ਕਿਵੇਂ ਬਚਾਇਆ ਪੰਜਾਬ ਨੂੰ ਜਨਰਲ ਹਰਬਖਸ਼ ਸਿੰਘ ਨੇ

'MANISH'

yaara naal bahara
1965 ਦੀ ਭਾਰਤ-ਪਾਕਿ ਜੰਗ

ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ (ਰਿਟਾ.)

ਦੇਸ਼ ਦੀ ਵੰਡ ਤੋਂ ਤੁਰੰਤ ਬਾਅਦ ਸੰਨ 1947-48 ਵਿਚ ਜਦੋਂ ਪਾਕਿਸਤਾਨੀ ਰੇਡਰਾਂ ਨੂੰ ਭਾਰਤ ਦੀਆਂ ਫੌਜਾਂ ਨੇ ਵਾਪਸ ਧੱਕ ਦਿੱਤਾ ਤਾਂ ਪਾਕਿਸਤਾਨ ਦੇ ਹਾਕਮਾਂ ਅੰਦਰ ਨਫਰਤ ਅਤੇ ਬਦਲਾ ਲੈਣ ਦੀ ਭਾਵਨਾ ਉਤਪੰਨ ਹੋ ਗਈ। ਮੌਕੇ ਦੀ ਤਲਾਸ਼ ਵਿਚ ਪਾਕਿਸਤਾਨ ਦੇ ਰਾਸ਼ਟਰਪਤੀ ਮਾਰਸ਼ਲ ਅਯੂਬ ਖਾਨ ਨੇ ਸੰਨ 1962 ਵਾਲੀ ਭਾਰਤ-ਚੀਨ ਦੀ ਲੜਾਈ ਵਿਚ ਹੋਈ ਭਾਰਤ ਦੀ ਹਾਰ ਦਾ ਫਾਇਦਾ ਲੈਦਿਆਂ ਭਾਰਤ ਨਾਲ ਜ਼ੋਰ ਅਜ਼ਮਾਈ ਕਰਨ ਦਾ ਮਨ ਬਣਾ ਲਿਆ। ਹਰ ਕਿਸਮ ਦੇ ਆਧੁਨਿਕ ਹਥਿਆਰ, ਤੋਪਾਂ, ਟੈਂਕ, ਹਵਾਈ ਜਹਾਜ਼, ਸਮੁੰਦਰੀ ਬੇੜੇ, ਗੋਲਾ ਬਾਰੂਦ ਆਦਿ ਅਮਰੀਕਾ ਅਤੇ ਸਹਿਯੋਗੀ ਮੁਲਕਾਂ ਤੋਂ ਹਾਸਲ ਕਰਕੇ ਆਪਣੀ ਫੌਜੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਵਾਸਤੇ ਪਾਕਿਸਤਾਨ ਤਿਆਰ-ਬਰ-ਤਿਆਰ ਹੋ ਗਿਆ। 1965 ਦੇ ਸ਼ੁਰੂ ਵਿਚ ਉਸ ਨੇ ‘‘ਰਣ ਆਫ ਕੱਛ’’ (ਗੁਜਰਾਤ) ਵਿਚ ਆਪਣੀ ਫੌਜੀ ਤਿਆਰੀ ਦਾ ਜਾਇਜ਼ਾ ਲਿਆ। ਫਿਰ ਮਈ 1965 ਵਿਚ ਕਾਰਗਿਲ ਅੰਦਰ ਟਰੇਲਰ ਦੇਖਣ ਉਪਰੰਤ ਅਗਸਤ 1965 ਵਿਚ ਜੰਮੂ-ਕਸ਼ਮੀਰ ਅੰਦਰ ਘੁਸਪੈਠੀਏ ਭੇਜ ਕੇ ਜੰਗ ਦਾ ਮਾਹੌਲ ਪੈਦਾ ਕਰ ਦਿੱਤਾ ਅਤੇ ਸਤੰਬਰ 1965 ਵਿਚ ਫਿਰ ਲੜਾਈ ਦਾ ਬਿਗਲ ਵਜਾ ਦਿੱਤਾ।
ਸੰਨ 1965 ਵਿਚ ਭਾਰਤੀ ਫੌਜ ਦੇ ਮੁਖੀ ਜਨਰਲ ਜੇ.ਐਨ. ਚੌਧਰੀ ਸਨ ਅਤੇ ਆਰਮੀ ਹੈੱਡਕੁਆਟਰ ਦਿੱਲੀ ਵਿਖੇ ਸਥਾਪਿਤ ਸੀ। ਉਸ ਸਮੇਂ ਸਮੁੱਚੀ ਫੌਜ ਨੂੰ ਕੁੱਲ ਚਾਰ ਵੱਡੇ ਭਾਗਾਂ ਵਿਚ ਵੰਡਿਆ ਹੋਇਆ ਸੀ। ਸਭ ਤੋਂ ਵੱਧ ਮਹੱਤਵਪੂਰਨ ‘ਪੱਛਮੀ ਕਮਾਂਡ’ ਮੰਨੀ ਜਾਂਦੀ ਸੀ, ਜਿਸ ਦਾ ਹੈੱਡਕੁਆਟਰ ਸ਼ਿਮਲਾ ਵਿਖੇ ਸੀ ਤੇ ਇਸ ਦੀ ਵਾਗਡੋਰ ਲੈਫ. ਜਨਰਲ ਹਰਬਖਸ਼ ਸਿੰਘ ਨੇ ਨਵੰਬਰ 1964 ਵਿਚ ਸੰਭਾਲੀ ਸੀ। ਪੱਛਮੀ ਕਮਾਂਡ ਦੀ ਅਪ੍ਰੇਸ਼ਨਲ ਜ਼ਿੰਮੇਵਾਰੀ ਵਾਲਾ ਇਲਾਕਾ ਲੇਹ (ਲੱਦਾਖ) ਤੋਂ ਸ਼ੁਰੂ ਹੋ ਕੇ ਜੰਮੂ-ਕਸ਼ਮੀਰ ਸਮੁੱਚੇ ਪੰਜਾਬ (ਹਿਮਾਚਲ, ਹਰਿਆਣਾ ਸਮੇਤ) ਰਾਜਸਥਾਨ ਅਤੇ ਗੁਜਰਾਤ ਤਕ ਫੈਲਿਆ ਹੋਇਆ ਸੀ। ਲੜਾਈ ਦੌਰਾਨ ਕਮਾਂਡ ਦਾ ਟੈਕਨੀਕਲ ਹੈੱਡਕੁਆਟਰ ਅੰਬਾਲਾ ਵਿਖੇ ਸਥਾਪਤ ਕੀਤਾ ਗਿਆ। ਸਰਕਾਰ ਨੇ ਫੈਸਲਾ ਲਿਆ ਕਿ ਅਗਰ ਪਾਕਿਸਤਾਨ ਜੰਮੂ-ਕਸ਼ਮੀਰ ਉਪਰ ਚੜ੍ਹਾਈ ਕਰਦਾ ਹੈ ਤਾਂ ਉਸ ਨੂੰ ਸਮੁੱਚੇ ਭਾਰਤ ’ਤੇ ਹਮਲਾ ਸਮਝਿਆ ਜਾਵੇਗਾ। ਇਸ ਸੋਚ ਦੇ ਅਨੁਸਾਰ ਫੌਜ ਨੇ ਆਪਣੀ ਰਣਨੀਤੀ ਤੈਅ ਕਰ ਲਈ।
ਪੱਛਮੀ ਕਮਾਂਡ ਨੂੰ ਮੋਟੇ ਤੌਰ ’ਤੇ ਪਹਿਲਾਂ ਕੰਮ ਇਹ ਸੌਂਪਿਆ ਗਿਆ ਕਿ ਜੰਮੂ-ਕਸ਼ਮੀਰ ਦੀ ਸੁਰੱਖਿਆ ਵਾਸਤੇ ਇਕ ਪੁਖ਼ਤਾ ਕਿਸਮ ਦੀ ਰਣਨੀਤੀ ਤੈਅ ਕੀਤੀ ਜਾਵੇ ਤਾਂ ਕਿ ਪਾਕਿਸਤਾਨੀ ਘੁਸਪੈਠੀਆਂ ਨੂੰ ਖੂਬ ਰਗੜਾ ਚਾੜ੍ਹਨ ਦੇ ਨਾਲ ਸੂਬੇ ਵਿਚ ਸੰਚਾਰ ਸਾਧਨਾਂ ਨੂੰ ਸੁਰੱਖਿਅਤ ਬਣਾਇਆ ਜਾ ਸਕੇ। ਦੂਸਰਾ ਵੱਡਾ ਕੰਮ ਇਹ ਦਿੱਤਾ ਗਿਆ ਕਿ ਪੰਜਾਬ ਅਤੇ ਰਾਜਸਥਾਨ ਨਾਲ ਲਗਦੀ ਅੰਤਰਰਾਸ਼ਟਰੀ ਸੀਮਾ ਦੀ ਹਿਫਾਜ਼ਤ ਕਰਨਾ ਅਤੇ ਅਗਰ ਦੁਸ਼ਮਣ ਭਾਰਤ ਦੀ ਧਰਤੀ ’ਤੇ ਪੈਰ ਰੱਖਦਾ ਹੈ ਤਾਂ ਉਸ ਨੂੰ ਤਬਾਹ ਕੀਤਾ ਜਾਵੇ। ਤੀਸਰਾ ਕੰਮ ਇਹ ਸੀ ਕਿ ਲੋੜ ਪੈਣ ’ਤੇ ਅੰਤਰਰਾਸ਼ਟਰੀ ਸੀਮਾ ਪਾਰ ਕਰਕੇ ਪਾਕਿਸਤਾਨ ਉਪਰ ਸੀਮਤ ਹਮਲੇ ਕਰਨਾ ਅਤੇ ਜੰਮੂ-ਕਸ਼ਮੀਰ ਅੰਦਰ ਆਵਾਜਾਈ ਦੇ ਸਾਧਨਾਂ ਨੂੰ ਬਰਕਰਾਰ ਰੱਖਣਾ।
