ਧੀਆਂ ਦੇ ਹੱਕ ਵਿੱਚ ਹੋ ਨਿਬੜੀ ਇਕ ਕੁੜੀ ਪੰਜਾਬ ਦੀ

'MANISH'

yaara naal bahara
ਲੇਖਕ, ਨਾਟਕਕਾਰ ਅਤੇ ਕਹਾਣੀਕਾਰ ਸਮਾਜ ਅੰਦਰ ਪਨਪ ਰਹੀਆਂ ਕੁਰੀਤੀਆਂ ਪ੍ਰਤੀ ਸਮੇਂ-ਸਮੇਂ ‘ਤੇ ਜਨਤਾ ਨੂੰ ਸੁਚੇਤ ਕਰਦੇ ਰਹਿੰਦੇ ਹਨ। ਗੱਲ ਕਹਿਣ ਅਤੇ ਪੇਸ਼ ਕਰਨ ਦਾ ਨਜ਼ਰੀਆ ਹਰੇਕ ਦਾ ਆਪੋ-ਆਪਣੇ ਵਸੀਲੇ ਮੁਤਾਬਕ ਹੁੰਦੈ, ਪਰ ਆਖੀ ਜਾ ਰਹੀ ਗੱਲ ਦਾ ਇਸ਼ਾਰਾ ਸਭ ਦਾ ਇੱਕੋ ਪਾਸੇ ਸੇਧਿਤ ਹੁੰਦਾ ਹੈ। ਸਾਡੇ ਫਿਲਮਸਾਜ਼ ਦੀ ਜ਼ਿੰਦਗੀ ਨਾਲ ਸਬੰਧਤ ਸਮੱਸਿਆਵਾਂ ਨੂੰ ਫਿਲਮੀ ਪਰਦੇ ‘ਤੇ ਪ੍ਰਦਰਸ਼ਤ ਕਰਕੇ ਸਮਾਜ ਨੂੰ ਮੌਜੂਦਾ ਜਾਂ ਆਉਣ ਵਾਲੇ ਸਮੇਂ ਦੀ ਕਿਸੇ ਪ੍ਰਬਲ ਸਮੱਸਿਆ ਬਾਰੇ ਜਾਗਰੂਕ ਕਰਦੇ ਹਨ ਅਤੇ ਉਸ ਸਮੱਸਿਆ ਦੇ ਢੁੱਕਵੇਂ ਹੱਲ ਵੀ ਸੁਝਾਉਂਦੇ ਰਹਿੰਦੇ ਹਨ ਤਾਂ ਕਿ ਸਾਡਾ ਸਮਾਜ ਕਿਸੇ ਵੱਡੀ ਦੁਨੀਆਂ ਦੀ ਘੁੰਮਣ-ਘੇਰੀ ਵਿੱਚ ਫਸਣ ਤੋਂ ਬਚ ਸਕੇ ਜਾਂ ਪਹਿਲਾਂ ਤੋਂ ਸਾਵਧਾਨ ਹੋ ਜਾਵੇ।
ਕੈਮਰਾਮੈਨ ਅਤੇ ਮਸ਼ਹੂਰ ਫਿਲਮਸਾਜ਼ ਮਨਮੋਹਨ ਸਿੰਘ ਵੱਲੋਂ ਪੰਜ ਆਵ ਮੂਵੀਜ਼ ਇੰਟਰਨੈਸ਼ਨਲ ਦੇ ਬੈਨਰ ਹੇਠ ਹਾਲ ਹੀ ਵਿੱਚ ਪ੍ਰਦਰਸ਼ਤ ਹੋਈ ਫਿਲਮ ‘ਇਕ ਕੁੜੀ ਪੰਜਾਬ ਦੀ’ ਵੀ ਅਜਿਹੀ ਇਕ ਸਮੱਸਿਆ ਤੋਂ ਸਮਾਜ ਨੂੰ ਸੇਧ ਦੇਣ ਹਿੱਤ ਬਣਾਈ ਗਈ ਪਰਿਵਾਰਕ ਫਿਲਮ ਹੈ। ਮਨਮੋਹਨ ਸਿੰਘ ਨੇ ਕਦੇ ਵੀ ਆਪਣੀਆਂ ਫਿਲਮਾਂ ਨੂੰ ਚਲਾਉਣ ਵਾਸਤੇ ਹੋਛੇ ਸੰਵਾਦਾਂ, ਅਸ਼ਲੀਲ ਫਿਲਮਾਂਕਣ ਜਾਂ ਦੋਹਰੇ ਅਰਥਾਂ ਵਾਲੀ ਕਾਮੇਡੀ ਦਾ ਸਹਾਰਾ ਨਹੀਂ ਲਿਆ।
