ਰਾਤੀਂ ਮੈਨੂੰ ਸੁਪਣਾ ਆਇਆ। ਜਮਦੂਤਾਂ ਨੇ ਆਣ ਜਗਾਇਆ।

GöLdie $idhu

Prime VIP
ਰਾਤੀਂ ਮੈਨੂੰ ਸੁਪਣਾ ਆਇਆ।

ਜਮਦੂਤਾਂ ਨੇ ਆਣ ਜਗਾਇਆ।

ਮੈਂ ਪੁੱਛਿਆ ਕਿੰਝ ਹੋਇਆ ਆਣਾ।

ਕਹਿੰਦੇ ਤੈਨੂੰ ਲੈ ਕੇ ਜਾਣਾ।

ਡਰਦੇ ਮਾਰੇ ਉੱਡ ਗਏ ਹੋਸ਼।

ਮੈਂ ਸੁਣ ਕੇ ਜੀ ਹੋ ਗਿਆ ਬੇਹੋਸ਼।

ਉਹਨਾਂ ਨੇ ਮੇਰੇ ਲਾਗੇ ਖੜ੍ਹ ਕੇ।

ਫੇਰ ਉਠਾਇਆ ਧੌਣੋਂ ਫੜ ਕੇ।

ਕਹਿੰਦੇ ਐਂ ਨੀ ਬਣਨੀ ਗੱਲ।

ਬੰਦਿਆ ਉੱਠ ਸਾਡੇ ਨਾਲ ਚੱਲ।

ਆ ਗਈ ਸਾਰੀ ਸਮਝ ਕਹਾਣੀ।

ਲੱਗਦਾ ਮੁੱਕ ਗਿਆ ਆਪਣਾ ਦਾਣਾ ਪਾਣੀ।

ਇਹ ਤਾਂ ਬਈ ਹੁਣ ਜਾਣਗੇ ਲੈ ਕੇ।

ਫੇਰ ਵੀ ਮਾੜਾ ਜਿਹਾ ਵੇਖਾਂ ਕਹਿ ਕੇ।

ਮੈਂ ਹੱਥ ਜੋੜ ਕੇ ਅਰਜ਼ ਗੁਜ਼ਾਰੀ।

ਇਹ ਜਿੰਦਗੀ ਮੈਨੂੰ ਬੜੀ ਪਿਆਰੀ।

ਬਈ ਸਾਰੇ ਕੰਮ ਮੁਕਾਅ ਨੀ ਹੋਏ।

ਪੂਰੇ ਹਾਲੇ ਚਾਅ ਨੀ ਹੋਏ।

ਬਈ ਮੈਨੂੰ ਨਾ ਤੁਸੀਂ ਲੈ ਕੇ ਜਾਓ।

ਜਰਾ ਦਇਆ ਦੇ ਘਰ ਵਿੱਚ ਆਓ।

ਵੇਖੋ ਨਜ਼ਰਾਂ ਮਾਰ ਚੁਫੇਰੇ।

ਆਹ ਫਿਰਦੇ"ਆ ਕਿੰਨੇ ਬੁੱਢੇ-ਠੇਰੇ।

ਇਹਨਾਂ ਚੋਂ ਕੋਈ ਫੜ ਕੇ ਲੈਜੋ।

ਤੁਸੀਂ ਆਪਣੀ ਥਾਂ ਸੱਚੇ ਰਹਿਜੋ।

ਕਹਿੰਦੇ ਚੱਲਣੀ ਨੀ ਚਤੁਰਾਈ।

ਬਈ ਸਾਡੇ ਹੱਥ ਵੀ ਕੁੱਝ ਨੀ ਭਾਈ।

ਇਹਦੇ ਚੋਂ ਅਸੀਂ ਕੁੱਝ ਨੀ ਲੈਣਾ।

ਇਹ ਤਾਂ ਰੱਬ ਦਾ ਹੁਕਮ ਹੈ ਮੰਨਣਾ ਪੈਣਾ।

ਲੱਗ ਗਿਆ ਹੁਣ ਦਿਲ ਨੂੰ ਪਛਤਾਵਾ।

ਛੱਡਣਾ ਪਊ ਦੁਨੀਆ ਦਾ ਦਾਵਾ।

