ਜਾਪਿਆ, ਜਿਵੇਂ ਮੈਂ ਹੀ ਹਾਂ

ਬ੍ਰਿਟਿਸ਼ ਭਾਰਤੀ ਮਾਡਲ ਅਤੇ ਅਦਾਕਾਰਾ ਪ੍ਰੀਤੀ ਦੇਸਾਈ ਨੂੰ ਸਾਲ 2006 ‘ਚ ‘ਮਿਸ ਗ੍ਰੇਟ ਬ੍ਰਿਟੇਨ’ ਦੇ ਖਿਤਾਬ ਨਾਲ ਨਿਵਾਜਿਆ ਗਿਆ ਸੀ। ਉਸ ਦੀ ਚਰਚਾ ਉਸ ਵੇਲੇ ਵਧੇਰੇ ਹੋਈ, ਜਦੋਂ ਉਸ ਦਾ ਨਾਂ ਅਭੈ ਦਿਓਲ ਨਾਲ ਜੋੜਿਆ ਗਿਆ। ਆਉਣ ਵਾਲੇ ਦਿਨਾਂ’ਚ ਉਹ ਤੁਸ਼ਾਰ ਕਪੂਰ ਨਾਲ ਫਿਲਮ ‘ਸ਼ੋਰ ਇਨ ਦਿ ਸਿਟੀ’ ‘ਚ ਨਜ਼ਰ ਆਏਗੀ। ਪੇਸ਼ ਹਨ ਉਸ ਨਾਲ ਇਕ ਗੱਲਬਾਤ ਦੇ ਮੁੱਖ ਅੰਸ਼ :
ਤੁਹਾਨੂੰ ‘ਸ਼ੋਰ ਇਨ ਦਿ ਸਿਟੀ’ ਕਿਵੇਂ ਮਿਲੀ?
¸ ‘ਮਿਸ ਗ੍ਰੇਟ ਬ੍ਰਿਟੇਨ’ ਬਣਨ ਪਿੱਛੋਂ ਫਿਲਮਾਂ ਅਤੇ ਮਾਡਲਿੰਗ ਦੀਆਂ ਕਈ ਪੇਸ਼ਕਸ਼ਾਂ ਮਿਲੀਆਂ। ਮੈਂ ਬਸ ਇੰਨਾ ਸੋਚਿਆ ਸੀ ਕਿ ਮੁੰਬਈ ਚੱਲਦੀ ਹਾਂ ਅਤੇ ਦੇਖਦੀ ਹਾਂ ਕਿ ਕੀ ਹੁੰਦਾ ਹੈ।
ਇਸ ਫਿਲਮ ਦੀ ਕਹਾਣੀ ਕੀ ਹੈ?
¸ਫਿਲਮ ‘ਚ ਤਿੰਨ ਸਮਾਨਾਂਤਰ ਕਹਾਣੀਆਂ ਚੱਲਦੀਆਂ ਹਨ। ਇਕ ਕਹਾਣੀ ‘ਚ ਮੇਰੀ ਜੋੜੀ ਸੇਂਧਿਲ ਨਾਲ ਬਣਾਈ ਗਈ ਹੈ। ਮੇਰਾ ਕੰਮ ਮਾਡਲਿੰਗ ਵਾਲਾ ਰਿਹਾ ਹੈ, ਇਸ ਲਈ ਫਿਲਮ ਮੇਰੇ ਲਈ ਨਵੀਂ ਗੱਲ ਸੀ। ਬਹੁਤ ਹੀ ਮਜ਼ਾ ਆਇਆ। ਮੇਰਾ ਕਿਰਦਾਰ ਇਕ ਸ਼ਰਮੀਲੀ ਕੁੜੀ ਦਾ ਹੈ। ਮੇਰੇ ਨਿਰਦੇਸ਼ਕ ਦਾ ਕਹਿਣੈ ਕਿ ‘ਸ਼ੋਰ’ ਵਿਚਾਲੇ ਮੁੰਬਈ ਦਾ ਇਹੀ ਖੂਬਸੂਰਤ ਚਿਹਰਾ ਹੈ। ਉਹ ਬਹੁਤ ਰਿਅਲਿਸਟਿਕ ਅਤੇ ਸਹਿਜ ਹੈ। ਮੈਨੂੰ ਲੱਗਾ ਕਿ ਜਿਵੇਂ ਮੈਂ ਆਪਣੀ ਹੀ ਭੂਮਿਕਾ ਨਿਭਾ ਰਹੀ ਹਾਂ।
ਇਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ‘ਸ਼ੋਰ’ ਤੋਂ ਤੁਹਾਨੂੰ ਨਫਰਤ ਹੈ, ਦੂਜੇ ਪਾਸੇ ਤੁਸੀਂ ਖੁਦ ‘ਸ਼ੋਰ’ ਕਰ ਰਹੇ ਹੋ?
¸ਤੁਸੀਂ ਘਰ ਬੈਠੇ ਹੋ ਅਤੇ ਮਸ਼ੀਨਾਂ ਦੀਆਂ ਠੱਕ-ਠੱਕ ਆਵਾਜ਼ਾਂ ਆ ਰਹੀਆਂ ਹਨ, ਨਿਰਮਾਣ ਕੰਮ ਦਾ ਰੌਲਾ ਪੈ ਰਿਹਾ ਹੈ। ਮੈਨੂੰ ਇਸ ਕਿਸਮ ਦਾ ਰੌਲਾ ਪਸੰਦ ਨਹੀਂ। ਮੈਨੂੰ ਜਸ਼ਨ ਮਨਾਉਣ ਅਤੇ ਪਾਰਟੀਆਂ ਵਾਲਾ ਸ਼ੋਰ ਪਸੰਦ ਹੈ।
ਤੁਸੀਂ ਇੰਗਲੈਂਡ ਤੋਂ ਹੋ। ਫਿਲਮ ‘ਚ ਸਾਰੇ ਸੰਵਾਦ ਹਿੰਦੀ ‘ਚ ਬੋਲਣੇ ਸਨ। ਭਾਸ਼ਾ ‘ਚ ਕੋਈ ਮੁਸ਼ਕਿਲ ਨਹੀਂ ਆਈ?
¸ ਇਸ ਫਿਲਮ ‘ਚ ਮੇਰਾ ਕੋਈ ਵੀ ਸੰਵਾਦ ਹਿੰਦੀ ‘ਚ ਨਹੀਂ ਹੈ। ਸੇਂਧਿਲ ਅਤੇ ਮੇਰੇ ਹਿੱਸੇ ਅੰਗਰੇਜ਼ੀ ਦੇ ਸੰਵਾਦ ਹਨ। ਮੇਰੀ ਸ਼ੁਰੂਆਤੀ ਭਾਸ਼ਾ ਗੁਜਰਾਤੀ ਅਤੇ ਫਿਰ ਹਿੰਦੀ ਰਹੀ ਹੈ। ਮੈਂ ਸਭ ਤੋਂ ਪਹਿਲਾਂ ਗੁਜਰਾਤੀ ‘ਚ ਗੱਲ ਕਰਨੀ ਸਿੱਖੀ ਸੀ, ਫਿਰ ਹਿੰਦੀ ‘ਚ ਹੱਥ ਅਜ਼ਮਾਇਆ। ਮੇਰੀ ਹਿੰਦੀ ‘ਚ ਗੁਜਰਾਤੀ ਦਾ ਲਹਿਜਾ ਸਾਫ ਝਲਕਦਾ ਹੈ, ਜਿਸ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹਾਂ।
ਸੁਣਨ ‘ਚ ਆਇਆ ਸੀ ਕਿ ਫਿਲਮ ਦੇ ਪ੍ਰੋਮੋਜ਼ ਦੀ ਰਿਲੀਜ਼ ਤੋਂ ਪਹਿਲਾਂ ਹੀ ਤੁਹਾਡੀ ਮੰਗਣੀ ਅਭੈ ਦਿਓਲ ਨਾਲ ਹੋ ਚੁੱਕੀ ਸੀ?
¸ਦੇਖੋ, ਮੈਂ ਕੁਝ ਨਹੀਂ ਕਹਾਂਗੀ। ਮੈਂ ਇਹੋ ਜਿਹੀਆਂ ਗੱਲਾਂ ਨੂੰ ਸਿਰਫ ਚਸਕਾ ਹੀ ਸਮਝਦੀ ਹਾਂ।
ਪਹਿਲੀ ਵਾਰ ਮੁੰਬਈ ਆਉਣ ‘ਤੇ ਕਿਵੇਂ ਮਹਿਸੂਸ ਹੋਇਆ?
