Punjab News 116 ਸਾਲਾ ਬਚਨ ਕੌਰ ਅਜੇ ਵੀ ਚੂਪਦੀ ਏ ਗੰਨੇ

ਰੂਪਨਗਰ, 6 ਮਾਰਚ (ਕੈਲਾਸ਼)-ਸ਼ੁੱਧ ਖਾਣ-ਪੀਣ ਤੇ ਸਖਤ ਮਿਹਨਤ ਹੀ ਲੰਬੀ ਉੁਮਰ ਦਾ ਰਾਜ਼ ਹੈ। ਅਜਿਹੀ ਹੀ ਪਿੰਡ ਖੁਆਸਪੁਰਾ ਦੀ ਇਕ ਬਜ਼ੁਰਗ ਮਹਿਲਾ, ਜਿਸਦੀ ਉੁਮਰ ਲਗਭਗ 116 ਸਾਲ ਹੈ, ਲੋਕਾਂ ਲਈ ਪ੍ਰੇਰਣਾਸਰੋਤ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਪਿੰਡ ਖੁਆਸਪੁਰਾ ਦੀ 116 ਸਾਲਾ ਬਚਨ ਕੌਰ ਪਤਨੀ ਸਵ. ਮੰਗਲ ਸਿੰਘ ਅੱਜ ਵੀ ਸਰੀਰਕ ਤੌਰ ‘ਤੇ ਤੰਦਰੁਸਤ ਹੈ। ਉਸ ਨੂੰ ਬਲੱਡ ਪ੍ਰੈਸ਼ਰ ਤੇ ਸ਼ੂਗਰ ਨਹੀਂ ਹੈ ਤੇ ਉੁਹ ਕਿਸੇ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਨ ਤੋਂ ਦੂਰ ਹੈ। 1947 ‘ਚ ਬਚਨ ਕੌਰ ਦੀ ਉਮਰ 52 ਸਾਲ ਸੀ ਤੇ ਉਸਦੇ 6 ਬੱਚੇ ਸਨ ਜਿਨ੍ਹਾਂ ‘ਚੋਂ ਦੋ ਦੀ ਮੌਤ ਹੋ ਗਈ ਸੀ। ਵੰਡ ਉਪਰੰਤ ਉਹ ਪਿੰਡ ਖੁਆਸਪੁਰਾ ‘ਚ ਰਹਿਣ ਲੱਗੀ। ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਖੁਸ਼ੀ ‘ਚ ਬਚਨ ਕੌਰ ਨੇ ਦੱਸਿਆ ਕਿ ਉਹ ਦੁੱਧ, ਘਿਓ-ਮੱਖਣ ਤੇ ਮੀਟ ਮੁਰਗਾ ਵਰਗਾ ਪੌਸ਼ਟਿਕ ਆਹਾਰ ਲੈਂਦੀ ਹੈ ਅਤੇ ਕੋਈ ਪ੍ਰਹੇਜ਼ ਨਹੀਂ ਕਰਦੀ। ਬਚਨ ਕੌਰ ਦੇ ਦੰਦ ਵੀ ਅਸਲੀ ਹਨ ਜਿਸ ਨਾਲ ਉਹ ਗੰਨਾ ਤੱਕ ਵੀ ਚੂਪ ਸਕਦੀ ਹੈ। ਬਚਨ ਕੌਰ ਨੇ ਦੱਸਿਆ ਕਿ ਗਰਦਨ ਤੋਂ ਵਾਲ ਮੁੜ ਕਾਲੇ ਆਉਣੇ ਸ਼ੁਰੂ ਹੋ ਗਏ ਹਨ। ਇਸ ਮੌਕੇ ਬਜ਼ੁਰਗ ਮਹਿਲਾ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਅਸ਼ੋਕ ਦਰਦੀ ਵੀ ਵਿਸ਼ੇਸ਼ ਰੂਪ ‘ਚ ਹਾਜ਼ਰ ਸਨ।
 
Top