ਪੈਲੀ, ਕੁਰਸੀ, ਕੋਠੀ, ਕਾਰ।

ਧੀਆਂ, ਪੁੱਤਰ, ਘਰ, ਪਰਿਵਾਰ।

ਜਿਨ੍ਹਾਂ ਖਾਤਰ ਉਮਰ ਗੁਜ਼ਾਰੀ।

ਨਾਲ ਕੋਈ ਵੀ ਨੀ ਅੰਤ ਦੀ ਵਾਰੀ।

ਧੰਦਿਆਂ ਵਿੱਚ ਹੀ ਉਮਰਾਂ ਬੀਤੀ।

ਗੁਰੂ ਦੀ ਸੰਗਤ ਕਦੇ ਨਾ ਕੀਤੀ।

ਗੁਰਮੁਖ-ਪਿਆਰੇ ਰਹੇ ਬੁਲਾਉਂਦੇ।

Message ਮੈਨੂੰ ਰਹੇ ਘਲਾਉਂਦੇ।

ਪਰ ਮੈਂ ਬਹੁਤੀ ਗੌਰ ਨਾ ਕੀਤੀ।

ਮਾਇਆ ਨਾਲ ਹੀ ਰਹੀ ਪਰੀਤੀ।

ਭੱਜਦਾ ਰਿਹਾ ਮੈਂ ਸਵੇਰੇ-ਸ਼ਾਮ।

ਜਪਿਆ ਕਦੇ ਨਾ ਰੱਬ ਦਾ ਨਾਮ।

ਜਿਸਦੀ ਖਾਤਰ ਜਨਮ ਲਿਆ ਸੀ।

ਉਹ ਮਕਸਦ ਤਾਂ ਭੁੱਲਿਆ ਹੀ ਰਿਹਾ ਸੀ।

ਸਤਿਗੁਰ ਦੀ ਨਾ ਸੇਵ ਕਮਾਈ।

ਸਾਰੀ ਉਮਰ ਹੀ ਵਿਅਰਥ ਗਵਾਈ।

ਕਿਰਪਾ ਕਰਕੇ ਮਾਫ ਕਰ ਦਿਓ।

ਮੇਰਾ ਖਾਤਾ ਸਾਫ ਕਰ ਦਿਓ।

ਕਲ ਨੂੰ ਮੈਂ ਸੰਗਤ ਵਿੱਚ ਜਾਣਾ।

ਅਰਥ ਸ਼ਬਦ ਦੇ ਸੁਣ ਕੇ ਆਣਾ।

ਗੁਰਮੁਖ ਪਿਆਰਿਆਂ ਮੈਨੂੰ ਬੁਲਾਇਆ।

WhatsApp ਤੇ ਮੈਨੂੰ Message ਆਇਆ।

ਆਹ ਵੇਖੋ ਮੇਰੇ ਫੋਨ ਨੂੰ ਫੜ ਕੇ।

ਜੇ ਆਖੋ ਤਾਂ ਮੈਂ ਦੱਸਾਂ ਪੜ੍ਹ ਕੇ।

ਇਹ Message ਹਰ ਹਫਤੇ ਆਉਂਦੇ।

# ਗੁਰੀ ਜੀ ਰਹਿਣ ਘਲਾਉਂਦੇ।

ਇੱਕ ਸ਼ਬਦ ਮੈਂ ਵੀ ਪੜ੍ਹ ਕੇ ਆਣਾ।

ਮੇਰਾ ਬਹੁਤ ਜਰੂਰੀ ਜਾਣਾ।

ਉਹ ਹੱਸੇ ਸੁਣ ਕੇ ਮੇਰੀ ਗੱਲ।

ਕਹਿੰਦੇ ਕਿਉਂ ਖਲਾਰੇਂ ਝੱਲ?

ਸਾਨੂੰ ਪਤਾ ਤੂੰ ਕਿਤੇ ਨੀ ਜਾਣਾ।

ਜਾਂ ਸੌਣਾ ਜਾਂ ਹੋਊ ਖਾਣਾ।

ਕਿਉਂ ਸਾਨੂੰ ਬੇਵਕੂਫ ਬਣਾਉਂਦਾਂ?