ਜਨਰਲ ਹਰਬਖਸ਼ ਸਿੰਘ ਵੱਲੋਂ ਪੱਛਮੀ ਕਮਾਂਡ ਦੀ ਵਾਗਡੋਰ ਸੰਭਾਲਣ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਪਾਕਿਸਤਾਨ ਪੰਜਾਬ ਉਪਰ ਹੱਲਾ ਬੋਲਣ ਖਾਤਰ ਜੀ.ਟੀ. ਰੋਡ ਵਾਲਾ ਧੁਰਾ ਚੁਣ ਸਕਦਾ ਹੈ। ਪਰੰਤੂ ਜਨਰਲ ਹਰਬਖਸ਼ ਸਿੰਘ ਹਰੇਕ ਪੱਖ ਵਿਚਾਰਨ ਮਗਰੋਂ ਇਸ ਸਿੱਟੇ ’ਤੇ ਪਹੁੰਚੇ ਕਿ ਅਜਿਹਾ ਕਰਨ ਨਾਲ ਤਾਂ ਪਹਿਲਾਂ ਦੁਸ਼ਮਣ ਨੂੰ ਅੰਮ੍ਰਿਤਸਰ ਸ਼ਹਿਰ ਖਾਲੀ ਕਰਵਾਉਣਾ ਪਵੇਗਾ, ਜੋ ਕਿ ਕਾਫੀ ਕਠਿਨ ਅਤੇ ਪੇਚੀਦਾ ਮਸਲਾ ਹੋਵੇਗਾ। ਹੋਰ ਵੀ ਕਈ ਪਹਿਲੂਆਂ ਨੂੰ ਵਿਚਾਰਨ ਉਪਰੰਤ ਉਹ ਇਸ ਸਿੱਟੇ ’ਤੇ ਪਹੁੰਚੇ ਕਿ ਦੁਸ਼ਮਣ ਆਪਣੇ ਮਨਸੂਬਿਆਂ ਦੀ ਪ੍ਰਾਪਤੀ ਵਾਸਤੇ ਖੇਮਕਰਨ-ਖਾਲੜਾ ਸੈਕਟਰ ਵਾਲਾ ਰਸਤਾ ਚੁਣ ਸਕਦਾ ਹੈ। ਇਸ ਵਾਸਤੇ ਫੌਜੀ ਸ਼ਕਤੀ ਪੱਖੋਂ ਇਸ ਇਲਾਕੇ ਨੂੰ ਜ਼ਿਆਦਾ ਮਜ਼ਬੂਤ ਕਰਨਾ ਹੋਵੇਗਾ। ਭਾਰਤੀ ਫੌਜਾਂ ਵੱਲੋਂ ਲਾਹੌਰ ਸੈਕਟਰ ਵੱਲ ਹੱਲੇ ਬੋਲਣ ਖਾਤਰ ਫੌਜਾਂ ਦੀ ਤਾਇਨਾਤੀ ਦਾ ਝੁਕਾਅ ਅੱਗੇ ਵੱਲ ਨੂੰ ਹੋਵੇਗਾ ਪਿੱਛੇ ਨੂੰ ਨਹੀਂ।
ਅਯੂਬ ਖਾਨ ਦੀ ਸੋਚ ਇਹ ਸੀ ਕਿ ਅੱਧੀ ਭਾਰਤੀ ਫੌਜ ਤਾਂ ਚੀਨ ਦੇ ਖਿਲਾਫ ਤਾਇਨਾਤ ਹੈ। ਬਾਕੀ ਅੱਧੀ ਵਿਚੋਂ ਬਹੁਤ ਸਾਰੀ ਨਫਰੀ ਲੱਦਾਖ, ਜੰਮੂ-ਕਸ਼ਮੀਰ ਵਿਚ ਰੁੱਝੀ ਹੋਈ ਹੈ। ਪਾਕਿਸਤਾਨੀ ਹਾਕਮਾਂ ਨੂੰ ਇਹ ਗਲਤਫਹਿਮੀ ਸੀ ਕਿ ਭਾਰਤ ਦੇ ਜਰਨੈਲਾਂ ਨੂੰ ਕਸੂਰ-ਖੇਮਕਰਨ ਵਾਲੇ ਇਲਾਕੇ ਦੀ ਮਹੱਤਤਾ ਹੀ ਨਹੀਂ ਪਤਾ। ਪਾਕਿਸਤਾਨ ਦੇ ਇਕ ਬੰਦੀ ਬਣਾਏ ਗਏ ਅਫਸਰ ਪਾਸੋਂ ਜੋ ਦਸਤਾਵੇਜ਼ ਬਰਾਮਦ ਕੀਤੇ ਗਏ, ਉਸ ਦੇ ਮੁਤਾਬਕ ਇਹ ਯੋਜਨਾ ਸੀ ਕਿ ਖੇਮਕਰਨ ਨੂੰ ਆਧਾਰ ਮੰਨਦਿਆਂ ਹੋਇਆਂ ਸਭ ਤੋਂ ਵੱਡਾ ਹਮਲਾ ਪੰਜਾਬ ’ਤੇ ਕੀਤਾ ਜਾਵੇਗਾ, ਜਿਸ ਨੂੰ ਆਪ੍ਰੇਸ਼ਨ ‘ਤਲਵਾਰ’ ਦਾ ਨਾਮ ਦਿੱਤਾ ਗਿਆ। ਸਕੀਮ ਮੁਤਾਬਕ ਟੈਂਕਾਂ ਦੀ ਇਕ ਪਹਿਲੀ ਕਤਾਰ ਬਿਆਸ-ਸਤਲੁਜ ਦੇ ਸੰਗਮ ਹਰੀਕੇ ਨੂੰ ਕਾਬੂ ਕਰੇਗੀ। ਦੂਸਰਾ ਬਖਤਰਬੰਦ ਕਾਲਮ ਖੇਮਕਰਨ-ਵਲਟੋਹਾ-ਪੱਟੀ ਤੋਂ ਹੁੰਦੇ ਹੋਏ ਅੰਮ੍ਰਿਤਸਰ ਨੂੰ ਬਾਈਪਾਸ ਕਰਦਿਆਂ ਹੋਇਆਂ ਜੰਡਿਆਲਾ ਗੁਰੂ ਤੋਂ ਬਿਆਸ ਤੱਕ ਰੇਲਵੇ ਸੜਕ ਨੂੰ ਕਾਬੂ ਕਰੇਗਾ। ਤੀਸਰਾ ਟਾਸਕ ਫੋਰਸ ਨੂੰ ਇਹ ਹੁਕਮ ਦਿੱਤਾ ਗਿਆ ਕਿ ਸੜਕ ਜਲੰਧਰ-ਪਠਾਨਕੋਟ-ਹਰੀਕੇ ਬਿਆਸ ਦਾ ਲਿੰਕ ਤੋੜ ਕੇ 8 ਸਤੰਬਰ ਨੂੰ ਜਲੰਧਰ ਅਤੇ 9 ਸਤੰਬਰ ਨੂੰ ਲੁਧਿਆਣਾ ਕਾਬੂ ਕੀਤਾ ਜਾਵੇਗਾ। ਅਗਰ ਇਹ ਸਾਰੀ ਯੋਜਨਾ ਨੇਪਰੇ ਚੜ੍ਹ ਜਾਂਦੀ ਹੈ ਤਾਂ ਫਿਰ ਪਾਕਿਸਤਾਨ ਚੌਥੀ ਪਾਣੀਪੱਤ ਦੀ ਲੜਾਈ ਲੜੇਗਾ। ਫਿਰ ਰਾਸ਼ਟਰਪਤੀ ਅਯੂਬ ਖਾਨ, ਨਾਦਿਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਨਕਸ਼ੇ ਕਦਮ ’ਤੇ ਚੱਲਦਿਆਂ ਹੋਇਆਂ 10 ਸਤੰਬਰ ਨੂੰ ਦਿੱਲੀ ਪਹੁੰਚ ਕੇ ਸ਼ਾਹ ਜਹਾਨ ਦੇ ਲਾਲ ਕਿਲੇ ਵਾਲੇ ਮਹਿਲਾਂ ਵਿਚ ਪਹੁੰਚ ਕੇ ਜਸ਼ਨ ਮਨਾਉਣਗੇ। ਇਸ ਸ਼ਹਿਨਸ਼ਾਹੀ ਜਿੱਤ ਹਾਸਲ ਕਰਨ ਵਾਸਤੇ ਆਰਮਰਡ ਡਿਵੀਜ਼ਨ ਦੇ ਡਿਵੀਜ਼ਨਲ ਕਮਾਂਡਰ ਖੁਦ ਅੱਗੇ ਲੱਗ ਕੇ ਇਸ ਅਪ੍ਰੇਸ਼ਨ ਦੀ ਅਗਵਾਈ ਕਰਨਗੇ। ਅਗਰ ਇਹ ਮਨਸੂਬਾ ਕਾਮਯਾਬ ਹੋ ਜਾਂਦਾ ਤਾਂ ਅੰਮ੍ਰਿਤਸਰ, ਗੁਰਦਾਸਪੁਰ, ਕਾਂਗੜਾ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਯਾਨੀ ਕਿ ਬਹੁਤ ਸਾਰਾ ਪੰਜਾਬ ਦਾ ਹਿੱਸਾ ਦੁਸ਼ਮਣ ਦੇ ਕਬਜ਼ੇ ਹੇਠ ਆ ਜਾਂਦਾ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਨਾਲ ਸੰਪਰਕ ਵੀ ਟੁੱਟ ਜਾਂਦਾ ਅਤੇ ਸਾਡੀਆਂ ਜੋ ਫੌਜਾਂ ਲਾਹੌਰ ਸੈਕਟਰ ਵੱਲ ਅੱਗੇ ਵੱਧ ਕੇ ਇਛੋਗਿਲ ਨਹਿਰ ਤੱਕ ਪਹੁੰਚ ਚੁੱਕੀਆਂ ਸਨ, ਉਹ ਵੀ ਸੰਕਟ ਵਿਚ ਫਸ ਜਾਂਦੀਆਂ।
