਰਚ 1925 ਦੇ ਐਡੀਟੋਰੀਅਲ ਵਿਚ ਭਾਵੇਂ ਬੱਬਰਾਂ ਨਾਲ ਹਮਦਰਦੀ ਦਾ ਇਜ਼ਹਾਰ ਵੀ ਕੀਤਾ ਪਰ ਇਹ ਵੀ ਸ਼ਰੇਆਮ ਆਖਿਆ ਕਿ ਅਕਾਲੀ ਦਲ ‘ਤਸ਼ੱਦਦ ਦੇ ਤਰੀਕੇ' ਨੂੰ ਰੱਦ ਕਰਦਾ ਹੈ ਅਤੇ ਸਿਰਫ਼ ਪੁਰਅਮਨ ਜਦੋਜਹਿਦ ਦਾ ਹਮਾਇਤੀ ਹੈ। ਅਕਾਲੀ ਬੁਲਾਰੇ ਨੇ ਇਹ ਵੀ ਆਖਿਆ ਕਿ ਬੱਬਰ ਅਕਾਲੀਆਂ ਨੇ ਹਥਿਆਰ ਚੁੱਕ ਕੇ ਬੜੀ ਭਾਰੀ ਗ਼ਲਤੀ ਕੀਤੀ ਹੈ।
ਸੋ ਇਸ ਪਰਿਪੇਖ ਵਿਚ ਇਤਿਹਾਸ ਦੀ ਡੂੰਘੇਰੀ ਘੋਖ ਕੀਤੀ ਜਾਵੇ ਤਾਂ ਸਹਿਜੇ ਹੀ ਇਸ ਸਿੱਟੇ 'ਤੇ ਪਹੁੰਚਿਆ ਜਾ ਸਕਦਾ ਹੈ ਕਿ ਵੇਦਾਂ, ਸਿਮਰਤੀਆਂ ਵਰਗੇ ਬਿਪਰਵਾਦੀ ਸੋਮਿਆਂ ਵਿਚੋਂ ਉਪਜੀ ਅਖੌਤੀ ਉਚ ਜਾਤੀ ਹੰਕਾਰੀ ਬਿਪਰ ਸੋਚ ਦੀ ਤਲਵਾਰ ਦਾ ਵਾਰ ਜਿੰਨਾ ਸਿੱਖਾਂ ਵਾਸਤੇ ਘਾਤਕ ਹੈ, ਬਿਲਕੁਲ ਉਨ੍ਹਾਂ ਹੀ ਅਖੌਤੀ ਅਛੂਤਾਂ ਵਾਸਤੇ।
ਅਖੌਤੀ ਅਛੂਤਾਂ ਪ੍ਰਤੀ ਗਾਂਧੀ ਨੀਤੀ:
ਦਰਅਸਲ ਜੇਕਰ ਡੂੰਘੇਰੀ ਘੋਖ ਕੀਤੀ ਜਾਵੇ ਤਾਂ ਬੇਸ਼ਕ ਗਾਂਧੀ ਨੇ ਵਿਖਾਵੇ ਵਜੋਂ ਤਾਂ ਅਛੂਤ ਹਮਾਇਤੀ ਹੋਣ ਦਾ ਕਪਟ ਭਰਿਆ ਵਿਖਾਵਾ ਕੀਤਾ ਹੋਇਆ, ਪਰੰਤੂ ਉਸ ਦੀਆਂ ਨੀਤੀਆਂ ਦਲਿਤਾਂ ਨੂੰ ਜਾਤ-ਵਰਨ ਅਨੁਸਾਰ ਘਟੀਆ ਦਰਜਾ ਦੇਣ ਤਕ ਹੀ ਸੀਮਤ ਸਨ, ਇਸੇ ਕਰਕੇ ਡਾ: ਅੰਬੇਦਕਰ ਲਿਖਦੇ ਹਨ:
