ਚੱਪੜਚਿੜੀ ਦਾ ਇਤਿਹਾਸਕ ਗੁਰਦੁਆਰਾ

'MANISH'

yaara naal bahara
ਜਿੱਥੇ ਬੰਦਾ ਸਿੰਘ ਬਹਾਦਰ ਦਾ ਵਜ਼ੀਰ ਖਾਂ ਨਾਲ ਟਾਕਰਾ ਹੋਇਆ ਉਸ ਮੈਦਾਨ ਦਾ ਨਾਂ ਚਪੜ ਚਿੜੀ ਮੈਦਾਨ ਹੈ ਅਤੇ ਉਸ ਅਸਥਾਨ ’ਤੇ ਜੋ ਸਿੰਘਾਂ ਦੀ ਜਿੱਤ ਦਾ ਨਿਸ਼ਾਨ ਹੈ ਉਸ ਦਾ ਨਾਂ ਗੁਰਦੁਆਰਾ ਸ਼ਹੀਦ ਗੰਜ ਮੈਦਾਨ ਚਪੜ ਚਿੜੀ ਹੈ। ਮੈਂ ਇਸ ਗੁਰਦੁਆਰੇ ਦੇ ਦਰਸ਼ਨ ਇਸੇ ਸਾਲ 16 ਮਾਰਚ ਨੂੰ ਕੀਤੇ ਸਨ। ਇਹ ਗੁਰਦੁਆਰਾ ਲਾਂਡਰਾਂ, ਖਰੜ ਸੜਕ ’ਤੇ ਦੋ ਕੁ ਕਿਲੋਮੀਟਰ ਹਟਵਾਂ ਸਥਿਤ ਹੈ ਅਤੇ ਅਜੇ ਬਣ ਰਿਹਾ ਹੈ। ਸਵਰਾਜ ਟਰੈਕਟਰਜ਼ ਦੇ ਮਗਰਲੇ ਪਾਸੇ ਗੁਰੂ ਫਾਊਂਡੇਸ਼ਨ ਸਕੂਲ ਲਾਂਡਰਾਂ ਦੇ ਪਿਛਲੇ ਪਾਸੇ ਨਾਲ ਲੱਗਦਾ ਹੈ। ਗੁਰੂ ਨਾਨਕ ਫਾਊਂਡੇਸ਼ਨ ਸਕੂਲ ਦੀ ਮਗਰਲੀ ਕੰਧ ਦੇ ਅੰਦਰਵਾਰ ਇਕ ਜੰਡ ਦਾ ਮੋਟਾ ਬਿਰਖ ਹੈ, ਇਸੇ ਜੰਡ ਨਾਲ ਅੱਜ ਤੋਂ ਲਗਪਗ 300 ਸਾਲ ਪਹਿਲਾਂ ਬੰਦਾ ਸਿੰਘ ਬਹਾਦਰ ਨੇ ਪਾਪੀ ਵਜ਼ੀਰ ਖਾਂ ਦੀ ਲੋਥ 12-13 ਮਈ 1710 ਦੀ ਰਾਤ ਨੂੰ ਟੰਗ ਕੇ ਰੱਖੀ ਸੀ। ਅਗਲੇ ਦਿਨ 13 ਮਈ ਨੂੰ ਸਰਹਿੰਦ ਨੂੰ ਕੂਚ ਕਰਨ ਵੇਲੇ ਇਸ ਲੋਥ ਨੂੰ ਬਲਦਾਂ ਮਗਰ ਬੰਨ੍ਹ ਕੇ ਘੜੀਸਦੇ ਗਏ ਸਨ। ਲੋਕ ਸਤਿਕਾਰ ਵਜੋਂ ਇਸ ਜੰਡ ਦੀਆਂ ਸੁੱਕੀਆਂ ਟਾਹਣੀਆਂ ਲੈ ਜਾਂਦੇ ਹਨ। ਇਹ ਗੁਰਦੁਆਰਾ ਦੋ ਪਿੰਡਾਂ ਦੇ ਵਿਚਾਲੇ ਹੈ। (ਇਕ ਪਿੰਡ ਦਾ ਨਾਂ ਚਪੜਚਿੜੀ ਖੁਰਦ-ਛੋਟਾ ਅਤੇ ਦੂਜੇ ਦਾ ਨਾਂ ਚਪੜਚਿੜੀ ਕਲਾਂ-ਵੱਡਾ ਹੈ। 