ਚੀਨ ‘ਚ ਐੱਚ. ਆਈ. ਵੀ. ਟੀਕੇ ਦੇ ਸਫ਼ਲ ਪ੍ਰੀਖਣ ਦਾ ਦਾਅਵਾ

ਬੀਜਿੰਗ, 4 ਅਪ੍ਰੈਲ (ਭਾਸ਼ਾ)¸ਚੀਨ ਦੇ ਵਿਗਿਆਨੀਆਂ ਨੇ ਐੱਚ. ਆਈ. ਵੀ. ਦੇ ਇਕ ਟੀਕੇ ਦੇ ਕਲੀਨਿਕਲ ਪ੍ਰੀਖਣ ਦੇ ਪਹਿਲੇ ਗੇੜ ਵਿਚ ਕਾਮਯਾਬੀ ਦਾ ਦਾਅਵਾ ਕੀਤਾ ਹੈ। ਪ੍ਰੀਖਣ ਦਾ ਦੂਜਾ ਗੇੜ ਅਗਲੇ ਕੁਝ ਮਹੀਨਿਆਂ ‘ਚ ਸ਼ੁਰੂ ਹੋਵੇਗਾ। ਚੀਨ ਦੇ ”ਰਾਸ਼ਟਰੀ ਏਡਜ਼…. ਏ. ਟੀ. ਡੀ. ਕੰਟਰੋਲ ਤੇ ਰੋਕਥਾਮ ਕੇਂਦਰ” ਦੇ ਮੁੱਖ ਮਾਹਿਰ ਸ਼ਾਓ ਯਿਮਿੰਗ ਨੇ ‘ਚਾਈਨਾ ਡੇਲੀ’ ਨੂੰ ਦੱਸਿਆ ਕਿ ਇਸ ਟੀਕੇ ਦੇ ਪ੍ਰੀਖਣ ਦਾ ਦੂਜਾ ਗੇੜ ਤਿੰਨ ਜਾਂ ਚਾਰ ਮਹੀਨਿਆਂ ‘ਚ ਸ਼ੁਰੂ ਕੀਤਾ ਜਾਵੇਗਾ। ਦੂਜੇ ਗੇੜ ਲਈ ‘ਰਾਸ਼ਟਰੀ ਡਰੱਗ ਅਥਾਰਟੀ’ ਨੇ ਇਜਾਜ਼ਤ ਦੇ ਦਿੱਤੀ ਹੈ। ਯਿਮਿੰਗ ਨੇ ਕਿਹਾ ਕਿ ਦੇਸ਼ ਦੀ 11ਵੀਂ 5 ਸਾਲਾ ਯੋਜਨਾ (2006-2010) ਵਿਚ ਵਿਗਿਆਨ ਤੇ ਟੈਕਨਾਲੋਜੀ ਨਾਲ ਜੁੜੇ 16 ਵੱਡੇ ਪ੍ਰੋਗਰਾਮਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਐੱਚ. ਆਈ. ਵੀ. ਦਾ ਟੀਕਾ ਵੀ ਇਨ੍ਹਾਂ ਪ੍ਰੋਗਰਾਮਾਂ ਦਾ ਹਿੱਸਾ ਸੀ। ਇਨਫੈਕਸ਼ਨ ਤੋਂ ਫੈਲਣ ਵਾਲੀ ਇਸ ਬੀਮਾਰੀ ਤੋਂ ਛੁਟਕਾਰਾ ਪਾਉਣ ਦੇ ਮਕਸਦ ਨਾਲ ਤਿਆਰ ਕੀਤੇ ਜਾ ਰਹੇ ਟੀਕੇ ਦਾ ਤਿੰਨ ਪੜਾਵਾਂ ਵਿਚ ਸਫ਼ਲ ਹੋਣਾ ਜ਼ਰੂਰੀ ਹੈ। ਇਸ ਤੋਂ ਬਾਅਦ ਹੀ ਇਸਦਾ ਇਸਤੇਮਾਲ ਇਨਸਾਨਾਂ ‘ਤੇ ਕੀਤਾ ਜਾ ਸਕਦਾ ਹੈ। ਐੱਚ. ਆਈ. ਵੀ. ਟੀਕੇ ਨਾਲ ਜੁੜੇ ਪ੍ਰੀਖਣ ਦੇ ਦੂਜੇ ਗੇੜ ਨੂੰ ਕਈ ਦੇਸ਼ ਪੂਰਾ ਕਰ ਚੁੱਕੇ ਹਨ, ਹਾਲਾਂਕਿ ਹੁਣ ਤਕ ਕੋਈ ਤੀਜੇ ਗੇੜ ਨੂੰ ਪੂਰਾ ਨਹੀਂ ਕਰ ਸਕਿਆ ਹੈ। ਚੀਨ ‘ਚ 7.40 ਲੱਖ ਲੋਕ ਐੱਚ. ਆਈ. ਵੀ. ਅਤੇ ਏਡਜ਼ ਪੀੜਤ ਹਨ। ਸਿਹਤ ਵਿਭਾਗ ਦੇ ਅਧਿਕਾਰੀ ਹਾਓ ਯਾਓ ਦਾ ਕਹਿਣਾ ਹੈ ਕਿ ਇਹ ਅੰਕੜਾ 2015 ਦੇ ਅਖੀਰ ਤਕ 12 ਲੱਖ ਹੋ ਜਾਵੇਗਾ।
 
Top