¸ਮੈਂ ਬਹੁਤ ਭਾਵੁਕ ਹੋ ਗਈ ਸੀ। ਮੈਂ ਇਸ ਤੋਂ ਪਹਿਲਾਂ ਵੀ ਭਾਰਤ ਆਉਂਦੀ-ਜਾਂਦੀ ਰਹੀ ਹਾਂ ਪਰ ਇਸ ਵਾਰ ਆਉਣਾ ਕੁਝ ਵੱਖਰਾ ਹੀ ਸੀ। ਮੈਨੂੰ ਲੱਗਾ ਕਿ ਇਹ ਮੇਰੀ ਜਨਮ ਭੂਮੀ ਹੈ। ਮੈਂ ਹਿੰਦੀ ਫਿਲਮਾਂ ਦੇਖ-ਦੇਖ ਕੇ ਹੀ ਵੱਡੀ ਹੋਈ ਹਾਂ ਅਤੇ ਭਾਰਤ ਨਾਲ ਮੇਰਾ ਲਗਾਅ ਇਨ੍ਹਾਂ ਦੀ ਬਦੌਲਤ ਹੀ ਬਣਿਆ ਹੈ। ਹੁਣ ਇਸੇ ਨਗਰੀ ਨਾਲ ਜੁੜ ਰਹੀ ਹਾਂ। ਮੇਰੇ ਮਾਤਾ-ਪਿਤਾ, ਮੇਰੀ ਭੈਣ, ਮੇਰਾ ਡੌਗੀ ਅਤੇ ਮੇਰੇ ਸਾਰੇ ਦੋਸਤਾਂ ਨੂੰ ਛੱਡ ਕੇ ਇਥੇ ਆਉਣਾ ਥੋੜ੍ਹਾ ਡਰਾ ਵੀ ਰਿਹਾ ਸੀ। ਮੇਰੇ ਲਈ ਹੀ ਮੇਰੀ ਮਾਂ ਮੁੰਬਈ ਆਈ ਅਤੇ ‘ਥੇਪਲਾ’ ਬਣਾ ਕੇ ਮੈਨੂੰ ਖੁਆਇਆ।
ਸੁਣਿਐ ਕਿ ਸੇਂਧਿਲ ਅਤੇ ਤੁਹਾਡੇ ਵਿਚਾਲੇ ਕੁਝ ਅੰਦਰੂਨੀ ਦ੍ਰਿਸ਼ਾਂ ਨੂੰ ਲੈ ਕੇ ਤੁਸੀਂ ਪ੍ਰੇਸ਼ਾਨ ਸੀ?
¸ਮੈਨੂੰ ਲੱਗਦੈ ਕਿ ਲੋਕਾਂ ਨੂੰ ਖੁਦ ਇਹ ਫੈਸਲਾ ਲੈਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਉਹ ਕੀ ਦੇਖਣਾ ਚਾਹੁੰਦੇ ਹਨ। ਜੇਕਰ ਸੈਂਸਰ ਬੋਰਡ ਨੂੰ ਸੀਨ ਵਧੇਰੇ ਹੌਟ ਲੱਗਦੇ ਹਨ ਤਾਂ ਉਹ ਉਨ੍ਹਾਂ ਨੂੰ ਦਿਖਾਉਣ ਦੀ ਇਜਾਜ਼ਤ ਨਾ ਦੇਵੇ। ਮੇਰੇ ‘ਤੇ ਫਿਲਮਾਏ ਗਏ ਦ੍ਰਿਸ਼ਾਂ ਤੋਂ ਮੈਨੂੰ ਕੋਈ ਸਮੱਸਿਆ ਨਹੀਂ ਸੀ।
ਕਿੰਗਫਿਸ਼ਰ ਕੈਲੰਡਰ ‘ਤੇ ਤੁਹਾਨੂੰ ਦੇਖ ਕੇ ਤੁਹਾਡੇ ਮਾਤਾ-ਪਿਤਾ ਦੀ ਕੀ ਪ੍ਰਤੀਕਿਰਿਆ ਸੀ?
¸ਮੇਰੀ ਮਾਂ ਉਹ ਪਹਿਲੀ ਔਰਤ ਸੀ, ਜਿਨ੍ਹਾਂ ਨੇ ਲੋਕਾਂ ਨੂੰ ਖੁਦ ਕਿਹਾ ਕਿ ਮੇਰੀ ਬੇਟੀ ਕਿੰਗਫਿਸ਼ਰ ਕੈਲੰਡਰ ‘ਤੇ ਆਈ ਹੈ।
ਕੀ ਤੁਸੀਂ ਮੰਨਦੇ ਹੋ ਕਿ ‘ਸ਼ੋਰ…’ ਤੁਹਾਡੇ ਲਈ ਇਕ ਚੰਗੀ ਸ਼ੁਰੂਆਤ ਹੈ?
¸ ‘ਸ਼ੋਰ…’ ਮੇਰੇ ਲਈ ਇਕ ਪ੍ਰਯੋਗਵਾਦੀ ਭੂਮਿਕਾ ਹੈ। ਮੇਰੇ ਬਹੁਤੇ ਸੀਨ ਨਹੀਂ ਹਨ ਪਰ ਫਿਲਮਾਂ ‘ਚ ਆਉਣ ਲਈ ਇਹ ਇਕ ਚੰਗਾ ਕਦਮ ਹੈ। ਉਂਝ ਮੈਂ ਮਾਡਲਿੰਗ ਨਾਲ ਵੀ ਖੁਸ਼ ਹਾਂ।
 
Top