ਪਿੰਜਰੇ ਦਾ ਮੂੰਹ ਹਵਾ ਵਿਚ ਅੱਡਿਆ ਹੀ ਰਹਿ ਗਿਆ

jaggi37

Member
ਪਿੰਜਰੇ ਦਾ ਮੂੰਹ ਹਵਾ ਵਿਚ ਅੱਡਿਆ ਹੀ ਰਹਿ ਗਿਆ
ਸਤਰੰਗੀ ਪੀਂਘ ਤੇ ਚਿੜੀਆਂ ਦਾ ਚੰਬਾ ਬਹਿ ਗਿਆ

ਫਿਰ ਕਰੂੰਬਲ ਫੁਟ ਪਈ ਝੱਖੜ ਦੇ ਝੰਬੇ ਬਿਰਖ਼ 'ਤੇ
ਵਹਿਮ ਸੀ ਝੱਖੜ ਨੂੰ ਉਹ ਸਭ ਕੁਝ ਉਡਾ ਕੇ ਲੈ ਗਿਆ

ਦਰਦ ਟੁੱਟੇ ਚੂੜਿਆਂ ਦਾ ਜਦ ਨਾ ਹੋ ਸਕਿਆ ਬਿਆਨ
ਇਕ ਪਰਿੰਦਾ ਉੱਡ ਕੇ ਬਲਦੀ ਚਿਤਾ 'ਤੇ ਬਹਿ ਗਿਆ

ਧਰਤ ਵਗਦਾ ਆਸਰਾ ਉਹ ਖੁਸ ਗਿਆ ਤਾਂ ਘਰ ਮੇਰਾ
ਸੀ ਅਜੇ ਅੱਧਾ ਵੀ ਨਾ ਬਣਿਆ ਜੋ ਪੂਰਾ ਢਹਿ ਗਿਆ

ਲਾਸ਼ ਹੈ ਨ੍ਹੇਰੇ ਦੀ ਇਹ ਨ੍ਹੇਰਾ ਨਹੀ ਦੀਵੇ ਤਲੇ
ਲੋਅ ਨੂੰ ਲਾਵਾਰਿਸ ਜਿਹਾ ਮੁਰਦਾ ਉਠਾਉਣਾ ਪੈ ਗਿਆ

ਬੱਦਲਾਂ ਵਿਚ ਨਕਸ਼ ਤੇਰੇ ਬਣਦੇ ਬਣਦੇ ਰਹਿ ਗਏ
ਪੌਣ ਦਾ ਬੁੱਲਾ ਮੇਰਾ ਸਭ ਕੁਝ ਉਡਾ ਕੇ ਲੈ ਗਿਆ

ਲਾਪਤਾ ਉਹ ਹੋ ਗਿਆ ਦਿਲ ਤੋੜ ਕੇ ਮੇਰਾ ਮਗਰ
ਅਕਸ ਅੱਖਾਂ ਵਿਚ ਉਹਦਾ ਤਸਵੀਰ ਬਣ ਕੇ ਰਹਿ ਗਿਆ

ਦਿਲ ਤਾਂ ਮਜ਼ਦੂਰਾਂ ਦੇ ਰੋਏ ਪਰ ਵਗਣ ਹੰਝੂ ਕਿਵੇਂ ?
ਵਹਿ ਗਿਆ ਹਰ ਅੱਥਰੂ ਬਣ ਕੇ ਪਸੀਨਾ ਵਹਿ ਗਿਆ

ਰੰਗ ਮੇਰਾ ਵੀ ਵਗੇ ਰੰਗਾਂ ਦੇ ਇਸ ਦਰਿਆ ਦੇ ਵਿਚ
ਰੰਗ ਦੀ ਤੌਹੀਨ ਹੈ ਮੈਨੂੰ ਜੇ ਕਹਿਣਾ ਪੈ ਗਿਆ


:biker
 
Top