Punjab News ਮੁੱਖ ਮੰਤਰੀ ਵੱਲੋਂ ਡੇਰਾਬਸੀ ਵਿੱਚ ਪੂਰਵਾਂਚਲ ਭ&#2613

[MarJana]

Prime VIP
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੂਰਵਾਂਚਲ ਭਾਈਚਾਰੇ ਦੀ ਚਿਰੋਕਣੀ ਤੇ ਅਹਿਮ ਮੰਗ ਪ੍ਰਵਾਨ ਕਰਦਿਆਂ ਡੇਰਾਬਸੀ ਵਿੱਚ 20 ਲੱਖ ਰੁਪਏ ਦੀ ਲਾਗਤ ਨਾਲ ਪੂਰਵਾਂਚਲ ਭਵਨ ਬਣਾਉਣ ਦਾ ਐਲਾਨ ਕੀਤਾ ਹੈ। ਉਹ ਲੰਘੀ ਦੇਰ ਸ਼ਾਮ ਮੁਬਾਰਕਪੁਰ ਸਥਿਤ ਫੋਕਲ ਪੁਆਇੰਟ ਵਿਖੇ ਕੌਂਸਲਰ ਹਰਜਿੰਦਰ ਸਿੰਘ ਰੰਗੀ ਅਤੇ ਪ੍ਰਧਾਨ ਯੂਥ ਅਕਾਲੀ ਦਲ ਡੇਰਾਬਸੀ ਜਸਪ੍ਰੀਤ ਸਿੰਘ ਲੱਕੀ ਦੀ ਅਗਵਾਈ ਹੇਠ ਪੂਰਵਾਂਚਲ ਵਿਕਾਸ ਮਹਾਂ ਸੰਘ ਵੱਲੋਂ ਕਰਵਾਏ ਗਏ 11ਵੇ ਦੁਰਗਾ ਪੂਜਾ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਆਏ ਹੋਏ ਸਨ।
ਪੂਰਵਾਂਚਲ ਭਾਈਚਾਰੇ ਨੂੰ ਦੁਰਗਾ ਪੂਜਾ ਦੇ ਪਵਿੱਤਰ ਉਤਸਵ ਦੀ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਕਿਹਾ ਕਿ ਪੂਰਵਾਂਚਲ ਭਵਨ ਲਈ ਲੋੜੀਂਦੀ ਪ੍ਰਕ੍ਰਿਆ ਜਲਦ ਮੁਕੰਮਲ ਕਰਕੇ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਜਾਵੇਗਾ ਤਾਂ ਜੋ ਇਸ ਨੂੰ ਢੁਕਵੇਂ ਸਮੇਂ ਵਿੱਚ ਪੂਰਾ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪੂਰਵਾਂਚਲ ਭਾਈਚਾਰੇ ਦੀ ਮੰਗ ਨੂੰ ਪੂਰਾ ਕਰਦਿਆਂ ਇੱਕ ਐਂਬੂਲੈਂਸ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸ੍ਰੀ ਬਾਦਲ ਨੇ ਮੰਚ ‘ਤੇ ਬੈਠੇ ਹਲਕਾ ਵਿਧਾਇਕ ਜਸਜੀਤ ਸਿੰਘ ਬਨੀ ਦਾ ਨਾਂ ਤਕ ਨਹੀਂ ਲਿਆ। ਉਨ੍ਹਾਂ ਨੇ ਪੂਰਵਾਂਚਲ ਭਾਈਚਾਰੇ ਨੂੰ ਭਵਨ ਦੀ ਥਾਂ ਦਾ ਪ੍ਰਬੰਧ ਕਰਨ ਲਈ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਜ਼ੀਰਕਪੁਰ ਨਗਰ ਕੌਂਸਲ ਦੇ ਪ੍ਰਧਾਨ ਐਨ. ਕੇ. ਸ਼ਰਮਾ ਦੀ ਡਿਊਟੀ ਲਾਈ। ਜਦੋਂ ਇਸ ਬਾਰੇ ਪੱਤਰਕਾਰਾਂ ਨੇ ਸ੍ਰੀ ਬਾਦਲ ਨੂੰ ਪੁੱਛਿਆ ਕਿ ਉਨ੍ਹਾਂ ਨੇ ਇਸ ਕੰਮ ਲਈ ਹਲਕਾ ਵਿਧਾਇਕ ਦੀ ਡਿਊਟੀ ਕਿਉਂ ਨਹੀ ਲਾਈ ਤਾਂ ਉਨ੍ਹਾਂ ਸਵਾਲ ਨੂੰ ਟਾਲਦੇ ਹੋਏ ਕਿਹਾ ਕਿ ਡੇਰਾਬਸੀ ਨਗਰ ਕੌਂਸਲ ਵਿੱਚ ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਜਿਸ ਕਾਰਨ ਜ਼ੀਰਕਪੁਰ ਦੇ ਪ੍ਰਧਾਨ ਐਨ. ਕੇ. ਸ਼ਰਮਾ ਨੂੰ ਇਹ ਕੰਮ ਸੌਂਪਿਆ ਗਿਆ ਹੈ। ਹਲਕਾ ਵਿਧਾਇਕ ਦੇ ਨਾਰਾਜ਼ ਹੋ ਕੇ ਕਰੀਬ ਡੇਢ ਮਹੀਨਾ ਰੁੂਪੋਸ਼ ਹੋਣ ਬਾਰੇ ਕੀਤੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਬਨੀ ਉਨ੍ਹਾਂ ਦੇ ਬੱਚਿਆਂ ਵਾਂਗ ਹੈ। ਹਲਕਾ ਵਿਧਾਇਕ ਦੀ ਗੈਰਹਾਜ਼ਰੀ ਵਿੱਚ ਹਲਕੇ ਦਾ ਨਵਾਂ ਇੰਚਾਰਜ ਲਾਉਣ ਬਾਰੇ ਚੱਲ ਰਹੀ ਚਰਚਾ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਪਾਰਟੀ ਦੀ ਹਾਲੇ ਅਜਿਹੀ ਕੋਈ ਰਣਨੀਤੀ ਨਹੀਂ ਹੈ। ਹਲਕਾ ਵਿਧਾਇਕ ਐਸ.