UNP

Copy-Paste: Kutti Vehrda

ਇਹ ਕਹਾਣੀ ਮਨਿੰਦਰ ਸਿੰਘ ਕਾਂਗ ਦੀ ਸ਼ਾਹਕਾਰ ਰਚਨਾ ਹੈ। ਇਸ ਵਿਚ ਗੁਰੂ ਸਾਹਿਬਾਨ ਦਾ ਉੱਚ ਪਾਏ ਦਾ ਚਿਤਰਨ ਹੈ। ਐਸਾ ਮੈਂ ਸਾਹਿਤ ਵਿਚ ਘੱਟ ਹੀ ਵੇਖਿਆ ਹੈ। ਪਾਠਕਾਂ ਨੂੰ ਇਕ .....


X
Quick Register
User Name:
Email:
Human Verification


Go Back   UNP > Chit-Chat > Punjabi Culture

UNP

Register

  Views: 9891
Old 11-12-2008
pps309
 
Copy-Paste: Kutti Vehrda

ਇਹ ਕਹਾਣੀ ਮਨਿੰਦਰ ਸਿੰਘ ਕਾਂਗ ਦੀ ਸ਼ਾਹਕਾਰ ਰਚਨਾ ਹੈ। ਇਸ ਵਿਚ ਗੁਰੂ ਸਾਹਿਬਾਨ ਦਾ ਉੱਚ ਪਾਏ ਦਾ ਚਿਤਰਨ ਹੈ। ਐਸਾ ਮੈਂ ਸਾਹਿਤ ਵਿਚ ਘੱਟ ਹੀ ਵੇਖਿਆ ਹੈ। ਪਾਠਕਾਂ ਨੂੰ ਇਕ ਬੇਨਤੀ ਜਰੁਰ ਕਰਨੀ ਚਾਹਾਂਗਾ ਕਿ ਇਸ ਕਹਾਣੀ ਨੂੰ ਪੂਰਾ ਪੜ੍ਹਕੇ ਹੀ ਆਪਣੇ ਵਿਚਾਰ ਦੇਣ। ਅੱਧੀ ਅਧੂਰੀ ਕਹਾਣੀ ਤੁਹਾਡੇ ਮਨ ਵਿਚ ਸ਼ੰਕੇ ਖੜ੍ਹੇ ਕਰ ਸਕਦੀ ਹੈ। ਹੋ ਸਕਦਾ ਹੈ ਕਿ ਕਿਤੋਂ ਕਿਤੋਂ ਕਹਾਣੀ ਥੋਨੂੰ ਓਪਰੀ ਲੱਗੇ ਪਰ ਪੂਰੀ ਪੜ੍ਹਣ ਤੋਂ ਬਾਅਦ ਤੁਹਾਡੀ ਰਾਇ ਹੋਰ ਹੋਵੇਗੀ।
- ਸੰਪਾਦਕ
ਕੁੱਤੀ ਵਿਹੜਾ (ਭਾਗ 1)