40 ਫੁੱਟ ਉੱਚਾ ਟਿੱਬਾ, ਜਿਸ ’ਤੇ ਬੈਠ ਕੇ ਬੰਦਾ ਸਿੰਘ ਬਹਾਦੁਰ ਨੇ ਜੰਗ ਦੀ ਨਿਗਰਾਨੀ ਕੀਤੀ, ਹੁਣ ਨਹੀਂ ਰਿਹਾ। ਗੁਰਦੁਆਰੇ ਦੇ ਸਾਹਮਣੇ ਕਿੱਕਰਾਂ ਦੀ ਝਿੜੀ ਹੈ, ਸ਼ਾਇਦ ਚਪੜਚਿੜੀ/ਝਿੜੀ ਹੈ। ਜਦੋਂ ਵਜ਼ੀਰ ਖਾਂ ਨੂੰ ਸੂਹ ਮਿਲੀ ਕਿ ਬੰਦਾ ਸਿੰਘ ਬਹਾਦੁਰ ਸਮਾਣਾ, ਸਢੌਰਾ, ਛੱਤ ਅਤੇ ਬਨੂੜ ਆਦਿ ਨੂੰ ਜਿੱਤਦਾ ਹੋਇਆ ਸਰਹਿੰਦ ਵੱਲ ਵਧ ਰਿਹਾ ਸੀ ਤਾਂ ਉਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਉਸ ਨੇ ਤੋਪਾਂ,ਹਾਥੀ ਅਤੇ ਫੌਜਾਂ ਲਈ ਆਪਣੇ ਤੁਰਕ ਸਰਦਾਰਾਂ ਨੂੰ ਪੱਤਰ ਭੇਜਿਆ। ਉਸ ਨੇ ਪੂਰਾ ਪ੍ਰਬੰਧ ਕੀਤਾ ਕਿ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਹੋਰ ਸਿੰਘ ਨਾ ਰਲ ਸਕਣ। ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਂ ਦੀ ਡਿਊਟੀ ਲਾਈ ਕਿ ਉਹ ਆਪਣੀ ਫੌਜ ਨਾਲ ਮਾਝੇ ਦੇ ਸਿੰਘਾਂ ਨੂੰ ਬੰਦਾ ਸਿੰਘ ਬਹਾਦਰ ਨਾਲ ਮਿਲਣ ਤੋਂ ਰੋਕੇ। ਮਾਝੇ ਦੇ ਸਿੰਘ ਬਚਦੇ-ਬਚਾਉਂਦੇ, ਛੁਪਦੇ-ਛਪਾਉਂਦੇ ਕੀਰਤਪੁਰ ਸਾਹਿਬ ਵਾਲੇ ਪਾਸੇ ਇਕੱਠੇ ਹੋ ਗਏ। ਮਾਝੇ ਦੇ ਸਿੰਘਾਂ ਨੇ ਸ਼ੇਰ ਮੁਹੰਮਦ ਖਾਂ ਦੇ ਸਾਥੀ (ਭਰਾ ਖਿਜਰ ਖਾਨ ਅਤੇ ਦੋ ਭਤੀਜੇ) ਰੋਪੜ ਵਿਖੇ ਦੋ ਦਿਨ ਦੀ ਲੜਾਈ ਵਿਚ ਮਾਰ ਦਿੱਤੇ ਅਤੇ ਜ਼ਖਮੀ ਹੋਇਆ ਨਵਾਬ ਆਪਣੀ ਰਹਿੰਦੀ ਫੌਜ ਸਮੇਤ ਮਾਲੇਰਕੋਟਲਾ ਭੱਜ ਗਿਆ। ਸਿੰਘ ਬੰਦਾ ਸਿੰਘ ਬਹਾਦਰ ਨਾਲ ਆ ਰਲੇ ।