ਪਰਿਵਾਰਕ ਮੁੰਡੇ-ਕੁੜੀਆਂ ਵਿੱਚ ਬਰਾਬਰੀ ਦੇ ਅਧਿਕਾਰ ਦੇ ਵਿਸ਼ੇ ਨੂੰ ਲੈ ਕੇ ਬਣਾਈ ਫਿਲਮ ‘ਇਕ ਕੁੜੀ ਪੰਜਾਬ’ ਦੀ ਸਮਾਜ ਵਿੱਚ ਵਧ ਰਹੀ ਰਿਸ਼ਤਿਆਂ ਦੀ ਕੁੜੱਤਣ/ ਖਿੱਚੋਤਾਣ ਨੂੰ ਪੇਸ਼ ਕਰਦੀ ਇਕ ਸ਼ਾਨਦਾਰ ਫਿਲਮ ਹੋ ਨਿਬੜੀ ਹੈ। ਫਿਲਮ ਵਿੱਚ ਇਕੱਲੀਆਂ ਧੀਆਂ ਦੇ ਮਾਪਿਆਂ ਅਤੇ ਧੀ ਦੀ ਸ਼ਾਦੀ ਤੋਂ ਅਗਲੇਰੀ ਜ਼ਿੰਦਗੀ ਵਿੱਚ ਪੇਸ਼ ਸਮੱਸਿਆਵਾਂ, ਜੀਵਨ ਦਾ ਤੌਰ-ਤਰੀਕਾ, ਘਰ ਜਵਾਈ ਰੱਖਣ ਪ੍ਰਤੀ ਸਮਾਜ ਦਾ ਨਜ਼ਰੀਆ ਇਸ ਫਿਲਮ ਵਿੱਚ ਬਾਖੂਬੀ ਅਤੇ ਸਲੀਕੇ ਨਾਲ ਬਿਆਨਿਆ ਗਿਆ ਹੈ। ਭਾਵੇਂ ਸਾਡਾ ਸਮਾਜ ਹਾਲ ਦੀ ਘੜੀ ਕੁਝ ਅਜਿਹੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਦਾ ਆ ਰਿਹਾ ਹੈ, ਪਰ ਫਿਲਮਸਾਜ਼ ਮਨਮੋਹਨ ਸਿੰਘ ਨੇ ਆਪਣੀ ਫਿਲਮ ਵਿੱਚ ਸਮਾਜ ਨੂੰ ਬਾਹੋਂ ਫੜ-ਫੜ ਕੇ ਹਲੂਣਿਆ ਹੈ ਕਿ ਤੁਸਾਂ ਨੂੰ ਏਸ ਸਮੱਸਿਆ ਨਾਲ ਨਜਿੱਠਣ ਵਾਸਤੇ ਆਪਣੀ ਸੋਚ ਨੂੰ ਬਦਲਣਾ ਪਵੇਗਾ।
ਫਿਲਮ ਦੀ ਹੀਰੋਇਨ ਜਸਪਿੰਦਰ ਚੀਮਾ (ਨਵਦੀਪ) ਨੇ ਇਕ ਪੰਜਾਬਣ ਮੁਟਿਆਰ ਦਾ ਕਿਰਦਾਰ ਬਾਖੂਬੀ ਨਿਭਾਇਆ। ਜਿਸ ਉੱਚੀ, ਲੰਮੀ, ਦਲੇਰ, ਸੋਹਣੀ, ਸੁਨੱਖੀ, ਸੂਝਵਾਨ ਤੇ ਮਾਪਿਆਂ ਦੀ ਇੱਜ਼ਤ ਨੂੰ ਦਾਗ਼ ਨਾ ਲੱਗਣ ਦੇਣ ਵਾਲੀ ਪੰਜਾਬਣ ਮੁਟਿਆਰ ਦਾ ਜ਼ਿਕਰ ਸਾਡੇ ਲੋਕ ਗੀਤਾਂ ਵਿੱਚ ਅਕਸਰ ਸੁਣਦੇ ਆਉਂਦੇ ਸਾਂ, ਫਿਲਮ ਵਿਚਲੀ ਨਵਦੀਪ ਕੌਰ ਹੂ-ਬ-ਹੂ ਪੰਜਾਬਣ ਮੁਟਿਆਰ ਨਜ਼ਰੀਂ ਪੈਂਦੀ ਹੈ। ਫਿਲਮ ਦਾ ਹੀਰੋ ਨਾਮੀਂ ਗਾਇਕ ਅਮਰਿੰਦਰ ਗਿੱਲ ਵੀ ਇਕ ਸਾਊ, ਪੇਂਡੂ, ਖਾਨਦਾਨੀ ਨੌਜਵਾਨ, ਸਹਿਜਪਾਲ ਦੇ ਕਿਰਦਾਰ ਵਿੱਚ ਬਹੁਤ ਫਿੱਟ ਬੈਠਦਾ ਹੈ। ਆਪਣੀ ਗੱਲ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਵਾਸਤੇ ਮਨਮੋਹਨ ਸਿੰਘ ਨੇ ਰੰਗਮੰਚ ਦੀ ਸਟੇਜ ਨੂੰ ਆਪਣਾ ਪਲੇਟਫਾਰਮ ਚੁਣਿਆ ਹੈ ਅਤੇ ਆਪਣੇ ਚੁਣੇ ਵਿਸ਼ੇ ਨਾਲ ਇਨਸਾਫ ਕਰਨ ਵਿੱਚ ਸਫਲ ਵੀ ਰਹੇ ਹਨ। ਰਾਣਾ ਰਣਬੀਰ ਇਕ ਪ੍ਰਮਾਣਤ ਕਾਮੇਡੀਅਨ ਵਜੋਂ ਸਥਾਪਤ ਹੋ ਚੁੱਕਾ ਕਲਾਕਾਰ ਹੈ, ਜਿਸ ਦੀ ਕਾਮੇਡੀ ਆਪ-ਮੁਹਾਰੇ ਹੱਸਣ ਵਾਸਤੇ ਮਜਬੂਰ ਕਰ ਦਿੰਦੀ ਹੈ। ਇਸ ਫਿਲਮ ਸਮੇਤ ਕੁਝ ਫਿਲਮਾਂ ਦੇ ਚੁਸਤ ਤੇ ਹਾਜ਼ਰ ਜਵਾਬ ਡਾਇਲਾਗ ਲੇਖਕ ਵਜੋਂ ਵੀ ਸਥਾਪਤ ਹੋ ਚੁੱਕਾ ਹੈ। ਮਸ਼ਹੂਰ ਕਾਮੇਡੀਅਨ ਗੁਰਪ੍ਰੀਤ ਘੁੱਗੀ ਤੋਂ ਫਿਲਮ ਵਿੱਚ ਭਾਵੇਂ ਕਾਮੇਡੀਅਨ ਦੇ ਤੌਰ ‘ਤੇ ਕੰਮ ਨਹੀਂ ਲਿਆ ਗਿਆ, ਪਰ ਇਸ਼ਕ ‘ਚ ਹਾਰੇ ਪਾਤਰ ਵਜੋਂ ‘ਬਾਬਾ’ ਦੇ ਕਰੈਕਟਰ ਰੋਲ ਨਾਲ ਜੋ ਇਨਸਾਫ਼ ਘੁੱਗੀ ਨੇ ਕੀਤਾ ਹੈ, ਉਹ ਕਾਬਲ-ਏ-ਤਾਰੀਫ਼ ਹੈ। ਪੁਰਾਣੇ ਕਾਮੇਡੀਅਨ ਸੁਰਿੰਦਰ ਸ਼ਰਮਾ ਨੇ ਕੰਟੀਨ ਠੇਕੇਦਾਰ ‘ਮਾਮੇ’ ਦੇ ਕਿਰਦਾਰ ਨਾਲ ਇਨਸਾਫ਼ ਕਰਦਿਆਂ ਬਹੁਤ ਵਧੀਆ ਛਾਪ ਛੱਡੀ ਹੈ। ਚੂੰਕਿ ‘ਇਕ ਕੁੜੀ ਪੰਜਾਬ ਦੀ’ ਫ਼ਿਲਮ ਦੀ ਕਹਾਣੀ ਯੂਨੀਵਰਸਿਟੀ ਦੇ ਰੰਗਮੰਚ ਡਿਪਾਰਟਮੈਂਟ ਨਾਲ ਸਬੰਧ ਰੱਖਣ ਕਰਕੇ ਸਹਿਯੋਗੀ ਗੁੱਗੂ ਗਿੱਲ ਅਤੇ ਮੈਡਮ ਨਵਨੀਤ ਨਿਸਾਨ ਦਾ ਪ੍ਰੋਫੈਸਰ ਸਾਹਿਬਾਨ ਦਾ ਕਿਰਦਾਰ ਬਹੁਤ ਪ੍ਰਭਾਵਸ਼ਾਲੀ ਹੈ। ਦੋਵਾਂ ਦੀ ਮਿੱਠੀ ਨੋਕ-ਝੋਕ ਦਰਸ਼ਕ ਨੂੰ ਵਾਰ-ਵਾਰ ਆਪਣੇ ਵੱਲ ਆਕਰਸ਼ਤ ਕਰਦੀ ਹੈ। ਗੁੱਗੂ ਗਿੱਲ ਆਪਣੇ ਪਹਿਲਾਂ ਦੇ ਸਥਾਪਤ ਕਿਰਦਾਰ ਨਾਲੋਂ ਬਿਲਕੁਲ ਵੱਖਰੇ ਕਿਰਦਾਰ ਵਿੱਚ ਪੇਸ਼ ਹੋਇਆ ਹੈ।
ਫਿਲਮ ਵਿੱਚ ਵਿਲਨਨੁਮਾ ਕਿਰਦਾਰ ਨਿਭਾਉਂਦੇ ਅਮਨ ਧਾਲੀਵਾਲ ਨੇ ਮੌਜੂਦਾ ਪੰਜਾਬੀ ਫਿਲਮਾਂ ਵਿੱਚ ਵਿਲਨ ਦੀ ਚਿਰੋਕੀ ਚੱਲੀ ਆ ਰਹੀ ਘਾਟ ਨੂੰ ਪੂਰਨ ਦਾ ਡੰਕਾ ਵਜਾ ਦਿੱਤਾ ਹੈ। ਬਾਲ ਕਲਾਕਾਰਾ ਜੈਸਿਕਾ ਕੌਰ ਸਿੱਧੂ ਵੀ ਹੀਰੋ ਦੀ ਭਤੀਜੀ ਦੇ ਕਿਰਦਾਰ ਵਿੱਚ ਵਧੀਆ ਮਿੜਕਦੀ ਅਤੇ ਆਤਮ-ਵਿਸ਼ਵਾਸ ਨਾਲ ਭਰਪੂਰ ਨਜ਼ਰੀ ਪੈਂਦੀ ਹੈ ਅਤੇ ਭਵਿੱਖ ਵਿੱਚ ਆਪਣੇ ਅੰਦਰ ਛੁਪੇ ਇਕ ਚੰਗੇ ਕਲਾਕਾਰ ਦੀਆਂ ਸੰਭਾਵਨਾਵਾਂ ਵੱਲ ਇਸ਼ਾਰਾ ਕਰਦੀ ਹੈ। ਕਾਲਜ ਦੀ ਵਿਦਿਆਰਥਣ ਨਿਰੋਲ ਮਲਵਈ, ਖ਼ਾਸ ਕਰਕੇ ਸੰਗਰੂਰ ਦੀ ਬੋਲੀ ਬੋਲਦੀ ਅਦਾਕਾਰਾ ਸੁਰਭੀ ਜੋਤੀ ਪੂਰੀ ਫਿਲਮ ਵਿੱਚ ਕਾਮੇਡੀਨੁਮਾ ਸੰਵਾਦਾਂ ਨਾਲ ਫਿਲਮ ਦੀ ਇਕ ਅਹਿਮ ਕੜੀ ਵਜੋਂ ਉੱਭਰ ਕੇ ਸਾਹਮਣੇ ਆਈ ਹੈ।
