ਪੰਜਾਬੀ ਗਾਇਕੀ ਦਾ ਮੀਲ ਪੱਥਰ

'MANISH'

yaara naal bahara
ਸ਼ਮਸ਼ੇਰ ਸਿੰਘ ਸੰਧੂ

ਮਲਕੀਤ ਬੜਾ ਦਿਲਚਸਪ ਬੰਦਾ। ਨਹੀਂ ਸੱਚ, ਬੜਾ ਦਿਲਚਸਪ ਮੁੰਡਾ। ਬੰਦੇ ਦੀ ਥਾਂ ਮੁੰਡਾ ਕਹਿਣਾ ਦਰੁਸਤ ਹੈ। 25-30 ਸਾਲਾਂ ਤੋਂ ਆਪਾਂ ਉਸ ਨੂੰ ਦੇਖ ਰਹੇ ਹਾਂ। ਅਜੇ ਵੀ ਉਹੋ ਜਿਹਾ ਟਿੱਟ-ਫਾਰ-ਟੈਟ ਜਾਪਦੈ। ਤੋਰ ਵਿੱਚ ਮੜ੍ਹਕ, ਕਾਲੀ ਦਾੜ੍ਹੀ, ਉਹੀ ਗੁੰਦਵਾਂ ਸਰੀਰ, ਉਹੀ ਘੁੱਟਵੀਂ ਤੇ ਸੋਹਣੀ ਪੱਗ ਤੇ ਸਟੇਜ ਉਪਰ ਭੰਗੜਾ ਪਾਉਂਦੇ ਦੇ ਲੱਕ ਵਿੱਚ ਉਹੀ ਲਚਕ। ਮਲਕੀਤ ਵਾਂਗ ‘ਸਦਾਬਹਾਰ ਜਵਾਨ’ ਗਿਣੇ ਜਾਣ ਵਾਲਿਆਂ ’ਚ ਕਾਫੀ ਅਰਸਾ ਮੁਹੰਮਦ ਸਦੀਕ, ਗੁਰਦਾਸ ਮਾਨ, ਪੰਮੀ ਭਾਈ ਤੇ ਇਨ੍ਹਾਂ ਸਤਰਾਂ ਦੇ ਲੇਖਕ ਦਾ ਨਾਂ ਲਿਆ ਜਾਂਦਾ ਰਿਹੈ। ਅਜੇ ਵੀ ਕਈ ਏਦਾਂ ਹੀ ਕਹੀ ਜਾਂਦੇ ਨੇ, ਪਰ ਐਵੇਂ ਕਹੀਏ, ਹੁਣ ਅਸੀਂ ਸਾਰੇ ਢਾਲੇ ਪੈ ਗਏ ਹਾਂ, ਕਲੋਜ਼-ਅੱਪ ਵਿੱਚ ਸਭ ਚੇਹਰਿਆਂ ’ਤੇ ਰੌਣਕ ਘਟਣ ਲੱਗ ਪਈ ਹੈ।


ਓਹੋ, ਗੱਲ ਹੋਰ ਈ ਪਾਸੇ ਨੂੰ ਤੁਰ ਪਈ। ਦੱਸਣ ਲੱਗਾ ਸਾਂ ਕਿ ਮਲਕੀਤ ਬੜਾ ਰੌਣਕੀ ਹੈ। ਉਹਦੀਆਂ ਗੱਲਾਂ ’ਚ ਗੱਲ ਹੁੰਦੀ ਏ, ਦਿਲਚਸਪ ਤੱਤ ਵੀ ਹੁੰਦਾ। ਉਹ ‘ਹੋਰ ਫਿਰ’, ‘ਹੋਰ ਫਿਰ’ ਆਖਣ ਵਾਲਿਆਂ ’ਚੋਂ ਨਹੀਂ। ਪੱਤੇ ’ਤੇ ਪੱਤਾ ਸੁੱਟਦਾ ਈ ਆਉਂਦੈ। ਕੁਝ ਮਿਸਾਲਾਂ ਦੇ ਰਿਹਾਂ:
* ਇਕ ਵਾਰ ਮਹਾਨ ਗਾਇਕਾ ਸੁਰਿੰਦਰ ਕੌਰ ਇੰਗਲੈਂਡ ਗਈ। ਜਦੋਂ ਸਟੇਜ ਸ਼ੋਅ ਤੋਂ ਵਿਹਲੀ ਹੋਈ ਤਾਂ ਉਹਦਾ ਚਿੱਤ ਕੀਤਾ ਇੰਗਲੈਂਡ ਘੁੰਮਣ-ਘੁਮਾਉਣ ਨੂੰ, ਮਿਲਣ-ਗਿਲਣ ਮਿਲਾਉਣ ਨੂੰ। ਮਲਕੀਤ ਨੇ ਦੱਸਿਆ ਕਿ ਅਚਾਨਕ ਮੇਰੇ ਫੋਨ ਦੀ ਘੰਟੀ ਖੜਕੀ। ਅੱਗੋਂ ਆਵਾਜ਼ ਆਈ, ‘‘ਇਹ ਮਲਕੀਤ ਸਿੰਘ ਦਾ ਨੰਬਰ ਏ।’’ ਮੈਂ ਕਿਹਾ, ‘‘ਹਾਂ ਜੀ, ਦੱਸੋ, ਮੈਂ ਮਲਕੀਤ ਹੀ ਬੋਲ ਰਿਹਾਂ।’’ ਅੱਗੋਂ ਸੁਰਿੰਦਰ ਕੌਰ ਨਿਹੋਰੇ ਤੇ ਅਪਣੱਤ ਨਾਲ ਬੋਲੀ, ‘‘ਵੇ ਮਲਕੀਤ ਮਾਂ ਸਦਕੇ, ਮੈਂ ਸੁਰਿੰਦਰ ਕੌਰ ਬੋਲ ਰਹੀ ਹਾਂ। ਵੇ ਲੋਕ ਏਥੇ ਮੈਨੂੰ ਲੱਭਦੇ ਫਿਰਦੇ ਨੇ ਤੇ ਮੈਂ ਤੈਨੂੰ ਲੱਭਦੀ ਫਿਰਦੀ ਆਂ। ਤੇਰੇ ਕੋਲ ਹੈ ਟੈਮ ਮੈਨੂੰ ਮਿਲਣ ਦਾ।’’ ਮਲਕੀਤ ਕਹਿਣ ਲੱਗਾ, ਬਈ ਮੈਨੂੰ ਤਾਂ ਏਨਾ ਚਾਅ ਚੜ੍ਹਿਆ ਕਿ ਸਿਰ ਈ ਘੁੰਮਣ ਲੱਗ ਗਿਆ, ਧਰਤੀ ’ਤੇ ਪੈਰ ਨਾ ਲੱਗਣ। ਸਾਡੀ ਸਾਰੇ ਕਲਾਕਾਰਾਂ ਦੀ ਮਾਂ, ਪੰਜਾਬੀ ਗਾਇਕੀ ਦੀ ਮਾਂ, ਹਾਏ-ਹਾਏ ਮੈਨੂੰ ਮਿਲਣਾ ਚਾਹੁੰਦੀ ਆ। ਲਉ ਜੀ, ਮੈਂ ਕਿਹਾ ਬੇਬੇ ਇਥੇ ਕਿਤੋਂ ਵੀ ਫੋਨ ਕਰ ਰਹੀ ਏਂ, ਉਥੇ ਹੀ ਖੜ੍ਹੋ ਜਾ, ਮੈਂ ਖੁਦ ਤੈਨੂੰ ਲੈਣ ਆ ਰਿਹਾਂ। ਮੈਂ ਕਾਰ ਭਜਾਈ ਤੇ ਪਹਿਲੀ ਵਾਰ ਓਵਰ ਸਪੀਡ ’ਤੇ ਗਿਆ। ਉਤਰ ਕੇ ਮਾਤਾ ਦੇ ਗੋਡੀ ਤਾਂ ਕੀ ਪੈਰੀਂ ਹੱਥ ਲਾਇਆ। ਉਹਨੂੰ ਘਰੇ ਲਿਆਂਦਾ। ਸਾਨੂੰ ਏਨਾ ਚਾਅ ਕਿ ਮੈਂ ਘਰਵਾਲੀ ਨੂੰ ਤੇ ਆਪਣੇ ਸਾਜ਼ਿੰਦਿਆਂ ਨੂੰ ਆਰਡਰ ਦਿੱਤਾ ਕਿ ਮਾਤਾ ਦੀ ਸੇਵਾ ਤੇ ਆਉ-ਭਗਤ ਕਰਨ ਵਿੱਚ ਕੋਈ ਕਸਰ ਨਾ ਛੱਡਿਉ। ਲਉ ਜੀ, ਅਸੀਂ ਕਈ ਕਿਸਮ ਦੇ ਪੀਜ਼ੇ ਮੰਗਵਾਏ, ਪੇਸਟਰੀਆਂ ਦਾ ਢੇਰ ਲਗਾ ਦਿੱਤਾ, ਨੂਡਲਜ਼ ਤੇ ਬਰਗਰ ਵੀ ਸਜਾ ਦਿੱਤੇ। ਜੂਸ ਤਾਂ ਪਤਾ ਈ ਨਹੀਂ ਕਿੰਨੀ ਕਿਸਮ ਦੇ ਰੱਖੇ। ਮਾਤਾ ਨੂੰ ਕਦੇ ਕੁਝ ਖਵਾਈਏ, ਕਦੇ ਕੁਝ ਪਿਆਈਏ। ਰਾਤ ਵੀ ਡੂੰਘੀ ਲੱਥਦੀ ਗਈ। ਖਾਣ-ਪੀਣ ਦੀਆਂ ਵਸਤਾਂ ’ਚ ਅਸੀਂ ਦੁਨੀਆ ਭਰ ਦੇ ਵਧੀਆ ਤੋਂ ਵਧੀਆ ਪਕਵਾਨ ਡਾਇਨਿੰਗ ਟੇਬਲ ’ਤੇ ਸਜਾਏ। ਖਾਂਦੇ ਗਏ, ਖਾਂਦੇ ਗਏ। ਮੈਨੂੰ ਤਾਂ ਇਕ ਪਲ ਇੰਜ ਜਾਪਿਆ, ਸਾਰੇ ਹੀ ਓਵਰ-ਈਟਿੰਗ ਕਰ ਗਏ ਤੇ ਗਲ-ਗਲ ਤੀਕਰ ਖਾ ਲਿਆ। ਘਰਵਾਲੀ ਦਲਜੀਤ ਕੌਰ ਨੂੰ ਕਿਹਾ ਕਿ ਮਾਤਾ ਨੂੰ ਵਧੀਆ ਕਮਰੇ ’ਚ, ਵਧੀਆ ਬਿਸਤਰੇ ’ਤੇ ਹੁਣ ਅਰਾਮ ਕਰਵਾਉ, ਪਰ ਇਹ ਕੀ, ਮਲਕੀਤ ਨੇ ਦੱਸਿਆ ਕਿ ਬੇਬੇ ਸੁਰਿੰਦਰ ਕੌਰ ਉਬਾਸੀ ਜਿਹੀ ਲੈ ਕੇ ਕਹਿੰਦੀ, ‘‘ਵੇ ਮਲਕੀਤ, ਮਾਂ ਸਦਕੇ, ਅੱਜ ਸਾਨੂੰ ਕੋਈ ਰੋਟੀ-ਰੂਟੀ ਵੀ ਖੁਆਏਂਗਾ ਕਿ ਅਹਿ ਸੁਆਹ-ਖੇਹ ਨਾਲ ਹੀ ਪੇਟ ਭਰੇਂਗਾ।’’
