ਕਾਵਿ-ਮਹਿਫ਼ਲ

ਮੇਰਾ ਧਰਮ ਚਾਨਣੀ ਵੰਡਣਾ, ਕਾਲ਼ਖ ਦੂਰ ਭਜਾਉਣਾ।
ਰੇਸ਼ਮ ਵਰਗੀਆਂ ਰਿਸ਼ਮਾਂ ਨੂੰ ਬ੍ਰਹਿਮੰਡ ਵਿਚ ਵਰਸਾਉਣਾ।
ਪੰਦਰਾਂ ਦਿਨ ਇਕ ਪਾਸੇ ਚਮਕਾਂ, ਪੰਦਰਾਂ ਦੂਜੇ ਪਾਸੇ।
ਨਾ ਚਮਕਾਂ ਜਿਸ ਪਾਸੇ ਲੋਕੀਂ ਰਹਿਣ ਦੀਦ ਦੇ ਪਿਆਸੇ।
ਪੰਦਰਾਂ ਦਿਨਾਂ 'ਚ ਮੈਂ ਤਾਂ ਬਦਲਾਂ ਨਿੱਜੀ ਕਈ ਕਲਾਵਾਂ।
ਕੰਨਾਂ ਦੀ ਬਾਲ਼ੀ ਤੋਂ ਲੈ ਕੇ ਪਰਾਤ ਜਿੱਡਾ ਹੋ ਜਾਵਾਂ।
ਅੱਖ ਮਚੋਲੀ ਜਦ ਕਦੇ ਮੈਂ ਬੱਦਲਾਂ ਦੇ ਸੰਗ ਖੇਲਾਂ।
ਧਰਤ ਲੋਕ ਨੂੰ ਲੱਗੇ ਜੀਕਣ ਮੈਂ ਮਸਤੀ ਵਿਚ ਮੇਲ੍ਹਾਂ।
ਕਥਾ ਚਕੋਰ ਤੇ ਪ੍ਰੇਮ ਮੇਰੇ ਦੀ ਬਣ ਗਈ ਅਮਰ ਕਹਾਣੀ।
ਨਾ ਇਹ ਕਥਾ ਚਕੋਰ ਨੇ ਜਾਣੀ, ਨਾ ਹੀ ਮੈਂ ਇਹ ਜਾਣੀ।
ਜੋਬਨ ਤੇ ਹੋਵਾਂ ਜਿਸ ਰਾਤੀਂ ਸਾਗਰੀਂ ਉੱਠਣ ਛੱਲਾਂ।
ਆਏ ਤੂਫਾਨ, ਹੋਏ ਬਰਸਾਤ, ਮਚ ਜਾਣ ਤਰਥੱਲਾਂ।
ਤੁਲਣਾ ਜਦ ਕੋਈ ਮਾਂ, ਮੇਰੇ ਨਾਲ, ਆਪਣੇ ਪੁੱਤ ਦੀ ਕਰਦੀ।
ਖ਼ੁਸ਼ੀ ਵਿਚ ਚਾਨਣੀ ਮੇਰੀ, ਹੋਰ ਵੀ ਚਮ-ਚਮ ਵਰ੍ਹਦੀ।
ਦੁਲਹਾ ਕਹਿੰਦੇ ਸਾਰੇ ਮੈਨੂੰ ਤਾਰੇ ਮੇਰੇ ਬਾਰਾਤੀ।
ਦੁਲਹਨ ਐਪਰ ਨਜ਼ਰ ਨਾ ਆਵੇ, ਮਾਰਾਂ ਜਦ ਮੈਂ ਝਾਤੀ।
ਧਰਤ ਲੋਕ ਤੋਂ ਜਦ ਕੁਝ ਬੰਦੇ ਮੇਰੇ ਉੱਤੇ ਆਏ।
ਰੁੱਖ ਨਾ ਲੱਭਿਆ, ਜਲ ਨਾ ਮਿਲਿਆ ਮੁੜ ਗਏ ਤ੍ਰਿਹਾਏ।
ਸ਼ਾਲਾ! ਜਦੋਂ ਕੋਈ ਮੁੜਕੇ ਆਵੇ ਪਾਣੀ ਇਥੇ ਬਰਸੇ।
'ਤੇਲੂ ਰਾਮ' ਮੁੜੇ ਨਾ ਪਿਆਸਾ, ਨਾ ਹੀ ਛਾਂ ਨੂੰ ਤਰਸੇ।



