ਬਾਬਲੇ ਨੇ ਵਰ ਟੋਲ਼ਿਆ

ਪੰਜਾਬੀ ਸਭਿਆਚਾਰ ਵਿਚ ਧੀ ਦੇ ਵਿਆਹ ਨੂੰ ਪਵਿੱਤਰ ਕਾਰਜ ਮੰਨਿਆ ਜਾਂਦਾ ਹੈ। ਪਰੰਪਰਾ ਅਨੁਸਾਰ ਘਰ ਵਿਚ ਜਨਮ ਲੈਣ ਵਾਲੀ ਧੀ ਨੂੰ ਲੱਛਮੀ ਦਾ ਦਰਜਾ ਦਿੱਤਾ ਜਾਂਦਾ ਹੈ। ਲੱਛਮੀ ਭਾਵ ਮਾਇਆ ਦੀ ਦੇਵੀ। ਵਿਦਵਾਨ ਲਿਖਦੇ ਹਨ ਕਿ ਧੀ ਨੂੰ ਇਸ ਲਕਬ ਦੀ ਪ੍ਰਾਪਤੀ ਇਸ ਲਈ ਹੋਈ ਕਿਉਂਕਿ ਉਸ ਨੇ ਸੰਸਾਰ ਨੂੰ ਅੱਗੇ ਵਧਾਉਣਾ ਹੁੰਦਾ ਹੈ। ਉਹ ਮਾਂ ਬਣ ਕੇ ਸੰਸਾਰ ਰੂਪੀ ਮਾਇਆ ਭਾਵ ਧੀਆਂ-ਪੁੱਤਰਾਂ ਨੂੰ ਜਨਮ ਦੇ ਕੇ ਪਸਾਰਾ ਪਸਾਰਦੀ ਹੈ। ਇਸ ਸੰਸਾਰਕ ਪਸਾਰੇ ਦੀ ਰੀਤ ਅਨੁਸਾਰ ਹੀ ਹਰ ਬਾਬਲ ਆਪਣੀ ਧੀ ਲਈ ਵਰ ਲੱਭਦਾ ਹੈ ਅਤੇ ਆਪਣੇ ਵੱਲੋਂ ਸਹੇੜੇ ਭਾਵ ਪਸੰਦ ਕੀਤੇ ਵਰ ਨਾਲ ਉਸ ਦੀਆਂ ਲਾਵਾਂ ਪੜ੍ਹਾ ਕੇ ਉਸ ਨੂੰ ਸ਼ਗਨਾਂ ਨਾਲ ਕਿਸੇ ਅਣਡਿੱਠ ਪਰਾਏ ਸਥਾਨ ਲਈ ਡੋਲੀ ਵਿਚ ਪਾ ਕੇ ਵਿਦਾ ਕਰਦਾ ਹੈ। ਬਾਬਲ ਵੱਲੋਂ ਹੱਥੀਂ ਵਿਆਹ ਦਾ ਕਾਜ ਰਚਾ ਕੇ ਤੋਰੀ ਗਈ ਹਰ ਧੀ ਦੂਸਰੇ ਘਰ ਜਾ ਕੇ ਰਾਣੀ ਬਣਦੀ ਹੈ ਕਿਉਂਕਿ ਹਰ ਬਾਬਲ ਆਪਣੀ ਧੀ ਦੀਆਂ ਸੁੱਖ-ਸਹੂਲਤਾਂ ਨੂੰ ਧਿਆਨ ਵਿਚ ਰੱਖ ਕੇ ਰਾਜਿਆਂ ਜਿਹਾ ਵਰ ਟੋਲ੍ਹਦਾ ਹੈ। ਕੋਈ ਸਮਾਂ ਸੀ ਜਦੋਂ ਸਮਾਜ ਵਿਚ ਧੀ ਦਾ ਵਰ ਢੁੰਡਣ ਲਈ ਵਿਚੋਲੇ ਦੀ ਮਦਦ ਲਈ ਜਾਂਦੀ ਸੀ ਪ੍ਰੰਤੂ ਅੱਜ ਦੇ ਪੂੰਜੀਵਾਦੀ ਯੁੱਗ ਵਿਚ ਵਿਚੋਲੇ ਦਾ ਕੰਮ ਅਖਬਾਰਾਂ ਕਰ ਰਹੀਆਂ ਹਨ। ਫਿਰ ਵੀ ਜਦੋਂ ਆਪਣੇ ਵੱਲੋਂ ਵਿਚੋਲੇ ਜਾਂ ਅਖਬਾਰਾਂ ਰਾਹੀਂ ਧੀ ਲਈ ਲੱਭੇ ਵਰ ਦਾ ਬਰਾਤ ਦੇ ਰੂਪ ਵਿਚ ਸਵਾਗਤ ਕੀਤਾ ਜਾਂਦਾ ਹੈ ਤਾਂ ਇਨ੍ਹਾਂ ਸ਼ਬਦਾਂ ਦਾ ਗਾਇਨ ਕਰਕੇ ਸੁਆਗਤ ਕੀਤਾ ਜਾਂਦਾ ਹੈ।
ਇਕ ਸਾਜਨ ਲੱਭਾ ਜੀ ਸਾਰਾ ਜੱਗ ਢੂੰਡ ਕੇ
ਪਰੰਪਰਾ ਅਨੁਸਾਰ ਇਕ ਬਾਬਲ ਆਪਣੀ ਧੀ ਲਈ ਸੰਸਾਰ ਵਿਚੋਂ ਸਭ ਤੋਂ ਸੋਹਣਾ ਤੇ ਲਾਈਕ ਵਰ ਲੱਭਦਾ ਹੈ ਤਾਂ ਜੋ ਉਸ ਦੀ ਰਾਣੀ ਧੀ ਉਸ ਨੂੰ ਕੋਈ ਉਲਾਂਭਾ ਨਾ ਦੇ ਸਕੇ। ਪ੍ਰੰਤੂ ਪੰਜਾਬੀ ਲੋਕ ਸਾਹਿਤ ਵਿਚ ਬਾਬਲ ਵੱਲੋਂ ਲੱਖ ਯਤਨਾਂ ਨਾਲ ਲੱਭੇ ‘ਵਰ’ ਨੂੰ ਵੀ ਕਈ ਵਾਰ ਧੀਆਂ ਪਸੰਦ ਨਹੀਂ ਰੱਖਦੀਆਂ।
ਬਾਬਲੇ ਨੇ ਵਰ ਟੋਲਿਆ
ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ’

ਇਕ ਲੰਮੀ ਧੀ ਆਪਣੇ ਲਈ ਕੱਦ ਵਿਚ ਛੋਟਾ ਵਰ ਦੇਖ ਕੇ ਸਹਿਜ ਸੁਭਾਅ ਇਹ ਬੋਲ ਬੋਲਦੀ ਹੈ। ਇਹੀ ਨਹੀਂ ਰੰਗ ਦੀ ਸਾਫ ਭਾਵ ਗੋਰੀ ਧੀ ਬਾਬਲ ਵੱਲੋਂ ਸਹੇੜੇ ਕਾਲੇ ਰੰਗ ਦੇ ਵਰ ਨੂੰ ਦੇਖ ਕੇ ਕਹਿ ਉੱਠਦੀ ਹੈ।
ਬਾਬਲੇ ਨੇ ਵਰ ਟੋਲ੍ਹਿਆ,
ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ।