* ਮਲਕੀਤ ਨੇ ਇਕ ਹੋਰ ਪਿਆਰੀ ਘਟਨਾ ਸੁਣਾਈ। ਕਹਿੰਦਾ, ਜਦੋਂ ਮੈਂ ਪਹਿਲਾਂ-ਪਹਿਲ ਇੰਗਲੈਂਡ ਗਿਆ ਤਾਂ ਦੇਸੀ ਜਿਹਾ ਪੇਂਡੂ ਮੁੰਡਾ ਸੀ। ਮੇਰੀ ਘਰਵਾਲੀ ਦਲਜੀਤ ਕੌਰ ਜ਼ਰਾ ਮਾਡਰਨ ਸੀ। ਉਹ ਅੰਗਰੇਜ਼ੀ ਬੋਲਣਾ ਵੀ ਜਾਣਦੀ ਸੀ, ਮੈਂ ਤਾਂ ‘ਨੋਅ’ ਨੂੰ ‘ਕਨੋਅ’ ਕਹਿਣ ਵਾਲਾ ਹੀ ਸੀ। ਨਵੇਂ ਵਿਆਹੇ ਹੋਣ ਕਰਕੇ ਅਜੇ ਝਿਜਕ ਜਿਹੀ ਵੀ ਸੀ। ਮੈਂ ਜਦੋਂ ਵੀ ਪੱਗ ਦੀ ਪੂਣੀ ਕਰਾਉਣੀ ਤਾਂ ਘਰਵਾਲੀ ਨੂੰ ਪੱਗ ਦੂਜੇ ਸਿਰਿਉਂ ਖਿੱਚਣੀ ਪੈਣੀ। ਕਈ ਵਾਰ ਉਹਦੇ ਪੈਰ ਵੀ ਤਿਲਕ ਜਾਣੇ। ਪੂਣੀ ਖਿੱਚ ਕੇ ਨਾ ਕੀਤੀ ਜਾਵੇ ਤਾਂ ਬੰਨ੍ਹਣ ਵਾਲੇ ਨੂੰ ਸਵਾਦ ਨਹੀਂ ਆਉਂਦਾ। ਪੂਣੀ ਕਰਾਉਂਦਿਆਂ ਮੈਂ ਆਖੀ ਜਾਵਾਂ, ‘‘ਖਿੱਚ, ਹੋਰ ਖਿੱਚ।’’ ਏਦਾਂ ਕਈ ਮਹੀਨੇ ਲੰਘ ਗਏ। ਕਈ ਵਾਰ ਮੇਰੀ ਇਸ ‘ਖਿੱਚ-ਖਿੱਚ’ ਤੋਂ ਘਰਵਾਲੀ ਖਿਝ ਜਇਆ ਕਰੇ। ਇਕ ਦਿਨ ਪੁੱਛਣ ਲੱਗੀ-ਤੁਹਾਡੀ ਪੱਗ ਦੀ ਲੰਬਾਈ ਕਿੰਨੀ ਹੈ? ਮੈਂ ਕਿਹਾ ਤੂੰ ਕੀ ਲੈਣਾ, ਬਸ ਪੂਣੀ ਕਰਾ ਦਿਆ ਕਰ। ਉਹ ਫਿਰ ਪੁੱਛਣ ਲੱਗੀ-ਤੁਸੀਂ ਪੱਗ ਦੀ ਲੰਬਾਈ ਦੱਸੋ। ਮੈਂ ਆਖਰ ਦੱਸ ਦਿੱਤਾ ਕਿ ਸੱਤ ਕੁ ਮੀਟਰ ਹੁੰਦੀ ਆ। ਉਹ ਅਗਲੇ ਦਿਨ ਮੈਨੂੰ ਬਾਜ਼ਾਰ ਲੈ ਗਈ। ਪੱਗ ਵਾਲੀ ਦੁਕਾਨ ’ਤੇ ਕਈ ਨਵੀਆਂ ਪੱਗਾਂ ਪਸੰਦ ਕੀਤੀਆਂ। ਦੁਕਾਨਦਾਰ ਨੂੰ ਕਹਿੰਦੀ-ਹਰੇਕ ਪੱਗ ਨੂੰ ਸੱਤ-ਸੱਤ ਮੀਟਰ ਗਿਣ, ਬਸ ਚੱਪਾ ਕੁ ਹੋਰ ਵੱਡੀ ਰੱਖ ਕੇ ਪਾੜ ਦੇ। ਜਦੋਂ ਘਰੇ ਆ ਕੇ ਨਵੀਂ ਪੱਗ ਬੰਨ੍ਹਣ ਲੱਗਾ ਤਾਂ ਘਰਵਾਲੀ ਬੋਲੀ-ਅੱਜ ਮੈਨੂੰ ‘ਹੋਰ ਖਿੱਚ’, ‘ਹੋਰ ਖਿੱਚ’ ਨਾ ਆਖਿਉ। ਇਹ ਜੋ ਚੱਪਾ-ਚੱਪਾ ਵੱਡੀ ਰਖਾਈ ਹੈ, ਇਹਦੇ ਨਾਲ ਢਿੱਲੀ ਰਹਿ ਗਈ ਪੂਣੀ ਦੀ ਪੱਗ ਦਾ ਵੀ ਆਖਰੀ ਲੜ ਪੂਰਾ ਆ ਜਾਊਗਾ। ਮਲਕੀਤ ‘ਕਹਾਣੀ’ ਸੁਣਾ ਕੇ ਹੱਸਿਆ ਤੇ ਕਹਿਣ ਲੱਗਾ, ‘‘ਲੈ ਓਦੂੰ ਬਾਅਦ ਸਾਡੇ ਘਰ ’ਚੋਂ ‘ਖਿੱਚ-ਖਿੱਚ’ ਸਦਾ ਲਈ ਮੁੱਕ ਗਈ..।’’
* ਇਕ ਵਾਰ ਇਕ ਹੋਰ ਹਾਸੇ ਵਾਲੀ ਗੱਲ ਸੁਣਾਈ। ਕਹਿੰਦਾ, ਮੁਹੰਮਦ ਸਦੀਕ ਇਕ ਵਾਰ ਦੇ ਇੰਗਲੈਂਡ ਦੌਰੇ ’ਤੇ ਮੇਰੇ ਘਰ ਆਇਆ। ਮੈਥੋਂ ਸੀਨੀਅਰ ਆ, ਵੱਡਾ ਵੀਰ ਆ। ਸੇਵਾ-ਪਾਣੀ ਕਰਨਾ ਬਣਦਾ ਸੀ। ਅਸੀਂ ਸਦੀਕ ਸਾਹਿਬ ਨੂੰ ਸਿਰੇ ਦੀ ਸਕੌਚ ਪਿਲਾਈ। ਗੱਲਾਂ ਕਰਦੇ ਗਏ। ਪੀਂਦੇ ਗਏ। ਕਾਮੇਡੀਅਨ ਮਣਕੂ ਵੀ ਨਾਲ ਸੀ ਇਨ੍ਹਾਂ ਦੀ ਟੀਮ ’ਚ। ਮੇਰੇ ਕੁਝ ਸਾਜ਼ਿੰਦੇ ਮੇਰੇ ਘਰੇਲੂ ਮਿੱਤਰ ਵੀ ਤੇ ਨੌਕਰ ਵੀ ਨੇ। ਆਏ-ਗਏ ਦੀ ਸੇਵਾ ਕਰਨ ਲਈ ਮੈਂ ਉਨ੍ਹਾਂ ਨੂੰ ਸੱਦ ਲੈਣਾ। ਓਦਣ ਉਨ੍ਹਾਂ ਨੇ ਨਾਲੋ-ਨਾਲ ਵੀਡੀਓ ਵੀ ਬਣਾਉਣੀ ਸ਼ੁਰੂ ਕਰ ਦਿੱਤੀ। ਸਦੀਕ ਸਾਹਿਬ ਤੇ ਮੈਂ ਖੂਬ ਗੱਲਾਂ ਕਰਦੇ ਰਹੇ। ਜ਼ਿੰਦਗੀ ਦੀ ਸਟਰਗਲ ਦੀਆਂ, ਪੰਜਾਬੀ ਗਾਇਕੀ ਦੀਆਂ। ਜਦੋਂ ਸਦੀਕ ਸਾਹਿਬ ਜਾਣ ਲੱਗੇ ਤਾਂ ਅਸੀਂ, ਘਰਵਾਲੀ, ਬੱਚਿਆਂ ਤੇ ਇਕ-ਦੋ ਹੋਰ ਖਾਸ ਰਿਸ਼ਤੇਦਾਰਾਂ ਨਾਲ ਗਰੁੱਪ ਫੋਟੋ ਖਿਚਵਾਉਣ ਲੱਗੇ। ਕਾਮੇਡੀਅਨ ਮਣਕੂ ਦੌੜ ਕੇ ਗਰੁੱਪ ਵਿੱਚ ਆ ਖੜੋਇਆ। ਮੈਂ ਤਾਂ ਚੁੱਪ ਕਰ ਰਿਹਾ, ਪਰ ਸਦੀਕ ਸਾਹਿਬ ਨੇ ਫੋਟੋਗ੍ਰਾਫਰ ਨੂੰ ਰੋਕਿਆ ਤੇ ਮਣਕੂ ਨੂੰ ਪੈ ਨਿਕਲੇ। ਓਏ ਚੱਲ ਤੂੰ ਬਾਹਰ ਚੱਲ, ਇਹ ਖਾਸ-ਖਾਸ ਦੀ ਫੈਮਿਲੀ ਗਰੁੱਪ ਫੋਟੋ ਹੋ ਰਹੀ ਆ, ਤੇਰਾ ਏਥੇ ਕੀ ਕੰਮ! ਜਦੋਂ ਸਦੀਕ ਸਾਹਿਬ ਜਾਣ ਲਈ ਐਨ ਤਿਆਰ ਹੋ ਗਏ ਤਾਂ ਮਹਿਮਾਨ-ਨਿਵਾਜ਼ੀ ਵਜੋਂ ਮੈਂ ਗਲਾਸ ਵਧਾ ਕੇ ਬੋਤਲ ਫੜ ਕੇ ਆਖਿਆ ਭਾਅ ਜੀ, ਵੰਨ ਫਾਰ ਦਾ ਰੋਡ। ਸਦੀਕ ਸਾਹਿਬ ਨੇ ਗਲਾਸ ਫੜਿਆ। ਮੈਂ ਲਿਟਲ ਪੈੱਗ ਬਣਾ ਦਿੱਤਾ। ਸਦੀਕ ਸਾਹਿਬ ਲੋਰ ’ਚ ਗਲਾਸ ਵੱਲ ਝਾਕੇ ਤੇ ਬੋਲੇ, ‘‘ਥੋੜ੍ਹੀ ਜਿਹੀ ਹੋਰ।’’ ਮੈਂ ਗਲਾਸ ਵਿੱਚ ਹੋਰ ਪਾ ਦਿੱਤੀ। ਚਲੋ ਜੀ ਚਾਈਂ-ਚਾਈਂ ਵਿਛੜ ਗਏ। ਕੁਝ ਦਿਨਾਂ ਬਾਅਦ ਮੇਰੇ ਸਾਜ਼ੀ ਬੜੇ ਪਤੰਦਰ ਨਿਕਲੇ। ਮੈਨੂੰ ਵੀਡੀਓ ਦਿਖਾਈ। ਜਿਸ ਸੀਨ ਵਿੱਚ ਸਦੀਕ ਸਾਹਿਬ ਨੇ ਆਖਿਆ ਸੀ, ‘‘ਥੋੜ੍ਹੀ ਜਿਹੀ ਹੋਰ, ਸ਼ਰਾਰਤੀਆਂ ਨੇ ਉਸ ਇਕੋ ਸੀਨ ਨੂੰ 8 ਵਾਰ ਰਿਪੀਟ ਕਰ ਦਿੱਤਾ। ਉਹ ਵੀਡੀਓ ਦੇਖ ਕੇ ਸਾਰੇ ਹੱਸਣ ਲੱਗ ਪਏ ਤੇ ਇੰਜ ਜਾਪ ਰਿਹਾ ਸੀ ਜਿਵੇਂ ਸਦੀਕ ਸਾਹਿਬ ਨੇ ਅੱਠ ਪੈੱਗ ਇਕੱਠੇ ਹੀ ਪੁਆ ਲਏ ਹੋਣ..।
* ਈ.ਟੀ.ਸੀ. ਚੈਨਲ ਨੇ ਕੁਝ ਸਾਲ ਹੋਏ ਚੰਡੀਗੜ੍ਹ ਨਾਲ
ਲੱਗਦੇ ਕਲਾਗ੍ਰਾਮ ਵਿੱਚ ਵੱਡਾ ਪ੍ਰੋਗਰਾਮ ਕਰਵਾਇਆ। ਗਾਇਕ, ਕਲਾਕਾਰਾਂ ਵਿੱਚ ਮਲਕੀਤ ਸਿੰਘ, ਸਰਦੂਲ ਸਿਕੰਦਰ, ਅਮਰ ਨੂਰੀ, ਫਿਲਮ ਕਲਾਕਾਰ ਜਿੰਮੀ ਸ਼ੇਰਗਿੱਲ ਤੇ ਹੋਰਨਾਂ ਨੂੰ ਸ਼ਾਮਲ ਕੀਤਾ ਗਿਆ। ਚੈਨਲ ਵਾਲਿਆਂ ਨੇ ਦੱਸਿਆ ਕਿ ਅੱਜ-ਕੱਲ੍ਹ ਸਾਡੀ ਟੀ.ਸੀਰੀਜ਼ ਨਾਲ ਖਟਪਟੀ ਹੈ ਤੇ ਉਸ ਕੰਪਨੀ ਦਾ ਕੋਈ ਵੀ ਗੀਤ, ਕੋਈ ਵੀ ਕਲਾਕਾਰ ਬਗੈਰ ਲਿਖਤੀ ਆਗਿਆ ਦੇ ਨਹੀਂ ਗਾ ਸਕਦਾ। ਜੇ ਕੋਈ ਉਲੰਘਣਾ ਕਰੂਗਾ ਤਾਂ ਲੱਖ ਤੋਂ ਡੇਢ ਲੱਖ ਜੁਰਮਾਨਾ ਜਾਂ ਚੈਨਲ ਨੂੰ ਭਰਨਾ ਪਊ ਜਾਂ ਫਿਰ ਕਲਾਕਾਰ ਨੂੰ। ਸਰਦੂਲ ਸਿਕੰਦਰ ਨੂੰ ਬੜੀ ਘਬਰਾਹਟ ਹੋਈ। ਉਸ ਨੇ ਜੋ ਗੀਤ ਸਟੇਜ ਉਪਰ ਗਾਉਣੇ ਸੀ, ਉਹ ਤਾਂ ਟੀ-ਸੀਰੀਜ਼ ਕੰਪਨੀ ’ਚ ਰਿਲੀਜ਼ ਹੋਏ ਸੀ। ਅਸੀਂ ਹੋਟਲ ਵਿੱਚ ਮਲਕੀਤ ਸਿੰਘ ਦੇ ਕਮਰੇ ’ਚ ਬੈਠੇ ਸੀ। ਗੱਲਾਂ ਦਾ ਸ਼ੁਗਲ ਚੱਲ ਰਿਹਾ ਸੀ। ਉਹ ਕਹਿਣ ਲੱਗਾ, ਬਈ ਇਹ ਤਾਂ ਕੰਪਨੀ ਲਈ ਗੱਲ ਮਾੜੀ ਆ ਕਿ ਬਿਨਾਂ ਇਜਾਜ਼ਤ ਦੇ ਕਲਾਕਾਰ ਗੀਤ ਨਹੀਂ ਗਾ ਸਕਦਾ, ਪਰ ਇਕ ਗੱਲ ਵਧੀਆ ਵੀ ਹੋ ਗਈ। ਮੈਂ ਪੁੱਛਿਆ, ‘‘ਉਹ ਕਿਹੜੀ?’’ ਮਲਕੀਤ ਤਿਰਛੀ ਮੁਸਕਰਾਹਟ ’ਚ ਬੋਲਿਆ, ‘‘ਅੱਜ ਜਦੋਂ ਸਰਦੂਲ ਭਾਅ ਜੀ ਗੌਣਗੇ ਤਾਂ ਆਪਾਂ ਸਾਰੇ ‘ਇਕ ਚਰਖਾ ਗਲੀ ਦੇ ਵਿੱਚ ਡਾਹ ਲਿਆ’ ਅਤੇ ‘ਓ-ਹੋ’ ਵਰਗੇ ਤਿੰਨ-ਚਾਰ ਗੀਤ ਸੁਣਨ ਤੋਂ ਬਚ ਜਾਵਾਂਗੇ..ਕਈ ਸਾਲ ਹੋ ਗੇ, ਹਰ ਥਾਂ ਸਰਦੂਲ ਤੋਂ ਇਹੋ ਗੀਤ ਈ ਸੁਣਨੇ ਪੈਂਦੇ ਆ..।
* ਪੰਜਾਬੀ ਗਾਇਕੀ ਵਿੱਚ ਮਲਕੀਤ ਸਿੰਘ ਦਾ ਨਾਂ ਤੇ ਥਾਂ ਬਹੁਤ ਸੁਰੱਖਿਅਤ ਹੈ। ਉਹ ਆਪਣਾ ਰੁਤਬਾ ਬਣਾ ਚੁੱਕਾ ਹੈ, ਨਿਸ਼ਚਿਤ ਕਰ ਚੁੱਕਾ ਹੈ। ਕਿਸੇ ਵੇਲੇ ਐਚ.ਐਮ. ਸਿੰਘ ਕੁੱਕੀ ਦੇ ਸੰਗੀਤ ਵਿੱਚ ਇੰਗਲੈਂਡ ਦੇ ਦੇਸੀ ਜਿਹੇ ਸਟੂਡੀਓ ’ਚ ਢੋਲ ਅਤੇ ਹੋਰ ਢਾਈ ਕੁ ਸਾਜ਼ਾਂ ਨਾਲ ਉਹਨੇ ਟੱਪੇ-ਨੁਮਾ ਗੀਤ ਰਿਕਾਰਡ ਕਰਵਾਇਆ। ‘ਗੁੜ ਨਾਲੋਂ ਇਸ਼ਕ ਮਿੱਠਾ, ਰੱਬਾ ਲੱਗ ਨਾ ਕਿਸੇ ਨੂੰ ਜਾਵੇ।’’ ਇਹ ਗੀਤ ਪੰਜਾਬ, ਭਾਰਤ ਤੇ ਇੰਗਲੈਂਡ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਿਆ। ਬੇਹੱਦ ਪਸੰਦ ਕੀਤਾ ਲੋਕਾਂ ਨੇ। ਇਸ ਗੀਤ ਨਾਲ ਮਲਕੀਤ ਦੀ ਕਾਫੀ ਜ਼ਿਆਦਾ ਪਛਾਣ ਬਣ ਗਈ। ਭਾਵੇਂ ਇਸੇ ਗੀਤ ਨੂੰ ਇਨ੍ਹਾਂ ਹੀ ਬੋਲਾਂ ਅਤੇ ਇਸੇ ਤਰਜ਼ ’ਤੇ ਫਿਲਮਕਾਰ ਵਰਿੰਦਰ ਨੇ ਇਕ ਪੰਜਾਬੀ ਫਿਲਮ ਵਿੱਚ ਵੀ ਸਵਿਤਾ ਸਾਥੀ ਅਤੇ ਵਿਨੋਦ ਸਹਿਗਲ ਦੀਆਂ ਆਵਾਜ਼ਾਂ ’ਚ ਇਸਤੇਮਾਲ ਕੀਤਾ, ਫਿਰ ਵੀ ਕਰ-ਕਰਾ ਕੇ ਉਹ ਗੀਤ ਮਲਕੀਤ ਦੇ ਨਾਂ ਨਾਲ ਹੀ ਜੁੜਿਆ ਰਿਹਾ।
