ਸੱਚੀ ਪੁਕਾਰ

BaBBu

Prime VIP
ਸਾਰੀ ਖ਼ਲਕ ਖ਼ੁਦਾਇ ਬੇਦਾਰ ਬੈਠੀ, ਸੁੱਤਾ ਜਾਗਦਾ ਤੂੰ ਹਿੰਦੋਸਤਾਨ ਕਿਉਂ ਨੀ ।
ਪਾਟੇ ਕਪੜੇ ਜਿਸਮ ਕਮਜ਼ੋਰ ਹੋਇਆ, ਜੁਸੇ ਜੋਸ਼ ਤੇ ਜਿਗਰ ਦਾ ਤਾਣ ਕਿਉਂ ਨੀ ।
ਕਾਲਾ ਚੋਰ ਆਖੇ ਸਾਰਾ ਜਗ ਸਾਨੂੰ, ਸੁਖੀ ਵਸਦੀ ਤੇਰੀ ਸੰਤਾਨ ਕਿਉਂ ਨੀ ।
ਨਾ ਓਹ ਰੰਗ ਤੇਰਾ ਨਾ ਓਹ ਰੂਪ ਤੇਰਾ, ਨਾ ਉਹ ਸ਼ਾਨ ਤੇ ਨਾਲੇ ਗੁਮਾਨ ਕਿਉਂ ਨੀ ।
ਨਾ ਓਹ ਇਲਮ ਅਖ਼ਲਾਕ ਨਾ ਧਨ ਦੌਲਤ, ਰਾਜ ਯੋਗ ਤੇ ਧਰਮ ਦਾ ਗਿਆਨ ਕਿਉਂ ਨੀ ।
ਕਾਲੀ ਦਾਸ ਪੰਡਤ ਰਾਜਾ ਭੋਜ ਧਰਮੀ, ਅਰਜਨ ਭੀਮ ਜੈਸੇ ਬਲਵਾਨ ਕਿਉਂ ਨੀ ।
ਨਾ ਇਹ ਹਿੰਦ ਵਾਸੀ ਹਿੰਦੂ ਜੀਂਵਦੇ ਨੇ, ਬੱਚੇ ਗ਼ਾਜ਼ੀਆਂ ਦੇ ਮੁਸਲਮਾਨ ਕਿਉਂ ਨੀ ।
ਜ਼ਾਲਮ ਦੋਹਾਂ ਨੂੰ ਖਾ ਗਿਆ ਪਾੜ ਯਾਰੋ, ਅੰਦਰ ਜ਼ੈਹਰ ਬਣ ਕੇ ਲੈਂਦੇ ਜਾਨ ਕਿਉਂ ਨੀ ।
ਹੁੰਦਾ ਕੈਹਰ ਤੇ ਗ਼ਜ਼ਬ ਦਾ ਜ਼ੁਲਮ ਸਿਰ ਤੇ, ਸਿੱਖੇ ਆਪਣਾ ਵਾਰ ਚਲਾਣ ਕਿਉਂ ਨੀ ।
ਕੁਲੀ ਕੁਲੀ ਪੁਕਾਰਦਾ ਜਗ ਸਾਨੂੰ, ਸਾਡਾ ਝੂਲਦਾ ਕਿਤੇ ਨਿਸ਼ਾਨ ਕਿਉਂ ਨੀ ।
ਲਖਾਂ ਆਣ ਮੁਸੀਬਤਾਂ ਪੇਸ਼ ਪਈਆਂ, ਚਿਤ ਅਸਾਂ ਦੇ ਜ਼ਰਾ ਘਬਰਾਨ ਕਿਉਂ ਨੀ ।
ਸਾਨੂੰ ਜਾਪਦਾ ਹੈ ਅਸੀਂ ਗਏ ਗੁਜ਼ਰੇ, ਸਾਰੇ ਜਗ ਅੰਦਰ ਸਾਡਾ ਮਾਨ ਕਿਉਂ ਨੀ ।
ਮੁਢੋਂ ਪਿਆ ਗ਼ੁਲਾਮੀ ਦਾ ਤੌਕ ਸਾਨੂੰ, ਸੁਪਨੇ ਵਿਚ ਅਜ਼ਾਦੀ ਦਾ ਧਿਆਨ ਕਿਉਂ ਨੀ ।
ਕਿਕੂੰ ਬਚਾਂਗੇ ਸਦਾ ਗ਼ੁਲਾਮ ਰੈਹ ਕੇ, ਸਾਨੂੰ ਰਾਜਨੀਤੀ ਵਾਲਾ ਗਿਆਨ ਕਿਉਂ ਨੀ ।
