ਬੈਂਤ babu rajab ali ji

ਛੱਡੇ ਨਾਮ ਨਮੂਜ ਬੁਖ਼ਾਰ ਦਾ ਨਾ,
ਹੈ ਨਾ ਅਸਰ ਕੁਨੀਨ ਦੀ ਪਿੱਲ ਜੈਸਾ |
ਊਂਤਾਂ ਕੂਲ ਬਿਮਾਰੀਆਂ ਮਾੜੀਆਂ ਜੀ,
ਖਤਰਨਾਕ ਪਰ ਮਰਜ਼ ਨਾ ਸਿੱਲ ਜੈਸਾ |
ਕੋਈ ਵੱਧ ਨਾ ਸੰਖ ਦਰ ਸੰਖ ਨਾਲੋਂ,
ਅਤੇ ਘੱਟ ਨਾ ਹੋਵਣਾ ਨਿੱਲ ਜੈਸਾ |
ਜਾਵੇਂ ਫਸ ਤਕਦੀਰ ਦੇ ਜਾਲ ਮੇਂ ਜੀ ,
ਕੀਹਨੇ ਦੂਰ ਤੋਂ ਦੇਖਨਾ ਇੱਲ ਜੈਸਾ |
ਵੱਧ ਕੀਮਤੀ ਲੱਕੜੀ ਚੰਦਣੋਂ ਨਾ ,
ਕਿਹੜਾ ਕਿੱਲ ਸਟੀਲ ਦੇ ਕਿੱਲ ਜੈਸਾ |
ਚੀਜ਼ ਸਖ਼ਤ ਖ਼ਜ਼ੂਰ ਦੀ ਗੁਠਲੀਓਂ ਨਾ,
ਨਾ ਬਰੀਕ ਪਿਆਜ ਦੀ ਛਿੱਲ ਜੈਸਾ |
ਦੂਰੋਂ ਬੱਝਦੀ ਸਿਸ਼ਤ ਬੰਦੂਕ ਦੀ ਜੀ,
ਲੱਗੇ ਨੇੜੇਓਂ ਨਿਸ਼ਾਨਾਂ ਨਾ ਡਿੱਲ ਜੈਸਾ |
ਹੀਰਾ ਲੱਭਦਾ ਨਾ ਕੋਹਿਨੂਰ ਵਰਗਾ,
ਹੈ ਨਾ ਸਿਲਕ ਫ਼ਰਾਂਸ ਦੀ ਮਿੱਲ ਜੈਸਾ |
ਪਾਣੀ ਵਾਂਗ ਹਮੇਸ਼ ਹੈ ਡੋਲਦਾ ਜੀ,
ਅੰਗ ਹੋਰ ਕਮਜ਼ੋਰ ਨਾ ਦਿਲ ਜੈਸਾ |
ਹੁੰਦਾ ਹੋਰ ਨਾ ਬਿਲ ਸ਼ੇਰ ਦੀ ਬਿਲ ਵਰਗਾ,
ਤੇ ਅੱਛਾ ਬਿੱਲ ਨਾ ਸੈਲਰੀ ਬਿੱਲ ਜੈਸਾ |
ਮੇਵਾ ਹੋਰ ਸਵਾਦ ਅੰਗੂਰ ਤੋਂ ਨਾਂ,
ਬੇਸੁਆਦ ਨਾ ਬੇਰ ਦੀ ਲਿੱਲ ਜੈਸਾ |
ਐਸਾ ਹੋਰ ਨਾ ਚਿੰਨ ਸੁਹਾਂਵਦਾ ਜੀ,
ਗੋਰੇ ਮੁੱਖ ਤੇ ਕਾਲੜੇ ਤਿੱਲ ਜੈਸਾ |
ਮਰੀ ਮੌਤ ਨਾ ਮੌਤ ਨੇ ਰੌਣ ਮਾਰਿਆ,
ਮਾੜਾ ਕੰਮ ਨਾ ਵੀਰਨੋਂ ਢਿੱਲ ਜੈਸਾ |
ਨੀਵਾਂ ਬੈਹਰ ਉਲਕਾਹਲ ਦੀ ਬੈਡ ਨਾਲੋਂ,
ਉੱਚਾ ਕੋਹ ਹਿਮਾਲੀਏ ਹਿੱਲ ਜੈਸਾ |
ਗੁਣਕਾਰ ਨਾ ਸਿੰਘ ਜਗਮੇਲ ਵਰਗਾ,
ਭਲਾਂ ਪੁਰਸ਼ ਨਾ ਕੇਹਰ ਸਿਉਂ ਗਿੱਲ ਜੈਸਾ |
ਗੁਰੂ ਅਰਜਨ ਵਾਂਗੂੰ ਮਿਲੇ ਰੱਬ ਔਖਾ,
'ਬਾਬੂ' ਭੁੱਜ ਕੇ ਹੋਵਣਾਂ ਖਿੱਲ ਜੈਸਾ |
 
Top