On Teachers Day......

Yaar Punjabi

Prime VIP
ਮਾਸਟਰ ਜੀ ਹੁਣ ‘ਓਏ ਮਾਸਟਰ’ ਬਣੇ

ਅਧਿਆਪਕ ਦਾ ਨਾਂ ਲੈਂਦਿਆਂ ਹੀ ਸਿਰ ਸਤਿਕਾਰ ਨਾਲ ਝੁਕ ਜਾਂਦਾ ਹੈ। ਅਧਿਆਪਕ ਦਾ ਰੁਤਬਾ ਬਹੁਤ ਉੱਚਾ ਹੈ। ਪਰ ਜਿਉਂ-ਜਿਉਂ ਸਾਡਾ ਸਮਾਜ ਤਰੱਕੀ ਕਰਦਾ ਜਾ ਰਿਹਾ ਹੈ, ਤਿਉਂ-ਤਿਉਂ ਅਧਿਆਪਕ ਦਾ ਸਤਿਕਾਰ ਘੱਟਦਾ ਜਾ ਰਿਹਾ ਹੈ। ਹੁਣ ਅਧਿਆਪਕ ਦੇ ਸਤਿਕਾਰ ਵਾਲਾ ਵੇਲਾ ਕਦੋਂ ਦਾ ਲੰਘ ਗਿਆ ਹੈ। ਇਕ ਪਿੰਡ ਦੇ ਲੋਕਾਂ ਲਈ ਅਨਪੜ੍ਹ ਪੰਚਾਇਤ ਮੈਂਬਰ ਤਾਂ ‘ਮੈਂਬਰ ਸਾਹਬ’ ਹੈ ਪਰ ਪੜ੍ਹਿਆ-ਲਿਖਿਆ ਮਾਸਟਰ ‘ਓਏ ਮਾਸਟਰਾ’ ਹੈ। ਜੇਕਰ ਇਕ ਗਲੀ ਵਿਚ ਮਾਸਟਰਾਂ ਦੇ ਚਾਰ ਘਰ ਹੋਣ ਪਰ ਪਟਵਾਰੀ ਦਾ ਇਕ ਘਰ ਵੀ ਹੋਵੇ ਤਾਂ ਵੀ ਗਲੀ ਪਟਵਾਰੀਆਂ ਵਾਲੀ ਵੱਜਦੀ ਹੈ। ਇਕ ਵਾਰ ਦੀ ਸੱਚੀ ਘਟਨਾ, ਜੋ ਕਿ ਅਖਬਾਰ ਦੀ ਖਬਰ ਵਜੋਂ ਕਿਤੇ ਬਹੁਤ ਪਹਿਲਾਂ ਪੜ੍ਹੀ ਸੀ, ਚੇਤੇ ਵਿਚ ਉਕਰੀ ਪਈ ਹੈ। ਕਿਸੇ ਤਹਿਸੀਲਦਾਰ ਦਫਤਰ ਵਿਚ ਪਟਵਾਰੀ ਨੇ ਫੋਨ ਕੀਤਾ ਤਾਂ ਅੱਗੋਂ ਚਪੜਾਸੀ ਨੇ ਚੁੱਕ ਲਿਆ, ‘ਹੈਲੋ ਕੌਣ’, ‘ਜੀ ਮੈਂ ਗੁਰਮੇਲ ਪੀਅਨ’, ‘ਅੱਛਾ ਤਹਿਸੀਲਦਾਰ ਹੈਗਾ’, ‘ਜੀ ਨਹੀਂ?’ ‘ਅੱਛਾ ਜਦੋਂ ਆਵੇ ਤਾਂ ਉਹਨੂੰ ਕਹੀਂ ਕਿ ਪਟਵਾਰੀ‘ਸਾਬ੍ਹ’ ਦਾ ਫ਼ੋਨ ਆਇਆ ਸੀ, ‘ਕਹਿ ਕੇ ਪਟਵਾਰੀ ਨੇ ਫ਼ੋਨ ਕੱਟ ਤਾ।’