‘ਕੁੱਤੀ ਵਿਹੜਾ’ ਜਾਂ ‘ਕਸਾਈ ਵਿਹੜਾ’ - ਦੋਹੇਂ ਨਾਂ ਇਕੋ ਥਾਂ ਦੇ ਨੇ। ਚਾਹੇ ਕੁੱਤੀ ਵਿਹੜਾ ਕਹਿ ਲਵੋ ਤੇ ਚਾਹੇ ਕਸਾਈ ਵਿਹੜਾ! ਅੰਬਰਸਰ ਸ਼ਹਿਰ ਦੇ ਜੰਮਪਲ ਫੱਟ ਦੱਸ ਦੇਣਗੇ ਕਿ ਸੁਲਤਾਨਵਿੰਡ ਗੇਟ ਦੇ ਅੰਦਰੋਂ ਲੰਘਦਿਆਂ ਕਿਰਪਾਨਾਂ ਵਾਲਾ ਬਜ਼ਾਰ ਲੰਘ ਕੇ, ਤੇ ਢੋਲੀਆਂ ਵਾਲੇ ਚੌਂਕ ਤੋਂ ਲੈ ਕੇ ਹਰਮੰਦਰ ਸਾਹਿਬ ਦੇ ਰਾਹ ਵਿਚ ਪੈਂਦੀ ਸੋਡਾ-ਵਾਟਰ ਫੈਕਟਰੀ ਤੱਕ ਕੁੱਤੀ ਵਿਹੜਾ ਹੀ ਜੇ! ਅੱਗੇ ਤੋਂ ਫੇਰ ਗੁਰੂ ਰਾਮ ਦਾਸ ਸਰਾਂ ਸ਼ੁਰੂ ਹੋ ਜਾਂਦੀ ਏ!
****
ਤੇ ਮੈਂ ਲਿਖਣਾ ਕੋਈ ਨਹੀਂ ਸੀਗਾ ਏਸ ਸਭ ਕੁਝ ਬਾਰੇ, ਜੇ ਕਿਤੇ ਬਾਲਮੀਕਿਆਂ ਦੇ ਬੰਟੀ ਨੇ ਡੱਬ ਵਿਚੋਂ ਲੰਮਾ ਖੰਜਰ ਕੱਢ ਕੇ ਲਲਕਾਰੇ-ਚੀਕਾਂ ਨਾ ਮਾਰੀਆਂ ਹੁੰਦੀਆਂ…!
ਇਹ ਤੇ ਇਲੈਕਸ਼ਨਾਂ ਦੇ ਦਿਨ ਸਨ ਤੇ ਵਰ੍ਹਾ 1997 ਦਾ ਲਗਾ ਜਾਂਦਾ ਸੀ। ਇਧਰ ਚੌਂਕ ਬਾਬੇ ਭੌੜੀ ਵਾਲੇ ਦਾ ਪੁਰਾਣਾ ਦਸ ਨੰਬਰੀਆ, ਤੇ ਕਹਿੰਦਾ-ਕੁਹਾਂਦਾ ਬਦਮਾਸ਼ ‘ਸਲਾਰੀਆ ਸੁਲਤਾਨਵਿੰਡੀਆ’ ਇਲੈਕਸ਼ਨ ਲੜ ਰਿਹਾ ਸੀ ਫੇਰ ਇਸ ਵਾਰ! ਪਹਿਲੇ ਉਹ ਆਪਣੇ ਬਦਮਾਸ਼ ਗੁਰੂ ‘ਇਕਵਿੰਦਰ ਸਿੰਘ’ ਨਾਲ ਕਈ ਦਹਾਕੇ ਯੂਥ ਕਾਂਗਰਸ ਦਾ ਬਦਮਾਸ਼ ਵਰਕਰ ਰਿਹਾ ਸੀ। ਇਸ ਵਾਰ ਆਪਣੇ ਬਦਮਾਸ਼+ਸਿਆਸੀ ਗੁਰੂ ‘ਇਕਵਿੰਦਰ’ ਦੇ ਇਸ਼ਾਰੇ ‘ਤੇ ਅਕਾਲੀ ਹੋ ਗਿਆ ਸੀ। ਮੁੱਖ ਮੰਤਰੀ ਰੌਸ਼ਨ ਸਿੰਘ ਦੀ ਹਾਜ਼ਰੀ ਵਿਚ ਉਹਨੂੰ ਸਿਰੋਪਾ ਪਾ ਕੇ ਅਕਾਲੀ ਸਿੰਘ ਬਣਾ ਲਿਆ ਗਿਆ ਸੀ। ਇਥੋਂ ਤੱਕ ਕਿ ਟਿਕਟ ਨਾਲ ਵੀ ਨਿਵਾਜਿਆ ਗਿਆ ਸੀ। ਸਰਕਾਰੀ ਏਜੰਸੀਆਂ ਨੇ ਵੀ ਤਬਦੀਲੀ ਲਿਆਉਣੀ ਸੀ। ਉਹਨਾਂ ਵਲੋਂ ਵੀ ਥਾਪੜਾ ਮਿਲ ਗਿਆ ਸੀ। ਖੁਫ਼ੀਆ ਸਰਕਾਰੀ ਤੰਤਰ ਨਾਲ ਸੀ। ਜ਼ਾਹਰ ਸੀ, ਸਾਲਾਂ ਦੀ ਉਸਦੀ ਖੁਫ਼ੀਆ ਏਜੰਸੀਆਂ ਨਾਲ ਨਿਭਾਈ ਯਾਰੀ ਕੰਮ ਆਈ ਸੀ, ਤੇ ਉਹਨੂੰ ਪੱਕਾ ਕੀਤਾ ਗਿਆ ਸੀ ਕਿ ਇਸ ਵਾਰ ਐੱਮ. ਐੱਲ. ਏ. ਉਹ ਹੀ ਬਣੇਗਾ…!
….ਦੂਜੀ ਵੱਡੀ ਗੱਲ, ਉਹਦੇ ਸਿਆਸੀ + ਬਦਮਾਸ਼ ਗੁਰੂ ਇਕਵਿੰਦਰ ਨੇ ਵੀ ਦਿੱਲੀ ਦਰਬਾਰ ਤੇ ਕੇਂਦਰੀ ਖੁਫੀਆ ਏਜੰਸੀਆਂ ਦੇ ਹੁਕਮ ‘ਤੇ ‘ਰੌਸ਼ਨ-ਬਾਣੀ’ ਗ੍ਰਹਿਣ ਕਰ ਲਈ ਸੀ। ਹੁਣ ਤੇ ਅਕਾਲੀਆਂ ਤੇ ਕਾਂਗਰਸੀਆਂ ਦਾ ਕਦੀ ਵੱਖੋ-ਵੱਖਰਾ ਦਿੱਸਦਾ ਖਾਸਾ ਵੀ ਇਕ ਹੋ ਚੁੱਕਾ ਸੀ। ਹੁਣ ਅਕਾਲੀਆਂ ਵਿਚ ਵੀ ਸ਼ਹਿਰ ਦੇ ਕਾਂਗਰਸੀ ਬਦਮਾਸ਼ਾਂ ਵਾਲੇ ਨਾਂ ਰੱਖਣ ਤੇ ਚੈਨੀਆਂ-ਮੁੰਦੀਆਂ ਪਾ ਕੇ ਜੀਪਾਂ ‘ਤੇ ਚੜ੍ਹ ਕੇ ਚੋਣ-ਮੁਹਿੰਮ ਚਲਾਣ ਦੀ ਲਹਿਰ ਸੀ। ਕੋਈ ਬਦਮਾਸ਼ ਹੁਣ ‘ਕਿੱਟਾ’ ਜੀ ਸੀ, ਕੋਈ ‘ਬਿੱਟਾ’ ਜੀ! ਕੋਈ ਹੁਣ ‘ਟੀਟੂ’ ਜੀ ਸਨ ਤੇ ਕੋਈ ਹੁਣ ‘ਬੰਟੀ’ ਜੀ ਸਨ। ਕੋਈ ਰੋਮੀ-ਟੋਮੀ ਸੀ, ਕੋਈ ‘ਬਿੱਟੂ-ਟੀਟੂ’ ਸਨ। ਕਿਤੇ-ਕਿਤੇ ‘ਲਾਟੀ’ ਜੀ, ‘ਲਾਡੀ’ ਜੀ ਵੀ ਮਿਲਦੇ ਸਨ, ਤੇ ਕਿਤੇ ਨਾ ਕਿਤੇ ਭਪੀ ਭਾਜੀ, ਭੂਪੀ ਭਾਜੀ ਤੇ ਗਿੰਦਾ-ਭਿੰਦਾ ਜੀ ਵੀ ਸਨ। ਜਿਸ ਨੂੰ ਕੁਝ ਨਹੀਂ ਸੀ ਲੱਭਦਾ, ਉਹ ਦਾੜ੍ਹੀ ਲੰਮੀ ਕਰਕੇ ਨਾਂ ਦੇ ਮਗਰ ਖਾਲਸਾ ਜੋੜ ਲੈਂਦਾ ਸੀ। ਰਾਤ ਨੂੰ ਲੰਮੀ ਦਾੜ੍ਹੀ ਸਮੇਤ ਜਾਂ ਤੇ ਤੰਮਾਕੂ ਦਾੜ੍ਹਾਂ ਵਿਚ ਰੱਖਕੇ ਪੈਗ ਲਾਉਂਦੇ, ਜਾਂ ਨਾਗਣੀ (ਅਫੀਮ) ਦੀ ਉਂਗਲ ਚੱਟਦੇ…।
….ਅੰਬਰਸਰ ਪੂਰੀਆਂ ਚੜ੍ਹਾਈਆਂ ‘ਤੇ ਸੀ!
….ਇਹੋ ਜਿਹੇ ਵਧੀਆ ਸਮਿਆਂ ਵਿਚ, ਜਦੋਂ ਕਿ ਸਮਾਂ 1997 ਦਾ ਚਲ ਰਿਹਾ ਸੀ ਤੇ ਇਲੈਕਸ਼ਨ ਸਿਰ ‘ਤੇ ਸਨ, ਮੈਂ ਆਪਣੇ ਮਿੱਤਰ-ਪਿਆਰਿਆਂ ਨਾਲ ਦਰਬਾਰ ਸਾਹਿਬ, ਸਰਾਂ ਵਾਲੇ ਪਾਸਿਉਂ ਪੈਦਲ ਨਿਕਲਦਾ ਬਾਹਰ ਸੁਲਤਾਨਵਿੰਡ ਰੋਡ ‘ਤੇ ਚੜ੍ਹਿਆ। ਇਧਰ ਅਜੀਤ ਨਗਰ ਦੇ ਬਾਹਰ ਏਸੇ ਬਦਮਾਸ਼ ‘ਸਲਾਰੀਏ’ ਦੇ ਵਿਰੋਧੀ ਦਾ ਇਲੈਕਸ਼ਨ ਜਲਸਾ ਹੋ ਰਿਹਾ ਸੀ। ਇਥੇ ਹੀ ਮੈਨੂੰ ਬੰਟੀ ਦੇ ਦਰਸ਼ਨ ਹੋਏ, ਜਦੋਂ ਉਹਨੇ ਸ਼ਰਾਬ ਨਾਲ ਰੱਜੇ ਹੋਏ ਨੇ ਡੱਬ ਵਿਚੋਂ ਖੰਜਰ ਕੱਢ ਕੇ ਘੁਮਾਇਆ। ਨਾਲ ਹੀ ਲਲਕਾਰਾ ਮਾਰਿਆ -
‘‘ਓਏ ਰੋਡ ‘ਤੇ ਕੁੱਤੀ ਨਹੀਂ ਬੁੜਕਣ ਦੇਣੀ! ਲੰਡੀ-ਬੁੱਚੀ ਡੁਰਰ-ਰ-ਉਏ…!’’
ਮੇਰੇ ਨਾਲ ਮੇਰੇ ਤਿੰਨ ਸਾਥੀ ਸਨ। ਇਕ ਤੇ ਸਥਾਨਕ ਕਵੀ ਹਰਜੀਤ ‘ਨੀਲਮਣੀ’ ਜੀ ਸਨ। ਦੂਜਾ ਸਾਡਾ ਸਾਂਝਾ ਮਿੱਤਰ ਗੁਰਿੰਦਰ ਗੀਟਾ ਸੀ ਤੇ ਤੀਜਾ ਮੇਰਾ ਆਪਣਾ ਪ੍ਰਛਾਵਾਂ, ‘ਤੋਚੀ ਸਾਂਈ’ ਸੀ। ਤੋਚੀ ਜਨਮਜਾਤ ਫ਼ਕੀਰ ਸੀ ਤੇ ਮੇਰਾ ਬਚਪਨ ਦਾ ਜੋਟੀਦਾਰ ਸੀ। ਉਹ ਡੇਰੇ ‘ਲਾਲਾ ਵਾਲੇ’ ਉੱਪਰ ਚੜ੍ਹਾਇਆ ਬਾਲਕ ਸੀ ਤੇ ਉਥੇ ਡੇਰੇ ਵਿਚ ਹੀ ਪਲਿਆ ਸੀ। ਅੰਬਰਸਰ ਮੈਂ ਜਦੋਂ ਵੀ ਜਾਵਾਂ, ਜਿੰਨੇ ਦਿਨ ਵੀ ਰਹਵਾਂ, ਭਾਵੇਂ ਇਕ ਦਿਨ, ਭਾਵੇਂ ਹਫ਼ਤਾ, ਉਹਨੇ ਦਿਹਾੜੀ ਦੇ ਇਕ-ਦੋ ਘੰਟੇ ਮੇਰੇ ਨਾਲ ਪੈਦਲ ਹੀ ਸ਼ਹਿਰ ਵਿਚ ਗਲੀਆਂ ਕੱਛਦਿਆਂ ਕੱਟਣੇ ਹੁੰਦੇ ਸਨ।
ਹਮੇਸ਼ਾ ਵਾਂਗ ਅੱਜ ਵੀ ਉਹ ਨਾਲ ਸੀ!
ਸਭ ਤੋਂ ਪਹਿਲਾਂ ਨੀਲਮਣੀ ਬੋਲਿਆ -
‘‘….ਦੇ ਯਾਰ ਦੇ ਚਿੱਟੇ (ਚੂਹੜੇ) ਕਿਵੇਂ ਚਾਂਭਲੇ ਈ….!’’
‘‘ਮੂਰਖ ਜਾਂ ਤੇ ਖਾ ਮਰੇ, ਜਾਂ ਰੱਜ ਮਰੇ…।’’ ਗੀਟੇ ਨੇ ਤੱਤ ਕੱਢਿਆ।
ਮੇਰੇ ਦਿਲ ਨੂੰ ਜਿਵੇਂ ਇਕ ਧੱਕਾ ਜਿਹਾ ਲੱਗਾ। ਜ਼ਾਹਰ ਤੌਰ ‘ਤੇ ਮੈਂ ਪ੍ਰਗਟ ਨਹੀਂ ਹੋਣ ਦਿੱਤਾ। ਇਕ ਤੇ ਮੈਂ ਬੰਟੀ ਨੂੰ ਨਿੱਜੀ ਰੂਪ ਵਿਚ ਜਾਣਦਾ ਸਾਂ। ਉਹ ਸਾਡੀ ਪੀੜ੍ਹੀ-ਦਰ-ਪੀੜ੍ਹੀ ਤੁਰੀ ਆਉਂਦੀ ਚੂਹੜੀ ‘ਰਾਧਾ ਰੰਡੀ’ ਦੇ ਕਬੀਲੇ ਵਿਚੋਂ ਸੀ। ‘ਰਾਧਾ ਰੰਡੀ’ ਤੇ ਹੁਣ (ਹਜ਼ਰਤ ਈਸਾ ਉਹਨੂੰ ਜੱਨਤ ਦਵਾਏ) ਇਸ ਦੁਨੀਆਂ ਤੋਂ ਰੁਖ਼ਸਤ ਹੋ ਚੁੱਕੀ ਸੀ। ਪਿਛਲੇ ਸੌ, ਡੇਢ ਸੌ ਸਾਲ ਦਾ ਸਾਡੇ ਖ਼ਾਨਦਾਨ ਦਾ ਸ਼ਜਰਾ ਮੈਨੂੰ ਪਤਾ ਏ। ਤੇ ਏਹ ਸੌ, ਡੇਢ ਸੌ ਸਾਲ ਹੀ ਏਸ ਰਾਧਾ ਰੰਡੀ ਦੇ ਪੂਰਵਜਾਂ ਤੇ ਉਹਦੇ ਪੁੱਤ, ਧੀਆਂ ਤੇ ਨੂੰਹਾਂ ਨੇ ਸਾਡਾ ਗੰਦ ਚੁੱਕਿਆ ਸੀ। ਰਾਧਾ ਨੂੰ ਮੈਂ ਹਮੇਸ਼ਾਂ ਮਲ ਮੂਤਰ ਵਾਲੇ ਟੋਕਰੇ ਨਾਲ ਵੇਖਿਆ ਸੀ, ਜਾਂ ਕਦੀ-ਕਦੀ ਆਪਣੇ ਖੋਲੇ ਦੇ ਬਾਹਰ ਹੁੱਕਾ ਪੀਂਦਿਆਂ। ਉਹਦਾ ਕਮਰਾ ਪਤਾ ਨਹੀਂ ਕਿਉਂ, ਮੈਨੂੰ ਹਮੇਸ਼ਾ ਖ਼ੋਲਾ ਹੀ ਲੱਗਾ ਸੀ!
ਇਹ ਬੰਟੀ ਉਸੇ ਰਾਧਾ ਰੰਡੀ ਦੀ ਸਕੀ ਭੈਣ ਦਾ ਪੜੋਤਰਾ ਸੀ। ਇਹਨਾਂ ਵਿਚ ਵਿਆਹ ਤੇ ਔਲਾਦ ਛੇਤੀ ਹੋ ਜਾਂਦੇ ਸਨ। ਰਾਧਾ ਅਜੇ ਭਰ ਜੁਆਨ ਸੀ ਕਿ ਵਿਧਵਾ ਹੋ ਗਈ। ਮਸਾਂ ਵੀਹਾਂ ਕੁ ਦੀ ਸੀ, ਜਦੋਂ ਰੰਡੀ ਹੋ ਕੇ ਪੇਕੇ ਵੀ ਆ ਗਈ। ਕੁੱਛੜ ਇਕੋ-ਇਕ ਕੁੜੀ ਸੀ ਤੇ ਫੇਰ ਉਸੇ ਕੁੜੀ ਤੋਂ ਹੀ ਰਾਧਾ ਦੀ ਕੁਲ ਅੱਗੇ ਚੱਲੀ ਸੀ। ਰਾਧਾ ਦੀਆਂ ਛੇ ਭੈਣਾਂ ਸਨ ਤੇ ਇਕੋ ਭਰਾ ਸੀ। ਭਰਾ ਅਫ਼ੀਮੀ ਸੀ ਤੇ ਹੁੱਕੇ ‘ਚ ਗੋਲਾ ਰੱਖ ਕੇ ਪੀਂਦਾ ਸੀ। ਇਹ ਲੱਤ ਉਹਨੂੰ ਪਿਉ ਨੇ ਲਾਈ ਸੀ। ਰਾਧਾ ਦੀ ਮਾਂ ਤੇ ਬੜੀ ਮਾਂਦੀ-ਮਰੇੜੀ ਜਿਹੀ ਸੀ। ਰਾਧਾ ਦੇ ਰੰਡੀ ਹੋ ਕੇ ਪਰਤ ਆਉਣ ਪਿੱਛੋਂ ਸਾਲ ਕੁ ਬਾਅਦ ਉਹ ਮਰ ਵੀ ਗਈ। ਉਹਦੇ ਨਾਲ ਹੀ ਛੇਵੀਂ ਭੈਣ, ਜਿਹੜੀ ਮਸਾਂ ਹੀ ਮਹੀਨੇ, ਦੋ ਦੀ ਸੀ, ਵੀ ਮਰ ਗਈ। ਹੁਣ ਰਾਧਾ ਤੋਂ ਛੋਟੀਆਂ ਚਾਰ ਸਨ। ਭਰਾ ਸਭ ਤੋਂ ਵੱਡਾ ਸੀ। ਭਰਾ ਕੋਲ ਕੰਮ ਕੋਈ ਨਹੀਂ ਸੀ ਤੇ ਪਿਉ ਕਰਨ ਜੋਗਾ ਨਹੀਂ ਸੀ।
ਕੁਛ ਚਿਰ ਭਰਾ ਨੇ ਰਾਮ ਬਾਗ ਰੰਡੀਆਂ ਦਾ ਦੱਲਪੁਣਾ ਕੀਤਾ ਸੀ। ਉਹਨੇ ਭੈਣ ਰਾਧਾ ਨੂੰ ਸਮਝਾਇਆ ਕਿ ਕੁਝ ਸਮਾਂ ਰਾਮ ਬਾਗ ਵਿਚ ਧੰਦਾ ਕਰ ਕੇ ਵੇਖ ਲਵੇ। ਉਹ ਦੂਜਿਆ ਦਾ ਦੱਲਾ ਬਣਿਆ ਰਿਹੈ, ਤੇ ਹੁਣ ਆਪਣੀ ਭੈਣ ਲਈ ਤੇ ਜਾਨ ਹਾਜ਼ਰ ਹੈ! ਭਰਾ ਤੇ ਪਿਉ ਦੀ ਸਹਿਮਤੀ ਨਾਲ ਰਾਧਾ ਨੇ ਨਿੱਕੀ ਕੁੜੀ ਆਪਣੀ ਛੋਟੀ ਭੈਣ, ਜਿਹੜੀ ਹੁਣ ਸਤਾਰਾਂ ਟੱਪ ਗਈ ਸੀ, ਨੂੰ ਸਾਂਭ ਦਿੱਤੀ ‘ਤੇ ਆਪ ਰਾਮ ਬਾਗ ਬੈਠ ਗਈ। ਪਰ ਉਹਨੂੰ ਇਹ ਧੰਦਾ ਲੰਮਾ ਸਮਾਂ ਰਾਸ ਨਹੀਂ ਆਇਆ। ਉਹਨੇ ਉਥੇ ਮਸਾਂ ਮਰਕੇ ਸਾਲ-ਸਵਾ ਸਾਲ ਕੱਟਿਆ। ਇਕ ਤੇ ਉਹਦੇ ਬਹੁਤੇ ਗਾਹਕ ਫੌਜੀ ਸਨ ਜਾਂ ਅੰਬਰਸਰ ਵਪਾਰ ਕਰਨ ਆਏ ਮੁਸਲਮਾਨ ਤੇ ਪਠਾਣ ਸਨ। ਢਿੱਡੋਂ ਉਹ ਮੁਸਲਮਾਨਾਂ ਨੂੰ ਅੰਤਾਂ ਦੀ ਨਫ਼ਰਤ ਕਰਦੀ ਸੀ। ਪਰ ਉਹਨਾਂ ਦੀਆਂ ਗੰਦੀਆਂ ਫਰਮਾਇਸ਼ਾਂ ਨੂੰ ਉਹੀ ਜਾਣਦੀ ਸੀ ਕਿ ਉਹ ਕਿੱਦਾਂ ਟਾਲਦੀ ਸੀ!
ਸਾਲ ਕੁ ਬਾਅਦ ਹੀ ਉਹਨੂੰ ਗਰਮੀ ਪੈ ਗਈ। ਇਹ ਸੁਗਾਤ ਉਹਨੂੰ ਕੋਈ ਗੋਰਾ ਫੌਜੀ ਦੇ ਗਿਆ। ਪਹਿਲੇ ਤੇ ਉਹਨੇ ਪ੍ਰਵਾਹ ਹੀ ਨਾ ਕੀਤੀ। ਉਦੋਂ ਮਹਾਂ ਸਿੰਘ ਗੇਟ ਦੇ ਅੰਦਰ ਕਰਕੇ ਕੁਤਵਾਲੀ ਤੋਂ ਪਹਿਲਾਂ ਨਵਾਂ-ਨਵਾਂ ਮਿਸ਼ਨ ਕੰਪਾਊਂਡ ਖੁਲ੍ਹਾ ਸੀ। ਰਾਧਾ ਚਰਚ ਬੜੇ ਨੇਮ ਨਾਲ ਹਰ ਐਤਵਾਰ ਜਾਂਦੀ ਤੇ ਸਤਸੰਗ ਸੁਣਦੀ ਸੀ। ਮਿਸ਼ਨ ਕੰਪਾਊਂਡ ਵਾਲੇ ਸਾਰੇ ਉਸਦੇ ਜਾਣੂੰ ਸਨ। ਉਥੇ ਸੇਵਾ ਵਿਚ ਲੱਗੇ ਈਸਾਈ ਡਾਕਟਰ ਨੇ ਉਹਦਾ ਇਲਾਜ ਸ਼ੁਰੂ ਕਰ ਦਿੱਤਾ ਤੇ ਨਾਲੇ ਲਾਟ-ਪਾਦਰੀ ਨੂੰ ਵੀ ਉਹਦੀ ਤਕਲੀਫ ਦੱਸ ਦਿੱਤੀ। ਇਕ ਈਸਾਈ ਬੱਚੀ ਨੂੰ ਨਰਕ ਵਿਚੋਂ ਕੱਢਣ ਲਈ ਲਾਟ-ਪਾਦਰੀ ਨੇ ਕਮਰ ਕੱਸ ਲਈ। ਉਹਨੇ ਰਾਧਾ ਨੂੰ ਤੇ ਠੀਕ ਕਰਵਾ ਹੀ ਦਿੱਤਾ, ਨਾਲ ਹਰ ਮਹੀਨੇ ਦੀ ਬੱਝਵੀਂ ਚਵਾਨੀ ਦੀ, ਦੋ ਬੰਦਿਆਂ ਦੀ ਡਿਊਟੀ ਲਾ ਦਿੱਤੀ। ਰਾਧਾ ਲਈ ਅਠਿਆਨੀ ਮਹੀਨਾ ਤੇ ਸਵਰਗ ਸੀ। ਉਹਦੇ ਭਰਾ ਲਈ ਕੀਨੀਆ ਦੇ ਟਿਕਟ ਦਾ ਇੰਤਜ਼ਾਮ ਕੀਤਾ ਗਿਆ ਤੇ ਉਹ ਦਸੀਂ-ਪੰਦਰੀਂ ਦਿਨੀਂ ਹੀ ਕੀਨੀਆ ਦੇ ਸਮੁੰਦਰੀ ਜਹਾਜ਼ ਚੜ੍ਹ ਗਿਆ ਸੀ, ਜਿਥੋਂ ਉਹ ਮੁੜ ਕਦੀ ਨਾ ਪਰਤਿਆ। ਸ਼ਾਇਦ ਉਧਰ ਹੀ ਕਿਧਰੇ ਮਰ-ਖੱਪ ਗਿਆ ਹੋਵੇ।
ਉਹਦੇ ਮਗਰੋਂ ਰਾਧਾ ਨੇ ਆਪਣੇ ਜੱਦੀ ਘਰ ਦੀ ਅਗਲੀ ਕਮਰੀ ਜਿਹੀ ਸਾਂਭ ਲਈ। ਪਿਉ ਕੁਝ ਕੁ ਸਾਲਾਂ ਬਾਅਦ ਮਰ ਗਿਆ। ਹਰ ਸ਼ਨੀ-ਐਤਵਾਰ ਰਾਧਾ ਨੇਮ ਨਾਲ ਚਰਚ ਜਾਂਦੀ ਤੇ ਆਪਣੇ ਕੁੱਤੀ ਵਿਹੜੇ ਵਿਚੋਂ ਜਿੰਨੇ ਕੁ ਹੋ ਸਕਦਾ, ਮਰਦ-ਤੀਵੀਆਂ ਤੇ ਨੌਜੁਆਨ ਕੁੜੀਆਂ ਨੂੰ ਨਾਲ ਲੈ ਕੇ ਜਾਂਦੀ। ਚੈਪਲ ਦੀਆਂ ਖੁਲ੍ਹੀਆਂ ਬਾਰੀਆਂ ਵਿਚੋਂ ਜਦ ਮਸੀਹੀ ਭਜਨ ਗੂੰਜਦੇ, ਰਾਧਾ ਦੀ ਖਰਜ ਭਰੀ ਅਵਾਜ਼ ਲਗਾਤਾਰ ਗੂੰਜਦੀ, ਜਿਵੇਂ ਟੀਨ ਤੋਂ ਛੱਤ ਤੇ ਇਕਸਾਰ ਮੀਂਹ ਪੈ ਰਿਹਾ ਹੋਵੇ!
ਇਸੇ ਰਾਧਾ, ਜਿਸਦਾ ਲਕਬ ‘ਰੰਡੀ’ ਪੈ ਗਿਆ ਹੋਇਆ ਸੀ, ਦੀਆਂ ਛੋਟੀਆਂ ਚਾਰੇ ਭੈਣਾਂ ਉਥੇ ਹੀ ਲਾਗੇ-ਸ਼ਾਗੇ ਵਿਆਹੀਆਂ ਗਈਆਂ ਸਨ। ਦੋ ਦਾ ਵਿਆਹ ਤੇ ਡੈਮ ਗੰਜ ਕੋਲ ਸੂਰ ਦਾ ਮੀਟ ਵੇਚਣ ਬੈਠੇ ਇਕੋ ਪਰਿਵਾਰ ਦੇ ਚਾਚੇ-ਤਾਏ ਦੇ ਮੁੰਡਿਆਂ ਨਾਲ ਹੋ ਗਿਆ ਸੀ। ਇਕ ਰੇਲਵੇ ਸਟੇਸ਼ਨ ਟੱਪ ਕੇ ਲੋਕੋ-ਸ਼ੈਡਾਂ ਕੋਲ ਬੈਠੇ ਬਾਲਮੀਕੀਆਂ ਵਿਚ ਵਿਆਹੀ ਗਈ ਸੀ। ਚੌਥੀ ਉਥੇ ਕੁੱਤੀ ਵਿਹੜੇ ਦੇ ਬਾਹਰ ਹੀ ਵਿਆਹੀ ਗਈ ਸੀ। ਉਹੋ ਸਵੇਰੇ-ਸ਼ਾਮ ਰਾਧਾ ਦੀ ਸੇਵਾ ਵਿਚ ਆਈ ਰਹਿੰਦੀ ਸੀ।
ਰਾਧਾ ਦੇ ਟੱਬਰ ਦੇ ਵੱਡ-ਵਡੇਰੇ ਗੁਰੂ ਬਜ਼ਾਰ, ਝੂਠੇ ਬਜ਼ਾਰ, ਲੂਣ ਮੰਡੀ, ਆਟਾ ਮੰਡੀ ਤੇ ਮਾਈ ਸੇਵਾਂ ਦੇ ਬਜ਼ਾਰਾਂ ਉੱਪਰ ਬਣੇ ਘਰਾਂ ਦਾ ਮਲ ਮੂਤਰ ਚੁੱਕਦੇ ਸਨ। ਅੰਮ੍ਰਿਤਸਰ ਦੀਆਂ ਤੰਗ ਗਲੀਆਂ ਵਿਚ ਬਣੇ ਉੱਚੇ ਘਰਾਂ ਦੀਆਂ ਟੱਟੀਆਂ ਧੁਰ ਕੋਠੇ ਹੁੰਦੀਆਂ ਸਨ। ਰਾਧਾ ਦੇ ਵੱਡੇ-ਵਡੇਰੇ ਸਵੇਰੇ ਅੰਮ੍ਰਿਤ ਵੇਲੇ ਤੇ ਸ਼ਾਮ ਨੂੰ ਹਨੇਰੇ ਤੋਂ ਪਹਿਲਾਂ ਕੋਠੇ ਲਾਹੁੰਦੇ। ਗੰਦ ਚੁੱਕਣ ਨੂੰ ਉਹ ‘ਕੋਠਾ ਕਮਾਣਾ’ ਕਹਿੰਦੇ ਸਨ। ਰਾਧਾ ਦੇ ਘਰਾਂ ਦੇ ਨਾਲ ਉਹਦੇ ਹੀ ਸ਼ਰੀਕੇ ਬਰਾਦਰੀ ਦੇ ਦੂਜੇ ਘਰ, ਘੰਟਾ ਘਰ, ਬਾਗ ਵਾਲੀ ਗਲੀ, ਚੌਂਕ ਰਾਮਦਾਸ ਦੇ ਇਲਾਕੇ ਦਾ ਗੰਦ ਚੁੱਕਦੇ ਸਨ। ਗਲਤੀ ਨਾਲ ਵੀ ਜੇ ਬਰਾਦਰੀ-ਸ਼ਰੀਕੇ ਦੀਆਂ ਚੂਹੜੀਆਂ ਤੇ ਚੂਹੜੇ ਦੂਜੇ ਦੇ ਇਲਾਕੇ ਦਾ ਮਲ ਮੂਤਰ ਚੁੱਕਣ ਦਾ ਕੰਮ ਲੈ ਲੈਂਦੇ, ਤਾਂ ਮਾਨੋ ਹਨੇਰੀ ਆ ਜਾਂਦੀ ਸੀ। ਝਾੜੂਆਂ, ਟੋਕਰਿਆਂ ਤੇ ਗੰਦ ਚੁੱਕਣ ਵਾਲੇ ਫਰਸਿਆਂ ਨਾਲ ਉਹ ਚੜ੍ਹਾਈ ਹੁੰਦੀ ਤੇ ਉਹ-ਉਹ ਗਾਹਲਾਂ, ਚੂਹੜੀਆਂ-ਚੂਹੜੇ ਇਕ ਦੂਜੇ ਨੂੰ ਦੇਂਦੇ ਕਿ ਬਜ਼ਾਰ ਖਾਲੀ ਹੋ ਜਾਂਦੇ ਸਨ!
ਅਗਲੀ ਵੱਡੀ ਗੱਲ ਇਹ ਸੀ ਕਿ ਜਿਸ ਗਲੀ-ਮੁਹੱਲੇ ਜਾਂ ਘਰ ਤੋਂ ਉਹ ਤੰਗ ਆ ਜਾਂਦੇ, ਉਥੇ ਚੂਹੜੇ ਹੋਣ ਕਾਰਨ ਉਹ ਔਖਾ ਤੇ ਬੋਲ ਨਹੀਂ ਸਨ ਸਕਦੇ, ਪਰ ਇਕ ਕੰਮ ਅੱਵਸ਼ ਕਰਦੇ। ਉਸ ਇਲਾਕੇ ਦਾ ਗੰਦ ਚੁੱਕਦੇ ਘੱਟ ਸਨ ਤੇ ਪਾਣੀ ਪਾ ਕੇ ਨਾਲੀਆਂ ਵਿਚ ਡੋਲ੍ਹ ਜਿਆਦਾ ਛੱਡਦੇ ਸਨ। ਗੁਰੂ ਬਜ਼ਾਰ ਦੇ ਸੁਨਿਆਰਿਆਂ ਦੇ ਚਿੱਟੇ ਦੁੱਧ ਰੰਗ ਤੋਂ, ਤੇ ਉਹਨਾਂ ਦੀਆਂ ਮੋਟੀਆਂ-ਮੋਟੀਆਂ, ਸੁੰਦਰ ਸੁਨਿਆਰੀਆਂ ਤੋਂ ਜਿਵੇਂ ਉਹਨਾਂ ਨੂੰ ਧੁਰੋਂ ਨਫ਼ਰਤ ਸੀ। ਏਸੇ ਲਈ ਕਈ ਸੌ ਸਾਲ ਤੱਕ ਹੀ ਗੁਰੂ ਬਜ਼ਾਰ ਵਿਚੋਂ ਸਵੇਰੇ ਸੁਵੱਖਤੇ ਲੰਘਣਾ ਨਰਕ ਤੁਲ ਹੁੰਦਾ ਸੀ। ਉਹ ਤੇ ਲਾਲੀਆਂ ਜਾਂ ਸੁਨਿਆਰੀਆਂ, ਚੂਹੜੀ ਦੇ ਜਾਣ ਪਿੱਛੋਂ ਭਰਾਈਆਂ ਨੂੰ ਬੁਲਾ ਕੇ ਪਾਣੀ ਇਕੱਠਾ ਕਰਾਂਦੀਆਂ ਤੇ ਮਣਾਂ ਮੂੰਹੀ ਨਾਲੀਆਂ ਵਿਚ ਡੋਲ੍ਹਦੀਆਂ ਸਨ, ਤਾਂ ਕਿਤੇ ਜਾ ਕੇ ਏਸ ਗੁਰੂ ਸਾਹਿਬਾਨ ਦੇ ਵਰੋਸਾਏ ਪੁਰਾਣੀ ਇੱਟ ਤੇ ਬਰੀਕ ਗਲੀਆਂ ਵਾਲੇ ਬਜ਼ਾਰਾਂ ਵਿਚੋਂ ਬੋਅ ਸਾਫ ਹੁੰਦੀ।
‘‘ਰਾਧਾ’’ ਕੁਝ ਚਿਰ ਰੰਡੀਆਂ ਵਾਲਾ ਕੰਮ ਛੱਡ ਕੇ ਕੋਠੇ ਲਾਹੁਣ ਵੀ ਜਾਂਦੀ ਰਹੀ ਸੀ। ਬਸ ਐਵੇਂ ਸਾਲ-ਦੋ ਸਾਲ ਹੀ! ਫੇਰ ਉਹਨੇ ਅਜੀਤ ਨਗਰ, ਜਿਹੜਾ ਅਕਾਲੀਆਂ ਨੇ 1948 ਵਿਚ ਫੁੱਲਾਂ ਵਾਲੇ ਬਾਗ ਨੂੰ ਖ਼ਤਮ ਕਰਕੇ ਕੱਟਿਆ ਸੀ, ਉਥੇ ਝਾੜੂ ਮਾਰਨ ਦੀ ਡਿਊਟੀ ਲੈ ਲਈ ਸੀ। ਉਥੇ ਹੀ ਸਾਡੇ ਚਾਰ-ਪੰਜ ਘਰ ਇਕ ਸਾਂਝੀ ਵਲਗਣ ਵਿਚ ਬਣੇ ਹੋਏ ਸਨ। ਅਕਾਲੀਆਂ ਨੇ ਸਾਡੇ ਇਕ ਬਾਬੇ ਨੂੰ ਉਹਦੀ ਸੇਵਾ ਬਦਲੇ ਸਸਤੀ ਜ਼ਮੀਨ ਦੇ ਦਿੱਤੀ ਸੀ। ਉਸ ਸਾਂਝੀ ਵਲਗਣ ਵਿਚ ਚਾਰਾਂ ਵਿਚੋਂ ਇਕ ਘਰ ਸਾਡਾ ਵੀ ਸੀ।
ਰਾਧਾ ਜਦੋਂ ਵੀ ਸਾਡੇ ਘਰ ਅੱਗੋਂ ਲੰਘਦੀ, ਮੇਰੀ ਬੇਬੇ (ਪੜਦਾਦੀ) ਕੋਲੋਂ ਹਮੇਸ਼ਾ, ਸੱਟੇ-ਦੜੇ ਦਾ ਨੰਬਰ ਜ਼ਰੂਰ ਪੁੱਛਦੀ ਸੀ। ਬੇਬੇ ਜੋ ਵੀ ਪੁੱਠਾ ਸਿੱਧਾ ਬੋਲ ਦੇਂਦੀ, ਰਾਧਾ ਉਹਦਾ ਨੰਬਰ ਬਣਾ ਲੈਂਦੀ। ਫੇਰ ਉਹ ਉਸੇ ਨੰਬਰ ‘ਤੇ ਦੜਾ ਜਾਂ ਸੱਟਾ ਲਾ ਦੇਂਦੀ। ਉਹਨੀਂ ਦਿਨੀਂ ਅੰਬਰਸਰ ਵਿਚ ‘‘ਬਾਬਾ ਭੁਕਾਨਿਆ ਵਾਲਾ’’, ਜਿਹੜਾ ਦਸ ਨੰਬਰੀਆ ਸੀ, ਘੜਾ ਖੋਹਲਦਾ ਸੀ। ਧੇਲੀ ਦੇ ਢਾਈ ਰੁਪਏ, ਰੁਪਏ ਦੇ ਪੰਜ ਰੁਪਏ, ਪੰਜ ਦੇ ਪੰਝੀ!
….ਸ਼ਾਮ ਨੂੰ ਰਾਧਾ ਆਪਣੀ ਧੇਲੀ, ਰੁਪਈਆ ਲਾ ਕੇ ਹੋਣ ਵਾਲੀ ਕਮਾਈ ਦਾ ਨੰਬਰ ਪਤਾ ਕਰਨ ਚਾਟੀਵਿੰਡ ਚੌਂਕ ਜਾਂਦੀ। ਉਥੇ ਬਾਬਾ ‘‘ਭੁਕਾਨਿਆਂ ਵਾਲਾ’’ ਸ਼ਾਮ ਨੂੰ ਨੰਬਰ ਪੁਕਾਰਦਾ। ਕਈ ਵਾਰ ਰਾਧਾ ਨੂੰ ਨੰਬਰ ਮਿਲ ਜਾਂਦਾ ਤੇ ਉਹ ‘ਚਰਸ’ ਦੀ ਗੋਲੀ ਲੈ ਲੈਂਦੀ। ਉਦੋਂ ਉਹਦੀ ਹੁੱਕੀ ਵਿਚੋਂ ਅਲੀ ਸੁਲਫ਼ੇ ਦੀ ਮਹਿਕ ਉੱਠਦੀ। ਜੇ ਨੰਬਰ ਨਾ ਵੀ ਨਿਕਲਦਾ, ਰਾਧਾ ਹੱਸੀ ਜਾਂਦੀ ਤੇ ਆਪਣੇ ਕਮਰੇ ਦੇ ਬਾਹਰ ਆ ਕੇ ਮੰਜੀ ‘ਤੇ ਬੈਠ ਜਾਂਦੀ ਤੇ ਆਲੇ-ਦੁਆਲੇ ਬੈਠੇ ਹੋਰਨਾਂ ਨੂੰ ਆਪਣੇ ਕਾਰਨਾਮੇ ਦੱਸੀ ਜਾਂਦੀ ਤੇ ਹੱਸਦੀ ਰਹਿੰਦੀ। ਗੱਲਾਂ ਕਰਦਿਆਂ ਉਹਦੇ ਮਹਿੰਦੀ ਰੰਗੇ ਵਾਲ ਵੀ ਹੱਸਦੇ ਲਗਦੇ। ਉਹਦੇ ਆਲੇ ਦੁਆਲੇ ਉਹਦੀ ਬੇਟੀ ਦੇ ਪੋਤੇ-ਪੜੋਤੇ, ਉਹਦੀਆਂ ਭੈਣਾਂ ਦੇ ਬੱਚਿਆਂ ਦੇ ਬੱਚੇ ਉਹਦੀ ਕੁਲ ਵਧਾ ਰਹੇ ਦਿੱਸਦੇ।
ਰਾਧਾ ਨੂੰ ਵੇਖਦਿਆਂ ਹੀ ਮੇਰੀ ਦਾਦੀ ਉੱਚੀ ਸਾਰੀ ਕਹਿੰਦੀ ਸੀ - ‘‘ਲੈ ਆ ਗਈ ਰਾਧਾ ਰੰਡੀ…! ਹੁਣ ਆ ਕੇ ਕਹੇਗੀ ਚਾਹ ਪਾ ਦੇਹ ਮੇਰੀ ਗੜਵੀ ‘ਚ!’’
ਇਹ ਬੰਟੀ ਮਸੀਹ, ਜਿਹੜਾ ਅੱਜਕਲ ਛੁਰੀਮਾਰੀ ਤੇ ਸਮੈਕ ਪੀਣ ਵਿਚ ਨੰਬਰ-ਵਨ ਸੀ, ਇਸੇ ਰਾਧਾ ਰੰਡੀ ਦੇ ਕਬੀਲੇ ਵਿਚੋਂ ਸੀ। ਵੀਹਾਂ ਨੂੰ ਪਾਰ ਕੀਤਾ ਉਹ ਮੁੰਡਾ ਮੇਰੀ ਸਿੰਝਾਣ ਵਿਚ ਸੀ। ਸਾਡੇ ਇਲਾਕੇ ਵਿਚ ਲੜਾਈਆਂ ਵਿਚ ਪੈਸੇ ਲੈ ਕੇ ਆਣ, ਢੋਲੀਆਂ ਨਾਲ ਢੋਲ ਵਜਾਣ ਲਈ ਸਾਈ ‘ਤੇ ਆਉਣ ਵਿਚ ਇਹ ਅੱਗੇ ਕਹਿੰਦਾ ਸੀ। ਪਿਛਲੇ ਸਾਲ ਕੁ ਤੋਂ ਇਹ ਹੁਣ ਸਮੈਕ ਦੀਆਂ ਪੁੜੀਆਂ ਵੇਚਣ ਵਿਚ ਨੰਬਰ ਇਕ ‘ਤੇ ਸੀ। ਥਾਣੇਦਾਰ ਮੱਲ੍ਹੀ ਕੋਲੋਂ ਕਈ ਵਾਰ ਕੁੱਟ ਖਾ ਚੁੱਕਾ ਸੀ।
ਵੱਡੀ ਗੱਲ ਇਹ ਸੀ ਕਿ ਮੈਂ ਇਸ ਨੂੰ, ਇਸ ਦੇ ਪਿਉ ਤੇ ਦਾਦੇ ਨੂੰ, ਗੱਲ ਕੀ ਰਾਧਾ ਤੱਕ ਇਸ ਦੇ ਸਾਰੇ ਖਾਨਦਾਨੀ ਸ਼ਜਰੇ ਨੂੰ ਜਾਣਦਾ ਸਾਂ। ਇਹਦਾ ਪਿਉ ਵੀ ਕਤਲ ਹੋ ਕੇ ਹੀ ਸੰਸਾਰ ਤੋਂ ਰੁਖ਼ਸਤ ਹੋਇਆ ਸੀ।…
ਅੱਜ ਜਦੋਂ ਮੇਰੇ ਸਾਥੀਆਂ ਇਹਨੂੰ ‘‘ਚਿੱਟਾ’’ ਕਿਹਾ ਤਾਂ ਉਹ ਮਾਨੋ ਮੇਰੀ ਸਿਮਰਤੀ ਦੇ ਦਵਾਰ ਖੋਲ੍ਹ ਗਏ ਸਨ -
‘‘ਉਹ …..ਵੇਖਿਓ ਨਾ! ਉਹ ਕੌਣ ਆ ਰਹੇ ਨੇ ਸਿੱਧੇ ਸਾਡੇ ਵਲ?’’ ਬਾਬਾ ਬੁੱਢਾ ਜੀ ਨੇ ਅਚਾਨਕ ਉੱਠੇ ਰੌਲ਼ੇ ਵਲ ਨਿਗਾਹ ਗੱਡ ਕੇ ਸਾਹਮਣੇ ਬੈਠੀਆਂ ਸੰਗਤਾਂ ਨੂੰ ਕਿਹਾ।
ਬਾਬਾ ਬੁੱਢਾ ਜੀ ਦੇ ਬਿਲਕੁਲ ਪਿੱਛੇ ਤਖ਼ਤਪੋਸ਼ ‘ਤੇ ਸੱਚੇ ਪਾਤਸ਼ਾਹ ਬਿਰਾਜਮਾਨ ਸਨ। ਨਾਲ ਹੀ ਬਾਕੀ ਹਜ਼ੂਰੀ ਸੇਵਕ ਬੈਠੇ ਹੋਏ ਸਨ। ਕੁਛ ਸੰਗਤਾਂ ਸਾਹਮਣੇ ਬੈਠੀਆਂ ਸੀ, ਕੁਝ ਥੋੜ੍ਹੀ ਦੂਰੀ ‘ਤੇ ਮਿੱਟੀ ਪੁੱਟਣ ਦੀ ਕਾਰ-ਸੇਵਾ ਕਰ ਰਹੀਆਂ ਸਨ।
‘‘….ਆਉਣ ਦਿਓ ਬਾਬਾ ਜੀ! ਇਹਨਾਂ ਨੂੰ ਆਉਣ ਦਿਉ ਮੇਰੇ ਵਲ! ਇਹਨਾਂ ਦਾ ਤੇ ਸਾਡਾ ਮਿਲਣਾ ਪਹਿਲਾਂ ਹੀ ਤੈ ਹੋ ਚੁੱਕਾ ਹੈ। ਇਹ ਜਨਮ ਤੇ ਇਕ ਬਹਾਨਾ ਹੀ ਜੇ! ਇਹੀ ਲੋਕ ਤੇ ਏਹਨਾਂ ਧਰਤੀਆਂ ਦੇ ਅਸਲ ਮਾਲਕ ਸਨ। ਆਉਣ ਦਿਓ!’’ ਸੱਚੇ ਪਾਤਸ਼ਾਹ ਨੇ ਬਚਨ ਕੀਤੇ।
ਸਭ ਦਾ ਧਿਆਨ ਆਉਣ ਵਾਲਿਆਂ ਵਲ ਹੀ ਸੀ। ਆਉਣ ਵਾਲੇ ਨਜ਼ਦੀਕ ਆ ਰਹੇ ਸਨ। ਕੋਈ ਪੱਚੀ-ਤੀਹ ਜਣਿਆਂ ਦਾ ਟੋਲਾ ਸੀ। ਵਧੇਰੇ ਕਰਕੇ ਮਰਦ ਤੇ ਬੱਚੇ ਸਨ। ਔਰਤਾਂ ਦੋ-ਚਾਰ ਹੀ ਸਨ, ਤੇ ਉਹ ਵੀ ਬਿਰਧ ਸਨ। ਸਾਰਿਆਂ ਦੇ ਪਿੰਡੇ ਨੰਗੇ ਸਨ, ਸਿਰਫ਼ ਹੇਠਾਂ, ਨੰਗ ਢੱਕਣ ਦੇ ਨਾਂ ਚੰਦ ਲੀਰਾਂ ਬੱਧੀਆਂ ਹੋਈਆਂ ਸਨ। ਬਿਰਧ ਔਰਤਾਂ ਧੜੋ ਨੰਗੀਆਂ ਤੇ ਲੱਕ ਉਹਨਾਂ ਦੇ ਵੀ ਲੀਰਾਂ ਹੋਈਆਂ ਲਮਕਦੀਆਂ ਹੀ ਬੰਨ੍ਹੀਆਂ ਹੋਈਆਂ ਸਨ। ਬਾਲ-ਅੰਝਾਣਿਆਂ ਦੇ ਢਿੱਡ ਪਿਚਕੇ ਤੇ ਸਰੀਰ ਬੀਮਾਰਾਂ ਜਿਹੇ ਸਨ। ਉਹਨਾਂ ਨਾਲ ਟੁਰੇ ਆਉਂਦੇ ਬੰਦਿਆਂ ਨੇ ਮੂੰਹ ‘ਤੇ ਇਕ ਹੱਥ ਨਾਲ ਮਿੱਟੀ ਦੇ ਟੁੱਟੇ ਤੌੜਿਆਂ ਦੇ ਟੋਟੇ ਨੱਪੇ ਹੋਏ ਸਨ ਤੇ ਢਿੱਡਾਂ ‘ਤੇ ਰੱਸੀਆਂ ਬੰਨ੍ਹੀਆਂ ਹੋਈਆਂ ਸਨ।
….ਸੰਗਤ ਪਛਾਣ ਗਈ ਸੀ ਕਿ ਉਹ ਕੌਣ ਸਨ? ਸਭ ਲੋਕ ਹੁਣ ਸੱਚੇ ਪਾਤਸ਼ਾਹ ਵਲ ਵੇਖ ਰਹੇ ਸਨ। ਉਹਨਾਂ ਪੱਚੀਆਂ-ਤੀਹਾਂ ਬੰਦਿਆਂ ਦਾ ਟੋਲਾ ਕੁਝ ਕਦਮਾਂ ਪਿਛਾਂਹ ਹੀ ਖੜੋ ਗਿਆ ਸੀ।
‘‘ਆ ਜਾਉ ਕਰਮਾਂ ਵਾਲਿਓ! ਝਿਜਕੋ ਨਾ! ਨਾਨਕ ਦੇ ਦਰਬਾਰ ਤੁਹਾਡੀ ਕੋਈ ਭਿੱਟ ਨਹੀਂ!’’ ਗੁਰੂ ਰਾਮਦਾਸ ਜੀ ਨੇ ਉਹਨਾਂ ਦੇ ਸਭ ਤੋਂ ਅੱਗੇ ਖੜ੍ਹੇ ਮੁਖੀ ਨੂੰ, ਤੇ ਬਾਕੀਆਂ ਨੂੰ ਸਾਂਝਾ ਸੰਬੋਧਨ ਕਰਦਿਆਂ ਕਿਹਾ।
‘‘…ਅੰਨਦਾਤਾ! ਅਸੀਂ ਸਾਰੇ ਤੇਰੀ ਸ਼ਰਨ ਆਏ ਹਾਂ। ਪਰ ਕਿੱਦਾਂ ਅਰਜ ਕਰੀਏ? ਅਸੀਂ ਸਾਰੇ ਹੀ ਦੋ ਪਿੰਡਾਂ ਦੇ ਚੂਹੜੇ ਆਂ! ਸੁਲਤਾਨਵਿੰਡ ਤੇ ਚਾਟੀਵਿੰਡ ਦੇ ਵਿਚਕਾਰ ਪੈਂਦੇ ਪਹੇ ਤੇ ਸਾਡਾ ਵਿਹੜਾ ਏ। ਪਰ੍ਹਾਂ ਜੰਗਲ ਏ! ਅਸੀਂ ਸਾਰੇ ਹੀ ਮਹਿਮੇ ਰਾਜਪੂਤ ਦੇ ਬਠਾਏ ਹੋਏ ਹਾਂ! ਹੁਣ ਬਾਬਾ ਬਲੌਲ ਰਾਜਪੂਤ ਸਾਡਾ ਮਾਲਕ ਏ! ਪਰ ਪਿੰਡ ਦੇ ਸਾਰੇ ਰਾਜਪੂਤ ਤੇ ਬ੍ਰਾਹਮਣ ਸਾਥੋਂ ਵਗਾਰਾਂ ਲੈਂਦੇ ਨੇ। ਅਸੀਂ ਕਿਸੇ ਤੋਂ ਨਾਬਰ ਨਹੀਂ ਹੋ ਸਕਦੇ ਮਾਲਕਾ।’’ ਸਭ ਤੋਂ ਅਗਲੇ ਨੇ, ਜਿਹੜਾ ਉਹਨਾਂ ਦਾ ਮੁਖੀ ਜਾਪਦਾ ਸੀ, ਅਰਜ਼ ਗੁਜ਼ਾਰੀ ਤੇ ਨਾਲ ਹੀ ਜ਼ੋਰ-ਜ਼ੋਰ ਦੀ ਢਿੱਡ ਵਜਾਣਾ ਸ਼ੁਰੂ ਕਰ ਦਿੱਤਾ। ਉਹਦੇ ਢਿੱਡ ਵਜੌਣ ਦੀ ਦੇਰ ਸੀ ਕਿ ਬਸ ਜਿਵੇਂ ਬਾਕੀ ਉਹਦਾ ਇਸ਼ਾਰਾ ਹੀ ਉਡੀਕ ਰਹੇ ਸਨ। ਸਾਰਿਆਂ ਹੀ ਮੂੰਹ ਤੋਂ ਤੌੜਿਆਂ ਦੇ ਟੋਟੇ ਲਾਹ ਦਿੱਤੇ ਤੇ ਢਿੱਡ ਵਜੌਣ ਤੇ ਮੂੰਹੋਂ ਕੁਰਲੌਣ ਲਗ ਪਏ। ਬੁੱਢੀਆਂ ਜਨਾਨੀਆਂ ਨੇ ਵੱਖਰੀਆਂ ਜਿਹੀਆਂ ਦਿਲ-ਚੀਰਵੀਆਂ ਲੇਰਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।
ਸੰਗਤ ਭੌਚਕੀ ਜਿਹੀ ਗਈ ਸੀ। ਇਥੋਂ ਤੱਕ ਕਿ ਬਾਲਕ ਅਰਜਨ ਦੇਵ ਅਤੇ ਬਾਬਾ ਬੁੱਢਾ ਜੀ ਵੀ ਪ੍ਰੇਸ਼ਾਨ ਹੋ ਗਏ ਸਨ। ਪਰ ਜਾਣੀ-ਜਾਣ ਪਾਤਸ਼ਾਹ ਨੇ ਸਭ ਨੂੰ ਸ਼ਾਂਤ ਹੋਣ ਦਾ ਇਸ਼ਾਰਾ ਕੀਤਾ, ਤੇ ਉਹਨਾਂ ਨੂੰ ਘੜੀ-ਦੋ-ਘੜੀ ਢਿੱਡ ਵੱਜਾ ਲੈਣ ਦਿੱਤੇ। ਅਖੀਰ ਉਹਨਾਂ ਦਾ ਇਹ ਅਮਲ ਰੁਕਿਆ ਤੇ ਉਹਨਾਂ ਦੂਰੋਂ ਹੀ ਸੰਗਤ ਸਮੇਤ ਗੁਰੂ ਸਾਹਿਬ ਨੂੰ ਲੰਮੇ ਪੈ ਕੇ ਦੰਢਵਤ ਕੀਤੀ।
‘‘….ਉੱਠੋ ਬੱਚਿਓ! ਮੈਂ ਤੁਹਾਡੀ ਵੇਦਨਾ ਪੜ੍ਹ ਲਈ ਏ। ਇਹ ਗੁਰੂ ਨਾਨਕ ਦਾ ਦਰਬਾਰ ਏ! ਤੁਹਾਨੂੰ ਖਾਲੀ ਨਹੀਂ ਮੋੜਾਂਗਾ।’’ ਗੁਰੂ ਸਾਹਿਬ ਨੇ ਰਮਜ਼ ਸੁੱਟੀ।
‘‘…ਮਾਲਕਾ! ਰਾਜਪੂਤ ਤੇ ਹਿੰਦੂ ਲਾਲੇ ਸਾਥੋਂ ਵਗਾਰਾਂ ਲੈਂਦੇ ਨੇ। ਬਾਹਮਣਾਂ ਨੂੰ ਸਾਨੂੰ ਆਪਣੀਆਂ ਬੇਟੀਆਂ ਪਰੋਸਣੀਆਂ ਪੈਂਦੀਆਂ ਨੇ। ਜਿਹੜੇ ਬਾਹਮਣ ‘‘ਮਲਕ’’ ਹੁਰਾਂ ਦੇ ਨੇੜੇ ਨੇ, ਉਹ ਤੇ ਬਹੁਤਾ ਹੀ ਕਹਿਰ ਕਮਾਂਦੇ ਨੇ। ਮਲਕ ਹੁਰੀਂ ਵੀ ਜ਼ੁਲਮ ਕਰਦੇ ਨੇ, ਪਰ ਏਨਾ ਨਹੀਂ, ਜਿੰਨਾ ਇਹ ਬਾਹਮਣ ਤੇ ਰਾਜਪੂਤ ਕਰਦੇ ਨੇ। ਮਲਕ ਹੁਰੀਂ ਆਪਣੇ ਸੇਵਕ ਭੇਜ ਛੱਡਦੇ ਨੇ ਕਿ ਜੁੰਮੇ ਦੀ ਨਮਾਜ਼ ਅਦਾ ਕਰਿਆ ਕਰੋ। ਪਰ ਕਰੀਏ ਕਿਵੇਂ? ਨਾ ਕੋਈ ਨਮਾਜ਼ੀ, ਨਾ ਕਾਜ਼ੀ, ਅਸੀਂ ਆਪ ਕਿੱਥੋਂ ਲਿਆਈਏ? ਉਹ ਭੇਜਦੇ ਨਹੀਂ।’’ ਉਹਨਾਂ ਦੇ ਮੁਖੀ ਨੇ ਵਿਥਿਆ ਖੋਲ੍ਹ ਸੁਣਾਈ।
‘‘ਇਹ ਨਾਨਕ ਨਿਰੰਕਾਰੀ ਦਾ ਦਰਬਾਰ ਏ। ਇਥੋਂ ਤੁਸੀਂ ਖਾਲੀ ਨਹੀਂ ਜਾਉਗੇ!’’ ਐਤਕੀ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਵਲੋਂ ਜਵਾਬ ਦਿੱਤਾ।
‘‘ਬਾਬਾ ਜੀ! ਇਹਨਾ ਨੂੰ ਕਿਹੜੀ ਗੁੱਠ ਦੇ ਦਈਏ?’’ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਸਵਾਲ ਕੀਤਾ।
‘‘ਮਹਾਰਾਜ! ਇਸ ਨਵੇਂ ਨਗਰ ਵਿਚ ਤੁਸੀਂ ਇਹਨਾਂ ਢੇਡਾਂ ਨੂੰ ਵੀ ਵੱਸਾਣ ਦੀ ਸੋਚੀ ਬੈਠੇ ਹੋ! ਤਾਂ ਤੇ ਫੇਰ ਮਲਕ ਹੁਰਾਂ ਨਾਲ ਵੀ, ਤੇ ਇਲਾਕੇ ਦੇ ਬਾਹਮਣਾਂ ਨਾਲ ਵੀ ਸਿੱਧਾ ਮੱਥਾ ਲਗ ਜਾਣਾ ਏ!’’ ਬਾਬਾ ਮੋਹਰੀ ਜੀ ਨੇ ਕਿਹਾ।
‘‘ਭਗਤ ਜੀ! ਅਸੀਂ ਨਕਦ ਅਦਾਇਗੀ ਦੇ ਕੇ ਇਹ ਜਗ੍ਹਾ ਖਰੀਦੀ ਏ। ਦੂਜਾ ਇਹ ਨਾਨਕ ਦਾ ਦਰਬਾਰ ਏ। ਰੂਹਾਨੀਅਤ ਦਾ ਮਰਕਜ਼! ਇਥੇ ਮਲਕ-ਸ਼ਲਕ ਜਾਂ ਕਿਸੇ ਬਾਹਮਣ ਦੀ ਮਜਾਲ ਨਹੀਂ ਹੋਣੀ ਕਿ ਚੁਸਕ ਜਾਵੇ! ਪੰਜਾਬ ਮੁਲਕ ਹੀ ਪੀਰਾਂ ਤੇ ਭਗਤਾਂ ਦਾ ਏ!’’ ਬਾਬਾ ਬੁੱਢਾ ਜੀ ਨੇ ਕਿਹਾ।
‘‘ਐਦਾਂ ਕਰੋਂ ਕਿ ਉੱਤਰ ਵਲ ਮੂੰਹ ਕਰਕੇ ਜੰਗਲ ਦੀ ਆਖਰੀ ਬਾਹੀ ਇਹਨਾਂ ਨੂੰ ਦੇ ਦਿਉ।’’ ਗੁਰੂ ਜੀ ਨੇ ਦੋ ਟੁੱਕ ਫੈਸਲਾ ਦੇ ਦਿੱਤਾ।
‘‘ਸਾਨੂੰ ਭਾਵੇਂ ਜੰਗਲ ਦੇ ਅੰਦਰ ਚਾਰ ਕਰਮ ਦੇ ਦਿਉ, ਪਰ ਹੁਣ ਸਾਨੂੰ ਵਾਪਸ ਨਾ ਧੱਕਿਆ ਜੇ! ਨਹੀਂ ਤੇ ਮਲਕ ਹੁਰੀਂ ਸਾਨੂੰ ਮਾਰ ਦੇਣਗੇ। ਉਹ ਬਹੁਤੇ ਵਗਾਰੀਆਂ ਦੀ ਪੁੱਠੀ ਖੱਲ ਲੁਹਾ ਕੇ ਲੂਣ ਪਵਾਂਦੇ ਜੇ।’’ ਸ਼ਰਨ ਆਇਆਂ ਵਿਚੋਂ ਇਕ ਹੋਰ ਨੇ ਅਰਜ਼ ਕੀਤੀ।
‘‘ਹੁਣ ਤੁਸੀਂ ਇਥੇ ਸਾਡੇ ਸ਼ਹਿਰ ਵਿਚ ਹੀ ਵੱਸੋਗੇ। ਤੇ ਤੀਹੋ-ਕਾਲ ਤੁਹਾਨੂੰ ਰਹਿੰਦੀ ਦੁਨੀਆਂ ਤੱਕ ਕੋਈ ਨਾ ਕੱਢ ਸਕੂ!’’ ਮਹਾਰਾਜ ਨੇ ਬਚਨ ਕੀਤੇ।
‘‘ਤੁਹਾਡੇ ਮਲਕ ਕਿਹੜਾ ਏ?’’ ਬਾਬਾ ਮੋਹਰੀ ਜੀ ਨੇ ਕਿਹਾ।
‘‘ਅਸਦ ਖਾਂ ਏ!’’ ਸ਼ਰਨੀਆਂ ਦੀ ਥਾਂ ਟਿੱਕਾ ਪ੍ਰਿਥੀ ਚੰਦ ਫੱਟ ਬੋਲਿਆ।
‘‘ਟਿੱਕਾ ਜੀ ਨੂੰ ਬੜਾ ਇਲਮ ਏ!’’ ਮੋਹਰੀ ਜੀ ਨੇ ਕਿਹਾ।
‘‘ਮਹਾਰਾਜ ਦਾ ਕੰਮ-ਕਾਰ ਵੀ ਇਹਨਾਂ ਹੀ ਵੇਖਣੈ।’’ ਇਕ ਹੋਰ ਸੇਵਕ ਬੋਲਿਆ।
‘‘ਪਰਿਵਾਰ ਤੇ ਹੋਰ ਜੀਆ-ਜੰਤ ਲੁਕਾ ਕੇ ਆਏ ਹੋ ਨਾ?’’ ਹਲਕਾ ਜਿਹਾ ਮੁਸਕਾ ਕੇ ਸੱਚੇ ਪਾਤਸ਼ਾਹ ਨੇ ਕਿਹਾ।
‘‘ਜੀ ਸੱਚੇ ਪਾਤਸ਼ਾਹ। ਟੱਬਰ-ਟੀਰ ਤੇ ਹੋਰ ਜੀਆ-ਜੰਤ ਉਹ ਸਾਹਮਣੀ ਝਿੜੀ ਵਿਚ ਲੁਕੋ ਆਏ ਆਂ। ਮਲਕ ਹੁਰਾਂ ਨੂੰ ਜਾਂ ਪ੍ਰੋਹਤਾਂ ਦੇ ਕਿਸੇ ਵੀ ਘਰ ਨੂੰ ਖਬਰ ਹੋ ਜਾਂਦੀ ਤਾਂ ਸਾਨੂੰ ਜਾਂ ਤਾਂ ਸਾੜ ਦੇਣਾ ਸੀ, ਜਾਂ ਪੁੱਠੀਆਂ ਖੁੱਲਾਂ ਲੁਹਾ ਦੇਣੀਆਂ ਸਨ।’’ ਇਕ ਸ਼ਰਨਾਰਥੀ ਬੋਲਿਆ।
‘‘ਜਾਉ ਲੈ ਆਉ ਸਭਨਾਂ ਸਿਰਾਂ ਨੂੰ! ਜਿੰਨੇ ਸਰੀਰ ਨੇ, ਸਭ ਨਾਨਕ-ਨਿਰੰਕਾਰੀ ਦੇ ਨੇ। ਆ ਕੇ ਪਹਿਲਾਂ ਲੰਗਰ ਛੱਕੋ ਤੇ ਨਾਲੇ ਇਹ ਦੱਸੋ, ਪਈ ਰੋਟੀ-ਪਾਣੀ ਲਈ ਦਾਣੇ ਪਿੰਡ ਦੇਂਦਾ ਸੀ ਜਾਂ ਕੋਈ ਹੋਰ ਇੰਤਜ਼ਾਮ ਸੀ?’’ ਗੁਰੂ ਜੀ ਨੇ ਕਿਹਾ।
‘‘-ਜੀ ਪਿੰਡ ਦੇਂਦਾ ਤੇ ਸੀ, ਪਰ ਬੜੇ ਬੁਰੇ ਹਾਲੀਂ। ਕਦੀ ਕਦੀ ਮਲਕ ਹੁਰੀਂ ਜ਼ਕਾਤ ਭਿਜਵਾਂਦੇ ਸਨ, ਪਰ ਉਹ ਵੀ ਸਾਡੇ ਸਾਰੇ ਲਾਣੇ (ਕਬੀਲੇ) ਲਈ ਪੂਰੀ ਨਹੀਂ ਸੀ ਪੈਂਦੀ।’’ ਮੁਖੀ ਜਾਪਦੇ ਬੰਦੇ ਨੇ ਸਾਰੀ ਵਿਥਿਆ ਦੱਸੀ।
‘‘…ਤੇ ਫੇਰ ਔਕੜ ਵੇਲੇ ਕੀ ਕਰਦੇ ਸਾਉ?’’ ਗੁਰੂ ਸਾਹਿਬ ਨੇ ਸਪੱਸ਼ਟ ਪੁੱਛਿਆ।
‘‘…ਜੀ ਕੀ ਦੱਸੀਏ? ਔਕੜ ਵੇਲੇ ਜਾਂ ਤੇ ਫੇਰ ਚੂਹੇ ਮਾਰ ਲਈਦੇ ਸੀ। ਜੰਗਲ ਫਰੋਲ ਲਈਦਾ ਸੀ ਜੀ ਚੂਹਿਆਂ ਲਈ! ਸਹਿਆ ਜਾਂ ਕੋਈ ਰੋਝ ਮਾਰਨ ਦਾ ਸਾਨੂੰ ਹੁਕਮ ਨਹੀਂ ਸੀ। ਤੇ ਜੇ ਕਿਤੇ ਪਸ਼ੂ ਮਰ ਜਾਏ, ਤਾਂ ਅਸੀਂ ਚਮੜਾ ਕਮਾ ਕੇ ਮਾਲਕ ਨੂੰ ਦੇ ਦਈਦਾ ਸੀ, ਪਰ ਮਾਸ ਨੂੰ ਸੁੱਕਾ ਕੇ, ਭੋਰ ਕੇ, ਚੂਰਾ ਬਣਾ ਲਈਦਾ ਸੀ। ਉਸੇ ਨੂੰ ਔਕੜਾਂ ਵੇਲੇ ਉਬਾਲ ਲਈਦਾ ਸੀ ਜੀ ਤਾਂਬੀਏ ‘ਚ।’’ ਇਕ ਹੋਰ ਨੇ ਖੁਲਾਸਾ ਕੀਤਾ।
‘‘…ਪਰ ਸਿਆਲਾਂ ਦੇ ਦਿਨੀਂ ਕੀ ਕਰਦੇ ਹੋਵੋਗੇ? ਸਿਆਲਾਂ ‘ਚ ਤੇ ਕਈ ਵਾਰ ਕੁਛ ਵੀ ਨਹੀਂ ਲੱਭਦਾ।’’ ਬਾਬਾ ਬੁੱਢਾ ਜੀ ਨੇ ਪੇਂਡੂ ਅਭਿਆਸ ‘ਚੋਂ ਸਹਿਵਨ ਹੀ ਪੁੱਛ ਲਿਆ।
‘‘ਬੋਲਦੇ ਨਹੀਂ-ਭਲਿਓ ਲੋਕੋ।’’ ਉਹਨਾਂ ਨੂੰ ਚੁੱਪ ਵੇਖ ਕੇ ਗੁਰੂ ਸਾਹਿਬ ਬੋਲੇ।
‘‘ਸੱਚੇ ਪਾਤਸ਼ਾਹ। ਕੀ ਦੱਸੀਏ? ਹੱਲ ਤੇ ਸਿਆਲਾਂ ਦਾ ਵੀ ਅਸੀਂ ਕੱਢ ਲਿਆ ਹੋਇਆ ਸੀ। ਭੁੱਖ ਨਾਲ ਨਹੀਂ, ਅਸੀਂ ਤੇ ਵੱਡੇ-ਵੱਡੇਰਿਆਂ ਦੇ ਕੋਹਣ ਨਾਲ ਮਰ ਚੱਲੇ ਆਂ। ਅੱਤ ਭੁੱਖ ਦੇ ਦਿਨੀਂ ਅਸੀਂ ਚਾਟੀਵਿੰਡ ਤੋਂ ਪਾਰ ਜੰਗਲ ‘ਚ ਲੰਘ ਜਾਂਦੇ ਸਾਂ ਤੇ ਇਕ-ਦੋ ਜੰਗਲੀ ਕੁੱਤੇ ਮਾਰ ਲਿਆਨੇ ਸਾਂ। ਜਦੋਂ ਉਹਨਾਂ ਦਾ ਮਾਸ ਮੁੱਕ ਜਾਂਦਾ, ਹੋਰ ਮਾਰ ਲਿਆਂਦੇ ਸਾਂ। ਪਾਤਸ਼ਾਹ! ਸਾਡਾ ਬੜਾ ਮੰਦਾ ਹਾਲ ਸਾਈ।’’ ਇਕ ਮਾਂਦੇ-ਮਰੇੜੇ ਬੁੱਢੇ ਨੇ, ਜਿਹੜਾ ਮੁਖੀਏ ਦੇ ਬਰਾਬਰ ਖੜ੍ਹਾ ਸੀ, ਅਰਜ ਗੁਜ਼ਾਰੀ।
ਸਭ ਪਾਸੇ ਚੁੱਪ ਛਾ ਗਈ। ਕਈਆਂ ਨੂੰ ਵਿਚੋਂ ਘ੍ਰਿਣਾ ਨਾਲ ਉਲਟੀ ਆਣ ਵਾਲੀ ਹੋ ਗਈ। ਸੰਗਤਾਂ ਵਿਚੋਂ ਚੰਦ ਔਰਤਾਂ ਕੁੱਤੇ ਵਾਲੀ ਗੱਲ ਸੁਣਕੇ ਕਚਿਆਣ ਨਾਲ ਮਨ ਭਾਰੀ ਕਰ ਬੈਠੀਆਂ। ਆਖਰ ਸੱਚੇ ਪਾਤਸ਼ਾਹ ਨੇ ਹੀ ਚੁੱਪ ਤੋੜੀ-
‘‘ਬਾਬਾ ਜੀ, ਪਹਿਲਾਂ ਇਹਨਾਂ ਨੂੰ ਲੰਗਰ ਛਕਾਉ। ਫੇਰ ਜਗ੍ਹਾ ਦੇ ਦਿਉ, ਤਾਂ ਰਾਤ ਤੱਕ ਇਹ ਕੋਈ ਛੰਨਾਂ, ਛੱਪਰੀਆਂ ਬੰਨ੍ਹ ਲੈਣ।’’
‘‘ਜੀ ਪਾਤਸ਼ਾਹ।’’ ਬਾਬਾ ਜੀ ਉੱਠ ਖੜੋਤੇ।
ਏਨੇ ਨੂੰ ਉਸੇ ਨੰਗੀ ਭੀੜ ਵਿਚੋਂ ਦੋ ਸਰੀਰ ਬਾਹਰ ਆਏ। ਲੱਕ ਉਹਨਾਂ ਦੇ ਲਹੂ ਲਿਬੜੀਆਂ ਤਹਿਮਤਾਂ ਸਨ। ਤਹਿਮਤਾਂ ਤੇ ਗੰਦੀ ਰੱਸੀ ਬੰਨ੍ਹ ਕੇ ਨਿੱਕੀਆਂ ਛੁਰੀਆਂ ਬੰਨ੍ਹੀਆਂ ਹੋਈਆਂ ਸਨ। ਅੱਗੇ ਹੋ ਕੇ ਉਨ੍ਹਾਂ ਸੱਚੇ ਪਾਤਸ਼ਾਹ ਨੂੰ ਸਲਾਮ ਕੀਤੀ ਤੇ ਅਰਜ ਗੁਜ਼ਾਰੀ-
‘‘ਖੁਦਾਵੰਦਾ! ਅਸੀਂ ਵੀ ਅਰਜ਼ ਲੈ ਕੇ ਆਏ ਹਾਂ। ਸਾਡੀ ਵੀ ਝੋਲੀ ਖ਼ੈਰ ਪਾ।’’ ਉਹਨਾਂ ਵਿਚੋਂ ਇਕ ਨੇ ਕਿਹਾ।
‘‘….ਹਾਂ ਦੱਸੋ। ਤੁਹਾਡੀ ਝੋਲੀ ਖਾਲੀ ਨਹੀਂ ਜਾਣ ਦਿਆਂਗੇ। ਦੱਸੋ, ਦੱਸੋ?’’ ਮਹਾਰਾਜ ਨੇ ਕਿਹਾ।
‘‘ਅਸੀਂ ਕਸਾਈ ਆਂ! ਇਹਨਾਂ ਦੇ ਲਾਣੇ ਵਿਚੋਂ ਹੀ ਆਂ। ਪਰ ਮਲਕ ਹੁਰਾਂ ਦੇ ਕਾਜ਼ੀ ਨੂੰ ਕੁਛ ਕਸਾਈ ਚਾਹੀਦੇ ਸਨ। ਉਹਨਾਂ ਨੇ, ਪਰੂੰ-ਪਰਾਰ ਤੋਂ ਵੀ ਕਿਤੇ ਪਹਿਲੋਂ ਦੀ ਗੱਲ ਆ, ਸਾਡੇ ਹੱਥਾਂ ਤੇ ਸੂਫੀ ਅੰਬ ਸ਼ਾਹ ਕੋਲੋ ਬੈਤ ਕਰਾ ਦਿੱਤੀ ਸੀ। ਹੁਣ ਕਲਮਾ ਤੇ ਪੜ੍ਹ ਲਿਆ ਏ। ਪਰ ਸਾਨੂੰ ਉਹ ਨਾਲ ਨਹੀਂ ਰਲਾਂਦੇ। ਰਹਿਨੇ ਅਸੀਂ ਆਪਣੇ ਇਹਨਾਂ ਭਰਾਵਾਂ ਨਾਲ ਆਂ। ਜਦੋਂ ਉਹਨਾਂ ਨੂੰ ਪਸ਼ੂ ਹਲਾਲ ਕਰੌਣ ਦੀ ਲੋੜ ਪੈਂਦੀ ਏ, ਉਦੋਂ ਸਾਨੂੰ ਵਗਾਰ ਲਈ ਧੱਕ ਖੜ੍ਹਦੇ ਨੇ।’’ ਇਕ ਨੇ ਆਪਣੀ ਲਹੂ ਲਿਬੜੀ ਤਹਿਮਤ ਦਾ ਪੱਲਾ ਹੱਥ ‘ਚ ਫੜ ਕੇ ਅਰਜ ਕੀਤੀ। ਦੂਜੇ ਨੇ ਨੀਵਾਂ ਹੋ ਕੇ ਮੂੰਹ ਵਿਚ ਘਾਹ ਦੀ ਤਿੜ ਦੱਬਾ ਲਈ। ਤਿੜ (ਦੱਬ) ਬੇਨਤੀ ਕਰਨ ਦੀ ਨਿਸ਼ਾਨੀ ਸੀ।
‘‘…ਮੈਂ ਵੇਖ ਲਈ ਏ ਦੱਬ ਤੇਰੇ ਮੂੰਹ ਵਿਚ। ਤੂੰ ਵੀ ਅਰਜ ਕਰ ਛੱਡ। ਮਹਾਰਾਜ ਨੇ ਤੈਨੂੰ ਵੀ ਖਾਲੀ ਨਹੀਂ ਤੋਰਨਾ।’’ ਬਾਬਾ ਬੁੱਢਾ ਜੀ ਨੇ ਹੱਸ ਕੇ ਕਿਹਾ।
‘‘ਖੁਦਾਵੰਦਾ। ਇਹਨਾਂ ਦੀਆਂ ਛੰਨਾਂ ਕੋਲ ਇਕ-ਅੱਧ ਛੰਨ ਸਾਡੀ ਵੀ ਪਵਾ ਦੇਹ। ਅਸੀਂ ਉਹਨਾਂ ਦੇ ਵੱਸ ਨਹੀਂ ਰਹਿਣਾ ਚਾਹੁੰਦੇ। ਕਸਾਈ ਅਸੀਂ ਨਹੀਂ। ਕਸਾਈ ਤੇ ਉਹ ਨੇ ਅਸਲ ‘ਚ! ਪਿਛਲੇ ਵਰ੍ਹੇ ਉਹਨਾਂ ਸਾਡੀ ਨਿੱਕੀ ਜਿਹੀ ਗਲਤੀ ਤੇ ਮੇਰਾ ਛੋਹਰ ਵੱਟੇ-ਇੱਟਾਂ ਮਾਰ-ਮਾਰ ਕੇ ਮਾਰ ਦਿੱਤਾ ਸੀ।’’ ਘਾਹ ਦੀ ਤਿੜ ਵਾਲਾ ਬੋਲਿਆ ਤੇ ਰੋਣ ਲੱਗ ਪਿਆ।
‘‘…ਇਹ ਤੇ ਗੱਲ ਹੀ ਕੋਈ ਨਹੀਂ। ਖੱਬੀ ਬਾਹੀ ਤੁਹਾਡੀ! ਸੱਜੀ ਉਹਨਾਂ ਦੀ! ਤੁਸੀਂ ਵੀ ਉਥੇ ਹੀ ਛੰਨਾਂ ਪਾ ਲਉ।’’ ਗੁਰੂ ਜੀ ਨੇ ਨਬੇੜਾ ਕਰ ਦਿੱਤਾ।
‘‘…ਜੀ ਪਾਤਸ਼ਾਹ। ਇਕ ਬੰਨੇ ‘ਕੁੱਤੀ ਵਿਹੜਾ’ ਤੇ ਦੂਜੇ ਬੰਨੇ ‘ਕਸਾਈ ਵਿਹੜਾ।’। ਇਥੇ ਵਾਹਵਾ ਰੌਣਕ ਰਹਿਸੀ ਮਾਰਾਜ।’’ ਮੋਹਰੀ ਜੀ ਨੇ ਕਿਹਾ। ਇਹ ਪਤਾ ਨਹੀਂ ਸੀ ਲੱਗਾ ਕਿ ਮੋਹਰੀ ਜੀ ਨੇ ਦਿਲੋਂ ਕਿਹਾ ਕਿ ਵਿਅੰਗ ਕੀਤਾ ਸੀ? ਕਿਉਂਕਿ ਨਾਨਕ ਨਿਰੰਕਾਰੀ ਦੀ ਗੱਦੀ ਵਲੋਂ ਕੁਛ ਵੀ ਕੀਤਾ ਜਾਣਾ ਸੰਭਵ ਸੀ। ਪਰ ਮੋਹਰੀ ਜੀ ਨੂੰ ਆਪਣੇ ਖੱਤਰੀ ਹੋਣ ਦਾ ਵੀ ਕਿਧਰੇ ਡੂੰਘਾ, ਧੁਰ ਅੰਦਰ ਮਾਣ ਸੀ। ਅੱਜ ਉਹ ਮਾਣ ਥੋੜ੍ਹਾ ਔਖਾ ਹੋ ਰਿਹਾ ਸੀ।
‘‘….ਸਭ ਗੁਰੂ ਦੀ ਬਖਸਿਸ਼ ਏ ਮੋਹਰੀ ਜੀ। ਅਸੀਂ ਕੌਣ ਆਂ?’’ ਗੁਰੂ ਸਾਹਿਬ, ਜੋ ਦਿਲ ਦੀਆਂ ਦਿਲ ‘ਚ ਬੁੱਝ ਲੈਂਦੇ ਸਨ, ਕਹਿਣ ਲੱਗੇ। ਬਾਬਾ ਬੁੱਢਾ ਜੀ ਉਹਨਾਂ ਨੂੰ, ਸਾਰਿਆਂ ਨੂੰ, ਸਮੇਤ ਝਿੜੀ ਵਿਚ ਲੁਕੀ ਸੰਗਤ ਦੇ, ਲੰਗਰ ਛਕਾਣ ਲੈ ਗਏ ਸਨ। ਕਾਫੀ ਦੇਰ ਮਗਰੋਂ ਉਹ ਇਕੱਲੇ ਪਰਤੇ ਤੇ ਸੱਚੇ ਪਾਤਸ਼ਾਹ ਦੇ ਬਿਲਕੁਲ ਨਜ਼ਦੀਕ ਆ ਕੇ ਚਰਨਾਂ ਕੋਲ ਬੈਠ ਗਏ ਤੇ ਅਰਜ ਕੀਤੀ-
‘‘ਸੱਚੇ ਪਾਤਸ਼ਾਹ! ਲੰਗਰ ਤੇ ਛਕਾ ਦਿੱਤੈ! ਪਰ ਕਿੰਨੀ ਓ ਸੰਗਤ ਚੁੱਪ ਕਰਕੇ ਖਿਸਕ ਗਈ ਏ। ਇਹਨਾਂ ਢੇਡਾਂ ਨਾਲ ਬਹਿ ਕੇ ਲੰਗਰ ਛੱਕਣ ਲਈ ਤੇਰੇ ਵਿਰਲੇ ਸਿੱਖ ਹੀ ਬੈਠੇ ਰਹੇ ਨੇ। ਬਸ ਉਹੀ, ਜਿੰਨਾਂ ਨੂੰ ਢੇਡਾਂ ਵਿਚੋਂ ਵੀ ਤੂੰ ਹੀ ਦਿੱਸਦਾ ਏਂ।’’ ਹਜ਼ੂਰ ਮਹਾਰਾਜ ਕਿੰਨੀ ਦੇਰ ਖਾਮੋਸ਼ ਬੈਠੇ ਰਹੇ। ਫੇਰ ਬਾਬਾ ਬੁੱਢਾ ਜੀ ਦੇ ਕੰਨ ਕੋਲ ਸਰਗੋਸ਼ੀ ਨਾਲ ਕਹਿਣ ਲੱਗੇ-
‘‘ਤੁਸੀਂ ਇਹਨਾਂ ਨੂੰ ਉੱਤਰ ਵਾਲੀ ਬਾਹੀ ਵਲ ਥੋੜ੍ਹੀ ਥਾਂ ਦਿਉ। ਕੋਲ ਜੰਗਲ ਵੀ ਹੈ। ਰਾਤ ਤੱਕ ਇਹ ਸਿਰ ਲੁਕਾਣ ਜੋਗੇ ਹੋਣ। ਇਹ ਨਾਨਕ ਦੇ ਦਰਬਾਰ ‘ਚ ਆਏ ਨੇ। ਸ਼ਰਨਗਤ ਨੂੰ ਕਿਵੇਂ ਸੁੱਟ ਪਾਈਏ? ਵੇਖੀ ਜਾਏਗੀ, ਜੋ ਹੋਏਗਾ!’’
‘‘ਪਾਤਸ਼ਾਹ! ਵਧੇਰੇ ਕਰਕੇ ਲਾਹੌਰ ਦੀ ਰੋੜ ਬੰਸ, ਤੇ ਸੁਲਤਾਨਪੁਰ ਲੋਧੀ ਵਲ ਦੀ ਜੱਟ ਬਰਾਦਰੀ ਲੰਗਰ ਛੱਡ ਗਈ ਏ। ਉੱਠ ਕੇ ਚੁੱਪ ਕੀਤੇ ਟੁਰ ਗਏ ਨੇ। ਬਾਕੀ ਰਿਆੜਕੀ ਦੇ ਤੇ ਪਹਾੜ ਦੇ ਪੈਰਾਂ ਦੇ ਕੁਛ ਘੁਮਿਆਰ ਤੇ ਜੱਟ, ਜਿਹੜੇ ਇਕੱਠੇ ਆਏ ਸਨ, ਉਹ ਬੜੇ ਸਿਦਕ ਨਾਲ ਲੰਗਰ ਛੱਕ ਰਹੇ ਨੇ।’’ ਬਾਬਾ ਬੁੱਢਾ ਜੀ ਨੇ ਤਫਸੀਲ ਦਿੱਤੀ। ਨਾਲ ਹੀ ਉਹ ਉੱਠ ਕੇ ਦੁਬਾਰਾ ਢੇਡਾਂ ਵਲ ਚਲੇ ਗਏ, ਤਾਂ ਕਿ ਉਹਨਾਂ ਨੂੰ ਜਗ੍ਹਾ ਦੇ ਨਿਸ਼ਾਨ ਦੇ ਆਣ।
‘‘ਵਾਹ ਮੇਰੇ ਨਾਨਕਾ! ਨਿਰੰਕਾਰੀਆ! ਤੇਰੀਆਂ ਤੂੰ ਜਾਣੇ। ਪਰ ਮੇਰੇ ਪੁੱਤਰੋ। ਤੁਸੀਂ ਜਿੰਨੀ ਆਸ ਲੈ ਕੇ ਇਹਨਾਂ ਨਾਨਕ-ਪੰਥੀਆਂ ਕੋਲ ਆਏ ਸਾਉ, ਮੈਨੂੰ ਨਹੀਂ ਭਾਸਦਾ, ਪਈ ਇਹ ਤੁਹਾਨੂੰ ਪੂਰੀ ਤਰ੍ਹਾਂ ਗਲ ਨਾਲ ਲਾ ਲੈਣਗੇ।’’ ਗੁਰੂ ਰਾਮਦਾਸ, ਸੱਚੇ ਪਾਤਸ਼ਾਹ ਨੇ ਮੂੰਹ ਵਿਚ ਇਹ ਅਰਜ ਨਾਨਕ ਨਿਰੰਕਾਰੀ ਦੀ ਆਤਮਾ ਅੱਗੇ ਕੀਤੀ ਤੇ ਜਵਾਬ ਵਿਚ ਜੋ ਉਹਨਾਂ ਨੂੰ ਅਗਮ-ਨਿਗਮ ਦੀ ਬਾਣੀ ਸੁਣੀ, ਉਹ ਸਿਰਫ ਉਹੀ ਜਾਣ ਸਕੇ ਸਨ। ਪਰ ਉਹਨਾਂ ਦੇ ਮੁੱਖ ਦੀ ਉਦਾਸੀ ਕਈ ਕੁਛ ਕਹਿ ਰਹੀ ਸੀ।
ਇਸ ਸਾਰੇ ਕੌਤਕ ਨੂੰ ਦੋ ਬਾਲ-ਅੰਝਾਣੇ, ਬਾਲਕ ਅਰਜਨ ਦੇਵ ਅਤੇ ਉਹਨਾਂ ਦਾ ਹੀ ਅੰਗ-ਸਾਕ ਵਿਚੋਂ ਭਰਾ ਲਗਦਾ ਬਾਲਕ ਗੁਰਦਾਸ ਬੜੇ ਗਹੁ ਨਾਲ ਵੇਖ ਰਹੇ ਸਨ। ਉਹਨਾਂ ਦੇ ਮੁੱਖ-ਮੰਡਲ ਬਾਲਕ ਹੋਣ ਦੇ ਬਾਵਜੂਦ ਕਿਸੇ ਸਿਆਣੀ ਆਭਾ ਨਾਲ ਲਿਸ਼ਕ ਰਹੇ ਸਨ।