ਜੀ.ਪੀ.ਸੀ. ਚੋਣਾਂ ਤੋਂ ਬਾਅਦ ਅੱਜ ਪਹਿਲੀ ਵਾਰ ਪਾਰਟੀ ਦੇ ਕਿਸੇ ਸਮਾਗਮ ਵਿੱਚ ਮੁੱਖ ਮੰਤਰੀ ਨਾਲ ਦਿਖਾਈ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਹਮੇਸ਼ਾ ਹੀ ਰਾਜ ਵਿੱਚ ਸਾਂਝੀਵਾਲਤਾ, ਪਿਆਰ ਅਤੇ ਸਦਭਾਵਨਾ ਵਾਲਾ ਮਾਹੌਲ ਕਾਇਮ ਰੱਖਿਆ ਹੈ ਅਤੇ ਸਰਕਾਰ ਵੱਲੋਂ ਉਲੀਕੀ ਜਾਣ ਵਾਲੀ ਹਰ ਯੋਜਨਾ ਜਾਂ ਸਕੀਮ ਦਾ ਮੁੱਖ ਮੰਤਵ ਹਰੇਕ ਵਿਅਕਤੀ ਲਈ ਬਰਾਬਰ ਹੱਕਾਂ ਵਾਲੇ ਨਵੇਂ ਸਮਾਜ ਦਾ ਨਿਰਮਾਣ ਕੀਤਾ ਜਾਣਾ ਹੈ।
ਇਸ ਮੌਕੇ ਪੂਰਵਾਂਚਲ ਵਿਕਾਸ ਮਹਾਂਸੰਘ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੂਰਵਾਂਚਲ ਭਾਈਚਾਰੇ ਦੇ ਵਿਕਾਸ ਲਈ ਅਨੇਕਾਂ ਕਦਮ ਚੁੱਕੇ ਹਨ ਜਿਸ ਲਈ ਸਮੁੱਚਾ ਭਾਈਚਾਰਾ ਹਮੇਸ਼ਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਰਿਣੀ ਰਹੇਗਾ। ਪੂਰਵਾਂਚਲ ਵਿਕਾਸ ਮਹਾਂਸੰਘ ਦੇ ਅਹੁਦੇਦਾਰਾਂ ਨੇ ਸ੍ਰੀ ਬਾਦਲ ਨੂੰ ਸ਼ੇਰੇ ਪੰਜਾਬ ਦੀ ਉਪਾਧੀ ਦਿੰਦੇ ਹੋਏ ਚਾਂਦੀ ਦਾ ਮੁੱਕਟ ਦੇ ਸਨਮਾਨਤ ਕੀਤਾ। ਇਸ ਮੌਕੇ ਹਲਕਾ ਵਿਧਾਇਕ ਜਸਜੀਤ ਸਿੰਘ ਬਨੀ, ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੇ ਚੇਅਰਮੈਨ ਐਨ.ਕੇ. ਸ਼ਰਮਾ, ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ ਲੜਕੀ ਮਨਪ੍ਰੀਤ ਕੌਰ ਡੌਲੀ, ਐਸ. ਜੀ. ਪੀ. ਸੀ. ਦੇ ਮੈਂਬਰ ਨਿਰਮੈਲ ਸਿੰਘ ਜੌਲਾ ਕਲਾਂ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਤਨਾਮ ਸਿੰਘ ਰਾਮਪੁਰ ਸੈਣੀਆਂ, ਅਮਰੀਕ ਸਿੰਘ ਮਲਕਪੁਰ, ਬੀਬੀ ਸ਼ੀਲਮ ਸੋਹੀ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੁਰੇਸ਼ ਸ਼ਾਰਦਾ, ਬਲਜੀਤ ਸਿੰਘ ਕਾਰਕੌਰ, ਸਵਰਨ ਸਿੰਘ ਪੰਡਵਾਲਾ, ਡਿਪਟੀ ਕਮਿਸ਼ਨਰ ਮੁਹਾਲੀ ਵਰੁਣ ਰੂਜ਼ਮ, ਜ਼ਿਲ੍ਹਾ ਪੁਲੀਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਸ਼੍ਰੋਮਣੀ ਅਕਾਲੀ ਦਲ -ਭਾਜਪਾ ਦੇ ਆਗੂਆਂ ਸਮੇਤ ਪੂਰਵਾਂਚਲ ਭਾਈਚਾਰੇ ਦੇ ਆਗੂ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।
 

Attachments

  • 4PTNW92.jpg
    4PTNW92.jpg
    56.5 KB · Views: 107
Top