ਬੰਗਲਾਦੇਸ਼ 'ਚ ਚੋਣਾਂ ਦੌਰਾਨ ਹਿੰਸਾ ਕਾਰਨ 21 ਮੌਤਾਂ

[JUGRAJ SINGH]

Prime VIP
Staff member
ਸ਼ੇਖ ਹਸੀਨਾ ਦੀ ਆਵਾਮੀ ਲੀਗ ਪਾਰਟੀ ਦਾ ਜਿੱਤਣਾ ਤੈਅ
ਢਾਕਾ, 5 ਜਨਵਰੀ (ਪੀ.ਟੀ.ਆਈ.)-ਬੰਗਲਾਦੇਸ਼ ਚੋਣਾਂ ਮੌਕੇ ਹੋਈ ਵਿਆਪਕ ਹਿੰਸਾ, ਘੱਟ ਮਤਦਾਨ ਅਤੇ ਵਿਰੋਧੀ ਧਿਰ ਦੇ ਬਾਈਕਾਟ ਦੌਰਾਨ ਸੱਤਾਧਾਰੀ ਆਵਾਮੀ ਲੀਗ ਪਾਰਟੀ ਦਾ ਜਿੱਤਣਾ ਤੈਅ ਹੋ ਗਿਆ ਹੈ, ਹਾਲਾਂਕਿ ਹਿੰਸਕ ਘਟਨਾਵਾਂ ਦੌਰਾਨ 21 ਲੋਕਾਂ ਦੀ ਮੌਤ ਹੋ ਗਈ | ਅਧਿਕਾਰੀਆਂ ਅਨੁਸਾਰ 59 ਜ਼ਿਲਿ੍ਹਆਂ ਦੀਆਂ 300 ਸੀਟਾਂ ਵਿਚੋਂ 147 'ਤੇ ਮਤਦਾਨ ਹੋਇਆ ਪਰ ਡਰ ਕਾਰਨ ਬਹੁਤੇ ਲੋਕਾਂ ਨੇ ਘਰ ਵਿਚ ਹੀ ਰਹਿਣ ਨੂੰ ਤਰਜੀਹ ਦਿੱਤੀ | ਮੀਡੀਆ ਰਿਪੋਰਟਾਂ ਅਨੁਸਾਰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਆਵਾਮੀ ਲੀਗ ਪਾਰਟੀ ਨੇ 95 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ | ਜੇਤੀਆ ਪਾਰਟੀ (ਜੇ.ਪੀ.) ਨੂੰ 12 ਸੀਟਾਂ 'ਤੇ ਸਬਰ ਕਰਨਾ ਪਿਆ ਜਦਕਿ 13 ਸੀਟਾਂ ਹੋਰ ਛੋਟੀਆਂ ਪਾਰਟੀਆਂ ਜਾਂ ਆਜ਼ਾਦ ਪਾਰਟੀਆਂ ਨੇ ਜਿੱਤੀਆਂ | ਸ਼ੇਖ ਹਸੀਨਾ ਨੇ ਗੋਪਾਲਗੰਜ ਤੇ ਰੰਗਪੁਰ ਹਲਕਿਆਂ ਵਿਚ ਜਿੱਤ ਹਾਸਿਲ ਕੀਤੀ | ਦੂਜੇ ਪਾਸੇ ਚੋਣ ਕਮਿਸ਼ਨ ਨੇ ਚੋਣ ਨਤੀਜਿਆਂ ਬਾਰੇ ਅਜੇ ਕੋਈ ਐਲਾਨ ਨਹੀਂ ਕੀਤਾ | ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕੀਤਾ ਸੀ |
200 ਚੋਣ ਬੂਥਾਂ ਨੂੰ ਲਾਈ ਅੱਗ
ਬੰਗਲਾਦੇਸ਼ ਰਾਸ਼ਟਰਵਾਦੀ ਪਾਰਟੀ (ਬੀ.ਐਨ.ਪੀ.) ਦੀ ਅਗਵਾਈ ਵਾਲੇ ਵਿਰੋਧੀ ਗਠਜੋੜ ਦੇ ਹਮਾਇਤੀਆਂ ਨੇ 200 ਤੋਂ ਵੱਧ ਚੋਣ ਬੂਥਾਂ ਨੂੰ ਅੱਗ ਲਾ ਦਿੱਤੀ | ਵਿਰੋਧੀ ਗਠਜੋੜ ਨੇ ਇਨ੍ਹਾਂ ਵਿਵਾਦਤ ਚੋਣਾਂ ਨੂੰ ਫਰਜ਼ੀ ਤੇ ਤਮਾਸ਼ਾ ਕਰਾਰ ਦਿੱਤਾ ਹੈ | ਵਿਰੋਧੀ ਗਠਜੋੜ ਦੇ ਘੱਟੋ ਘੱਟ 11 ਸਮਰਥਕ ਰੰਗਪੁਰ, ਦੀਨਾਪੁਰ, ਨੀਲਫਾਮਰੀ, ਫੇਨੀ ਤੇ ਮੁਨਸ਼ੀਗੰਜ ਵਿਚ ਮਾਰੇ ਗਏ | ਵਿਰੋਧੀ ਗਠਜੋੜ ਦੇ ਸਮਰਥਕ ਚੋਣਾਂ ਦਾ ਵਿਰੋਧ ਕਰ ਰਹੇ ਸਨ | ਇਹ ਗਠਜੋੜ ਪਹਿਲਾਂ ਹੀ ਚੋਣਾਂ ਦਾ ਬਾਈਕਾਟ ਕਰ ਚੁੱਕਾ ਹੈ | ਇਸ ਤੋਂ ਇਲਾਵਾ ਦੀਨਾਪੁਰ ਵਿਚ ਇਕ ਚੋਣ ਬੂਥ 'ਤੇ ਹਮਲਾਵਰਾਂ ਨੇ ਇਕ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕੀਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ | ਚੋਣਾਂ ਦੌਰਾਨ ਵੋਟ ਪ੍ਰਤੀਸ਼ਤ ਬਹੁਤ ਘੱਟ ਰਹੀ ਤੇ ਹਿੰਸਾ ਦੇ ਡਰ ਕਾਰਨ ਜ਼ਿਆਦਾਤਰ ਮੱਤਦਾਤਾਵਾਂ ਨੇ ਘਰਾਂ ਵਿਚ ਹੀ ਰਹਿਣ ਨੂੰ ਤਰਜੀਹ ਦਿੱਤੀ | ਦੇਸ਼ ਦੀਆਂ ਕੁਲ 300 ਸੀਟਾਂ ਵਿਚੋਂ 147 ਉਪਰ ਸਵੇਰੇ 8 ਵਜੇ ਮੱਤਦਾਨ ਸ਼ੁਰੂ ਹੋਇਆ | ਇਸ ਇਕ ਪਾਸੜ ਚੋਣਾਂ ਵਿਚ 390 ਉਮੀਦਵਾਰ ਜ਼ੋਰ ਅਜ਼ਮਾਈ ਕਰ ਰਹੇ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਉਮੀਦਵਾਰ ਸਤਾਧਾਰੀ ਅਵਾਮੀ ਲੀਗ ਤੇ ਉਸ ਦੀ ਭਾਈਵਾਲ ਪਾਰਟੀ ਜੈਤਿਆ ਪਾਰਟੀ ਦੇ ਹਨ | ਇਨ੍ਹਾਂ ਚੋਣਾਂ 'ਤੇ ਭਾਰਤ ਤੇ ਵਿਸ਼ਵ ਦੀਆਂ ਹੋਰ ਤਾਕਤਾਂ ਵੱਲੋਂ ਨੇੜਿਉਂ ਨਜ਼ਰ ਰਖੀ ਜਾ ਰਹੀ ਹੈ | ਬੰਗਲਾਦੇਸ਼ ਰਾਸ਼ਟਰਵਾਦੀ ਪਾਰਟੀ ਦੀ ਅਗਵਾਈ ਵਾਲੇ ਗਠਜੋੜ ਦੇ ਬਾਈਕਾਟ ਕਾਰਨ ਬਾਕੀ 153 ਸੀਟਾਂ ਉਪਰ ਚੋਣ ਨਹੀਂ ਹੋਈ ਜਿਥੇ ਸੱਤਾਧਾਰੀ ਪਾਰਟੀਆਂ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ | ਮੀਡੀਆ ਰਿਪੋਰਟਾਂ ਅਨੁਸਾਰ ਪਹਿਲੇ ਘੰਟਿਆਂ ਵਿਚ ਕਈ ਚੋਣ ਬੂਥਾਂ ਉਪਰ ਵੋਟ ਪ੍ਰਤੀਸ਼ਤ ਜ਼ੀਰੋ ਰਹੀ | ਵਿਰੋਧੀ ਗਠਜੋੜ ਦੇ ਸਮਰਥਕਾਂ ਨੇ 200 ਤੋਂ ਵੱਧ ਚੋਣ ਬੂਥਾਂ ਨੂੰ ਅੱਗ ਲਾ ਕੇ ਸਾੜ ਦਿੱਤਾ | ਵਿਰੋਧੀ ਗਠਜੋੜ ਨੇ ਮੰਗ ਕੀਤੀ ਸੀ ਕਿ ਚੋਣਾਂ ਗੈਰ ਪਾਰਟੀ ਨਿਗਰਾਨ ਸਰਕਾਰ ਦੀ ਦੇਖ ਰੇਖ ਹੇਠ ਕਰਵਾਈਆਂ ਜਾਣ ਪਰੰਤੂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਇਹ ਮੰਗ ਰੱਦ ਕਰ ਦਿੱਤੀ ਸੀ | ਘੱਟ ਪ੍ਰਤੀਸ਼ਤ ਕਾਰਨ ਵਿਰੋਧੀ ਗਠਜੋੜ ਨੂੰ ਚੋਣਾਂ ਦੇ ਜਾਇਜ਼ ਹੋਣ ਉਪਰ ਸਵਾਲੀਆ ਚਿਨ੍ਹ ਲਾਉਣ ਦਾ ਅਵਸਰ ਮਿਲ ਜਾਵੇਗਾ | ਇਸ ਤਰ੍ਹਾਂ ਦੀਆਂ ਚੋਣਾਂ ਹੀ 1996 ਵਿਚ ਹੋਈਆਂ ਸਨ ਜਦੋਂ ਵਿਰੋਧੀ ਪਾਰਟੀ ਅਵਾਮੀ ਲੀਗ ਨੇ ਬਾਈਕਾਟ ਕੀਤਾ ਸੀ |
 
Top