21 ਮਈ 1710 ਨੂੰ ਚਪੜਚਿੜੀ ਦੇ ਮੈਦਾਨ ਵਿਚ ਵਜ਼ੀਰ ਖਾਂ ਅਤੇ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਆਹਮਣੇ-ਸਾਹਮਣੇ ਖੜ੍ਹੀਆਂ ਸਨ। ਬੰਦਾ ਸਿਾਂਘ ਬਹਾਦਰ ਇਕ 35-40 ਫੁੱਟ ਉੱਚੇ ਟਿੱਬੇ ’ਤੇ ਚੜ੍ਹ ਕੇ ਬੈਠਾ ਸੀ ਤਾਂ ਕਿ ਸਭ ਕੁਝ ’ਤੇ ਨਿਗ੍ਹਾ ਰੱਖ ਸਕੇ। ਬੰਦਾ ਸਿੰਘ ਬਹਾਦਰ ਕੋਲ 40,000 ਦੇ ਲਗਪਗ ਸਿੰਘਾਂ ਦੀ ਫੌਜ ਦੀ ਜਦਕਿ ਵਜ਼ੀਰ ਖਾਂ ਕੋਲ 20,000 ਸੀ। ਵਜ਼ੀਰ ਖਾਂ ਕੋਲ ਹਾਥੀ, ਤੋਪਾਂ ਅਤੇ ਜੰਗ ਲਈ ਹੋਰ ਸਾਮਾਨ ਸੀ। ਬੰਦਾ ਸਿੰਘ ਬਹਾਦਰ ਕੋਲ ਨਾ ਕੋਈ ਤੋਪ, ਨਾ ਹਾਥੀ ਅਤੇ ਨਾ ਹੀ ਪੂਰੀ ਮਾਤਰਾ ਵਿਚ ਘੋੜੇ ਸਨ। ਸਿੰਘਾਂ ਦਾ ਸੰਕਲਪ ਦ੍ਰਿੜ੍ਹ ਸੀ ਕਿ ਜੰਗ ਜਿੱਤ ਕੇ ਸਰਾਪੀ ਹੋਈ ਸਰਹਿੰਦ ਨੂੰ ਮਿੱਟੀ ਵਿਚ ਮਿਲਾ ਦੇਣਾ ਹੈ। ਸਿੰਘਾਂ ਨੇ ਧੌਂਸੇ ’ਤੇ ਲਾਈ ਚੋਟ, ਛੱਡੇ ਜੈਕਾਰੇ ਅਤੇ ਟੁੱਟ ਪਏ ਦੁਸ਼ਮਣ ਉਤੇ। ਸਿੰਘਾਂ ਦੀ ਕਮਾਨ ਹੇਠ: ਇਕ ਪਾਸੇ ਫਤਹਿ ਸਿੰਘ, ਦੂਜੇ ਪਾਸੇ ਬਾਜ ਸਿੰਘ, ਬਿਨੋਦ ਸਿੰਘ ਅਤੇ ਵਿਚਕਾਰ ਖੇਮ ਸਿੰਘ ਆਦਿ ਨਾਲ ਮਝੈਲ ਸਿੰਘ ਸਨ।
ਵਜ਼ੀਰ ਖਾਂ ਦੀ ਸਭ ਤੋਂ ਅਗਲੀ ਕਤਾਰ ਵਿਚ ਤੋਪਾਂ ਅਤੇ ਸਭ ਤੋਂ ਪਿੱਛੇ ਕਤਾਰ ਵਿਚ ਹਾਥੀ ਸਨ। ਸੱਜੀ ਬਾਹੀ ਗਾਜ਼ੀ ਨਾਲ ਵਜ਼ੀਰ ਖਾਂ ਅਤੇ ਖੱਬੇ ਪਾਸੇ ਜਸੀਰਦਾਰ ਸਨ। ਜੰਗ ਸ਼ੁਰੂ ਹੋ ਗਿਆ, ਤੋਪਾਂ ਚਲੀਆਂ, ਹਾਥੀ ਚਿੰਘਾੜੇ ਅਤੇ ਤੀਰ ਤਲਵਾਰਾਂ ਖੜਕੇ। ਗੰਡੇ ਖੱਤਰੀ ਨੇ ਥੋੜ੍ਹੇ ਚਿਰ ਬਾਅਦ ਆਪਣੇ ਨਾਲਦਿਆਂ ਨਾਲ ਭਾਂਜ ਪਾ ਲਈ। ਸਿੰਘਾਂ ਦੀ ਫੌਜ ਵਿਚ ਰਲੇ ਲੁਟੇਰੇ ਵੀ ਭੱਜ ਉਠੇ। ਬਾਜ ਸਿੰਘ ਘੋੜੇ ਉਤੇ ਸਵਾਰ ਹੋ ਕੇ ਟਿੱਬੇ ’ਤੇ ਬੰਦਾ ਸਿੰਘ ਬਹਾਦਰ ਕੋਲ ਗਿਆ ਅਤੇ ਦੱਸਿਆ ਕਿ ਬੰਦਾ ਸਿੰਘ ਬਹਾਦਰ ਬਿਨਾਂ ਸਿੱਖ ਫੌਜ ਦੇ ਪੈਰ ਉਖੜ ਚੁੱਕੇ ਸਨ। ਜੰਗ ਦਾ ਮੈਦਾਨ ਹੱਥੋਂ ਜਾਂਦਾ ਦਿੱਸਦਾ ਸੀ। ਬੰਦਾ ਸਿੰਘ ਬਹਾਦਰ ਘੋੜੇ ਉਤੇ ਪਲਾਕੀ ਮਾਰ ਕੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਛੱਡਦਾ ਝੱਟ ਜੰਗੇ ਮੈਦਾਨ ਵਿਚ ਪਹੁੰਚ ਗਿਆ। ਸਿੰਘਾਂ ਵਿਚ ਨਵੀਂ ਰੂਹ ਆਈ। ਉਹ ਦੁਸ਼ਮਣ ਦੇ ਹਾਥੀ ਅਤੇ ਤੋਪਾਂ ਦੀ ਪ੍ਰਵਾਹ ਨਾ ਕਰਦੇ ਹੋਏ ਉਨ੍ਹਾਂ ਉਤੇ ਟੁੱਟ ਪਏ। ਦੁਪਹਿਰ ਬਾਅਦ ਸਿੰਘਾਂ ਦਾ ਪਾਸਾ ਭਾਰੀ ਹੋ ਗਿਆ। ਉਨ੍ਹਾਂ ਨੇ ਤੋਪਾਂ ਦੀ ਕਤਾਰ ਚੀਰ ਕੇ ਹਾਥੀਆਂ ਤਕ ਪਹੁੰਚ ਕੇ ਦੋ ਹਾਥੀ ਮਾਰ ਦਿੱਤੇ। ਹਾਥੀ ਚਿੰਘਾੜਾਂ ਮਾਰਦੇ ਨੱਠ ਉਠੇ। ਸ਼ੇਰ ਮੁਹੰਮਦ ਖਾਂ (ਨਵਾਬ ਮਾਲੇਰਕੋਟਲਾ) ਅਤੇ ਖੁਆਜਾ ਅਲੀ ਸਿੰਘਾਂ ਨੇ ਮਾਰ ਦਿੱਤੇ। ਵਜ਼ੀਰ ਖਾਂ ਬਾਜ਼ ਸਿੰਘ ਦੇ ਟਾਕਰੇ ’ਤੇ ਆ ਗਿਆ। ਉਸ ਨੇ ਆਪਣੀ ਬਰਛੀ ਬਾਜ ਸਿੰਘ ਨੂੰ ਵਗਾਹ ਕੇ ਮਾਰੀ। ਬਾਜ ਸਿੰਘ ਨੇ ਓਹੀ ਬਰਛੀ ਬੋਚ ਕੇ ਉਸਦੇ ਘੋੜੇ ਦੇ ਮੱਥੇ ਉਤੇ ਮਾਰੀ।