ਭਾਰਤ ਵਰਸ਼ ਦੇ ਨੌਜਵਾਨਾਂ ਦਾ ਫ਼ਰਜ਼

BaBBu

Prime VIP
ਆਓ ਨਿਤਰੋ ਹਿੰਦ ਦੇ ਜਵਾਂ ਮਰਦੋ, ਸ਼ਾਂਤਮਈ ਤੋਂ ਹੁਣ ਕੀ ਭਾਲਦੇ ਹੋਂ ।
ਤਨ ਪਾਲ ਕੇ ਮੱਖਣਾਂ ਨਾਲ ਸੋਹਣਾ, ਸੁੱਟ ਮੁਰਦਿਆਂ ਵਾਂਗ ਕਿਓਂ ਗਾਲਦੇ ਹੋਂ ।
ਰੀਤ ਛਡ ਕੇ ਜੰਗ ਬਹਾਦਰੀ ਦੀ, ਮਰੋਂ ਨਾਲ ਪਲੇਗ ਤੇ ਕਾਲ ਦੇ ਹੋਂ ।
ਸੈਂਸ ਵਿੱਦਯਾ ਹੁਨਰ ਸਭ ਗਿਆ ਕਿੱਥੇ, ਜਕੜੇ ਵਿਚ ਫਰੰਗ ਦੇ ਜਾਲ ਦੇ ਹੋਂ ।
ਸ਼ਾਂਤਮਈ ਨੇ ਆ ਨਮਰਦ ਕੀਤੇ, ਰਹੀ ਰੱਤ ਨਾ ਹਰ ਜਵਾਨ ਅੰਦਰ ।
ਜਾਨਾਂ ਫਿਰਨ ਲਕੋਮਦੇ ਵਾਂਗ ਗੀਦੀ, ਰਹੀ ਅਣਖ ਨਾ ਹਿੰਦੋਸਤਾਨ ਅੰਦਰ ।

ਮੁਰਲੀ ਫੇਰ ਕੇ ਗਾਂਧੀ ਨੂੰ ਮਸਤ ਕੀਤਾ, ਧੋਖੇ ਨਾਲ ਇਹ ਹਿੰਦ ਨੂੰ ਲੁੱਟਦੇ ਨੇ ।
ਜਵਾਂ ਮਰਦ ਨੂੰ ਪਾ ਕੇ ਵਿਚ ਜੇਹਲੀਂ, ਝੋਲੀ ਚੁੱਕਾਂ ਮੋਹਰੇ ਹੱਡੀ ਸੁੱਟਦੇ ਨੇ ।
ਛਾਈ ਜ਼ੁਲਮ ਅੰਧੇਰੜੀ ਤਰਫ ਚੌਹੀਂ, ਯਾਰੋ ਹਿੰਦੀਆਂ ਨੂੰ ਕਿਮੇ ਕੁੱਟਦੇ ਨੇ ।
ਦਰਦਮੰਦ ਜੇ ਕੋਈ ਅੱਗੋਂ ਬੋਲਦਾ ਹੈ, ਝੱਟ ਓਸ ਦੇ ਗਲੇ ਨੂੰ ਘੁਟਦੇ ਨੇ ।
ਤਾਕਤ ਹਿੰਦ ਦੀ ਅਜ ਅਲੋਪ ਹੋਈ, ਸਤ ਰਿਹਾ ਨਾ ਵੇਦ ਕੁਰਾਨ ਅੰਦਰ ।
ਗਾਂਧੀ ਲੈਹਰ ਨੇ ਕੁਝ ਸੁਵਾਰਿਆ ਨਾ, ਰਹੀ ਅਣਖ ਨਾ ਹਿੰਦੋਸਤਾਨ ਅੰਦਰ ।

ਵਾਂਗ ਮੂਜੀਆਂ ਹੱਡ ਤੜੌਣ ਦੇਖੋ, ਲੜਨ ਮਰਨ ਨੂੰ ਹੁੰਦਾ ਤਿਆਰ ਕੋਈ ਨਾ ।
ਖ਼ੂਨ ਡੋਲਿਆ ਹਿੰਦ ਸਪੁਤਰਾਂ ਨੇ, ਮੋਹਰੇ ਹੋ ਵਡਾਂਮਦਾ ਭਾਰ ਕੋਈ ਨਾ ।
ਕੱਫਣ ਬੰਨ੍ਹ ਸੀਸ ਧਰ ਤਲੀ ਉਤੇ, ਸੂਰਾ ਗੱਜਦਾ ਰਣ ਵਿਚਕਾਰ ਕੋਈ ਨਾ ।
ਧਾਹਾਂ ਮਾਰ ਪੁਕਾਰਦੀ ਹਿੰਦ ਮਾਤਾ, ਆਖੇ ਅੱਜ ਲੈਂਦਾ ਮੇਰੀ ਸਾਰ ਕੋਈ ਨਾ ।
ਮੁਖ ਫੇਰਿਆ ਪੀਰਾਂ ਪਕੰਬਰਾਂ ਨੇ, ਪੈਦਾ ਹੋ ਗਿਆ ਅੱਜ ਸ਼ੈਤਾਨ ਅੰਦਰ ।
ਜ਼ੁਲਮ ਦੇਖ ਕੇ ਮੁਖ ਛਪੌਣ ਸਾਰੇ, ਰਹੀ ਅਣਖ ਨਾ ਹਿੰਦੋਸਤਾਨ ਅੰਦਰ ।

ਰਾਜ ਗੁਰੂ ਦੀ ਰੂਹ ਵੰਗਾਰ ਆਖੇ, ਤੁਸਾਂ ਹਿੰਦੀਓ ਢੇਰੀਆਂ ਢਾਈਆਂ ਕਿਓਂ ।
ਸੁਖਦੇਵ ਦੇ ਹਾਣੀਓਂ ਉਠੋ ਜਲਦੀ, ਫ਼ਰਜ਼ ਕਰੋ ਪੂਰਾ ਡੇਰਾਂ ਲਾਈਆਂ ਕਿਓਂ ।
ਭਗਤ ਸਿੰਘ ਨੇ ਜਨਮ ਨੂੰ ਸਫਲ ਕੀਤਾ, ਜੰਗ ਦੇਖ ਕੇ ਪੈਂਦੀਆਂ ਛਾਈਆਂ ਕਿਓਂ ।
ਢੰਗ ਦੱਸਿਆ ਜੰਗ ਦਾ ਸਾਰਿਆਂ ਨੂੰ, ਜਿੰਦਾਂ ਫਾਸੀਆਂ ਨਾਲ ਲਟਕਾਈਆਂ ਕਿਓਂ ।
ਮਰਨਾ ਭਲਾ ਗ਼ੁਲਾਮੀ ਦੀ ਜ਼ਿੰਦਗੀ ਤੋਂ, ਮਸ਼ਾਹੂਰ ਮਸਾਲ ਜਹਾਨ ਅੰਦਰ ।
ਲੋਕੀ ਆਖਦੇ ਪਏ ਪੁਕਾਰ 'ਜਾਚਕ' ਰਹੀ ਅਣਖ ਨਾ ਹਿੰਦੋਸਤਾਨ ਅੰਦਰ ।
 
Top