ਇਸੇ ਤਰ੍ਹਾਂ ਦੀ ਘਟਨਾ ਕੁਝ ਸਾਲ ਪਹਿਲਾਂ ਮੇਰੇ ਨਾਲ ਵਾਪਰੀ। ਉਨ੍ਹਾਂ ਦਿਨਾਂ ’ਚ ਮੇਰੀ ਈ.ਟੀ.ਟੀ. ਅਧਿਆਪਕ ਦੇ ਤੌਰ ’ਤੇ ਨਵੀਂ ਭਰਤੀ ਹੋਈ ਸੀ। ਸਕੂਲ ਵਿਚ ਵੋਟਾਂ ਬਣਾਉਣ ’ਤੇ ਪਟਵਾਰੀ ਦੀ ਡਿਊਟੀ ਲੱਗੀ ਸੀ। ਪਿੰਡ ਦਾ ਚੌਕੀਦਾਰ ਬੜੇ ਪਿਆਰ ਤੇ ਸਤਿਕਾਰ ਨਾਲ ਪਟਵਾਰੀ ਨੂੰ ‘ਸਾਬ੍ਹ ਸਾਬ੍ਹ’ ਕਰਦਾ ਚਾਹ ਤੇ ਬਿਸਕੁਟ ਪਰੋਸ ਰਿਹਾ ਸੀ। ਪਟਵਾਰੀ ਦੇ ਚਾਹ ਪੀਣ ਤੋਂ ਬਾਅਦ ਚੌਕੀਦਾਰ ਨੇ ਮੈਨੂੰ ਦੂਰੋਂ ਹੀ ਸੁਲਹ ਮਾਰੀ, ‘ਓਏ ਮਾਸਟਰਾ, ਤੂੰ ਵੀ ਪੀਣੀ ਆ ਚਾਹ।’ ਹਾਲਾਂ ਕਿ ਉਹ ਚੌਕੀਦਾਰ ਮੈਨੂੰ ਰੋਜ਼ਾਨਾ ਵਾਂਗ ਸਕੂਲ ਆ ਕੇ ਮਿਲਦਾ ਸੀ ਤੇ ਉਹਦੇ ਪੋਤੇ-ਪੋਤੀਆਂ ਵੀ ਮੇਰੇ ਕੋਲ ਪੜ੍ਹਦੇ ਸਨ, ਪਰ ਉਹਦੀ ਇਸ ਹਰਕਤ ਕਾਰਨ ਮੈਂ ਧਰਤੀ ਵਿਚ ਧੱਸਦਾ ਜਾ ਰਿਹਾ ਸੀ।
ਕਹਿੰਦੇ ਨੇ ਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ। ਇਹ ਮਨੁੱਖ ਦੀ ਤੀਜੀ ਅੱਖ ਖੋਲ੍ਹ ਦਿੰਦੀ ਹੈ। ਪਰ ਇਹ ਗੱਲ ਤਾਂ ਹੁਣ ਬਿਲਕੁਲ ਝੂਠੀ ਜਾਪਦੀ ਹੈ। ਹੁਣ ਤਾਂ ਇੰਜ ਲਗਦਾ ਹੈ ਕਿ ਪੜ੍ਹਿਆਂ-ਲਿਖਿਆਂ ਦੇ ਵੀ ਪਸ਼ੂਆਂ ਦੇ ਹੀ ਸਿਰ ਲੱਗੇ ਹਨ। ਕੁਝ ਕੁ ਦਿਨ ਹੀ ਪਹਿਲਾਂ ਸਾਡੇ ਬਲਾਕ ਦੇ ਇਕ ਉੱਚ ਅਧਿਕਾਰੀ ਵੱਲੋਂ ਕੀਤੀ ਹਰਕਤ ਨਾਲ ਮੇਰੇ ਸਵੈਮਾਣ ਨੂੰ ਗਹਿਰੀ ਸੱਟ ਵੱਜੀ। ਜਦ ਮੈਂ ਦਫਤਰ ਐਸ.