ਫਿਲਮ ਦਾ ਸੰਗੀਤ ਸੁਖਜਿੰਦਰ ਸ਼ਿੰਦਾ ਦੀ ਸੰਗੀਤਕ ਸੂਝ-ਬੂਝ ਨੂੰ ਹੋਰ ਚਾਰ ਚੰਨ ਲਾਉਂਦਾ ਨਜ਼ਰੀ ਪੈਂਦਾ ਹੈ। ਬੇਸ਼ੱਕ ਫਿਲਮ ਦਾ ਹੀਰੋ ਅਮਰਿੰਦਰ ਗਿੱਲ ਇਕ ਸਥਾਪਤ ਪੰਜਾਬੀ ਗਾਇਕ ਹੈ, ਫਿਰ ਵੀ ਫਿਲਮ ਵਿੱਚ ਫਿਲਮਾਏ ਗਏ ਗੀਤ ਕਿਸੇ ਵੀ ਇਸ ਗੱਲੋਂ ਪ੍ਰੇਰਿਤ ਨਜ਼ਰੀ ਨਹੀਂ ਪੈਂਦੇ ਕਿ ਗਾਇਕ ਅਮਰਿੰਦਰ ਗਿੱਲ ਦੇ ਸਰੋਤਾ ਬੈਂਕ ਨੂੰ ਕੈਸ਼ ਕਰਨ ਦੀ ਕੋਈ ਲੁਕਵੀਂ ਜਾਂ ਸਿੱਧੀ ਕੋਸ਼ਿਸ਼ ਕੀਤੀ ਗਈ ਹੋਵੇ, ਸਗੋਂ ਫਿਲਮ ਨੂੰ ਫਿਲਮ ਦੇ ਤੌਰ ‘ਤੇ ਬਣਾਉਂਦੀਆਂ ਲੋੜੀਂਦੀਆਂ ਥਾਵਾਂ ‘ਤੇ ਵਧੀਆ ਢੁੱਕਵੇਂ ਪਰਿਵਾਰਕ ਗਾਣੇ ਹੀ ਫਿੱਟ ਕੀਤੇ ਗਏ ਹਨ।
ਇੱਥੇ ਜੇ ਕੁਲਵੰਤ ਗਿੱਲ ਅਤੇ ਕਿਮੀ ਵੱਲੋਂ ਨਿਭਾਏ, ਭਾਵੇਂ ਥੋੜ੍ਹਾ ਹੀ ਸਹੀ, ਦੇ ਰੋਲ ਦੀ ਸ਼ਲਾਘਾ ਨਾ ਕੀਤੀ ਗਈ ਤਾਂ ਉਨ੍ਹਾਂ ਨਾਲ ਜ਼ਿਆਦਤੀ ਹੋਵੇਗੀ। ਮਨਮੋਹਨ ਸਿੰਘ ਦੀ ਇਹ ਫਿਲਮ ਕੁੜੀਆਂ ਦੇ ਬਰਾਬਰੀ ਦੇ ਅਧਿਕਾਰਾਂ ‘ਤੇ ਹੋ ਰਹੇ ਸਮਾਜਿਕ ਹਮਲਿਆਂ, ਸਮਾਜ ਦੀ ਪਿਛਾਂਹ-ਖਿੱਚੂ ਸੋਚ, ਖ਼ਾਨਦਾਨ ਦੇ ਵਾਰਿਸ ਦੀ ਭੁੱਖ ਵਰਗੇ ਮੁੱਦਿਆਂ ਦੀ ਠੋਕਵੀਂ ਵਕਾਲਤ ਕਰਦੀ ਇਕ ਸੰਪੂਰਨ ਪੰਜਾਬੀ ਫਿਲਮ ਹੈ। ਘਰ ਵਿੱਚ ਸਾਰੇ ਕੁੜੀਆਂ ਨੂੰ ਪੁੱਤ-ਪੁੱਤ ਕਹਿ ਕੇ ਵਡਿਆਈ ਜਾਂਦੇ ਹਨ, ਜਦ ਸੱਚਮੁੱਚ ਪੁੱਤ ਬਣਾਉਣ ਦੀ ਵਾਰੀ ਆਉਂਦੀ ਹੈ ਤਾਂ ਸਾਰੇ ਪੱਲਾ ਝਾੜ ਜਾਂਦੇ ਹਨ। ਇਸੇ ਸਮੱਸਿਆ ਨੂੰ ਬਾਖੂਬੀ ਬਿਆਨਦੀ ਇਕ ਦੇਖਣਯੋਗ ਫਿਲਮ ਬਣ ਗਈ ਹੈ। ਸ਼ਾਲਾ! ਮਨਮੋਹਨ ਸਿੰਘ ਦਾ ਇਹ ਉਪਰਾਲਾ ਵੀ ਸਫ਼ਲਤਾ ਦੇ ਝੰਡੇ ਗੱਡੇ।
 
Top