 
Old 11-12-2008
pps309
 
Re: Copy-Paste: Kutti Vehrda

ਕੁੱਤੀ ਵਿਹੜਾ (ਭਾਗ 2)


ਰਾਤ ਜਦੋਂ ਮੈਂ ਸੁੱਤਾ, ਚੰਗਾ ਭਲਾ ਸਾਂ। ਪਰ ਰਾਤ ਜਦੋਂ ਅੱਧ ‘ਚ ਹੋਈ, ਭਾਵ ਜਦੋਂ ਪ੍ਰੇਤ-ਆਤਮਾਵਾਂ ਦਾ ਪਹਿਰਾ ਲਗ ਗਿਆ, ਉਦੋਂ ਹੀ ਕਿਤੇ ਮੇਰੀ ਅੱਖ ਖੁੱਲ੍ਹੀ ਤੇ ਅੱਖ ਖੁੱਲ੍ਹੀ ਵੀ ਬੜੇ ਕਸੂਤੇ ਢੰਗ ਨਾਲ! ਅਚਾਨਕ ਮੈਨੂੰ ਲੱਗਾ ਕਿ ਕੋਈ ਬੜੀ ਬੇਤਰਸੀ ਨਾਲ ਮੇਰੇ ਦੋਵੇਂ ਹੱਥਾਂ ‘ਤੇ ਬੁਰਕ ਪਿਆ ਵੱਢਦੈ! ਮੈਂ ਸ਼ਾਇਦ ਕਿਸੇ ਸੁਪਨੇ ਵਿਚ ਵਿਚਰ ਰਿਹਾ ਸਾਂ ਕਿ ਅਰਧ-ਜਾਗਰਨ ਵਿਚ, ਇਹਦਾ ਉਸ ਵੇਲੇ ਤੱਕ ਕੋਈ ਅਹਿਸਾਸ ਨਹੀਂ ਸੀ ਹੋਇਆ। ਜਦੋਂ ਮੈਂ ਹੱਥਾਂ ‘ਤੇ ਬੁਰਕ ਵੱਢੀਂਦੇ ਤੱਕੇ ਤਾਂ ਦਰਦ ਨਾਲ ਚੀਕਾਂ ਛੱਡ ਦਿੱਤੀਆਂ।
ਕੋਈ ਆਪਣੇ ਕਰੜੇ ਹੱਥਾਂ ਵਿਚ ਫੜ ਕੇ ਮੇਰੇ ਦੋਹੇਂ ਹੱਥਾਂ ‘ਤੇ ਬੁਰਕ ਪਿਆ ਵੱਢਦਾ ਸੀ। ਅਜੇ ਦੰਦੀਆਂ ਹੀ ਖੁੱਭੀਆਂ ਸਨ ਤੇ ਲਹੂ ਸਿੰਮਣਾ ਸ਼ੁਰੂ ਹੋਇਆ ਸੀ। ਸੁਪਨੇ ਵਿਚ ਹੀ ਮੈਨੂੰ ਆਭਾਸ ਹੋ ਗਿਆ ਕਿ ਮੇਰੇ ਦੋਵੇਂ ਹੱਥਾਂ ‘ਤੇ ਬੁਰਕ ਵੱਢਣ ਵਾਲੀ ਇਹ ਸ਼ੈਅ ਕੋਈ ਜਨਾਨੀ ਐ! ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਇਹ ਜਨਾਨਾ ਸ਼ੈਅ ਕੋਈ ਬੜੀ ਬਲਵਾਨ ਤੇ ਰੂਹਾਨੀ ਸ਼ੈਅ ਏ!
ਮੈਂ ਡਰਕੇ ਅੱਖਾਂ ਖੋਲ੍ਹ ਦਿੱਤੀਆਂ। ਅੱਗੇ ਅੱਖਾਂ ਖੁੱਲ੍ਹੀਆਂ ਵਿਚ ਵੀ ਘੁੰਗਰਾਲੇ ਵਾਲਾਂ ਵਾਲੀ ਤੇ ਵੱਡੀਆਂ ਅੱਖਾਂ ਵਾਲੀ, ਕਾਲੇ-ਧੂਤ ਰੰਗ ਦੀ ਲੰਮੀ-ਚੌੜੀ ਜਨਾਨੀ ਮੇਰੇ ਹੱਥਾਂ ‘ਤੇ ਬੁਰਕ ਪਈ ਵੱਢਦੀ ਸੀ। ਉਹਦੀਆਂ ਨਾਸਾਂ ਫ੍ਹੀਨੀਆਂ ਤੇ ਉੱਭਰਵੇਂ ਭਰਵੱਟੇ ਸਨ। ਅੱਖਾਂ ਚੌੜੀਆਂ ਤੇ ਖੂਨੀ ਲਿਸ਼ਕ ਭਰੀਆਂ ਸਨ। ਦੰਦ, ਜਿਹੜੇ ਦੁੱਧ-ਚਿੱਟੇ ਤੇ ਮਜ਼ਬੂਤ ਸਨ, ਮੇਰੇ ਲਹੂ ਨਾਲ ਲਿਬੜੇ ਦਿੱਸਦੇ ਸਨ। ਮੈਂ ਚੀਕ ਮਾਰਕੇ ਸੱਜਾ ਹੱਥ ਛੁਡੌਣਾ ਚਾਹਿਆ ਤਾਂ ਖੱਬੇ ਅੰਤਾਂ ਦੀ ਦਰਦ ਹੋਈ। ਮਰਦੇ ਨੇ ਖੱਬੇ ਵੰਨੀ ਵੇਖਿਆ ਤਾਂ ਬਿਲਕੁਲ ਉਹੋ ਜਿਹੀ ਇਕ ਹੋਰ ਜਨਾਨਾ ਮੂਰਤ ਮੇਰਾ ਹੱਥ ਪਈ ਖਾਵੇ। ਸਾਹਮਣੇ ਵੇਖਿਆ ਤਾਂ ਉਹੋ ਹੀ ਮੂਰਤ ਸਾਹਮਣੇ ਵੀ ਖੜ੍ਹੀ ਦਿੱਸੇ। ਮੈਂ ਚੀਕਾਂ ਮਾਰਦਿਆਂ ਕਿਹਾ -
‘‘ਹਾਏ! ਹਾਏ ਛੱਡ ਦੇਹ! ਮੈਂ ਮਰ ਗਿਆ!’’
‘‘ਵੇਖਦਾ ਕੀ ਏਂ? ਜਿਧਰ ਮਰਜ਼ੀ ਆ, ਵੇਖ ਲੈ! ਮੈਂ ਚਾਰੇ ਪਾਸੇ ਖੜੋਤੀ ਆਂ ਘੇਰ ਕੇ ਤੈਨੂੰ!’’
ਮੈਂ ਭਾਵੇਂ ਦਰਦ ਨਾਲ ਮਰਨ ਡਿਹਾਂ ਸਾਂ, ਪਰ ਮੈਂ ਮੂਲ-ਮੰਤਰ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ।
‘‘…ਕਰੀ ਜਾਹ ਪਾਠ! ਪਾਠਾਂ ਨਾਲ ਨਹੀਂ ਤੂੰ ਮੇਰੇ ਕੋਲੋਂ ਬਚਣ ਲਗਾ!’’ ਉਸ ਲੰਮੀ-ਚੌੜੀ ਜਨਾਨੀ ਨੇ ਮੈਨੂੰ ਕਿਹਾ ਤੇ ਫਿਰ ਆਪੇ ਹੀ ਮੇਰੇ ਹੱਥ ਛੱਡ ਦਿੱਤੇ।
ਹੱਥ ਛੁਟਦਿਆਂ ਹੀ ਮੈਂ ਕੱਛਾਂ ਵਿਚ ਦੇ ਲਏ। ਦਰਦ ਨਾਲ ਮੇਰਾ ਬੁਰਾ ਹਾਲ ਸੀ। ਹੀਆ ਕਰਕੇ ਮੈਂ ਪੁੱਛ ਹੀ ਲਿਆ-
‘‘ਕੌਣ ਆ ਤੂੰ? ਤੇ ਮੈਂ ਤੇਰਾ ਕੀ ਵਿਗਾੜਿਆ?’’
‘‘ਮੈਂ ਆਦਿ ਮਾਤਾ’’ ਹਾਂ! ਇਸ ਜਗਤ ਦੀ ਮੂਲ ਰਚਨਾ ਦੀ ਜਣਨੀ। ਬਾਕੀ ਸਭ ਮਾਤਾਵਾਂ ਮੇਰੇ ਵਿਚੋਂ ਹੀ ਨਿਕਲੀਆਂ ਨੇ। ਮੈਨੂੰ ਧਿਆਨ ਨਾਲ ਵੇਖ!’’ ਉਹ ਗਰਜਵੀਂ ਅਵਾਜ਼ ਵਿਚ ਕਹਿਣ ਲੱਗੀ।
….ਦਰਦ ਦੀ ਵਿਆਕੁਲਤਾ ਤੋਂ ਉਪਰ ਉੱਠ ਕੇ ਮੈਂ ਅਚੰਭੇ ਵਿਚ ਆ ਗਿਆ। ਫੇਰ ਮੈਂ ਧਿਆਨ ਨਾਲ ਉਹਦੇ ਵਲ ਤੱਕਣ ਲਗ ਪਿਆ। ਕਾਲਾ-ਸ਼ਾਹ ਪਿੰਡਾ ਸੀ ਉਹਦਾ, ਤੇ ਕਾਲੀਆਂ ਗਦਰਾਈਆਂ ਛਾਤੀਆਂ ਲਮਕ ਰਹੀਆਂ ਸਨ। ਵੱਡੀ ਗੱਲ ਇਹ ਕਿ ਉਨ੍ਹਾਂ ਨੰਗੀਆਂ ਛਾਤੀਆਂ ਵਿਚੋਂ ਦੁੱਧ ਦੀਆਂ ਬੂੰਦਾਂ ਸਿੰਮ ਕੇ ਸਰੀਰ ‘ਤੇ ਵੱਗ ਰਹੀਆਂ ਸਨ। ਮਾਤਾ ਧੁਰ ਤੱਕ ਹੀ ਨੰਗੀ ਸੀ। ਸਿਰਫ ਪੈਰਾਂ ਵਿਚ ਹਰੇ ਪੱਤੇ ਤੇ ਜੰਗਲੀ ਫੁੱਲ ਬੰਨ੍ਹੇ ਹੋਏ ਸਨ। ਜੀਭ ਦੀ ਲਾਲੀ ਗੱਲ ਕਰਦਿਆਂ ਸਾਖਸ਼ਾਤ ਦਿੱਸਦੀ ਸੀ।
‘‘ਪਰ ਮਾਤਾ! ਮੇਰਾ ਕੀ ਕਸੂਰ ਏ? ਮੇਰੇ ਹੱਥਾਂ ‘ਤੇ ਚੱਕ ਤੂੰ ਐਵੇਂ ਹੀ ਵੱਢੇ।’’ ਮੈਂ ਡਰਦੇ ਨੇ ਜਿਰਾਹ ਕੀਤੀ।
‘‘ਤੂੰ ਕਾਂਗ ਨਹੀਂ, ਜਿਹੜਾ ਕਹਾਣੀਆਂ ਪੌਂਦਾ ਰਹਿੰਦਾ ਏ?’’ ਉਹਨੇ ਫੱਟ ਕਿਹਾ।
‘‘ਆਹੋ ਮਾਤਾ! ਇਹਦਾ ਮਤਲਬ, ਤੂੰ ਮੈਨੂੰ ਜਾਣਦੀ ਏਂ?’’ ਮੈਂ ਹੈਰਾਨ ਸਾਂ।
‘‘ਮੈਂ ਸਾਰੇ ਸੰਸਾਰ ਨੂੰ ਜਾਣਦੀ ਆਂ। ਇਕ-ਇਕ ਨੂੰ! ਤੇ ਸਾਰਿਆਂ ਨੂੰ ਸਿੱਝ ਵੀ ਲਵਾਂਗੀ, ਜਿਹੜੇ ਮੇਰੇ ਬੱਚਿਆਂ ਨੂੰ ਮੰਦਾ ਬੋਲਦੇ ਤੇ ਮੰਦਾ ਤਕੌਂਦੇ ਨੇ।’’ ਉਹ ਫੇਰ ਗੁੱਸੇ ਵਿਚ ਆ ਗਈ ਸੀ।
‘‘….ਪਰ ਮਾਤਾ! ਮੈਂ ਕਦ ਤੇਰੇ ਕਿਸੇ ਬੱਚੇ ਨੂੰ ਮੰਦਾ ਬੋਲਿਐ, ਜਾਂ ਮੰਦਾ ਤਕਾਇਐ?’’ ਮੈਂ ਡਰਦੇ ਨੇ ਤਰਕ ਕੀਤਾ।
‘‘ਅੱਜ ਸ਼ਾਮੀਂ ਜਦੋਂ ਤੂੰ ਹਰਿਮੰਦਰ ਵਲੋਂ ਔਂਦਾ ਪਿਆ ਸੈਂ, ਤੇਰੇ ਸਾਥੀਆਂ ਨੇ ਮੇਰੇ ਬੱਚੇ ‘‘ਬੰਟੀ ਮਸੀਹ’’ ਨੂੰ ਗਾਹਲਾਂ ਕੱਢੀਆਂ ਕਿ ਨਹੀਂ?’’ ਮਾਤਾ ਕਹਿਰਵਾਨ ਹੋ ਕੇ ਕਹਿਣ ਲੱਗੀ।
‘‘ਪਰ ਮਾਤਾ! ਮੈਂ ਤੇ ਕੁਛ ਨਹੀਂ ਸੀ ਨਾ ਕਿਹਾ, ਤੇਰੇ ਉਸ ਲਗਦੇ ‘‘ਬੰਟੀ ਮਸੀਹ’’ ਨੂੰ? ਨਾਲੇ ਮੈਂ ਤੇ ਉਹਦੇ ਪੋਤੜਿਆਂ ਦਾ ਵਾਕਫ਼ ਹਾਂ। ਪੀੜ੍ਹੀਆਂ ਦਾ ਜਾਣੂੰ। ਉਹ ਤੇ ਪੀੜ੍ਹੀਆਂ ਤੋਂ ਸਾਲੇ ਸ਼ਰਾਬੀ ਤੇ ਗੰਦੇ ਬੰਦੇ ਨੇ। ਇਹਨਾਂ ਚੂਹੜਿਆਂ ਸਾਲਿਆਂ ਤੇ ਨਸ਼ੇ ਆਲੀ ਹੱਦ ਮੁੱਕਾ ਦਿੱਤੀ ਏ!’’ ਮੈਂ ਨਾਲੇ ਡਰ ਰਿਹਾ ਸਾਂ, ਨਾਲ ਅੱਕੇ ਹੋਏ ਨੇ ਸੱਚ ਵੀ ਬੋਲਿਆ।
‘‘ਤਾਂ ਹੀ ਤੇ ਤੇਰੇ ਹੱਥਾਂ ‘ਤੇ ਚੱਕ ਵੱਢੇ ਨੇ। ਸ਼ੁਕਰ ਕਰ, ਤੇਰੀ ਜੀਭ ਨਹੀਂ ਵੱਢੀ, ਜਿਹੜੀ ਗੰਦ ਬੱਕਦੀ ਪਈ ਏ! ਇਹ ਸਾਰੇ ਮੇਰੇ ਪੁੱਤਰ ਨੇ। ਇਹ ਮੇਰੇ ‘ਸਿ਼ਵ ਭੋਲੇ’ ਦੇ ਬੱਚੇ ਨੇ। ਏਸ ਸੰਸਾਰ ਦੇ ਮਾਲਕ! ਤੇ ਤੂੰ…? ਚਵਲੇ ਜਹਾਨ ਦੀਏ। ਬਜਾਏ ਆਪਣੇ ਲੇਖਕੀ-ਕਰਮ ਦੇ, ਤਰਸ ਕਰਨ ਦੀ ਥਾਂ ਆਪਣੇ ਸਾਥੀਆਂ ਦੀ ਬਕੜਵਾਹ ਸੁਣਦਾ ਰਿਹਾ…! ਤਾਂ ਹੀ ਤੇਰੇ ਹੱਥਾਂ ਤੇ ਬੁਰਕ ਭਰੇ ਨੇ।’’ ਮਾਤਾ ਕਹਿਣ ਲੱਗੀ।
ਮੈਂ ਮੁੜ ਡਰ ਗਿਆ ਕਿ ਕਿਧਰੇ ਆਦਿਮਾਤਾ ਫੇਰ ਨਾ ਕਹਿਰਵਾਨ ਹੋ ਜਾਏ। ਕੁਛ ਸੁੱਝਿਆ ਨਾ। ਫੇਰ ਮੈਂ ਗਲ ਬਦਲਣ ਲਈ ਕਹਿ ਦਿੱਤਾ -
‘‘ਮਾਤਾ ਤੂੰ ਹੀ ਕਾਲੀ ਐਂ….?’’
‘‘ਹਾਂ ਮੈਂ ਹੀ ਕਾਲੀ, ਮੈਂ ਹੀ ਜਗਦੰਬੇ ਤੇ ਮੈਂ ਹੀ ਸਤੀ ਹਾਂ! ਤੇ ਨਾਲੇ ਸੁਣ ਲੈ। ਤੇਰੇ ਗੁਨਾਹ ਮੈਂ ਤਾਂ ਬਖਸ਼ਾਂਗੀ, ਜੇ ਤੂੰ ਮੇਰੇ ਬੱਚਿਆਂ ਨਾਲ ਸੈਆਂ-ਹਜ਼ਾਰਾਂ ਵਰ੍ਹਿਆਂ ਤੋਂ ਹੋਈ ਬਦਸਲੂਕੀ ਦੀ, ਤੇ ਪਸ਼ੂਆਂ ਤੋਂ ਵੀ ਬਦਤਰ ਹੋਏ ਵਿਹਾਰ ਦੀ ਗੱਲ ਲਿਖੇਂਗਾ। ਨਹੀਂ ਤੇ ਤੇਰਾ ਖ਼ਾਤਮਾ ਕਰ ਦਿਆਂਗੀ। ਸਮਝੇ?’’ ਉਹਨੇ ਗਰਜ ਕੇ ਕਿਹਾ।
‘‘ਪਰ ਮਾਤਾ। ਮੈਂ ਕੀ ਲਿਖੂੰ?’’ ਮੈਨੂੰ ਸੁੱਝੇ ਕੁਝ ਨਾ, ਮੈਂ ਡਰਦੇ ਨੇ ਕਹਿ ਹੀ ਦਿੱਤਾ।
‘‘ਇਹ ਤੂੰ ਜਾਣ। ਤੂੰ ਕਾਹਦੀ ਕਥਾਕਾਰੀ ਕਰਦੈ?’’ ਉਹ ਫੇਰ ਕਹਿਣ ਲੱਗੀ। ਫੇਰ ਉਹ ਮੇਰੇ ਵੇਖਦਿਆਂ-ਵੇਖਦਿਆਂ ਅਕਾਰ ਵਿਚ ਵਧਣ ਲਗ ਪਈ। ਫੈਲ ਕੇ ਕਮਰੇ ਜਿੱਡੀ ਹੋ ਗਈ। ਫੇਰ ਕਮਰੇ ਨੂੰ ਫੈਲਾਉਣ ਲਗ ਪਈ। ਮੈਂ ਡਰ ਕੇ ਅੱਖਾਂ ਮੀਟ ਲਈਆਂ। ਜਦ ਖੋਲ੍ਹੀਆਂ ਤਾਂ ਉਹ ਗਾਇਬ ਹੋ ਚੁੱਕੀ ਸੀ। ਪਹਿਲੇ ਜਾਪਿਆ ਕਿ ਮੈਂ ਕੋਈ ਸੱਚ ਹੀ ਵੇਖਿਆ ਹੋਣੈ, ਪਰ ਜਦੋਂ ਜਾਗਦੀਆਂ ਅੱਖਾਂ ਨਾਲ ਵੀ ਹੱਥਾਂ ਨੂੰ ਸਾਫ ਵੇਖਿਆ ਤਾਂ ਯਕੀਨ ਹੋ ਗਿਆ ਕਿ ਸਭ ਸੁਫਨਾ ਸੀ। ਹੱਥ ਤੇ ਸਾਫ਼ ਸਨ!
….ਸਵੇਰੇ ਉੱਠਦਿਆਂ ਹੀ ਮੈਂ ਪਹਿਲੀ ਚਾਹ ਪੀ ਕੇ ਜਲੰਧਰ ਨੂੰ ਭੱਜ ਆਇਆਂ। ਬੁੱਢੇ ਮਾਂ-ਪਿਉ ਕਹਿੰਦੇ ਰਹੇ ਕਿ ‘‘ਛਾਹ ਵੇਲਾ’’ ਖਾ ਕੇ ਜਾਹ। ਪਰ ਮੇਰੇ ਦਿਲ ਨੂੰ ਧਰਵਾਸ ਕਿਥੇ? ਮੈਂ ਹੱਥਾਂ ਨੂੰ ਵੀ ਉਹਨਾਂ ਤੋਂ ਲੁਕੋਈ ਰੱਖਿਆ। ਜਲੰਧਰ ਆ ਕੇ ਪਹਿਲਾ ਕੰਮ ਮੈਂ ਇਹ ਕੀਤਾ ਕਿ ਹੱਥਾਂ ‘ਤੇ ਖਿਡਾਰੀਆਂ ਵਾਲੇ ਕਾਪ ਜਿਹੇ ਪਾ ਲਏ। ਘਰ ਦੀ ਨੂੰ ਕਹਿ ਦਿੱਤਾ ਕਿ ਬੱਸ ਵਿਚੋਂ ਉਤਰਦਿਆਂ ਹੱਥ ਰਗੜੇ ਗਏ ਨੇ। ਹੱਥ ਤੇ ਚੰਗੇ ਭਲੇ ਸਾਫ ਸੁਥਰੇ ਸਨ, ਪਰ ਮਨ ਅੰਦਰ ਕੋਈ ਡਰ ਸੀ, ਕੋਈ ਭਉ ਸੀ ਕਿ ਬਸ…!
ਰਾਤ ਫੇਰ ਉਹੀ ਗੱਲ ਹੋਈ!
ਚੰਗਾ ਭਲਾ ਸੁੱਤਾ। ਆਖਰੀ ਪਹਿਰ ਦੇ ਖ਼ਾਤਮੇ ਵੇਲੇ ਫੇਰ ਮੇਰੇ ਹੱਥਾਂ ‘ਤੇ ਕਿਸੇ ਨੇ ਬੁਰਕ ਮਾਰੇ। ਮੈਂ ਫੇਰ ਘਾਬਰ ਕੇ ਉੱਠਿਆ। ਫੇਰ ਉਹੀ ਚਿਹਰਾ! ਮੈਂ ਗਿੜਗਿੜਾ ਕੇ ਜਾਨ ਬਖਸ਼ੀ ਦੀ ਅਰਜੋਈ ਕਰਨ ਲੱਗਾ-
‘‘…ਬੱਚੂ! ਕੀ ਅੰਬਰਸਰ, ਕੀ ਜਲੰਧਰ? ਕਿਤੇ ਚਲਾ ਜਾਹ। ਤੇਰੀ ਜਾਨ ਬਖਸ਼ੀ ਤਾਂ ਹੀ ਹੋਊ, ਜੇ ਤੂੰ ਮੇਰੇ ਇਨ੍ਹਾਂ ਬਾਲਾਂ ਨਾਲ ਹੋਏ ਧਰੋਹ ਦੀ ਕਹਾਣੀ ਪਾਏਂਗਾ। ਨਹੀਂ ਤੇ ਤੇਰੇ ਇਹਨਾਂ ਹੱਥਾਂ ਦਾ ਕੀਮਾ ਕਰਾਂਗੀ। ਇਸ ਸ਼ੁਭ ਕਰਮ ਬਿਨਾਂ ਤੇਰੇ ਇਹ ਚਗਲ ਹੱਥ ਕਿਤੇ ਰਗੜ ਕੇ ਫੋੜੇ ਤੇ ਲੌਣੇ ਆ ਮੈਂ?’’ ਮਾਤਾ ਸਪੱਸ਼ਟ ਸੀ। ‘‘…ਪਰ ਮਾਤਾ! ਮਾਤਾ! ਮੈਂ ਲਿਖ ਦਊਂ! ਪਰ ਪਤਾ ਤੇ ਲੱਗੇ ਕਿ ਮੈਂ ਕੀ ਲਿਖਣੈਂ? ਕਿਥੋਂ ਮੈਂ ਸ਼ੁਰੂ ਕਰਾਂ?’’ ਮੈਂ ਦੁਹਾਈ ਪਾਈ।
‘‘…ਹਾਅ ਹਾ! ਆਹ ਤੇ ਹੋਈ ਨਾ ਗੱਲ! ਠੀਕ ਆ ਤੂੰ। ਇਥੇ ਮੈਂ ਤੇਰੀ ਮਦਦ ਕਰੂੰ। ਤੂੰ ਐਂ ਕਰ, ਪਈ ਤੂੰ ਨਾ… ਤੂੰ ਐਂ ਕਰ, ਪਿਛੱਲ-ਝਾਤ ਪਾ। ਭੂਤ ਵਲ ਪਰਤ ਜਾਏਂ ਤਾਂ ਤੈਨੂੰ ਬੜਾ ਕੁਛ ਦਿਸੂ। ਉਹੀ ਤੂੰ ਅੱਖਰ-ਅੱਖਰ ਲਿਖ ਲਈਂ। ਕਿਹੜਾ ਕੋਈ ਉਚੇਚ ਕਰਨੀ ਪੈਣੀ ਆ? ਪਰ ਲਿਖੀਂ ਅੱਖਰ-ਅੱਖਰ ਸੱਚ।’’ ਮਾਤਾ ਨਰਮ ਪੈ ਕੇ ਕਹਿਣ ਲੱਗੀ।
‘‘ਪਰ ਮਾਤਾ। ਮੇਰੀ ਕੋਈ ਸੀਮਾ-ਰੇਖਾ ਵੀ ਹੋਉ ਕਿ ਨਹੀਂ? ਪਿੱਛਲ-ਝਾਤ ਤੇ ਮੈਨੂੰ ਪਤਾ ਨਹੀਂ ਕਿੰਨੀ ਕੁ ਪਿਛਾਂਹ ਲੈ ਜਾਉ? ਮੈਂ ਕੀ ਛਡੂੰ, ਤੇ ਕੀ ਲਿਖੂੰ? ਮੈਨੂੰ ਪਤਾ ਤੇ ਹੋਵੇ।’’ ਮੈਂ ਬੇਨਤੀ ਕੀਤੀ।
‘‘ਚੱਲ ਇਹ ਵੀ ਠੀਕ ਐ। ਤੂੰ ਐਂ ਕਰ। ਪਈ ਤੂੰ ਹੈਗੈਂ ਪਿਛੋਂ ਅੰਬਰਸਰ ਦਾ। ਤੇ ਮੇਰੇ ਇਹ ਬੱਚੇ ‘ਰਾਧਾ’ ਦੇ ਕਬੀਲੇ ਵਾਲੇ ‘ਹਸਾਈ’ ਵੀ ਇਥੇ ਹੀ ਰਹਿ ਰਹੇ ਨੇ, ਸੈਆਂ ਹਜ਼ਾਰਾਂ ਵਰ੍ਹਿਆਂ ਤੋਂ।….ਤੂੰ ਐਂ ਕਰ, ਅੰਬਰਸਰ ਵੱਸਣ ਤੋਂ ਸ਼ੁਰੂ ਕਰ। ਠੀਕ ਐ ਹੁਣ?’’ ਮਾਤਾ ਨੇ ਗਰਜ ਕੇ ਕਿਹਾ।
‘‘ਠੀਕ ਐ।’’ ਮੈਂ ਹੱਥ ਜੋੜੇ। ਰਾਤ ਜਦ ਮੈਂ ਬਿਸਰਾਮ ਕਰਨ ਲੱਗਾ, ਤਾਂ ਮੈਨੂੰ ਪਤਾ ਸੀ ਕਿ ਅੱਜ ਕਥਾ ਅੱਗੇ ਚੱਲੇਗੀ। ਮੈਂ ਮਨੋਂ ਤਿਆਰ ਸੀ। ਕਥਾ ਵਾਸਤੇ ਭੂਤ-ਕਾਲ ਵਿਚ ਮਾਤਾ ਨੇ ਆਪ ਹੀ ਲੈ ਕੇ ਜਾਣਾ ਸੀ। ਮੇਰਾ ਕੰਮ ਤੇ ਬਸ ਯਾਦ-ਸ਼ਕਤੀ ਨੂੰ ਹੁਕਮ ਦੇਣਾ ਤੇ ਅਗਲੇ ਦਿਨਾਂ ਵਿਚ ਬਸ ਕਲਮਬੱਧ ਕਰੀ ਜਾਣ ਦਾ ਸੀ। ….ਸੋ ਅੱਜ ਜਦੋਂ ਮੈਂ ਨੀਂਦ ਦੀ ਗੋਦ ਵਿਚ ਗਿਆ, ਤਾਂ ਪਿੱਛਲ-ਝਾਤ ਆਰੰਭ ਹੋ ਗਈ।
ਕਥਾ ਇਓਂ ਚਲੀ-
ਗੁਰੂ ਰਾਮਦਾਸ, ਸੱਚੇ ਪਾਤਸ਼ਾਹ ਉਸ ਝਿੜੀ ਕੋਲ ਆ ਕੇ ਰੁਕ ਗਏ, ਜਿਥੇ ਕਿੱਕਰਾਂ ਤੇ ਦੇਸੀ ਬੇਰੀਆਂ ਦੇ ਝੁੰਡ ਸਨ। ਇਥੇ ਹੀ ਸਿਰਫ ਇਹ ਬੇਰੀਆਂ ਸਨ, ਜਿਥੇ ਕਿ ਲਾਚੀ ਬੇਰ ਲਗਦੇ ਸਨ। ਦੂਰ ਪਰ੍ਹਾਂ, ਮੋਟੇ ਬੇਰਾਂ ਵਾਲੀਆਂ ਬੇਰੀਆਂ ਸਨ। ਸੱਚੇ ਪਾਤਸ਼ਾਹ ਨੇ ਉਥੋਂ ਹੀ ਨਜ਼ਰ ਭਰਕੇ ਸਾਹਮਣੇ ਬਣੇ ਕੁਦਰਤੀ ਤਲਾਅ ਵਲ ਨਿਗਾਹ ਟਿਕਾ ਲਈ। ਉਨ੍ਹਾਂ ਦੀਆਂ ਅੱਖਾਂ ਹੁਣ ਨਿਰੇ ਤਲਾਅ ਨੂੰ ਹੀ ਨਹੀਂ ਸਨ ਵੇਖ ਰਹੀਆਂ, ਸਗੋਂ ਉਥੇ ਭਵਿੱਖ ਦੀ ਇਕ ਅਡੋਲ ਲਿਸ਼ਕ ਸੀ। ਪਿੱਛੇ ਬਾਬਾ ਬੁੱਢਾ ਜੀ ਤੇ ਟਿੱਕਾ ਪ੍ਰਿਥੀ ਚੰਦ ਵੀ ਸਨ। ਮਗਰ ਹੀ ਬਾਬਾ ਮੋਹਰੀ ਜੀ ਸਨ, ਬੁੱਧੂ ਵੀ ਸਨ। ਸੱਚੇ ਪਾਤਸ਼ਾਹ ਨੇ ਪਿਛਾਂਹ ਵਲ ਵੇਖਿਆ ਤੇ ਬਾਬਾ ਬੁੱਢਾ ਜੀ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ-
‘‘ਬਾਬਾ ਜੀ! ਸਾਨੂੰ ਮਾਲਕਾਂ ਕੋਲੋਂ ਪਟੇ ਮਿਲ ਗਏ ਹਨ ਨਾ?’’
‘‘ਜੀ ਪਾਤਸ਼ਾਹ ਜੀਓ! ਪਟੇ ਮਾਲਕਾਂ ਕੋਲੋਂ ਮਿਲ ਗਏ ਹਨ। ਜਵਾਹਰੀ ਰਾਜਪੂਤ ਦੇ ਲਾਣੇ ਦਾ ਇਕ ਪੁੱਤਰ ਸੂਫ਼ੀ ‘ਸ਼ਾਹ ਅਲੀ’ ਦਾ ਮੁਰੀਦ ਹੋ ਕੇ ਮੁਸਲਮਾਨ ਹੋ ਗਿਆ ਸੀ। ਉਹਦਾ ਟੱਬਰ ‘ਤੁੰਗ ਪਿੰਡ’ ਜਾ ਬੈਠਾ ਸੀ। ਇਹ ਸਾਰੀ ਜ਼ਮੀਨ, ਸਮੇਤ ਹਾਅ ਸਾਹਮਣੇ ਵਾਲੇ ਜੰਗਲ ਦੇ, ਉਨ੍ਹਾਂ ਕੋਲ ਸੀ। ਅਸੀਂ ਪਹਿਲਾਂ ਤੇ ‘‘ਗਿਲਵਾਲੀ’’ ਪਿੰਡ ਚੱਕਰ ਮਾਰਦੇ ਰਹੇ ਸਾਂ। ਉਥੋਂ ਪਤਾ ਲੱਗਾ ਕਿ ਇਹ ਜਗ੍ਹਾ ਤੇ ਸਾਰੀ ਮੁਸ਼ਤਰਕਾ ਪੈਲੀ ਆ। ਇਥੇ ਤੇ ਤਿੰਨ੍ਹਾਂ ਪਿੰਡਾਂ ਦਾ ਤਰਿਡਾ ਬਣਦਾ ਜੇ! ਗਿਲਵਾਲੀ, ਚਾਟੀ ਵਿੰਡ ਤੇ ਸੁਲਤਾਨ ਵਿੰਡ, ਤਿੰਨਾਂ ਪਿੰਡਾਂ ਦੀ ਮੁਸ਼ਤਰਕਾ ਪੈਲੀ ਦਾ ਇਹ ਤਰਿਡਾ ਜਾ ਜੰਗਲ ਨਾਲ ਮਿਲਣੈ?’’ ਬਾਬਾ ਬੁੱਢਾ ਜੀ ਨੇ ਸਾਰੀ ਤਫ਼ਸੀਲ ਦਿੱਤੀ।