* ਇਕ ਵਾਰ ਉਹ ਇੰਗਲੈਂਡ ਤੋਂ ਪੰਜਾਬ ਆਇਆ। ਧਾਰਮਿਕ ਕੈਸੇਟ ਦੀ ਰਿਕਾਰਡਿੰਗ ਚੰਡੀਗੜ੍ਹ ਰਾਮ ਦਰਬਾਰ ਖੇਤਰ ਦੇ ਆਦਰਸ਼ ਸਟੂਡੀਓ ’ਚ ਚੱਲ ਰਹੀ ਸੀ। ਸਾਡੀ ਮੁਲਾਕਾਤ ਹੋਈ। ਉਸ ਕੈਸੇਟ ਦੇ ਮੂਹਰੇ ਉਸ ਨੇ ਮੈਥੋਂ ਕੁਝ ਸਤਰਾਂ ਲਿਖਵਾਈਆਂ, ਜੋ ਫਿਲਮਕਾਰ ਭਾਗ ਸਿੰਘ ਦੀ ਆਵਾਜ਼ ’ਚ ਰਿਕਾਰਡ ਕਰਵਾਈਆਂ। ਉਸ ਕੈਸੇਟ ਦਾ ਨਾਂ ਸੀ ‘ਚੋਟ ਨਗਾਰੇ ਲਾਵੋ।’ ਉਦੋਂ ਗੱਲਾਂ-ਗੱਲਾਂ ਵਿੱਚ ਮਲਕੀਤ ਨੇ ਦੱਸਿਆ ਕਿ ਮੈਂ ਬੰਬਈ ਦੇ ਕਿਸੇ ਵੱਡੇ ਸਟੂਡੀਓ ਵਿੱਚ ਸੁਖਵਿੰਦਰ ਧੀਰਜ ਦੇ ਸੰਗੀਤ ’ਚ 16 ਗੀਤ ਰਿਕਾਰਡ ਕਰਵਾ ਕੇ ਆਇਆ। ਐਚ.ਐਮ.ਵੀ. ਵਾਲੇ ਰਿਲੀਜ਼ ਕਰਨ, ਉਹਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਉਹ ਕੈਸੇਟ ਆਵੇ, ਉਹਦੇ ’ਚੋਂ ਇਕ ਗੀਤ ਜ਼ਰੂਰ ਸੁਣਨਾ, ‘ਮਾਵਾਂ ਠੰਢੀਆਂ ਛਾਵਾਂ, ਪੂਰਨ ਪੁੱਤ ਪਰਦੇਸੀ ਹੋਈ ਲੱਗਣ ਨਾ ਤੱਤੀਆਂ ਵਾਵਾਂ।’ ਫਿਰ ਜਦੋਂ ਕੈਸੇਟ ਆਈ ਤਾਂ ਵਾਕਿਆ ਈ ‘ਮਾਵਾਂ’ ਗੀਤ ਵਿੱਚ ਮਲਕੀਤ ਦੀ ਗਾਇਕੀ ਕਮਾਲ ਸੀ। ਬਹੁਤ ਡੁੱਬ ਕੇ ਗਾਇਆ ਸੀ ਉਸ ਨੇ ਇਹ ਗੀਤ, ਪਰ ਇਹੋ ਉਹੀਓ ਕੈਸੇਟ ਸੀ, ਜਿਸ ਨੇ ਮਲਕੀਤ ਸਿੰਘ ਨੂੰ ਵੱਡਾ ਕੀ ਬਹੁਤ ਵੱਡਾ ਗਾਇਕ ਬਣਾ ਦਿੱਤਾ ਕਿਉਂਕਿ ਇਸੇ ਕੈਸੇਟ ’ਚ ਗੀਤ ਸੀ, ‘ਤੂਤਕ ਤੂਤਕ ਤੂਤੀਆਂ।’ ਵੀਰ ਹਰੀਮਪੁਰੀ ਦੇ ਲਿਖੇ ਇਸ ਗੀਤ ਨੇ ਮਲਕੀਤ ਸਿੰਘ ਦੀ ਬਹੁਤ ਵੱਡੀ ਛਾਲ ਲੁਆ ਦਿੱਤੀ। ਕਹਿ ਲਓ, ਫਰਸ਼ ਤੋਂ ਅਰਸ਼ ’ਤੇ। ਟਾਈਟਲ ਗੀਤ ‘ਸੱਜਣਾ ਓ ਸੱਜਣਾ’ ਨੂੰ ਛੱਡ ਕੇ ਇਸ ਕੈਸੇਟ ਦੇ ਸਾਰੇ ਹੀ ਗੀਤ ਸੁਪਰ ਹਿੱਟ ਹੋਏ: ਬੱਲੇ ਨੀ ਗਿਰਧਾਰੀ ਲਾਲ, ਅੱਜ ਭੰਗੜਾ ਪਾਉਣ ਨੂੰ ਜੀਅ ਕਰਦਾ ਆਦਿ-ਆਦਿ। ‘ਤੂਤਕ ਤੂਤੀਆਂ’ ਇਕ ਤਰ੍ਹਾਂ ਨਾਲ ਮਲਕੀਤ ਸਿੰਘ ਦਾ ਟਰੇਡ ਮਾਰਕ ਬਣ ਗਿਆ। ਅੱਜ ਤੱਕ ਉਸ ਨੂੰ ਇਸੇ ਗੀਤ ਦਾ ਨਾਂ ਲੈ ਕੇ ਜਾਣਿਆ ਜਾਂਦਾ ਹੈ। ‘ਤੂਤੀਆਂ’ ਗੀਤ ਦੇ ਪੰਜਾਬ ’ਚ ਹਿੱਟ ਹੋਣ ਦਾ ਇਕ ਖਾਸ ਕਾਰਨ ਇਹ ਵੀ ਸੀ ਕਿ ਹਰਜੀਤ ਸਿੰਘ ਨੇ ਜਲੰਧਰ ਦੂਰਦਰਸ਼ਨ ਤੋਂ ਇਸ ਨੂੰ ਫਿਲਮਾ ਕੇ ਲਗਾ ਦਿੱਤਾ। ਜਿਉਂ ਹੀ ਇਹ ਵੀਡੀਓ ਜਲੰਧਰ ਤੋਂ ਦਿੱਲੀ ਦੂਰਦਰਸ਼ਨ ’ਤੇ ਪੁੱਜੀ ਤਾਂ ਪੰਜਾਬ ਦੇ ਨਾਲ-ਨਾਲ ਕੁੱਲ ਭਾਰਤ ਵਿੱਚ ‘ਤੂਤਕ-ਤੂਤੀਆਂ’ ਗੀਤ ਹਨੇਰੀ ਬਣ ਗਿਆ।
* ਉਸ ਤੋਂ ਬਾਅਦ ਮਲਕੀਤ ਸਿੰਘ ਦੀਆਂ ਡੇਢ ਕੁ ਦਰਜਨ ਹੋਰ ਕੈਸੇਟਾਂ ਸਮੇਂ-ਸਮੇਂ ਆਈਆਂ। ਉਹਨੇ ਕਦੇ ਜੈਦੇਵ ਦਾ ਸੰਗੀਤ ਲਿਆ, ਕਦੇ ਚਰਨਜੀਤ ਅਹੂਜਾ ਦਾ, ਕਦੇ ਅਮਨ ਹੇਅਰ ਦਾ। ਸਟੂਡੀਓ ਵੀ ਬਦਲੇ। ਕਦੇ ਇੰਗਲੈਂਡ ’ਚ ਰਿਕਾਰਡਿੰਗ, ਕਦੇ ਦਿੱਲੀ ਵਿੱਚ, ਕਦੇ ਬੰਬਈ ’ਚ। ਇਥੋਂ ਤੱਕ ਕਿ ਪਾਕਿਸਤਾਨ ਵਿੱਚ ਰਿਕਾਰਡਿੰਗ ਕਰਵਾ ਕੇ ਦੇਖੀ। ਹਰ ਵਾਰ ਸੰਗੀਤਕਾਰਾਂ, ਸਟੂਡੀਓ, ਕੈਸੇਟ ਕੰਪਨੀਆਂ ਤੇ ਗੀਤ-ਲੇਖਕ ਵੀ ਬਦਲਦਾ ਰਿਹਾ। ਐੜਾ ਬੱਬਾ ਅੰਬ ਵੀ ਤੋੜੇ, ਕੁੜੀ ਲੰਡਨ ਦੀ ਨੂੰ ਭੈਣ ਰਵੀਨਾ ਟੰਡਨ ਦੀ ਕਹਿ ਕੇ ਦੇਖ ਲਿਆ, ਪਟੋਲੇ ਵਰਗੀ ਕੁੜੀ ਫਸ ਗਈ ਆਖਿਆ, ਚੱਕਰ ਹੈ-ਚੱਕਰ ਹੈ ਦੀ ਰੱਟ ਲਗਾਈ, ਅੱਜ ਹੀ ਨੱਚਣਾ ਦਾ ਹੋਕਾ ਦਿੱਤਾ, ਰਨ ਦੇ ਹੱਥਾਂ ਦੀਆਂ ਰੋਟੀਆਂ ਖਾਣ ਲਈ ਦੁਹਾਈ ਦਿੱਤੀ, ਸਰਹੱਦੋਂ ਪਾਰ ਦੇ ਵੀਰਾਂ ਨਾਲ ਦਰਦ ਸਾਂਝਾ ਕਰਨ ਲਈ ਸਰਹੱਦ ਨੂੰ ਵਾਜਾਂ ਮਾਰੀਆਂ, ਟੱਕਰੇਂ ਤਾਂ ਹਾਲ ਸੁਣਾਵਾਂ ਦਾ ਹਟਕੋਰਾ ਭਰਿਆ, ਪਰ ਚੱਜ ਨਾਲ ਵੱਡੀ ਛਾਲ ਮੁੜ ਕੇ ਨਹੀਂ ਵੱਜੀ। ਐਵੇਂ ਮਨ ਨੂੰ ਢਾਰਸ ਦੇਣ ਲਈ ਕੁਝ ਗੀਤਾਂ ਦੀ ਗੱਲ ਕੀਤੀ ਜਾ ਸਕਦੀ ਹੈ, ਪਰ ‘ਤੂਤਕ-ਤੂਤੀਆਂ’ ਅਤੇ ‘ਗੁੜ ਨਾਲੋਂ ਇਸ਼ਕ ਮਿੱਠਾ’ ਦੇ ਕੋਈ ਹੋਰ ਗੀਤ ਨੇੜੇ-ਤੇੜੇ ਵੀ ਨਹੀਂ ਢੁਕਿਆ।
ਇੰਗਲੈਂਡ ਵਿੱਚ ਪੰਜਾਬੀ ਗਾਇਕਾਂ ਦੀ ਗਿਣਤੀ ਕਿਸੇ ਸਮੇਂ ਸੈਂਕੜਾ ਪਾਰ ਕਰ ਗਈ ਸੀ। 15-20 ਟੀਮਾਂ ਨੇ ਤਾਂ ਸਮੇਂ-ਸਮੇਂ ਖੂਬ ਪੈੜਾਂ ਕੀਤੀਆਂ। ਅਲਾਪ ਗਰੁੱਪ ਵਾਲਾ ਚੰਨੀ। ਭੰਵਰੇ ਗਿੱਲ ਦੀ ਟੀਮ। ਬਲਵਿੰਦਰ ਸਫਾਰੀ ਦਾ ‘ਸਫਰੀ ਬੁਆਏਜ਼।’ ਹੀਰਾ ਗਰੁੱਪ ਵਾਲੇ ਧਾਮੀ ਤੇ ਕੁਮਾਰ। ਦੀਪਕ ਖਜ਼ਾਨਚੀ, ਕਮਲਜੀਤ ਨੀਰੂ, ਜੱਸੀ ਸਿੱਧੂ ਤੇ ਕਈ ਹੋਰ। ਇਨ੍ਹਾਂ ਵਿੱਚੋਂ ਕਈ ਇਸ ਵੇਲੇ ਮੈਦਾਨ ਛੱਡ ਗਏ। ਕਈ ਗਰੁੱਪ ਭਾਵੇਂ ਕੰਮ ਕਰ ਰਹੇ ਨੇ, ਪਰ ਕੋਈ ਕਿਧਰੇ ਜ਼ਿਕਰ ਨਹੀਂ। ਸਿਰਫ ਤੇ ਸਿਰਫ ਗੋਲਡਨ ਸਟਾਰ ਮਲਕੀਤ ਸਿੰਘ ਹੀ ਹੈ ਜੋ ਕਈ ਦਹਾਕਿਆਂ ਤੋਂ ਡਟ ਕੇ ਖੜੋਤਾ ਹੋਇਆ ਹੈ। ਸਟੇਜ ਪ੍ਰੋਗਰਾਮਾਂ ਦਾ ਸਭ ਤੋਂ ਵੱਧ ਰੁਝੇਵਾਂ ਇੰਗਲੈਂਡ ਵਿੱਚ ਮਲਕੀਤ ਸਿੰਘ ਕੋਲ ਹੀ ਹੈ। ਉਸ ਨੇ ਵੱਖ-ਵੱਖ ਦੇਸ਼ਾਂ ’ਚ ਏਨੇ ਸਟੇਜ ਸ਼ੋਅ ਕੀਤੇ ਕਿ ਗਿਣਤੀ ਕਰਨੀ ਔਖੀ ਹੈ। ਕੁਝ ਐਸੇ ਦੇਸ਼ਾਂ ਵਿੱਚ ਵੀ ਉਸ ਨੇ ਪ੍ਰੋਗਰਾਮ ਦਿੱਤੇ ਜਿਹੜੇ ਦੇਸ਼ਾਂ ਦਾ ਨਾਂ ਮੈਂ ਪਹਿਲੀ ਵਾਰ ਸੁਣਿਆ। ਪਿਛਲੇ ਕੁਝ ਸਾਲਾਂ ਤੋਂ ਉਹ ਏਧਰ ਦਿੱਲੀ, ਪੰਜਾਬ ਵਿੱਚ ਵੀ ਸ਼ੋਅ ਕਰਨ ਲਈ ਅਕਸਰ ਗੇੜਾ ਮਾਰਦਾ ਰਹਿੰਦੈ।


* ਪੰਜਾਬ ਦੇ ਮੇਲੇ ਅਸੀਂ ਬਹੁਤ ਦੇਖੇ ਤੇ ਹੁਣ ਵੀ ਦੇਖ ਰਹੇ ਹਾਂ। ਮੇਲਿਆਂ ਵਿੱਚ ਉਹੀ ਕਲਾਕਾਰ ਹੁੰਦੇ ਨੇ ਤੇ ਉਨ੍ਹਾਂ ਦੇ ਉਹੀ ਗੀਤ, ਪਰ ਵੱਖ-ਵੱਖ ਥਾਈਂ ਨਤੀਜੇ ਵੱਖ-ਵੱਖ ਨਿਕਲਦੇ ਰਹੇ ਨੇ। ਐਸ. ਅਸ਼ੋਕ ਭੌਰਾ ਮਾਹਿਲਪੁਰ ’ਚ ਸੌਂਕੀ ਮੇਲਾ ਕਰਵਾਉਂਦਾ ਹੁੰਦਾ ਸੀ। ਬੜਾ ਇਕੱਠ ਹੁੰਦਾ ਸੀ, ਕਲਾਕਾਰ ਦਾ ਵੀ ਤੇ ਲੋਕਾਂ ਦਾ ਵੀ। ਇਕ ਵਾਰ ਉਥੇ ਮਲਕੀਤ ਸਿੰਘ ਪੁੱਜਾ। ਉਸ ਤੋਂ ਪਹਿਲਾਂ ਕਮਲਜੀਤ ਨੀਲੋਂ ਤੇ ਜਗਤਾਰ ਜੱਗੇ ਵਰਗੇ ਕਲਾਕਾਰਾਂ ਨੂੰ ਲੋਕ ਵਾਹਵਾ ਪਸੰਦ ਕਰ ਚੁੱਕੇ ਸਨ। ਮਲਕੀਤ ਜਦੋਂ ਸਟੇਜ ’ਤੇ ਪੁੱਜਾ ਤਾਂ ਦਰਸ਼ਕਾਂ ਦਾ ਹੜ੍ਹ ਜਿਹਾ ਆ ਗਿਆ। ਉਸ ਨੂੰ ਦੇਖਣ ਲਈ ਤੇ ਸੁਣਨ ਲਈ ਲੋਕਾਂ ’ਚ ਬਹੁਤ ਉਤਸੁਕਤਾ ਸੀ, ਪਰ ਗੀਤਾਂ ਦੀ ਚੋਣ ਅਤੇ ਤਰਤੀਬ ’ਚ ਮਲਕੀਤ ਤੋਂ ਕੁਤਾਹੀ ਹੋ ਗਈ। ਪਹਿਲਾਂ ਧਾਰਮਿਕ ਗੀਤ ਗਾਇਆ, ਫਿਰ ਪੰਜਾਬ ਦੀ ਸਿਫਤ ਬਾਰੇ, ਫਿਰ ਕੋਈ ਦੇਸ਼ ਭਗਤੀ ਜਿਹੀ ਸੁਣਾਉਣ ਲੱਗ ਪਿਆ। ਇਉਂ ਮੇਲਾ ਸਿਖਰ ਵੱਲ ਨੂੰ ਵਧਦਾ ਹੋਇਆ, ਹੇਠਾਂ ਵੱਲ ਨੂੰ ਤੁਰ ਪਿਆ। ਅਸਲ ਵਿੱਚ ਜਦੋਂ ਮੇਲਿਆਂ ’ਚ ਬਹੁਤ ਸਾਰੇ ਕਲਾਕਾਰ ਹੋਣ ਤੇ ਪ੍ਰੋਗਰਾਮ ਪੂਰਾ ਭਖਿਆ ਹੋਵੇ ਤਾਂ ਕਿਸੇ ਵੀ ਕਲਾਕਾਰ ਦੇ ਹਿੱਟ ਗੀਤ ਹੀ ਲੋਕਾਂ ਨੂੰ ਟਿਕਾ ਸਕਦੇ ਨੇ। ਇਸ ਨੁਕਤੇ ’ਚ ਮੈਂ ਹੋਰ ਵੀ ਕਈ ਕਲਾਕਾਰ ਟਪਲਾ ਖਾਂਦੇ ਦੇਖੇ ਨੇ, ਪਰ ਦੂਜੇ ਪਾਸੇ ਅਜੀਤ ਅਖ਼ਬਾਰ ਅਦਾਰੇ ਵੱਲੋਂ ਇਕ ਵਾਰ ਬੜਾ ਹੀ ਵੱਡਾ ਸਭਿਆਚਾਰਕ ਮੇਲਾ ਕਰਾਇਆ ਗਿਆ। ਹੰਸ ਰਾਜ ਹੰਸ, ਸਰਦੂਲ ਸਿਕੰਦਰ, ਹਰਭਜਨ ਮਾਨ, ਸਰਬਜੀਤ ਚੀਮਾ, ਸਤਵਿੰਦਰ ਬਿੱਟੀ, ਸਲੀਮ, ਮਲਕੀਤ ਸਿੰਘ ਤੇ ਹੋਰ ਕਈ ਨਾਮੀ ਕਲਾਕਾਰ ਸ਼ਾਮਲ ਹੋਏ। ਹਰੇਕ ਕਲਾਕਾਰ ਨੇ ਆਪਣੀ ਕਲਾ ਦੇ ਪੂਰੇ ਜੌਹਰ ਦਿਖਾਉਣ ਦੀ ਸਿਰਤੋੜ ਕੋਸ਼ਿਸ਼ ਕੀਤੀ। ਸਰਦੂਲ ਲੋੜੋਂ ਵੱਧ ਸੁਚੇਤ ਹੋ ਕੇ ਗਾਉਂਦਾ ਹੋਇਆ, ਓਵਰ ਐਕਟਿੰਗ ਕਰਨ ਲੱਗ ਗਿਆ। ਬਿੱਟੀ ਨੇ ਇਕ ਗੀਤ ਗਾਇਆ ਤੇ ਉਸ ਦੇ ਦੂਜੇ ਗੀਤ ਦੀ ਸੀ.ਡੀ. ਚੱਲ ਨਾ ਸਕੀ, ਮਸ਼ੀਨ ’ਚ ਅੜ ਗਈ ਤੇ ਐਲਬਮ ਗੀਤ ਗਾ ਹੀ ਨਾ ਸਕੀ। ਹੰਸ ਰਾਜ ਕਿਉਂਕਿ ਮੇਲੇ ਦਾ ਪ੍ਰਬੰਧਕ ਵੀ ਸੀ, ਇਸ ਲਈ ਪੂਰੀ ਤਵੱਜੋ ਨਾਲ ਪਰਫਾਰਮੈਂਸ ਨਾ ਦੇ ਸਕਿਆ। ਅਗਲੇ ਦਿਨ ਲੋਕਾਂ ਵਿੱਚ ਜੋ ਚਰਚਾ ਸੀ, ਉਹ ਇਹੋ ਸੀ ਕਿ ਸਰਬਜੀਤ ਚੀਮਾ ਕਾਫੀ ਚੰਗਾ ਰਿਹਾ, ਪਰ ਇੰਗਲੈਂਡ ਵਾਲਾ ਮਲਕੀਤ ਸਿੰਘ ਤਾਂ ਮੇਲਾ ਹੀ ਲੁੱਟ ਕੇ ਲੈ ਗਿਆ। ਉਦੋਂ ਇਹ ਵੀ ਗੱਲ ਸੁਣਨ ਵਿੱਚ ਆਈ ਕਿ ਪ੍ਰਿੰ. ਇੰਦਰਜੀਤ ਸਿੰਘ ਨੇ ਮਲਕੀਤ ਦੇ ਗੀਤਾਂ ਦੀ ਭੰਗੜੇ, ਗਿੱਧੇ ਨਾਲ ਜੋ ਕੋਰੀਓਗ੍ਰਾਫੀ ਕਰਵਾਈ, ਉਸ ਨੇ ਸੋਨੇ ’ਤੇ ਸੁਹਾਗੇ ਦਾ ਕੰਮ ਕਰ ਦਿੱਤਾ।
