Is white marble better than Nanakshai bricks?

pps309

Prime VIP
ਕੀ ਚਿੱਟਾ ਸੰਗਮਰਮਰ ਨਾਨਕਸ਼ਾਹੀ ਇੱਟਾਂ ਤੋਂ ਵੱਧ ਕੀਮਤੀ ਹੈ?
“ਜੇ ਤੁਸੀਂ ਬੀਤੇ ’ਤੇ ਪਿਸਤੌਲ ਨਾਲ ਗੋਲੀ ਚਲਾਉਂਗੇ
ਤਾਂ ਭਵਿਖ ਤੁਹਾਨੂੰ ਤੋਪ ਨਾਲ ਫੁੰਡੇਗਾ”
ਇਤਿਹਾਸ ਕੌਮਾਂ ਦੀ ਜਿੰਦ ਜਾਨ ਹੋਇਆ ਕਰਦੇ ਹਨ। ਇਤਿਹਾਸ ਤੋਂ ਸੱਖਣੀਆਂ ਕੌਮਾਂ ਲਈ ਆਪਣੀ ਹੋਂਦ ਕਾਇਮ ਰੱਖਣੀ ਅਸੰਭਵ ਹੁੰਦੀ ਹੈ। ਦੁਨੀਆਂ ਵਿਚ ਨਾਮ ਰੱਖਣ ਵਾਲੀਆਂ ਕੌਮਾਂ ਹਮੇਸ਼ਾਂ ਆਪਣੇ ਇਤਿਹਾਸ ਤੋਂ ਸੇਧ ਲੈਂਦੀਆਂ ਰਹੀਆਂ ਹਨ। ਰੂਸ ਦੇ ਨਾਮਵਰ ਲੇਖਕ ਰਸੂਲ ਹਮਜਾਤੋਵ ਨੇ ਆਪਣੀ ਸ਼ਾਹਕਾਰ ਰਚਨਾ ‘ਮੇਰਾ ਦਾਗਿਸਤਾਨ’ ਵਿਚ ਮਹਾਨ ਰੂਸੀ ਕਵੀ ਅਬੂਤਾਲਿਬ ਦੀਆਂ ਕੁਝ ਸਤਰਾਂ ਸ਼ਾਮਿਲ ਕੀਤੀਆਂ ਹਨ, ਉਹਨਾਂ ਵਿਚੋਂ ਜੋ ਮੇਰੇ ਮਨ ਨੂੰ ਸਭ ਤੋਂ ਵੱਧ ਭਾਈਆਂ, ਉਹ ਹਨ,
“ਜੇ ਤੁਸੀਂ ਬੀਤੇ ’ਤੇ ਪਿਸਤੌਲ ਨਾਲ ਗੋਲੀ ਚਲਾਉਂਗੇ
ਤਾਂ ਭਵਿਖ ਤੁਹਾਨੂੰ ਤੋਪ ਨਾਲ ਫੁੰਡੇਗਾ”
ਅਰਥ ਸਪੱਸ਼ਟ ਹਨ ਕਿ ਇਤਿਹਾਸ ਨੂੰ ਭੁੱਲ ਜਾਣ ਵਾਲਿਆਂ ਨੂੰ ਭਵਿਖ ਵਿਚ ਕੋਈ ਥਾਂ ਨਹੀਂ ਮਿਲਦੀ ਤੇ ਜਿਹੜੀ ਕੌਮ ਆਪਣੀਆਂ ਇਤਿਹਾਸਕ ਨਿਸ਼ਾਨੀਆਂ ਨੂੰ ਆਪ ਹੀ ਖਤਮ ਕਰ ਰਹੀ ਹੋਵੇ ਜਾਂ ਕਿ ਲਉ ਨਸ਼ਟ ਕਰ ਰਹੀ ਹੋਵੇ ਉਸ ਨੂੰ ਤੁਸੀਂ ਕੀ ਕਹੋਗੇ? ਇਹ ਤਾਂ ਸਪੱਸ਼ਟ ਹੈ ਕਿ ਐਸੀ ਕੌਮ ਬਹੁਤੀ ਦੇਰ ਤੱਕ ਜਿਊਂਦੀ ਨਹੀਂ ਰਹਿ ਸਕਦੀ, ਉਹ ਤਾਂ ਗਈ………….