‘‘ਜੇਕਰ ਅਜਿਹੇ ਆਦਮੀ ਨੂੰ, ਜਿਸ ਦੇ ਬਗਲ ਵਿਚ ਛੁਰੀ ਹੋਵੇ ਪਰ ਮੂੰਹ 'ਚ ਰਾਮ-ਰਾਮ ਹੋਵੇ, ਮਹਾਤਮਾ ਕਿਹਾ ਜਾ ਸਕਦਾ ਹੈ ਤਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੱਚਮੁੱਚ ਇਕ ਮਹਾਤਮਾ ਹੈ।"
‘‘ਗਾਂਧੀ ਯੁਗ ਭਾਰਤ ਦਾ ਕਾਲਾ ਯੁੱਗ ਹੈ।"
‘‘ਗਾਂਧੀ ਜੀ ਅਛੂਤਾਂ ਦੇ ਸਭ ਤੋਂ ਵੱਡੇ ਅਤੇ ਭੈੜੇ ਦੁਸ਼ਮਣ ਹਨ।"
‘‘ਗਾਂਧੀ ਤਾਂ ਕਪਟੀ ਹੈ।"
ਅਛੂਤਾਂ ਪ੍ਰਤੀ ਗਾਂਧੀ ਦੇ ਇਸ ਨਕਾਰਾਤਮਕ ਰਵੱਈਏ ਦਾ ਕਾਰਨ ਵੀ ਇਹੀ ਹੈ ਕਿ ਗਾਂਧੀ ਨੇ ਹਰ ਵਰਤਾਰੇ ਨੂੰ ਹਿੰਦੂ ਧਰਮ ਦੀ ਦ੍ਰਿਸ਼ਟੀ ਤੋਂ ਵੇਖਦਾ ਸੀ। ਇਹ ਕੋਈ ਅਤਿਕਥਨੀ ਨਹੀਂ ਕਿ ਜਦੋਂ ਕਿਸੇ ਦਿਮਾਗ ਵਿਚ ਮਨੂੰ ਅਧਾਰਿਤ ਬਿਪਰਵਾਦ ਵੜ ਜਾਂਦਾ ਹੈ ਤਾਂ ਮਨੁੱਖ ਅੰਦਰ ਐਸਾ ਪ੍ਰਬਲ ਜ਼ਾਤੀ ਹੰਕਾਰ ਜਨਮ ਲੈਂਦਾ ਹੈ ਕਿ ਦੂਸਰੀਆਂ ਜ਼ਾਤਾਂ ਕੀੜੇ ਮਕੌੜੇ ਨਜ਼ਰ ਆਉਂਦੀਆਂ ਹਨ। ਗਾਂਧੀ ਦਾ ਰਵੱਈਆ ਵੀ ਪੂਰਨ ਹਿੰਦੂਵਾਦੀ ਸੀ, ਇਸੇ ਪਰਿਪੇਖ ਵਿਚ ਵਿਚਾਰੀਏ ਤਾਂ ਕਾਂਗਰਸ ਦਾ ਦੇਸ਼ ਅਜ਼ਾਦੀ ਸੰਘਰਸ਼ ਵੀ ਆਪ ਸਾਮਰਾਜ ਹਥਿਆਉਣ ਅਤੇ ਆਪਣੀ ਮਰਜੀ ਦਾ ‘ਰਾਮਰਾਜ' ਸਥਾਪਿਤ ਕਰਨ ਤਕ ਹੀ ਸੀਮਤ ਸੀ। ਇਸੇ ਕਰਕੇ ਹੀ ਡਾ:ਆਰ.ਸੀ. ਮਜ਼ੂਮਦਾਰ ਲਿਖਦਾ ਹੈ ਕਿ:
‘‘ਗਾਂਧੀ ਇਤਿਹਾਸ ਦੀ ਸ਼ਾਨਦਾਰ ਹਾਰ ਸੀ।"
(ਸੰਤ ਸਿਪਾਹੀ)