Message ਤਾਂ ਦੋ ਸਾਲ ਤੋਂ ਆਉਂਦਾ।

ਸੁਣ ਕੇ ਮੈਂ ਹੋਇਆ ਸ਼ਰਮਿੰਦਾ।

ਕੀ ਹੁਣ ਹੋਰ ਸਫਾਈ ਦਿੰਦਾ।

ਮੈਂ ਕਿਹਾ ਮੇਰੀ ਗਲਤੀ ਭਾਰੀ।

ਗੁਰੂ ਦੀ ਬਾਣੀ ਕਦੇ ਨਾ ਵਿਚਾਰੀ।

ਮੇਰਾ ਬੇੜਾ ਬੰਨੇ ਲਾ ਦੋ।

ਬੱਸ ਕਿਸੇ ਤਰ੍ਹਾਂ ਵੀ Limit ਵਧਾ ਦੋ।

ਕਹਿੰਦੇ ਅਸੀਂ ਹੈ ਲਿਜਾਣਾ ਹੁੰਦਾ।

ਛੇਤੀ ਕੰਮ ਮੁਕਾਣਾ ਹੁੰਦਾ।

ਚੱਲ ਫੇਰ ਜੇ ਤੂੰ ਬਹੁਤਾ ਕਹਿੰਨੈਂ।

ਹੱਥ ਜੋੜਦੈਂ ਤਰਲੇ ਲਈਂਨੈਂ।

ਚੱਲ ਫੇਰ ਤੈਨੂੰ ਛੱਡ ਜਾਂਨੇ"ਆਂ।

ਸੰਗਤ ਕਰਨੀ ਫੇਰ ਆਂਨੇ"ਆਂ।

ਦੋ ਘੜੀਆਂ ਉੱਥੇ ਟਿਕ ਕੇ ਬਹਿਜੀਂ।

ਐਵੇਂ ਘਰੇ ਨਾ ਸੁੱਤਾ ਰਹਿਜੀਂ।

ਇੰਨੇ ਚਿਰ ਵਿੱਚ ਆਗੀ ਜਾਗ।

ਬਣ ਗਏ ਮੇਰੇ ਚੰਗੇ ਭਾਗ।

ਧੰਨਵਾਦ ਮੈਂ ਰੱਬ ਦਾ ਕਰਿਆ।

ਸ਼ੁਕਰ ਖੁਦਾ ਦਾ ਮੈਂ ਨੀ ਮਰਿਆ।

ਕਰ ਇਸ਼ਨਾਨ ਕੱਪੜੇ ਪਾ ਕੇ।

ਸੋਹਣੀ ਸਿਰ ਦਸਤਾਰ ਸਜਾ ਕੇ।

ਮੁਹਲਤ ਪਾ ਕੇ ਸ਼ੁਕਰ ਮਨਾਵਾਂ।

ਕਾਹਲੀ-ਕਾਹਲੀ ਤੁਰਿਆ ਜਾਵਾਂ।

ਲੱਗਣੀ ਸੀ ਜਿੱਥੇ ਗੁਰਮਤਿ ਕਲਾਸ।

ਸਭ ਤੋਂ ਪਹਿਲਾਂ ਪਹੁੰਚਿਆ ਦਾਸ।

ਲਾਲਚ, ਫਿਕਰ, ਭਉ ਮੁੱਕ ਗਿਆ ਸਭ।

ਸਤਿਸੰਗਤ ਚੋਂ ਦਿੱਸਿਆ ਰੱਬ।

ਰੱਬ ਨੇ ਮੈਨੂੰ ਕੋਲ ਬੁਲਾਇਆ।

ਘੁੱਟ ਕੇ ਮੈਨੂੰ ਗਲ ਨਾਲ ਲਾਇਆ।

ਮੈਂ ਕਿਹਾ ਮੈਂ ਮੂਰਖ ਨੂੰ ਤੂੰ ਸਮਝਾਇਆ।

ਚੰਗਾ ਹੋਇਆ ਸੁਪਣਾ ਆਇਆ।

ਮੈਂ ਮੂਰਖ ਨੂੰ ਤੂੰ ਸਮਝਾਇਆ।

ਚੰਗਾ ਹੋਇਆ ਸੁਪਣਾ ਆਇਆ।
 
Top