ਸੀ. ਬੱਚਿਆਂ ਦੀਆਂ ਕਿਤਾਬਾਂ ਲੈਣ ਗਿਆ ਤਾਂ ਉਸ ਅਫਸਰ ਨੇ ਚਪੜਾਸੀ ਨੂੰ ਨਾਲ ਭੇਜ ਕੇ ਮੈਨੂੰ ਕਾਫੀ ਸਾਲਾਂ ਤੋਂ ਬੰਦ ਪਏ ਕਮਰੇ ਦੀ ਸਫਾਈ ਕਰਨ ਦੇ ਆਦੇਸ਼ ਦੇ ਦਿੱਤੇ। ਬੜੀ ਸ਼ਰਮਿੰਦਗੀ ਮਹਿਸੂਸ ਕੀਤੀ ਅਤੇ ਦਰਜਾ ਚਾਰ ਵਾਲਾ ਇਹ ਕੰਮ ਛੱਡ ਕੇ ਉਥੋਂ ਦਫਤਰ ਆ ਕੇ ਉਸ ਅਫਸਰ ਨਾਲ ਵੀ ਬਹਿਸਿਆ, ਪਰ ਉਸ ਅਧਿਕਾਰੀ ਦੇ ਪੱਲੇ ਕੋਈ ਗੱਲ ਨਾ ਪਈ ਤੇ ਉਸ ਦੀ ਇਸ ਹਰਕਤ ਨਾਲ ਮੈਂ ਹਫਤਾ ਭਰ ਮਾਨਸਿਕ ਪ੍ਰੇਸ਼ਾਨੀ ’ਚ ਰਿਹਾ।
ਪਰ ਜ਼ਿੰਦਗੀ ਵਿਚ ਕਈ ਲੋਕ ਅਜਿਹੇ ਵੀ ਟੱਕਰ ਪੈਂਦੇ ਹਨ ਜੋ ਸਹੀ ਅਰਥਾਂ ਵਿਚ ਅਧਿਆਪਕ ਦੇ ਰੁਤਬੇ ਦੀ ਕਦਰ ਕਰਦੇ ਹਨ। ਇਕ ਵਾਰ ਮੈਂ ਕਿਸੇ ਮੋਬਾਈਲ ਦੀ ਦੁਕਾਨ ’ਤੇ ਸਿਮ ਕਾਰਡ ਲੈਣ ਗਿਆ ਅਤੇ ਦੁਕਾਨਦਾਰ ਨੇ ਕੰਪਨੀ ਦੇ ਏਜੰਟ ਨੂੰ ਫੋਨ ਕਰਕੇ ਬੁਲਾ ਲਿਆ। ਕੁਰਸੀ ਇਕ ਹੀ ਖਾਲੀ ਹੋਣ ਕਾਰਨ ਉਹ ਏਜੰਟ ਉਥੇ ਹੀ ਬੈਠ ਕੇ ਫਾਰਮ ਭਰਨ ਲੱਗਿਆ ਤੇ ਮੈਂ ਖੜ੍ਹ ਗਿਆ। ਫਾਰਮ ਭਰਦਿਆਂ-ਭਰਦਿਆਂ ਕਿੱਤੇ ਵਾਲੇ ਖਾਨੇ ਵਿਚ ਜਦ ਮੈਂ ਉਸ ਨੂੰ ਕਿਹਾ ਕਿ ਮੈਂ ਟੀਚਰ ਹਾਂ ਤਾਂ ਉਹ ਏਜੰਟ ਉੱਠ ਕੇ ਖੜ੍ਹਾ ਹੋ ਗਿਆ ਤੇ ਕਹਿਣ ਲੱਗਿਆ, ‘‘ਸਰ ਜੀ, ਸੌਰੀ ਮੈਂ ਟੀਚਰਾਂ ਦੀ ਬਹੁਤ ਇੱਜ਼ਤ ਕਰਦਾ ਹਾਂ, ਮੈਨੂੰ ਪਤਾ ਨਹੀਂ ਸੀ, ਤੁਸੀਂ ਕੁਰਸੀ ’ਤੇ ਬੈਠੋ, ਮੈਂ ਖੜ੍ਹਾ ਹੋ ਕੇ ਫਾਰਮ ਭਰ ਲਵਾਂਗਾ।’’ ਉਹਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ ਤੇ ਹੁਣ ਵੀ ਜਦੋਂ ਕਦੇ ਮੈਨੂੰ ਉਹ ਘਟਨਾ ਯਾਦ ਆ ਜਾਂਦੀ ਹੈ ਤਾਂ ਮੇਰੀਆਂ ਅੱਖਾਂ ਨਮ ਹੋ ਜਾਂਦੀਆਂ ਹਨ।
 
Top