ਮਹਾਨ ਢਾਡੀ ਅਮਰ ਸਿੰਘ ਸ਼ੌਂਕੀ

ਢਾਡੀ ਅਮਰ ਸਿੰਘ ਸ਼ੌਂਕੀ ਨੇ ਆਪਣੀ ਰਸਭਿੰਨੀ ਆਵਾਜ਼ ਦੇ ਜ਼ਰੀਏ ਲੱਖਾਂ ਲੋਕਾਂ ਦੇ ਦਿਲਾਂ ’ਤੇ ਦਹਾਕਿਆਂ ਤੱਕ ਰਾਜ ਕੀਤਾ। ਉਨ੍ਹਾਂ ਦਿਨਾਂ ਵਿੱਚ ਉਸ ਦਾ ਗੌਣ ਸੁਣਨ ਲਈ ਲੋਕ ਕਈ ਕਈ ਮੀਲਾਂ ਦਾ ਪੈਂਡਾ ਤੈਅ ਕਰਕੇ ਪਹੁੰਚ ਜਾਂਦੇ ਸਨ। ਇਲਾਕੇ ਭਰ ਦੇ ਹਾਲੀ ਪਾਲੀ ਆਪਣੇ ਘਰ ਦਾ ਕੰਮ ਧੰਦਾ ਸ਼ੌਂਕੀ ਦਾ ਅਖਾੜਾ ਸੁਣਨ ਲਈ ਕਈ ਦਿਨ ਪਹਿਲਾਂ ਹੀ ਸਮੇਟ ਲੈਂਦੇ। ਉਸ ਦੇ ਸਰੋਤਿਆਂ ਦਾ ਦਾਇਰਾ ਬਹੁਤ ਵਿਸ਼ਾਲ ਸੀ। ਪੰਜਾਬ ਵਿੱਚ ਇੱਕ ਵੇਲਾ ਅਜਿਹਾ ਵੀ ਆਇਆ ਜਦੋਂ ਪਿੰਡਾਂ ਵਿੱਚ ਵੱਜਦੇ ਲਾਊਡ ਸਪੀਕਰਾਂ ’ਤੇ ਚਾਰੇ ਪਾਸੇ ਸ਼ੌਂਕੀ ਦੀ ਝੰਡੀ ਝੁੱਲਣ ਲੱਗੀ।
ਢਾਡੀ ਕਲਾ ਦੇ ਜੌਹਰੀ ਅਮਰ ਸਿੰਘ ਸ਼ੌਂਕੀ ਦਾ ਜਨਮ 15 ਅਗਸਤ 1916 ਨੂੰ ਪਿੰਡ ਭੱਜਲਾਂ ਵਿੱਚ ਹੋਇਆ ਜੋ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੜ੍ਹਸ਼ੰਕਰ ਤਹਿਸੀਲ ਵਿੱਚ ਪੈਂਦਾ ਹੈ। ਸ਼ੌਂਕੀ ਦੇ ਪਿਤਾ ਸਰਦਾਰ ਮੂਲਾ ਸਿੰਘ ਸੀ। ਪੜ੍ਹਾਈ ਪੱਖੋਂ ਅਮਰ ਸਿੰਘ ਸ਼ੌਂਕੀ ਕੋਰਾ ਹੀ ਰਿਹਾ ਪ੍ਰੰਤੂ ਗੁਰਮੱਖੀ ਦਾ ਅੱਖਰ ਗਿਆਨ ਉਸ ਨੇ ਬਿਨਾਂ ਕਿਸੇ ਸਕੂਲ ਤੋਂ ਐਧਰੋਂ ਉਧਰੋਂ ਗੁਣੀ ਗਿਆਨੀਆਂ ਕੋਲੋਂ ਹਾਸਲ ਕੀਤਾ। ਗੀਤਾਂ ਦੇ ਸ਼ਬਦਾਂ ਦੀ ਤੁੱਕਬੰਦੀ ਦਾ ਇਲਮ ਵੀ ਉਸ ਨੇ ਇਸੇ ਤਰ੍ਹਾਂ ਤੁਰ ਫਿਰ ਕੇ ਸਿੱਖਿਆ। ਉਸ ਨੂੰ ਛੋਟੇ ਹੁੰਦੇ ਤੋਂ ਹੀ ਗਾਉਣ ਦਾ ਸ਼ੌਕ ਸੀ ਅਤੇ ਅਕਸਰ ਉਹ ਹਰਮੋਨੀਅਮ ਦੀਆਂ ਸੁਰਾਂ ਅਤੇ ਢੋਲਕੀ ਦੀ ਤਾਲ ਨਾਲ ਗੀਤ ਗਾਉਂਦਾ ਹੁੰਦਾ ਸੀ। ਉਨ੍ਹਾਂ ਦਿਨਾਂ ਵਿੱਚ ਹੀ ਉਸ ਦਾ ਇੱਕ ਗੀਤ ਪੰਥ ਰੰਗੀਲੇ ਨੇ ਧੂੰਮਾਂ ਦੇਸ਼ ਵਿੱਚ ਪਾਈਆਂ ਢੋਲਕ ਅਤੇ ਹਰਮੋਨੀਅਮ ਨਾਲ ਰਿਕਾਰਡ ਹੋਇਆ ਸੀ। ਉਦੋਂ ਸਿਆਲਕੋਟੀਏ ਸ਼ੌਂਕੀ ਦੇ ਬਹੁਤ ਅਖਾੜੇ ਲਗਵਾਉਂਦੇ ਹੁੰਦੇ ਸਨ ਕਿਸੇ ਸਿਆਣੇ ਨੇ ਉਸ ਨੂੰ ਮੱਤ ਦਿੱਤੀ ਕਿ ਤੂੰ ਵਾਜੇ ਢੋਲਕੀ ਨੂੰ ਛੱਡ ਢੱਡ ਸਾਰੰਗੀ ਨਾਲ ਗਾਇਆ ਕਰ ਫੇਰ ਦੇਖੀਂ ਤੇਰੀ ਕਿਵੇਂ ਚੜ੍ਹਾਈ ਹੁੰਦੀ ਗਾਇਕੀ ਵਿੱਚ। ਸ਼ੌਂਕੀ ਨੂੰ ਸੁਝਾਅ ਚੰਗਾ ਲੱਗਾ ਉਸ ਨੇ ਆਪਣਾ ਢੱਡ ਸਾਰੰਗੀ ਵਾਲਾ ਜਥਾ ਬਣਾ ਲਿਆ ਅਤੇ ਸਰਬਣ ਸਿੰਘ ਅਤੇ ਮੋਹਨ ਸਿੰਘ ਬਿੰਡਾ ਵਰਗੇ ਸਾਥੀਆਂ ਨੂੰ ਆਪਣੇ ਨਾਲ ਰਲਾ ਲਿਆ। ਸ਼ੌਂਕੀ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਨਾਂ ਨਾਲ ਮਸਤਤਖੱਲਸ ਵੀ ਲਾਇਆ ਪ੍ਰੰਤੂ ਬਾਅਦ ਵਿੱਚ ਪੱਕੇ ਤੌਰ ’ਤੇ ਉਸ ਨੇ ਢੱਡ ਸਾਰੰਗੀ ਨਾਲ ਅਮਰ ਸਿੰਘ ਸ਼ੌਂਕੀ ਦੇ ਨਾਂ ਹੇਠ ਗਾਇਆ।
