Punjab News ਪੰਜਾਬ ਸਰਕਾਰ ਹੁਣ ਸ਼ਹਿਰੀਆਂ ਨੂੰ ਖੁਸ਼ ਕਰੇਗੀ

'MANISH'

yaara naal bahara
ਅਕਾਲੀ-ਭਾਜਪਾ ਗਠਜੋੜ ਦੀ ਅਗਵਾਈ ਹੇਠਲੀ ਸਰਕਾਰ ਹੁਣ ਸ਼ਹਿਰੀਆਂ ਨੂੰ ਖੁਸ਼ ਕਰਨ ਲਈ ਅਰਬਨ ਪੈਕੇਜ ਲਿਆਉਣ ਦੀ ਤਿਆਰੀ ਵਿਚ ਹੈ। ਇਸ ਮੰਤਵ ਲਈ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਸਬੰਧੀ ਕਿਹਾ ਹੈ ਕਿ ਪੰਜਾਬ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਲਈ ਜਿਥੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਈਆਂ ਜਾਣਗੀਆਂ, ਉਥੇ ਸ਼ਹਿਰਾਂ ਦੇ ਵਿਕਾਸ ਵੱਲ ਧਿਆਨ ਕੇਂਦਰਿਤ ਕੀਤਾ ਜਾਵੇਗਾ। ਸ਼ਹਿਰਾਂ ਦੀ ਸੀਵਰੇਜ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਅਤੇ ਪੀਣ ਵਾਲੇ ਪਾਣੀ ਸਮੇਤ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਸ਼ਹਿਰਾਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਵਿਆਪਕ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਇਸ ਵੇਲੇ ਸਰਕਾਰ ਨੂੰ ਵਿੱਤੀ ਸਾਧਨਾਂ ਦੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਵੈਟ ਤੋਂ ਦਸ ਹਜ਼ਾਰ ਕਰੋੜ ਰੁਪਏ ਦਾ ਮਾਲੀਆ ਇੱਕਠਾ ਹੋਇਆ ਹੈ ਜੋ ਕਿ ਪਿਛਲੇ 65 ਸਾਲ ਦੇ ਸਮਿਆਂ ਦਾ ਰਿਕਾਰਡ ਹੈ।
ਜਾਣਕਾਰ ਸੂਤਰਾਂ ਅਨੁਸਾਰ ਸ਼ਹਿਰਾਂ ਦੇ ਵਿਕਾਸ ਦੀ ਯੋਜਨਾ ਨੂੰ ਅਗਲੇ ਤਿੰਨ ਮਹੀਨਿਆਂ ਵਿਚ ਅਮਲੀ ਜਾਮਾ ਪਹਿਨਾਇਆ ਜਾਵੇਗਾ। ਇਸ ਨਾਲ ਭਾਜਪਾ ਨੂੰ ਵੀ ਵੱਡੀ ਰਾਹਤ ਮਿਲਣ ਦੀ ਆਸ ਹੈ ਕਿਉਂਕਿ ਉਸ ਦਾ ਮੁੱਖ ਆਧਾਰ ਸ਼ਹਿਰੀ ਵੋਟਰ ਹੀ ਹਨ। ਬਠਿੰਡਾ, ਮਾਨਸਾ, ਅਬੋਹਰ, ਫਿਰੋਜ਼ਪੁਰ ਸੰਗਰੂਰ, ਲੁਧਿਆਣਾ ਅਤੇ ਬਾਕੀ ਸ਼ਹਿਰਾਂ ਵਿਚ ਇਸ ਗਠਜੋੜ ਨੂੰ ਲੋਕ ਸਭਾ ਵੇਲੇ ਹੁੰਗਾਰਾ ਨਹੀਂ ਮਿਲਿਆ ਸੀ। ਉਧਰ ਮਿਊਂਸਪਲ ਕਮੇਟੀਆਂ ਕੋਲ ਤਾਂ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣਾ ਵੀ ਮੁਸ਼ਕਲ ਹੋ ਗਿਆ ਹੈ, ਇਸ ਕਰਕੇ ਸਾਰਾ ਬੋਝ ਰਾਜ ਸਰਕਾਰ ਸਿਰ ਪੈ ਗਿਆ ਹੈ।
ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਬਲਰਾਮ ਜੀ ਦਾਸ ਟੰਡਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਸ਼ਹਿਰੀਆਂ ਦੀਆਂ ਮੁਸ਼ਕਲਾਂ ਵੱਲ ਉਚੇਚਾ ਧਿਆਨ ਦੁਆਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੇਲੇ ਸ਼ਹਿਰੀ ਖੇਤਰਾਂ ਲਈ ਪੀਣ ਵਾਲੇ ਪਾਣੀ, ਸੀਵਰੇਜ ਤੇ ਸੜਕਾਂ ਚੌੜੀਆਂ ਕਰਨ ਦੀ ਵੱਡੀ ਸਮੱਸਿਆ ਹੈ।
ਇਸੇ ਤਰ੍ਹਾਂ ਸ਼ਹਿਰਾਂ ਵਿਚ ਪਾਰਕਿੰਗ ਦੀ ਵੀ ਅਹਿਮ ਸਮੱਸਿਆ ਹੈ। ਨਵੀਂ ਯੋਜਨਾ ਮੁਤਾਬਕ ਕੂੜੇ ਦੀ ਸਮੱਸਿਆ ਦਾ ਹੱਲ ਕਰਨ ਲਈ ਵੱਡੇ ਸ਼ਹਿਰਾਂ ਵਿਚ ਟਰੀਟਮੈਂਟ ਪਲਾਂਟ ਲੱਗਣਗੇ। ਸ਼ਹਿਰਾਂ ਦਾ ਗੰਦਾ ਪਾਣੀ ਦਰਿਆਵਾਂ ਵਿਚ ਪੈਣ ਤੋਂ ਰੋਕਣ ਦੀ ਅਹਿਮ ਯੋਜਨਾ ਉਲੀਕੀ ਗਈ ਹੈ। ਇਥੋਂ ਤੱਕ ਟਰੀਟ ਕੀਤਾ ਪਾਣੀ ਵੀ ਦਰਿਆਵਾਂ ਵਿਚ ਨਹੀਂ ਪਾਇਆ ਜਾਵੇਗਾ ਸਗੋਂ ਇਸ ਨੂੰ ਖੇਤੀ ਲਈ ਵੱਖਰੇ ਤੌਰ ’ਤੇ ਇਸਤੇਮਾਲ ਕੀਤਾ ਜਾਵੇਗਾ।
 
Top