ਪੰਜਾਬ ਉਪਰ ਹਮਲਾ ਕਰਨ ਤੋਂ ਪਹਿਲਾਂ ਅਗਸਤ 1965 ਵਿਚ ਜੰਮੂ-ਕਸ਼ਮੀਰ ਅੰਦਰ ਜਦੋਂ ਪਾਕਿਸਤਾਨੀ ਘੁਸਪੈਠੀਆਂ ਨੂੰ 47-48 ਤੋਂ ਬਾਅਦ ਇਕ ਵਾਰ ਫਿਰ ਖਦੇੜਿਆ ਹੀ ਨਹੀਂ ਬਲਕਿ ਹਾਜੀਪੀਰ ਅਤੇ ਕਿਸਨਗੰਗ ਬੱਲਜ ਵਾਲਾ (ਮਕਬੂਜ਼ਾ ਕਸ਼ਮੀਰ) ਇਲਾਕਾ ਭਾਰਤੀ ਫੌਜਾਂ ਨੇ ਆਪਣੇ ਕਬਜ਼ੇ ਹੇਠ ਲੈ ਲਿਆ। ਹੈਰਾਨ-ਪਰੇਸ਼ਾਨ ਪਾਕਿਸਤਾਨੀ ਹਾਕਮਾਂ ਨੇ 01 ਸਤੰਬਰ 1965 ਨੂੰ ਅਪ੍ਰੇਸ਼ਨ ‘ਗਰੈਂਡ ਸਲੈਮ’ ਦੇ ਨਾਮ ਹੇਠ ਛੰਭ-ਜੌੜੀਆਂ ਵਿਖੇ ਹੱਲਾ ਬੋਲ ਦਿੱਤਾ।
ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਥਲ ਸੈਨਾ ਅਤੇ ਹਵਾਈ ਸੈਨਾ ਨੂੰ ਪਾਕਿਸਤਾਨ ਉਪਰ ਸੀਮਤ ਹਮਲੇ ਕਰਨ ਵਾਸਤੇ ਇਜਾਜ਼ਤ ਤਾਂ ਦੇ ਦਿੱਤੀ ਪਰੰਤੂ ਲਾਹੌਰ ਅਤੇ ਸਿਆਲਕੋਟ ਨੂੰ ਕਬਜ਼ੇ ਹੇਠ ਲੈਣ ’ਤੇ ਰੋਕ ਲਾ ਦਿੱਤੀ। ਆਰਮੀ ਕਮਾਂਡਰ ਵੱਲੋਂ ਜਲੰਧਰ ਵਾਲੀ 11 ਕੋਰ ਨੂੰ ਹੁਕਮ ਦਿੱਤਾ ਗਿਆ ਕਿ ਉਹ ਤਿੰਨ ਦਿਸ਼ਾਵਾਂ ਵੱਲੋਂ ਲਾਹੌਰ ਸੈਕਟਰ ਵੱਲ ਨੂੰ ਹਮਲੇ ਕਰਕੇ ਇਛੋਗਿਲ ਨਹਿਰ ਦੇ ਪੂਰਬੀ ਹਿੱਸੇ ਅਤੇ ਉਸ ਉਪਰ ਪੁਲਾਂ ਨੂੰ ਕਾਬੂ ਕਰੇ। ਇਸ ਉਦੇਸ਼ ਦੀ ਪ੍ਰਾਪਤੀ ਖਾਤਰ 15 ਇਨਫੈਂਟਰੀ ਡਿਵੀਜ਼ਨ ਨੂੰ ਜੀ.ਟੀ. ਰੋਡ ਅੰਮ੍ਰਿਤਸਰ-ਰਾਣੀਆਂ-ਲਾਹੌਰ ਵੱਲ ਨੂੰ ਵਧਣ ਲਈ ਕਿਹਾ ਗਿਆ। 4 ਮਾਊਂਟੇਨ ਡਿਵੀਜ਼ਨ ਨੂੰ ਖੇਮਕਰਨ ਕਸੂਰ ਵੱਲੋਂ ਇਛੋਗਿਲ ਨਹਿਰ ਦੇ ਪੁਲ ਨੂੰ ਉਡਾਉਣ ਉਪਰੰਤ ਇਸ ਇਲਾਕੇ ਵਿਚ ਡਿਫੈਂਸਿਵ ਪੋਜ਼ੀਸ਼ਨ ਅਖਤਿਆਰ ਕਰਕੇ ਦੁਸ਼ਮਣ ਦੇ ਸੰਭਾਵੀ ਹਮਲੇ ਦਾ ਟਾਕਰਾ ਕਰਨ ਵਾਸਤੇ ਤਿਆਰ-ਬਰ-ਤਿਆਰ ਰਹਿਣ ਲਈ ਕਿਹਾ ਗਿਆ। 7 ਇਨਫੈਂਟਰੀ ਡਿਵੀਜ਼ਨ ਨੂੰ ਭਿੱਖੀਵਿੰਡ-ਖਾਲੜਾ-ਬਰਕੀ ਵਾਲੇ ਪਾਸਿਓਂ ਹਮਲੇ ਕਰਨ ਵਾਸਤੇ ਹੁਕਮ ਮਿਲਿਆ। 06 ਸਤੰਬਰ 65 ਨੂੰ ਸਵੇਰੇ ਚਾਰ ਵਜੇ ਫੌਜਾਂ ਆਪਣੇ ਨਿਰਧਾਰਿਤ ਮੰਤਵ ਵਾਸਤੇ ਕੂਚ ਕਰ ਗਈਆਂ। ਜਦੋਂ ਰੱਖਿਆ ਮੰਤਰੀ ਵਾਈ.ਬੀ. ਚਵਾਨ ਨੇ ਪਾਰਲੀਮੈਂਟ ਵਿਚ ਇਸ ਗੱਲ ਦਾ ਐਲਾਨ ਕੀਤਾ ਕਿ ਭਾਰਤੀ ਫੌਜਾਂ ਪਾਕਿਸਤਾਨ ਬਾਰਡਰ ਪਾਰ ਕਰਕੇ ਲਾਹੌਰ ਵਲ ਨੂੰ ਚੜ੍ਹਾਈ ਕਰ ਚੁੱਕੀਆਂ ਹਨ ਤਾਂ ਇਸ ਦਾ ਤਾੜੀਆਂ ਨਾਲ ਭਰਪੂਰ ਸਵਾਗਤ ਕੀਤਾ ਗਿਆ।
ਭਾਰਤ-ਪਾਕਿ ਦਰਮਿਆਨ ਵਿਗੜਦੇ ਹਾਲਾਤ ਉਪਰ ਦੁਨੀਆਂ ਦੀਆਂ ਨਜ਼ਰਾਂ ਵੀ ਟਿਕ ਗਈਆਂ। 02 ਸਤੰਬਰ ਨੂੰ ਯੂ.ਐਨ.ਓ. ਦੇ ਸਕੱਤਰ ਜਨਰਲ ਯੂ. ਥਾਂਟ ਨੇ ਦੋਵੇਂ ਮੁਲਕਾਂ ਨੂੰ ਜੰਗਬੰਦੀ ਲਾਗੂ ਕਰਨ ਦੀ ਅਪੀਲ ਕੀਤੀ। 03 ਸਤੰਬਰ ਨੂੰ ਪਾਕਿਸਤਾਨ ਦੇ ਪੀਕਿੰਗ ਵਿਚ ਵਿਸ਼ੇਸ਼ ਰਾਜਦੂਤ ਨੇ ਚਾਊ ਇਨ ਲਾਈ ਨਾਲ ਮੁਲਾਕਾਤ ਕੀਤੀ। 04 ਸਤੰਬਰ ਨੂੰ ਚੀਨ ਦੇ ਵਿਦੇਸ਼ ਮੰਤਰੀ ਚਿਨ-ਯੀ ਨੇ ਕਰਾਚੀ ਪਹੁੰਚ ਕੇ 6 ਘੰਟੇ ਤੱਕ ਜ਼ੁਲਫਿਕਾਰ ਅਲੀ ਭੁੱਟੋ ਨਾਲ ਮੁਲਾਕਾਤ ਕਰਕੇ ਪਾਕਿਸਤਾਨ ਦਾ ਪੱਖ ਪੂਰਿਆ। ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਭਾਰਤ ਵੱਲੋਂ ਕੀਤੇ ਗਏ ਹਮਲੇ ਦੀ ਨਿਖੇਧੀ ਕੀਤੀ। 05 ਸਤੰਬਰ ਦੀ ਸ਼ਾਮ ਨੂੰ ਪਾਕਿਸਤਾਨ ਦੇ ਲੜਾਕੂ ਜਹਾਜ਼ਾਂ ਨੇ ਅੰਮ੍ਰਿਤਸਰ ਵਿਖੇ ਏਅਰ ਫੋਰਸ ਦੀ ਯੂਨਿਟ ਉਪਰ ਰਾਕਟ ਦਾਗੇ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਰਣਬੀਰ ਸਿੰਘ ਪੁਰਾ ਵਾਲੇ ਇਲਾਕੇ ਸਮੇਤ ਕਈ ਹੋਰ ਫੌਜੀ ਟਿਕਾਣਿਆਂ ਉਪਰ ਪਾਕਿਸਤਾਨ ਦੀ ਏਅਰ ਫੋਰਸ ਨੇ ਤੇਜ਼ੀ ਨਾਲ ਹਵਾਈ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਪਾਕਿਸਤਾਨ ਆਰਮੀ ਨੇ ਪੰਜਾਬ ਨਾਲ ਲੱਗਦੇ 595 ਕਿ.ਮੀ. ਵਾਲੇ ਅੰਤਰਰਾਸ਼ਟਰੀ ਬਾਰਡਰ ’ਤੇ ਭਾਰੀ ਸੰਖਿਆ ਵਿਚ ਟੈਂਕਾਂ, ਤੋਪਾਂ ਸਮੇਤ ਮੋਰਚੇ ਸੰਭਾਲ ਲਏ। ਸਿਆਲਕੋਟ, ਨਾਰੋਵਾਲ, ਹੁਡਿਆਰਾ, ਬਸੀਨ ਅਤੇ ਕਸੂਰ ਵਿਖੇ ਫੌਜ ਦੀ ਬਹੁਤ ਜ਼ਿਆਦਾ ਹਰਕਤ ਦੇਖੀ ਗਈ।