‘‘….ਤੇ ਬਾਬਾ ਜੀ। ਕਿੰਨੇ ਕੁ ‘ਚ ਮੁੱਕ-ਮੁੱਕਾ ਹੋ ਗਿਆ ਸੀ?’’ ਸੱਚੇ ਪਾਤਸ਼ਾਹ ਨੇ ਐਵੇਂ ਹੀ ਗੱਲ ਕਰਨ ਖਾਤਰ ਗੱਲ ਕੀਤੀ। ‘‘ਪੈਸੇ ਤੇ ਮਹਾਰਾਜ ਜੀ, ਸੱਚੇ ਪਾਤਸ਼ਾਹ ਜੀਓ, ਬਥੇਰੇ ਲੈ ਗਏ ਨੇ ਮਾਰ! ਏਸ ਤਰਿਡੇ ਦੇ ਬਾਰਾਂ ਸੌਂ ਦਿੱਤੇ ਨੇ। ਪੈਸੇ ਦੀ ਤੇ ਤੋਟ ਹੀ ਕੋਈ ਨਹੀਂ ਸੀ! ਸੰਗਤਾਂ ਹੋਰ ਦੇਣ ਨੂੰ ਤਿਆਰ ਸਨ। ਇਹ ਤੇ ਬਸ ਆਪ ਜੀ ਦੀ ਨਜ਼ਰ ਸੁਵੱਲੀ ਚਾਹੀਦੀ ਏ।’’ ਬਾਬਾ ਮੋਹਰੀ ਜੀ ਕਹਿਣ ਲੱਗੇ।
‘‘…ਤੇ ਸੇਵਾ ਲਈ ਸੰਗਤ ਤਿਆਰ ਏ ਨਾ?’’ ਬੜੀ ਦੇਰ ਦੀ ਨੀਝ-ਟਿਕਾਈ ਨੂੰ ਭੰਗ ਕਰਕੇ ਮਹਾਰਾਜ ਨੇ ਬਚਨ ਕੀਤੇ। ‘‘ਸੰਗਤ ਤੇ ਮਹਾਰਾਜ, ਮਗਧ ਤੇ ਕਾਮਰੂਪ ਦੇਸ਼ਾਂ ਤੱਕ ਦੀ ਆਣ ਲਈ ਕਮਰ ਕੱਸੀ ਬੈਠੇ ਏ। ਮਗਧ ਵਾਲਿਆਂ ਤੇ ਅਗੋਂ ਕਲਿੰਗ ਦੇਸ ਤੱਕ ਦੀ ਸੰਗਤ ਨੂੰ ਲਿਆਣ ਦੀ ਹਾਂ ਕੀਤੀ ਹੋਈ ਏ। ਮਸੰਦ ਚੌਂਹੀ ਦਿਸ਼ਾਈ ਜਾ ਚੁੱਕੇ ਨੇ।’’ ਬਾਬਾ ਬੁੱਢਾ ਜੀ ਬੋਲੇ।
‘‘ਕਾਰ-ਸੇਵਾ ਲਈ ਤਾਂ ਮਹਾਰਾਜ, ਸੇਵਕ ਤੁਹਾਡਾ ਇਸ਼ਾਰਾ ਉਡੀਕ ਰਹੇ ਨੇ।’’ ਸੇਵਾਦਾਰ ਭਗਤ ਬੁੱਧੂ, ਜਿਹੜਾ ਦਿਨ-ਰਾਤ ਸੇਵਾ ਵਿਚ ਲੀਨ ਰਹਿੰਦਾ ਸੀ, ਬੋਲ ਪਿਆ।
‘‘ਤਾਂ ਫਿਰ ਠੀਕ ਐ। ਇਕੋ ਸਮੇਂ ਅਸੀਂ ਇਸ ਹਰਿਮੰਦਰ ਦੀ, ਤੇ ਇਕ ਨਵੇਂ ਸ਼ਹਿਰ ਦੀ, ਨਾਲੋ-ਨਾਲ ਤਾਮੀਰ ਕਰਾਂਗੇ। ਇਹ ਨਾਨਕ ਪਾਤਸ਼ਾਹ ਦੇ ਖ਼ਵਾਬਾਂ ਦੀ ਨਗਰੀ ਬਣੇਗਾ।’’
‘‘ਸੱਚੇ ਪਾਤਸ਼ਾਹ! ਜਦੋਂ ਮੈਂ ਗੁਰੂ ਨਾਨਕ ਨਾਲ ਘਰ-ਬਾਰ ਤੇ ਲਵੇਰਾ ਛੱਡ ਕੇ ਰਮਤਾ ਹੋ ਟੁਰਿਆ ਸਾਂ, ਉਦੋਂ ਮੈਂ ਛੇ ਸਾਤੇ ਗੁਰੂ ਜੀ ਨਾਲ ਦਿਨ-ਰਾਤ, ਅੰਗ-ਸੰਗ ਹੋ ਕੇ ਗੁਜ਼ਾਰੇ ਸਨ। ਉਦੋਂ ਅਸੀਂ ਇਸ ਥਾਂ ਤੋਂ ਵੀ ਲੰਘੇ ਸਾਂ। ਇਹ ਢਾਬ ਉਦੋਂ ਬਸ ਛੱਪੜੀ ਹੀ ਸੀ। ਪਰ ਗੁਰਾਂ ਨੇ ਏਧਰ ਇਸ਼ਾਰਾ ਕਰਕੇ ਮੇਰੇ ਵਲ ਬੜੀ ਰਮਜ਼ ਭਰੀ ਤੱਕਣੀ ਸੁੱਟੀ ਸੀ। ਉਸ ਨਜ਼ਰ ਦਾ ਮਤਲਬ ਮੈਨੂੰ ਹੁਣ ਸਮਝ ਆ ਗਿਆ ਐ। ਉਦੋਂ ਤੇ ਅਸੀਂ ਇਥੋਂ ਲੰਘ ਕੇ, ਤੇ ਪਿੰਡੋਰੀ ਦੇ ਬਾਹਰੋਂ ਫੇਰ ਅੱਚਲ ਦੇ ਰਾਹ ਪੈ ਗਏ ਸਾਂ। ਕੱਥੂ ਨੰਗਲ ਸਤਗੁਰਾਂ ਮੈਥੋਂ ਵਿਦਾਇਗੀ ਲੈ ਲਈ ਸੀ।’’ ਬਾਬਾ ਬੁੱਢਾ ਜੀ ਨੇ ਯਾਦਾਂ ਫਰੋਲੀਆਂ।
‘‘…ਬਸ ਬਾਬਾ ਜੀ! ਹੁਣ ਇਹੀ ਰਮਜ਼ ਭਰੀ ਧਰਤੀ, ਤੇ ਇਹੀ ਢਾਬ ਅੰਮ੍ਰਿਤ ਦਾ ਸਰ ਬਣੇਗੀ। ਸਭ ਮਾਈ-ਭਾਈ ਇਥੋਂ ਅੰਮ੍ਰਿਤ ਦੀ ਦਾਤ ਲੈ ਕੇ ਜਨਮ ਸਫਲਾ ਕਰਨਗੇ।’’ਗੁਰੂ ਜੀ ਨੇ ਬਚਨ ਕੀਤੇ।
‘‘ਤਾਂ ਠੀਕ ਐ ਜੀ ਫੇਰ! ਅਸੀਂ ਤੇ ਏਸ ਨਵੇਂ ਸ਼ਹਿਰ ਦਾ ਨਾਉਂ ਵੀ ਰੱਖ ਦਿੱਤਾ ਹੈ ਜੀ ਹੁਣੇ ਹੀ।’’ ਬਾਬਾ ਮੋਹਰੀ ਜੀ ਬੋਲੇ।
‘‘ਚੱਕ ਰਾਮਦਾਸਪੁਰ।’’ ਨਾਲ ਹੀ ਟਿੱਕਾ ਪ੍ਰਿਥੀ ਚੰਦ ਬੋਲਿਆ।
‘‘ਹਾਂ! ਠੀਕ ਐ! ਚੱਕ ਰਾਮਦਾਸ!’’ ਬਾਬਾ ਬੁੱਢਾ ਜੀ ਤੇ ਬੁੱਧੂ ਜੀ ਨੇ ਦੁਹਰਾਇਆ।
ਮਹਾਰਾਜ ਮੰਦ-ਮੰਦ ਮੁਸਕਰਾਂਦੇ ਰਹੇ।
ਬੋਦੂ ਤੇ ਟੀਂਡੇ ਹੁਰਾਂ ਦਾ ਟੱਬਰ ਵੀ ਤਕਰੀਬਨ ਚਾਰ ਸਦੀਆਂ ਦਾ ਕੁੱਤੀ ਵਿਹੜੇ ਦਾ ਵਸਨੀਕ ਹੈ। ਰਾਧਾ ਰੰਡੀ, ਬੋਦੂ, ਟੀਂਡਾ ਤੇ ਧਰਮ ਸਿੰਘ ਨਿਹੰਗ, ਇਨ੍ਹਾਂ ਸਭਨਾਂ ਦੇ ਵਡੇਰੇ ਇਕੋ ਸਮੇਂ ਢਿੱਡ ਤੇ ਮੂੰਹ ‘ਤੇ ਚਿੱਪਰਾਂ ਬੰਨ੍ਹ ਕੇ ਗੁਰੂ ਰਾਮਦਾਸ ਅੱਗੇ ਨਤਮਸਤਕ ਹੋਏ ਸਨ। ਬੋਦੂ ਤੇ ਟੀਂਡੇ ਹੁਰੀਂ ਸਿ਼ਵ ਭਗਤ ਸਨ ਜਾਂ ਦੇਵੀ ਧਿਆਉਂਦੇ ਸਨ। ਸਮਾਂ ਪਾ ਕੇ ਬਾਲਮੀਕੀ ਇਕੱਠੇ ਹੋਣ ਲੱਗੇ ਤੇ ਇਹ ਭਗਤ ਬਣ ਗਏ ਸਨ।
ਨਾ ਹੀ ਬੋਦੂ ਦੇ ਟੱਬਰ ਤੇ ਨਾ ਹੀ ਟੀਂਡੇ ਤੇ ਧਰਮੇ ਨਿਹੰਗ ਦੇ ਟੱਬਰ ਨੇ, ਮਸੀਹੀ ਬਾਣੀ ਪੜ੍ਹੀ ਸੀ। ਇਨ੍ਹਾਂ ਦੇ ਨਾਲ ਹੀ ਜਿਹੜਾ ਘਰ ਬਾਲਮੀਕੀ ਰਿਹਾ, ਉਹ ‘ਸ਼ੀਸ਼ੇ ਛੁਰੀਮਾਰ’ ਦਾ ਘਰ ਸੀ। ਸ਼ੀਸ਼ੇ ਨੂੰ ਮਰਿਆਂ ਤੇ ਖੌਰੇ ਸੱਤਰ ਕੁ ਸਾਲ ਹੋਣ ਲੱਗੇ ਨੇ, ਪਰ ਉਹਦਾ ਟੱਬਰ ‘ਸ਼ੀਸ਼ੇ ਛੁਰੀਮਾਰ’ ਦਾ ਕਹੌਂਦਾ ਹੈ। ਸ਼ੀਸ਼ਾ ਉਦੋਂ ਆਪ ਸਿੱਧੀਆਂ ਲੜਾਈਆਂ ਵਿਚ ਛੁਰੀਆਂ ਘੱਟ ਹੀ ਮਾਰਦਾ ਰਿਹਾ ਸੀ, ਪਰ ਉਹ ਪੇਸ਼ੇਵਰ ਛੁਰੀਮਾਰ ਮੰਗਤਿਆਂ ਨਾਲ ਲਾਹੌਰ ਤੇ ਸਿਆਲਕੋਟ ਤੱਕ ਛੁਰੀ ਨਾਲ ਖੂਨ ਕੱਢ-ਕੱਢ ਕੇ ਪੰਜਾਬਣਾਂ ਨੂੰ ਡਰਾ ਛੱਡਦਾ ਤੇ ਪੈਸੇ, ਟਕੇ ਤੇ ਕਪੜਿਆਂ ਦੀਆਂ ਪੰਡਾਂ ਚੁੱਕ ਲਿਔਂਦਾ। ਲਾਹੌਰਨਾਂ ਵਿਚਾਰੀਆਂ ਗੋਰੀਆਂ-ਚਿੱਟੀਆਂ, ਗਲੀ ਵਿਚ ਸਵੇਰੇ ਦਸ-ਗਿਆਰਾਂ ਵਜੇ ਮੰਜੇ ਡਾਹ ਕੇ ਬੈਠੀਆਂ ਹੁੰਦੀਆਂ, ਜਦੋਂ ਸ਼ੀਸ਼ੇ ਤੇ ਉਹਦੇ ਨਾਲ ਦੇ ਛੁਰੀਮਾਰ ਮੰਗਤਿਆਂ ਦਾ ਗਰੁੱਪ ਪਹੁੰਚ ਜਾਂਦਾ। ਮੂੰਹੋਂ ਕੁਛ ਮੰਗਦੇ ਨਾ, ਪਰ ਪਿੰਡੇ ਆਪਣੇ ‘ਤੇ ਨਿੱਕੇ-ਨਿੱਕੇ ਟੱਕ ਲਾ ਕੇ ਖੂਨ ਕੱਢ ਲੈਂਦੇ। ਡਰਦੀਆਂ ਸ਼ਹਿਰਨਾਂ ‘ਨਾ ਵੀਰ ਵੇ’ ਕਹਿੰਦੀਆਂ ਆਟਾ-ਦਾਲ, ਪੈਸੇ ਤੇ ਹੋਰ ਨਿੱਕ-ਸੁੱਕ ਦੇ ਦਿਂਦੀਆਂ ਸਨ।
ਬੋਦੂ ਹੁਰੀਂ ਦੋ ਭਰਾ ਸਨ। ਸੰਤਾਲੀ ਦੀ ਵੰਡ ਵੇਲੇ ਹੀ ਦੋਹੇਂ ਭਰ ਜੁਆਨ ਸਨ। ਬੋਦੂ ਕੋਲ ਜਨਮ ਤੋਂ ਹੀ ਬੜੀ ਬੋਅ ਆਉਂਦੀ ਸੀ। ਅਜੇ ਕਿ ਉਹਨੇ ਕਦੀ ਗੰਦ ਨਹੀਂ ਸੀ ਚੁੱਕਿਆ, ਪਰ ਇਹਦੇ ਬਾਵਜੂਦ ਕਹਿੰਦੀਆਂ-ਕੁਹਾਂਦੀਆਂ ਤੇ ਬੋਅ ਸਹਿੰਦੀਆਂ ਚੂਹੜੀਆਂ ਵੀ ਬੋਦੂ ਦੇ ਮੂੰਹ ਤੇ ਪਿੰਡੇ ਵਿਚੋਂ ਆਉਂਦੀ ਭੜਾਸ ਸਦਕਾ ‘ਬਹੁੜੀ-ਬਹੁੜੀ’ ਕਰ ਜਾਂਦੀਆਂ ਸਨ। ਬੋਦੂ ਤੋਂ ਛੋਟਾ ‘ਦੀਸ਼ਾ’ ਜਿਲਦਸਾਜ਼ ਸੀ, ਜਿਹੜਾ ਕਿ ਦੇਖਣ-ਪਾਖਣ ਵਿਚ ਸੋਹਣਾ ਤੇ ਬੋਅ-ਰਹਿਤ ਸੀ। ਉਹਨੂੰ ਛੋਟੀ ਉਮਰ ਵਿਚ ਹੀ ਦੋ ਰੁਪਏ ਮਹੀਨੇ ਤੇ ਉਹਦੇ ਪਿਉ ਨੇ ਮੁਸਲਮਾਨ ਜਿਲਦਸਾਜ਼ਾਂ ਕੋਲ ਬਾਜ਼ਾਰ ਮਾਈ ਸੇਵਾਂ ਵਿਚ ਗਿਰਵੀ ਰੱਖ ਦਿੱਤਾ ਸੀ। ਸਾਲ ਦੇ ਇਕੱਠੇ ਪੰਝੀ ਰੁਪਏ ਐਸੇ ਆਏ ਕਿ ਉਹਨੇ ਸਾਰੀ ਉਮਰ ਜਿਲਦਸਾਜ਼ੀ ਕੀਤੀ। ਦੀਸ਼ਾ ਵੀ ਆਪਣੇ ਭਰਾ ਬੋਦੂ ਵਾਂਗ ਵਹਿਸ਼ੀ ਬੜਾ ਸੀ। ਉਹ ਤੇ ਬੋਦੂ, ਦੋਹੇਂ ਸੁਲਫ਼ਾ ਪੀਣ, ਦੇਸੀ ਸ਼ਰਾਬ ਪੀਣ ਤੇ ਨਿੱਕੇ ਮੁੰਡਿਆਂ ਨਾਲ ਕੁਕਰਮ ਕਰਨ ਦੇ ਠਰਕੀ ਸਨ। ਬੋਦੂ ਜਮਾਂਦਰੂ ਵਹਿਸ਼ੀ ਸੀ। ਉਹਦਾ ਵਿਆਹ ਬੜੀ ਮੁਸ਼ਕਲ ਉਹਦੇ ਪਿਉ ਨੇ ਨਕਦ ਛਿਲੱੜ ਖਰਚ ਕੇ ਕੀਤਾ, ਪਰ ਵਹੁਟੀ ਨੇ ਸਿਰਫ ਦੋ ਰਾਤਾਂ ਉਸ ਨਾਲ ਕੱਟੀਆਂ। ਤੀਸਰੇ ਦਿਨ ਉਸ ਸਪੱਸ਼ਟ ਕਹਿ ਦਿੱਤਾ ਸੀ ਕਿ ਬੋਦੂ ਨਾਲ ਨਹੀਂ ਰਹਿਣਾ। ਸੋ ਬਰਾਦਰੀ ਨੇ ਫੈਸਲਾ ਕੀਤਾ ਕਿ ਉਹਨੂੰ ਦੀਸ਼ੇ ਦੇ ਬਿਠਾ ਦਿਉ। ਦੀਸ਼ਾ ਤੇ ਪਹਿਲਾਂ ਤਿਆਰ ਸੀ। ਸੋ ਬੋਦੂ ਦਾ ਪੱਤਾ ਕੱਟਿਆ ਗਿਆ।
ਬੋਦੂ ਦੇ ਸੁਭਾ ਮੁਤਾਬਕ ਹੀ ਪ੍ਰਭੂ ਨੇ ਬੋਦੂ ਨੂੰ ਰੋਜ਼ੀ ਦਿੱਤੀ। ਬੋਦੂ ਨੂੰ ਅੰਗਰੇਜ਼ਾਂ ਨੇ ਹਸਪਤਾਲ ਵਿਚ ਮੁਰਦਿਆਂ ਦੀ ਸੰਭਾਲ ਵਾਲੇ ਕਮਰੇ ਦਾ ਜਮਾਂਦਾਰ ਲਾ ਦਿੱਤਾ। ਉਥੇ ਕੋਈ ਮਾਈ ਦਾ ਲਾਲ ਨਹੀਂ ਸੀ ਕੱਟ ਸਕਦਾ। ਅੰਗਰੇਜ਼ਾਂ ਦਾ ਲਾਇਆ ਬੋਦੂ ਨਵੀਂ ਸਦੀ ਚੜ੍ਹਨ ਤੱਕ ਸਿਵਲ ਹਸਪਤਾਲ ਅੰਮ੍ਰਿਤਸਰ ਨੇ ਰਿਟੈਰ ਨਹੀਂ ਹੋਣ ਦਿੱਤਾ ਸੀ। ਰਿਟੈਰਮੈਂਟ ਮਗਰੋਂ ਵੀ ਦਿਹਾੜੀ ‘ਤੇ ਰੱਖ ਲਿਆ ਸੀ। ਅੱਸੀ ਟੱਪਿਆ ਹੋਇਆ ਬੋਦੂ ਅਜੇ ਵੀ ਪੋਸਟਮਾਰਟਮ ਵਾਲੇ ਕਮਰੇ ਵਿਚੋਂ ਲਾਸ਼ਾਂ ਦੇ ਟੁਕੜੇ ਮੌਰਚਰੀ ਵਿਚ ਲੈ ਜਾਂਦਾ। ਜੇ ਲਾਸ਼ ਦਾ ਵਾਲੀ ਵਾਰਸ ਆ ਜਾਂਦਾ, ਲਾਸ਼ਾਂ ਨੂੰ ਪੈਰ ਜਾਂ ਹੱਥ ਤੋਂ ਰੱਸੀ ਪਾਈ ਖਿੱਚ ਕੇ ਬਾਹਰ ਚਾਨਣ ਵਿਚ ਲਿਆਂਦਾ। ਜੇ ਲਾਸ਼ ਸਬੰਧਤ ਲੋਕਾਂ ਦੀ ਹੁੰਦੀ ਤਾਂ ਦਸ-ਵੀਹ ਰੁਪਏ ਲੈ ਕੇ ਸੌਂਪਦਾ। ਨਹੀਂ ਫੇਰ ਰੱਸੀ ਨਾਲ ਖਿੱਚ ਕੇ ਅੰਦਰ ਸੁੱਟ ਦਿੰਦਾ। ਲਾਵਰਸ ਲਾਸ਼ਾਂ ਹਫਤਾ-ਹਫਤਾ ਰੁਲਦੀਆਂ। ਬੋਦੂ ਹਰ ਤਿੰਨ੍ਹ-ਚਾਰ ਘੰਟੇ ਬਾਅਦ ਅੰਨਗੜ੍ਹ ਤੋਂ ਲਿਆਂਦੀ ਸ਼ਰਾਬ ਦੀ ਬਲੈਡਰ ਵਿਚੋਂ ਪਊਆ ਅੰਦਰ ਮਾਰ ਲੈਂਦਾ। ਹੁਣ ਤੇ ਸੁਖ ਨਾਲ ਉਹਦੇ ਦੋ ਸਰਕਾਰੀ ਅਸਿਸਟੈਂਟ ਵੀ ਸਨ। ਪਰ ਉਨ੍ਹਾਂ ਦੀ ਵੀ ਬੋਅ ਨਾਲ ਬਸ ਹੋ ਜਾਂਦੀ ਸੀ। ਉਹ ਬੋਦੂ ਨੂੰ ਹੀ ਹਫ਼ਤੇ ਦਾ ਸੌ-ਪੰਜਾਹ ਦੇ ਕੇ ਬਠਾਈ ਰੱਖਦੇ ਸਨ।
ਦੀਸੇ ਬੁੱਕ ਬਾਈਂਡਰ ਦੀ ਨੱਬੇ ਦਾ ਸੰਨ ਟੱਪਦਿਆਂ ਹੀ ਮੌਤ ਹੋ ਗਈ ਸੀ। ਉਦੋਂ ਕੁ ਹੀ, ਜਦੋਂ ਕਿਤੇ ਬੇਅੰਤ ਸਿੰਘ ਦੀ ਸਰਕਾਰ ਬਣੀ ਸੀ। ਦੀਸ਼ਾ ਮੁਫ਼ਤ ਦੀ ਰੋਜ਼ ਮਿਲਦੀ ਦੇ ਲਾਲਚ ਵਿਚ ਬਹੁਤੀ ਪੀਂਦਾ ਰਿਹਾ ਤੇ ਕਾਂਗਰਸ-ਕਲਚਰ ਲਈ ਸ਼ਹੀਦ ਹੋ ਗਿਆ। ਛੋਟੇ ਭਰਾ ਦੇ ਮਰੇ ‘ਤੇ ਬੋਦੂ ਆਪ ਵੀ ਅੱਧਾ ਮਰ ਗਿਆ ਸੀ। ਉਹ ਹੁਣ ਸਿਵਲ ਹਸਪਤਾਲ ਅੰਦਰ ਹੀ ਦਿਨ ਕੱਟਦਾ ਸੀ।
ਦਰਅਸਲ ਬੋਦੂ ਤੇ ਦੀਸ਼ੇ ਦਾ ਪ੍ਰਸੰਗ ਇਸ ਲਈ ਚੱਲਿਆ ਸੀ, ਕਿ ਦੀਸ਼ੇ ਦੀਆਂ ਦੋਹਤੀਆਂ ਨੇ ਅੰਬਰਸਰ ਸ਼ਹਿਰ ਵਿਚ ਡਾਂਸਰਾਂ ਬਣ ਕੇ ਵਖ਼ਤ ਪਾ ਦਿੱਤਾ ਸੀ। ਉਹ ਵਿਆਹਾਂ ‘ਤੇ ਵੱਜਦੇ ਆਰਕੈਸਟਰਾ ‘ਤੇ ਏਨਾ ਤਿੱਖਾ ਡਾਂਸ ਕਰਦੀਆਂ ਕਿ ਬਸ ਸ਼ਰਾਬੀ ਬਰਾਤੀ ਨੋਟ ਵਾਰੀ ਜਾਂਦੇ। ਵੱਡੀ ਗੋਰੀ ਤੇ ਏਨੀ ਤੇਜ਼ੀ ਨਾਲ ਛਾਤੀਆਂ ਭੜਕਾਉਂਦੀ ਕਿ ਵੱਜਦੇ ਸਾਜਾਂ ਦੀ ਤਾਲ ‘ਤੇ ਉਹਦੀਆਂ ਛਾਤੀਆਂ ਭੜਕਦੀਆਂ ਜਾਪਦੀਆਂ। ਛੋਟੀ ਵੀਰਾਂ ਨੇ ਥੋੜ੍ਹੀ ਦੇਰ ਡਾਂਸ ਕੀਤਾ ਤੇ ਫੇਰ ਪੰਡਤਾਂ ਦਾ ਇਕ ਲੋਕਲ ਅੰਬਰਸਰੀ ਗਾਇਕ ਉੱਠਿਆ ਸੀ ‘ਪਾਲਾ ਪਟਾਕਾ’, ਉਹਦੇ ਨਾਲ ਗੌਣ ਤੇ ਜਾਣ ਲੱਗ ਪਈ। ਥੋੜ੍ਹੀ ਦੇਰ ਬਾਅਦ ਹੀ ਉਹ ਪਾਲੇ ਤੋਂ ਗਰਭਵਤੀ ਹੋ ਗਈ। ਪਾਲੇ ਦਾ ਟੱਬਰ ਪੰਡਤਾਂ ਦਾ, ਉਹ ਵੀਰਾਂ ਨੂੰ ਲਾਗੇ ਨਾ ਲਗਣ ਦੇਣ। ਵੀਰਾਂ ਨੇ ਥਾਣੇਦਾਰ ਭਗਤ ਰਾਮ ਕੋਲ ਗੱਲ ਕੀਤੀ, ਜਿਹੜਾ ਆਪ ਬਾਲਮੀਕੀ ਸੀ। ਉਹਨੇ ਪਾਲਾ ਢਾਹ ਲਿਆ। ਪਾਲੇ ਨੇ ਛਿੱਤਰਾਂ ਤੋਂ ਡਰਦਿਆਂ ਵੀਰਾਂ ਵਿਆਹ ਲਈ ਸੀ। ਪਾਲੇ ਦੇ ਟੱਬਰ ਨੇ ਏਨੀ ਨਮੋਸ਼ੀ ਮੰਨੀ ਕਿ ਉਹ ਰਤਨ ਨਗਰ ਵਾਲਾ ਆਪਣਾ ਘਰ ਪਾਲੇ ਤੇ ਵੀਰਾਂ ਨੂੰ ਦੇ ਕੇ ਆਪ ਫਤਹਿਗੜ੍ਹ ਚੂੜੀਆਂ ਜਾ ਕੇ ਵੱਸ ਗਏ ਸਨ। ਮੁੜ ਉਹ ਕਦੀ ਪਾਲੇ ਵਲ ਨਹੀਂ ਸਨ ਗਏ।
ਗੋਰੀ ਤੇ ਵੀਰਾਂ ਤੋਂ ਵੱਡੀ ਵੀ ਇਕ ਸੀ, ਜਿਹੜੀ ਐਸ ਵੇਲੇ ਤੀਹਾਂ-ਪੈਂਤੀਆਂ ਦੀ ਸੀ। ਉਹ ਬਾਲਮੀਕੀ ਆਸ਼ਰਮ ‘ਰਾਮਤੀਰਥ’ ਲੰਗਰ ਦੀ ਸੇਵਾ ਕਰਦੀ ਸੀ। ਦੱਸਣ ਵਾਲੇ ਦੱਸਦੇ ਨੇ ਪਈ ਉਹਦੇ ਨਾਲ ਬਚਪਨ ਵਿਚ ਹੀ, ਜਦੋਂ ਅਜੇ ਉਹ ਅੱਠਾਂ-ਦੱਸਾਂ ਸਾਲਾਂ ਦੀ ਸੀ, ਇਕੱਲੀ ਵੇਖ ਕੇ ਦੀਸ਼ਾ ਤੇ ਬੋਦੂ ਮੂੰਹ ਕਾਲਾ ਕਰ ਲੈਂਦੇ ਸਨ। ਕਿਸੇ ਨੇ ਜਦੋਂ ਦੋਹਤੀ ਨਾਲ ਦੋਹਾਂ ਨੂੰ ਮੂੰਹ ਕਾਲਾ ਕਰਦਿਆਂ ਸਿਰ ਤੋਂ ਫੜ ਲਿਆ ਤਾਂ ਉਨ੍ਹਾਂ ਨੂੰ ਵਿਹੜੇ ਵਿਚ ਲਿਆ ਕੇ ਛਤਰੌਲ ਕੀਤੀ। ਵਿਹੜੇ ਦੇ ਮਰਦਾਂ ਨੰਗਾ ਕਰਕੇ ਪਹਿਲਾਂ ਉਨ੍ਹਾਂ ਦੇ ਚਿੱਤੜ ਕੁੱਟੇ, ਫੇਰ ਢੂਹੀ ‘ਤੇ ਵਾਰੀ ਵਾਰੀ ਸਭਨਾਂ ਨੇ ਥੁੱਕਿਆ। ਫੇਰ ਸਦਾ ਲਈ ਵਿਹੜੇ ਵਿਚੋਂ ਕੱਢ ਦਿੱਤਾ ਸੀ। ਪਰ ਉਹ ਨਿੱਕੀ ਬੱਚੀ ਕਦੀ ਨਾਰਮਲ ਨਹੀਂ ਸੀ ਹੋਈ। ਉਹਦਾ ਸਿੱਧਰਾਪਨ ਵੇਖ ਕੇ ਅੰਤ ਉਹਦੀ ਮਾਂ ਨੇ ਉਹਨੂੰ ਡੇਰੇ ਚਾੜ੍ਹ ਛੱਡਿਆ ਸੀ।
ਬੋਦੂ ਤੇ ਦੀਸ਼ਾ ਮੁੜ ਕਈ ਸਾਲ ਵਿਹੜੇ ਨਹੀਂ ਸਨ ਵੜੇ। ਇਕ ਵਾਰ ਸ਼ਰਾਬੀ ਹੋ ਕੇ ਦੋਹਾਂ ਆ ਕੇ ਲਲਕਾਰੇ ਮਾਰਨ ਦਾ ਹੌਂਸਲਾ ਕੱਢਿਆ ਸੀ, ਪਰ ਉਦੋਂ ਹੀ ‘‘ਡੂੰਨੇ-ਪਾਪੜੀ’’ ਤੇ ‘‘ਸ਼ੀਸ਼ੇ ਛੁਰੀਮਾਰ’’ ਦੇ ਮੁੰਡਿਆਂ ਨੇ ਦੋਹਾਂ ਦੇ ਪੱਟਾਂ ਵਿਚ ਚਾਕੂ ਦੇ ਤਿਰਛਵੇਂ ਵਾਰ ਕਰਕੇ ਐਸੇ ਚੀਰੇ ਪਾਏ ਕਿ ਕਈ ਮਹੀਨੇ ਉਹ ਦੋਵੇਂ ਜਰਾਹ ਕੋਲੋਂ ਮਲ੍ਹਮਾਂ ਲੁਆਂਦੇ ਰਹੇ ਸਨ।
ਮੁੜ ਉਹ ਕਦੀ ਵਿਹੜੇ ਦੇ ਅੰਦਰ ਨਹੀਂ ਸਨ ਵੜੇ। ਬਸ ਸਾਹਮਣੇ ਕਸਾਈ ਵਿਹੜੇ ਦੇ ਸਕੂਲ ਦੀ ਕੰਧ ਨਾਲ ਬਣੀ ਥੜ੍ਹੀ ‘ਤੇ ਕਦੀ-ਕਦੀ ਘੰਟਾ, ਅੱਧਾ ਘੰਟਾ ਬਹਿ ਕੇ, ਚੁੱਪ ਚਾਪ ਉੱਠ ਕੇ ਟੁਰ ਜਾਂਦੇ ਸਨ।
ਉਂਜ ਉਥੇ ਉਨ੍ਹਾਂ ਬਿਨਾਂ ਕੋਈ ਉਦਰਿਆ ਵੀ ਨਹੀਂ ਬੈਠਾ ਸੀ। ਲੋਕ ਹੁਣ ਬਸ ਦੋਹਾਂ ਨੂੰ ਏਨਾ ਕੁ ਹੀ ਜਾਣਦੇ ਸਨ ਕਿ ਇਹ ਉਹੀ ਬੋਦੂ ਤੇ ਦੀਸ਼ਾ ਨੇ, ਜਿਨ੍ਹਾਂ ਦੀਆਂ ਦੋਹਤੀਆਂ ਡਾਂਸਰਾਂ ਬਣ ਕੇ ਹਜ਼ਾਰਾਂ ਲੱਖਾਂ ਕਮਾਏ ਨੇ, ਤੇ ਹੁਣ ਦੋਵੇਂ ਵਿਹੜੇ ਵਿਚ ਨਹੀਂ ਰਹਿੰਦੀਆਂ।
ਬੋਦੂ ਤੇ ਦੀਸ਼ੇ ਦੀ ਬਸ ਇਕੋ ਵਾਰ ਦੁਬਾਰਾ ਚੜ੍ਹਾਈ ਹੋਈ ਸੀ। ਉਦੋਂ ਜਦੋਂ ਅਪ੍ਰੇਸ਼ਨ ਬਲੂ-ਸਟਾਰ ਤੋਂ ਮਗਰੋਂ ਦੋਹਾਂ ਨੂੰ ਹਰਿਮੰਦਰ ਸਾਹਿਬ ਵਿਚੋਂ ਲਾਸ਼ਾਂ ਚੁੱਕਣ ਤੇ ਡੀਜ਼ਲ ਪਾ-ਪਾ ਕੇ ਫੂਕਣ ਦਾ ਠੇਕਾ ਮਿਲਿਆ ਸੀ।
ਅੱਜ ਵੀ ਦੋਹੇਂ ਉਨ੍ਹਾਂ ਦਿਨਾਂ ਨੂੰ ਯਾਦ ਕਰਕੇ ਕਹਿ ਛੱਡਦੇ ਨੇ- ‘‘ਉਹ ਵੀ ਕਿਆ ਦਿਨ ਸਨ।’’
***
ਜਿਸ ਵੇਲੇ ਸੰਗਤਾਂ ਉੱਸਰ ਰਹੇ ਹਰਿਮੰਦਰ ਵਲ ਨੂੰ ਨਤਮਸਤਕ ਹੋਣ ਨੂੰ ਜਾਂਦੀਆਂ, ਉਨ੍ਹਾਂ ਨੂੰ ਨਿੱਕੀ-ਨਿੱਕੀ ਇੱਟ ਨਾਲ ਉੱਸਰ ਰਿਹਾ ਛੋਟਾ ਜਿਹਾ ਸ਼ਹਿਰ ਵਿਖਾਈ ਦੇਣ ਲਗ ਪੈਂਦਾ ਸੀ। ਚਾਟੀਵਿੰਡ ਤੋਂ ਅੰਦਰ ਆਂਦਿਆਂ ਬਸਤੀ ਰਾਮ ਦੀ ਢਾਬ ‘ਤੇ ਵੱਡੇ-ਵੱਡੇ ਸਿੰਗਾਂ ਵਾਲੇ ਬਲਦ ਲੈ ਕੇ ਬੈਠੇ ਵਪਾਰੀ ਦਿੱਸਦੇ। ‘ਲੂਣ ਮੰਡੀ’ ਤੇ ‘ਦਾਲ ਮੰਡੀ’ ਲਈ ਦਿੱਤੀ ਥਾਂ ਵਿਚ ਪਸ਼ੌਰੀਏ ਤੇ ਹੜਪਾ ਦੇ ਵਪਾਰੀ ਆਪਣੀਆਂ ਛੱਪਰੀਆਂ ਪਾਈ ਬੈਠੇ ਦਿੱਸਦੇ ਸਨ। ਮੱਥੇ ਵਾਲੀ ਬਾਹੀ ਵਿਚ ਕੱਟੂ-ਬਾਲੀਆਂ ਤੇ ਬਰਨਾਲੇ ਦੇ ਚਮਾਰ ਆ ਕੇ ਚਮੜਾ ਕੱਟਣ ਬਹਿ ਗਏ ਸਨ। ਸਭ ਤੋਂ ਵਧ ਰੌਣਕਾਂ ਸੁਨਿਆਰ ਬਾਜ਼ਾਰ ਤੇ ਕੱਛ-ਗੁਜਰਾਤ ਵਲੋਂ ਆਏ ਮਾਰਵਾੜੀਆਂ ਦੇ ਬਾਜ਼ਾਰਾਂ ਵਿਚ ਸਨ। ਮਾਰਵਾੜੀ ਆਪਣੇ ਟੱਬਰਾਂ ਸਮੇਤ ਆ ਗਏ ਸਨ। ਉਨ੍ਹਾਂ ਦੀਆਂ ਬੀਵੀਆਂ, ਬੱਚੇ ਉੱਸਰ ਰਹੇ ਸ਼ਹਿਰ ਵਿਚ ਥਾਂ-ਥਾਂ ਫਿਰਦੇ ਦਿੱਸਦੇ ਸਨ।
ਤੀਵੀਆਂ ਦੇ ਘੱਗਰੇ ਤੇ ਬੱਚਿਆਂ ਦੇ ਪਾਈਆਂ ਉੱਚੀਆਂ ਬੰਡੀਆਂ ਰਾਮਦਾਸਪੁਰ ਤੇ ਮਾਝੇ ਦੇ ਹੋਰ ਪੇਂਡੂ ਭਾਊਆਂ ਲਈ ਅਜਬ ਝਾਕੀ ਪੇਸ਼ ਕਰਦੀਆਂ ਸਨ। ਮਾਰਵਾੜੀ ਔਰਤਾਂ, ਮਰਦ ਤੇ ਬੱਚੇ ਜਿਸ ਨਿਸ਼ੰਗਤਾ ਨਾਲ ਵਿਚਰਦੇ ਸਨ, ਉਹ ਤੇ ਮਾਝੇ ਦੇ ਮੋਟੀ ਬੁੱਧ ਦੇ ਭਾਊਆਂ ਲਈ ਅਸਰਦਾਰ ਸ਼ੈਅ ਸੀ। ਸਾਤੇ ਤੋਂ ਵੱਧ ਗਿਣਤੀ ਨਾ ਜਾਣਨ ਵਾਲੇ ਭਾਊਆਂ ਲਈ ਹਜ਼ਾਰਾਂ ਦੀ ਗਿਣਤੀ ਮੂੰਹ ਜ਼ਬਾਨੀ ਕਰਕੇ ਕਾਗਜ਼ਾਂ ‘ਤੇ ਲਿਖਦੇ ਮਾਰਵਾੜੀ ਹਊਆ ਸਨ!
ਸੰਗਤ ਸਵੇਰੇ ਵਧੇਰੇ ਕਰਕੇ ‘ਆਸਾ ਦੀ ਵਾਰ’ ਦੇ ਗਾਇਨ ਵੇਲੇ ਇਕੱਠੀ ਹੁੰਦੀ ਸੀ। ਸਵੇਰੇ ਅੰਮ੍ਰਿਤ ਵੇਲੇ ਆਉਣ ਵਾਲੀ ਸੰਗਤ ਨੇ ਅਕਸਰ ਬਾਬਾ ਬੁੱਢਾ ਜੀ ਕੋਲ ਫਰਿਆਦ ਕੀਤੀ ਸੀ ਕਿ ਗਿਲਵਾਲੀ ਤੋਂ ਟੁਰ ਕੇ, ਚਾਟੀਵਿੰਡ ਦੇ ਨਾਲ-ਨਾਲ ਆਉਂਦੀ ਝੜੀ ਕੋਲੋਂ ਲੰਘਿਆਂ ਸੱਪ ਬਹੁਤ ਪੈਂਦੇ ਸਨ। ਜਾਂ ਫੇਰ ਗਿੱਦੜ ਤੇ ਜੰਗਲੀ ਕੁੱਤੇ ਦੰਦ ਨੰਗੇ ਕਰਕੇ ਸੰਗਤ ਤੇ ਝਈਆਂ ਲੈ-ਲੈ ਪੈਂਦੇ ਸਨ। ਇਹਦਾ ਪਿਛਲੇ ਕਾਫੀ ਚਿਰ ਤੋਂ ਬਾਬੇ ਹੁਰੀਂ ਹੱਲ ਕੱਢਣਾ ਚਾਹੁੰਦੇ ਸਨ, ਪਰ ਕੁਛ ਸੁੱਝ ਨਹੀਂ ਸੀ ਰਿਹਾ। ਉਧਰ ਕਾਰ-ਸੇਵਾ ਵੀ ਜ਼ੋਰਾਂ ‘ਤੇ ਸੀ। ਸਰੋਵਰ ਵਿਚ ਜਲ ਦਾ ਸਤਰ ਬਣਿਆ ਰਹੇ, ਇਸ ਲਈ ਆਸ ਪਾਸ ਖੂਹ ਖੋਦੇ ਜਾ ਰਹੇ ਸਨ। ਗੁਰੂ ਕੇ ਮਹਿਲਾਂ ਵਾਲੇ ਖੂਹ ਤੋਂ ਜਲ ਨੂੰ ਸਿੱਧਾ ਸਰੋਵਰ ਵਲ ਲਿਔਣ ਲਈ ‘ਹੰਸਲੀਆਂ’ ਉਸਾਰੀਆਂ ਜਾ ਰਹੀਆਂ ਸਨ। ਕਾਰ-ਸੇਵਾ ਲਈ ਤੇ ਜਿੰਨੇ ਸਿਰ ਆਉਣ, ਉਨੇ ਥੋੜ੍ਹੇ ਸਨ। ਪਿਛਲੇ ਕੁਝ ਦਿਨਾਂ ਤੋਂ ਸੰਗਤ ਸੌਖ ਮਹਿਸੂਸ ਕਰ ਰਹੀ ਸੀ। ਰਾਹ ਵਿਚ ਨਾ ਹੁਣ ਸੱਪ ਪੈ ਰਹੇ ਸਨ, ਨਾ ਹੀ ਕਦੀ ਗਿੱਦੜ ਜਾਂ ਜੰਗਲੀ ਕੁੱਤੇ ਦਿੱਸੇ ਸਨ।
ਇਹ ਬਾਬਾ ਬੁੱਢਾ ਜੀ ਦੀ ਕਰਾਮਾਤ ਸੀ, ਜਿਨ੍ਹਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਵਲੋਂ ਕੁੱਤੀ ਵਿਹੜੇ ਵਿਚ ਵਸਾਏ ਚੂਹੜਿਆਂ ਨੂੰ ਇਹ ਇਲਾਕਾ ਸੱਪਾਂ, ਗਿੱਦੜਾਂ ਤੇ ਕੁੱਤਿਆਂ ਤੋਂ ਮੁਕਤ ਕਰਨ ਲਈ ਕਿਹਾ ਸੀ। ਬਾਬਾ ਜੀ ਦਾ ਹੁਕਮ ਪਾ ਕੇ ਸਾਰੇ ਸਰੀਰ ਹੀ ਇਸ ਕੰਮ ਲਗ ਪਏ। ਦਿਨਾਂ ਵਿਚ ਹੀ ਉਥੇ ਚੂਹੇ ਤੱਕ ਲੱਭਣੋਂ ਹੱਟ ਗਏ ਸਨ।
ਪਹਿਲਾਂ-ਪਹਿਲ ਤੇ ਸੰਗਤ ਜਦੋਂ ਉੱਤਰ ਵਲੋਂ ਬਣੇ ਪਹੇ ਤੋਂ ਲੰਘ ਕੇ ਹਰਿਮੰਦਰ ਨੂੰ ਜਾਂਦੀ ਤਾਂ ਉਥੇ ਚੂਹੜਿਆਂ ਵਲੋਂ ਪਾਏ ਗੰਦੇ ਜਿਹੇ ਛੱਪਰਾਂ ਤੋਂ ਤ੍ਰਹਿੰਦੀਆਂ ਸਨ, ਪਰ ਜਦੋਂ ਸੰਗਤ ਵੇਖਦੀ ਕਿ ਉਹਨਾਂ ਨੂੰ ਵੇਖਦਿਆਂ ਹੀ ਚੂਹੜੇ ਮਰਦ-ਔਰਤਾਂ ਹੱਥ ਜੋੜ ਜ਼ੋਰ-ਜ਼ੋਰ ਦੀ ‘ਨਾਨਕ-ਨਾਨਕ’ ਜਾਂ ‘ਬਾਬਾ ਰਾਮਦਾਸ’ ਕਹੀ ਜਾਂਦੇ, ਤਾਂ ਉਨ੍ਹਾਂ ਦਾ ਡਰ ਤੇ ਹੌਲੀ-ਹੌਲੀ ਚੁੱਕਿਆ ਹੀ ਗਿਆ, ਸਗੋਂ ਇਹ ਪਤਾ ਲੱਗਣ ਤੇ ਕਿ ਰਾਹ ਭੁੱਲੇ ਜਾਂ ਫੇਰ ਔਝੜੀਂ ਪਏ ਸ਼ਰਧਾਲੂ ਨੂੰ ਚੂਹੜੇ ਹਰਿਮੰਦਰ ਦੀ ਬਾਹੀ ਤੱਕ ਸਹੀ-ਸਲਾਮਤ ਛੱਡੇ ਕੇ ਜਾਂਦੇ ਹਨ, ਰਾਹੀਆਂ ਨੇ ਇਸੇ ਰਾਹ ਤੋਂ ਲੰਘਣਾ ਸ਼ੁਰੂ ਕਰ ਦਿੱਤਾ ਸੀ।
ਚੂਹੜਿਆਂ ਦੀ ਬਸ ਇਕੋ ਵੱਡੀ ਮੁਸ਼ਕਲ ਸੀ। ਉਹ ਰੋਟੀ ਕਮਾਣ ਦੀ ਸੀ। ਮਰਦ ਤੇ ਸਵੇਰੇ ਨਵੇਂ ਉੱਸਰ ਰਹੇ ਬਾਜ਼ਾਰਾਂ ਵਿਚ ਨਿਕਲ ਜਾਂਦੇ ਤੇ ਮਾਰਵਾੜੀਆਂ ਨਾਲ ਹੱਥ ਵੱਟਾ ਦਿੰਦੇ ਸਨ। ਮਾਰਵਾੜੀ ਸੁੱਚਮ ਤੇ ਰੱਖਦੇ, ਪਰ ਭਿੱਟ ਵੀ ਬਹੁਤੀ ਨਹੀਂ ਸਨ ਵਖਾਂਦੇ। ਲੂਣ ਦੇ ਮੁਸਲਮਾਨ ਵਪਾਰੀ ਤੇ ਭਿੱਟ ਬਿਲਕੁਲ ਨਹੀਂ ਸਨ ਵਖਾਂਦੇ। ਉਨ੍ਹਾਂ ਦਾ ਕੰਮ ਕਰਕੇ ਚੂਹੜਿਆਂ ਨੂੰ ਮਾਰਵਾੜੀਆਂ ਜਾਂ ਮੁਸਲਮਾਨ ਵਪਾਰੀਆਂ ਕੋਲੋਂ ਕਈ ਵਾਰ ਕੌਡਾਂ ਮਿਲ ਜਾਂਦੀਆਂ, ਜਾਂ ਤਾਂਬੇ ਦਾ ਨਿੱਕਾ ਪੈਸਾ ਮਿਲ ਜਾਂਦਾ ਸੀ। ਕੌਡਾਂ ਬਦਲੇ ਉਹ ਕਦੀ ਦਾਲ, ਆਟਾ ਜਾਂ ਫੇਰ ਸ਼ਹਿਰ ਸਬਜ਼ੀ ਵੇਚਣ ਆਏ ਅਰਾਈਆਂ ਕੋਲੋਂ ਸਬਜ਼ੀ ਲੈ ਲੈਂਦੇ। ਜਦ ਕਦੀ ਕਿਤੇ ਵੀ ਕੰਮ ਨਾ ਮਿਲਦਾ, ਉਹ ਕੱਟੂ ਬਾਲੀਆਂ, ਬਰਨਾਲੇ ਦੇ ਚਮਾਰਾਂ ਨਾਲ ਚਮੜਾ ਸਾਫ ਕਰਨ ਵਿਚ ਹੱਥ ਵੱਟਾ ਲੈਂਦੇ ਸਨ। ਉਨ੍ਹਾਂ ਦੀ ਜੁੱਤੀ ਦੀ ਮੰਗ ਬੜੀ ਸੀ। ਇਸ ਲਈ ਉਨ੍ਹਾਂ ਨੂੰ ਲਾਹੇ ਹੋਏ ਚਮੜੇ ਨੂੰ ਧੋ ਕੇ ਸਾਫ ਕਰਨ ਲਈ ਸਹਾਇਕਾਂ ਦੀ ਹਮੇਸ਼ਾ ਲੋੜ ਰਹਿੰਦੀ ਸੀ। ਏਨਾ ਬਦਬੋ ਵਾਲਾ ਕੰਮ ਕਰਨ ਤੋਂ ਤ੍ਰਹਿੰਦੇ ਚਮਾਰ ਜਦੋਂ ਵੀ ਉਨ੍ਹਾਂ ਨੂੰ ਕੁੱਤੀ ਵਿਹੜੇ ਦਾ ਚੂਹੜਾ ਮਿਲੇ, ਕੰਮ ਦੇ ਦਿੰਦੇ ਸਨ। ਪਰ ਉਹ ਚੂਹੜਿਆਂ ਤੋਂ ਭਿੱਟ ਬੜੀ ਮੰਨਦੇ ਸਨ। ਨਾਲੇ ਕੰਮ ਲਈ ਜਾਂਦੇ, ਨਾਲ ਦੁਰ-ਦੁਰ ਕਰੀ ਜਾਂਦੇ। ਸ਼ਾਮ ਨੂੰ ਪਰ ਬੜੀ ਦਰਿਆ ਦਿਲੀ ਨਾਲ ਚੂਹੜੇ ਦੀ ਫੈਲਾ ਕੇ ਵਿਛਾਈ ਚਾਦਰ ‘ਤੇ ਇਕ ਜਾਂ ਦੋ ‘ਪੜੋਪੀਆਂ’ ਕਣਕ ਦੇ ਦਾਣੇ ਪਾ ਦਿੰਦੇ ਸਨ।
….ਚੂਹੜਿਆਂ ਲਈ ਕਣਕ ਬੜੀ ਨਿਆਮਤ ਸੀ। ਉਂਜ ਤੇ ਗੁਰੂ ਰਾਮਦਾਸ ਵਲੋਂ ਦਿਨ-ਰਾਤ ਲਾਏ ਲੰਗਰ ਵਿਚ ਉਨ੍ਹਾਂ ਲਈ ਥਾਂ ਸੀ। ਗੁਰੂ ਰਾਮਦਾਸ ਉਨ੍ਹਾਂ ਨੂੰ ਆਪ ਹੱਥੀਂ ਬੜੀ ਪ੍ਰੀਤ ਨਾਲ ਡਾਲੀ ਲਿਆਏ ਸਿੱਖਾਂ ਦੇ ਪਰਸ਼ਾਦੇ ਪਰੋਸਦੇ, ਜਾਂ ਲੋਹ-ਲੰਗਰ ਤੋਂ ਤਾਜੇ ਬਣਦੇ ਪ੍ਰਸ਼ਾਦੇ ਚੁੱਕ ਉਨ੍ਹਾਂ ਦੀ ਝੋਲ ਭਰਦੇ। ਪਰ ਜਿਉਂ ਹੀ ਚੂਹੜੇ ਹਰਿਮੰਦਰ ਦੀ ਬਾਰੀ ਟੱਪ ਕੇ ਕੁੱਤੀ ਵਿਹੜੇ ਦੇ ਰਾਹ ਪੈਂਦੇ, ਖੱਤਰੀਆਂ ਤੇ ਪੰਡਤਾਂ ਦੇ ਮੁੰਡੇ ਉਨ੍ਹਾਂ ਨੂੰ ਸੋਟੀਆਂ ਨਾਲ ਛੱਲੀਆਂ ਵਾਂਗ ਕੁੱਟਦੇ। ਉਹਨਾਂ ਦੇ ਨਾਲ ਮਾਝੇ ਦੇ ਬੂਝੜ ਜੱਟਾਂ ਦੇ ਡੂਸ਼ ਵੀ ਉਨ੍ਹਾਂ ਦੀ ਫੂਕ ਛੱਕ ਕੇ ਰਲ ਜਾਂਦੇ ਤੇ ਚੂਹੜਿਆਂ ਦੀ ਬੜੀ ਦੁਰਗਤ ਹੁੰਦੀ। ਮੂੰਹ ਉਨ੍ਹਾਂ ਬੰਨ੍ਹੇ ਹੁੰਦੇ, ਇਸ ਲਈ ਉਹ ਗੁਰੂ ਕੋਲ ਸਿ਼ਕਾਇਤ ਕਰਦੇ ਵੀ ਤੇ ਕੀਹਦੀ? ਹਾਰ ਕੇ ਉਹਨਾਂ ਨੂੰ ਸਮਝ ਆ ਗਈ ਕਿ ਲੰਗਰ ਛੱਕਣ ਤੋਂ ਬਾਅਦ ਹੀ ਉਨ੍ਹਾਂ ਨੂੰ ਇਹ ਵਿਸ਼ੇਸ਼ ਮਾਰ ਪੈਂਦੀ ਸੀ।
ਉਨ੍ਹਾਂ ਲੰਗਰ ਜਾਣਾ ਬੰਦ ਕਰ ਦਿੱਤਾ, ਬਸ ਕਦੀ-ਕਦੀ ਹਰਿਮੰਦਰ ਦੀ ਉਸਾਰੀ ਵੇਖ ਰਹੇ ਸੱਚੇ ਪਾਤਸ਼ਾਹ ਨੂੰ, ਜਾਂ ਉਨ੍ਹਾਂ ਦੇ ਹਮਦਰਦ ਬਾਬਾ ਬੁੱਢਾ ਜੀ ਨੂੰ ਮੱਥਾ ਟੇਕ ਜਾਂਦੇ ਸਨ। ਫੇਰ ਬੜੀ ਹਸਰਤ ਨਾਲ ਕਾਰ-ਸੇਵਾ ਕਰ ਰਹੀਆਂ ਸੰਗਤਾਂ ਵਲ ਵੇਖ ਕੇ ਪਰਤ ਜਾਂਦੇ ਸਨ।
ਕੁੱਤੀ ਵਿਹੜੇ ਵਾਲਿਆਂ ਲਈ ਸਭ ਤੋਂ ਵਧ ਮੌਜ ਭਰਿਆ ਦਿਹਾੜਾ ਉਦੋਂ ਹੁੰਦਾ ਸੀ, ਜਦੋਂ ਕਦੀ ਉਹ ਬਾਬੇ ਬੁੱਧੂ ਨਾਲ ਰਲ ਕੇ ਲੰਗਰ ਛੱਕਦੇ ਸਨ। ਬਾਬਾ ਬੁੱਧੂ ਤੇ ਉਹਦੀ ਮੰਡਲੀ ਦੀ ਗੁਰੂ-ਘਰ ਵਿਚ ਅੰਨਿਨ ਸ਼ਰਧਾ ਸੀ। ਉਹ ਸਾਰੇ ਹਰਿਮੰਦਰ ਦੀ ਕਾਰ-ਸੇਵਾ ਵਿਚ ਲੱਗੇ ਹੋਏ ਸਨ। ਵਿਚੋਂ ਕਈ ਆ ਜਾਂਦੇ, ਕਈ ਟੁਰ ਜਾਂਦੇ ਸਨ। ਸਾਰੇ ਹੀ ਹੱਥਾਂ ਦੇ ਕਾਰੀਗਰ ਸਨ। ਬਹੁਤਿਆਂ ਦੇ ਅੱਟਣਾਂ ਭਰੇ ਹੱਥ ਤੇ ਟਾਕੀਆਂ ਵਾਲੇ ਲੀੜੇ ਹੁੰਦੇ ਸਨ। ਬੁੱਧੂ ਦੇ ਆਪਣੇ ਚੋਲੇ ਤੇ ਕੱਛੇ ‘ਤੇ ਅਨੇਕਾਂ ਟਾਕੀਆਂ ਸਨ। ਇਹ ਲੋਕ ਸਨ, ਜਿਹੜੇ ਮਹੀਨੇ, ਦੋ ਮਹੀਨੀਂ ਇਕ-ਦੋ ਦਿਨ ਹੱਥੀਂ ਸੇਵਾ ਕਰਨ ਦੀ ਸੁਖਣਾ ਸੁੱਖਦੇ, ਤੇ ਫੇਰ ਬੁੱਧੂ ਦੇ ਆਵੇ ‘ਤੇ ਆ ਜਾਂਦੇ। ਸੁੱਖਣ ਸੁੱਖੀ ਪੂਰੀ ਕਰਕੇ ਪਰਤ ਜਾਂਦੇ ਸਨ। ਘਰੋਂ ਆਉਣ ਵੇਲੇ ਰਸਦ ਦੀ ਪੋਟਲੀ ਨਾਲ ਲਿਆਂਦੇ ਸਨ, ਜਾਂ ਬੁੱਧੂ ਦੇ ਲੰਗਰ ਵਿਚ ਲੱਕੜ ਜਾਂ ਜਲ ਦੀ ਸੇਵਾ ਕਰਦੇ, ਜੂਠੇ ਭਾਂਡੇ ਮਾਂਜਣ ਦੀ ਸੇਵਾ ਕਰਦੇ।
ਬੁੱਧੂ ਦਾ ਲੰਗਰ ਚਾਰ ਪਹਿਰ ਵਿਚੋਂ ਸਿਰਫ਼ ਇਕ ਪਹਿਰ ਲੱਗਦਾ। ਤਿੰਨ ਪਹਿਰ ਬੁੱਧੂ ਵੀ ਭੁੱਖਾ ਰਹਿੰਦਾ ਤੇ ਸਿਰਫ ਇਕੋ ਪਹਿਰ ਰੱਜ ਕੇ ਲੰਗਰ ਛਕਦਾ। ਸੰਗਤ ਉਹਦੀ ਆਪਣੀ ਸੀ, ਉਹ ਵੀ ਬੁੱਧੂ ਦੀ ਪ੍ਰੀਤ ਵਿਚ ਬੱਝੀ ਇਕੋ ਪਹਿਰ ਖਾਂਦੀ। ਸਿਰਫ ਬਾਲ-ਅੰਝਾਣਿਆਂ ਤੇ ਬਿਰਧਾਂ ਲਈ ਵੱਖਰੇ ਪ੍ਰਬੰਧ ਸਨ। ਦੁਪਹਿਰੇ ਸੂਰਜ ਜਦ ਸਿਰ ‘ਤੇ ਹੁੰਦਾ, ਬੁੱਧੂ ਲੰਗਰ ਲਈ ਉੱਚੀ ਆਵਾਜ਼ ਵਿਚ ਬੇਨਤੇ ਤੇ ਬੇਨਤੇ ਕਰੀ ਜਾਂਦਾ। ਕੁੱਤੀ ਵਿਹੜੇ ਵਾਲੇ ਜੇ ਕਿਤੇ ਕੋਲ ਹੁੰਦੇ, ਉਨ੍ਹਾਂ ਨੂੰ ਚਾਅ ਚੜ੍ਹ ਜਾਂਦਾ। ਸਾਰੇ ਭੱਜ ਕੇ ਬੁੱਧੂ ਦੇ ਆਵੇ ਦੇ ਬਾਹਰਵਾਰ ਕਰਕੇ ਬੈਠ ਜਾਂਦੇ। ਸੰਗਤ ਆਈ ਵੇਖ ਬੁੱਧੂ ਬਾਬਾ ਬਸ ਇਕੋ ਹੋਕਰਾ ਮਾਰਦਾ- ‘ਬਈ ਸੰਗਤ ਭੁੱਖੀ ਨਾ ਜਾਵੇ। ਗੁਰੂ ਰਾਮਦਾਸ ਦਾ ਦਰ ਐ ਬਈ। ਸਾਰੇ ਮਾਈ-ਭਾਈ ਛੱਕੋ!’’
….ਤੇ ਬਸ ਜਿਵੇਂ ਕ੍ਰਿਸ਼ਮਾ ਵਾਪਰ ਜਾਂਦਾ। ਉਨ੍ਹਾਂ ਵਰਗੇ ਜਾਪਦੇ ਕਿੰਨੇ ਹੀ ਕਿਰਤੀ ਉਨ੍ਹਾਂ ਨਾਲ ਆ-ਆ ਕੇ ਬੈਠੀ ਜਾਂਦੇ, ਤੇ ਵਰਤੌਣ ਵਾਲੇ ਵੀ ਉਨ੍ਹਾਂ ਵਰਗੇ ਘਸਮੈਲੇ ਚਿਹਰੇ, ਅਧੋਰਾਣੇ, ਪਾਟੇ ਲੀੜਿਆਂ ਵਾਲੇ ਤੇ ਮਸਕੀਨ ਬੰਦੇ ਹੁੰਦੇ। ਲੰਗਰ ਕਦੀ ਨਾ ਘੱਟਦਾ ਤੇ ਅੰਤ ਛਕਣ ਵਾਲੇ ਹੀ ‘ਬੱਸ’ ਕਰ ਉੱਠ ਜਾਂਦੇ। ਉਨ੍ਹਾਂ ਚੂਹੜਿਆਂ ਸਮੇਤ ਸਾਰੀ ਸੰਗਤ ਨੂੰ ਹੀ ਯਕੀਨ ਸੀ ਕਿ ਨਾਨਕ ਪੰਥੀ ‘ਬੁੱਧੂ ਬਾਬੇ’ ਕੋਲ ਰਿਧੀਆਂ ਵੱਸ ਹਨ, ਇਸੇ ਲਈ ਉਹਦੇ ਕੋਲ ਕੋਈ ਤੋਟ ਨਹੀਂ ਸੀ ਆਉਂਦੀ।
***
ਕਦੀ-ਕਦੀ ਕੁੱਤੀ ਵਿਹੜੇ ਵਾਲਿਆਂ ਨੂੰ ਉਦੋਂ ਬੜੀ ਮੌਜ ਲੱਗਦੀ ਸੀ, ਜਦ ਕਿਤੇ ਬਣ ਰਹੇ ਸ਼ਹਿਰ ਵਿਚ ਕੋਈ ਮਰ ਜਾਂਦਾ ਸੀ। ਵਧੇਰੇ ਕਰਕੇ ਮੁਰਦਾ ਫੂਕਣ ਲਈ ਉਨ੍ਹਾਂ ਦੇ ਬੰਦੇ ਹੀ ਸੱਦੇ ਜਾਂਦੇ ਸਨ। ਮਗਰੋਂ ਪਿੰਡ-ਦਾਨ, ਮਰਗ-ਦਾਨ ਵੇਲੇ ਵੱਖ ਵੱਖ ਇਲਾਕਿਆਂ ਤੋਂ ਆਏ ਸਾਰੇ ਸਿੰਧੀ, ਗੁਜਰਾਤੀ, ਮਾਰਵਾੜੀ, ਪੰਜਾਬੀ ਵਪਾਰੀ ਚੂਹੜਿਆਂ ਨੂੰ ਕੁਝ ਨਾ ਕੁਝ ਦਿੰਦੇ। ਮਰੇ ਬੰਦੇ ਦੇ ਕੱਪੜੇ-ਬਿਸਤਰਾ ਵੀ ਮਿਲ ਜਾਂਦਾ। ਭੋਜਨ ਤੋਂ ਮਗਰੋਂ ਬਚੀ ਸਾਰੀ ਜੂਠ ਉਨ੍ਹਾਂ ਨੂੰ ਪੱਤਲਾਂ ਸਣੇ ਚੁੱਕਾ ਦਿੱਤੀ ਜਾਂਦੀ ਸੀ।
…..ਅਗਲੇ ਦੋ ਦਿਨ ਤੇ ਸਾਰਾ ਲਾਣਾ ਹੀ ਬੜੀ ਮਸਤੀ ਵਿਚ ਫਿਰਦਾ। ਸਭ ਨੂੰ ਬਰਾਬਰ ਰੋਟੀ ਦੇ ਬੱਚੇ ਟੋਟੇ, ਚੌਲ ਤੇ ਸਬਜ਼ੀ ਵੰਡੀ ਜਾਂਦੀ। ਮਰਗ ਤੋਂ ਆਈ ਕੋਈ ਸ਼ੈਅ ਖਰਾਬ ਨਾ ਕੀਤੀ ਜਾਂਦੀ। ਬਰਾਬਰੀ ਨਾਲ ਸਭ ਨੂੰ ਹੀ ਮਿਲਦਾ, ਭਾਵੇਂ ਕਣਕ ਦਾ ਇਕ ਦਾਣਾ ਹੀ ਮਿਲੇ। ਕੱਪੜੇ ਤੇ ਬਿਸਤਰਾ ਸਭ ਤੋਂ ਲੋੜਵੰਦਾਂ ਨੂੰ ਮਿਲਦੇ, ਜਾਂ ਫਿਰ ਉਦੋਂ ਮੌਜ ਲੱਗਦੀ ਸੀ, ਜਦੋਂ ਹਰਿਮੰਦਰ ਸਾਹਿਬ ਦੇ ਮੱਥੇ ਵਲ ਬੈਠੇ ਚਮਾਰ ਕਿਸੇ ਬੌਲਦ ਜਾਂ ਮੱਝ, ਕੱਟੀ ਦੇ ਮਰਨ ‘ਤੇ ਸੱਦਦੇ ਸਨ। ਮਰੇ ਪਸ਼ੂ ਦੀ ਖੱਲ ਲਾਹ ਕੇ ਚਮਾਰਾਂ ਨੂੰ ਦੇਣੀ ਹੁੰਦੀ ਸੀ, ਤੇ ਬਸ! ਮਿੱਝ, ਚਰਬੀ ਤੇ ਮੋਟਾ ਮਾਸ ਸਾਰੇ ਕਬੀਲੇ ਦਾ ਹੁੰਦਾ ਸੀ। ਉਦੋਂ ਕਈ-ਕਈ ਦਿਨ ਕੁੱਤੀ ਵਿਹੜੇ ਦੇ ਘਰ ਵਿਚਾਲੇ ਹਰ ਤਾਂਬੀਏ ਵਿਚ ਚਰਬੀ ਉਬਲਦੀ ਤੇ ਚੁੱਲ੍ਹੇ ਅੱਗ ਬਲਦੀ ਸੀ।
ਮਰੇ ਹੋਏ ਪਸ਼ੂ ਦੇ ਪੌੜ ਤੇ ਨਰਮ ਹੱਡ ਉਨ੍ਹਾਂ ਦੇ ਗੁਆਂਢ ਰਹਿੰਦੇ ਕਾਦਰ ਤੇ ਸਦਾਕਤ ਕਸਾਈ ਮੁਫਤ ਵਿਚ ਹੀ ਕੱਟ ਕੇ ਟੋਟੇ ਕਰ ਦਿੰਦੇ ਸਨ। ਫੇਰ ਉਹ ਟੋਟੇ ਮਾੜੇ ਦਿਨਾਂ ਲਈ ਲੂਣ ਲਾ ਕੇ ਸੁਕਾ ਲਏ ਜਾਂਦੇ ਸਨ। ਕਾਦਰ ਤੇ ਸਦਾਕਤ ਤੇ ਉਨ੍ਹਾਂ ਦਾ ਕਬੀਲਾ ਬੜੇ ਅੱਲ੍ਹਾ-ਲੋਕ ਤੇ ਤਰਸਵਾਨ ਸਨ। ਉਨ੍ਹਾਂ ਦੀ ਰੋਟੀ ਚੰਗੀ ਚੱਲਦੀ ਸੀ, ਕਿਉਂਕਿ ਉਹ ਹਰ ਰੋਜ਼ ਹੀ ਹੁਣ ਮੁਗਲਾਂ ਦੀ ਛਾਉਣੀ ਗਊਆਂ ਜਿਬ੍ਹਾ ਕਰਨ ਟੁਰੇ ਰਹਿੰਦੇ ਸਨ। ਉਨ੍ਹਾਂ ਨੂੰ ਨਕਦ ਉਜਰਤ ਵੱਖ ਮਿਲਦੀ ਸੀ ਤੇ ਵਾਪਸੀ ਤੇ ਨਾਨ ਤੇ ਮਾਸ ਵੱਖ ਮਿਲਦਾ ਸੀ। ਕਾਦਰ ਤੇ ਸਦਾਕਤ ਦੇ ਵਡੇਰਿਆਂ ਨੂੰ ਵੀ ਗੁਰੂ ਰਾਮਦਾਸ ਜੀ ਵਲੋਂ ਥਾਂ ਮਿਲਦੀ ਸੀ।
ਉਂਜ ਉਹ ਹੈ ਵੀ ਤੇ ਉਨ੍ਹਾਂ ਵਿਚੋਂ ਸਨ। ਅਜੇ ਵੀ ਮੁੰਡੇ ਕੁੜੀਆਂ ਇਕ ਦੂਜੇ ਵਲ ਵਿਆਹ ਲੈਂਦੇ ਸਨ। ਕਾਦਰ ਹੁਰੀਂ ਨਾਂ ਦੇ ਹੀ ਮੁਸੱਲੀ ਸਨ, ਨਮਾਜ਼ ਨਹੀਂ ਸਨ ਪੜ੍ਹਦੇ ਤੇ ਨਾ ਹੀ ਕਦੀ ਜੁੰਮੇ ਰਾਤ ਨੂੰ ਚਿਰਾਗ ਕਰਦੇ ਜਾਂ ਮਸੀਤੇ ਜਾਂਦੇ ਸਨ।
ਉਧਰ ਕੁੱਤੀ ਵਿਹੜੇ ਦੇ ਬੱਚੇ ਤੀਵੀਆਂ, ਜਿਹੜੇ ਵਧੇਰੇ ਕਰਕੇ ਅੱਧ ਭੁੱਖੇ ਹੀ ਰਹਿੰਦੇ ਸਨ, ਅਕਸਰ ਕਿਸੇ ਦੀ ਮਰਗ ਜਾਂ ਕਿਸੇ ਪਸ਼ੂ ਦੇ ਮਰਨ ਦੀ ਖਬਰ ਉਡੀਕਦੇ ਰਹਿੰਦੇ ਸਨ।