ਜਿਧਰ ਜਾਂਵਦੇ ਮਾਰ ਦੁਰਕਾਰ ਪੈਂਦੀ, ਕੋਈ ਅਸਾਂ ਉੱਤੇ ਮੇਹਰਬਾਨ ਕਿਉਂ ਨੀ ।
ਮੰਜ਼ਲ ਦੂਰ ਤੇ ਚਾਲ ਮਸਤਾਨਿਆਂ ਦੀ, ਅੱਠੇ ਪੈਹਰ ਹੁੰਦੇ ਗਲਤਾਨ ਕਿਉਂ ਨੀ ।
ਸੁਕਾ ਖ਼ੂਨ ਬਾਕੀ ਪਿਆ ਪਿੰਜਰਾ ਜੇ, ਜਾਕੇ ਫੂਕਦੇ ਵਿਚ ਸ਼ਮਸ਼ਾਨ ਕਿਉਂ ਨੀ ।
ਲਗੀ ਅੱਗ ਤੇ ਜਲੇ ਘਰ ਬਾਰ ਸਾਡਾ, ਉਠਦੇ ਉਸ ਨੂੰ ਅਸੀਂ ਬੁਝਾਨ ਕਿਉਂ ਨੀ ।
ਧਰਤੀ ਵੇਹਲ ਨਾ ਦੇਵੰਦੀ ਗਰਕ ਜਾਈਏ, ਬਿਜਲੀ ਸੁਟਦਾ ਕਿਧਰੋਂ ਅਸਮਾਨ ਕਿਉਂ ਨੀ ।
ਏਸ ਜ਼ਿੰਦਗੀ ਤੋਂ ਸਾਨੂੰ ਮਰਨ ਚੰਗਾ, ਮੌਤ ਕਢਦੀ ਅਸਾਂ ਦੀ ਜਾਨ ਕਿਉਂ ਨੀ ।
ਐਵੇਂ ਵਾਂਗ ਦਿਵਾਨਿਆਂ ਪਏ ਫਿਰਦੇ, ਲਾਉਂਦੇ ਉਠ ਕੇ ਆਪਣਾ ਤਾਨ ਕਿਉਂ ਨੀ ।
ਜਬੀ ਬਾਨ ਲਾਗੇ ਤਬੀ ਰੋਸ ਜਾਗੇ, ਪਰ ਸੀਨੇ ਵਜਦੇ ਅਸਾਂ ਦੇ ਬਾਨ ਕਿਉਂ ਨੀ ।
ਢਾਈ ਟੋਟਰੂ ਖਾ ਗਏ ਖੇਤ ਸਾਡਾ, ਹਿੰਦੋਸਤਾਨ ਦਾ ਕੋਈ ਕਰਸਾਨ ਕਿਉਂ ਨੀ ।
ਬਚੇ ਤੜਫਦੇ ਵਿਦਿਆ ਬਾਝ ਸਾਡੇ, ਕਾਲਜ ਖੁਲਦੇ ਸਦਾ ਵਗਿਆਨ ਕਿਉਂ ਨੀ ।
ਸਾਰਾ ਜਗ ਰੋਸ਼ਨ ਦਿਨ ਰਾਤ ਰੋਸ਼ਨ, ਸਾਡੇ ਜਿਹਾ ਕਿਧਰੇ ਸੁਨ ਸਾਨ ਕਿਉਂ ਨੀ ।
ਜੇ ਕਰ ਸੂਰਮੇ ਅਸੀਂ ਬਲਵਾਨ ਬਨੀਏ, ਖੇਲਨ ਵਾਸਤੇ ਭਲਾ ਮੈਦਾਨ ਕਿਉਂ ਨੀ ।
ਜੇ ਕਰ ਅਸੀਂ ਪਤੰਗ ਦਾ ਰੂਪ ਹੋਈਏ, ਸਾਡਾ ਮੁਲਕ ਯਾਰੋ ਸ਼ਮਾਂਦਾਨ ਕਿਉਂ ਨੀ ।
ਜੇਕਰ ਮਾਪਿਆਂ ਨੂੰ ਪੁਤਰ ਹੈਨ ਪਿਆਰੇ, ਭਾਰਤ ਵਰਸ਼ ਦੀ ਅਸੀਂ ਸੰਤਾਨ ਕਿਉਂ ਨੀ ।
ਜੇਕਰ ਕੰਵਲ ਵਰਗੀ ਸਾਡੀ ਜ਼ਿੰਦਗੀ ਹੈ, ਸੂਰਜ ਵਾਂਗ ਰੋਸ਼ਨ ਹਿੰਦੋਸਤਾਨ ਕਿਉਂ ਨੀ ।
ਲਖਾਂ ਵਿਚ ਸਾਡੇ ਦਗ਼ਾਬਾਜ਼ ਫਿਰਦੇ, ਮਾਰਨ ਕੌਮ, ਮਰਦੇ ਬੇਈਮਾਨ ਕਿਉਂ ਨੀ ।
ਭਾਰਤ ਵਰਸ਼ ਦੇ ਬੀਰ ਬਲਵਾਨ ਬੱਚੇ, ਮਿਸਟ੍ਰ ਤਿਲਕ ਵਰਗੇ ਬੇਗੁਮਾਨ ਕਿਉਂ ਨੀ ।
ਰਿਸ਼ੀ ਆਰਬਿੰਦੋ ਜੰਗਲ ਮੱਲ ਬੈਠੇ, ਹੀਰਾ ਚਮਕਦਾ ਨੂਰ ਇਨਸਾਨ ਕਿਉਂ ਨੀ ।
'ਹਰਦਿਆਲ' ਜਿਥੇ ਹਰਦਿਯਾਲ ਹੋਇਆ, ਪਿਆਰਾ ਯਾਰ 'ਅਜੀਤ' ਕੁਰਬਾਨ ਕਿਉਂ ਨੀ ।
ਸਮਾਂ ਆਵਸੀ ਅੱਖੀਆਂ ਵੇਖ ਲੈਸਨ, ਭਾਰਤ ਏਨ੍ਹਾਂ ਨੂੰ ਕਰੂ ਪਰਵਾਨ ਕਿਉਂ ਨੀ ।
ਜਿਨ੍ਹਾਂ ਵਿਚ ਮੁਸੀਬਤਾਂ ਉਮਰ ਗਾਲੀ, ਬਦਲਾ ਦੇਵੰਦਾ ਤੁਰਤ 'ਭਗਵਾਨ' ਕਿਉਂ ਨੀ ।
ਖੰਡਾ ਸਾਰ ਦਾ ਅਸਾਂ ਤੋਂ ਲੋਪ ਹੋਇਆ, ਬਿਜਲੀ ਲਸ਼ਕਦੀ ਹਥ ਕਰਪਾਨ ਕਿਉਂ ਨੀ ।
ਉਠੋ ਸ਼ੇਰ ਮਰਦੋ ਵੇਲਾ ਸੌਣ ਦਾ ਨਹੀਂ, ਜਾ ਕੇ ਦੇਖਦੇ ਕੁਲ ਜਹਾਨ ਕਿਉਂ ਨੀ ।
ਬੰਦਰ ਬਾਂਟ ਕਰਦਾ ਜ਼ਾਲਮ ਨਾਲ ਸਾਡੇ, ਬੇਈਮਾਨ ਦੀ ਕਢਦੇ ਜਾਨ ਕਿਉਂ ਨੀ ।
ਟਰਕੀ ਅਤੇ ਈਰਾਨ ਨੂੰ ਹਜ਼ਮ ਕੀਤਾ, ਸਮਝੇ ਹਿੰਦ ਵਾਸੀ ਮੁਸਲਮਾਨ ਕਿਉਂ ਨੀ ।
ਬੱਚਾ ਕਲ੍ਹ ਦਾ ਚੀਨ ਹੁਣ ਮਰਨ ਲੱਗਾ, ਸੁਤਾ ਜਾਗਦਾ ਸ਼ੇਰ ਜਾਪਾਨ ਕਿਉਂ ਨੀ ।
ਮੇਰੇ ਬਾਪ ਬਜ਼ੁਰਗ ਦੇ ਖ਼ੂਨ ਜਿਗਰੋ, ਮਿਲੋ ਜਲਦ ਤਾਂ ਮਰੂ ਸ਼ੈਤਾਨ ਕਿਉਂ ਨੀ ।
ਕਰੋ ਆਪ ਹਿੰਮਤ ਕੰਮ ਸੌਰ ਜਾਸੀ, ਪਰੀਤਮ ਪਿਆਰ ਪਾਕੇ ਦਿੰਦਾ ਜਾਨ ਕਿਉਂ ਨੀ ।
 
Top