ਸਭ ਤੋਂ ਪਹਿਲਾਂ ਪਾਕਿਸਤਾਨ ਦੀ ਧਰਤੀ ’ਤੇ ਪੈਰ ਰੱਖਣ ਵਾਲੇ 3 ਜਾਟ ਬਟਾਲੀਅਨ ਦੇ ਕਮਾਂਡਿੰਗ ਅਫਸਰ ਲੈ. ਕਰਨਲ ਡੀ ਹਾਈਡ ਸਨ। 3 ਜਾਟ ਰੈਜੀਮੈਂਟ ਨੇ ਸਭ ਤੋਂ ਪਹਿਲਾਂ ਗੋਸਲ ਦਿਆਲ ਕਾਬੂ ਕੀਤਾ, ਫਿਰ ਇੱਛੋਗਿਲ ਨਹਿਰ ’ਤੇ ਪਹੁੰਚ ਕੇ ਪੁਲ ਵੀ ਕਬਜ਼ੇ ਹੇਠ ਲਿਆ ਅਤੇ ਨਹਿਰ ਪਾਰ ਕਰਕੇ ਪਾਕਿਸਤਾਨ ਦੀ ‘‘ਬਾਟਾ ਸ਼ੂਅ ਫੈਕਟਰੀ’’ ਤੱਕ ਜਾ ਪਹੁੰਚੇ। ਬਾਅਦ ਵਿਚ ਗੋਲਾ ਬਾਰੂਦ, ਸਾਜ਼ੋ-ਸਾਮਾਨ ਪਲਟਨ ਤੱਕ ਨਾ ਪਹੁੰਚਣ ਕਰਕੇ ਪਿੱਛੇ ਹਟਣਾ ਪਿਆ। ਇਸੇ ਤਰੀਕੇ ਨਾਲ 7 ਇਨਫੈਂਟਰੀ ਡਿਵੀਜ਼ਨ ਅਤੇ 15 ਇਨਫੈਂਟਰੀ ਡਿਵੀਜ਼ਨ ਦੀਆਂ ਯੂਨਿਟਾਂ ਨੇ ਦੁਸ਼ਮਨ ਦੇ ਕੁਝ ਇਲਾਕੇ ਕਬਜ਼ੇ ਹੇਠ ਲੈ ਲਏ ਅਤੇ ਕਈ ਥਾਵਾਂ ’ਤੇ ਜ਼ਬਰਦਸਤ ਮੁਕਾਬਲੇ ਕਾਰਨ ਪਲਟਨਾਂ ਨੂੰ ਪੂਰੀ ਸਫਲਤਾ ਹਾਸਲ ਨਾ ਹੋ ਸਕੀ।
4 ਮਾਊਂਟੇਨ ਡਿਵੀਜ਼ਨ ਨੇ ਵੀ ਆਪਣੇ ਉਦੇਸ਼ ਦੀ ਪ੍ਰਾਪਤੀ ਵਾਸਤੇ 06 ਸਤੰਬਰ ਨੂੰ ਸਵੇਰੇ 5 ਵਜੇ ਭਿਖੀਵਿੰਡ-ਡਿਬੀਪੁਰ-ਖੇਮਕਰਨ ਤੋਂ ਕਸੂਰ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ ਪਰੰਤੂ ਪਾਕਿਸਤਾਨ ਦੇ 1 ਆਰਮਰਡ ਡਿਵੀਜ਼ਨ ਨੇ ਪਲਟਨਾਂ ਨੂੰ ਰਸਤੇ ਵਿਚ ਹੀ ਘੇਰਨਾ ਸ਼ੁਰੂ ਕਰ ਦਿੱਤਾ। ਡਿਬੀਪੁਰ ਜੋ ਕਿ ਕਸੂਰ ਤੋਂ 20 ਕਿ.ਮੀ., ਬਰਕੀ ਤੋਂ 10 ਕਿ.ਮੀ. ਅਤੇ ਖੇਮਕਰਨ ਤੋਂ ਤਕਰੀਬਨ 12 ਕਿ.ਮੀ. ਦੀ ਵਿੱਥ ’ਤੇ ਹੈ, ਉਸ ਉਪਰ 7 ਘੰਟਿਆਂ ਤੱਕ ਬੰਬਾਰੀ ਹੁੰਦੀ ਰਹੀ। 07 ਸਤੰਬਰ ਨੂੰ ਪਾਕਿਸਤਾਨ ਦੇ ਜਨਰਲ ਮੂਸਾ ਨੇ ਆਪਣੀਆਂ ਫੌਜਾਂ ਨੂੰ ਬਿਆਸ ਵੱਲ ਨੂੰ ਵਧਣ ਵਾਸਤੇ ਹੁਕਮ ਦੇ ਦਿੱਤਾ। 07 ਸਤੰਬਰ ਨੂੰ ਪਾਕਿਸਤਾਨ ਦੇ ਪੈਟਨ ਟੈਂਕਾਂ ਨੇ 4 ਮਾਊਂਟੇਨ ਡਿਵੀਜ਼ਨ ਦੀਆਂ ਅੱਗੇ ਵੱਧ ਰਹੀਆਂ ਕੁਝ ਪਲਟਨਾਂ ਦੀ ਘੇਰਾਬੰਦੀ ਕਰਕੇ ਆਪਣੇ ਟੈਂਕਾਂ ਅਤੇ ਤੋਪਾਂ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। 6/7 ਸਤੰਬਰ ਦੀ ਰਾਤ ਨੂੰ 13 ਡੋਗਰਾ ਪਲਟਨ ਆਪਣੇ ਕਮਾਂਡਿੰਗ ਅਫਸਰ ਦੀ ਪਾਰਟੀ ਅਤੇ ਸੂਬੇਦਾਰ ਮੇਜਰ ਨੂੰ ਪਿੱਛੇ ਛੱਡ ਕੇ ਭੱਜ ਨਿਕਲੇ। ਦੂਸਰੀਆਂ ਪਲਟਨਾਂ ਅੰਦਰ ਵੀ ਭਗਦੜ ਮਚ ਗਈ। 9 ਜੈਕ ਰਾਈਫਲਜ਼ ਦੇ ਕਮਾਂਡਿੰਗ ਅਫਸਰ ਆਪਣੀ ਇਕ ਕੰਪਨੀ ਨਾਲ ਲੈ ਕੇ ਬਗੈਰ ਹੁਕਮਾਂ ਦੇ ਖਿਸਕ ਗਏ। 18 ਰਾਜਪੂਤ ਰਾਈਫਲਜ਼ ਅਤੇ 7 ਗਰਨੇਡੀਅਰ ਪਲਟਨਾਂ ਦੀ ਅੱਧੀ ਪਚੱਧੀ ਨਫਰੀ ਹੀ ਬਾਕੀ ਬਚੀ। 07 ਸਤੰਬਰ ਦੀ ਸ਼ਾਮ ਤੱਕ 4 ਮਾਊਂਟੇਨ ਡਿਵੀਜ਼ਨ ਦੀ ਸਥਿਤੀ ਨਿਰਾਸ਼ਾਜਨਕ ਬਣ ਗਈ। ਇਸ ਵਾਸਤੇ ਜੋ ਟਾਸਕ ਇਸ ਫਾਰਮੇਸ਼ਨ ਨੂੰ ਸੌਂਪੇ ਗਏ ਸਨ, ਇਹ ਉਹ ਕੋਈ ਵੀ ਪੂਰਾ ਨਾ ਕਰ ਸਕੀ। ਡਿਵੀਜ਼ਨ ਦੀਆਂ 6 ਪਲਟਨਾਂ ਵਿਚੋਂ 2ੌ ਯੂਨਿਟਾਂ ਆਪਣੀ ਜ਼ਿੰਮੇਵਾਰੀ ਦਾ ਇਲਾਕਾ ਛੱਡ ਕੇ ਲੋਪ ਹੋ ਗਈਆਂ ਅਤੇ ਬਾਕੀ 3ੌ ਪਲਟਨਾਂ ਲੰਮੇ ਚੌੜੇ ਇਲਾਕੇ ਅੰਦਰ ਆਪੋ-ਆਪਣੀ ਲੜਾਈ ਲੜ ਰਹੀਆਂ ਸਨ। 11 ਕੋਰ ਕਮਾਂਡਰ ਲੈ. ਜਨਰਲ ਜੇ.ਐਸ. ਢਿੱਲੋਂ ਨੇ ਆਰਮੀ ਕਮਾਂਡਰ ਨੂੰ ਆਪਣੇ ਹੱਥ ਨਾਲ ਚਿੱਠੀ ਲਿਖ ਕੇ ਜੰਗ ਵਾਲੀ ਚਿੰਤਾਜਨਕ ਸਥਿਤੀ ਬਾਰੇ ਜਾਣੂ ਕਰਵਾਉਂਦਿਆਂ ਮੰਗ ਕੀਤੀ ਕਿ 4 ਮਾਊਂਟੇਨ ਡਿਵੀਜ਼ਨ ਨੂੰ ਤੁਰੰਤ ਬਦਲਿਆ ਜਾਵੇ।