ਤੇ ਕੀ ਅਸੀਂ ਉਜਾੜੀ ਗਈ ਗੁਰੂ ਮਾਰੀ ਸਰਹੰਦ ਦੀਆਂ ਖਿੱਲਰੀਆਂ ਇੱਟਾਂ, ਮਾਸੂਮ ਬੱਚਿਆਂ ਦੀ ਕਾਤਲ ਖ਼ੂਨੀ ਦੀਵਾਰ, ਬੇਬੇ ਨਾਨਕੀ ਦਾ ਘਰ, ਟੋਡਰ ਮੱਲ ਦੀ ਹਵੇਲੀ ਆਦਿ……… ਆਦਿ……….ਆਦਿ ਆਪਣੇ ਹੱਥੀਂ ਨਹੀਂ ਮੇਟੇ। ਕੀ ਚਿੱਟਾ ਸੰਗਮਰਮਰ ਨਾਨਕਸ਼ਾਹੀ ਇੱਟਾ ਤੋਂ ਵੱਧ ਕੀਮਤੀ ਹੈ।

ਪਰ ਜੇ ਤੁਸੀ ਏਥੇ ਵੀ ਰੁਕ ਜਾਂਦੇ ਤਾਂ ਭਲੀ ਸੀ ਪਰ ਤੁਸੀਂ ਤਾਂ ਰੁਕੇ ਹੀ ਨਹੀਂ। ਅਗਲਿਆਂ ਨੇ ਜਲ੍ਹਿਆਂ ਵਾਲੇ ਬਾਗ ਵਿਚ ਚੱਲੀਆਂ ਗੋਲੀਆਂ ਦੇ ਨਿਸ਼ਾਨ ਅਜੇ ਤੱਕ ਸਾਂਭ ਕੇ ਰੱਖੇ ਹਨ। ਲੋਹੇ ਵਿਚ ਮੜਾ ਕੇ ………. ਕੀ ਤੁਸੀਂ ਨਹੀਂ ਵੇਖੇ……… ਜਲਿਆਂ ਵਾਲਾ ਬਾਗ ਤੁਹਾਥੋਂ ਬਹੁਤੀ ਦੂਰ ਨਹੀਂ, ਕੁਝ ਕੂ ਫਰਲਾਂਗ ’ਤੇ ਹੀ ਐ …….। ਅੱਜ ਵੀ ਨੌਜਵਾਨ ਉਹਨਾਂ ‘ਕੁਝ ਕੁ’ ਨਿਸ਼ਾਨਾਂ ਨੂੰ ਦੇਖ ਕੇ ਗੋਰਿਆਂ ਤੇ ਡਾਇਰ ਵਰਗੇ ਪਾਪੀਆਂ ਨੂੰ ਗਾਲ੍ਹਾਂ ਕੱਢਦੇ ਹਨ। ਐਵੇਂ ਨੀ ਪੀਤੀ ’ਚ ਸਾਡੇ ਲੋਕ ਗਾਉਂਦੇ ………
“ਅੱਗ ਲਾ ਕੇ ਫੂਕ ਦੂ ਲੰਡਨ ਸ਼ਹਿਰ ਨੂੰ…….”
ਇਹ ਇਤਿਹਾਸ ਸਾਂਭੇ ਹੋਣ ਕਰਕੇ ਹੀ ਐ, ਕੀ ਕਦੇ ਕਿਸੇ ਨੇ ਹੁਣ ਗਾਇਐ, ਬਈ
“ਢਾਹਵਾਂ ਦਿੱਲੀ ਦੇ ਕਿੰਗਰੇ……..”
