ਊਠ ਦਾ ਬੁੱਲ੍ਹ ਕਦੇ ਨਾ ਡਿੱਗਿਆ, ਝਾਕ ‘ਚ ਵਕਤ ਗੁਆਵੀਂ

ਊਠ ਦਾ ਬੁੱਲ੍ਹ ਕਦੇ ਨਾ ਡਿੱਗਿਆ, ਝਾਕ ‘ਚ ਵਕਤ ਗੁਆਵੀਂ ਨਾ ।
ਬਾਹਲਾ ਖਾਂਦੀ ਥੋੜ੍ਹਿਓਂ ਜਾਂਦੀ, ਵਾਲ਼ੀ ਗੱਲ ਭੁਲਾਵੀਂ ਨਾ ।
ਅੰਬਰੋਂ ਤਾਰੇ ਤੋੜ ਲੈਣ ਦੀ, ਮਨ ਵਿਚ ਧਾਰੀ ਬੈਠਾਂ ਤੂੰ,
ਪੈਰਾਂ ਹੇਠ ਖਿੰਡੇ ਵੇ ਮੋਤੀ, ਵੀ ਚੁਗਣੋ ਰਹਿ ਜਾਵੀਂ ਨਾ ।
ਹੱਥੀਂ ਰੋੜ ਖਿੰਡਾਏ ਰਾਹੀਂ, ਤੇਰੇ ਪੈਰੀਂ ਰੜਕਣਗੇ,
ਬੀਜੇਂ ਕਿੱਕਰਾਂ ਲੋੜੇਂ ਦਾਖਾਂ, ਪੁੱਠੀ ਸੋਚ ਬਣਾਵੀਂ ਨਾ ।
ਮਨ ਵਿਚ ਮੈਲ਼ਾਂ ਸਾਂਭੀ ਬੈਠਾਂ, ਜਾਪੇ ਤੂੰ ਦਰਵੇਸ਼ ਜਿਹਾ,
ਜੇ ਅੰਦਰੋਂ ਮਨ ਸਾਫ਼ ਨਈਂ ਤੇਰਾ, ਉੱਪਰੋਂ ਭੇਖ ਬਣਾਵੀਂ ਨਾ ।
ਲੂਣ ਮਿਲਾਇਆਂ ਖਾਰਾ ਹੋ, ਜਾਂਦਾ ਹੈ ਆਬ ਪਵਿੱਤਰ ਵੀ,
ਜੇ ਕੋਈ ਮਿੱਠਾ ਸ਼ਬਦ ਨਈਂ ਫੁਰਦਾ, ਐਵੇਂ ਜੀਭ ਹਿਲਾਵੀਂ ਨਾ ।
ਬਿਨਾਂ ਹਿਲਾਇਆਂ ਦਸ ਨਹੁੰਆਂ ਦੇ, ਟੀਸੀ ਤੋਂ ਨਾ ਬੇਰ ਗਿਰੇ,
ਫੋਕੀ ਝਾਕ ‘ਚ ਬੈਠਾ ਰਹਿ ਕੇ, ਝੁੱਗਾ ਚੌੜ ਕਰਾਵੀਂ ਨਾ ।
ਊਠਾਂ ਵਾਲ਼ੇ ਨਾਲ ਨਿਹੁੰ ਲਾ ਕੇ, ਦਰ ਭੀੜੇ ਨਹੀਂ ਰੱਖੀਦੇ,
ਪੈਰਾਂ ਹੇਠ ਬਟੇਰਾ ਆਇਆ, ਪੈਰ ਕਿਤੇ ਛਡ ਜਾਵੀਂ ਨਾ ।
ਅੱਖਾਂ ਉੱਪਰੋਂ ਖੋਪੇ ਲਾਹ ਕੇ, ਸਮਝੀਂ ਮੂਲ ਹਕੀਕਤ ਨੂੰ,
ਕੋਹਲੂ ਵਾਲ਼ੇ ਬੈਲ ਵਾਂਗ ਕਿਤੇ, ਘੁਮਦਾ ਹੀ ਰਹਿ ਜਾਵੀਂ ਨਾ ।
ਆਪਣੀ ਅਕਲ ਬਿਗਾਨੀ ਮਾਇਆ, ਨੂੰ ਤੂੰ ਸਮਝੇਂ ਬਹੁਤ ਵਡੀ,
ਵਿਚ ਭੁਲੇਖੇ ਰਹਿ ਕੇ ਦਿਨੀਂ, ਦਿਹਾੜੇ ਧੋਖਾ ਖਾਵੀਂ ਨਾ ।
ਮਰਨ ਕਦੇ ਨਾ ਢੱਗੇ ਦੋਸਤ, ਕਹੇ ਕਾਲਿ਼ਆਂ ਕਾਵਾਂ ਦੇ,
ਨਾ ਢਾਹ ਸਕੇਂ ਬਨੇਰੇ ਬੈਠਾ, ਕਾਂ-ਕਾਂ ਤੂੰ ਕੁਰਲਾਵੀਂ ਨਾ ।
ਬਿੱਲੀ ਵਾਂਗੂੰ ਦੜ ਵਟ ਲਈ ਤੂੰ, ਝਾਕ ‘ਚ ਕਿਸੇ ਕਬੂਤਰ ਦੇ,
ਲੱਗੇ ਮਗਰ ਸਿ਼ਕਾਰੀ ਕੋਲੋਂ, ਬੈਠਾ ਹੀ ਢਹਿ ਜਾਵੀਂ ਨਾ ।
ਖੇਤੀ ਜੇ ਚਿੜੀਆਂ ਚੁਗ ਜਾਵਣ, ਕੀ ਫ਼ਾਇਦਾ ਪਛਤਾਵਣ ਦਾ,
ਖੇਤ ਉਜਾੜਨ ਵਾਲ਼ੀ, ਦੇਖੀਂ! ਵਾੜ ਕਰਾਵੀਂ ਨਾ
 
Re: ਊਠ ਦਾ ਬੁੱਲ੍ਹ ਕਦੇ ਨਾ ਡਿੱਗਿਆ, ਝਾਕ ‘ਚ ਵਕਤ ਗੁਆਵੀ&#25

bahut sohni g eh tusi likhi aa
mera salute kabul kareo
 
Top