ਕਿਸ ਸ਼ੈਅ ਦਾ ਮੈਂ ਹੱਕਦਾਰ ਦੱਸੋ

ਇਕ ਗੱਲ ਮੈਨੂੰ ਯਾਰ ਦੱਸੋ,
ਕੌਣ ’ਮੈਂ’ ਨੂੰ ਗਿਆ ਮਾਰ ਦੱਸੋ?
ਮੇਰੇ ਕਰਮ ਤਾਂ ਸੌਤ ਮੇਰੇ
ਫ਼ਿਰ ਕਿਸ ਕੀਤਾ ਇਹ ਉਪਕਾਰ ਦੱਸੋ?

ਇਸ਼ਕ ਸਾਗਰ ਚ ਠਿੱਲਿਆਂ ਦੀ,
ਨਾ ਪਾਰ ਲੱਗਣ ਦੀ ਆਸ ਕੋਈ,
ਇਸ ਪਾਸੇ ਬੱਸ ਬਿਰਹੋਂ ਹੈ
ਕੀ ਸ਼ੈਅ ਹੈ ਦੂਜੀ ਪਾਰ ਦੱਸੋ?

ਅਸੀ ਔੜਾਂ ਮਾਰੇ ਬਾਗਾਂ ਦੇ,
ਮਾਲਿਕ ਵੀ ਤੇ ਮਾਲੀ ਵੀ,
ਕੀ ਹੁੰਦਾ ਫ਼ੁੱਲਾਂ ਦਾ ਖਿੜਣਾ
ਹੁੰਦੀ ਕੀ ਏ ਬਹਾਰ ਦੱਸੋ?

ਮੇਰਾ ਸਾਇਆ ਬਣ ਮੇਰਾ ਦੁਸ਼ਮਣ,
ਮੇਰੇ ਰਾਹੀਂ ਹਨੇਰਾ ਕਰ ਰਿਹਾ,
ਨਿੱਤ ਸੱਜਰੀ ਇਸ ਦੁਨਿਆ ਵਿਚ
ਹੁਣ ਕਿਸ ਤੇ ਕਰਾਂ ਇਤਬਾਰ ਦੱਸੋ?

ਪੀੜਾਂ ਦੀ ਵਧਦੀ ਵੇਲ ਨੂੰ,
ਹੰਝੂਆਂ ਦੇ ਨਾਲ ਰਮਾਇਆ ਹੈ,
ਦੁਖਾਂ ਦੇ ਹੁਣ ਖਿੜ੍ਹੇ ਫ਼ੁੱਲਾਂ ਦਾ
ਮੁੱਲ ਪੈਣਾ ਕਿਸ ਬਜ਼ਾਰ ਦੱਸੋ ?

ਵਕਤ ਦੇ ਕੁਝ ਭੁਖੇ ਕਾਂਵਾਂ ਨੇ,
ਮੈਨੂੰ ਬੋਟੀ ਬੋਟੀ ਕਰ ਚੂੰਡ ਲਿਆ,
ਸ਼ਰੀਰ ਜ਼ਿੰਦਾ ਤੇ ਰੂਹ ਮੋਈ
ਕਿਸ ਸਿਵੇ ਕਰਾਂ ਸਸਕਾਰ ਦੱਸੋ?

ਹੰਝੂ ਵਹਾ ਵੀ ਦੇਖ ਲਿਆ,
ਤਪਸ਼ ਦੁਖਾਂ ਦੀ ਘਟਦੀ ਨਾ,
ਸਿਰ ਕਰਜ਼ਾ ਤੇਰੀਆਂ ਯਾਦਾਂ ਦਾ
ਕਿਸ ਭਾਅ ਲਥੂ ਇਹ ਭਾਰ ਦੱਸੋ?

ਮੱਤ ਤਿਆਗੀ ਤਾਂ ਇਸ਼ਕ ਕੀਤਾ,
ਫ਼ਿਰ "ਢੀੰਡਸੇ" ਚੈਨ ਕਰਾਰ ਖੋਇਆ,
ਪੀੜ ਵੀ ਮੇਰੀ ਜੱਗ ਦੀ ਦਿੱਤੀ
ਕਿਸ ਸ਼ੈਅ ਦਾ ਮੈਂ ਹੱਕਦਾਰ ਦੱਸੋ?

writer: manpreet dhindsa
.
 
Top