ਦੇਸ਼ ਅਤੇ ਫੌਜ ਦੇ ਨਿਧੜਕ ਜਰਨੈਲ ਅਤੇ ਦੂਰਅੰਦੇਸ਼ੀ ਦੇ ਮਾਲਕ ਜਨਰਲ ਹਰਬਖਸ਼ ਸਿੰਘ ਚਿੱਠੀ ਮਿਲਦੇ ਸਾਰ ਹੀ ਲੜਾਈ ਵਾਲੇ ਮੈਦਾਨ ਵਿਚ ਪਹੁੰਚ ਗਏ। ਪਾਕਿਸਤਾਨ ਵੱਲੋਂ ਲਗਾਤਾਰ ਗੋਲਾਬਾਰੀ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਤਕਰੀਬਨ ਦੋ ਘੰਟਿਆਂ ਤੱਕ ਮੌਕੇ ’ਤੇ ਖੇਮਕਰਨ ਸੈਕਟਰ ਅੰਦਰ ਲੜਾਈ ਦਾ ਜਾਇਜ਼ਾ ਲਿਆ। ਉਨ੍ਹਾਂ ਮਹਿਸੂਸ ਕੀਤਾ ਕਿ ਫਾਰਮੇਸ਼ਨ ਦਾ ਕਚੂਮਰ ਨਿਕਲ ਚੁੱਕਿਆ ਹੈ ਅਤੇ ਸਾਰੇ ਪਾਸੇ ਅਫਰਾਤਫਰੀ ਮਚੀ ਹੋਈ ਸੀ। ਲੀਡਰਸ਼ਿਪ ਵਿਚ ਘਬਰਾਹਟ ਦੇਖਣ ਨੂੰ ਮਿਲੀ ਅਤੇ ਬਚੀ ਖੁਚੀ ਫੌਜ ਦਾ ਮਨੋਬਲ ਡਿੱਗ ਚੁੱਕਿਆ ਸੀ। ਅਜਿਹੇ ਮੌਕੇ ਜੇਕਰ ਕਮਾਂਡਰ ਸਵੈ-ਵਿਸ਼ਵਾਸ ਖੋ ਬੈਠੇ ਅਤੇ ਦ੍ਰਿੜ੍ਹਤਾ, ਹਿੰਮਤ ਤੇ ਦਲੇਰੀ ਤੋਂ ਕੰਮ ਨਾ ਲਵੇ ਤਾਂ ਲੜਾਈ ਹਾਰੀ ਸਮਝੋ। ਜਨਰਲ ਹਰਬਖਸ਼ ਸਿੰਘ ਨੇ ਬੜੇ ਹੀ ਸ਼ਾਂਤਮਈ ਢੰਗ ਪ੍ਰੰਤੂ ਪ੍ਰਭਾਵਸ਼ਾਲੀ ਤਰੀਕੇ ਨਾਲ 4 ਮਾਊਂਟੇਨ ਡਿਵੀਜ਼ਨ ਦੇ ਜਨਰਲ ਅਫਸਰ ਕਮਾਂਡਿੰਗ ਮੇਜਰ ਜਨਰਲ ਗੁਰਬਖਸ਼ ਸਿੰਘ ਅਤੇ ਬਾਕੀ ਕਮਾਂਡਰਾਂ ਨੂੰ ਦੁਸ਼ਮਨ ਨਾਲ ਨਜਿੱਠਣ ਵਾਸਤੇ ਇਕ ਨਿਵੇਕਲੀ ਵਿਧੀ ਸਮਝਾਈ ਅਤੇ ਜੁਆਨਾਂ ਦਾ ਮਨੋਬਲ ਉੱਚਾ ਚੁੱਕਿਆ। ਸੂਝਬੂਝ ਦੇ ਧਨੀ ਅਤੇ ਲੜਾਈਆਂ ਵਿਚ ਫਤਿਹ ਹਾਸਲ ਕਰਨ ਦੇ ਮਾਹਿਰ ਇਸ ਗੱਲ ਤੋਂ ਭਲੀਭਾਂਤ ਜਾਣੂ ਸਨ ਕਿ ਡਿਵੀਜ਼ਨ ਦੀ ਬਦਲੀ ਕਰਨ ਵਾਸਤੇ ਨਾ ਤਾਂ ਉਨ੍ਹਾਂ ਪਾਸ ਕੋਈ ਰਿਜ਼ਰਵ ਫੋਰਸ ਹੈ ਅਤੇ ਨਾ ਹੀ ਇਹ ਉਚਿਤ ਸਮਾਂ ਹੈ, ਜਦੋਂਕਿ ਦੋਵੇਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਮੁੱਠਭੇੜ ਜਾਰੀ ਹੈ। ਇਸ ਵਾਸਤੇ ਉਹ ਕੋਰ ਕਮਾਂਡਰ ਦੀ ਸਿਫਾਰਸ਼ ਪ੍ਰਵਾਨ ਕਰਨ ਵਿਚ ਅਸਮਰਥ ਸਨ। ਜਦੋਂ ਜਨਰਲ ਹਰਬਖਸ਼ ਸਿੰਘ ਨੇ ਮੈਦਾਨੇ ਜੰਗ ਵਿਚ ਦੁਸ਼ਮਨ ਨੂੰ ਵੰਗਾਰਦਿਆਂ ਹੋਇਆਂ ਆਪਣੇ ਕਮਾਂਡਰਾਂ ਵਿਚ ਨਵੀਂ ਰੂਹ ਫੂਕੀ ਤਾਂ ਡਿਵੀਜ਼ਨਲ ਕਮਾਂਡਰ ਨੇ ਆਰਮੀ ਕਮਾਂਡਰ ਨੂੰ ਭਰੋਸਾ ਦਿੱਤਾ ਕਿ ਉਹ ਆਪਣੇ ਵੈਰੀਆਂ ਨਾਲ ਡਟ ਕੇ ਮੁਕਾਬਲਾ ਕਰਦੇ ਹੋਏ ਆਖਰੀ ਦਮ ਤੱਕ ਲੜਨਗੇ। ਵਾਪਸੀ ’ਤੇ ਜਨਰਲ ਹਰਬਖਸ਼ ਸਿੰਘ ਰੱਈਏ ਵਿਖੇ ਕੋਰ ਹੈੱਡਕੁਆਟਰ ਦੇ ਐਡਵਾਂਸ ਹੈੱਡਕੁਆਟਰ ਵਿਖੇ ਰੁਕੇ ਅਤੇ ਲੈ. ਜਨਰਲ ਨੂੰ ਖੇਮਕਰਨ ਵਾਲੇ ਹਾਲਾਤ ਬਾਰੇ ਜਾਣਕਾਰੀ ਦਿੱਤੀ ਅਤੇ ਸਮਝਾਇਆ ਕਿ 4 ਮਾਊਂਟੇਨ ਡਿਵੀਜ਼ਨ ਦੁਸ਼ਮਣ ਨੂੰ ਮੂੰਹ ਤੋੜਵਾਂ ਜਵਾਬ ਦੇਵੇਗੀ, ਇਸ ਵਾਸਤੇ ਉਸ ਦੀ ਬਦਲੀ ਦੀ ਜ਼ਰੂਰਤ ਨਹੀਂ। ਉਹ ਰੱਈਏ ਤੋਂ ਚੱਲ ਕੇ ਜੀਪ ਦੀਆਂ ਲਾਈਟਾਂ ਤੋਂ ਬਗੈਰ ਅੱਧੀ ਰਾਤ ਤੋਂ ਵੀ ਬਾਅਦ ਆਪਣੇ ਹੈੱਡਕੁਆਟਰ ਅੰਬਾਲਾ ਵਿਖੇ ਪਹੁੰਚੇ ਜਿਥੋਂ ਕਿ ਜੰਮੂ-ਕਸ਼ਮੀਰ, ਪੰਜਾਬ ਅਤੇ ਰਾਜਸਥਾਨ ਵਿਚ ਲੜੀ ਜਾ ਰਹੀ ਲੜਾਈ ਨੂੰ ਸਮੁੱਚੇ ਤੌਰ ’ਤੇ ਕੰਟਰੋਲ ਕੀਤਾ ਜਾ ਰਿਹਾ ਸੀ।
8 ਸਤੰਬਰ ਦੀ ਸ਼ਾਮ ਤੱਕ 4 ਮਾਊਂਟੇਨ ਡਿਵੀਜ਼ਨ ਨੇ ਪਾਕਿਸਤਾਨ ਦੇ ਟੈਂਕਾਂ ਨੂੰ ਠੱਲ੍ਹ ਪਾਉਣ ਸਦਕਾ ਬਾਰੂਦੀ ਸੁਰੰਗਾਂ ਵਿਛਾਉਣ ਦਾ ਕੰਮ ਸ਼ੁਰੂ ਹੋ ਗਿਆ ਅਤੇ ਭਾਰਤੀ ਫੌਜਾਂ ਨੇ ਮੋਰਚੇ ਸੰਭਾਲਣੇ ਸ਼ੁਰੂ ਕਰ ਦਿੱਤੇ। ਦੁਸ਼ਮਨ ਦੇ ਟੈਂਕਾਂ ਵਿਚ ਰੁਕਾਵਟ ਪੈਦਾ ਕਰਨ ਖਾਤਰ ਵਲਟੋਹਾ ਦੇ ਨੇੜੇ ਇਕ ਨਹਿਰ ਦੇ ਸੂਏ ਦਾ ਪਾਣੀ ਵੀ ਛੱਡ ਦਿੱਤਾ। ਬਿਆਸ ਤੱਕ ਪਹੁੰਚਣ ਦੇ ਉਦੇਸ਼ ਨਾਲ 8 ਸਤੰਬਰ ਨੂੰ ਦੁਸ਼ਮਨ ਨੇ ਦੋ ਸੈਫਿਈਜ਼ ਅਤੇ ਇਕ ਪੈਟਨ ਸੁਕਾਡਰਨ ਨਾਲ ਖੇਮਕਰਨ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ। ਇਸ ਇਲਾਕੇ ਦੇ ਇਰਦ ਗਿਰਦ ਵਾਲੇ ਪਿੰਡ ਜਿਵੇਂ ਕਿ ਅਸਲ ਉੱਤਰ, ਚੀਮਾ, ਵਲਟੋਹਾ, ਚਿੱਠੀ ਖੂਹੀ, ਡਿਬੀਪੁਰ, ਮਹਿਮੂਦਪੁਰਾ ਅਤੇ ਮਨਾਵਣ ਆਦਿ ਦੇ ਬਾਸ਼ਿੰਦੇ ਦੇਸ਼ ਭਗਤੀ ਦੀ ਭਾਵਨਾ ਵਾਲੇ ਜਜ਼ਬੇ ਜੋਸ਼ ਅਤੇ ਦਲੇਰੀ, ਦ੍ਰਿੜਤਾ ਦਾ ਪ੍ਰਗਟਾਵਾ ਕਰਦਿਆਂ ਆਪਣੀਆਂ ਟਰਾਲੀਆਂ ਟਰੈਕਟਰਾਂ ਨਾਲ ਜੰਗ ਦੇ ਮੈਦਾਨ ਵਿਚ ਕੁੱਦ ਪਏ। ਫੌਜਾਂ ਨੇ ਮੋਰਚਿਆਂ ਤੱਕ ਪਹੁੰਚ ਕਰਕੇ ਸੈਨਿਕਾਂ ਨੂੰ ਲੰਗਰ ਛਕਾਉਣ ਅਤੇ ਉਨ੍ਹਾਂ ਨੂੰ ਗੋਲਾ ਬਾਰੂਦ, ਸਾਜ਼ੋ-ਸਮਾਨ ਪਹੁੰਚਾਉਣ ਦਾ ਕੰਮ ਸੰਭਾਲ ਲਿਆ, ਜਿਸ ਦੀ ਮਿਸਾਲ ਮੁਲਕ ਭਰ ਵਿਚ ਹੋਰ ਕਿਤੇ ਵੀ ਨਹੀਂ ਮਿਲਦੀ। ਨੌਜਵਾਨ ਤਾਂ ਦਰੱਖਤਾਂ ਉਪਰ ਮਚਾਨਾਂ ਬਣਾ ਕੇ ਦੁਸ਼ਮਨ ਦੀਆਂ ਫੌਜਾਂ ਬਾਰੇ ਜਾਣਕਾਰੀ ਆਪਣੇ ਕਮਾਂਡਰਾਂ ਨੂੰ ਲਗਾਤਾਰ ਦਿੰਦੇ ਰਹੇ। ਮਹਿਮੂਦਪੁਰਾ ਪਿੰਡ ਤੋਂ ਪਾਕਿ ਟੈਂਕ ਤਕਰੀਬਨ 20 ਮੀਟਰ ਦੀ ਦੂਰੀ ’ਤੇ ਜਦੋਂ ਆਰਟਿਲਰੀ ਗੰਨ ਪੋਜ਼ੀਸ਼ਨ ਵੱਲ ਨੂੰ ਵਹੀਰਾਂ ਘੱਤ ਰਹੇ ਸਨ ਤਾਂ ਭਾਰਤੀ ਤੋਪਖਾਨੇ ਅਤੇ 9 ਹਾਰਸ ਆਰਮਰਡ ਨੇ ਪੈਟਨ ਟੈਂਕਾਂ ਉਤੇ ਜ਼ਬਰਦਸਤ ਫਾਇਰਿੰਗ ਕੀਤੀ ਅਤੇ ਪਿੰਡ ਵਾਸੀਆਂ ਨੇ 14 ਪੈਟਨ ਟੈਂਕ ਜਲਦੇ ਹੋਏ ਦੇਖੇ। ਇਸ ਦੇ ਨਾਲ ਹੀ ਭਾਰਤੀ ਹਵਾਈ ਸੈਨਾ ਨੇ ਉਡਾਣ ਭਰੀ ਅਤੇ ਦੁਸ਼ਮਨ ਦੀ ਕਸੂਰ ਵੱਲ ਨੂੰ ਇਕ ਮਾਲ ਗੱਡੀ ਜਿਸ ਵਿਚ ਫੌਜੀ ਸਾਜ਼ੋ-ਸਮਾਨ ਸੀ, ਉਪਰ ਰਾਕਟ ਦਾਗ ਕੇ ਗੱਡੀ ਨੂੰ ਉਡਾਇਆ। 8/9 ਸਤੰਬਰ ਦੀ ਰਾਤ ਨੂੰ ਭਾਰੀ ਮਾਤਰਾ ਵਿਚ ਪੈਟਨ ਟੈਂਕ ‘‘ਇਨਫਰਾ ਰੈੱਡ’’ ਦੀ ਮਦਦ ਨਾਲ ਰਾਤ ਦੇ ਅੰਧੇਰੇ ਵਿਚ ਅੱਗੇ ਵਧਦੇ ਗਏ, ਜਦੋਂ ਕਿ ਸਾਡੇ ਸ਼ਰਮਨ ਟੈਂਕਾਂ ਵਿਚ ਇਹ ਸਹੂਲਤ ਨਹੀਂ ਸੀ। ਫਿਰ ਵੀ ਸਾਡੇ ਤੋਪਖਾਨੇ ਅਤੇ ਲੜਾਕੂ ਹਵਾਈ ਜਹਾਜ਼ਾਂ ਨੇ ਦੁਸ਼ਮਨ ਦੇ ਟਿਕਾਣਿਆਂ ਅਤੇ ਟੈਂਕਾਂ ਉਪਰ ਗੋਲੇ/ਬੰਬ/ਰਾਕਟ ਦਾਗਦਿਆਂ ਹੋਇਆਂ ਕਾਫੀ ਨੁਕਸਾਨ ਪਹੁੰਚਾਇਆ। 9 ਸਤੰਬਰ ਤੱਕ 8 ਮਾਊਂਟੇਨ ਡਿਵੀਜ਼ਨ ਦੀਆਂ ਬਚੀਆਂ 3ੌ ਪਲਟਨਾਂ ਨੇ ਅਸਲ ਉੱਤਰ ਵਿਚ ਤੋਪਖਾਨੇ ਅਤੇ 2 ਇੰਡੀਪੈਂਡੈਂਟ ਆਰਮਰਡ ਬ੍ਰਿਗੇਡ ਨਾਲ ਮੋਰਚੇ ਸੰਭਾਲ ਲਏ।
ਇਥੇ ਇਕ ਮਹੱਤਵਪੂਰਨ ਘਟਨਾ ਜੋ ਕਿ 9/10 ਸਤੰਬਰ ਨੂੰ ਵਾਪਰੀ ਉਸ ਦਾ ਵਰਣਨ ਕਰਨਾ ਲਾਜ਼ਮੀ ਹੋ ਜਾਂਦਾ ਹੈ। ਆਰਮੀ ਹੈੱਡਕੁਆਟਰ ਨੂੰ ਲੜਾਈ ਦੇ ਵਿਗੜਦੇ ਹਾਲਾਤ ਬਾਰੇ ਕਈ ਕਿਸਮ ਦੀਆਂ ਖਬਰਾਂ ਪਹੁੰਚ ਰਹੀਆਂ ਸਨ, ਜਿਸ ਦੇ ਕਾਰਨ ਕਈ ਕਿਸਮ ਦੇ ਸ਼ੰਕੇ ਉਤਪੰਨ ਹੋਣੇ ਸ਼ੁਰੂ ਹੋ ਗਏ। ਸਭ ਤੋਂ ਵੱਡਾ ਖਤਰਾ ਸੈਨਾ ਮੁਖੀ ਅੰਦਰ ਇਹ ਪੈਦਾ ਹੋਇਆ ਕਿ ਅਗਰ ਦੁਸ਼ਮਨ ਦੀ 1 ਆਰਮਰਡ ਡਿਵੀਜ਼ਨ ਖੇਮਕਰਨ ਸੈਕਟਰ ਪਾਰ ਕਰ ਗਈ ਤਾਂ ਉਹ ਸਿੱਧਾ ਬਿਆਸ ਜਾ ਕੇ ਰੁਕਣਗੇ। 9 ਸਤੰਬਰ ਦੀ ਰਾਤ ਨੂੰ ਸੈਨਾ ਮੁਖੀ ਜਨਰਲ ਜੇ.ਐਨ. ਚੌਧਰੀ ਨੇ ਜਨਰਲ ਹਰਬਖਸ਼ ਸਿੰਘ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ, ਜਿਸ ਦਾ ਵਰਣਨ ਉਨ੍ਹਾਂ ਨੇ ਆਪਣੀ ਲਿਖੀ ਪੁਸਤਕ ‘‘ਲਾਈਨ ਆਫ ਡਿਊਟੀ’’ ਵਿਚ ਇੰਝ ਕੀਤਾ, ‘‘9 ਸਤੰਬਰ ਦੀ ਅੱਧੀ ਰਾਤ ਨੂੰ ਜਨਰਲ ਚੌਧਰੀ ਨੇ ਮੇਰੇ ਨਾਲ ਟੈਲੀਫੋਨ ’ਤੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੇ ਕੋਰ ਕਮਾਂਡਰ ਵੱਲੋਂ ਭੇਜੀ ਚਿੱਠੀ ਪੜ੍ਹੀ ਹੈ (ਜਿਸ ਵਿਚ 4 ਮਾਊਂਟੇਨ ਡਿਵੀਜ਼ਨ ਦੀ ਬਦਲੀ ਦਾ ਜ਼ਿਕਰ ਕੀਤਾ ਗਿਆ) ਅਤੇ ਉਸ ਦੀ ਮੈਨੂੰ ਰਾਏ ਹੈ ਕਿ ਬਿਆਸ ਦਰਿਆ ਦੀ ਲਾਈਨ ਵਿਚ ਫੌਜਾਂ ਵਾਪਸ ਬੁਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਮੈਂ ਹੱਕਾ ਬੱਕਾ ਰਹਿ ਗਿਆ ਅਤੇ ਜਨਰਲ ਚੌਧਰੀ ਨੂੰ ਕਿਹਾ ਕਿਉਂਕਿ ਇਹ ਇਕ ਟੈਕਟੀਕਲ ਆਰਡਰ ਹੈ, ਇਸ ਵਾਸਤੇ ਉਸ ਨੂੰ ਮੇਰੇ ਨਾਲ ਮੈਦਾਨ-ਏ-ਜੰਗ ਵਿਚ ਪਹੁੰਚ ਕੇ ਹੁਕਮ ਦੇਣਾ ਪਵੇਗਾ। ਫਿਰ ਮੈਂ ਸੋਚਾਂਗਾ ਕਿ ਇਸ ਕਿਸਮ ਦੇ ਹੁਕਮ ਨੂੰ ਮੰਨਣਾ ਹੈ ਕਿ ਨਹੀਂ? ਸੈਨਾ ਮੁਖੀ ਨੇ ਜਵਾਬ ਦਿੱਤਾ ਕਿ ਉਹ ਅੰਬਾਲਾ ਸਵੇਰੇ ਪਹੁੰਚ ਰਿਹਾ ਹੈ। ਇਸ ਵਾਸਤੇ ਮੈਨੂੰ ਆਪਣੇ ਟੈਕਟੀਕਲ ਹੈੱਡਕੁਆਟਰ ਹੀ ਰਹਿਣਾ ਚਾਹੀਦਾ ਹੈ।’’
ਅਗਲੇ ਦਿਨ ਸੁਰੱਖਿਆ ਪੱਖੋਂ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਦੀ ਛੱਤਰੀ ਹੇਠ ਜਨਰਲ ਚੌਧਰੀ ਅੰਬਾਲਾ ਪਹੁੰਚਿਆ, ਜਿਥੇ ਸੈਨਾ ਮੁਖੀ ਅਤੇ ਆਰਮੀ ਕਮਾਂਡਰ ਦਰਮਿਆਨ ਬੜੀ ਗਰਮਾ-ਗਰਮੀ ਵਾਲੀ ਬਹਿਸ ਹੋਈ। ਕੈਪਟਨ ਅਮਰਿੰਦਰ ਸਿੰਘ (ਮਹਾਰਾਜਾ ਪਟਿਆਲਾ) ਜੋ ਕਿ ਉਸ ਸਮੇਂ ਜਨਰਲ ਹਰਬਖਸ਼ ਸਿੰਘ ਦੇ ਏ.ਡੀ.ਸੀ. ਵਜੋਂ ਕੰਮਕਾਜ ਕਰ ਰਿਹਾ ਸੀ, ਉਸ ਨੇ ਆਪਣੀ ਕਿਤਾਬ “‘Lest we 6orget ਵਿਚ ਇੰਝ ਲਿਖਿਆ ਹੈ, ‘‘ਚੀਫ ਨੇ ਜਨਰਲ ਹਰਬਖਸ਼ ਸਿੰਘ ਨੂੰ ਹੁਕਮ ਦਿੱਤਾ ਕਿ 11 ਕੋਰ ਨੂੰ ਬਿਆਸ ਦਰਿਆ ਉਪਰ ਲਿਆਂਦਾ ਜਾਵੇ, ਪ੍ਰੰਤੂ ਜਨਰਲ ਹਰਬਖਸ਼ ਸਿੰਘ ਨੇ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ।’’
ਅਸਲ ਉੱਤਰ ਦੀ ਫੈਸਲਾਕੁਨ ਲੜਾਈ:10 ਸਤੰਬਰ 65 ਨੂੰ ਅਸਲ ਉੱਤਰ ਵਿਖੇ ਲੜਾਈ ਸਿਖਰਾਂ ’ਤੇ ਜਾ ਪਹੁੰਚੀ। ਜਿਸ ਅੰਧਾਧੁੰਦ ਤਰੀਕੇ ਨਾਲ ਪਾਕਿਸਤਾਨੀ ਫੌਜਾਂ ਨੇ ਅੱਗੇ ਵਧਣਾ ਸ਼ੁਰੂ ਕੀਤਾ ਉਸ ਦੇ ਕਾਰਨ 4 ਮਾਊਂਟੇਨ ਡਿਵੀਜ਼ਨ ਦੀਆਂ ਦੋ ਸ਼ਕਤੀਸ਼ਾਲੀ ਡਿਫੈਂਸ ਸੈਕਟਰ ਵਾਲੀਆਂ ਪੋਜ਼ੀਸ਼ਨਾਂ ਦੇ ਪੈਟਨ ਅਤੇ ਦੂਸਰੇ ਟੈਂਕ ਫਸਣੇ ਸ਼ੁਰੂ ਹੋ ਗਏ। ਭਾਰਤੀ ਟੈਂਕਾਂ ਦੀ ਅਗਵਾਈ ਕਰ ਰਹੇ ਬ੍ਰਿਗੇਡੀਅਰ ਥਿਓਗਰਾਜ ਨੇ ਆਪਣੇ ਟੈਂਕ ਕਮਾਂਡਰਾਂ ਨੂੰ ਸਖਤ ਹੁਕਮ ਦਿੱਤੇ ਕਿ ਉਦੋਂ ਤੱਕ ਦੁਸ਼ਮਨ ਦੇ ਟੈਂਕਾਂ ਉਪਰ ਫਾਇਰਿੰਗ ਨਾ ਕੀਤੀ ਜਾਵੇ ਜਦੋਂ ਤੱਕ ਕਿ ਪੂਰਾ ਆਰਮਰਡ ਡਿਵੀਜ਼ਨ ਉਨ੍ਹਾਂ ਦੇ ਘੇਰੇ ਵਿਚ ਨਹੀਂ ਪਹੁੰਚਦਾ। ਇੰਡੀਅਨ ਆਰਟਿਲਰੀ ਦੀਆਂ ਭਾਰੀ ਤੋਪਾਂ ਅਤੇ ਜੀਪਾਂ ਅਤੇ ਜ਼ਮੀਨ ’ਤੇ ਗੱਡੀਆਂ ਰਿਕਾਇਲਲੈੱਸ ਗੰਨਾਂ ਵੀ ਢੁੱਕਵੇਂ ਮੌਕੇ ਦੀ ਤਾਕ ਵਿਚ ਸਨ। ਜਿਉਂ ਹੀ ਦੁਸ਼ਮਨ ਦੇ ਟੈਂਕ ਨਜ਼ਦੀਕ ਪਹੁੰਚੇ ਤਾਂ ਸਾਡੇ ਤੋਪਖਾਨੇ ਅਤੇ ਆਰ.ਸੀ.ਐਲ. ਗੰਨਾਂ ਨੇ ਟੈਂਕਾਂ ਦੀਆਂ ਧੱਜੀਆਂ ਉਡਾਉਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਪਾਕਿਸਤਾਨ ਦੇ 5 ਆਰਮਰਡ ਬ੍ਰਿਗੇਡ ਨੂੰ ਕੁਚਲਣਾ ਸ਼ੁਰੂ ਕੀਤਾ। ਫਿਰ 4 ਆਰਮਰਡ ਬ੍ਰਿਗੇਡ ਦਾ ਬਹੁਤ ਸਾਰਾ ਹਿੱਸਾ ਰੋਹੀ ਨਾਲੇ ਨੂੰ ਕੱਟਣ ਨਾਲ ਉਸ ਇਲਾਕੇ ਵਿਚ ਜਾ ਫਸਿਆ। ਮੇਜਰ ਜਨਰਲ ਨਸੀਰ ਅਹਿਮਦ ਖਾਨ, ਜੋ ਕਿ 1 ਆਰਮਡ ਡਿਵੀਜ਼ਨ ਦਾ ਜਨਰਲ ਅਫਸਰ ਕਮਾਂਡਿੰਗ ਸੀ, ਪਹਿਲਾਂ ਤਾਂ ਇਹ ਲੜਾਈ ਹੈਲੀਕਾਪਟਰ ਵਿਚ ਸਵਾਰ ਹੋ ਕੇ ਦੇਖ ਰਿਹਾ ਸੀ, ਫਿਰ ਆਪਣੀ ਫੌਜ ਨੂੰ ਹੱਲਾ-ਸ਼ੇਰੀ ਦੇਣ ਖਾਤਰ ਆਪਣੇ ਸਰਵੇਖਣ ਗਰੁੱਪ ਨਾਲ ਉਸ ਨੇ ਮੈਦਾਨ-ਏ-ਜੰਗ ਵੱਲ ਨੂੰ ਕੂਚ ਕਰ ਦਿੱਤਾ। ਇਕ ਤੋਪਖਾਨੇ ਦੀ ਅਬਜ਼ਰਵੇਸ਼ਨ ਪੋਸਟ ’ਤੇ ਤੋਪਖਾਨੇ ਦੀ ਕਾਰਗਰ ਫਾਇਰਿੰਗ ਨੇ ਇਸ ਸਰਵੇਖਣ ਗਰੁੱਪ ਨੂੰ ਟੈਂਕ ਸਮੇਤ ਉਡਾ ਦਿੱਤਾ। ਜਨਰਲ ਨਸੀਰ ਅਤੇ ਉਸ ਦਾ ਆਰਟਿਲਰੀ ਬ੍ਰਿਗੇਡ ਕਮਾਂਡਰ ਆਪਣੇ ਸਾਥੀਆਂ ਸਮੇਤ ਮਾਰੇ ਗਏ। ਬਾਅਦ ਵਿਚ ਉਸ ਦੇ ਇਕ ਸਿਪਾਹੀ ਨੇ ਇਸ ਕਿਸਮ ਦਾ ਸੰਦੇਸ਼ ਵਾਇਰਲੈਸ ’ਤੇ ਪਿੱਛੋਂ ਭੇਜਿਆ, ‘‘ਹਮਾਰਾ ਸਭ ਤੇ ਬੜਾ ਇਮਾਮ ਮਾਰਾ ਗਿਆ।’’