ਹਿਜ਼ ਮਾਸਟਰ ਵੋਆਇਸ ਰਿਕਾਰਡਿੰਗ ਕੰਪਨੀ ਉਸ ਸਮੇਂ ਮਸ਼ਹੂਰ ਗਵੱਈਆਂ ਦੇ ਗੀਤਾਂ ਦੇ ਗੀਤ ਰਿਕਾਰਡ ਕਰਦੀ ਹੁੰਦੀ ਸੀ। ਅਮਰ ਸਿੰਘ ਸ਼ੌਂਕੀ ਦੇ ਗੀਤ ਵੀ ਇਸੇ ਕੰਪਨੀ ਵੱਲੋਂ ਰਿਕਾਰਡ ਕਰ ਕੇ ਭੇਜੇ ਜਾਂਦੇ ਸਨ। ਉਹ ਐਚ.ਐਮ.ਵੀ. ਕੰਪਨੀ ਦੀਆਂ ਪਰਖਾਂ ’ਤੇ ਖਰ੍ਹਾ ਉਤਰ ਚੁੱਕਾ ਸੀ। ਸ਼ੌਂਕੀ ਬੜਾ ਸਿੱਧਾ ਸਾਦਾ ਆਦਮੀ ਸੀ ਉਸ ਦਾ ਖਾਣ-ਪੀਣ ਵੀ ਰੁੱਖਾ ਮਿੱਸਾ ਹੁੰਦਾ ਸੀ। ਉਸ ਦੀ ਆਵਾਜ਼ ਵਿੱਚ ਬੜਾ ਜੋਸ਼ ਸੀ ਜਦੋਂ ਉਹ ਗੀਤ ਦੇ ਬੋਲ ਚੁੱਕਦਾ ਸੀ ਇੱਕ ਵਾਰ ਤਾਂ ਪਿੰਡਾਂ ਵਿੱਚ ਬਣੇ ਟਾਵੇਂ-ਟਾਵੇਂ ਚੁਬਾਰਿਆਂ ਨੂੰ ਵੀ ਨਾਲ ਬੋਲਣ ਲਾ ਦਿੰਦਾ ਸੀ। ਉਸ ਨੇ ਲਗਪਗ 50 ਸਾਲ ਗਾਇਆ ਅਤੇ ਕਦੇ ਵੀ ਮਾਇਆ ਦਾ ਮੋਹ ਨਾ ਕੀਤਾ। ਉਹ ਲੋਕਾਂ ਲਈ ਸੇਵਾ ਭਾਵਨਾ ਨਾਲ ਗਾਉਂਦਾ ਸੀ ਅਤੇ ਸਹੀ ਅਰਥਾਂ ਵਿੱਚ ਲੋਕ ਗਵੱਈਆ ਸੀ। ਸ਼ੌਂਕੀ ਸਰੋਤਿਆਂ ਵੱਲੋਂ ਮਿਲਦੇ ਮਾਣ ਸਤਿਕਾਰ ਤੋਂ ਖੁਸ਼ ਸੀ ਅਤੇ ਹਮੇਸ਼ਾ ਸਰੋਤਿਆਂ ਦਾ ਕਦਰਦਾਨ ਰਹਿਣ ਵਾਲਾ ਗਵੱਈਆ ਸੀ।
ਅਮਰ ਸਿੰਘ ਸ਼ੌਂਕੀ ਨੇ ਦੇਸ਼ ਦੇ ਕੋਨੇ ਕੋਨੇ ਵਿੱਚ ਗਾਇਕੀ ਦੇ ਅਖਾੜੇ ਲਾਏ ਅਤੇ ਆਪਣੀ ਕਲਾ ਦੇ ਸਿਰ ’ਤੇ ਵਿਦੇਸ਼ ਦੀ ਯਾਤਰਾ ਵੀ ਕੀਤੀ। ਸਾਲ 1980 ਵਿੱਚ ਉਹ ਇੰਗਲੈਂਡ ਦੀ ਧਰਤੀ ’ਤੇ ਗਾਉਣ ਗਿਆ। ਉਥੇ ਉਹ ਆਪਣੇ ਨਾਲ ਆਪਣੇ ਸਾਥੀ ਮੋਹਨ ਸਿੰਘ ਬਿੰਡਾ, ਲਛਮਣ ਸਿੰਘ ਅਤੇ ਆਪਣੇ ਵੱਡੇ ਪੁੱਤਰ ਸਵਰਾਜ ਸਿੰਘ ਨੂੰ ਵੀ ਨਾਲ ਲੈ ਕੇ ਗਿਆ। ਗੋਰਿਆਂ ਦੀ ਧਰਤੀ ’ਤੇ ਉਸ ਨੇ ਰੱਜ ਕੇ ਪੰਜਾਬੀਆਂ ਦਾ ਮਨੋਰੰਜਨ ਕੀਤਾ ਅਤੇ ‘ਵਾਹ-ਵਾਹ ਨੀ ਧਰਤ ਪੰਜਾਬ ਦੀਏ’ ਵਰਗੇ ਗੀਤ ਗਾ ਕੇ ਪੰਜਾਬ ਦੀ ਮਿੱਟੀ ਦੀ ਮਹਿਕ ਖਿਲਾਰੀ। ਸਾਡੇ ਪੰਜਾਬੀ ਭਰਾਵਾਂ ਨੇ ਉਸ ਨੂੰ ਉਥੇ ਹੀ ਪੱਕੇ ਤੌਰ ’ਤੇ ਰਹਿਣ ਦੀ ਪੇਸ਼ਕਸ਼ ਕੀਤੀ ਪਰ ਉਹ ਨਾ ਮੰਨਿਆ ਉਸ ਨੇ ਪੰਜਾਬ ਵਾਪਸ ਜਾਣ ਦੀ ਜ਼ਿੱਦ ਪੁਗਾਈ। ਆਖਣ ਲੱਗਾ ਮੈਂ ਆਪਣੀ ਜਨਮ ਭੂਮੀ ਨੂੰ ਨਹੀਂ ਛੱਡ ਸਕਦਾ ਜਿਥੇ ਜੰਮਿਆ ਹਾਂ ਉਥੇ ਹੀ ਮਰਾਂਗਾ ਭਾਵੇਂ ਦੁਨੀਆਂ ਐਧਰ ਦੀ ਉੱਧਰ ਹੋ ਜਾਏ। ਆਖਰ ਉਹ ਆਪਣੀ ਵਿਦੇਸ਼ ਯਾਤਰਾ ਪੂਰੀ ਕਰਕੇ ਪੰਜ ਦਰਿਆਵਾਂ ਦੀ ਧਰਤ ਪੰਜਾਬ ’ਤੇ ਵਾਪਸ ਆ ਗਿਆ। ਉਥੋਂ ਵਾਪਸ ਆ ਕੇ ਉਹ ਢਿੱਲਾ ਪੈ ਗਿਆ ਅਤੇ ਬਿਮਾਰੀ ਦੀ ਹਾਲਤ ਵਿੱਚ ਉਹ ਆਪਣੇ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ 14 ਅਗਸਤ 1981 ਨੂੰ 65 ਸਾਲ ਦੀ ਉਮਰ ਭੋਗ ਕੇ ਚੱਲ ਵਸਿਆ। ਅਮਰ ਸਿੰਘ ਸ਼ੌਂਕੀ ਦੇ ਜ਼ਿਆਦਾਤਰ ਮਸ਼ਹੂਰ ਗੀਤ ਹਨ :-
ਦੋ ਤਾਰਾ ਵੱਜਦਾ ਵੇ,
ਰਾਂਝਣਾ ਨੂਰ ਮਹਿਲ ਦੀ ਮੋਰੀ…
ਰਾਣੀ ਸੁੰਦਰਾਂ ਦੇ ਮਹਿਲਾਂ ਅੱਗੇ ਆਣ ਕੇ
ਦਿੱਤੀ ਪੂਰਨ ਨੇ ਅਲਖ ਜਗਾ…

