ਸਮਾਜ ਨੂੰ ਬਦਲ ਦਿਓ

'MANISH'

yaara naal bahara
ਮੂਲ ਲੇਖਕ:ਸਵੈਸਾਚੀ
ਅਨੁਵਾਦਕ:ਸਰਜੀਤ ਤਲਵਾਰ
ਪੰਨੇ:32, ਮੁੱਲ:20 ਰੁਪਏ
ਪ੍ਰਕਾਸ਼ਕ: ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ।

ਸਮਾਜਵਾਦੀ ਅਤੇ ਵਿਚਾਰਧਾਰਕ ਚੇਤਨਾ ਪੈਦਾ ਕਰਨ ਵਾਲੇ ਪ੍ਰਗਤੀਸ਼ੀਲ ਹਿੰਦੀ ਲੇਖਕ ਸਵੈਸਾਚੀ ਦੁਆਰਾ ਲਿਖੇ ਗਏ ਪੈਂਫਲਿਟ ‘ਸਮਾਜ ਨੂੰ ਬਦਲ ਦਿਓ’ ਦਾ ਪੰਜਾਬੀ ਅਨੁਵਾਦ ਸਰਜੀਤ ਤਲਵਾਰ ਦੇ ਕੀਤਾ ਹੈ। ਇਹ ਲਿਖਤ ਸਮਾਜ ਦੇ ਮਜ਼ਦੂਰ ਵਰਗ ਨੂੰ ਮੁਖਾਤਿਬ ਹੈ। ਲੇਖਕ ਮਿਹਨਤਕਸ਼ ਸ਼੍ਰੇਣੀ ਨੂੰ ਹਲੂਣਦਾ ਹੋਇਆ ਇਸ ਗੱਲ ਦਾ ਅਹਿਸਾਸ ਕਰਵਾਉਂਦਾ ਹੈ ਕਿ ਮਜ਼ਦੂਰ-ਜਮਾਤ ਦੀ ਹੱਡਭੰਨਵੀਂ ਮਿਹਨਤ ਮੁਸ਼ੱਕਤ ਸ਼ਾਹੂਕਾਰਾਂ ਦੀ ਲੁੱਟ ਦਾ ਸ਼ਿਕਾਰ ਬਣ ਕੇ ਰਹਿ ਜਾਂਦੀ ਹੈ। ਕੁਨਬਾਪਰਵਰੀ ਦੇ ਵਰਤਮਾਨ ਦੌਰ ਵਿਚ ਨਿਮਨ-ਸ਼੍ਰੇਣੀ ਵਰਗ ਸਰਮਾਏਦਾਰਾਂ-ਜਾਗੀਰਦਾਰਾਂ ਦੇ ਜੂਲੇ ਹੇਠ ਦਬ ਕੇ ਰਹਿ ਗਿਆ ਹੈ। ਆਪਣੀਆਂ ਅਤੇ ਆਪਣੇ ਪਰਿਵਾਰਕ ਜੀਆਂ ਦੀਆਂ ਇੱਛਾਵਾਂ ਦਾ ਗਲ ਘੋਟਣ ਲਈ ਮਜਬੂਰ ਮਿਹਨਤਕਸ਼ ਵਰਗ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦੀ ਨਿਰੰਤਰ ਪ੍ਰਕਿਰਿਆ ਵਿਚੋਂ ਗੁਜ਼ਰ ਰਿਹਾ ਹੈ। ਲੇਖਕ ਇਤਿਹਾਸਕ-ਮਿਥਿਹਾਸਕ ਹਵਾਲੇ ਅਤੇ ਸਮੂਹਕ ਸਿਆਣਪਾਂ ਦੇ ਟੋਟਿਆਂ ਦੀਆਂ ਮਿਸਾਲਾਂ ਅਤੇ ਹਵਾਲੇ ਦੇ ਕੇ ਜਨ ਸਾਧਾਰਨ ਨੂੰ ਜਾਗਰੂਕ ਕਰਦਾ ਹੈ ਕਿ ਬੇਕਾਰੀ, ਤਸ਼ੱਦਦ ਅਤੇ ਜਬਰ ਦੇ ਸੁਦਾਗਰਾਂ ਨਾਲ ਕਿਵੇਂ ਟੱਕਰ ਲਈ ਜਾ ਸਕਦੀ ਹੈ। ਇਸ ਮਕਸਦ ਲਈ ਸਮਾਜ ਨੂੰ ਬਦਲਣ ਲਈ ਸਮਾਜਿਕ ਤਬਦੀਲੀਆਂ ਦੇ ਅਸੂਲਾਂ ਨੂੰ ਸਮਝਣਾ ਨਿਹਾਇਤ ਜ਼ਰੂਰੀ ਹੈ। ਲੇਖਕ ਦੀ ਇਹ ਵੀ ਦਲੀਲ ਹੈ ਕਿ ਜਿਵੇਂ ਇਕ ਬਲਦਾ ਹੋਇਆ ਦੀਵਾ ਹੀ ਦੂਜੇ ਬੁਝੇ ਹੋਏ ਦੀਵਿਆਂ ਨੂੰ ਜਗਾ ਸਕਦਾ ਹੈ ਅਤੇ ਚਾਨਣ ਹੀ ਹਨੇਰੇ ਨੂੰ ਦੂਰ ਭਜਾ ਸਕਦਾ ਹੈ, ਉਸੇ ਪ੍ਰਕਾਰ ਚੇਤੰਨ ਦਿਮਾਗ ਅਤੇ ਜਾਗਰੂਕ ਲੋਕ ਹੀ ਕਿਸਮਤ, ਅਗਲੇ ਜਨਮ ਅਤੇ ਅੰਧ-ਵਿਸ਼ਵਾਸਾਂ ਦੇ ਖਿਲਾਫ ਸੰਘਰਸ਼ ਕਰਕੇ ਨਿਮਨ ਵਰਗ ਨੂੰ ਪਿਛਾਂਹਖਿੱਚੂ ਰੁਝਾਨ ਤੋਂ ਆਜ਼ਾਦ ਕਰਵਾ ਸਕਦੇ ਹਨ। ਲੇਖਕ ਦਾ ਤਰਕ ਇਹ ਵੀ ਹੈ ਕਿ ਜੇ ਆਕਾਰ ਅਤੇ ਏਕਤਾ ਦੇ ਪੱਖੋਂ ਮਜ਼ਹਬ ਦੇ ਲੋਟੂ ਵਰਗ ਜਾਂ ਸਰਮਾਏਦਾਰੀ ਖਿਲਾਫ ਜਥੇਬੰਦ ਸੰਘਰਸ਼ ਨੂੰ ਲੜਾਕੂ ਬਣਾਉਂਦੇ ਜਾਵਾਂਗੇ ਤਾਂ ਮਾਨਸਿਕ ਅਤੇ ਸਰੀਰਕ ਅਤਿਆਚਾਰ ਵਿਰੁੱਧ ਕਾਮਯਾਬੀ ਮਿਲ ਸਕਦੀ ਹੈ। ਸਵੈਸਾਚੀ ਨੇ ਪ੍ਰਗਤੀਵਾਦੀ ਅਤੇ ਰਾਜਨੀਤਕ ਵਿਚਾਰਧਾਰਾ ਨਾਲ ਭਰਪੂਰ ਇਸ ਪੈਂਫਲਿਟ ਰਾਹੀਂ ਸੁਨੇਹਾ ਦਿੱਤਾ ਹੈ ਕਿ ਸਮਾਜ ਨੂੰ ਬਦਲਣ ਲਈ ਇਕਮੁੱਠ ਹੋ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ ਤਾਂ ਹੀ ਸਮਾਜ ਵਿਚ ਪਸਰੇ ਅਸਾਵੇਂਪਣ ਦੇ ਹਨੇਰੇ ਨੂੰ ਸਮਾਨਤਾ ਦੀ ਸੂਹੀ ਸਵੇਰ ਵਿਚ ਤਬਦੀਲ ਕੀਤਾ ਜਾ ਸਕਦਾ ਹੈ।
ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਇਹ ਕ੍ਰਿਤ ਜਿਥੇ ਇਕ ਪਾਸੇ ਸਮਾਜ ਦੇ ਆਰਥਿਕ, ਰਾਜਨੀਤਕ ਅਤੇ ਸਮਾਜਿਕ ਵਿਕਾਸ ਮਾਡਲ ਦੀ ਗੱਲ ਕਰਦੀ ਹੈ ਉਥੇ ਚੰਗੀ ਵਾਰਤਕ ਦੇ ਰੂਪ ਵਿਚ ਵੀ ਇਹ ਪੰਜਾਬੀ ਸਾਹਿਤ ਦਾ ਹਿੱਸਾ ਬਣਦੀ ਹੈ। ਭਾਸ਼ਾ ਅਤੇ ਸ਼ਬਦਾਵਲੀ ਪੱਖ ਤੋਂ ਕਿਧਰੇ ਰੜਕਵਾਂਪਣ ਮਹਿਸੂਸ ਨਹੀਂ ਹੁੰਦਾ। ਸੀਮਤ ਪੰਨਿਆਂ ਵਿਚ ਹੋਣ ਦੇ ਬਾਵਜੂਦ ਵੀ ਇਸ ਪੈਂਫਲਟ ਦਾ ਮਹੱਤਵ ਕਿਸੇ ਪੱਖੋਂ ਘੱਟ ਨਹੀਂ ਹੈ।
 
Top