ਦਿੱਲੀ ਨਾਲੋਂ ਵੱਧ ਧ੍ਰੋਹ ਤਾਂ ਅੱਜ ਤੱਕ ਸਾਡੇ ਨਾਲ ਕਿਸੇ ਨੇ ਨਹੀਂ ਕਮਾਇਆ। ਫਿਰ ਵੀ ਕੀ ਕਾਰਨ ਐਂ ਕਿ ਅੱਜ ਤੱਕ ਅਸੀਂ ਦਿੱਲੀ ਨੂੰ ਉਨੀ ਨਫਰਤ ਨਹੀਂ ਕਰਦੇ, ਜਿੰਨੀ ਕਦੇ ਲੰਦਨ ਨੂੰ ਕਰਦੇ ਸਾਂ।
ਕਾਰਨ ਸਾਫ ਨੇ। ਤੁਸੀਂ ਉਹਨਾਂ ਦੇ ਦਿੱਤੇ ਸਾਰੇ ਫੱਟ ਪੱਟੀਆਂ ਨਾਲ ਢਕ ਦਿੱਤੇ ਨੇ। ਕਿਉਂਕਿ ਅਗਲੇ ਜਾਣਦੇ ਸਨ ਕਿ ਜਦ ਤੱਕ ਇਹਨਾਂ ਨੂੰ ਰਿਸਦਾ ਖੂਨ ਦਿਸਦਾ ਰਹੇਗਾ, ਇਹਨਾਂ ਦਾ ਗੁੱਸਾ ਸ਼ਾਂਤ ਨਹੀਂ ਹੋਣਾ। ਚਲੋ ਮੰਨ ਲਿਆ ਕਿ ਢੱਠਿਆ ਅਕਾਲ ਤਖਤ ਤਾਂ ਅਗਲਿਆਂ ਨੇ ਜਲਦੀ-ਜਲਦੀ ਲਿੱਪ ਪੋਚ ਦਿੱਤਾ ਸੀ, ਪਰ ਇੱਕਲੇ ਅਕਾਲ ਤਖਤ ਸਾਹਿਬ ਦਾ ਹੀ ਤਾਂ ਨੁਕਸਾਨ ਨਹੀਂ ਹੋਇਆ ਸੀ। ਕੀ ਦੋਵੇ ਬੁੰਗੇ (ਰਾਮਗੜੀਆਂ ਤੇ ਸ਼ੁਕਰਚੱਕੀਆਂ) ਵੀ ਸਰਕਾਰ ਨੇ ਬਣਵਾਏ ਸਨ। ਨਹੀਂ……. ਤੁਸੀਂ ਖੁਦ ਹੀ ਗੋਲੀਆਂ ਦੇ ਨਿਸ਼ਾਨ ਬਾਕੀ ਨਹੀਂ ਰਹਿਣ ਦੇਣਾ ਚਾਹੁੰਦੇ ਸੀ, ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ? ਕੀ ਇਹ ਸੱਚ ਨਹੀਂ ਕਿ ਦਰਬਾਰ ਸਾਹਿਬ ਨੂੰ ਲੱਗੀਆਂ 300 ਤੋਂ ਵੀ ਵੱਧ ਗੋਲੀਆਂ ਦੇ ਨਿਸ਼ਾਨ ਮਿਟਾਉਣ ਲਈ ਜਿਹੜੇ ਇੰਗਲੈਂਡ ਦੇ ਕਿਸੇ ਗੁਰਦੁਆਰੇ ਨੇ ਸੋਨਾ ਦਾਨ ਦਿੱਤਾ ਸੀ ਉਹਨਾਂ ਦੇ ਆਰ. ਐਸ. ਐਸ. ਨਾਲ ਭਰਾਵਾਂ ਵਾਲੇ ਸੰਬੰਧ ਸਨ। ਕੀ ਮੀਰੀ-ਪੀਰੀ ਦੇ ਦੋਹੇਂ ਨਿਸ਼ਾਨ ਸਾਹਿਬ ਵੀ ਇਸੇ ਲਈ ਨਹੀਂ ਬਦਲੇ ਗਏ ਕਿ ਉਹਨਾਂ ਉੱਤੇ ਵੀ ਗੋਲੀਆਂ ਦੇ ਨਿਸ਼ਾਨ ਮੌਜੂਦ ਸਨ? ਅਗਲਿਆਂ ਨੂੰ ਚੋਲ੍ਹੇ ਹੇਠਾਂ ਲੁਕੇ ਹੋਏ ਨਿਸ਼ਾਨ ਵੀ ਦਿਸਦੇ ਸਨ, ਇਸ ਲਈ ਉਹਨਾਂ ਨੇ ਇਹ ਤੁਹਾਡੇ ਰਾਹੀਂ ਮਿਟਵਾ ਦਿੱਤੇ।
ਕੀ ਤੁਹਾਡੇ ਵਿਚੋਂ ਕੋਈ ਦੱਸੇਗਾਂ ਕਿ ਦਰਬਾਰ ਸਾਹਿਬ ਦੀ ਪ੍ਰਕਰਮਾਂ ਨੂੰ ਕਿੱਥੋਂ ਤਰੇੜਾਂ ਪੈ ਗਈਆਂ ਸਨ ਜਾ ਕਿੱਥੋਂ ਉਹ ਪੁਰਾਣੀ ਹੋ ਗਈ ਸੀ ਜੋ ਸਾਰੀ ਤੋੜ ਕੇ ਦੁਬਾਰਾ ਬਣਵਾ ਰਹੇ ਹੋ। ਬਸ ਕਾਰਨ ਸਿਰਫ ਏਨਾ ਸੀ ਕਿ ਪ੍ਰਕਰਮਾਂ 84 ਦੇ ਜਖ਼ਮ ਅਜੇ ਤੱਕ ਸਾਂਭੀ ਬੈਠੀ ਸੀ, ਜਿਸ ਨੂੰ ਦੇਖ ਕੇ ਕਦੇ-ਕਦੇ ਸਿੱਖ ਬੱਚੇ ਵੱਡਿਆ ਨੂੰ ਪੁੱਛ ਲੈਂਦੇ ਸਨ ਕਿ “ਇਹ ਕਾਹਦੇ ਨਿਸ਼ਾਨ ਹਨ” ਤੇ ਜਦੋਂ ਅਗਲਾ ਦੱਸਦਾ ਸੀ ਕਿ “ਗੋਲੀਆਂ ਦੇ” ਤਾਂ ਝੱਟ ਬੱਚਿਆਂ ਨੂੰ ਸਾਰਾ 84 ਦਾ ਹਾਲ ਸੁਣਾਉਣਾ ਪੈਂਦਾ ਸੀ।
ਪ੍ਰਕਰਮਾਂ ਦੀ ‘ਸੋਧ’ ਤੋਂ ਬਾਅਦ ਹੁਣ ਤੁਸੀਂ ਮੰਜੀ ਸਾਹਿਬ ਦੀਵਾਨ ਹਾਲ, ਅਕਾਲ ਤਖ਼ਤ ਸਾਹਿਬ ਦੇ ਸੱਜੇ ਪਾਸੇ ਦੀ ਪੁਰਾਤਨ ਇਮਾਰਤ (ਜਿਧਰੋਂ ਸਿੰਘ ਸਾਹਿਬ ਦੇ ਘਰ ਨੂੰ ਜਾਈਦਾ ਹੈ), ਸਿੱਖ ਅਜਾਇਬ ਘਰ ਦੀਆਂ ਪੌੜੀਆਂ ਤੇ ਗੁਰੂ ਰਾਮਦਾਸ ਲੰਗਰ ਹਾਲ ਵੱਲ ਆਉਂਗੇ, ਕਿਉਂਕਿ ਉੱਥੇ ਨਿਸ਼ਾਨ ਮੌਜੂਦ ਨੇ……. ਤੇ ਤੁਹਾਨੂੰ ਅਗਲੇ ਤਨਖਾਹ ਨਿਸ਼ਾਨ ਮਿਟਾਉਣ ਦੀ ਦਿੰਦੇ ਹਨ।
ਤੁਸੀਂ ਤਾਂ ਸੋਮਨਾਥ ਦੇ ਦਰਵਾਜੇ ਵੀ ਮੋੜਣ ਦੀ ਕੋਸ਼ਿਸ ਕੀਤੀ ਸੀ, ਕਿਉਂਕਿ ਆਪਣੇ ਆਕਾਵਾਂ ਨੂੰ ਖੁਸ਼ ਕਰਨ ਦਾ ਇਕ ਵੀ ਮੌਕਾ ਤੁਸੀਂ ਹੱਥੋਂ ਨਹੀਂ ਗਵਾਉਣ ਦੇਣਾ ਚਾਹੁੰਦੇ। ਤੁਹਾਨੂੰ ਸ਼ਾਇਦ ਨਹੀਂ ਪਤਾ ਕਿ ਸੋਮਨਾਥ ਦੇ ਦਰਵਾਜੇ ਆਪਣੇ ਅੰਦਰ ਕਿੰਨਾ ਇਤਿਹਾਸ ਸਮੋਈ ਬੈਠੇ ਹਨ, ‘ਉਹਨਾਂ ਦੀ ਬੁਜ਼ਦਿਲੀ’ ਤੇ ‘ਸਿੰਘ ਸਰਦਾਰਾਂ ਦੀ ਸੂਰਮਤਾਈ’ ਦਾ………….ਪਰ ਤੁਸੀਂ ਤਾਂ……….।
ਅੰਤ ਵਿਚ ਸਾਧ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ ਕਿ ਜੇ ਕੋਈ ਰੋਕ ਸਕਦਾ ਹੈ ਤਾਂ ਇਹਨਾਂ ਮਸੰਦਾਂ ਨੂੰ ਰੋਕੋ। ਇਹਨਾਂ ਨੂੰ ਠੱਲ ਪਾਓ ਤਾਂ ਕਿ ਇਹ ਸਾਡੀ ਇਤਿਹਾਸਿਕਤਾ ਨੂੰ ਨੇਸਤੋ ਨਾਬੂਦ ਨਾ ਕਰ ਦੇਣ। ਪੰਥ ਕ੍ਰਿਪਾ ਕਰਕੇ ਏਧਰ ਵੀ ਧਿਆਨ ਦੇਵੇ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ।
ਸ਼ਾਇਦ ਸਾਡੇ ਵਿਚੋਂ ਬਹੁਤਿਆਂ ਨੂੰ ਤਾਂ ਇਹ ਵੀ ਪਤਾ ਨਹੀਂ ਹੋਵੇਗਾ ਕਿ ਦਰਬਾਰ ਸਾਹਿਬ ਵਿਚ ਉਹਨਾਂ ਫੌਜੀਆਂ ਦੀ ਬਹਾਦਰੀ ਦੀਆਂ ਸਿਲਾ ਵੀ ਲੱਗ ਚੁੱਕੀਆਂ ਹਨ ਜਿਹੜੇ ‘ਅਕਾਲ ਤਖ਼ਤ’ ਸਾਹਿਬ ਤੇ ਹਮਲਾਵਰ ਹੋ ਕੇ ਆਏ ਸਨ ਤੇ ਜਿਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਦਿਨ ਦਿਹਾੜੀ ਅੱਤਵਾਦੀ ਕਹਿ ਕੇ ਭੁੰਨਿਆ।
ਬੜੇ ਦੁਖ ਨਾਲ ਕਹਿ ਰਿਹਾ ਹਾਂ ਕਿ ਜੇ ਇਹ ਸਭ ਕੁਝ ਇਸੇ ਤਰਾਂ ਬੇਰੋਕ ਜਾਰੀ ਰਿਹਾ ਤਾਂ ਕੋਈ ਸ਼ੱਕ ਨਹੀਂ ਕਿ ਅੱਜ ਤੋਂ 50-60 ਸਾਲ ਬਾਅਦ ਅਕਾਲ ਤਖ਼ਤ ਤੋਂ ਸਿਖ ਸੂਰਮਿਆਂ ਨੂੰ ਅੱਤਵਾਦੀ ਕਿਹਾ ਜਾਇਆ ਕਰੇਗਾ ਤੇ ਸਿੱਖਾਂ ਦੇ ਕਾਤਲਾਂ ਦੀਆਂ ਵਾਰਾਂ ਗਾਈਆਂ ਜਾਇਆ ਕਰਨਗੀਆਂ।
“ਤ੍ਹਾਗਾ ਤ੍ਹਾਗਾ ਹੋ ਜਾਂਦੀ ਕਬੀਲਦਾਰੀ, ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ,
ਪਾਰਸ ਮਿਟ ਜਾਂਦੀ ਅੱਖਰ ਗਲਤ ਵਾਂਗਰ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ”

