ਪਾਕਿ ਤੇ ਭਾਰਤ ਨੂੰ ਵਾਰ ਫੋਬੀਆ ‘ਚੋਂ ਬਾਹਰ ਨਿਕਲਣਾ &#

ਇਸਲਾਮਾਬਾਦ, 1 ਅਪ੍ਰੈਲ (ਭਾਸ਼ਾ)¸ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਪਾਕਿਸਤਾਨ ਅਤੇ ਭਾਰਤ ਨੂੰ ਆਪਣੇ ਬਕਾਇਆ ਮੁੱਦਿਆਂ ਦਾ ਹੱਲ ਕਰਨ ਲਈ ਵਾਰ ਫੋਬੀਆ ‘ਚੋਂ ਬਾਹਰ ਨਿਕਲਣਾ ਚਾਹੀਦਾ ਹੈ ਕਿਉਂਕਿ ਇਹ ਕੋਈ ਤੀਜਾ ਦੇਸ਼ ਨਹੀਂ ਲੜੇਗਾ।
ਪਾਕਿਸਤਾਨ ਦੇ ਉਪਰਲੇ ਹਾਊਸ ਸੈਨਿਟ ‘ਚ ਬੋਲਦਿਆਂ ਗਿਲਾਨੀ ਨੇ ਸ਼ੁੱਕਰਵਾਰ ਕਿਹਾ ਕਿ ਸਾਨੂੰ ਦੋਹਾਂ ਦੇਸ਼ਾਂ ਦੇ ਗਰੀਬ ਲੋਕਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਸਿਰਫ ਵਾਰ ਫੋਬੀਆ ਦੇ ਖਤਮ ਹੋਣ ‘ਤੇ ਹੀ ਇੰਝ ਹੋ ਸਕਦਾ ਹੈ। ਉਨ੍ਹਾਂ ਮੋਹਾਲੀ ‘ਚ ਬੁੱਧਵਾਰ ਨੂੰ ਵਿਸ਼ਵ ਕੱਪ ਦੇ ਸੈਮੀਫਾਈਨਲ ਤੋਂ ਪਹਿਲਾਂ ਭਾਰਤੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਹੋਈ ਆਪਣੀ ਗੱਲਬਾਤ ਤੋਂ ਹਾਊਸ ਨੂੰ ਜਾਣੂ ਕਰਵਾਇਆ।
ਅਸਲ ‘ਚ ਉਨ੍ਹਾਂ ਦੀ ਸਰਕਾਰ ਦੀ ਆਲੋਚਨਾ ਕਰਦਿਆਂ ਇਹ ਕਿਹਾ ਗਿਆ ਸੀ ਕਿ ਗਿਲਾਨੀ ਨੇ ਬੁੱਧਵਾਰ ਨੂੰ ਮਨਮੋਹਨ ਸਿੰਘ ਨਾਲ ਆਪਣੀ ਬੈਠਕ ਦੌਰਾਨ ਕਸ਼ਮੀਰ ਮੁੱਦਾ ਨਹੀਂ ਉਠਾਇਆ ਸੀ। ਇਸ ‘ਤੇ ਗਿਲਾਨੀ ਨੇ ਕਿਹਾ ਕਿ ਪੈਂਡਿੰਗ ਅਤੇ ਸਭ ਤੋਂ ਅਹਿਮ ਮੁੱਦਾ ਕਸ਼ਮੀਰ ਹੀ ਹੈ। ਇਸ ਲਈ ਤੁਸੀਂ ਹੋਰ ਕਿਸੇ ਮੁੱਦੇ ‘ਤੇ ਚਰਚਾ ਕਰ ਸਕਦੇ ਹੋ, ਅਸੀਂ ਸਭ ਮੁੱਦਿਆਂ ‘ਤੇ ਚਰਚਾ ਕੀਤੀ ਅਤੇ ਇਸ ਗੱਲ ਲਈ ਸਹਿਮਤ ਹੋਏ ਕਿ ਸਾਨੂੰ ਆਪਣੀਆਂ ਸਮੱਸਿਆਵਾਂ ਨਾਲ ਖੁਦ ਹੀ ਨਜਿੱਠਣਾ ਚਾਹੀਦਾ ਹੈ। ਜੇ ਅਸੀਂ ਆਪਣੇ ਮੁੱਦਿਆਂ ਨੂੰ ਖੁਦ ਹੱਲ ਨਹੀਂ ਕਰ ਸਕਦੇ ਤਾਂ ਕੋਈ ਤੀਜਾ ਦੇਸ਼ ਆ ਕੇ ਇਨ੍ਹਾਂ ਨੂੰ ਹੱਲ ਨਹੀਂ ਕਰ ਸਕਦਾ। ਗਿਲਾਨੀ ਨੇ ਕਿਹਾ ਕਿ ਬਕਾਇਆ ਪਏ ਮਾਮਲਿਆਂ ਦੀ ਜ਼ਿੰਮੇਵਾਰੀ ਲੈਣ ਨਾਲ ਪਾਕਿਸਤਾਨ ਅਤੇ ਭਾਰਤ ਨੂੰ ਗਰੀਬੀ, ਭੁੱਖਮਰੀ, ਰੋਗ, ਬੇਰੁਜ਼ਗਾਰੀ, ਅਮਨ-ਕਾਨੂੰਨ ਅਤੇ ਖੁਰਾਕ ਸੁਰੱਖਿਆ ਸਮੇਤ ਕਈ ਹੋਰ ਮੁੱਦਿਆਂ ਦਾ ਹੱਲ ਲੱਭਣ ‘ਚ ਮਦਦ ਮਿਲੇਗੀ। ਮਨਮੋਹਨ ਸਿੰਘ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਭਾਰਤ ਹਰ ਮੁੱਦੇ ‘ਤੇ ਗੱਲਬਾਤ ਲਈ ਤਿਆਰ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਕੱਪ ਦੇ ਸੈਮੀਫਾਈਨਲ ਨੂੰ ਵੇਖਣ ਲਈ ਉਨ੍ਹਾਂ ਵਲੋਂ ਸੱਦਾ ਦਿੱਤੇ ਜਾਣ ਦਾ ਮੰਤਵ ਦੋਹਾਂ ਦੇਸ਼ਾਂ ਦਰਮਿਆਨ ਸਦਭਾਵਨਾ ਵਧਾਉਣੀ ਹੈ। ਉਨ੍ਹਾਂ ਮੋਹਾਲੀ ‘ਚ ਆਪਣੇ ਪ੍ਰਤੀ ਵਿਖਾਈ ਗਈ ਗਰਮਜੋਸ਼ੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਤੋਂ ਪਹਿਲਾਂ ਉਨ੍ਹਾਂ ਨੂੰ ਲੱਗਦਾ ਸੀ ਕਿ ਸਟੇਡੀਅਮ ਵਿਚ ਜੰਗ ਹੋਵੇਗੀ ਪਰ ਇਸ ਵਾਰ ਉਥੇ ਅਜਿਹਾ ਮਾਹੌਲ ਨਹੀਂ ਸੀ, ਜਦੋਂ ਅਸੀਂ ਹੱਥ ਹਿਲਾ ਕੇ ਅਭਿਵਾਦਨ ਸਵੀਕਾਰ ਕੀਤਾ ਤਾਂ ਸਭ ਦਰਸ਼ਕ ਖੜ੍ਹੇ ਹੋ ਗਏ ਅਤੇ ਜਦੋਂ ਅਸੀਂ ਵਾਪਸ ਜਾਣ ਲੱਗੇ ਤਾਂ ਸੜਕ ਦੋ ਦੋਵੇਂ ਪਾਸੇ ਖੜ੍ਹੇ ਲੋਕਾਂ ਨੇ ਸਾਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਭਾਰਤ ਦੀ ਜਿੱਤ ਨੂੰ ਕ੍ਰਿਕਟ ਦੀ ਜਿੱਤ ਕਿਹਾ।
ਨਾਲ ਹੀ ਇਹ ਵੀ ਕਿਹਾ ਕਿ ਇਹ ਕਿਸੇ ਦੀ ਹਾਰ ਨਹੀਂ। ਇਹ ਤਾਂ ਕ੍ਰਿਕਟ ਖੇਡ ਦੀ ਜਿੱਤ ਹੈ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਵੀ ਜਿੱਤ ਹੈ। ਸਾਨੂੰ ਇਸ ਨੂੰ ਖੇਡ ਭਾਵਨਾ ਨਾਲ ਹੀ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਵਿਖੇ ਡਾ. ਮਨਮੋਹਨ ਸਿੰਘ ਨਾਲ ਹੋਈ ਮੁਲਾਕਾਤ ਵਿਵਾਦਾਂ ਨੂੰ ਨਿਪਟਾਉਣ ਦੀ ਇਕ ਸ਼ੁਰੂਆਤ ਹੈ।
 
Top