* ਨਕੋਦਰ ਨੇੜੇ ਉਹਦਾ ਪਿੰਡ ਹੈ ਹੁਸੈਨਪੁਰ। ਉਹ ਜਦੋਂ ਪੰਜਾਬ ਆਉਂਦਾ, ਆਵਦੇ ਪਿੰਡ ਜਾ ਕੇ ਧਾਰਮਿਕ ਜਗ੍ਹਾ ’ਤੇ ਸਭ ਤੋਂ ਪਹਿਲਾਂ ਮੱਥਾ ਟੇਕਦਾ ਤੇ ਫਿਰ ਘਰ ਵੜਦਾ। ਲਹਿੰਬਰ ਹੁਸੈਨਪੁਰ ਵੀ ਇਸੇ ਪਿੰਡ ਦਾ ਹੈ। ਜਦੋਂ ਵੀ ਕਦੇ ਹੁਣ ਲਹਿੰਬਰ ਨੂੰ ਕੋਈ ਆਖਦਾ ਕਿ ਅੱਛਾ ਤੂੰ ਮਲਕੀਤ ਦੇ ਪਿੰਡ ਦਾ ਏਂ ਤਾਂ ਉਹ ਅੱਗੋਂ ਪਤਾ ਕੀ ਜਵਾਬ ਦਿੰਦਾ, ਜੀ ਨਹੀਂ, ਮੈਂ ਮਲਕੀਤ ਦੇ ਪਿੰਡ ਦਾ ਨਹੀਂ, ਉਹ ਸਮਾਂ ਬੀਤ ਗਿਆ। ਹੁਣ ਤਾਂ ਇਹ ਕਹਿਣਾ ਬਣਦਾ ਕਿ ਮਲਕੀਤ ਸਿੰਘ ਜੋ ਹੈ ਉਹ ਲਹਿੰਬਰ ਦੇ ਪਿੰਡ ਦਾ ਹੈ ਕਿਉਂਕਿ ਮੈਂ ਤਾਂ ਆਪਣੇ ਨਾਂ ਨਾਲ ਹੀ ਹੁਸੈਨਪੁਰ ਨੂੰ ਮਸ਼ਹੂਰ ਕਰ ਦਿੱਤੈ..।
ਮਲਕੀਤ ਨੇ ਇਕ ਵਾਰ ਜਜ਼ਬਾਤੀ ਰੌਂਅ ਵਿੱਚ ਵਧੀਆ ਫੈਸਲਾ ਕਰ ਲਿਆ ਕਿ ਆਪਣੇ ਬੱਚੇ ਦਾ ਜਨਮ ਦਿਨ (ਸ਼ਾਇਦ ਪੰਜਵਾਂ) ਨਾ ਇੰਗਲੈਂਡ ਵਿੱਚ ਮਨਾਉਣਾ ਨਾਂ ਜਲੰਧਰ ਦੇ ਕਿਸੇ ਮੈਰਿਜ ਪੈਲੇਸ ਵਿੱਚ ਸਗੋਂ ਆਪਣੇ ਪਿੰਡ, ਆਪਣੇ ਘਰ ਹੁਸੈਨਪੁਰ ’ਚ ਮਨਾਉਣਾ। ਉਹ ਆਖੇ, ਮੇਰੇ ਪੁੱਤ ਦੇ ਪੈਰਾਂ ਨੂੰ ਉਹ ਮਿੱਟੀ ਲੱਗਣੀ ਚਾਹੀਦੀ ਆ, ਜਿਸ ਦੀ ਮਿੱਟੀ ’ਚ ਮੈਂ ਜੰਮਿਆ ਤੇ ਪਲਿਆ। ਸਾਨੂੰ ਵੀ ਸੱਦਿਆ। ਪੁਰਾਣੇ ਢੰਗ ਨਾਲ ਚਾਨਣੀਆਂ, ਕਨਾਤਾਂ ਲਗਾਈਆਂ। ਮਠਿਆਈ ਤੇ ਰੋਟੀ-ਭਾਜੀ ਲਈ ਭੱਠੀਆਂ ਲਗਾਈਆਂ। ਕੁਰਸੀਆਂ ਵੀ ਰੱਖੀਆਂ ਤੇ ਮੰਜੇ ਵੀ ਡਾਹੇ। ਸਟੇਜ ਉਪਰ ਰਛਪਾਲ ਸਿੰਘ ਪਾਲ ਦਿਖਾਈ ਦਿੱਤਾ। ਫਿਰ ਕਵੀਸ਼ਰ ਲੱਗੇ। ਵਾਹਵਾ ਦੇਸੀ ਰੰਗ। ਕੁਲਦੀਪ ਮਾਣਕ, ਸਰਦੂਲ ਸਿਕੰਦਰ, ਗੁਰਪ੍ਰੀਤ ਘੁੱਗੀ, ਕਲੇਰ ਕੰਠ, ਵਿਜੈ ਧੰਮੀ, ਬੂਟਾ ਮੁਹੰਮਦ ਪੰਛੀ ਤੇ ਹੋਰ ਵੀ ਬਹੁਤ ਸਾਰੇ ਗਾਇਕ-ਕਲਾਕਾਰ ਪੁੱਜੇ ਹੋਏ ਸਨ। ਜਦੋਂ ਮਾਣਕ ਨੇ ਗਾਇਆ ਤਾਂ ਅਸੀਂ ਸਾਰੇ ਹੀ ਸਟੇਜ ਉਪਰ ਜਾ ਚੜ੍ਹੇ। ਕਿਸੇ ਨੇ ਉਸ ਨਾਲ ਕੋਰਸ ਬੋਲਿਆ, ਕਿਸੇ ਨੇ ਤਾੜੀਆਂ ਮਾਰੀਆਂ। ਪ੍ਰੋਗਰਾਮ ਪੂਰਾ ਭਖਿਆ ਹੋਇਆ ਸੀ ਤੇ ਸਰਦੂਲ ਸਿਕੰਦਰ ਇਕੱਲਾ ਜਦੋਂ ਗਾ ਰਿਹਾ ਸੀ ਤਾਂ ਮਲਕੀਤ ਦਾ ਮਾਮਾ ਸਟੇਜ ਵੱਲ ਦੌੜ ਕੇ ਆਇਆ। ਉਹ ਕਹਿਣ ਲੱਗਾ ਪ੍ਰੋਗਰਾਮ ਇਕਦਮ ਏਥੇ ਹੀ ਬੰਦ ਕਰ ਦਿਉ। ਮਲਕੀਤ ਮਗਰੇ ਆ ਗਿਆ ਤੇ ਬੋਲਿਆ ਪ੍ਰੋਗਰਾਮ ਜਾਰੀ ਰੱਖੋ। ਉਹ ਮਾਮੇ ਨੂੰ ਬਾਹੋਂ ਫੜ ਕੇ ਲੈ ਗਿਆ। ਕਿਸੇ ਨੂੰ ਕੁਝ ਪਤਾ ਨਾ ਲੱਗੇ। ਬਾਅਦ ਵਿੱਚ ਡਰਾਇੰਗ ਰੂਮ ’ਚ ਬੈਠਿਆਂ, ਮਲਕੀਤ ਨੇ ਕੰਨ ’ਚ ਦੱਸਿਆ ਕਿ ਜਦੋਂ ਘਰ ਦੇ ਸਾਰੇ ਜੀਅ ਉਧਰ ਪੰਡਾਲ ਵਿੱਚ ਬੈਠੇ ਸੀ ਤਾਂ ਕੋਠੀ ਦੇ ਇਕ ਕਮਰੇ ਦੀ ਅਲਮਾਰੀ ਦਾ ਤਾਲਾ ਤੋੜ ਕੇ ਦੋ-ਢਾਈ ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਕੋਈ ਲੈ ਗਿਆ। ਸ਼ੱਕ ਕੀਹਦੇ ’ਤੇ ਕੀਤੀ ਜਾਵੇ। ਸਾਰੀ ਕੋਠੀ ਵਿੱਚ, ਸਾਰੇ ਕਮਰਿਆਂ ’ਚ, ਵਿਹੜੇ ਵਿੱਚ ਰਿਸ਼ਤੇਦਾਰ ਵੀ, ਸੱਜਣ-ਮਿੱਤਰ ਵੀ, ਪਿੰਡ ਦੇ ਲਿਹਾਜੀ ਬੰਦੇ-ਬੁੜੀਆਂ ਵੀ, ਕੰਮ ਕਰਨ ਵਾਲੇ ਨੌਕਰ-ਚਾਕਰ ਵੀ, ਹਲਵਾਈ ਵੀ, ਵੇਟਰ ਵੀ, ਬੱਚੇ ਵੀ ਘੁੰਮ-ਫਿਰ ਰਹੇ ਸਨ। ਉਸੇ ਹੀ ਸਮਾਗਮ ਵਿੱਚ ਇਕ ਹੋਰ ਦੁਖਦਾਈ ਘਟਨਾ ਵਾਪਰਦੀ ਵਾਪਰਦੀ ਰਹਿ ਗਈ। ਟਰੈਕਟਰ ਦੀ ਬੈਟਰੀ ਨੂੰ ਤਾਰ ਲਗਾ ਕੇ ਅਗਾਂਹ ਪੰਡਾਲ ਵੱਲ ਤਾਰ ਲੰਘਾਈ ਹੋਈ ਸੀ। ਕਿਸੇ ਸ਼ਰਾਰਤੀ ਨੇ ਦੋ ਕੁ ਥਾਵਾਂ ਤੋਂ ਤਾਰ ਨੰਗੀ ਕਰ ਦਿੱਤੀ। ਉਥੋਂ ਦੀ ਹੀ ਲਾਂਘਾ ਸੀ। ਇਕ-ਦੋ ਬੰਦਿਆਂ ਨੂੰ ਕਰੰਟ ਵੱਜਿਆ ਤਾਂ ਕਿਸੇ ਦੀ ਸ਼ਰਾਰਤ ਸਾਹਮਣੇ ਆਈ। ਫਿਰ ਦੱਸਿਆ ਗਿਆ ਕਿ ਉਸੇ ਦਿਨ ਸਵੇਰੇ ਸਾਝਰੇ ਜਦੋਂ ਘਰ ਦੀਆਂ ਕੁਝ ਬੁੜੀਆਂ ਚਾਹ ਬਣਾਉਣ ਨੂੰ ਚੌਂਕੇ-ਚੁੱਲ੍ਹੇ ਵਿੱਚ ਗਈਆਂ ਤਾਂ ਉਥੇ ਓਟੇ ’ਤੇ ਇਕ ਗੜਵੀ ਦੁੱਧ ਦੀ ਭਰੀ ਪਈ ਸੀ। ਪਿੰਡਾਂ ’ਚ ਰਿਵਾਜ ਹੁੰਦਾ ਕਿ ਜਿਸ ਘਰ ਖੁਸ਼ੀ ਦਾ ਮੌਕਾ ਹੋਵੇ, ਉਸ ਘਰ ਪਿੰਡ ਦੇ ਵਰਤ-ਵਰਤਾਵੇ ਵਾਲੇ ਲੋਕ ਆਪੇ ਹੀ ਦੁੱਧ ਪਹੁੰਚਦਾ ਕਰ ਦਿੰਦੇ ਨੇ।