ਅਕਾਲ ਤਖ਼ਤ ਸਾਹਿਬ ਦੇ ਖੱਬੇ ਹੱਥ ਮੀਰੀ-ਪੀਰੀ ਦੇ ਨਿਸ਼ਾਨ ਸਾਹਿਬਾਂ ਤੋਂ ਥੋੜਾ ਪਿੱਛੇ ਭਾਰਤੀ ਫੋਜੀਆਂ ਦੀ ਬਹਾਦਰੀ ਦਰਸਾਉਂਦੀ ਲੱਗੀ ਹੋਈ ਸਿਲ ਜਿਸ ਉੱਤੇ ਲਿਖਿਆ ਹੈ,
“ਉਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਜਿਨ੍ਹਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਆਸ਼ੇ ਨੂੰ ਪੂਰਾ ਕਰਦਿਆਂ ਹੋਇਆਂ ਆਤੰਕਵਾਦ ਨੂੰ ਖ਼ਤਮ ਕਰਕੇ ਆਪਣੇ ਦੇਸ਼ ਦੇ ਸੁਨਿਹਰੀ ਭਵਿਖ ਨੂੰ ਬਣਾਉਣ ਲਈ 01 ਅਕਤੂਬਰ 1966 ਤੋਂ 31 ਸਤੰਬਰ 1998 ਤੱਕ ਆਪਣੀਆਂ ਕੀਮਤੀ ਜਾਨਾਂ ਦੀ ਸ਼ਹਾਦਤ ਦੇ ਕੇ ਪਲਟਨ ਦੇ ਇਤਿਹਾਸ ਨੂੰ ਸੁਨਿਹਰੀ ਅੱਖ਼ਰਾਂ ਵਿਚ ਲਿਖਵਾਇਆ ਅਤੇ ਉੱਚੇ ਅਵਾਰਡ ਪ੍ਰਾਪਤ ਕੀਤੇ,
ਵੱਲੋਂ- ਕਰਨਲ ਹਿਤੇਂਦਰ ਬਹਾਦੁਰ, ਸੈਨਾ ਮੈਡਲ ਅਤੇ ਸਾਰੇ ਰੈਂਕਸ, ਰੁਪੈ 5001/-……………”
ਹੁਣ ਕੀ ਕੋਈ ਦੱਸੇਗਾ ਕਿ ਅੱਤਵਾਦੀ ਕੌਣ ਸਨ, ਹੱਕਾਂ ਲਈ ਜੂਝਣ ਵਾਲੇ ਕਿ ਦਿਨ ਦੀਵੀਂ ਧੀਆਂ-ਭੈਣਾਂ ਦੀ ਬੇਪੱਤੀ ਕਰਨ ਵਾਲੇ ਤੇ ਸਿਖ ਨੌਜਆਨੀ ਦਾ ਘਾਣ ਕਰਨ ਵਾਲੇ ਭਾਰਤੀ ਫੌਜੀ। ਅਸਲ ਵਿਚ ਇਹਨਾਂ ਅਨੁਸਾਰ ਗੁਰੂ ਤੇਗ ਬਹਾਦੁਰ ਸਾਹਿਬ ਦਾ ਆਸ਼ਾਂ ਸਿਰਫ ਹਿੰਦੂਆਂ ਦੀ ਰੱਖਿਆ ਕਰਨਾਂ ਹੀ ਸੀ ਤੇ ਜਦੋਂ ਸਿਖਾਂ ਨੇ ਵੀ ਹਿੰਦੂਆਂ ਵਿਰੁੱਧ ਜਰਾ ਜਿੰਨੀ ਵੀ ਆਵਾਜ਼ ਉਠਾਈ (ਭਾਂਵੇ ਆਪਣੇ ਹੱਕ ਮੰਗਣ ਲਈ) ਤਾਂ ਉੱਥੇ ਸਿਖਾਂ ਨੂੰ ਕਤਲ ਕਰਨਾਂ ਹੀ ਨੌਵੇਂ ਪਾਤਸ਼ਾਹ ਦੇ ਆਸ਼ੇ ਨੂੰ ਪੂਰਾ ਕਰਨਾ ਸੀ। ਸੋ ਇਹਨਾਂ ਨੇ ਇੰਝ ਹੀ ਕੀਤਾ।
ਜਗਦੀਪ ਸਿੰਘ ਫਰੀਦਕੋਟ
 
Top