ਸਰ ਮਾਈਕਲ ਐਡਵਰਡ ਲਿਖਦੇ ਹਨ, ‘‘ਗਾਂਧੀ ਦੀ ਜੀਵਨੀ ਹਿੰਦੂ ਸੀ, ਉਸ ਦਾ ਸੁਨੇਹਾ ਹਿੰਦੂ, ਉਸ ਦੀ ਸੋਚ ਹਿੰਦੂ ਸੀ।" ਹਿੰਦੂ ਦਾ ਇਖ਼ਲਾਕ ਹਿੰਦੂ (ਨਿੱਜੀ) ਹੁੰਦਾ ਹੈ, ਉਹ ਕੇਵਲ ਆਪਣੇ ਲਈ ਹੀ ਸੋਚਦਾ ਹੈ ਦੂਸਰਿਆਂ ਦਾ ਇਸ ਨੂੰ ਕੋਈ ਫ਼ਿਕਰ ਨਹੀਂ ਹੁੰਦਾ।"
ਸੋ ਉਪਰੋਕਤ ਹਵਾਲਿਆਂ ਤੋਂ ਸਪੱਸ਼ਟ ਹੈ ਕਿ ਗਾਂਧੀ ਜੀ ਦੀ ਨਿੱਜ ਸੋਚ ਮਨੂਵਾਦੀ ਵਿਚਾਰਧਾਰਾ, ਬਿਪਰਵਾਦ ਅਤੇ ਸਿਮਰਤੀਆਂ ਆਦਿ ਤੋਂ ਉਪਜੀ ਨਿਰੋਲ ਹਿੰਦੂ ਸੋਚ ਹੀ ਸੀ, ਜਿਸ ਵਿਚ ਸਿੱਖਾਂ, ਦਲਿਤਾਂ ਅਤੇ ਘੱਟ ਗਿਣਤੀਆਂ ਲਈ ਕੋਈ ਥਾਂ ਨਹੀਂ ਸੀ।
ਦਰਅਸਲ ਗਾਂਧੀ ਜਿਸ ਨੂੰ ਭਾਰਤੀ ਰਾਜਨੀਤੀ ਦਾ ਜ਼ਾਦੂਗਰ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਭਲੀ-ਭਾਂਤ ਜਾਣਦਾ ਸੀ ਕਿ ਅਛੂਤਪਨ ਨੂੰ ਮਿਟਾਉਣ ਲਈ ਸਦੀਆਂ ਤੋਂ ਸੈਂਕੜੇ ਗਾਂਧੀ ਤੇ ਉਸ ਤੋਂ ਪਹਿਲਾਂ ਵੀ ਅਨੇਕਾਂ ਸਮਾਜ ਸੁਧਾਰਕ ਕੇਵਲ ਜ਼ੁਬਾਨੀ ਹਮਦਰਦੀ ਦਿਖਾ ਕੇ ਵਿਖਾਵੇਪਨ ਦੇ ਯਤਨ ਕਰਦੇ ਰਹੇ ਅਤੇ ਅਛੂਤਾਂ ਲਈ ਆਪਣਾ ਬਣਾਵਟੀ ਦਇਆ-ਭਾਵ ਵਿਖਾ ਕੇ ਉਨ੍ਹਾਂ ਤੋਂ ਆਦਰ-ਮਾਣ ਪ੍ਰਾਪਤੀ ਦਾ ਯਤਨ ਕਰਦੇ ਸਨ। ਗਾਂਧੀ ਵੀ ਅਛੂਤਾਂ ਪ੍ਰਤੀ ਆਪਣਾ ਭਾਈਚਾਰਾ ਵਿਖਾਉਣ ਦਾ ਵਿਖਾਵਾ ਹੀ ਕਰਦਾ ਸੀ, ਜਿਸ ਦਾ ਨਿਸਾਨਾ ਕੇਵਲ ਉਨ੍ਹਾਂ ਦਾ ਸਾਥ ਅਤੇ ਵੋਟ ਹਥਿਆਉਣਾ ਸੀ। ਗਾਂਧੀ ਅਛੂਤਪੁਣਾ ਖ਼ਤਮ ਕਰਨ ਦੇ ਹੱਕ ਵਿਚ ਨਹੀਂ ਸੀ, ਕਿਉਂਕਿ ਉਹ ਜਨਮ ਅਧਾਰਿਤ ਜ਼ਾਤੀ ਬੰਧਨ ਦੇ ਖਿਲਾਫ਼ ਦਾ ਧਾਰਨੀ ਸੀ ਨਾ ਕਿ ਕਰਮ ਅਧਾਰਿਤ। ਸਹੀ ਅਰਥਾਂ ਵਿਚ ਅਖੌਤੀ ਦਲਿਤਾਂ ਨੂੰ ਇਸ
ਹਾਲਤ ਜੋ ਮੌਜੂਦਾ ਹੈ, ਵਿਚ ਪਹੁੰਚਾਉਣ ਵਾਲੇ ਗਾਂਧੀ ਅਤੇ ਉਸ ਵਰਗੇ ਸਵਰਨ ਲੋਕ ਹੀ ਹਨ।
ਗਾਂਧੀ ਅਖੌਤੀ ਦਲਿਤਪੁਣਾ ਖ਼ਤਮ ਕਰਨ ਦੇ ਹੱਕ ਵਿਚ ਨਹੀਂ ਸੀ, ਉਸ ਦਾ ਯਕੀਨ ਸੀ ਕਿ ਜਾਤ-ਪਾਤ ਟੁੱਟਣ ਨੇ ਹੀ ਹਿੰਦੂ ਸਮਾਜ ਨੂੰ ਬਚਾਇਆ ਹੋਇਆ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਜਿਸ ਫਿਰਕੇ ਨੇ ਜ਼ਾਤ-ਪਾਤ ਨੂੰ ਜਥੇਬੰਦ (ਵੰਡੀਆਂ ਪਾ ਕੇ) ਪ੍ਰਚਾਰਿਤ ਕੀਤਾ, ਇਹ ਉਸ ਦੇ ਜਥੇਬੰਦਕ ਢਾਂਚੇ ਸੰਬੰਧੀ ਮੁਹਾਰਤ
ਦਾ ਹੀ ਸਿੱਟਾ ਸੀ। ਗਾਂਧੀ ਹਰ ਤਰੀਕੇ ਨਾਲ ਅਛੂਤਾਂ ਨੂੰ ਕੇਵਲ ਹਿੰਦੂ ਧਰਮ ਨਾਲ ਹੀ ਜੋੜ ਕੇ ਹੀ ਰੱਖਣਾ ਚਾਹੁੰਦਾ ਸੀ। ਗਾਂਧੀ ਦੇ ਆਪਣੇ ਮੂੰਹੋਂ ਨਿਕਲੇ
‘ਮਹਾਂਵਾਕਾਂ' ਵਿਚ ਬੜੀ ਕੂਟਨੀਤੀ ਸੀ, ‘‘ਕੀ ਅਛੂਤ ਹਮੇਸ਼ਾ ਅਛੂਤ ਹੀ ਬਣਿਆ ਰਹੇਗਾ? ਮੈਂ ਤਾਂ ਚਾਹੁੰਦਾ ਹਾਂ ਕਿ ਜੇਕਰ ਅਛੂਤਪਨ ਨੇ ਰਹਿਣਾ ਹੈ ਤਾਂ ਹਿੰਦੂ
ਧਰਮ ਹੀ ਸਮਾਪਤ ਹੋ ਜਾਵੇ।"
ਡਾ: ਸੁਖਪ੍ਰੀਤ ਸਿੰਘ ਉਦੋਕੇ
ਲੇਖਕ- ਡਾ:ਸੁਖਪ੍ਰੀਤ ਸਿੰਘ ਉਦੋਕੇ, ਐਡੀਟਰ ਇਨ ਚੀਫ ਪੰਜਾਬ ਸਪੈਕਟ੍ਰਮ