 
Old 11-12-2008
pps309
 
Re: Copy-Paste: Kutti Vehrda

There are 4 more parts of this story. I will continue later.

 
Old 11-12-2008
Preeto
 
Re: Copy-Paste: Kutti Vehrda

thank you ji

 
Old 12-12-2008
smilly
 
Re: Copy-Paste: Kutti Vehrda

thanx 22 ji..

 
Old 12-12-2008
pps309
 
Re: Copy-Paste: Kutti Vehrda

ਕੁੱਤੀ ਵਿਹੜਾ (ਭਾਗ 3)

ਸ਼ਹਿਰ ਦੀਆਂ ਰੌਣਕਾਂ ਹੌਲੀ-ਹੌਲੀ ਪਰਤ ਰਹੀਆਂ ਸਨ। 1991-92 ਦੀਆਂ ਇਲੈਕਸ਼ਨਾਂ ਵਿਚ ਕਾਂਗਰਸ ਨੇ ਤਿੰਨ-ਚਾਰ ਪਰਸੈਂਟ ਵੋਟਾਂ ਪਵਾ ਕੇ ਹੀ ਹੂੰਝਾ ਫੇਰੂ ਜਿੱਤ ਪ੍ਰਾਪਤ ਕਰ ਲਈ ਸੀ। ਕੋਈ ਐਮ.ਐਲ.ਏ. ਚਾਰ ਸੌ ਵੋਟ ਲੈ ਗਿਆ, ਕੋਈ ਦੋ ਸੌ! ਤੇ ਕੋਈ ਇਕ ਸੌ ਪੰਝੀ ਕੁ ਵੋਟਾਂ ਨਾਲ ਹੀ ਐਮ. ਐਲ.ਏ. ਬਣ ਗਿਆ ਸੀ। ਬਲਵੰਤ ਸਿੰਘ ਇਸ ਹੂੰਝਾ-ਫੇਰੂ ਜਿੱਤ ਨਾਲ ਮੁੱਖ ਮੰਤਰੀ ਬਣ ਚੁੱਕਾ ਸੀ। ਕਾਂਗਰਸ ਨੇ ਇਸ ਜਿੱਤ ਤੋਂ ਮਗਰੋਂ ਬਾਕੀ ਸਾਰੇ ਹਿੰਦੋਸਤਾਨ ਵਿਚੋਂ ਇਸ ਜਿੱਤ ਦਾ ਲਾਹਾ ਲੈਣਾ ਸੀ, ਇਸ ਲਈ ਏਜੰਸੀਆਂ ਨੂੰ ਹੁਕਮ ਸੀ ਕਿ ਸਾਰੇ ਸਰਕਾਰੀ ਖਾੜਕੂ, ਕੈਟ, ਮੁਖਬਰ ਤੇ ਲੁਟੇਰੇ ਵਾਪਸ ਸੱਦ ਲਵੋ! ਪੰਜਾਬ ਵਿਚ ਅੱਤਵਾਦ ਦੇ ਸਫਾਏ ਦਾ ਪ੍ਰਭਾਵ ਦਿਉ ਤੇ ਰੌਣਕਾਂ ਵਾਲਾ ਮਾਹੌਲ ਲੈ ਕੇ ਆਉ!
ਪੰਜਾਬ ਦਾ ਮਸ਼ਹੂਰ ਕੈਟ, ਕਾਂਗਰਸੀਆਂ ਦਾ ਯੂਥ ਆਗੂ ਇਕਵਿੰਦਰ ਸਿੰਘ ਇਸੇ ਵਿਹੜੇ ਦੀਆਂ ਸੌ-ਡੇਢ ਸੋ ਵੋਟਾਂ ਨਾਲ ਜਿੱਤਿਆ ਸੀ। ਕਦੀ ਕੋਈ ਵੇਲਾ ਸੀ, ਜਦੋਂ ਉਹ ਸ਼ਹਿਰ ਦਾ ਮਸ਼ਹੂਰ ਸੱਟੇਬਾਜ਼ ਤੇ ਸਾਈਕਲ-ਚੋਰ ਹੋਇਆ ਕਰਦਾ ਸੀ। ਫੇਰ ਉਹ ਪੰਜ-ਦਸ ਰੁਪਏ ਰੋਜ਼ ‘ਤੇ ਕਾਂਗਰਸ ਦੇ ਜਲਸਿਆਂ ‘ਤੇ ਝੰਡਾ ਚੁੱਕ ਕੇ ਵੀ ਜਾਣ ਲੱਗ ਪਿਆ। ਮਜਬੂਰਨ ਪੁਲੀਸ ਨੂੰ ‘ਸਾਈਕਲ ਚੋਰਾਂ’ ਦੇ ਰਜਿਸਟਰ ਵਿਚੋਂ ਉਹਦੀ ਫੋਟੋ ਕੱਢਣੀ ਪਈ। ਕਾਂਗਰਸ ਨੂੰ ਹਮੇਸ਼ਾ ਅਪਰਾਧੀ ਪਿਛੋਕੜ ਦੇ ਬੰਦੇ ਬੜੇ ਰਾਸ ਆਉਂਦੇ ਰਹੇ ਹਨ। ਇਕਵਿੰਦਰ ਨੂੰ ਕਾਂਗਰਸ ਬੜੀ ਰਾਸ ਆਈ। ਤਰੱਕੀ ਕਰਦਾ ਉਹ ਐਮ.ਐਲ.ਏ. ਬਣ ਗਿਆ। ਹਾਲਾਤ ਇਥੋਂ ਤੱਕ ਸਾਜ਼ਗਾਰ ਹੋਏ ਕਿ ਉਹ ਸੈਂਟਰ ਦੇ ਚੀਫ਼ ‘ਬਾਬਾ ਚੁੱਪ ਸ਼ਾਹ’ ਦਾ ਵੀ ਖਾਸ ਕਰਿੰਦਾ ਬਣ ਗਿਆ ਸੀ। ਬਾਬਾ ਚੁੱਪ ਸ਼ਾਹ ਕਾਂਗਰਸ ਦੀ ਦਿੱਲੀ ਦੀ ਸਰਵਉੱਚ ਹਸਤੀ ਸੀ। ਇਹ ਇਕਵਿੰਦਰ ਐਮ.ਐਲ.ਏ. ਬਣਨ ਤੋਂ ਬਾਅਦ ਕੁੱਤੀ ਵਿਹੜੇ ‘ਤੇ ਬੜਾ ਮਿਹਰਬਾਨ ਰਿਹਾ ਸੀ। ਉਹ ਹਰ ਕਾਂਗਰਸੀ ਸਮਾਗਮ ਵਿਚ ਕੁੱਤੀ ਵਿਹੜੇ ਦੇ ਬੰਦੇ ਬੁਲਾਂਦਾ। ਪ੍ਰਤੀ ਵਿਅਕਤੀ ਹਰ ਬੰਦੇ ਨੂੰ ਪੰਝੀ ਰੁਪਏ ਦਿਹਾੜੀ ਹਰ ਜਲਸੇ ਦੀ, ਤੇ ਸ਼ਾਮ ਨੂੰ ਚਾਰ ਬੰਦਿਆਂ ਮਗਰ ਇਕ ਬੋਤਲ! ਕੁੱਤੀ ਵਿਹੜੇ ਦੀਆਂ ਡਾਸਰਾਂ ਵੀ ਹਰ ਕਾਂਗਰਸ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਡਾਂਸ ਕਰਦੀਆਂ।
ਸਾਰਿਆਂ ਨੇ ਕਿਸੇ ਨਾ ਕਿਸੇ ਡਾਂਸ ਕਲੱਬ ਨਾਲ ਨਾਤਾ ਰੱਖਿਆ ਹੋਇਆ ਸੀ। ਕੁੱਤੀ ਵਿਹੜੇ ਦੇ ਜਿਹੜੇ ਮੁੰਡੇ ‘ਚੌਂਕ ਢੋਲੀਆਂ’ ਵਿਚ ਖੜੋ ਕੇ ਢੋਲ ਵਜਾਂਦੇ ਤੇ ਵਿਆਹ ਉਡੀਕਦੇ ਰਹਿੰਦੇ ਸਨ, ਉਹ ਇਸ ਇਕਵਿੰਦਰ ਦੀ ਕਿਰਪਾ ਨਾਲ ਰੋਜ਼ ਢੋਲ ਵਜਾਣ ਦੀਆਂ ਦਿਹਾੜੀਆਂ ‘ਤੇ ਜਾ ਰਹੇ ਸਨ। ਇਨ੍ਹਾਂ ਤੇ ਰਲਕੇ ਨੇਪਾਲਣ ਡਾਂਸਰਾਂ ਨੂੰ ਮਾਤ ਪਾ ਦਿੱਤਾ ਸੀ। ਕਾਂਗਰਸ ਹਾਈਕਮਾਂਡ ਦਾ ਹੁਕਮ ਸੀ ਕਿ ਪੰਜਾਬ ਦੇ ਹਰ ਸ਼ਹਿਰ ਵਿਚ ਵਧ ਤੋਂ ਵਧ ਮੇਲੇ ਕਰਾਕੇ ਜਸ਼ਨ ਵਰਗਾ ਮਾਹੌਲ ਬਣਾਉ, ਤਾਂ ਜੋ ਪੰਜਾਬ ਦੀ ਸ਼ਾਂਤੀ ‘ਕਾਂਗਰਸ’ ਨੇ ਬਹਾਲ ਕੀਤੀ, ਦਾ ਵਾਤਾਵਰਨ ਬਣਿਆ ਜਾਪੇ।
ਉਧਰ ਪੰਜਾਬੀ ਮਰ ਰਹੇ ਸਨ, ਪੁਲੀਸ ਨੋਟ ਕੱਠੇ ਕਰ ਰਹੀ ਸੀ। ਕਾਂਗਰਸੀਏ, ਕਾਕੇ ਭੰਗੜੇ ਪਾ ਕੇ ‘ਪੰਜਾਬ ਵਿਚ ‘ਸ਼ਾਂਤੀ’ ਪਰਤ ਆਈ’ ਦਾ ਨਾਅਰਾ ਦੇ ਰਹੇ ਸਨ।
***
ਅੱਜ ਸਵੇਰੇ ਜਦੋਂ ਵਿਹੜੇ ਦੇ ਬੱਚੇ ਜਾਗੇ ਤਾਂ ਘਬਰਾਹਟ ਅਤੇ ਡਰ ਨਾਲ ਉਨ੍ਹਾਂ ਮੁੜ ਬਿਸਤਰਿਆਂ ਵਿਚ ਲੁਕਣਾ ਚਾਹਿਆ, ਪਰ ਆਖਰ ਨੂੰ ਸਭ ਨੂੰ ਉੱਠ ਕੇ ਬਾਹਰ ਆਉਣਾ ਪਿਆ। ਅੱਗੇ ਮਾਵਾਂ ਨੇ ਉੱਠਦਿਆਂ ਹੀ ਉਨ੍ਹਾਂ ਅੱਗੇ ਰਾਤ ਦੀ ਜੂਠ ਦੇ ਟੋਟੇ ਰੱਖੇ ਹੁੰਦੇ ਸਨ, ਪਰ ਉਹ ਤੇ ਸਾਰੀਆਂ ਅੱਜ ਬਾਹਰ ਵਿਹੜੇ ਵਿਚ ਰੋਂਦੀਆਂ ਪਈਆਂ ਸਨ।
‘‘ਹਾਏ ਖੁਦਾਵੰਦਾ! ਸਾਨੂੰ ਯਤੀਮਾਂ ਨੂੰ ਕੀਹਦੇ ਹਵਾਲੇ ਕਰ ਗਿਐਂ?’’ ਫੀਕੇ ਕਸਾਈ ਦੀ ਬੁੱਢੀ ਮਾਂ ਨੇ ਲੇਰ ਮਾਰੀ। ਮਗਰ ਹੀ ਸਾਰੇ ਵਿਹੜੇ ਨੇ ਮੁੜ ਰੋਣਾ ਸ਼ੁਰੂ ਕਰ ਦਿੱਤਾ।
ਬੱਚਿਆਂ ਦੇ ਉੱਠਣ ਦੀ ਦੇਰ ਸੀ ਕਿ ਸਭਨਾਂ ਹੌਲੀ ਹੌਲੀ ਹਰਿਮੰਦਰ ਵਲ ਟੁਰਨਾ ਸ਼ੁਰੂ ਕਰ ਦਿੱਤਾ। ਕੁਝ ਦੇਰ ਬਾਅਦ ਹੀ ਬੱਚਿਆਂ ਨੂੰ ਸਮਝ ਆਈ ਕਿ ਕੋਈ ‘ਸੱਚੇ ਪਾਤਸ਼ਾਹ’ ਅੱਜ ਟੁਰ ਗਿਐ, ਤਾਂ ਹੀ ਮਾਂ-ਪਿਓ ਰੋ ਰਹੇ ਨੇ!
‘ਨੀ ਮਾਂ! ਇਹ ਸੱਚੇ ਪਾਤਸ਼ਾਹ ਕਿਥੇ ਟੁਰ ਗਿਐ? ਇਕ ਬੱਚੇ ਨੇ ਹੌਂਸਲਾ ਕੀਤਾ। ਪਰ ਮਾਵਾਂ ਨੂੰ ਜੁਆਬ ਦੇਣ ਦੀ ਵਿਹਲ ਕਿੱਥੇ ਸੀ? ਉਨ੍ਹਾਂ ਦਾ ਤੇ ਪਿਉ ਅੱਜ ਅਗਲੇ ਜਹਾਨ ਟੁਰ ਗਿਆ ਸੀ। ਉਧਰ ਜਦੋਂ ਬੱਚਿਆਂ ਨੂੰ ਪਤਾ ਲੱਗਾ ਕਿ ‘ਲੰਗਰਾਂ ਵਾਲਾ ਸੱਚੇ ਪਾਤਸ਼ਾਹ’ ਅੱਜ ਟੁਰ ਗਿਐ, ਤਾਂ ਉਨ੍ਹਾਂ ਵੀ ਰੋਣਾ ਸ਼ੁਰੂ ਕਰ ਦਿੱਤਾ।
ਕੁੱਤੀ ਵਿਹੜੇ ਵਾਲਿਆਂ ਦੀ ਭੀੜ ਕਿੰਨੀ ਦੇਰ ਹਰਿਮੰਦਰ ਦੇ ਦਰਾਂ ਤੋਂ ਕਈ ਕਰਮਾਂ ਦੂਰ ਖੜੀ ਰਹੀ। ਅੱਜ ਉਥੇ ਨਾ ਕਾਰ-ਸੇਵਕ ਸਨ, ਨਾ ਮਿਸਤਰੀ। ਨਾ ਹੀ ਬਾਬਾ ਬੁੱਢਾ ਜੀ ਸਨ, ਤੇ ਨਾ ਹੀ ਬਾਕੀ ਭਗਤ ਕਿਤੇ ਦਿਖ ਰਹੇ ਸਨ। ਸਿਰਫ ਕੁਛ ਸਥਾਈ ਸੰਗਤ ਤੇ ਕੁਛ ਬਿਰਧ ਮਾਈ-ਭਾਈ ਬਾਣੀ ਪੜ੍ਹ ਰਹੇ ਸਨ। ਸ਼ਬਦ ਸਾਰੇ ਵੈਰਾਗਮਈ ਸਨ, ਜਿਹੜੇ ਚੂਹੜਿਆਂ ਦੇ ਕੰਨੀ ਪੈ ਰਹੇ ਸਨ, ਪਰ ਉਨ੍ਹਾਂ ਦੀ ਸਮਝ ਤੋਂ ਬਾਹਰ ਸਨ। ਪਰ ਸੋਗੀ ਧੁਨਾਂ ਉਹਨਾਂ ਨੂੰ ਹੋਰ ਰੁਆ ਰਹੀਆਂ ਸਨ। ਬਹੁਤੀ ਸੰਗਤ ਤੇ ਸੱਚੇ ਪਾਤਸ਼ਾਹ ਦੇ ਅੰਗੀਠਾ ਸਾਂਭਣ ਦੀ ਰਸਮ ਵਿਚ ਸ਼ਾਮਲ ਹੋਣ ਟੁਰ ਗਈ ਸੀ।
ਰੁਦਨ ਕਰਕੇ ਸਾਰੇ ਵਾਪਸ ਵਿਹੜੇ ਪਰਤ ਗਏ। ਉਸ ਦਿਨ ਕਿਸੇ ਇਕ ਵੀ ਜੀਅ ਨੇ ਅੰਨ-ਪਾਣੀ ਨਹੀਂ ਖਾਧਾ। ਸਿਵਾਇ ਬੱਚਿਆਂ ਦੇ, ਜਿਹੜੇ ਭੁੱਖੋਂ ਬੇਹਾਲ ਸਨ!
‘ਨਵੇਂ ਆਏ ‘ਸੱਚੇ ਪਾਤਸ਼ਾਹ’ ਪਹਿਲੇ ਪਾਤਸ਼ਾਹ ਦਾ ਹੀ ਰੂਪ ਹਨ। ਇਸ ਵਾਸਤੇ ਅਸੀਂ ਵੀ ਉੱਦਾਂ ਹੀ ਨਵੇਂ ਪਾਤਸ਼ਾਹ ਦੇ ਦਰਸ਼ਨਾਂ ਨੂੰ ਜਾਵਾਂਗੇ!’ ਚੜਿਕ ਮੱਲੇ ਨੇ, ਜਿਹੜਾ ਸਭ ਤੋਂ ਬਿਰਧ ਸੀ, ਵਿਹੜੇ ਨੂੰ ਦੱਸਿਆ ਤੇ ਪੱਕ ਲਈ ਹੱਥ ਫੜੀ ਛਿੱਟੀ ਹਿਲਾਈ।
ਹਿੰਮਤ ਕਰਕੇ ਸਾਰੇ ਉਸ ਨਵੇਂ ‘ਸੱਚੇ ਪਾਤਸ਼ਾਹ’ ਦੇ ਦਰਸ਼ਨਾਂ ਲਈ ਟੁਰ ਪਏ। ਜਿਹੜਾ ਉਹਨਾਂ ਦੇ ਸੱਚੇ ਪਾਤਸ਼ਾਹ ਦੀ ਗੱਦੀ ‘ਤੇ ਬੈਠਾ ਸੀ। ਭੀੜ ਬਹੁਤੀ ਸੀ, ਪਰ ਉਹਨਾਂ ਨੂੰ ਕਿਸੇ ਨੇ ਡੱਕਿਆ ਨਾ, ਕਿਉਂਕਿ ਮਸੰਦ ਆਪੋ-ਆਪਣੀ ਸੰਗਤ ਤੇ ਭੇਟਾ ਲੈ ਕੇ ਆ ਜਾ ਰਹੇ ਸਨ। ਮਸੰਦਾਂ ਸਦਕਾ ਹਰ ਪੂਰ ਤੇ ਹਰ ਭੇਖ ਵਾਲੀ ਸੰਗਤ ਆ ਜਾ ਰਹੀ ਸੀ।
ਮਹਾਰਾਜ ਅੱਗੇ ਉੱਦਾਂ ਹੀ ਉਸੇ ਲੱਕੜ ਦੇ ਬਣੇ ਤਖ਼ਤਪੋਸ਼ਾਂ ਤੇ ਬਿਰਾਜਮਾਨ ਸਨ, ਜਿਥੇ ਕਦੀ ‘ਗੁਰੂ ਰਾਮਦਾਸ’ ਜੀ ਬਿਰਾਜਦੇ ਸਨ। ਸੁਭਾ ਅਨੁਸਾਰ ਅੱਗੇ ਜਾ ਕੇ ਸਭ ਤੋਂ ਪਹਿਲਾਂ ਚੜਿਕ, ਜੂਪੇ ਤੇ ਦਾਸ ਮੱਲ ਨੇ ਠੀਕਰੀਆਂ ਦੀਆਂ ਬਣਾਈਆਂ ਟਿੱਪਰੀਆਂ ਵਜਾਈਆਂ। ਇਸ਼ਾਰਾ ਮਿਲਦਿਆਂ ਹੀ ਮਾਈਆਂ ਤੇ ਬੱਚਿਆਂ ਨੇ ਢਿੱਡ ਖੜਕਾ ਕੇ ਅਵਾਜ਼ਾਂ ਕੱਢੀਆਂ। ਸਦੀਆਂ ਦੇ ਅਭਿਆਸੀ ਚੂਹੜਿਆਂ ਨੂੰ ਹੁਕਮ ਸੀ ਕਿ ਵੱਡਿਆਂ ਕੋਲ ਹਾਜ਼ਰ ਹੋਣ ਲਈ ਆਪਣੀ ਹੋਂਦ ਦੀ ਸੂਚਨਾ ਦੇਣ ਲਈ ਖੜਾਕਾ ਜ਼ਰੂਰ ਕਰਨਾ ਹੈ। ਭਾਵੇਂ ਸੱਚੇ ਪਾਤਸ਼ਾਹ ਤੇ ਬਾਬਾ ਬੁੱਢਾ ਜੀ ਨੇ ਇਸ ਕੰਮ ਤੋਂ ਉਹਨਾਂ ਨੂੰ ਠਾਕ ਦਿੱਤਾ ਸੀ, ਪਰ ਉਹ ਆਦਤ ਤੋਂ ਮਜ਼ਬੂਰ ਸਨ।
‘ਉਏ! ਆ ਜਾਉ ਉਏ! ਇਹਦੀ ਲੋੜ ਨਹੀਂ।’’ ਬਾਬਾ ਬੁੱਢਾ ਜੀ ਹਮੇਸ਼ਾ ਵਾਂਗ ਉਥੇ ਬਿਰਾਜਮਾਨ ਸਨ, ਜਿਥੇ ਉਹ ਸਦਾ ਬਹਿੰਦੇ ਆਏ ਸਨ।
‘ਮਹਾਰਾਜ ਜੀ! ਇਹ ਵੀ ਤੁਹਾਡੀ ਸੰਗਤ ਹੈ।’ ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਜੀ ਨੂੰ ਮੁਖਾਤਬ ਹੋਏ।
ਗੁਰੂ ਅਰਜਨ ਪਾਤਸ਼ਾਹ, ਜਿਹੜੇ ਬਾਲ ਅਵਸਥਾ ਤੋਂ ਹੀ ਚੂਹੜਿਆਂ ਦਾ ਆਪਣੇ ਪਿਤਾ ਨਾਲ ਅਗਾਧ ਪ੍ਰੇਮ ਦੇਖਦੇ ਆ ਰਹੇ ਸਨ, ਆਸਣ ਤੋਂ ਉੱਠ ਖੜੋਤੇ ਤੇ ਅੱਗੇ ਵੱਧ ਕੇ ਦਾਸ ਮੱਲ ਤੇ ਚੜਿਕ ਮੱਲ ਨੂੰ ਜੱਫੀ ਵਿਚ ਲੈ ਲਿਆ।
‘ਸਾਡਾ ਬਾਪੂ ਆ ਗਿਆ। ਬਾਪੂ ਪਰਤ ਆਇਆ ਜੇ ਉਏ ਲੋਕੋ! ਸਾਡਾ ਬਾਪੂ ਆ ਗਿਆ।’ ਅਚਾਨਕ ਹੀ ਚੜਿਕ ਮੱਲ ਨੂੰ ਵਜਦ ਤਾਰੀ ਹੋ ਗਿਆ। ਹਾਲ ਪਏ ਵਿਚ ਹੀ ਉਸ ਦੁਹਾਈ ਚੁੱਕ ਦਿੱਤੀ। ਚੂਹੜਿਆਂ ਦੇ ਸਾਰੇ ਟੱਬਰ ਹੁਕਮ ਪਾਕੇ ਮਹਾਰਾਜ ਦੇ ਚਰਨੀ ਢਹਿ ਪਏ। ਉਹਨਾਂ ਦੀ ਰੀਸੇ ਨਿਆਣੇ ਵੀ ਚਰਨੀਂ ਪੈ ਗਏ।
****
‘‘ਅੱਜਕਲ੍ਹ ਧੰਦਾ ਕੀ ਕਰਦੇ ਓ?’’ ਅਕਸਰ ਸੇਵਾ ਕਰਨ ਆਉਣ ਲੱਗ ਪਏ ਦਾਸ ਮੱਲ, ਚੜਿਕ, ਅਣੀਏ ਤੇ ਜੂਪੇ ਹੁਰਾਂ ਨੂੰ ਬਾਬਾ ਬੁੱਢਾ ਜੀ ਨੇ ਸਾਂਝਾ ਪੁੱਛਿਆ।
‘‘-ਜੀ ਅਸੀਂ ਤੇ ਗੁਰੂ ਬਜ਼ਾਰ ਦੇ ਸੁਨਿਆਰਿਆਂ ਤੇ ਲੂਣ ਮੰਡੀ, ਆਟਾ ਮੰਡੀ ਤੇ ਸਵਾਂਕ ਮੰਡੀ ਤੱਕ ਦੇ ਮਾਰਵਾੜੀਆਂ ਦੇ ਕੋਠੇ ਲਾਹੁਣ ਲਗ ਪਏ ਆਂ।’’ ਥੋੜ੍ਹਾ ਸ਼ਰਮਾ ਕੇ ਜੂਪੇ ਨੇ ਦੱਸਿਆ।
‘‘ਉਏ ਆਹ-ਹਾਅ ਕੋਠੇ ਲਾਹੁਣਾ ਕਿਹੜਾ ਕੰਮ ਇਆ?’’ ਜੱਟ ਬਾਵੇ, ਸਿੱਧ ਪੱਧਰੇ ਬੁੱਢਾ ਜੀ ਪੁੱਛਣ ਲਗ ਪਏ।
‘‘ਓ ਜੀ। ਮਾਰਵਾੜੀਆਂ ਤੇ ਸੁਨਿਆਰਿਆਂ ਦੀਆਂ ਵੱਡੇ-ਵੱਡੇ ਘੱਗਰਿਆਂ ਵਾਲੀਆਂ ਬੁੱਢੀਆਂ ਬਾਹਰ ਜੰਗਲ ਬਹਿਣ ਤੋਂ ਬੜਾ ਘਾਬਰਦੀਆਂ ਸਨ। ਉਹਨਾਂ ਨੂੰ ਸੁਖ ਦੇਣ ਲਈ ਬਹੁਤਿਆਂ ਨੇ ਘਰਾਂ ਦੇ ਕੋਠੇ ਤੇ ਥਾਵਾਂ ਬਣਾ ਲਈਆਂ ਨੇ। ਅਸੀਂ ਹਨ੍ਹੇਰੇ ਜਾ ਕੇ ਸਲੇਟ ਪੱਥਰ ਨਾਲ ਗੰਦਾ ਚੁੱਕ ਕੇ ਟੋਕਰਿਆਂ ‘ਚ ਪਾ ਕੇ ਦੂਰ ਰੂੜੀਆਂ ਤੇ ਸੁੱਟ ਆਈਦਾ ਐ।’’ ਦਾਸ ਮੱਲ ਨੇ ਕਿਹਾ। ਪਰ ਨਾਲ ਹੀ ਉਹ ਡਰ ਜਿਹਾ ਗਿਆ, ਕਿਉਂਕਿ ਇਹ ਸੁਣਦਿਆਂ ਹੀ ਬਾਬੇ ਬੁੱਢਾ ਜੀ ਦਾ ਹੱਸਦਾ ਮੂੰਹ ਇਕਦਮ ਗਮਜ਼ਦਾ ਹੋ ਗਿਆ।
***
‘‘ਓ ਹੋ। ਚੰਗਾ ਭਗਤੋ। ਚੱਲੋ ਤੁਸੀਂ ਹੁਣ।’’ ਬੜੀ ਦੇਰ ਦੀ ਚੁੱਪੀ ਮਗਰੋਂ ਉਹਨਾਂ ਨੂੰ ਬਾਬਾ ਬੁੱਢਾ ਜੀ ਨੇ ਜਾਣ ਦਾ ਇਸ਼ਾਰਾ ਕੀਤਾ।
ਉਹ ਸਾਰੇ ਇਸ਼ਾਰਾ ਪਾ ਕੇ ਟੁਰ ਪਏ, ਪਰ ਉਹਨਾਂ ਨੂੰ ਇਹ ਸੁਣ ਕੇ ਬੜੀ ਹੈਰਾਨੀ ਤੇ ਨਮੋਸ਼ੀ ਹੋਈ, ਜਦੋਂ ਬਾਬੇ ਬੁੱਢੇ ਨੇ ਉਹਨਾਂ ਦੀ ਥਾਂ ਅਕਾਸ਼ਾਂ ਵਲ ਤੱਕ ਕੇ ਕਿਹਾ ਸੀ -
‘ਹੇ ਸੱਚੇ ਪਾਤਸ਼ਾਹ। ਤੂੰ ਇਹ ਨਹੀਂ ਸੀ ਚਾਹਿਆ। ਹੁਣ ਤੇਰੀਆਂ ਤੂੰ ਜਾਣੇ। ਗੁਰੂ ਰਾਮਦਾਸ, ਸੱਚੇ ਪਾਤਸ਼ਾਹ, ਨਗਰੀ ਵੱਸਦੀ ਤੇਰੀ ਰਜ਼ਾ ਨਾਲ।’
ਉਹਨਾਂ ਜਾਂਦਿਆਂ ਦੀਆਂ ਪਿੱਠਾਂ ਤੱਕ ਕੇ ਬਾਬਾ ਜੀ ਨੇ ਫੇਰ ਮੂੰਹੋਂ ਉਦਾਸ ਬਚਨ ਕੱਢੇ-
‘‘ਓ ਮੇਰਿਓ ਪੁੱਤਰੋ। ਧਰਤੀਆਂ ਦੇ ਮਾਲਕੋ, ਮੈਂ ਤੁਹਾਡੇ ਲਈ ਇਹ ਸੋਚਿਆ ਸੀ-?’’
***
ਜੂਪੇ ਤੇ ਦਾਸ ਹੁਰਾਂ ਨੂੰ ਹੁਣ ਵਧੇਰੇ ਕਰਕੇ ਬਾਬਾ ਬੁੱਢਾ ਜੀ ਦੇ ਹੀ ਦਰਸ਼ਨ ਹੁੰਦੇ ਸਨ। ਹਰਮੰਦਰ ਦੀ ਉਸਾਰੀ ਵੀ ਵਧੇਰੇ ਕਰਕੇ ਬਾਬਾ ਬੁੱਢਾ ਜੀ ਵੇਖ ਰਹੇ ਸਨ। ਸੰਗਤ ਨੂੰ ਪਤਾ ਲੱਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਹੁਣ ‘ਤਰਨਤਾਰਨ’ ਨਾਂ ਦਾ ਨਵਾਂ ਨਗਰ ਹਰਿਮੰਦਰ ਦੀ ਤਰਜ ਤੇ ਵਸਾ ਰਹੇ ਹਨ। ਉਥੇ ਵਧੇਰੇ ਕਰਕੇ ਕੋਹੜੀਆਂ ਦੀ ਸੇਵਾ ਲਈ ਸੱਚੇ ਪਾਤਸ਼ਾਹ ਹਰ ਸਮੇਂ ਮੱਲ੍ਹਮ ਤੇ ਰੋਟੀ-ਰਸਦ ਲੈ ਕੇ ਹਾਜ਼ਰ ਰਹਿੰਦੇ ਹਨ। ਕੋਹੜ ਪੰਜਾਬ ਵਿਚ ਬਹੁਤ ਸੀ ਤੇ ਵਧੇਰੇ ਕੋਹੜੀ ਪਿੰਡਾਂ ਦੇ ਬਾਹਰ ਟੱਪਰੀਆਂ ਵਿਚ ਪਏ ਗਲ-ਸੜ ਕੇ ਮਰ ਰਹੇ ਸਨ। ਹੁਣ ਜਦੋਂ ਦਾ ਲੋਕਾਂ ਨੂੰ ਪਤਾ ਲੱਗਾ ਸੀ ਕਿ ਸਿੱਖਾਂ ਦਾ ‘ਪੰਜਵਾਂ ਗੁਰੂ’ ਕੋਹੜੀਆਂ ਦੀ ਸੇਵਾ ਕਰ ਰਿਹਾ ਹੈ, ਤਾਂ ਬਹੁਤੇ ਪਰਿਵਾਰ ਆਪੋ-ਆਪਣੇ ਕੋਹੜੀਆਂ ਨੂੰ ਤਰਨਤਾਰਨ ਛੱਡ ਕੇ ਜਾ ਰਹੇ ਸਨ। ਲੱਖੀ ਦਿਆਂ ਜੰਗਲਾਂ ਵਿਚੋਂ ਵਧੇਰੇ ਪੇਂਡੂ ਆਪੋ-ਆਪਣੇ ਕੋਹੜੀ ਲੈ ਆਉਂਦੇ ਸਨ।
ਤਰਨਤਾਰਨ ਤੋਂ ਖਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ ਵੀ ਇਕੋ ਸੇਧੇ ਪੈਂਦੇ ਸਨ।
****
ਸਮੇਂ ਦੇ ਬੀਤਣ ਨਾਲ ਸ਼ਹਿਰ ਫੈਲਦਾ ਗਿਆ। ਪੰਜਵੇਂ ਪਾਤਸ਼ਾਹ ਦੇ ਵੇਲੇ ਸ਼ਹਿਰ ਮੁਨਿਆਰਾਂ (ਵਣਜਾਰਿਆਂ) ਵਾਲੀ ਨੁੱਕਰ ਤੱਕ ਫੈਲਿਆ। ਖਟੀਕ ਮੁਸਲਮਾਨ ਗੁਰੂ ਸਾਹਿਬ ਦੀ ਆਗਿਆ ਲੈ ਕੇ ਚਾਟੀਵਿੰਡ ਗੇਟ ਦੇ ਅੰਦਰ ਆਉਂਦੀ ਇਕ ਪਾਣੀ ਵਾਲੀ ਢਾਬ ਤੇ ਛੱਪਰੇ ਪਾ ਕੇ ਵੱਸ ਗਏ ਸਨ। ਘਿਉ ਵਾਲਿਆਂ ਦੇ ਬਾਜ਼ਾਰ ਤੋਂ ਪਰ੍ਹਾਂ ਜੰਗਲ-ਬੇਲੇ ਪਏ ਸਨ। ਉਥੇ ਮਹਾਰਾਜ ਨੇ ਚਮਰੰਗਾਂ ਨੂੰ ਥਾਂ ਦੇ ਦਿੱਤੀ, ਤਾਂ ਜੋ ਸ਼ਹਿਰ ਨੂੰ ਚਮੜੇ ਦੀ ਕਮੀ ਨਾ ਰਹੇ ਤੇ ਬਦਬੋ ਵੀ ਸ਼ਹਿਰ ਤੋਂ ਪਰ੍ਹਾਂ ਰਹੇ। ਚਮਰੰਗ ਮੁਸਲਮਾਨ ਬੜੇ ਲੜਾਕੇ ਲੱਠਮਾਰ ਸਨ, ਪਰ ਇਥੇ ਆ ਕੇ ਗੁਰੂ ਦੇ ਸੇਵਕ ਬਣ ਕੇ ਬੜੇ ਮਸਕੀਨ ਬਣ ਕੇ ਦਿਨ ਕੱਟ ਰਹੇ ਸਨ।
ਇਧਰ ਕੁੱਤੀ ਵਿਹੜੇ ਦੇ ਦੋ ਭਰਾ ਧਿੱਕਾ ਤੇ ਪੱਲਾ, ਵਿਹੜੇ ਦੀ ਮਰਜ਼ੀ ਨਾਲ ਹੀ ਖਟੀਕਾਂ ਦੇ ਮੁਹੱਲੇ ਤੋਂ ਪਰ੍ਹਾਂ ਗਿਲਵਾਲੀ ਦੀਆਂ ਜੜ੍ਹਾਂ ਤੇ ਜਾ ਕੇ ਟੱਪਰੀਆਂ ਪਾ ਕੇ ਬਹਿ ਗਏ ਤੇ ਸੂਰ ਪਾਲਣ ਲਗ ਪਏ।
….ਬਸ ਜਿਸ ਦਿਨ ਵਿਹੜੇ ਵਾਲਿਆਂ ਸੂਰਾਂ ਨੂੰ ਪਾਲਣ ਦਾ ਧੰਦਾ ਕੀਤਾ, ਕਸਾਈ ਵਿਹੜੇ ਵਾਲਿਆਂ ਇਕਦਮ ਉਹਨਾਂ ਨਾਲ ਬੇਟੀ ਦੀ ਸਾਂਝ ਤੋੜ ਲਈ, ਪਰ ਰੋਟੀ ਦੇ ਵਟਾਂਦਰੇ ਨਾ ਛੱਡੇ। ਰੋਟੀ-ਬੇਟੀ ਵਿਚੋਂ ਰੋਟੀ ਦੀ ਸਾਂਝ ਵਧੇਰੇ ਪ੍ਰਬਲ ਰਹੀ ਸੀ।
*****
ਜਿਸ ਵਕਤ ਗੁਰੂ ਅਰਜਨ ਪਾਤਸ਼ਾਹ ਨੂੰ ਦਿੱਲੀ ਤਖ਼ਤ ਵਲੋਂ ਲਾਹੌਰ ਲਿਜਾ ਕੇ ਕੋਹ-ਕੋਹ ਕੇ ਸ਼ਹੀਦ ਕੀਤਾ ਗਿਆ, ਵਿਹੜੇ ਵਾਲਿਆਂ ਉਦੋਂ ਵੀ ਸਿਦਕ ਨਹੀਂ ਸੀ ਛੱਡਿਆ। ਬਹੁਤ ਸਾਰੇ ਅੰਬਰਸਰੀਏ ਸ਼ਹਿਰ ਛੱਡ ਕੇ ਟੁਰ ਗਏ। ਪਰ ਵਿਹੜੇ ਵਾਲਿਆਂ ਸ਼ਹਿਰ ਦੀ ਚਾਕਰੀ ਨਹੀਂ ਸੀ ਤਿਆਗੀ।
ਉਦੋਂ ਵੀ, ਜਦੋਂ ਉਸੇ ਪੰਜਵੇਂ ਪਾਤਸ਼ਾਹ ਦੇ ਇਕਮਾਤਰ ਪੁੱਤਰ ਹਰਗੋਬਿੰਦ ‘ਸੋਢੀ ਪਾਤਸ਼ਾਹ’ ਨੇ ਲਾਹੌਰ ਤਖ਼ਤ ਨਾਲ ਸਿੱਧਾ ਮੱਥਾ ਲਾ ਲਿਆ ਸੀ, ਵਿਹੜੇ ਵਾਲਿਆਂ ਉਥੇ ਹੀ ਵੱਸਣਾ ਮੁਨਾਸਬ ਸਮਝਿਆ ਸੀ, ਨਾਲੇ ਉਹਨਾਂ ਨੂੰ ਤੇ ਧੁਰੋਂ ਵਰੋਸਾਏ ਉਹਨਾਂ ਦੇ ਪਿਉ ‘ਗੁਰੂ ਰਾਮਦਾਸ’ ਦੀ ਵਾਕ-ਬਖਸਿ਼ਸ਼ ਸੀ ਕਿ ਉਹ ਇਥੇ ਹੀ ਵੱਸਣਗੇ।
