ਹੈਰਾਨ ਪਰੇਸ਼ਾਨ

Dhillon

Dhillon Sa'aB™
Staff member
ਮੁੱਛਾਂ ਦਾ ਕੁੰਢੀਆ ਹੋ ਜਾਣਾ,
ਸੋਚਾਂ ਦਾ ਖੁੰਢੀਆ ਹੋ ਜਾਣਾ,
ਪੈਟਾਂ ਦਾ ਉੱਚੀਆਂ ਹੋ ਜਾਣਾ,
ਨਜ਼ਰਾਂ ਦਾ ਲੁੱਚੀਆ ਹੋ ਜਾਣਾ,
ਹੈਰਾਨ ਹੀ ਨਹੀਂ,ਪਰੇਸ਼ਾਨ ਵੀ ਕਰਦਾ।।।।

ਆਪਣੀ ਭਾਸ਼ਾ,ਸਭਿਆਚਾਰ ਨੂੰ ਛੱਡਦੇ ਜਾਣਾ,
ਨੈਤਿਕਤਾ ਨੂੰ ਨਿੱਤਨੇਮ'ਚੋਂ ਨਿੱਤ ਕੱਢਦੇ ਜਾਣਾ,
ਤਰੱਕੀ ਦੀ ਹੋੜ ਵਿੱਚ ਬਿਰਖ਼ਾਂ ਨੂੰ ਵੱਢਦੇ ਜਾਣਾ,
ਹੈਰਾਨ ਹੀ ਨਹੀਂ,ਪਰੇਸ਼ਾਨ ਵੀ ਕਰਦਾ।।।।

ਮੁਹੱਬਤ ਹੁੰਦਿਆਂ ਵੀ ਮੁਹੱਬਤ ਨਾ ਕਰਨਾ,
ਜਿੱਤੀ ਹੋਈ ਬਾਜ਼ੀ ਜਾਣ ਬੁੱਝ ਕੇ ਹਰਨਾ,
ਉੱਲੂਆ ਦੀ ਮਹਿਫ਼ਲ ਵਿੱਚ,ਪਪੀਹੇ ਦਾ ਹਾਮੀ ਭਰਨਾ,
ਹੈਰਾਨ ਹੀ ਨਹੀ,ਪਰੇਸ਼ਾਨ ਵੀ ਕਰਦਾ।।।।।

ਰਿਸ਼ਤਿਆਂ ਵਿੱਚੋਂ ਪਿਆਰ ਮੁੱਕ ਜਾਣਾ,
ਬੋਲਣ ਦਾ ਵੀ ਅਧਿਕਾਰ ਮੁੱਕ ਜਾਣਾ,
ਸਮਝ,ਸਲੀਕੇ,ਸਤਿਕਾਰ ਮੁੱਕ ਜਾਣਾ,
ਹੈਰਾਨ ਹੀ ਨਹੀਂ,ਪਰੇਸ਼ਾਨ ਵੀ ਕਰਦਾ।।।।

ਧਰਮ ਦੀ ਆੜ ਵਿੱਚ ਸ਼ਰਮ ਗੁਵਾ ਦੇਣਾ,
ਸ਼ਕਤੀ ਦੇ ਨਾਂ ਉੱਤੇ ਸ਼ਰਧਾ ਬਾਂਝ ਬਣਾ ਦੇਣਾ,
ਅਲਖ ਜਗਾਉਂਦਿਆ,ਅਣਖ ਮੁਕਾ ਦੇਣਾ,
ਹੈਰਾਨ ਹੀ ਨਹੀ,ਪਰੇਸ਼ਾਨ ਵੀ ਕਰਦਾ।।।।।।

ਸੱਚ ਦਾ ਖ਼ਾਮੋਸ਼ੀ ਨਾਲ ਭਰ ਜਾਣਾ,
ਜਬਰ-ਜ਼ੁਲਮ ਸਭ ਸਹਿਣ ਕਰ ਜਾਣਾ,
ਮਰਨ ਦੇ ਡਰੋ,ਜ਼ਿੰਦਗੀ ਤੋਂ ਡਰ ਜਾਣਾ,
ਹੈਰਾਨ ਹੀ ਨਹੀਂ,ਪਰੇਸ਼ਾਨ ਵੀ ਕਰਦਾ।।।।।

ਸਮਝਣ-ਸਮਝਾਉਣ ਬਿਨ ਅੱਖਰ ਰਟਾਉਣ ਲੱਗ ਜਾਣਾ,
ਗ੍ਰੰਥਾਂ ਨੂੰ ਵਿਚਾਰਨ ਦੀ ਥਾਂ ਰੁਮਾਲੇ ਚੜਾਉਣ ਲੱਗ ਜਾਣਾ,
ਮੱਥੇ ਲਾਉਣ ਵਾਲਿਆਂ ਦਾ ਮੱਥੇ ਘਸਾਉਣ ਲੱਗ ਜਾਣਾ,
ਹੈਰਾਨ ਹੀ ਨਹੀਂ,ਪਰੇਸ਼ਾਨ ਵੀ ਕਰਦਾ।।।।।।

ਅਮਰੀਕ ਪਾਠਕ
 
Top