ਮਨਪ੍ਰੀਤ ਆਪਣੀ ਸੀਟ ਵੀ ਨਹੀਂ ਜਿੱਤ ਸਕਣਗੇ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਗਠਿਤ ਕੀਤੀ ਗਈ ਪਾਰਟੀ ‘ਪੀਪਲਜ਼ ਪਾਰਟੀ ਆਫ ਪੰਜਾਬ’ ਦਾ ਹਸ਼ਰ ਵੀ ਪਾਕਿਸਤਾਨ ਦੀ ਪੀਪਲਜ਼ ਪਾਰਟੀ ਵਰਗਾ ਹੀ ਹੋਵੇਗਾ, ਜਿਸ ਦਾ ਗ੍ਰਾਫ ਲਗਾਤਾਰ ਹੇਠਾਂ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮਨਪ੍ਰੀਤ ‘ਤੇ ਵਿਅੰਗ ਕੱਸਦਿਆਂ ਕਿਹਾ ਕਿ ਉਹ ਤਾਂ ਆਉਂਦੀਆਂ ਚੋਣਾਂ ‘ਚ ਆਪਣੇ ਗਿੱਦੜਬਾਹਾ ਹਲਕੇ ਤੋਂ ਵੀ ਸੀਟ ਨਹੀਂ ਜਿੱਤ ਸਕਣਗੇ। ਤਿਕੋਣੀ ਟੱਕਰ ‘ਚ ਕਾਂਗਰਸ ਆਸਾਨੀ ਨਾਲ ਗਿੱਦੜਬਾਹਾ ਸੀਟ ‘ਤੇ ਕਬਜ਼ਾ ਕਰ ਲਏਗੀ। ਮਨਪ੍ਰੀਤ ਦੀ ਪਾਰਟੀ ਨੂੰ ਤਾਂ ਆਉਂਦੀਆਂ ਚੋਣਾਂ ਵਿਚ 117 ਵਿਧਾਨ ਸਭਾ ਹਲਕਿਆਂ ਵਿਚ ਉਮੀਦਵਾਰ ਲੱਭਣੇ ਵੀ ਔਖੇ ਹੋ ਜਾਣਗੇ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮਨਪ੍ਰੀਤ ਦੀ ਰੈਲੀ ਵਿਚ ਮਾਲਵਾ ਤੋਂ ਲੋਕ ਆਏ, ਜਿਹੜੇ ਬਠਿੰਡਾ, ਲੰਬੀ ਤੇ ਗਿੱਦੜਬਾਹਾ ਨਾਲ ਸੰਬੰਧ ਰੱਖਦੇ ਸਨ। ਇਸ ਤੋਂ ਤੈਅ ਹੈ ਕਿ ਮਾਲਵਾ ਵਿਖੇ ਬਾਦਲ ਦਲ ਦਾ ਆਸਾਨੀ ਨਾਲ ਸਫਾਇਆ ਹੋ ਜਾਏਗਾ। ਉਨ੍ਹਾਂ ਕਿਹਾ ਕਿ ਦੋਆਬਾ ਅਤੇ ਮਾਝਾ ਵਿਚ ਮਨਪ੍ਰੀਤ ਦਾ ਬਿਲਕੁਲ ਅਸਰ ਨਹੀਂ ਹੈ ਕਿਉਂਕਿ ਦੋਵਾਂ ਥਾਵਾਂ ‘ਚ ਰੈਲੀ ਵਿਚ ਹਾਜ਼ਰੀ ਨਾਮਾਤਰ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਸਿਆਣੇ ਹਨ ਅਤੇ ਉਹ ਕੌਮੀ ਪਾਰਟੀ ਕਾਂਗਰਸ ਨਾਲ ਆਪਣਾ ਭਵਿੱਖ ਸੁਰੱਖਿਅਤ ਮੰਨਦੇ ਹਨ। ਲੋਕਾਂ ਨੇ ਪਿਛਲੀ ਵਾਰ ਅਕਾਲੀ-ਭਾਜਪਾ ਗਠਜੋੜ ਨੂੰ ਜਿਤਾਇਆ ਪਰ ਜਿਸ ਤੇਜ਼ੀ ਨਾਲ ਗਠਜੋੜ ਦੀ ਲੋਕਪ੍ਰਿਯਤਾ ਹੇਠਾਂ ਡਿੱਗੀ ਹੈ, ਉਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਲੋਕਾਂ ਨੇ ਉਨ੍ਹਾਂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਰੈਲੀਆਂ ਆਪਣੇ-ਆਪ ਵਿਚ ਬੇਮਿਸਾਲ ਹੋ ਰਹੀਆਂ ਹਨ ਅਤੇ ਲੋਕਾਂ ਨੇ ਚੋਣਾਂ ‘ਚ 10 ਮਹੀਨੇ ਪਹਿਲਾਂ ਹੀ ਇਕ ਤਰ੍ਹਾਂ ਨਾਲ ਆਪਣਾ ਫਤਵਾ ਕਾਂਗਰਸ ਪਾਰਟੀ ਨੂੰ ਦੇ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਹੁਣ ਪਾਰਟੀ ਵਲੋਂ ਜਲਦੀ ਹੀ ਵਿਧਾਨ ਸਭਾ ਰੈਲੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜਿਸ ‘ਚ ਉਹ ਅਤੇ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਸਾਥੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬਾ ਪੱਧਰੀ ਰੈਲੀਆਂ ਮਾਲਵਾ, ਦੋਆਬਾ ਤੇ ਮਾਝਾ ‘ਚ ਹੋਣਗੀਆਂ, ਜਿਨ੍ਹਾਂ ‘ਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਹੋਰ ਚੋਟੀ ਦੇ ਨੇਤਾ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਮਾਲਵਾ ਵਿਚ ਸੁਰੱਖਿਆ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਹੋਰ ਵਧੇਰੇ ਚੌਕਸ ਰਹਿਣਾ ਹੋਵੇਗਾ ਕਿਉਂਕਿ ਮਨਪ੍ਰੀਤ ਦੇ ਆਉਣ ਨਾਲ ਮਾਲਵਾ ਵਿਚ ਸਿਆਸੀ ਪਾਰਟੀਆਂ ਦਰਮਿਆਨ ਟਕਰਾਅ ਹੋ ਸਕਦਾ ਹੈ। ਸੂਬਾਈ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਕਿਸੇ ਵੀ ਸਮੇਂ ਚੋਣਾਂ ਦਾ ਸਾਹਮਣਾ ਕਰਨ ਲਈ ਤਿਆਰ ਹੈ ਕਿਉਂਕਿ ਮਨਪ੍ਰੀਤ ਦੀ ਪਾਰਟੀ ਬਣਨ ਨਾਲ ਜੇ ਅਕਾਲੀ ਦਲ ਟੁੱਟਦਾ ਹੈ ਤਾਂ ਉਸ ਸਮੇਂ ਚੋਣ ਕਮਿਸ਼ਨ ਕੋਲ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਦਾ ਇਤਿਹਾਸ ਰਿਹਾ ਹੈ ਕਿ ਜਦੋਂ ਉਹ ਸੱਤਾ ਵਿਚ ਹੁੰਦੇ ਹਨ ਤਾਂ ਉਨ੍ਹਾਂ ਅੰਦਰ ਫੁਟ ਜ਼ਰੂਰ ਪੈਂਦੀ ਹੈ।
 
Top