ਅਫਰੀਦੀ ਬਿਆਨ ਤੋਂ ਮੁੱਕਰਿਆ

ਕਰਾਚੀ, 5 ਅਪ੍ਰੈਲ (ਭਾਸ਼ਾ)-ਭਾਰਤੀ ਤੰਗ ਦਿਲ ਹਨ, ਇਹ ਕਹਿ ਕੇ ਵਿਵਾਦ ਖੜ੍ਹਾ ਕਰਨ ਵਾਲਾ ਪਾਕਿਸਤਾਨੀ ਇਕ ਦਿਨਾ ਕ੍ਰਿਕਟ ਟੀਮ ਦੇ ਕਪਤਾਨ ਸ਼ਾਹਿਦ ਅਫਰੀਦੀ ਨੇ ਅੱਜ ਆਪਣੇ ਬਿਆਨ ਤੋਂ ਮੁੱਕਰਦੇ ਹੋਏ ਦਾਅਵਾ ਕੀਤਾ ਕਿ ਉਸ ਨੂੰ ਗਲਤ ਸਮਝਿਆ ਗਿਆ ਅਤੇ ਉਸ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਅਫਰੀਦੀ ਨੇ ਕਿਹਾ ਕਿ ਮੀਡੀਆ ਛੋਟੀ ਗੱਲ ਨੂੰ ਵੱਡੀ ਬਣਾ ਦਿੰਦਾ ਹੈ, ਇਹ ਸ਼ਰਮਨਾਕ ਹੈ। ਭਾਰਤ-ਪਾਕਿ ਰਿਸ਼ਤਿਆਂ ਵਿਚ ਸੁਧਾਰ ਲਈ ਮੈਂ ਹਮੇਸ਼ਾ ਕੋਸ਼ਿਸ਼ਾਂ ਕੀਤੀਆਂ ਹਨ ਪਰ ਕਦੇ-ਕਦੇ ਤੁਸੀਂ ਕੁਝ ਕਹਿੰਦੇ ਹੋ ਅਤੇ ਉਸ ਨੂੰ ਕੁਝ ਹੋਰ ਸਮਝ ਲਿਆ ਜਾਂਦਾ ਹੈ। ਉਨ੍ਹਾਂ ਐੱਨ. ਡੀ. ਟੀ. ਵੀ. ਨੂੰ ਕਿਹਾ ਕਿ ਮੈਂ ਭਾਰਤ ਵਿਚ ਕ੍ਰਿਕਟ ਦਾ ਪੂਰਾ ਮਜ਼ਾ ਲਿਆ ਅਤੇ ਮੈਨੂੰ ਭਾਰਤੀ ਲੋਕਾਂ ਨਾਲ ਪਿਆਰ ਹੈ। ਮੇਰੇ ਬਿਆਨ ਨੂੰ ਨਾਂਹ-ਪੱਖੀ ਨਾ ਲਵੋ, ਮੈਨੂੰ ਹਮੇਸ਼ਾ ਭਾਰਤੀ ਪ੍ਰਸ਼ੰਸਕਾਂ ਤੋਂ ਪਿਆਰ ਮਿਲਿਆ। ਮੈਂ ਮੀਡੀਆ ਨੂੰ ਅਪੀਲ ਕਰਦਾ ਹਾਂ ਕਿ ਉਹ ਹਾਂ-ਪੱਖੀ ਭੂਮਿਕਾ ਨਿਭਾਉਣ ਅਤੇ ਇਸ ਤਰ੍ਹਾਂ ਦੇ ਛੋਟੇ ਮੁੱਦਿਆਂ ‘ਤੇ ਸਮਾਂ ਬਰਬਾਦ ਨਾ ਕਰਨ। ਅਫਰੀਦੀ ਦੇ ਇਕ ਨੇੜਲੇ ਸੂਤਰ ਨੇ ਦੱਸਿਆ ਕਿ ਸ਼ਾਹਿਦ ਨੇ ਭਾਰਤ-ਪਾਕਿ ਰਿਸ਼ਤਿਆਂ ਬਾਰੇ ਉਦੋਂ ਕਿਹਾ ਜਦੋਂ ਉਸ ਨੂੰ ਗੌਤਮ ਗੰਭੀਰ ਦੇ ਬਿਆਨ ਬਾਰੇ ਪੁੱਛਿਆ ਗਿਆ, ਜਿਸਨੇ ਵਿਸ਼ਵ ਕੱਪ ਦੀ ਜਿੱਤ ਮੁੰਬਈ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਸਮਰਪਿਤ ਕਰਨ ਦੀ ਗੱਲ ਕਹੀ ਸੀ। ਉਨ੍ਹਾਂ ਕਿਹਾ ਕਿ ਤੁਸੀਂ ਸ਼ੋਅ ਦੁਬਾਰਾ ਦੇਖ ਲਵੋ। ਸ਼ਾਹਿਦ ਨੂੰ ਯਾਦ ਦਿਵਾਇਆ ਗਿਆ ਸੀ ਕਿ ਉਹ ਦੇਸ਼ ਪਰਤਣ ‘ਤੇ ਕਹਿ ਰਿਹਾ ਹੈ ਕਿ ਪਾਕਿਸਤਾਨੀਆਂ ਨੂੰ ਭਾਰਤ ਨੂੰ ਦੁਸ਼ਮਣ ਨਹੀਂ ਸਮਝਣਾ ਚਾਹੀਦਾ ਹੈ, ਜਦਕਿ ਗੰਭੀਰ ਰਾਜਨੀਤੀ ਦੀ ਗੱਲ ਕਰ ਰਿਹਾ ਹੈ ਅਤੇ ਪਾਕਿਸਤਾਨ ਵਿਰੋਧੀ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਫਰੀਦੀ ਦੇ ਇਕ ਨੇੜਲੇ ਨੇ ਕਿਹਾ ਕਿ ਜਿਥੇ ਇਹ ਆਲ ਰਾਊਂਡਰ ਭਾਰਤ ਬਾਰੇ ਪਾਜ਼ੇਟਿਵ ਬੋਲ ਰਿਹਾ ਹੈ, ਉਥੇ ਸਰਹੱਦ ਪਾਰ ਦੇ ਖਿਡਾਰੀ ਵਿਰੁੱਧ ਬੋਲ ਰਹੇ ਹਨ।
 
Top