ਬਾਗ਼ਾਂ ਵਿਚ ਗੁਲਜ਼ਾਰ ਪਰਿੰਦੇ।
ਵਿਹੜਿਆਂ ਦਾ ਸ਼ਿੰਗਾਰ ਪਰਿੰਦੇ।
ਧੀਆਂ ਪੁੱਤਾਂ ਵਾਂਗ, ਐ ਮਾਨਵ,
ਤੈਥੋਂ ਮੰਗਦੇ ਪਿਆਰ ਪਰਿੰਦੇ।
ਐ ਮਾਨਵ, ਲਾਲਚ ਵਸ ਹੋ ਕੇ,
ਨਾ ਐਵੇਂ ਤੂੰ ਮਾਰ ਪਰਿੰਦੇ।
ਤੇਰੀ ਇਸ ਕਾਰਗੁਜ਼ਾਰੀ ਸਦਕਾ,
ਮੁੱਕ ਜਾਣੇ, ਬੇਸ਼ੁਮਾਰ ਪਰਿੰਦੇ।
ਤੇਰੇ ਵਾਂਗਰ, ਆਪਣੇ ਮਨ ਵਿਚ,
ਲੋਭ ਲਾਲਚ ਨਾ ਰੱਖਦੇ।
ਕੁਝ ਤੀਲੇ ਟਹਿਣੀ ਤੇ ਧਰਕੇ,
ਲੈਂਦੇ ਉਮਰ ਗੁਜ਼ਾਰ ਪਰਿੰਦੇ।
ਏਨਾ ਯਾਦ ਤੂੰ ਰੱਖੀਂ ਬੰਦਿਆ,
ਵੇਖੀਂ ਕਿਧਰੇ ਭੁੱਲ ਜਾਈ ਨਾ।
ਸਭਨਾਂ ਵਾਂਗਰ ਏਸ ਧਰਤ ਦੇ,
ਪੂਰੇ ਨੇ ਹੱਕਦਾਰ ਪਰਿੰਦੇ।
ਜੰਗਲ ਬੇਲੇ ਸੋਹਣ ਇਨ੍ਹਾਂ ਸੰਗ,
ਅੰਬਰ, ਵਿਹੜੇ ਅਤੇ ਬਨੇਰੇ।
ਸੱਚ ਜਾਣਿਓਂ ਕਾਦਰ ਦਾ ਹਨ,
ਅਤਿ ਉੱਤਮ ਸ਼ਾਹਕਾਰ ਪਰਿੰਦੇ।
ਜ਼ਰਜ਼ਰ ਹੋਈ, ਤਨ ਦੀ ਮਿੱਟੀ,
ਦੇਹੀਂ ਬੇਬੱਸ ਜਿਹੀ ਹੋਈ।
ਚੰਗਾ ਹੈ, ਬਣ ਜਾਵਣ 'ਆਸ਼ਟ'
ਹੁਣ ਤੇਰੇ ਗ਼ਮਖ਼ਾਰ ਪਰਿੰਦੇ।


ਮਿਰੇ ਯਾਰ ਇਉਂ ਯਾਦ ਆਇਆ ਨਾ ਕਰ ਤੂੰ,
ਦੁਖੀ ਦਿਲ ਨੂੰ ਐਨਾ ਸਤਾਇਆ ਨਾ ਕਰ ਤੂੰ।
ਸ਼ੁਦਾਈਪੁਣਾ ਹੈ ਤਿਰਾ ਸਿਰਫ਼ ਹੀ ਇਹ,
ਹਨੇਰੀ 'ਚ ਦੀਵੇ ਜਗਾਇਆ ਨਾ ਕਰ ਤੂੰ।
ਦੁਬਾਰਾ ਮਿਲੇ ਨਾ ਸਮਾਂ ਇਹ ਮਿਲਣ ਦਾ,
ਸਵਾਲਾਂ-ਜਵਾਬਾਂ 'ਚ ਜ਼ਾਇਆ ਨਾ ਕਰ ਤੂੰ।
ਖ਼ੁਸ਼ੀ ਨਾ ਸਹੀ ਪਰ ਗ਼ਮੀ ਵਿਚ ਭੁਲਾ ਨਾ,
ਅਸਾਨੂੰ ਇੰਨਾ ਵੀ ਪਰਾਇਆ ਨਾ ਕਰ ਤੂੰ।
ਕਦੇ ਮੰਨਿਆ ਕਰ ਤੂੰ ਆਪਣੀ ਖ਼ਤਾ ਵੀ,
ਸਦਾ ਦੋਸ਼ ਕਿਸਮਤ 'ਤੇ ਲਾਇਆ ਨਾ ਕਰ ਤੂੰ।
ਕਿਤੇ ਖ਼ਾਬ ਵਿਚ ਮਿਲ ਪਵੇਂ ਸ਼ਾਇਦ ਮੈਨੂੰ,
ਕਿ ਨੈਣਾਂ 'ਚੋਂ ਨੀਂਦਰ ਚੁਰਾਇਆ ਨਾ ਕਰ ਤੂੰ।
ਭਲਾ ਜ਼ਖ਼ਮ ਦਿਲ ਦੇ ਕਿਸੇ ਤੋਂ ਲੁਕੇ ਕਦ,
ਬਨਾਉਟੀ ਜਿਹਾ ਮੁਸਕਰਾਇਆ ਨਾ ਕਰ ਤੂੰ।
ਜਦੋਂ ਵੀ ਕਦੇ 'ਦੀਪ' ਦੇ ਸ਼ਹਿਰ ਆਵੇਂ,
ਮਿਲੇ ਤੋਂ ਬਿਨਾਂ ਯਾਰ ਜਾਇਆ ਨਾ ਕਰ ਤੂੰ।
 
Top