, ਘੋੜਾ ਲਹੂ-ਲੁਹਾਣ ਹੋ ਗਿਆ। ਵਜ਼ੀਰ ਖਾਂ ਨੇ ਤੀਰ ਮਾਰਿਆ ਜੋ ਬਾਜ ਸਿੰਘ ਦੀ ਬਾਂਹ ’ਤੇ ਵੱਜਾ। ਹੁਣ ਵਜ਼ੀਰ ਖਾਂ ਆਪਣੀ ਤਲਵਾਰ ਦੇ ਵਾਰ ਨਾਲ ਬਾਜ ਸਿੰਘ ਨੂੰ ਮਾਰ-ਮੁਕਾਉਣ ਦੇ ਯਤਨ ਵਿਚ ਸੀ ਕਿ ਕੋਲ ਖਲੋਤੇ ਫਤਹਿ ਸਿੰਘ ਨੇ ਵਜ਼ੀਰ ਖਾਂ ਦੇ ਮੋਢੇ ਉਤੇ ਤਲਵਾਰ ਮਾਰ ਕੇ ਉਸ ਨੂੰ ਚੀਰ ਪਾ ਦਿੱਤਾ। ਅਜੇ ਉਹ ਸਹਿਕਦਾ ਹੀ ਸੀ ਕਿ ਉਸ ਨੂੰ ਖਿੱਚ ਕੇ ਬੰਦਾ ਸਿੰਘ ਬਹਾਦੁਰ ਕੋਲ ਲੈ ਗਏ ਜਿਸ ਨੇ ਉਸ ਨੂੰ ਇਕ ਜੰਡ ਨਾਲ ਪੁੱਠਾ ਟੰਗਾ ਦਿੱਤਾ (ਜੋ ਮੈਂ ਜੰਡ ਅੱਖੀਂ ਦੇਖਿਆ ਹੈ)। ਮੁਗਲ ਫੌਜ ਜਾਨ ਬਚਾਉਣ ਲਈ ਭੱਜ ਉਠੀ, ਪਰ ਸਿੰਘਾਂ ਨੇ ਬਹੁਤ ਸਾਰੇ ਮੈਦਾਨ ਵਿਚ ਹੀ ਮੁਕਾ ਦਿੱਤੇ।
ਵਜ਼ੀਰ ਖਾਂ ਦੀ ਲੋਥ ਨੂੰ ਸਰਹਿੰਦ ਵੱਲ ਕੂਚ ਕਰਨ ਵੇਲੇ ਬਲਦਾਂ ਮਗਰ ਬੰਨ੍ਹ ਕੇ ਸਰਹਿੰਦ ਤਕ ਘੜੀਸਿਆ। ਵਜ਼ੀਰ ਖਾਂ ਦਾ ਪਰਿਵਾਰ ਜੰਗ ਤੋਂ ਪਹਿਲਾਂ ਹੀ ਦਿੱਲੀ ਭੱਜ ਗਿਆ ਸੀ। ਉਸ ਦਾ ਲੜਕਾ ਲੋਹਗੜ੍ਹ ਦੀ ਲੜਾਈ ਵਿਚ ਸਿੰਘਾਂ ਨੇ ਮਾਰ ਦਿੱਤਾ। 14 ਮਈ 1710 ਨੂੰ ਜੇਤੂ ਸਿੰਘ ਸਰਹਿੰਦ ਵਿਚ ਜਾ ਵੜੇ। ਸੁੱਚਾ ਨੰਦ ਸਿੰਘ ਨੂੰ ਘਰੋਂ ਜਾ ਦਬੋਚਿਆ। ਉਸ ਦੇ ਨੱਕ ਵਿਚ ਲੋਹੇ ਦਾ ਕੁੰਡਾ ਪਾ ਕੇ ਘਰ-ਘਰ ਘੁੰਮਾਇਆ ਅਤੇ ਫਿਰ ਜੁੱਤੀਆਂ ਮਾਰ-ਮਾਰ ਕੇ ਮਾਰ ਦਿੱਤਾ। ਉਸ ਦੇ ਪਰਿਵਾਰ ਨੂੰ ਦਰੱਖਤਾਂ ਨਾਲ ਟੰਗ ਦਿੱਤਾ।
 
Top