dr jagtar singh ji de gazal

ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ !
ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਵੇਖ ਜੇਰਾ !
ਪੱਥਰ ਤੇ ਨਕਸ਼ ਹਾਂ ਮੈਂ ਮਿੱਟੀ ਤੇ ਤਾਂ ਨਹੀਂ ਹਾਂ
ਜਿੰਨਾ ਕਿਸੇ ਮਿਟਾਇਆ ਹੁੰਦਾ ਗਿਆ ਡੂੰਘੇਰਾ !
ਕਿੰਨੀ ਕੁ ਦੇਰ ਆਖਿਰ ਧਰਤੀ ਹਨੇਰ ਜਰਦੀ ,
ਕਿੰਨੀ ਕੁ ਦੇਰ ਰਹਿੰਦਾ ਖਾਮੋਸ਼ ਖੂਨ ਮੇਰਾ !
ਇਤਿਹਾਸ ਦੇ ਵਰਕ ਤੇ ਤੇ ਵਕ਼ਤ ਦੇ ਪਰਾਂ ਤੇ ,
ਉਂਗਲਾਂ ਡੁਬੋ ਲਹੂ ਵਿੱਚ ਲਿਖਿਆ ਏ ਨਾਮ ਤੇਰਾ !
ਹਰ ਕਾਲ ਕੋਠੜੀ ਵਿੱਚ ਤੇਰਾ ਏ ਜ਼ਿਕਰ ਏਦਾਂ ,
ਗਰਾਂ ਚ ਚਾਂਦਨੀ ਦਾ ਹੋਵੇ ਜਿਵੇਂ ਬਸੇਰਾ !
ਆ ਆ ਕੇ ਯਾਦ ਤੇਰੀ ਜੰਗਲ ਗਮਾਂ ਦਾ ਚੀਰੇ ,
ਜੁਗਨੂੰ ਹੈ ਚੀਰ ਜਾਂਦਾ ਜਿਓ ਰਾਤ ਦਾ ਹਨੇਰਾ !
ਪੈਰਾਂ ਚ ਬੇੜੀਆਂ ਨੇ ਨਚਦੇ ਨੇ ਲੋਕ ਫਿਰ ਵੀ ,
ਕਿਓਂ ਵੇਖ ਵੇਖ ਉੱਡਦਾ ਚੇਹਰੇ ਦਾ ਰੰਗ ਤੇਰਾ !
ਮੇਰੇ ਵੀ ਪੈਰ ਚੁਮ ਕੇ ਇੱਕ ਦਿਨ ਕਹੇਗੀ ਬੇੜੀ ,
ਸਭ ਸ਼ੁਕਰ ਹੈ ਕੇ ਆਇਆ ਮੇਹਬੂਬ ਅੰਤ ਮੇਰਾ
 
Top