ਜਿਸ ਸਮੇਂ ਵਿਚ ਧੀ ਵੱਲੋਂ ਬਾਬਲ ਦੇ ਲੱਭੇ ਉਸ ਲਈ ਵਰ ਬਾਰੇ ਇਹ ਲੋਕ ਬੋਲੀਆਂ ਗਿੱਧੀਆਂ ਦੇ ਪਿੜ ਵਿਚ ਹੋਂਦ ਵਿਚ ਆਈਆਂ, ਉਸ ਸਮੇਂ ਧੀਆਂ ਨੂੰ ਪੜ੍ਹਾਇਆ ਨਹੀਂ ਜਾਂਦਾ ਸੀ। ਉਹ ਜੰਮਦੀਆਂ ਹੀ ਬਾਬਲ ਦੀ ਸਰਪ੍ਰਸਤੀ ਹੇਠ ਆਪਣੀ ਭਾਈਆਂ ਦੀ ਨਿਗਰਾਨੀ ਵਿਚ ਪਲਦੀਆਂ ਅਤੇ ਉਨ੍ਹਾਂ ਨੂੰ ਬਿਨਾਂ ਦੱਸੇ ਪੁੱਛੇ ਤੋਂ ਦਿਖਾਏ ਵਰਾਂ ਨਾਲ ਡੋਲੀ ਵਿਚ ਪਾ ਕੇ ਪਰਾਏ ਦੇਸ਼ ਜਾਂ ਘਰਾਂ ਨੂੰ ਤੋਰ ਦਿੱਤੀਆਂ ਜਾਂਦੀਆਂ। ਇਸ ਲਈ ਲੋਕ ਸਾਹਿਤ ਵਿਚ ਧੀ ਆਪਣੇ ਹਾਣ ਦੇ ਵਰ ਦੀ ਮੰਗ ਕਰਦੀ ਆਪਣੇ ਸਹੁਰੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਵੀ ਧਿਆਨ ਹਿਤ ਰੱਖਣ ਦੀ ਬਾਤ ਲੋਕ ਬੋਲੀਆਂ ਵਿਚ ਪਾਉਂਦੀ ਹੈ।
ਪੱਕਾ ਘਰ ਲੱਭੀਂ ਬਾਬਲਾ
ਜਿੱਥੇ ਲਿੱਪਣੇ ਨਾ ਪੈਣ ਬਨੇਰੇ।

ਅਜੇ ਕੁਝ ਦਹਾਕੇ ਪਹਿਲਾਂ ਦੀ ਗੱਲ ਹੈ ਕਿ ਇਕ ਧੀ ਲਈ ਪਰੰਪਰਾਗਤ ਢੰਗ ਨਾਲ ਵਰ-ਘਰ ਲੱਭੇ ਜਾਂਦੇ ਸਨ। ਵਿਆਹ ਦੀਆਂ ਰਸਮਾਂ ਮੌਕੇ ਧੀ ਨੂੰ ਸਾਹੇ ਬੰਨ੍ਹਣ ਲਈ ਮਹਿੰਦੀ ਲਾਉਣ ਤੋਂ ਵਿਦਾਇਗੀ ਲਈ ਡੋਲੀ ਵਿਚ ਪਾਉਣ ਤੱਕ ਸਾਰੇ ਕਾਰਜਾਂ ਵਿਚ ਕਦੇ ਵੀ ਧੀ ਦੀ ਰਾਇ ਨਹੀਂ ਲਈ ਜਾਂਦੀ ਸੀ। ਅਨਪੜ੍ਹ ਜਾਂ ਫਿਰ ਘੱਟ- ਪੜ੍ਹੇ-ਲਿਖੇ ਰਵਾਇਤੀ ਸਮਾਜ ਵਿਚ ਭੋਲੀ-ਭਾਲੀ ਧੀ ਨੂੰ ਆਪਣੇ ਵਿਆਹ ਸਮੇਂ ਦਿੱਤੀਆਂ ਜਾਣ ਵਾਲੀਆਂ ਵਸਤਾਂ ਜਿਵੇਂ ਕਿ ਖੇਸ, ਵਿਛਾਉਣੇ, ਤਲਾਈਆਂ, ਰਜਾਈਆਂ, ਸਿਰਾਣੇ, ਝੋਲੇ, ਨਾਲੇ, ਇੰਨੂੰ, ਬੋਹੀਏ, ਛਾਬੇ, ਟੋਕਰੀਆਂ ਇਥੋਂ ਤੱਕ ਕਿ ਚੁੰਨੀਆਂ ਨੂੰ ਗੋਟੇ ਅਤੇ ਫੁੱਲ ਬੂਟੀਆਂ ਪਾਉਣੀਆਂ ਤੇ ਰੁਮਾਲ ਆਪ ਕੱਢਣੇ ਪੈਂਦੇ ਸਨ। ਇਹੀ ਨਹੀਂ ਪਹਿਲਾਂ ਕਪਾਹ ਚੁਗਣੀ, ਬੁਲਾਉਣੀ, ਕਰਾਉਣੀ, ਪੂਣੀਆਂ ਵੱਟਣੀਆਂ, ਸੂਤ ਕੱਤਣਾ, ਰੰਗਣਾ ਤੇ ਫੇਰ ਦਰੀਆਂ ਬੁਣਨੀਆਂ ਆਦਿ ਭਾਵੇਂ ਇਕ ਧੀ ਗੀਟੇ ਖੇਡਣ ਦੀ ਉਮਰ ਤੋਂ ਲੈ ਕੇ ਭਰ ਜੁਆਨ ਵਰ ਪ੍ਰਾਪਤ ਹੋਣ ਤੱਕ ਆਪਣੇ ਸਹੁਰੇ ਘਰ ਆਪਣੇ ਨਾਲ ਲਿਜਾਣ ਵਾਲੇ ਸਾਰੇ ਸਮਾਨ ਨੂੰ ਆਪਣੇ ਹੱਥਾਂ ਨਾਲ ਹੀ ਤਿਆਰ ਕਰਦੀ ਸੀ ਪਿਛਲੇ ਸਮੇਂ ਤਾਂ ਰੰਗਲੀਆਂ ਪੱਖੀਆਂ, ਪੀੜੇ-ਪੀੜੀਆਂ ਅਤੇ ਪਲੰਘ ਵੀ ਸੂਤ ਰੰਗ ਕੇ ਧੀਆਂ ਆਪ ਹੀ ਬੁਣਦੀਆਂ ਸਨ। ਬਾਬਲ ਦੇ ਘਰ ਵਿਚ ਰਹਿੰਦਿਆਂ ਧੀਆਂ ਵੱਲੋਂ ਕੀਤਾ ਇਹ ਰਚਨਾਤਮਿਕ ਕਾਰਜ ਉਸ ਦੇ ਸੁਹੁਨਰੀ ਹੋਣ ਅਤੇ ਸੁਘੜ-ਸਿਆਣਪ ਨੂੰ ਪ੍ਰਗਟ ਕਰਦਾ ਸੀ। ਜਦੋਂ ਵਿਆਹ ਕੇ ਗਈ ਧੀ ਵੱਲੋਂ ਸਹੁਰੇ ਘਰ ਜਾ ਕੇ ਆਪਣੇ ਵੱਲੋਂ ਆਪਣੇ ਹੱਥੀਂ ਬਣਾ ਕੇ ਲਿਆਂਦੀਆਂ ਗਈਆਂ ਨਿੱਤ ਵਰਤੋਂ ਦੀਆਂ ਵਸਤਾਂ ਦੀ ਵੇਖ-ਵਿਖਾਈ ਕੀਤੀ ਜਾਂਦੀ ਤਾਂ ਉਸ ਦੇ ਕਲਾਵੰਤ ਤੇ ਅਕਲਮੰਦ ਹੋਣ ਦੀਆਂ ਸ਼ਿਫਤਾਂ ਘਰ-ਘਰ ਤੁਰ ਪੈਂਦੀਆਂ। ਇਹ ਲੋਕ ਬੋਲੀ ਵੀ ਕਿਸੇ ਕਲਾਵੰਤ ਧੀ ਦੇ ਬੋਲ ਜਾਪਦੇ ਹਨ।
ਰੂਪ ਨਾ ਦੇਖੀ, ਰੰਗ ਨਾ ਦੇਖੀਂ
ਢੋਲਣਾ, ਨਖਰਾ ਗੋਰੀ ਦਾ ਨਾ ਦੇਖ,
ਤੇਰੇ ਬਣੂੰਗੀ ਬਰਕਤ ਘਰ ਦੀ ਮੈਂ,
ਮੇਰੇ ਮੱਥੇ ਵੰਨੀ ਦੇਖ।

