ਦਰਦ ਸਭ ਦਾ ਜਾਣ ਕੇ ਮੈਂ,ਦਰਦ ਆਪਣਾ ਭੁੱਲ ਗਿਆ

ਗਜ਼ਲ
ਦਰਦ ਸਭ ਦਾ ਜਾਣ ਕੇ ਮੈਂ,ਦਰਦ ਆਪਣਾ ਭੁੱਲ ਗਿਆ i
ਦਿਲ ਤੇ ਗੋਲਾ ਸੀ ਗਮਾਂ ਦਾ,ਉਹ ਖੁਸ਼ੀ ਵਿਚ ਘੁਲ ਗਿਆ i

ਨਾਮ ਰੱਖਿਆ ਪਿਆਰ ਜਿਸਦਾ,ਉਸ ਦਾ ਸਭ ਵਿਸਥਾਰ ਹੈ,
ਫਿਰ ਕਿਓਂ ਤੂਫਾਨ ਸਭ ਤੇ,ਨਫਰਤਾਂ ਦਾ ਝੁੱਲ ਗਿਆ i

ਮਜਹਬਾਂ ਦੇ ਨਾਮ ਉੱਤੇ , ਮੌਤ ਤਾਂਡਵ ਕਰ ਰਹੀ,
ਖੂਨ ਪਰ ਬੇਦੋਸ਼ ਦਾ ਹੀ,ਹਰ ਗਲੀ ਵਿਚ ਡੁੱਲ ਗਿਆ i

ਹਾਰ ਕੇ ਜਿਸਨੇ ਕਦੇ ਵੀ, ਹੌਸਲਾ ਛੱਡਿਆ ਨਹੀਂ,
ਜਿਤ ਲਈ ਹਰ ਬੰਦ ਰਸਤਾ,ਉਸ ਲਈ ਫਿਰ ਖੁਲ ਗਿਆ i

ਰਾਜ ਹੈ ਜੋਰਾਵਰਾਂ ਦਾ, ਹਰ ਜਗ੍ਹਾ ਧੱਕਾ ਰਹੇ,
ਵਿਕ ਕੇ ਹੁਣ ਇਨਸਾਫ਼ ਐਥੇ,ਪੈਸਿਆ ਵਿਚ ਤੁਲ ਗਿਆ i

ਦੱਬ ਲਿਆ ਅੱਜ ਰਿਸ਼ਤਿਆਂ ਨੂੰ,ਪੈਸਿਆਂ ਦੇ ਭਾਰ ਨੇ,
ਪਾਕ ਰਿਸ਼ਤੇ ਪਾਕ ਨਾਤੇ, ਦਾ ਵੀ ਐਥੇ ਮੁੱਲ ਗਿਆ i

ਆਤਮਾਂ ਦਾ ਕਤਲ ਕਰਕੇ, ਖੋਹ ਲਈ ਜਿਸਨੇ ਖੁਸ਼ੀ,
ਹਰ ਖੁਸ਼ੀ ਦੇ ਵਾਸਤੇ ਫਿਰ,ਉਹ ਗਮਾਂ ਵਿਚ ਰੁਲ ਗਿਆ i
ਆਰ.ਬੀ.ਸੋਹਲ
 
Top