ਦੇਸ਼ ਮੇਰੇ ਦੀ ਬਾਂਕੀ ਜੋੜੀ
ਰਲ-ਮਿਲ ਪੀਂਘ ਚੜ੍ਹਾਵੇ……

ਦੁਨੀਆਂ ਮਤਲਬ ਦੀ
ਐਥੇ ਕੋਈ ਨਾ ਕਿਸੇ ਦਾ ਬੇਲੀ …

ਨੀ ਆਜਾ ਭਾਬੀ ਝੂਟ ਲੈ
ਪੀਂਘ ਹੁਲਾਰੇ ਲੈਂਦੀ …

ਭਿੱਜ ਗਈਆਂ ਨਣਾਨੇ ਪੂਣੀਆਂ
ਬਾਹਰੇ ਭਿੱਜਗੇ ਚਰਖੇ…

ਮੁੰਡੇ ਦੇਸ਼ ਪੰਜਾਬ ਦੇ
ਤੇ ਮਰਦ ਪੰਜਾਬੀ ਨਾਰਾਂ …

ਫੜ੍ਹਾਂ ਫੋਕੀਆਂ ਬਥੇਰੇ ਲੋਕੀ ਮਾਰਦੇ
ਕੋਈ ਵਿਰਲੇ ਹੀ ਬੋਲ ਪੁਗਾਉਂਦੇ…

ਚਿੱਠੀਆਂ ਦਰਦਾਂ ਦੀਆਂ
ਅਸਾਂ ਲਿਖ ਸੱਜਣਾਂ ਵੱਲ ਪਾਈਆਂ…

ਸਾਹਿਬਾਂ ਵਾਜਾਂ ਮਾਰਦੀ
ਕਹਿੰਦੀ ਉੱਠ ਖੜ੍ਹ ਮਿਰਜ਼ਾ ਯਾਰ…

ਮਾਰੀ ਨਾਗਣੀ ਬਚਿੱਤਰ ਸਿੰਘ ਰਾਠ ਨੇ …
ਅਮਰ ਸਿੰਘ ਸ਼ੌਂਕੀ ਨੇ ਇਤਿਹਾਸਕ ਕਿੱਸਿਆਂ ਨਾਲ ਸਬੰਧਤ ਬਹੁਤ ਗੀਤਾਂ ਦੀ ਸਿਰਜਨਾ ਕੀਤੀ। ਇਸ ਤੋਂ ਇਲਾਵਾ ਉਸ ਦੇ ਖਾਸ ਕਰਕੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਾਕਿਆਂ ਨਾਲ ਸਬੰਧਤ ਧਾਰਮਿਕ ਗੀਤ ਬਹੁਤ ਮਸ਼ਹੂਰ ਹੋਏ ਜੋ ਇਤਿਹਾਸ ਨੂੰ ਅੱਖਾਂ ਸਾਹਮਣੇ ਲਿਆ ਕੇ ਖੜਾ ਕਰ ਦਿੰਦੇ ਸਨ: ਦਾਦੀ ਜੀ ਘਰ ਹੁਣ ਕਿਤਨੀ ਕੁ ਦੂਰ… ਵਾਹ ਵਾਹ ਗੜ੍ਹੀਏ ਚਮਕੌਰ ਦੀਏ … ਅਤੇ ਛੋਟੇ ਸਹਿਬਜ਼ਾਦਿਆਂ ਵੱਲੋਂ ਸੂਬਾ ਸਰਹੰਦ ਨੂੰ ਦਿੱਤੇ ਜਵਾਬ ਦੇ ਰੂਪ ਵਿੱਚ ਸ਼ੌਂਕੀ ਦੇ ਬੋਲ ਯਾਦਗਾਰੀ ਸਨ:-
ਸਾਡੀ ਯਾਦਗਾਰ ’ਤੇ ਸ਼ੌਂਕੀ ਮੇਲੇ ਲੱਗਣਗੇ
ਸਾਡੀ ਯਾਦਗਾਰ ’ਤੇ ਜੁੱਗ ਜੁੱਗ ਮੇਲੇ ਲੱਗਣਗੇ
ਤੇਰੀ ਮੜ੍ਹੀ ’ਤੇ ਕਿਸੇ ਨੇ ਦੀਵਾ ਨਹੀਂ ਜਗਾਉਣਾ…

ਜੇਕਰ ਸ਼ੌਂਕੀ ਵੱਲੋਂ ਗੂੰਦੀਆਂ ਗੀਤਾਂ ਦੀਆਂ ਤਰਜਾਂ ਵੱਲ ਨਜ਼ਰ ਮਾਰੀਏ ਤਾਂ ਇਹ ਬਹੁਤ ਦਿਲ ਟੁੰਬਵੀਆਂ ਸਨ।
 
Top