ਇਕ ਸਿਆਣੀ ਬੁੜੀ ਕਹਿਣ ਲੱਗੀ, ਭਾਈ ਇਹ ਦੁੱਧ ਨਈਂ ਵਰਤਣਾ ਚਾਹ ਵਿੱਚ, ਪਹਿਲਾਂ ਐਂ ਦੱਸੋ ਬਈ ਰੱਖ ਕੇ ਕੌਣ ਗਿਆ। ਸ਼ੱਕ ਵਜੋਂ ਉਹ ਦੁੱਧ ਨਾ ਵਰਤਿਆ। ਕੀ ਦੇਖਿਆ ਕਿ ਕੁਝ ਚਿਰ ਪਿੱਛੋਂ ਦੁੱਧ ਦਾ ਰੰਗ ਨੀਲਾ ਪੈ ਗਿਆ। ਸਿਆਣੀ ਬੁੜੀ ਦੀ ਸਿਆਣਪ ਕੰਮ ਕਰ ਗਈ। ਜੇਕਰ ਉਹ ਜ਼ਹਿਰੀਲਾ ਦੁੱਧ ਚਾਹ ਵਿੱਚ ਵਰਤ ਲਿਆ ਜਾਂਦਾ….।
ਕੁਝ ਦਿਨ ਬਾਅਦ ਮਲਕੀਤ ਨਾਲ ਫੋਨ ’ਤੇ ਗੱਲ ਹੋਈ ਤਾਂ ਉਹ ਉਦਾਸ ਜਿਹਾ ਸੀ, ਕਹਿਣ ਲੱਗਾ- ਮੈਂ ਕਰ ਲਿਆ ਚਾਅ ਪੂਰਾ, ਲੁਆ ਲਈ ਪਿੰਡ ਦੀ ਮਿੱਟੀ ਪੁੱਤ ਦੇ ਪੈਰਾਂ ਨੂੰ….।
ਮਲਕੀਤ ਸਿੰਘ ਨਾਲ ਜਾਗ ਕੇ ਬਿਤਾਈਆਂ ਦੋ ਰਾਤਾਂ ਭੁਲਾਇਆਂ ਵੀ ਨਈਂ ਭੁੱਲਦੀਆਂ। ਇਕ ਰਾਤ ਅਸੀਂ ਐਮ.ਐਚ.ਵਨ ਚੈਨਲ ਦਿੱਲੀ ਦੇ ਸਟੂਡੀਓ ਵਿੱਚ ਬਿਤਾਈ। ਨਵੇਂ ਗਾਇਕਾਂ ਤੇ ਗਾਇਕਾਵਾਂ ਦਾ ‘ਵੁਆਇਸ ਆਫ ਪੰਜਾਬ’ ਵਰਗਾ ਕੋਈ ਮੁਕਾਬਲਾ ਚੱਲ ਰਿਹਾ ਸੀ। ਜੱਜਾਂ ਦੀ ਕੁਰਸੀ ’ਤੇ ਬਿਰਾਜਮਾਨ ਸਨ ਸੰਗੀਤਕਾਰ ਜੈਦੇਵ ਅਤੇ ਗਾਇਕ ਮਲਕੀਤ ਸਿੰਘ। ਤੀਜਾ ਜੱਜ ਮੈਨੂੰ ਬਣਾਇਆ ਗਿਆ। ਐਂਕਰ ਸੀ ਗੁਰਪ੍ਰੀਤ ਘੁੱਗੀ। ਪੂਰਾ ਰੁਮਾਂਟਕ ਮਾਹੌਲ ਸੀ। ਹਰੇਕ ਗਾਇਕਾ ਤੇ ਹਰੇਕ ਗਾਇਕ ਆਪਣੀ ਕਲਾ ਦੇ ਜੌਹਰ ਦਿਖਾ ਰਹੇ ਸਨ। ‘ਗਰੈਂਡ ਫਾਈਨਾਲੇ’ ਕਰਕੇ ਜ਼ੋਰ ਜ਼ਿਆਦਾ ਹੀ ਲੱਗ ਰਿਹਾ ਸੀ। ਨੱਚਣ, ਟੱਪਣ, ਹੱਸਣ-ਖੇਡਣ ਦੇ ਗੀਤਾਂ ਵਿੱਚ ਕਿਸੇ ਇਕ ਨਵੇਂ ਗਾਇਕ ਨੇ ਮਾਂ ਦੇ ਵਿਛੋੜੇ ਦਾ ਗੀਤ ਗਾਇਆ। ਗੀਤ ਅਜੇ ਸ਼ੁਰੂ ਹੀ ਹੋਇਆ ਸੀ ਕਿ ਜੱਜਮੈਂਟ ਦੀਆਂ ਜ਼ਿੰਮੇਵਾਰੀਆਂ ਭੁੱਲ-ਭੁਲਾ ਕੇ ਮਲਕੀਤ ਸਿੰਘ ਰੋ ਪਿਆ। ਉਹ ਦੀ ਮਾਤਾ ਕੁਝ ਹੀ ਦਿਨ ਪਹਿਲਾਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ ਸੀ। ਗੀਤ ਸਿੱਧਾ ਹੀ ਮਲਕੀਤ ਸਿੰਘ ਦੇ ਕੋਮਲ ਹਿਰਦੇ ਵਿੱਚ ਖੁੱਭ ਗਿਆ। ਉਹਦੀਆਂ ਅੱਖਾਂ ’ਚੋਂ ਪਰਲ-ਪਰਲ ਹੰਝੂ ਵਹਿ ਤੁਰੇ। ਅਸੀਂ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਹੰਝੂਆਂ ਦੇ ਨਾਲ ਹਉਕੇ ਵੀ ਉੱਠ ਖੜੋਏ। ਸੰਨਾਟਾ ਜਿਹਾ ਛਾ ਗਿਆ। ਚੁੱਪ ਪਸਰ ਗਈ। ਕੈਮਰੇ ਚੱਲਦੇ ਰਹੇ। ਰੌਸ਼ਨੀਆਂ ਉਸੇ ਤਰ੍ਹਾਂ ਘੁੰਮਦੀਆਂ ਰਹੀਆਂ। ਇਕ ਦੋ ਮਿੰਟ ਨਹੀਂ ਸ਼ਾਇਦ ਅੱਧਾ ਘੰਟਾ ਇੰਜ ਹੀ ਸਮਾਂ ਖੜ੍ਹੋ ਗਿਆ। ਮਸੀਂ ਕਿਤੇ ਜਾ ਕੇ ਮਲਕੀਤ ਸਿੰਘ ਮਾਂ ਦੇ ਦਰਦ ’ਚੋਂ ਬਾਹਰ ਨਿਕਲ ਸਕਿਆ। ਉਹਦਾ ਆਪਣੀ ਮਾਂ ਨਾਲ ਬਹੁਤ ਜ਼ਿਆਦਾ ਮੋਹ ਸੀ।
ਦੂਜੀ ਰਾਤ ਲੁਧਿਆਣੇ ਦੇ ਗੁਲਮੋਹਰ ਹੋਟਲ ਵਿੱਚ ਬਿਤਾਈ ਈ.ਟੀ.ਸੀ. ਚੈਨਲ ਵਾਲਿਆਂ ਦਾ ਨਵੇਂ ਗਾਇਕਾਂ ਦੇ ਮੁਕਾਬਲੇ ਵਾਲਾ ਪ੍ਰੋਗਰਾਮ ਸੀ। ਮਲਕੀਤ ਸਿੰਘ, ਅਤੁਲ ਸ਼ਰਮਾ, ਡੌਲੀ ਗੁਲੇਰੀਆ ਤੇ ਮੈਂ ਜੱਜ ਬਣੇ ਸੀ। ਅੱਧੀ ਰਾਤੀਂ ਜਦੋਂ ਹੋਟਲ ਵਿੱਚ ਆਏ ਤਾਂ ਮਲਕੀਤ ਮੈਨੂੰ ਕਹਿਣ ਲੱਗਾ ਅਜੇ ਰੋਟੀ ਨਾ ਖਾਵੀਂ, ਮੈਂ ਇੰਗਲੈਂਡ ਤੋਂ ਕੁੰਡੇ ਵਾਲੀ ਬੋਤਲ ਲੈ ਕੇ ਆਇਆਂ, ਹੁਣੇ ਖੋਲ੍ਹਦੇ ਆਂ। ਏਨੇ ਨੂੰ ਹੋਟਲ ਦੀ ਰਿਸੈਪਸ਼ਨ ’ਤੇ ਡੌਲੀ ਗੁਲੇਰੀਆ ਮਿਲ ਪਈ ਤੇ ਮਲਕੀਤ ਨੇ ਉਸ ਨੂੰ ਪੁੱਛਿਆ, ‘‘ਆਪਣੀ ਮਾਤਾ ਕਿਹੜੇ ਕਮਰੇ ਵਿੱਚ ਆ।’’ ਡੌਲੀ ਨੇ ਸਾਹਮਣੇ ਇਸ਼ਾਰਾ ਕੀਤਾ। ਅੰਦਰ ਗਏ ਤਾਂ ਸੁਰਿੰਦਰ ਕੌਰ ਅੱਧੀ ਕੁ ਰਜ਼ਾਈ ਉਪਰ ਲੈ ਕੇ ਢੋਅ ਲਗਾ ਕੇ ਬੈੱਡ ’ਤੇ ਪਈ ਸੀ। ਅਸੀਂ ਚਰਨੀਂ ਹੱਥ ਲਗਾਇਆ। ਮਾਤਾ ਨੇ ਅਸ਼ੀਰਵਾਦ ਦਿੱਤੀ। ਮਲਕੀਤ ਮੂਡ ’ਚ ਆ ਕੇ ਕਹਿਣ ਲੱਗਾ, ‘‘ਬੇਬੇ, ਬੜੀਆਂ ਰੀਝਾਂ ਜ਼ਿੰਦਗੀ ’ਚ ਮੇਰੀਆਂ ਪੂਰੀਆਂ ਹੋ ਚੁੱਕੀਆਂ, ਪਰ ਇਕ ਵੱਡੀ ਰੀਝ ਰਹਿੰਦੀ ਆ, ਬੇਬੇ ਨਾਲ ਪੈੱਗ ਟਕਰਾਉਣ ਦੀ।’’ ਸੁਰਿੰਦਰ ਕੌਰ ਕਹਿਣ ਲੱਗੀ, ‘‘ਵੇ ਮਲਕੀਤ, ਮਾਂ ਸਦਕੇ ਰੀਝ ਤਾਂ ਤੂੰ ਪੂਰੀ ਕਰ ਲੈਂਦਾ, ਪਰ ਮੈਂ ਤਾਂ ਛੋਟੇ-ਛੋਟੇ ਦੋ ਹਾੜੇ ਲਾ ਕੇ ਹੁਣ ਰੋਟੀ ਖਾਣ ਤੇ ਸੌਣ ਦੇ ਮੂਡ ਵਿੱਚ ਹਾਂ।’’ ਮਲਕੀਤ ਜਜ਼ਬਾਤੀ ਹੋ ਕੇ ਜ਼ਿੱਦ ਕਰਨ ਲੱਗਾ, ‘‘ਨਹੀਂ ਬੇਬੇ, ਫੇਰ ਪਤਾ ਨਹੀਂ ਕਦੋਂ ਮੇਲੇ ਹੋਣਗੇ ਜਾਂ ਨਹੀਂ ਹੋਣਗੇ। ਅੱਜ ਆਵਦੇ ਪੁੱਤ ਦੀ ਰੀਝ ਪੂਰੀ ਕਰਦੇ।’’ ਸੁਰਿੰਦਰ ਕੌਰ ਸਹਿਮਤ ਹੋ ਕੇ ਬੋਲੀ, ‘‘ਲਿਆ ਗਲਾਸ, ਬਹੁਤ ਥੋੜ੍ਹੀ ਪਾਈਂ।’’ ਲਓ ਜੀ, ਕੁੰਡੇ ਵਾਲੀ ਬੋਤਲ ਮਲਕੀਤ ਨੇ ਆਪਣੇ ਕਮਰੇ ’ਚੋਂ ਭੱਜ ਕੇ ਚੱਕ ਲਿਆਂਦੀ। ਅਸੀਂ ਦੋਹੇਂ ਇਸੇ ਬੈੱਡ ’ਤੇ ਰਜ਼ਾਈ ਵਿੱਚ ਏਦਾਂ ਬੈਠ ਗਏ ਜਿਵੇਂ ਨਿੱਕੇ ਹੁੰਦਿਆਂ ਮਾਂ-ਦਾਦੀ ਕੋਲੋਂ ਬਾਤਾਂ ਸੁਣਨ ਵੇਲੇ ਬੈਠੇ ਕਰਦਿਆਂ ਸਾਂ। ਗਲਾਸ ਟਕਰਾਏ ਗਏ ਤਾਂ ਮਲਕੀਤ ਨੇ ਆਵਦੇ ਅਸਿਸਟੈਂਟ ਨੂੰ ਮੋਬਾਈਲ ਦੇ ਕੇ ਕਿਹਾ, ‘‘ਓਏ ਖਿੱਚ ਸਾਡੀ ਤਿੰਨਾਂ ਦੀ ਤਸਵੀਰ, ਅੱਜ ਇਕ ਵੱਖਰਾ ਇਤਿਹਾਸ ਸਿਰਜਿਆ ਜਾ ਰਿਹੈ। ਗਲਾਸ ਦੁਬਾਰਾ ਟਕਰਾਏ ਗਏ। ਮਲਕੀਤ ਤੇ ਮੈਂ ਚਾਅ ਵਿੱਚ ਮੋਟੋ-ਮੋਟੇ ਪੈੱਗ ਲਗਾਉਂਦੇ ਗਏ ਤੇ ਬੇਬੇ ਸੁਰਿੰਦਰ ਕੌਰ ਨੇ ਛੋਟੇ ਤਿੰਨ ਕੁ ਪੈੱਗਾਂ ਨਾਲ ਸਾਥ ਦਿੱਤਾ। ਗੱਲਾਂ-ਬਾਤਾਂ ਵਿਚ ਏਨਾ ਗੁਆਚ ਗਏ ਕਿਸੇ ਨੂੰ ਵੀ ਰੋਟੀ ਖਾਣੀ ਚੇਤੇ ਨਾ ਰਹੀ। ਢਕੀ ਹੋਈ ਰੋਟੀ, ਸਬਜ਼ੀ ਪਰ੍ਹੇ ਟੇਬਲ ਉਪਰ ਹੀ ਪਈ ਠੰਢੀ ਹੋ ਗਈ। ਪਤਾ ਹੀ ਨਾ ਲੱਗਾ ਰਾਤ ਦੇ ਬਾਰਾਂ-ਇਕ ਤੋਂ ਤੜਕੇ ਦੇ ਪੰਜ ਕਦੋਂ ਵੱਜ ਗਏ। ਜਦੋਂ ਅਸੀਂ ਉੱਠ ਕੇ ਕਮਰਿਓਂ ਬਾਹਰ ਆਏ ਤਾਂ ਭੁੱਖ ਜਿਹੀ ਮਹਿਸੂਸ ਹੋਈ। ਰਿਸੈਪਸ਼ਨ ’ਤੇ ਊਂਘਦੇ ਬੰਦੇ ਨੂੰ ਜਗਾ ਕੇ ਮਲਕੀਤ ਨੇ ਕਿਹਾ, ‘‘ਓ ਮਿਸਟਰ ਰੋਟੀ ਮਿਲੇਗੀ।’’ ਉਹ ਬੋਲਿਆ, ‘‘ਸਰ ਹੁਣ ਤਾਂ ਨਾਸ਼ਤੇ ਦਾ ਟਾਈਮ ਹੋ ਗਿਆ, ਬਟਰ ਟੋਸਟ ਮੰਗਵਾ ਦਿਆਂ।’’
ਜਿਸ ਦਿਨ ਮਹਾਨ ਗਾਇਕਾ ਸੁਰਿੰਦਰ ਕੌਰ ਦੀ ਅਮਰੀਕਾ ਵਿੱਚ ਮੌਤ ਹੋਈ ਤੇ ਫੇਰ ਉਥੇ ਹੀ ਸਸਕਾਰ ਕਰ ਦਿੱਤਾ ਤਾਂ ਉਸ ਤੋਂ ਅਗਲੇ ਦਿਨ ਮਲਕੀਤ ਸਿੰਘ ਦਾ ਭਰੇ ਹੋਏ ਮਨ ਨਾਲ ਇੰਗਲੈਂਡ ਤੋਂ ਫੋਨ ਆਇਆ। ਕਹਿਣ ਲੱਗਾ, ‘‘ਆਪਣੇ ਸਾਰਿਆਂ ਦੀ ਬੇਬੇ ਤੁਰ ਗਈ। ਮੈਂ ਤਾਂ ਚਾਹੁੰਦਾ ਸੀ ਬੇਬੇ ਦੀਆਂ ਅੰਤਿਮ ਰਸਮਾਂ ਪੰਜਾਬ ਵਿੱਚ ਹੀ ਕੀਤੀਆਂ ਜਾਣ। ਬੇਬੇ ਦੀ ਦੇਹ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਲਈ ਮੈਂ ਸਾਰਾ ਖਰਚਾ ਕਰਨ ਦੀ ਵੀ ਪੇਸ਼ਕਸ਼ ਕੀਤੀ ਸੀ, ਪਰ ਇੰਜ ਹੋ ਨਹੀਂ ਸਕਿਆ। ਬੇਬੇ ਨਾਲ ਬਿਤਾਏ ਪਲ ਮੈਨੂੰ ਵਾਰ-ਵਾਰ ਚੇਤੇ ਆਉਂਦੇ ਨੇ…। ‘‘ਬੱਸ ਏਨਾ ਕਹਿ ਕੇ ਉਸ ਹਟਕੋਰੇ ਲੈਂਦਿਆਂ ਫੋਨ ਕੱਟ ਦਿੱਤਾ।
ਅਖੀਰ ਵਿੱਚ ਇਕ ਛੋਟੀ ਜਿਹੀ ਗੱਲ ਚੇਤੇ ਆ ਗਈ, ਮਲਕੀਤ ਦੇ ਮੁੰਡੇ ਬਾਰੇ। ਉਹ ਨੇ ਦੱਸਿਆ ਕਿ ਮੇਰੇ ਬੱਚੇ ਨੂੰ ਮੇਰੇ ਨਵੇਂ ਗੀਤਾਂ ’ਚੋਂ ਉਹ ਗੀਤ ਬਹੁਤ ਪਸੰਦ ਹੈ, ਅਖੇ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਚਿੱਤ ਕਰਦਾ। ਇਸ ਗੀਤ ਨੂੰ ਬੱਚਾ ਅਕਸਰ ਗੁਣਗਣਾਉਂਦਾ ਰਹਿੰਦਾ, ਪਰ ਭੋਰਾ ਕੁ ਜੁਆਕ ਹੁਣੇ ਈ ਅੱਖਾਂ ਨਾਲ ਮਿਰਚਾਂ ਭੋਰਦਾ। ਇਕ ਦਿਨ ਸਕੂਲੋਂ ਜਦ ਘਰੇ ਆਇਆ ਤਾਂ ਬਸਤਾ ਰੱਖ ਕੇ ਮੇਰੀ ਗੋਦੀ ਵਿੱਚ ਆ ਬੈਠਾ। ਗੀਤ ਨੂੰ ਆਵਦੇ ਈ ਢੰਗ ਨਾਲ ਗੁਣਗੁਣਾ ਕੇ ਹੱਸੀ ਜਾਵੇ, ‘‘ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ, ਰੋਟੀਆਂ ਖਾਣ ਨੂੰ ਭੋਰਾ ਨਈਂ ਦਿਲ ਕਰਦਾ….।’’ ਡੈਡੀ ਹਰ ਰੋਜ਼ ਰੋਟੀ ਖਾ ਕੇ ਅੱਕ ਗਿਆਂ, ਅੱਜ ਪਲੀਜ਼ ਫੋਨ ਕਰਕੇ ਬਰਗਰ ਜਾਂ ਪੀਜ਼ਾ ਮੰਗਵਾ ਦਿਓ ਜਾਂ ਫਿਰ ਮੈਂ ਨੂਡਲਜ਼ ਖਾਊਂਗਾ…।
 
Top