ਪਾਕਿ ਤੋਂ ਭਾਰਤ ਆਉਣਾ ਚਾਹੁੰਦੇ ਨੇ 20 ਲੱਖ ਹਿੰਦੂ ਤੇ

ਪਾਕਿਸਤਾਨ ਵਿਚ ਆਰਥਿਕ, ਧਾਰਮਿਕ ਅਤੇ ਸਮਾਜਿਕ ਤਸ਼ੱਦਦ ਦੇ ਸ਼ਿਕਾਰ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਤਕਰੀਬਨ 15 ਤੋਂ 20 ਲੱਖ ਲੋਕ ਬੇਹੱਦ ਨਿਰਾਸ਼ਾ ਵਿਚ ਜੀਅ ਰਹੇ ਹਨ ਅਤੇ ਵੰਡ ਦੇ ਸਮੇਂ ਜਿਸ ਘਰ ਬਾਰ ਦੇ ਲਾਲਚ ਵਿਚ ਉਹ ਪਾਕਿਸਤਾਨ ਵਸ ਗਏ ਸਨ ਉਸ ਨੂੰ ਛੱਡ ਕੇ ਉਹ ਭਾਰਤ ਵਾਪਸ ਆਉਣਾ ਚਾਹੁੰਦੇ ਹਨ। ਪਾਕਿਸਤਾਨ ਤੋਂ ਹਿੰਦੂਆਂ ਅਤੇ ਸਿੱਖਾਂ ਦੀ ਹਿਜਰਤ ਪਹਿਲਾਂ ਵੀ ਹੁੰਦੀ ਰਹੀ ਹੈ। ਉਥੋਂ ਵੱਡੀ ਗਿਣਤੀ ਵਿਚ ਆਏ ਇਹ ਲੋਕ ਗੁਜਰਾਤ, ਹਰਿਆਣਾ, ਜੰਮੂ ਕਸ਼ਮੀਰ, ਪੰਜਾਬ ਅਤੇ ਦਿੱਲੀ ਤੇ ਭਾਰਤ ਦੇ ਹੋਰ ਵੱਖ ਵੱਖ ਸੂਬਿਆਂ ਵਿਚ ਆਪੋ ਆਪਣੇ ਰਿਸ਼ਤੇਦਾਰਾਂ ਨਾਲ ਰਹਿ ਰਹੇ ਹਨ। ਜਲੰਧਰ ਵਿਚ ਅਜਿਹੇ ਤਕਰੀਬਨ 200 ਪਰਿਵਾਰ ਰਹਿ ਰਹੇ ਹਨ। ਉਨ੍ਹਾਂ ਨੂੰ ਇਥੇ ਰਹਿੰਦਿਆਂ 10 ਤੋਂ 15 ਸਾਲ ਹੋ ਗਏ ਹਨ। ਉਹ ਭਾਰਤ ਦੀ ਨਾਗਰਿਕਤਾ ਦਿੱਤੇ ਜਾਣ ਦੀ ਮੰਗ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਦਾ ਦੋਸ਼ ਹੈ ਕਿ ਭਾਰਤ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ। ਪਾਕਿਸਤਾਨ ਦੇ ਪਿਸ਼ਾਵਰ ਤੋਂ 1998 ਵਿਚ ਪਰਿਵਾਰ ਸਮੇਤ ਜਲੰਧਰ ਆਏ ਸੱਮਖ ਰਾਮ ਨੇ ਕਿਹਾ ਕਿ ਪਾਕਿਸਤਾਨ ਵਿਚ ਹਿੰਦੂਆਂ ਦੀ ਹਾਲਤ ਬਦਤਰ ਹੈ। ਤੁਸੀਂ ਇਸਦਾ ਅੰਦਾਜ਼ਾ ਨਹੀਂ ਲਗਾ ਸਕਦੇ। ਸਾਡੇ ਕੋਲ ਨਾ ਤਾਂ ਕੋਈ ਉਥੇ ਅਧਿਕਾਰ ਹੈ ਅਤੇ ਨਾ ਹੀ ਕੋਈ ਸਹੂਲਤ। ਉਨ੍ਹਾਂ ਕਿਹਾ ਕਿ ਉਥੇ ਰਹਿ ਰਹੇ ਲੋਕਾਂ ਨੂੰ ਧਾਰਮਿਕ ਆਜ਼ਾਦੀ ਨਹੀਂ ਹੈ। ਇਹ ਹੀ ਕਾਰਨ ਹੈ ਕਿ ਕਰਾਚੀ ਅਤੇ ਸਿਆਲਕੋਟ ਦੇ ਤਕਰੀਬਨ 15 ਤੋਂ 20 ਲੱਖ ਸਿੱਖ ਅਤੇ ਹਿੰਦੂ ਪਾਕਿਸਤਾਨ ਛੱਡ ਕੇ ਦੇਸ਼ ਵਾਪਸੀ ਚਾਹੁੰਦੇ ਹਨ। ਸੱਮਖ ਰਾਮ ਕਹਿੰਦੇ ਹਨ ਕਿ ਹੁਣ ਤਾਂ ਇਹ ਹੀ ਸਾਡਾ ਦੇਸ਼ ਹੈ ਅਤੇ ਅਸੀਂ ਇਥੇ ਰਹਾਂਗੇ ਅਤੇ ਪਾਕਿਸਤਾਨ ਕਦੇ ਨਹੀਂ ਜਾਵਾਂਗੇ ਭਾਵੇਂ ਸਾਨੂੰ ਗੋਲੀ ਮਾਰ ਦਿੱਤੀ ਜਾਵੇ। ਕਰਾਚੀ ਤੋਂ ਆਪਣਾ ਘਰ ਬਾਰ ਛੱਡ ਕੇ ਆਏ 70 ਸਾਲਾ ਵਪਾਰੀ ਮੁਲਕ ਰਾਜ ਨੇ ਕਿਹਾ ਕਿ ਸਰਕਾਰ ਦੀ ਸ਼ਹਿ ‘ਤੇ ਉਥੇ ਗੁਰਦੁਆਰਿਆਂ ਅਤੇ ਮੰਦਰਾਂ ਨੂੰ ਤੋੜਿਆ ਜਾਂਦਾ ਹੈ। ਮੇਰੇ ਭਰਾ ਦਾ ਕਾਰੋਬਾਰ ਸਿਰਫ਼ ਇਸ ਲਈ ਬੰਦ ਕਰਵਾ ਦਿੱਤਾ ਗਿਆ ਕਿਉਂਕਿ ਮੈਂ ਇਥੇ ਭਾਰਤ ਵਿਚ ਹਾਂ। ਮੁਲਖ ਰਾਜ ਆਪਣੇ ਪਰਿਵਾਰ ਦੇ 10 ਮੈਂਬਰਾਂ ਨਾਲ ਇਥੇ ਆਏ ਸਨ, ਇਨ੍ਹਾਂ ਵਿਚੋਂ 4 ਨੂੰ ਇਥੇ ਭਾਰਤੀ ਨਾਗਰਿਕ ਤਾਂ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ‘ਤੇ ਪਾਕਿਸਤਾਨ ਵਲੋਂ ਜਾਸੂਸੀ ਕਰਨ ਦਾ ਦਬਾਅ ਪਾਇਆ ਜਾਂਦਾ ਹੈ। ਇਨਕਾਰ ਕਰਨ ‘ਤੇ ਸਾਨੂੰ ਕੁੱਟਿਆ ਮਾਰਿਆ ਜਾਂਦਾ ਹੈ। ਅਜਿਹੇ ਹਾਲਾਤ ਵਿਚ ਅਸੀਂ ਉਥੇ ਨਹੀਂ ਰਹਿ ਸਕਦੇ। ਹਿੰਦੂ ਅਤੇ ਸਿੱਖ ਪਾਕਿਸਤਾਨ ਵਿਚ ਵੋਟ ਵੀ ਨਹੀਂ ਪਾ ਸਕਦੇ। ਹਿੰਦੂ ਅਤੇ ਸਿੱਖਾਂ ਲਈ ਇਕ ਇਸਾਈ ਸਾਂਸਦ ਨਾਮਜ਼ਦ ਕਰ ਦਿੱਤਾ ਜਾਂਦਾ ਹੈ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਦਾ ਹੈ। ਸਿਆਲਕੋਟ ਤੋਂ ਇਥੇ ਆਏ ਠੱਕਰ ਸਪਾਲ ਨੇ ਇਕ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਅਸੀਂ ਆਪਣੇ ਕਿਸੇ ਸਬੰਧੀ ਦਾ ਅੰਤਿਮ ਸਸਕਾਰ ਕਰ ਰਹੇ ਸੀ , ਇਸ ਦੌਰਾਨ ਕੁੱਝ ਲੋਕ ਮੌਕੇ ‘ਤੇ ਪਹੁੰਚੇ ਅਤੇ ਇੱਟਾਂ ਅਤੇ ਪੱਥਰ ਮਾਰ ਕੇ ਚਿਤਾ ਦੀ ਅੱਗ ਬੁਝਾ ਦਿੱਤੀ ਅਤੇ ਅੱਧ ਸੜੀ ਲਾਸ਼ ਨੂੰ ਘੜੀਸਦੇ ਹੋਏ ਲੈ ਗਏ ਅਤੇ ਉਸਨੂੰ ਨਾਲੇ ਵਿਚ ਸੁੱਟ ਦਿੱਤਾ। ਸਪਾਲ ਨੇ ਕਿਹਾ ਕਿ ਹਿੰਦੂ ਅਤੇ ਸਿੱਖਾਂ ਲਈ ਉਥੇ ਸ਼ਮਸ਼ਾਨਘਾਟ ਨਹੀਂ ਹਨ, ਜੋ ਹਨ ਉਹ ਤਕਰੀਬਨ 300 ਤੋਂ 400 ਕਿਲੋਮੀਟਰ ਦੂਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਿੰਦੂਆਂ ਦੀ ਗੱਲ ਛੱਡੋ, ਜਿੰਨੀ ਆਜ਼ਾਦੀ ਭਾਰਤ ਵਿਚ ਮੁਸਲਮਾਨਾਂ ਨੂੰ ਹੈ ਉਨੀ ਆਜ਼ਾਦੀ ਤਾਂ ਪਾਕਿਸਤਾਨ ਵਿਚ ਮੁਸਲਮਾਨਾਂ ਨੂੰ ਵੀ ਨਹੀਂ ਹੈ। ਸਿਆਲਕੋਟ ਤੋਂ ਹੀ ਆਏ ਬੋਆਦਿੱਤਾ ਮੱਲ ਨੇ ਕਿਹਾ ਕਿ ਸਥਾਨਕ ਲੋਕ ਸਾਡੇ ਧਾਰਮਿਕ ਸਮਾਗਮਾਂ ਵਿਚ ਵਿਘਨ ਪਾਉਂਦੇ ਹਨ ਅਤੇ ਸਾਡਾ ਮਜ਼ਾਕ ਉਡਾਉਂਦੇ ਹਨ। ਉਹ ਸਾਡੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸੁੱਟ ਦਿੰਦੇ ਹਨ ਅਤੇ ਸਾਨੂੰ ਧਮਕਾਉਂਦੇ ਹਨ ਕਿ ਅੱਗੋਂ ਅਜਿਹਾ ਨਹੀਂ ਹੋਣਾ ਚਾਹੀਦਾ। ਵਿਰੋਧ ਕਰਨ ‘ਤੇ ਸਾਡੀ ਕੁੱਟਮਾਰ ਕਰਦੇ ਹਨ।
 
Top