ਚੀਮਾ ਪਿੰਡ ਦੇ ਲੜਾਈ ਵਾਲੇ ਇਲਾਕੇ ਅੰਦਰ 4 ਗਰਨੇਡੀਅਰ ਦੇ ਇਕ ਨਾਨ-ਕਮਿਸ਼ਨਡ ਅਫਸਰ, ਕੰਪਨੀ ਕੁਆਟਰ ਮਾਸਟਰ ਹਵਲਦਾਰ ਅਬਦੁਲ ਹਮੀਦ ਜਦੋਂ ਰਿਕਾਇਲਲੈੱਸ ਤੋਪ (ਆਰ.ਸੀ.ਐਲ.) ਦੇ ਨਾਲ ਆਪਣੀ ਜੀਪ ਵਿਚ ਸਵਾਰ ਸੀ ਤਾਂ ਅਚਨਚੇਤ ਕਮਾਦ ਦੇ ਖੇਤ ਵੱਲੋਂ ਚਾਰ ਪੈਟਨ ਟੈਂਕ ਉਸ ਦੀ ਕੰਪਨੀ ਵੱਲ ਨੂੰ ਆ ਰਹੇ ਸਨ। ਉਸ ਨੇ ਤੁਰੰਤ ਇਕ ਟੇਕਰੀ ਪਿੱਛੇ ਛੁਪਦੇ ਹੋਏ ਇਕ-ਇਕ ਕਰਕੇ ਤਿੰਨ ਟੈਂਕਾਂ ਨੂੰ ਭੁੰਨਿਆ ਅਤੇ ਜਦੋਂ ਚੌਥੇ ਟੈਂਕ ਨੂੰ ਵੀ ਨਕਾਰਾ ਕੀਤਾ ਤਾਂ ਉਸ ਨੂੰ 90 ਮਿ.ਮੀ. ਦਾ ਸ਼ੈੱਲ ਆ ਵੱਜਿਆ, ਜਿਸ ਦੇ ਕਾਰਨ ਉਹ ਸ਼ਹਾਦਤ ਦਾ ਜਾਮ ਪੀ ਗਿਆ। ਅਬਦੁਲ ਹਮੀਦ ਨੇ ਸਰਵਉੱਤਮ ਬਹਾਦਰੀ, ਦੇਸ਼ ਪ੍ਰਤੀ ਜਜ਼ਬਾ ਅਤੇ ਦ੍ਰਿੜ੍ਹਤਾ ਦਾ ਪ੍ਰਦਰਸ਼ਨ ਜੰਗ ਦੇ ਮੈਦਾਨ ਵਿਚ ਕੀਤਾ। ਉਸ ਦੀ ਦੇਣ ਨੂੰ ਮੁੱਖ ਰੱਖਦਿਆਂ ਰਾਸ਼ਟਰਪਤੀ ਨੇ ਅਬਦੁਲ ਹਮੀਦ ਨੂੰ ਸਭ ਤੋਂ ਉਤਮ ਪੁਰਸਕਾਰ (ਮਰਨ ਉਪਰੰਤ) ‘‘ਪਰਮਵੀਰ ਚੱਕਰ’’ ਨਾਲ ਸਨਮਾਨਤ ਕੀਤਾ। ਮੇਜਰ ਐਸ.ਸੀ. ਵਡੇਰਾ ਦੇ ਚਾਰ ਟੈਂਕਾਂ ਨੇ ਦੁਸ਼ਮਨ ਦੇ 22 ਟੈਂਕਾਂ ਨਾਲ ਮੁਕਾਬਲਾ ਕੀਤਾ ਅਤੇ ਸ਼ਾਮ ਹੋਣ ਤੱਕ 7 ਟੈਂਕ ਫਨਾਹ ਕਰ ਦਿੱਤੇ। ਮੇਜਰ ਵਡੇਰਾ ਨੂੰ ਵੀਰ ਚੱਕਰ ਨਾਲ ਨਿਵਾਜਿਆ ਗਿਆ। ਹੋਰ ਵੀ ਬਹੁਤ ਸਾਰੇ ਬਹਾਦਰੀ ਪੁਰਸਕਾਰਾਂ ਨਾਲ ਦਲੇਰੀ ਦਿਖਾਉਣ ਵਾਲਿਆਂ ਨੂੰ ਸਨਮਾਨਤ ਕੀਤਾ ਗਿਆ। ਪਾਕਿਸਤਾਨ ਦੀ ਅਸਲ ਉੱਤਰ ਦੀ ਕਰਾਰੀ ਹਾਰ ਮਗਰੋਂ ਅਯੂਬ ਖਾਨ ਦਾ ਸੁਪਨਾ ਅਧੂਰਾ ਹੀ ਰਹਿ ਗਿਆ। ਬਾਕੀ ਸੈਕਟਰਾਂ ਅੰਦਰ ਲੜਾਈ ਉਦੋਂ ਤੱਕ ਜਾਰੀ ਰਹੀ ਜਦੋਂ ਤੱਕ ਕਿ 23 ਸਤੰਬਰ ਸਵੇਰੇ 03.30 ਵਜੇ ਜੰਗਬੰਦੀ ਲਾਗੂ ਨਾ ਹੋ ਗਈ।
ਇਨ੍ਹਾਂ ਤਿੰਨ ਦਿਨਾਂ ਦੀ ਲੜਾਈ ਅੰਦਰ ਦੁਸ਼ਮਣ ਦੇ 97 ਟੈਂਕ ਤਬਾਹ ਹੋ ਗਏ, ਜਿਨ੍ਹਾਂ ਵਿਚ 75 ਪੈਟਨ ਟੈਂਕ ਸਨ। ਇਸ ਵਿਚ 4 ਕੈਵਲਰੀ ਦੇ ਸਾਰੇ ਟੈਂਕ, ਉਸ ਦੇ ਕਮਾਂਡਿੰਗ ਅਫਸਰ, ਛੇ ਮੇਜਰਾਂ ਸਮੇਤ 12 ਅਫਸਰ ਅਤੇ ਬਹੁਤ ਸਾਰੇ ਹੇਠਲੇ ਰੈਂਕ ਵਾਲਿਆਂ ਨੇ 11 ਸਤੰਬਰ ਨੂੰ ਆਤਮ ਸਮਰਪਣ ਕਰ ਦਿੱਤਾ। ਲੜਾਈ ਤੋਂ ਬਾਅਦ ਭਿਖੀਵਿੰਡ ਵਿਖੇ 70 ਪਾਕਿਸਤਾਨੀ ਪੈਟਨ ਟੈਂਕਾਂ ਨੂੰ ਇਕੱਠਿਆਂ ਕਰਕੇ ਆਮ ਜਨਤਾ ਦੀ ਜਾਣਕਾਰੀ ਵਾਸਤੇ ਰੱਖ ਦਿੱਤਾ ਗਿਆ, ਜਿਸ ਦਾ ਨਾਮ ‘‘ਪੈਟਨ ਨਗਰ’’ ਪੈ ਗਿਆ। ਹਰ ਸਾਲ 10 ਸਤੰਬਰ ਨੂੰ ਸੂਬਾ ਪੱਧਰ ’ਤੇ ਅਸਲ ਉੱਤਰ ਦਿਵਸ ਮਨਾਇਆ ਜਾਂਦਾ ਹੈ।
ਇਸ ਵਿਚ ਕੋਈ ਸੰਦੇਹ ਨਹੀਂ ਕਿ ਖੇਮਕਰਨ ਸੈਕਟਰ ਵਿਚ ਜੰਗ ਦੇ ਸ਼ੁਰੂ ਵਿਚ 4 ਮਾਊਂਟੇਨ ਡਿਵੀਜ਼ਨ ਨੂੰ ਜੋ ਕਰਾਰਾ ਝਟਕਾ ਲੱਗਾ, ਉਸ ਦੇ ਕਾਰਨ ਫੌਜ ਦੇ ਅਕਸ ਨੂੰ ਢਾਹ ਜ਼ਰੂਰ ਲੱਗੀ, ਪਰੰਤੂ ਜਨਰਲ ਹਰਬਖਸ਼ ਸਿੰਘ ਨੇ ਜਿਸ ਦ੍ਰਿੜਤਾ, ਉੱਚ ਕੋਟੀ ਦੀ ਦਲੇਰੀ, ਲੀਡਰਸ਼ਿਪ ਨਾਲ ਲੜਾਈ ਦੇ ਫਰੰਟ ’ਤੇ ਪਹੁੰਚ ਕੇ ਮੌਕਾ ਸੰਭਾਲਿਆ, ਉਸ ਦੇ ਨਾਲ 4 ਮਾਊਂਟੇਨ ਡਿਵੀਜ਼ਨ ਨੇ ਅਸਲ ਉੱਤਰ ਦੀ ਲੜਾਈ ਵਿਚ ਆਪਣੇ ਪਿਛਲੇ ਧੋਣੇ ਤਾਂ ਧੋ ਦਿੱਤੇ ਅਤੇ ਫੌਜ ਦੀਆਂ ਉੱਚ ਕੋਟੀ ਦੀਆਂ ਪਰੰਪਰਾਵਾਂ ਨੂੰ ਵੀ ਬਹਾਲ ਕੀਤਾ। ਇਨ੍ਹਾਂ ਘਟਨਾਵਾਂ ਦੇ ਸੰਦਰਭ ਵਿਚ ਕਿਹਾ ਜਾ ਸਕਦਾ ਹੈ ਕਿ ਅਗਰ ਪੱਛਮੀ ਕਮਾਂਡ ਦੀ ਵਾਗਡੋਰ ਜਨਰਲ ਹਰਬਖਸ਼ ਸਿੰਘ ਦੇ ਹਵਾਲੇ ਨਾ ਹੁੰਦੀ ਅਤੇ ਜੇਕਰ ਉਹ ਸੈਨਾ ਮੁਖੀ ਦੀ ਵਿਚਾਰਧਾਰਾ ਦੇ ਉਲਟ ਆਪਣੀ ਜ਼ਮੀਰ ਦੀ ਆਵਾਜ਼ ਨਾ ਸੁਣਦੇ ਤਾਂ ਪੰਜਾਬ ਦਾ ਜੋ ਹਸ਼ਰ ਹੁੰਦਾ ਉਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਲਾਲ ਬਹਾਦਰ ਸ਼ਾਸਤਰੀ ਨੇ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਮੁੱਖ ਰੱਖਦਿਆਂ ਜਨਰਲ ਹਰਬਖਸ਼ ਸਿੰਘ ਨੂੰ ਸੈਨਾ ਮੁਖੀ ਬਣਾਉਣ ਦਾ ਫੈਸਲਾ ਕਰ ਲਿਆ ਸੀ। ਕਾਸ਼ ਕਿ ਸ਼ਾਸਤਰੀ ਜੀ ਆਪਣੇ ਫੈਸਲੇ ’ਤੇ ਅਮਲ ਕਰਨ ਲਈ ਜਿਊਂਦੇ ਰਹਿੰਦੇ।
 
Top