ਇਸ ਲਈ ਔਰਤ ਬਾਰੇ ਸਿਆਣਿਆਂ ਬਜ਼ੁਰਗਾਂ ਦਾ ਕਥਨ ਹੈ ਕਿ ਬੁਰੀ ’ਤੇ ਆਈ ਔਰਤ ਸੂਈ ਦੇ ਨੱਕੇ ਨਾਲ ਹੀ ਘਰ ਨੂੰ ਪੁੱਟ ਦਿੰਦੀ ਹੈ ਪ੍ਰੰਤੂ ਬੰਦਾ ਜੇਕਰ ਤੰਗਲੀਆਂ ਨਾਲ ਵੀ ਘਰ ਦੀ ਦੌਲਤ ਉਡਾਉਣ ਲੱਗੇ ਉਹ ਤਾਂ ਵੀ ਨਹੀਂ ਮੁੱਕਦੀ। ਇਹ ਵੀ ਕਿਹਾ ਗਿਆ ਹੈ ਕਿ ਔਰਤ ਘਰ ਦਾ ਬਾਨਣੂੰ ਹੁੰਦੀ ਹੈ। ਉਸ ਦੇ ਮਸਤਕ ਦੀ ਸੁਲੱਖਣੀ ਜੋਤ ਤੇ ਹੱਥਾਂ ਦੀ ਬਰਕਤ ਘਰ ਨੂੰ ਸਵਰਗ ਬਣਾ ਦਿੰਦੀ ਹੈ। ਇਕ ਲੋਕ ਬੋਲੀ ਵਿਚ ਦਰਜ ਹੈ।
ਤੂੰਬਾ ਨਾ ਵੱਜਦਾ ਤਾਰ ਬਿਨਾਂ,
ਘਰ ਨਾ ਸੋਂਹਦਾ ਨਾਰ ਬਿਨਾਂ।

ਇਕ ਸੋਹਣਾ ਸਵਰਗ ਜਿਹਾ ਘਰ ਬਣਾਉਣ ਲਈ ਹੀ ਸਮਾਜ ਵਿਚ ਵਿਵਾਹ ਦੀ ਰੀਤ ਹੈ। ਆਪਣੀਆਂ ਹੋਣ ਪਰਾਈਆਂ ਤੇ ਪਰਾਈਆਂ ਅਸੀਂ ਅਪਣਾਈਆਂ। ਇਸ ਲਈ ਰਾਜੇ ਵੀ ਧੀਆਂ ਨੂੰ ਘਰ ਨਹੀਂ ਰੱਖ ਸਕੇ। ਉਨ੍ਹਾਂ ਨੇ ਵੀ ਧੀਆਂ ਦੇ ਸੁਅੰਬਰ ਰਚਾਏ। ਭਾਵੇਂ ਕਿ ਹਰ ਧੀ ਨੂੰ ਤੋਰਨ ਲੱਗਿਆਂ ਬਾਬਲ ਰੋਂਦਾ ਹੈ। ਇਸ ਲਈ ਧੀ, ਮਾਂ ਅੱਗੇ ਪੁਕਾਰ ਕਰਦੀ ਹੈ।
ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਏਂ,
ਰਹਾਂ ਬਾਬਲ ਦੀ ਬਣ ਕੇ ਗੋਲੀ ਨੀ ਮਾਏ

ਅਜੋਕੇ ਪੂੰਜੀਵਾਦੀ ਯੁੱਗ਼ ਵਿਚ ਸਮੇਂ ਨੇ ਅਜਿਹੀ ਕਰਵਟ ਲਈ ਹੈ ਕਿ ਪਰੰਪਰਾਗਤ ਰੀਤਾਂ ਸਮਾਪਤ ਹੋ ਰਹੀਆਂ ਹਨ। ਵਿਆਹ ਲਈ ਵਿਚੋਲੇ ਦੀ ਲੋੜ ਨਹੀਂ ਰਹੀ। ਇਹ ਕਾਰਜ ਅਖਬਾਰ ਕਰਦਾ ਹੈ ਜਾਂ ਫਿਰ ਧੀਆਂ ਆਪਣੀ ਪਸੰਦ ਦਾ ਵਰ ਆਪ ਹੀ ਚੁਣ ਲੈਂਦੀਆਂ ਹਨ। ਮਾਪੇ ਉਸ ਦੇ ਵਿਆਹ ਦਾ ਪ੍ਰਬੰਧ ਕਰਦੇ ਹਨ। ਆਪੇ ਚੁਣਿਆ ਵਰ ਕਾਲਾ ਹੋਵੇ ਜਾਂ ਮਧਰਾ ਜਾਂ ਫਿਰ ਉਸ ਦੀ ਆਰਥਿਕ ਸਥਿਤੀ ਜਿਹੋ ਜਿਹੀ ਵੀ ਹੋਵੇ, ਉਸ ਲਈ ਉਹ ਆਪ ਹੀ ਜ਼ਿੰਮੇਵਾਰ ਹੁੰਦੀ ਹੈ। ਇਨ੍ਹਾਂ ਪਿਆਰ-ਵਿਆਹਾਂ ਨਾਲ ਇਕਹਿਰੀ ਪਰਿਵਾਰ ਪ੍ਰਣਾਲੀ ਵਿਕਸਿਤ ਹੋ ਰਹੀ ਹੈ। ਇਨ੍ਹਾਂ ਵਿਆਹਾਂ ਦੀਆਂ ਸਮੱਸਿਆਵਾਂ ਨਿੱਤ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਇਨ੍ਹਾਂ ਤੋਂ ਸਪਸ਼ਟ ਹੁੰਦਾ ਹੈ ਕਿ ਪ੍ਰਚੀਨ ਪਰੰਪਰਾਗਤ ਵਿਆਹ ਪ੍ਰਣਾਲੀਆਂ ਤੋਂ ਉਨ੍ਹਾਂ ਦੀਆਂ ਰੀਤਾਂ ਜੋ ਸਮਾਜਿਕ ਵਿਆਹ ਪ੍ਰਬੰਧ ਲਈ ਪਰਖ-ਪੜਚੋਲ ਤੋਂ ਬਾਅਦ ਸਥਾਪਤ ਹੋਈਆਂ ਸਨ, ਪੂਰਨ ਰੂਪ ਵਿਚ ਲਾਹੇਵੰਦ ਤੇ ਚਿਰਸਥਾਈ ਹਨ। ਇਸ ਕਰਕੇ ਵਿਦੇਸ਼ਾਂ ਵਿਚ ਲੋਕ ਭਾਰਤੀ ਵਿਆਹ ਪ੍ਰਬੰਧਾਂ ਜਾਂ ਰੀਤੀ ਰਿਵਾਜ਼ਾਂ ਨੂੰ ਤਰਜੀਹ ਦੇਣ ਦੀ ਹਾਮੀ ਭਰਦੇ ਹੋਏ ਅਜਿਹੇ ਵਿਆਹ ਰਚਾ ਰਹੇ ਹਨ। ਕੋਈ ਸਮਾਂ ਸੀ ਜਦੋਂ ਸਾਡੀ ਪਰੰਪਰਾਗਤ ਵਿਆਹ ਪ੍ਰਣਾਲੀ ਕਾਰਨ ਲੋਕ ਸਾਹਿਤ ਵਿਚ ਅਜਿਹੀਆਂ ਲੋਕ ਬੋਲੀਆਂ ਵੀ ਦਰਜ ਹੋ ਗਈਆਂ।
ਬਾਬਲ ਮੇਰੇ ਕਾਜ ਰਚਾਇਆ,
ਵੀਰਾਂ ਤੋਰੀ ਡੋਲੀ,
ਡੋਲੀ ਵਿਚ ਮੈਂ ਗੀਟੇ ਖੇਡਾਂ, ਭੋਲੀ ਜਿਹੀ ਮਮੋਲੀ।
ਆ ਕੇ ਲੈ ਜਾ ਵੀਰਨਾ, ਮੈਂ ਨਾ ਸੱਸੜੀ ਦੀ ਗੋਲੀ।
ਆ ਕੇ ਲੈ ਜਾ ਵੀਰਨਾ….

