ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਵੱਲੋਂ ਭੋਲਾ

[JUGRAJ SINGH]

Prime VIP
Staff member
ਹਵਾਲਾ ਕਾਰੋਬਾਰ ਤੇ ਸਿਆਸੀ ਪਾਰਟੀਆਂ ਨੂੰ ਫੰਡ ਦੇਣ ਬਾਰੇ ਤੈਹਾਂ ਫਰੋਲਣ ਦੀ ਚਰਚਾ
ਚੰਡੀਗੜ੍ਹ, 23 ਜਨਵਰੀ (ਨੀਲ ਭਲਿੰਦਰ ਸਿੰਘ)-ਨਸ਼ਾ ਤਸਕਰ ਜਗਦੀਸ਼ ਭੋਲਾ ਦਾ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਕ ਦਿਨਾਂ ਰਿਮਾਂਡ ਹਾਸਿਲ ਕਰਕੇ ਆਪਣੇ ਚੰਡੀਗੜ੍ਹ ਦੇ ਸੈਕਟਰ 18 ਸਥਿਤ ਖੇਤਰੀ ਦਫ਼ਤਰ ਵਿਚ ਦੇਰ ਰਾਤ ਤੱਕ ਪੁੱਛਗਿੱਛ ਕੀਤੀ | ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪਟਿਆਲਾ ਦੀ ਇੱਕ ਅਦਾਲਤ ਕੋਲੋਂ ਭੋਲਾ ਦਾ 7 ਦਿਨਾਂ ਰਿਮਾਂਡ ਮੰਗਿਆ ਗਿਆ ਸੀ ਤਾਂ ਜੋ ਨਸ਼ਾ ਤਸਕਰੀ ਵਿੱਚ ਪ੍ਰਵਾਸੀ ਭਾਰਤੀਆਂ ਦੀ ਸ਼ਮੂਲੀਅਤ, ਨਸ਼ਾ ਕਾਰੋਬਾਰ 'ਚ ਹਜ਼ਾਰਾਂ ਕਰੋੜ ਰੁਪਏ ਦਾ ਲੈਣ ਦੇਣ ਅਤੇ ਇਸ ਕਾਲੇ ਧਨ ਨੂੰ ਜਾਇਜ਼ ਬਣਾਉਣ ਲਈ ਵਰਤੇ ਜਾਂਦੇ ਹਰਬਿਆਂ ਆਦਿ ਨੂੰ ਉਜਾਗਰ ਕਰਨ ਲਈ ਤਸੱਲੀ ਨਾਲ ਪੁੱਛਗਿੱਛ ਕੀਤੀ ਜਾ ਸਕੇ | ਪਰ ਡਾਇਰੈਕਟੋਰੇਟ ਨੂੰ ਹਾਲ ਦੀ ਘੜੀ ਇਕ ਦਿਨਾਂ ਰਿਮਾਂਡ ਹੀ ਮਿਲਣ ਕਾਰਨ ਪੂਰਾ ਸਬੰਧਿਤ ਅਮਲਾ ਫੌਰੀ ਹਰਕਤ ਵਿਚ ਆ ਗਿਆ | ਪਹਿਲਾਂ ਭੋਲਾ ਨੂੰ ਪੁੱਛਗਿੱਛ ਲਈ ਜਲੰਧਰ ਲਿਜਾਣ ਦੀ ਵੀ ਜਾਣਕਾਰੀ ਮਿਲੀ ਸੀ, ਪਰ ਸੂਤਰਾਂ ਮੁਤਾਬਿਕ ਇਕ ਦਿਨ ਦਾ ਰਿਮਾਂਡ ਭਲਕੇ ਬਾਅਦ ਦੁਪਹਿਰ 2 ਵਜੇ ਹੀ ਖ਼ਤਮ ਹੋਣ ਦੀ ਸੂਰਤ ਵਿਚ ਉਸ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਸ਼ਾਮ 4 ਵਜੇ ਦੇ ਕਰੀਬ ਚੰਡੀਗੜ੍ਹ ਖੇਤਰੀ ਦਫ਼ਤਰ ਲੈ ਆਂਦਾ ਗਿਆ, ਜਿੱਥੇ ਕਿ ਨਵੀਂ ਦਿੱਲੀ ਤੋਂ ਵੀ ਡਾਇਰੈਕਟੋਰੇਟ ਦੀ ਇਕ ਉੱਚ ਪੱਧਰੀ ਟੀਮ ਪਹੁੰਚੀ ਹੋਣ ਦੀ ਸੂਚਨਾ ਮਿਲੀ ਹੈ | ਖ਼ਬਰ ਲਿਖੇ ਜਾਣ ਤੱਕ ਭੋਲਾ ਤੋਂ ਪੁੱਛਗਿੱਛ ਜਾਰੀ ਸੀ | ਭੋਲਾ ਦੀ ਗਿ੍ਫਤਾਰੀ ਤੋਂ ਕਰੀਬ 2 ਮਹੀਨੇ ਮਗਰੋਂ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਹਵਾਲੇ ਕੀਤਾ ਗਿਆ ਹੈ, ਜਦਕਿ ਡਾਇਰੈਕਟੋਰੇਟ ਵੱਲੋਂ ਇਸ 6 ਹਜ਼ਾਰ ਕਰੋੜ ਰੁਪਏ ਦੇ ਦੱਸੇ ਜਾ ਰਹੇ ਭੋਲਾ ਦੇ ਨਸ਼ਾ ਤੰਤਰ ਅਤੇ ਇਸ ਵਿਚ 3 ਦਰਜਨ ਦੇ ਕਰੀਬ ਸ਼ੱਕੀ ਪ੍ਰਵਾਸੀ ਭਾਰਤੀਆਂ ਦੇ ਨਾਂਅ ਉਜਾਗਰ ਹੋਣ, ਭੋਲਾ ਅਤੇ ਇਸ ਕੇਸ ਦੇ ਢਾਈ ਦਰਜਨ ਦੇ ਕਰੀਬ ਹੋਰਨਾਂ ਦੋਸ਼ੀਆਂ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਖਾਸ ਕਰਕੇ ਦਿੱਲੀ, ਮੁੰਬਈ, ਪੰਜਾਬ, ਹਰਿਆਣਾ, ਰਾਜਸਥਾਨ, ਹੈਦਰਾਬਾਦ ਆਦਿ ਵਿਚ ਕਰੋੜਾਂ ਰੁਪਏ ਦੀਆਂ ਬੇਨਾਮੀ ਜਾਇਦਾਦਾਂ ਬਣਾਈਆਂ ਹੋਣ ਦੇ ਖੁਲਾਸੇ ਅਤੇ ਇਸ ਕੇਸ ਦੇ ਮੁੱਖ ਦੋਸ਼ੀ ਭੋਲਾ ਦੇ ਸਿਆਸੀ ਪਾਰਟੀਆਂ ਖਾਸ ਕਰ ਕੁਝ ਚੋਟੀ ਦੇ ਸਿਆਸਤਦਾਨਾਂ ਦੇ ਨਾਲ ਸਬੰਧ ਰਹੇ ਹੋਣ ਦੇ ਚਰਚਿਆਂ ਆਦਿ ਦੇ ਮੱਦੇ ਨਜ਼ਰ ਉਸ ਕੋਲੋਂ ਮੁਸ਼ਤੈਦੀ ਨਾਲ ਪੁੱਛਗਿੱਛ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ | ਭੋਲਾ ਦੇ ਅੱਜ ਦੇ ਰਿਮਾਂਡ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਉਸ ਕੋਲੋਂ ਗਹੁ ਨਾਲ ਕੀਤੀ ਜਾ ਰਹੀ ਪੁੱਛਗਿੱਛ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਮੁਹਾਲੀ ਅਦਾਲਤ ਵਿਚ ਉਸ ਦੀ ਪੇਸ਼ੀ ਦੌਰਾਨ ਉਸ ਵੱਲੋਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ 'ਤੇ ਵੀ ਨਸ਼ਾ ਕਾਰੋਬਾਰ 'ਚ ਸ਼ਾਮਿਲ ਹੋਣ ਦੇ ਲਾਏ ਗਏ ਦੋਸ਼ਾਂ ਮਗਰੋਂ ਪੰਜਾਬ ਪੁਲਿਸ ਉਸ ਨੂੰ ਲਗਾਤਾਰ ਆਪਣੇ ਰਿਮਾਂਡ 'ਚ ਰੱਖੀ ਬੈਠੀ ਹੈ ਅਤੇ ਇਸ ਦੌਰਾਨ ਉਸ ਨੂੰ ਮੀਡੀਆ ਤੋਂ ਵੀ ਬਿਲਕੁਲ ਪਰੇ ਰੱਖਿਆ ਹੋਇਆ ਹੈ ਪਰ ਉਸ ਦਿਨ ਮਗਰੋਂ ਅੱਜ ਕਿਤੇ ਜਾ ਕੇ ਉਹ ਕੁਝ ਹੱਦ ਤੱਕ ਪੰਜਾਬ ਪੁਲਿਸ ਦੇ ਘੇਰੇ 'ਚੋਂ ਬਾਹਰ ਆਇਆ ਹੈ | ਇਹ ਵੀ ਕਿਆਸ ਲਗਾਇਆ ਜਾ ਰਿਹਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਸ਼ੁੱਕਰਵਾਰ ਬਾਅਦ ਦੁਪਹਿਰ 2 ਵਜੇ ਤੱਕ ਕੀਤੀ ਜਾਣ ਵਾਲੀ ਪੁੱਛਗਿੱਛ ਦੌਰਾਨ ਉਸ ਵੱਲੋਂ ਆਪਣਾ ਕਾਲਾ ਧਨ ਕਿਸੇ ਸਿਆਸੀ ਧਿਰ ਨੂੰ ਪਾਰਟੀ ਫੰਡ ਜਾਂ ਕਿਸੇ ਹੋਰ ਢੰਗ ਤਰੀਕੇ ਖਪਾਇਆ ਹੋਣ ਦਾ ਖੁਲਾਸਾ ਕਰ ਦਿੱਤਾ ਜਾਂਦਾ ਹੈ ਤਾਂ ਪੰਜਾਬ 'ਚ ਮੌਜੂਦਾ ਸੱਤਾਧਾਰੀ ਪਾਰਟੀ ਜ਼ਰੂਰ ਕਿਸੇ ਨਾ ਕਿਸੇ ਸੰਕਟ ਵਿਚ ਆ ਸਕਦੀ ਹੈ |
 
Top