ਅੱਜ ਅਜਿਹਾ ਕੁਝ ਨਹੀਂ ਹੈ। ਕਾਨੂੰਨ ਅਨੁਸਾਰ ਵਿਆਹ ਦੀ ਉਮਰ ਮਿਥੀ ਹੋਈ ਹੈ। ਧੀਆਂ ਦੇ ਹੱਕਾਂ ਲਈ ਕਈ ਕਾਨੂੰਨ ਹਨ। ਧੀ ਦਾ ਬਾਬਲ ਸਦਾ ਹੀ ਉਸ ਦੀ ਸੁੱਖ ਲੋੜਦਾ ਹੈ। ਉਸ ਨੂੰ ਫੁੱਲ-ਕਲੀਆਂ ਦੀ ਤਰ੍ਹਾਂ ਪਾਲਦਾ ਹੈ। ਉਸ ਨੂੰ ਪੜ੍ਹਾ ਕੇ, ਪੈਰਾਂ ’ਤੇ ਖੜ੍ਹਨ ਯੋਗ ਬਣਾ ਕੇ ਉਸ ਦਾ ਕਾਜ ਰਚਾਉਣ ਦੀ ਗੱਲ ਤੋਰਦਾ ਹੈ। ਉਹ ਸਦਾ ਹੀ ਅਜਿਹਾ ਵਰ ਘਰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਜਿਸ ਵੱਲੋਂ ਉਸ ਨੂੰ ਸਦਾ ਹੀ ਠੰਢੀ ਹਵਾ ਭਾਵ ਸੁਖ ਦੀ ਵਾਅ ਆਵੇ। ਇਕ ਧੀ ਦੇ ਬਾਬਲ ਦੀਆਂ ਭਾਵਨਾਵਾਂ ਨੂੰ ਲੋਕ ਗੀਤਾਂ ਵਿਚ ਇੰਜ ਗਾਇਆ ਗਿਆ ਹੈ।
ਚੰਦ ਸੂਰਜ ਵਰ ਟੋਲ੍ਹਾ ਨੀ ਧੀਏ,
ਤੂੰ ਪੱਟ ਹੰਢਾਵੇ ਵਰੀਆਂ
ਵਾਅ ਸੁੱਖ ਦੀ ਤੇਰੇ ਵੱਲੋਂ ਸਦਾ ਹੀ ਆਵੇ
ਮੇਰੇ ਮਨ ਦੀਆਂ ਵੇਲਾਂ ਹੋਵਣ ਹਰੀਆਂ।

ਬਾਬਲ ਵਰ ਢੂੰਡਦਾ ਹੈ। ਕਾਜ ਰਚਾਉਂਦਾ ਹੈ। ਉਸ ਦੇ ਘਰ ਦੀਆਂ ਚਾਰੇ ਕੰਧਾਂ ਹਿਲ ਜਾਂਦੀਆਂ ਹਨ। ਧੀ ਦੀ ਰਾਣੀ ਮਾਂ ਇਨ੍ਹਾਂ ਹਿਲਦੀਆਂ ਕੰਧਾਂ ਦੀ ਸਾਖੀ ਹੁੰਦੀ ਹੈ। ਹਰ ਬਾਬ, ਵੀਰ ਤੇ ਮਾਂ ਜਦੋਂ ਆਪਣੇ ਕਾਲਜੇ ਦੇ ਟੁਕੜੇ ਨੂੰ ਸ਼ਗਨਾਂ ਨਾਲ ਘਰੋਂ ਤੋਰਦਾ ਹੈ ਤਾਂ ਉਨ੍ਹਾਂ ਭਾਵਨਾਵਾਂ ਨੂੰ ਲੋਕ ਗੀਤ ਹੀ ਬਿਆਨ ਕਰ ਸਕਦੇ ਹਨ।
ਬਾਬਲ ਤੋਰੀ ਲਾਡੋ,
ਮੈਂ ਤੁਰੀ ਤੈਂ ਹੱਥਾਂ ਨਾਲ ਤੋਰੀ ਵੇ।
ਬੂਹੇ ਖੜ੍ਹੀਆਂ ਭੈਣਾਂ ਤੇ ਸਖੀਆਂ ਰੋਵਣ,
ਮਾਂ ਅੱਖਾਂ ਪੂੰਝੇ ਚੋਰੀ ਵੇ।
ਵੀਰ ਡੋਲੀ ਨੂੰ ਤੋਰਦੇ ਹੁਬਕੀਂ ਰੋਂਦੇ,
ਭਾਬੀਆਂ ਰੋਵਣ ਜ਼ੋਰੋ-ਜ਼ੋਰੀ ਵੇ।
 
Top