ਜਦੋਂ ਛੇਵੇਂ ਗੁਰੂ ਮੁਗਲਾਂ ਹੱਥੋਂ ਫੜੀਕੇ ਪਰ੍ਹਾਂ ਮੱਧ-ਭਾਰਤ ਵਲ ਭੇਜੇ ਗਏ, ਉਦੋਂ ਏਸੇ ਗੁਰੂ ਵਲੋਂ ਬਣਾਏ ਉਸ ਸੱਚੇ ਤਖ਼ਤ ਵਲ ਕਿੰਨਾ ਚਿਰ ਹੀ ਮੁਗਲ ਫੌਜੀਆਂ ਨੇ ਆਉਣਾ ਮਨ੍ਹਾ ਕਰੀ ਰੱਖਿਆ। ਸਿਰਫ ਬਾਬਾ ਬੁੱਢਾ ਨੂੰ, ਜੋ ਉਦੋਂ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਗ੍ਰੰਥੀ ਸੀ, ਉਸੇ ਨੂੰ ਦੋ ਵੇਲੇ ਹਰਮੰਦਰ ਜਾ ਕੇ ਪ੍ਰਕਾਸ਼ ਕਰਨ ਦਾ ਹੁਕਮ ਸੀ। ਨਾਲ ਸੱਤ ਸਿੱਖ ਜਾਂਦੇ ਸਨ। ਰਾਗ ਗਾਉਣ ਦੀ ਪੱਕੀ ਮਨਾਹੀ ਸੀ। ਉਦੋਂ ਹੀ ਬਾਬਾ ਬੁੱਢਾ ਜੀ ਨੇ ਸ਼ਬਦ-ਚੌਂਕੀਆਂ ਚੜ੍ਹਾ ਕੇ ਗਵਾਲੀਅਰ ਪੈਦਲ ਜਾਣ ਦੀ ਰੀਤ ਪਾਈ ਸੀ।
….ਫੇਰ ਸਮਾਂ ਪਾ ਕੇ ‘ਸਮਾਂ’ ਹੀ ਬਦਲ ਗਿਆ। ਛੇਵਾਂ ਗੁਰੂ ਪਰਤ ਆਇਆ ਤੇ ਨਾਲ ਹੀ ਅੰਬਰਸਰ ਦੇ ਨਵੇਂ-ਪੁਰਾਣੇ ਰਾਹ ਕਿਸੇ ਹੋਰ ਖੜਾਕ ਨਾਲ ਜਾਗ ਪਏ। ਹੁਣ ਸ਼ਹਿਰ ਦੀਆਂ ਸਭੇ ਨੁੱਕਰਾਂ ਵਿਚੋਂ ਸਿੱਖਾਂ ਵਲੋਂ ਲਿਆਏ ਜਾ ਰਹੇ ਘੋੜਿਆਂ ਦੇ ਫੁਰਕੜੇ ਸੁਣਦੇ ਸਨ। ਵਿਹੜੇ ਦੇ ਕਿੰਨੇ ਹੀ ਚੂਹੜੇ ਸ਼ਹਿਰ ਵਿਚ ਆਰਜ਼ੀ ਤੌਰ ‘ਤੇ ਬਣੇ ਨਵੇਂ-ਨਵੇਂ ਅਸਤਬਲਾਂ ਵਿਚੋਂ ਲਿੱਦ ਚੁੱਕਦੇ ਤੇ ਬਖਸਿਸ਼ਾਂ ਲੈਂਦੇ ਸਨ। ਛੇਵੇਂ ਗੁਰੂ ਦਾ ਸ਼ਹਿਰ ਵਾਸੀਆਂ ਨੂੰ ਹੁਕਮ ਸੀ ਕਿ ਹੁਣ ਕੋਈ ਵੀ ਸ਼ਹਿਰੀ ਵਪਾਰੀ ਲਾਹੌਰ ਦਰਬਾਰ ਦੇ ਕਰਿੰਦਿਆਂ ਨੂੰ ਖਾਲਸਾ (ਟੈਕਸ) ਨਹੀਂ ਦਏਗਾ। ਖਾਲਸੇ ਦੀ ਉਗਰਾਹੀ ਹੁਣ ਗੁਰੂ ਦੇ ਮਸੰਦ ਕਰਨਗੇ।
*****
ਇਸ ਦੌਰਾਨ ਅਨੇਕਾਂ ਵਾਰ ਗੁਰੂ ਦੀਆਂ ਮੁਗਲਾਂ ਤੇ ਹੋਰ ਕਈ ਮੁਸਲਮਾਨ ਹਾਕਮਾਂ ਨਾਲ ਟੱਕਰਾਂ ਹੋਈਆਂ। ਇਸੇ ਦੌਰਾਨ ਬਿਰਧ ਹੋ ਚੁੱਕੇ ਬਾਬਾ ਬੁੱਢਾ ਜੀ ਸਾਰਾ ਕਾਰ-ਵਿਹਾਰ ਆਪਣੇ ਪੁੱਤਰ ਨੂੰ ਸੌਂਪ ਕੇ ਆਪਣੇ ਡੇਰੇ ਟੁਰ ਗਏ ਤੇ ਉਥੇ ਹੀ ਚੜ੍ਹਾਈ ਕਰ ਗਏ ਸਨ। ਵਿਹੜੇ ਦੇ ਭਗਤਾਂ ਨੂੰ ਤੇ ਉਨ੍ਹਾਂ ਦੇ ਚੜ੍ਹਾਈ ਕਰ ਜਾਣ ਦਾ ਕਈ ਦਿਨਾਂ ਮਗਰੋਂ ਪਤਾ ਲੱਗਾ ਸੀ।
ਉਹ ਦਿਨ ਬੜੀ ਅਫ਼ਰਾ-ਤਫ਼ਰੀ ਦੇ ਰਹੇ ਸਨ। ਸ਼ਹਿਰ ਦੇ ਸੁਨਿਆਰੇ ਤੇ ਮਾਰਵਾੜੀ ਗੁਰੂ-ਘਰ ਦੀ ਚਾਕਰੀ ਛੱਡ ਕੇ ਲਾਹੌਰ-ਦਰਬਾਰ ਦੇ ਅਧੀਨ ਹੋ ਚੁੱਕੇ ਸਨ। ਸ਼ਹਿਰ ਵਿਚ ਭਾਵੇਂ ਵਪਾਰ ਉਵੇਂ ਹੀ ਚਲਦਾ ਰਿਹਾ ਸੀ, ਤੇ ਛੇਵੇਂ ਗੁਰੂ ਤੋਂ ਮਗਰੋਂ ਸੱਤਵੇਂ ਤੇ ਫੇਰ ਅੱਠਵੇਂ ਗੁਰੂ ਵੀ ਸੁਭਾਮਾਇਨ ਹੋ ਗਏ ਸਨ। ਪਰ ਹੁਣ ਹਰਮੰਦਰ ਨਾ ਤਾਂ ਵਧੇਰੇ ਕਰਕੇ ਸੱਤਵੇਂ ਗੁਰੂ ਵੇਲੇ ਦੇ ਟਹਿਲੂਆਂ ਦੇ ਵਲ ਰਿਹਾ ਸੀ, ਤੇ ਨਾ ਹੀ ਬਾਲਕ-ਰੂਪ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਵਲ ਰਿਹਾ ਸੀ। ਮਸੰਦਾਂ ਤੇ ਪੁਜਾਰੀਆਂ ਨੇ ਹਰਮੰਦਰ ਤੇ ਚੁੱਪ ਕੀਤੇ ਕਬਜ਼ਾ ਕਰ ਲਿਆ ਸੀ। ਅਕਾਲ ਤਖ਼ਤ ਵਲੋਂ ਆਉਂਦੇ ਸਾਰੇ ਰਾਹਾਂ ਦੇ ਕਿਵਾੜ ਬੰਦ ਰਹਿੰਦੇ ਸਨ। ਕਾਲੀ ਤੇ ਛਨੀ ਦੇ ਮੰਦਰ ਵਲੋਂ, ਜਿਥੇ ਹਿੰਦੂ ਪੁਜਾਰੀਆਂ ਮੂਰਤੀ ਲਵਾ ਕੇ ਮੀਨਾਕਾਰੀ ਕਰਵਾਈ ਸੀ, ਉਧਰੋਂ ਨਵਾਂ ਲਾਂਘਾ ਬਣਾ ਦਿੱਤਾ ਗਿਆ ਸੀ। ਪਹਿਰਕਰਮਾ ਵਿਚ ਥਾਂ-ਥਾਂ ਤੇ ਨਿੱਕੇ-ਨਿੱਕੇ ਖੁੱਡਾਂ ਵਿਚ ਬਣੇ ਮੰਦਰ ਸਨ ਤੇ ਥਾਂ-ਥਾਂ ਪਾਂਡੇ ਪਰਕਰਮਾ ਵਿਚ ਪੱਤਰੀ, ਤੇ ਪੁਰੋਹਤ ਟੇਵੇ ਲੈ ਕੇ ਬੈਠੇ ਰਹਿੰਦੇ ਸਨ। ਬਹੁਤੀ ਵਾਰ ਨਾਈ ਵੀ ਹਿੰਦੂ ਬੱਚਿਆਂ ਦੇ ਮੁੰਡਨ ਕਰਨ ਲਈ ਦਿਨੋ-ਦਿਨ ਭੀੜੀ ਹੁੰਦੀ ਜਾਂਦੀ ਪਰਿਕਰਮਾ ਵਿਚ ਆ ਬੈਠਦੇ ਸਨ। ਘੁੰਗਣੀਆਂ, ਭੱਲੇ ਤੇ ਮਿਰਚਾਂ ਦੇ ਪਾਪੜ ਵੇਚਣ ਵਾਲਿਆਂ ਦਾ ਕੋਈ ਅੰਤ ਨਹੀਂ ਸੀ ਰਿਹਾ। ਹਰਮੰਦਰ ਦੇ ਆਲੇ-ਦੁਆਲੇ ਕੁਝ ਬੜੇ ਹੀ ਅਜੀਬ ਨਾਵਾਂ ਦੀਆਂ ਗਲੀਆਂ ਉਸਰ ਰਹੀਆਂ ਸਨ, ਜਿਨ੍ਹਾਂ ਦੇ ਬਾਸਿ਼ੰਦਿਆਂ ਤੇ ਹਰਿਮੰਦਰ ਦੇ ਪੁਜਾਰੀਆਂ ਦਾ ਮਿਹਰ ਭਰਿਆ ਹੱਥ ਸੀ। ਮਸਲਨ ਧੂਪ ਵੇਚਣ ਵਾਲੇ ਵਪਾਰੀਆਂ ਨੂੰ ਧੂਪ ਬਣਾਨ ਲਈ ਮੁਫਤ ਜਗ੍ਹਾ ਦਿੱਤੀ ਗਈ ਸੀ, ਜਿਹੜੀ ਕਿ ਧੂਪੀਆਂ ਦੀ ਗਲੀ ਕਹਾਈ। ਕੀਰਤਨ ਦੀ ਸਮਾਪਤੀ ਮਗਰੋਂ ਵਧੇਰੇ ਕਰਕੇ ਅਰਦਾਸ ਕੁਛ ਸਿਆਣੇ ਮੁਹਤਬਰ ਬੰਦੇ ਪੜ੍ਹਨ ਲੱਗੇ ਸਨ। ਉਸ ਪਰਿਵਾਰ ਵਾਲੇ ਘਰਾਂ ਨੂੰ ਅਰਦਾਸੀਆਂ ਦੀ ਗਲੀ ਕਹਿਣ ਲੱਗੇ ਸਨ। ਇਵੇਂ ਹੀ ਸਵੇਰੇ ਅੰਮ੍ਰਿਤ ਵੇਲੇ ਦੀ ਸ਼ਬਦ-ਚੌਂਕੀ ਤੇ ਰਾਤ ਦੀਆਂ ਸ਼ਬਦ ਚੌਂਕੀਆਂ ਜਦੋਂ ਚੜ੍ਹਦੀਆਂ, ਉਦੋਂ ਪਰਿਕਰਮਾ ਕਰਦੇ ਸੰਗਤ ਦੇ ਅੱਗੇ-ਅੱਗੇ ਟੱਲ ਵਜੌਣ ਵਾਲੇ ਸਿੱਖਾਂ ਦੀ ਆਪਣੀ ਘੜਿਆਲੀਆਂ ਵਾਲੀ ਗਲੀ ਉਸਰ ਗਈ ਸੀ। ਉਂਜ ਤੇ ਇਹ ਇਕ ਸ਼ਹਿਰ ਲਈ ਸ਼ੁਭ ਸੀ, ਪਰ ਏਸ ਨਾਲ ਮਸੰਦ ਤੇ ਪੁਜਾਰੀ ਅੰਤਾਂ ਦੇ ਤਾਕਤਵਰ ਹੋ ਗਏ ਸਨ। ਇਥੋਂ ਤੱਕ ਕਿ ਨੌਂਵੇ ਗੁਰੂ ਨੂੰ ਆਪਣੇ ਪਿਉ-ਦਾਦੇ ਦੇ ਖਜ਼ਾਨੇ, ਭਾਵ ਹਰਿਮੰਦਰ ਸਾਹਿਬ ਤੇ ਭਾਈ ਗੁਰਦਾਸ ਜੀ ਵਾਲੀ ਬੀੜ ਦੇ ਦਰਸ਼ਨਾਂ ਤੋਂ ਰੋਕ ਦਿੱਤਾ ਗਿਆ ਸੀ। ਉਹ ਅਕਾਲ ਤਖ਼ਤ ਦੇ ਪਿੱਛੇ ਹੀ ਇਕ ਬਿਰਖ ਥੱਲੇ ਸਵੇਰ ਤੋਂ ਸ਼ਾਮ ਤੱਕ ਬੈਠੇ ਰਹੇ। ਉਹਨਾਂ ਦੇ ਟਹਿਲੂਆਂ ਨੂੰ ਪੁਜਾਰੀਆਂ ਤੋੜ ਕੇ ਜਵਾਬ ਦੇ ਦਿੱਤਾ ਤੇ ਹਰਮੰਦਰ ਦੇ ਬੂਹਿਆਂ ਨੂੰ ਅੰਦਰੋਂ ਜਿੰਦੇ ਲਾ ਲਏ।
ਗੁਰੂ, ਜਿਹੜਾ ਮਿਹਰਾਂ ਭਰਿਆ ਹੱਥ ਲੈ ਕੇ ਆਇਆ ਸੀ, ਚੁੱਪ-ਚਾਪ ਪਰਤ ਗਿਆ!
….ਇਸ ਦੌਰਾਨ ਪੁਜਾਰੀਆਂ ਨੇ ਵਿਹੜੇ ਦੇ ਸਾਰੇ ਚੂਹੜਿਆਂ ਨੂੰ ਹੁਕਮ ਚਾੜ੍ਹ ਦਿੱਤਾ ਸੀ ਕਿ ਨਾ ਤਾਂ ਉਹ ਹਰਿਮੰਦਰ ਦੇ ਸਾਹਮਣੇ ਵਾਲੀ ਬਾਹੀ ਵਲ ਦਿਖਣ, ਤੇ ਨਾ ਹੀ ਲੰਗਰ ਦੇ ਆਸ-ਪਾਸ ਦਿਖਣ। ਜੇ ਦਿਖ ਗਏ ਤਾਂ ਲੱਕੜਾਂ ਵਿਚ ਬਹਾਕੇ ਜਿਊਂਦੇ ਸਾੜਾਂਗੇ। ਤੇ ਜਦੋਂ ਸ਼ਹਿਰੀਆਂ ਦੇ ਕੋਠੇ ਵੀ ਲਾਹੁਣ ਜਾਣਾ ਹੈ ਤਾਂ ਨੀਵੇਂ ਬਜ਼ਾਰਾਂ ਵਿਚੋਂ ਹੋ ਕੇ ਮਾਈ ਸੇਵਾਂ (ਜਿਹੜਾ ਅਜੇ ਪੂਰਾ ਨਹੀਂ ਸੀ ਬਣਿਆ) ਤੋਂ ਹੋ ਕੇ ਗੁਰੂ ਬਜ਼ਾਰ ਵਿਚ ਜਾਣ।
****
ਅੱਜਕੱਲ੍ਹ ਸ਼ਹਿਰ ਦਿਨ ਚੜ੍ਹਦਿਆਂ ਹੀ ਵੀਰਾਨ ਹੋ ਜਾਂਦਾ ਸੀ। ਸਿਵਾਇ ਨਿੱਤਨੇਮੀਆਂ ਦੇ, ਹੋਰ ਕੋਈ ਯਾਤਰੂ, ਕੋਈ ਯਾਤਰੀ-ਬੱਸਾਂ, ਟਰੱਕ ਨਹੀਂ ਸਨ ਦਿੱਸਦੇ। ਗੋਰੇ ਤੇ ਮੇਮਾਂ ਨੂੰ ਵੇਖਿਆਂ ਤੇ ਜੁਗੜੇ ਬੀਤ ਚੱਲੇ ਸਨ। ਅੰਬਰਸਰ ਦੇ ਅੰਦਰੂਨੀ ਹਿੱਸਿਆਂ ਵਿਚ ਜਿਵੇਂ ਖਾਮੋਸ਼ੀ ਦੀ ਚਾਦਰ ਵਿਛੀ ਰਹਿੰਦੀ। ਸਾਈਕਲ, ਸਕੂਟਰ ਵੀ ਏਨੀ ਹੌਲੀ ਚੱਲਦੇ ਕਿ ਜਾਪਦਾ, ਜਿਵੇਂ ਮੁਰਦੇ ਉਹਨਾਂ ਨੂੰ ਚਲਾ ਰਹੇ ਨੇ। ਸੀ. ਆਰ. ਪੀ. ਜਾਂ ਪੰਜਾਬ ਪੁਲਸ ਜਦੋਂ ਚਾਹੇ, ਜਿਥੇ ਚਾਹੇ ਤੇ ਜੀਹਨੂੰ ਚਾਹੇ, ਰੋਕ ਲੈਂਦੀ ਸੀ। ਜਿਥੇ ਕਿਤੇ ਵੇਖੋ, ਬੀ. ਐੱਸ. ਐੱਫ. ਤਾਇਨਾਤ ਸੀ। ਹਰਮੰਦਰ ਸਾਹਿਬ ਦੇ ਤਕਰੀਬਨ ਚਾਰ-ਪੰਜ ਸੌ ਮੀਟਰ ਦਾ ਦਾਇਰਾ ਹੀ ਉਨ੍ਹਾਂ ਛੱਡ ਰੱਖਿਆ ਸੀ, ਨਹੀਂ ਤੇ ਸ਼ਹਿਰ ਦੇ ਹਰ ਅੰਦਰੂਨੀ ਹਿੱਸੇ ਤੋਂ ਲੈ ਕੇ ਹਰਮੰਦਰ ਦੇ ਚੌਹਾਂ ਪਾਸਿਆਂ ਵਲ ਉਹਨਾਂ ਦੀ ਤਾਇਨਾਤੀ ਸੀ। ਹਰਮੰਦਰ ਸਾਹਿਬ ਦੇ ਸਾਹਮਣੇ ਬਣੀਆਂ ਨਾਨਕਸ਼ਾਹੀ ਇੱਟਾਂ ਦੀਆਂ ਸਭੇ ਇਮਾਰਤਾਂ ਦੀਆਂ ਛੱਤਾਂ ਉੱਪਰ ਸੀ. ਆਰ. ਪੀ. ਦਾ ਪਹਿਰਾ ਸੀ।
ਸਾਰਾ ਸ਼ਹਿਰ, ਸ਼ਹਿਰ ਕੀ ਸਾਰਾ ਪੰਜਾਬ ਇਕ ਵੱਖਰੇ ਹੀ ਭੈਅ ਵਿਚ ਜੀਅ ਰਿਹਾ ਸੀ।
*****
ਏਹਨੀਂ ਦਿਨੀਂ ਵੀ ਜੇ ਕੋਈ ਨਿਰਭੈ ਹੋ ਕੇ ਟੁਰ ਰਿਹਾ ਸੀ ਤਾਂ ਉਹ ਕੁੱਤੀ ਵਿਹੜੇ ਵਾਲੇ ਸਨ, ਜਾਂ ਫੇਰ ਨਿੱਤਨੇਮੀ ਸਨ। ਜਿਨ੍ਹਾਂ ਭੈਅ ਵਾਲਾ ਪਰਦਾ ਹੀ ਚੁੱਕ ਦਿੱਤਾ ਸੀ। ਨਿੱਤਨੇਮੀ ਰਾਤ ਨੂੰ ਆਖਰੀ ਸ਼ਬਦ-ਚੌਂਕੀ ਵਿਚ ਸ਼ਬਦ ਪੜ੍ਹਦੇ ਸ਼ਾਮਲ ਹੁੰਦੇ ਸਨ। ਆਖਰੀ ਸ਼ਬਦ-ਚੌਂਕੀ ਵਿਚ ਵਧੇਰੇ ਕਰਕੇ ਉਹਨਾਂ ਟੱਬਰਾਂ ਦੇ ਲੋਕ ਹੁੰਦੇ ਸਨ, ਜਿਹੜੇ ਸਾਢੇ-ਤਿੰਨ ਸੌ ਸਾਲ ਤੋਂ ਇਸ ਪਰੰਪਰਾ ਵਿਚ ਪੀੜ੍ਹੀ-ਦਰ-ਪੀੜ੍ਹੀ ਸ਼ਾਮਲ ਹੁੰਦੇ ਆ ਰਹੇ ਸਨ। ਧੂਪੀਏ, ਘੜਿਆਲੀਏ, ਅਰਦਾਸੀਏ, ਟਹਿਲੂ ਤੇ ਪਾਪੜ-ਵੜੀਆਂ ਵਾਲੇ ਟੱਬਰਾਂ ਦੇ ਜੀਅ ਤੇ ਵਿਸ਼ੇਸ਼ਕਰ ਇਕ ਸਹਿਜਧਾਰੀ ਟੱਬਰ ਸਦਾ ਸ਼ਾਮਲ ਸੀ। ਰਾਤ ਤਕਰੀਬਨ ਸਾਢੇ ਕੁ ਗਿਆਰਾਂ ਵਜੇ ਬਹੁਤੇ ਨਿੱਤਨੇਮੀ ਉਥੇ ਪਰਕਰਮਾ ਵਿਚ ਲੇਟ ਜਾਂਦੇ, ਤੇ ਘਰਾਂ ਨੂੰ ਜਾਣ ਵਾਲੇ ਪਰਤ ਜਾਂਦੇ। ਅੱਧੀ ਰਾਤ ਢਾਈ ਕੁ ਵਜੇ ਦੂਜੇ ਨਿੱਤਨੇਮੀ ਅੰਮ੍ਰਿਤ ਵੇਲੇ ਦੀ ਸਵਾਰੀ-ਸਾਹਿਬ (ਪਾਲਕੀ) ਦੀ ਯਾਤਰਾ ਵਿਚ ਸ਼ਾਮਲ ਹੋਣ ਲਈ ਘਰਾਂ ਵਿਚੋਂ ਟੁਰ ਪੈਂਦੇ। ਅਖੰਡ-ਕੀਰਤਨੀ ਜਥੇ ਦੀਆਂ ਬੀਬੀਆਂ ਦੀ ਲਗਨ ਕਮਾਲ ਸੀ। ਉਹ ਉਝ ਤੇ ਸ਼ਹਿਰ ਵਿਚੋਂ ਆਉਂਦੀਆਂ ਸਨ, ਬਾਕੀ ਵਧੇਰੇ ਕਰਕੇ ਵੱਡਾ ਜੱਥਾ ਅਜੀਤ ਨਗਰ, ਈਸਟ-ਮੋਹਨ ਨਗਰ ਦੇ ਸੇਵਕਾਂ ਦਾ ਸੀ। ਉਹਨਾਂ ਸਾਰਿਆਂ ਨੂੰ ਸ਼ੁਰੂ-ਸ਼ੁਰੂ ਵਿਚ ਆਏ ਸੀ. ਆਰ. ਪੀ. ਦੇ ਮਿਕਸ ਜਵਾਨ ਹੈਰਾਨ ਹੋ-ਹੋ ਰੋਕਦੇ, ਕਿ ਅੱਧੀ ਰਾਤ ਤੱਕ ਇਹ ਲੋਕ ਸ਼ਹਿਰ ਵਿਚ ਕੀ ਕਰਦੇ ਹਨ? ਫੇਰ ਰਾਤ ਨੂੰ ਤਿੰਨ ਕੁ ਵਜੇ ਮੁੜ ਘਰਾਂ ਵਿਚੋਂ ਪਰਤ ਆਉਂਦੇ ਸਨ। ਬੰਗਾਲੇ, ਮਰਾਠੇ ਤੇ ਭਈਏ ਸਿਪਾਹੀਆਂ ਨੂੰ ਹੌਲੀ-ਹੌਲੀ ਹਰਿਮੰਦਰ ਦੀ ਸੇਵਾ ਕਰਨ ਦਾ ਪਤਾ ਲੱਗਦਾ, ਨਹੀਂ ਤਾਂ ਸ਼ੁਰੂ ਵਿਚ ਤਾਂ ਉਹ ਫਟ ਹੀ ਨਿੱਤਨੇਮੀਆਂ ਤੇ ਵੀ ਰਫਲਾਂ ਤਾਣ ਲੈਂਦੇ ਸਨ।
…..ਉਹਨਾਂ ਭਾਣੇ ਤੇ ਸਾਰਾ ਪੰਜਾਬ ਹੀ ਖੂਨੀ ਤੇ ਖਾਲਿਸਤਾਨੀ ਸੀ।
….ਦੂਜੇ ਪੱਕੇ ਨਿੱਤਨੇਮੀ ਕੁੱਤੀ ਵਿਹੜੇ ਵਾਲੇ ਸਨ। ਚਾਹੇ ਕੋਈ ਆਇਆ, ਕੋਈ ਗਿਆ, ਮਰਦ ਨੇਮ ਨਾਲ ਸਵੇਰੇ ਅੰਬਰਸਰ ਸ਼ਹਿਰ ਵਿਚ ਝਾੜੂ ਦੇਂਦੇ। ਜਨਾਨੀਆਂ (ਚੂਹੜੀਆਂ) ਸ਼ਹਿਰ ਦੇ ਕੋਠੇ ਲਾਹੁੰਦੀਆਂ। ਫੇਰ ਦੁਪਹਿਰੇ ਮਰਦ ਜਾਂ ਤਾਂ ਲਾਟਰੀਆਂ ਪੌਂਦੇ, ਜੂਏ ਖੇਡਦੇ ਤੇ ਸੱਟੇ ਦਾ ਨੰਬਰ ਪੁੱਛਣ ਰੇਲਵੇ ਸਟੇਸ਼ਨ ਦੇ ਸਾਹਮਣੇ ਬੈਠੇ ਅਲਫ਼ ਨੰਗੇ ਪਾਗਲ ਕੋਲ ਜਾਂਦੇ। ਸੁਲਫਾ ਪੀਂਦੇ ਤੇ ਨਵੇਂ ਨਿਆਣੇ ਪੈਦਾ ਕਰਨ ਲਈ ਰਾਤ ਪੈਂਦਿਆਂ ਹੀ ਆਪੋ-ਆਪਣੀਆਂ ਜਨਾਨੀਆਂ ਨਾਲੇ ਨਸ਼ਈ ਹੋ ਕੇ ਸੌਂ ਜਾਂਦੇ। ਉਧਰ ਜਨਾਨੀਆਂ ਵੀ ਦਿਨ ਦੀ ਖੱਪ-ਖਪਾਈ ਤੋਂ ਮੁਕਤ ਹੋ ਕੇ ਰਾਤ ਨੂੰ ਸੌਂਦੀਆਂ ਜੀਅ ਕਰਦਾ ਤੇ ਮਰਦਾਂ ਨੂੰ ਹਾਂ ਕਰਦੀਆਂ, ਨਹੀਂ ਗੰਦੀਆਂ ਤੋਂ ਗੰਦੀਆਂ ਗਾਹਲਾਂ ਕੱਢਦੀਆਂ। ਬਹੁਤੀਆਂ ਨੇ ਦੋ-ਦੋ, ਤਿੰਨ-ਤਿੰਨ ਨਾਲ ਯਾਰੀ ਲਾਈ ਹੋਈ ਸੀ। ਬਾਕੀ ਗੁਰੂ ਬਜ਼ਾਰ ਦੇ ਸੁਨਿਆਰਾਂ ਦੇ ਨਵੇਂ ਉੱਠਦੇ ਮੁੰਡੇ ਤੇ ਆਟਾ ਮੰਡੀ ਦੇ ਭਾਪਿਆਂ ਦੇ ਬਜਾਜ ਮੁੰਡੇ ਉਹਨਾਂ ਨਾਲ ਇਕ ਵਾਰੀ ਸੌਣ ਖਾਤਰ ਹੀ ਬਥੇਰੇ ਪੈਸੇ ਦੇ ਜਾਂਦੇ ਸਨ। ਚੂਹੜੀਆਂ ਵੀ ਉਹਨਾਂ ਦੀ ਇਸਤਰੀ-ਭੁੱਖ ਨੂੰ ਸਮਝਦੀਆਂ ਤੇ ਸਵਾਦ ਲੈਂਦੀਆਂ ਸਨ। ਭਾਵੇਂ ਲੋੜੋਂ ਵਧ ਓਹਗ ਕਰਨ ਕਰਕੇ ਚੂਹੜੀਆਂ ਦੀਆਂ ਛਾਤੀਆਂ ਜਵਾਨੀ ਵਿਚ ਹੀ ਥੋੜ੍ਹਾ ਢਿਲਕ ਜਾਂਦੀਆਂ ਸਨ, ਪਰ ਉਨ੍ਹਾਂ ਦਾ ਬਾਕੀ ਸਾਰਾ ਸਰੀਰ ਕੰਮ ਕਰਦੇ ਰਹਿਣ ਕਾਰਨ ਐਨ ਤਬਲੇ ਵਾਂਗ ਕੱਸਿਆ ਰਹਿੰਦਾ ਸੀ।
ਅਜਿਹੇ ਹੀ ਦੌਰ-ਦੌਰੇ ਵਿਚ, ਸੰਨ ਬਿਆਸੀ ਦੇ ਅਖੀਰ ਜਿਹੇ ਵਿਚ ਰੌਲਾ ਪੈ ਗਿਆ। ਪੰਜਾਬ ਪੁਲਸ ਤੇ ਸੀ. ਆਰ. ਪੀ. ਉਹਨਾਂ ਦਿਆਂ ਬਜ਼ਾਰਾਂ ਵਿਚ ਵੀ ਗਸ਼ਤ ਕਰਨ ਲੱਗੀ। ਪਤਾ ਲੱਗਾ ਕਿ ਬਜ਼ਾਰ ‘‘ਖੂਬੀ ਰਾਮ ਹਲਵਾਈ’’ ਵਿਚ ਸੱਟੇਬਾਜ਼ਾਂ ਦੀ ਭੀੜ ਵਿਚ ਬੰਬ ਫੱਟਿਆ ਹੈ। ਨੱਬੇ ਦੇ ਕਰੀਬ ਹਿੰਦੂ ਸੱਟੇਬਾਜ਼ ਮਰ ਗਏ ਸਨ। ਉਦੋਂ ਹਰ ਗੱਲ ਵਿਚ ਬੰਦੇ ਦੇ ਧਰਮ ਦੀ ਗੱਲ ਜ਼ਰੂਰ ਹੁੰਦੀ ਸੀ। ਸੱਟੇਬਾਜ਼ ਮਾਰੇ ਸਨ, ਪਰ ਹਿੰਦੂ ਲਾਸ਼ਾਂ ਦੀ ਗਿਣਤੀ ਵਧੇਰੇ ਚਰਚਿਤ ਹੋਈ।
ਇਸ ਤੋਂ ਮਗਰੋਂ ਕੁੱਤੀ ਵਿਹੜੇ ਦੇ ਅਨੇਕਾਂ ਸਫਾਈ-ਸੇਵਕਾਂ ਤੇ ਪੈਸੇ ਲੈ ਕੇ ਕੰਮ ਕਰਨ ਵਾਲਿਆਂ ਚੂਹੜਿਆਂ ਨੇ ਲਾਸ਼ਾਂ ਚੁੱਕ ਦਿੱਤੀਆਂ।
ਕੁਝ ਦਿਨਾਂ ਬਾਅਦ ਫੇਰ ਬੰਬ ਧਮਾਕਾ ਹੋਇਆ। ਫੇਰ ਇਕ ਹੋਰ….ਇਕ ਹੋਰ….ਤੇ ਫਿਰ 1983 ਤੱਕ ਉਹ ਇਲਾਕਾ ਖੂਨੀ ਇਲਾਕਾ ਬਣ ਗਿਆ। ਹਿੰਦੂ ਹਿਜ਼ਰਤ ਕਰ ਗਏ। ਚੂਹੜਿਆਂ ਨੂੰ ਲਾਸ਼ਾਂ ਦੇ ਟੋਟੇ ਚੁੱਕ ਕੇ ਪੋਸਟਮਾਰਟਮ ਲਈ ਪੁੱਜਦੇ ਕਰਨ ਦਾ ਇਕ ਹੋਰ ਲਾਹੇਵੰਦ ਧੰਦਾ ਮਿਲ ਗਿਆ ਸੀ।
****
ਵੱਡੀ ਵਾਰਦਾਤ ਦਾ ਭੇਦ ਤੇ ‘ਮੰਗਾ ਮਸੀਹ’ ਹੀ ਦੱਸਦਾ ਸੀ। ਕਿਤੇ 1983 ਵਿਚ ਗੋਲ ਬਾਗ ਸੈਰ ਕਰਦੇ ਲਾਲੇ, ਮੁੰਡਿਆਂ ਨੇ ਮਾਰ ਦਿੱਤੇ। ਤਕਰੀਬਨ ਅੱਠ-ਦਸ ਲਾਲੇ ਮਰੇ ਸਨ। ਬੜਾ ਰੌਲਾ ਪਿਆ। ਉਥੇ ਹੀ ਉਸ ਇਲਾਕੇ ਦਾ ਮਸ਼ਹੂਰ ਜਨਸੰਘੀ ‘ਬਲਵੰਤ ਰਾਮ’ ਦਵਾਈਆਂ ਵਾਲਾ ਪ੍ਰਧਾਨ ਸੀ। ਸ਼ਹਿਰ ਦੇ ਸਾਰੇ ਹਿੰਦੂ ਉਹਨੂੰ ਬੜਾ ਮੰਨਦੇ ਸਨ। ਉਹਨੇ ਸੀਤਲਾ ਮੰਦਰ ਦੇ ਬਾਹਰ ਖੜੋਕੇ ਭੜਕੀ ਹਿੰਦੂ ਭੀੜ ਅੱਗੇ ਪ੍ਰਣ ਕੀਤਾ ਕਿ ਇਹਨਾਂ ਕਤਲਾਂ ਦਾ ਮੈਂ ਬਦਲਾ ਲਵਾਂਗਾ!
ਤੇ ਉਹ ਇਸ ਪ੍ਰਣ ‘ਤੇ ਪੂਰਾ ਵੀ ਉਤਰਿਆ! ਹਿੰਦੂਆਂ ਦੀ ਪਰੰਪਰਾ ਅਨੁਸਾਰ ਆਪ ਲੜਨ ਦੀ ਥਾਂ ਉਸਨੇ ਚਾਰ ਭਾੜੇ ਦੇ ਬਦਮਾਸ਼ ਮੰਗਾਏ, ਜਿਹੜੇ ਕਿ ਰੇਲਵੇ ਸਟੇਸ਼ਨ ਤੋਂ ਥੋੜ੍ਹਾ ਅੱਗੇ ਕਰਕੇ ਪੁਤਲੀ ਘਰ ਦੇ ਪਿਛਾੜੇ ਸੂਰ ਪਾਲਦੇ ਸਨ। ਉਹ ਕਹਿਣ ਨੂੰ ਹੀ ਸੂਰ ਪਾਲਦੇ ਸਨ, ਪਰ ਅਸਲੀਅਤ ਵਿਚ ਛੁਰੀਮਾਰ-ਲੁਟੇਰੇ ਸਨ। ਉਹਨਾਂ ਨੂੰ ਸ਼ਰਾਬ ਨਾਲ ਲੇਹੜ ਕੇ ਉਹਨਾਂ ਨਾਲ ਹੀ ਅਣਜਾਣ ਜਿਹੇ ਚਾਰ-ਪੰਜ ਹਿੰਦੂ ਮੁੰਡੇ ਦੇ ਦਿੱਤੇ, ਜਿਨ੍ਹਾਂ ਰੇਲਵੇ-ਸਟੇਸ਼ਨ ਅੰਬਰਸਰ ਜਾ ਕੇ ਹਰਮੰਦਰ ਸਾਹਿਬ ਦਾ ਕੱਚ ਦਾ ਬਣਿਆ ਮਾਡਲ ਤੋੜ ਦਿੱਤਾ। ਉਤੋਂ ਹਾਜ਼ਰ ਦਿੱਸਦੇ ਪੰਜ-ਸੱਤ ਸਿੱਖ ਮੁਸਾਫਰਾਂ ਦੇ ਲਫੇੜੇ ਕੱਢ ਮਾਰੇ। ਮਾਰ ਉਥੇ ਲਾ-ਲਾ ਕਰਾ ਕੇ ਭੜਕੀ ਭੀੜ ਬਾਹਰ ਸੜਕ ‘ਤੇ ਆ ਗਈ ਤੇ ਜਾਮ ਲਾ ਦਿੱਤਾ। ਉਹਨਾਂ ਨੂੰ ਇਹ ਪਤਾ ਨਹੀਂ ਸੀ ਲੱਗਾ ਕਿ ਇੰਡੀਅਨ ਐਕਸਪ੍ਰੈੱਸ ਦਾ ਫੋਟੋਗ੍ਰਾਫਰ ‘ਬੌਬੀ ਦੂਆ’ ਸਵੇਰੇ ਦਾ ਹੀ ਨਿੱਕਾ ਕੈਮਰਾ ਲੈ ਕੇ ਉਹਨਾਂ ਮਗਰ ਫਿਰ ਰਿਹਾ ਹੈ, ਇਹੀ ਭੀੜ ਤੇ ਉਹਦੇ ਵਿਚੋਂ ਹੀ ਗਿਣੀ-ਮਿੱਥੀ ਸਾਜਿਸ਼ ਨਾਲ ਬਲਵੰਤ ਰਾਮ, ਉਹੀ ਬਾਲਮੀਕੀਏ ਤੇ ਦੋ-ਤਿੰਨ ਹੋਰ ਬਦਮਾਸ਼ ਚੁੱਪ ਕੀਤੇ ਉੱਚੇ ਪੁਲ ਤੇ ਆ ਚੜ੍ਹੇ। ਭੀੜ ਘਰਾਂ ਨੂੰ ਭੱਜ ਰਹੀ ਸੀ, ਪਰ ਬਲਵੰਤ ਰਾਮ ਤੇ ਉਹਦੇ ਸਾਥੀ ਕਿਸੇ ਸੌਖੇ ਸਿ਼ਕਾਰ ਦੀ ਭਾਲ ਵਿਚ ਸਨ ਤੇ ਉਹ ਉਹਨਾਂ ਇਕ-ਦੋ ਮਿੰਟ ਵਿਚ ਹੀ ਤਾੜ ਲਿਆ ਸੀ! ਕਪੂਰ ਰੋਡ ਵਲੋਂ ਕਿਸੇ ਦਫ਼ਤਰ ਦਾ ਤੀਹ ਕੁ ਸਾਲ ਦਾ ਚਪੜਾਸੀ ਆਪਣੀ ਮਰੀ ਜਿਹੀ ਸਾਈਕਲ ਧੂੰਹਦਾ ਆ ਰਿਹਾ ਸੀ। ਉਹਦੀ ਪੁਰਾਣੀ ਲਾਲ ਜਿਹੀ ਪੱਗ ਫਿੱਕੀ ਪਈ ਹੋਈ ਸੀ। ….ਪਲਾਂ ਛਿਣਾਂ ਵਿਚ ਹੀ ਉਹਨਾਂ ਤੇਲ ਪਾ ਕੇ ਉਹਨੂੰ ਲੂਹ ਦਿੱਤਾ। ਉਹ ਪੂਰੀ ਤਰ੍ਹਾਂ ਮੱਚ ਜਾਏ, ਇਸ ਲਈ ਇਕ ਨੇ ਪੈਂਦਿਆਂ ਹੀ ਡਾਂਗ ਮਾਰ ਕੇ ਉਹਦਾ ਗੋਡਾ ਤੋੜ ਦਿੱਤਾ ਸੀ।
ਉਹਦੀ ਸੜੀ ਲੋਥ ਕੋਲ ਥੋੜ੍ਹੀ ਦੂਰੀ ਤੇ ਹੀ ਆਲੂ-ਪਿਆਜ਼ ਵਾਲੇ ਲਫਾਫੇ ਥੈਲੇ ਵਿਚੋਂ ਨਿਕਲ ਕੇ ਖਿਲਰੇ ਪਏ ਸਨ….।
।…..ਪਤਾ ਉਦੋਂ ਵੀ ਬਲਵੰਤ ਹੁਰਾਂ ਨੂੰ ਨਹੀਂ ਲਗਾ ਕਿ ਬੌਬੀ ਦੂਆ ਤੇ ਉਹਦੇ ਚੇਲੇ ਨੇ ਕਿੰਨੇ ਸਨੈਪ ਉਹਨਾਂ ਦੇ ਉਸ ਸਿੱਖ ਨੂੰ ਸਾੜਨ ਵੇਲੇ ਲੈ ਲਏ ਸਨ!
ਬੌਬੀ ਨੇ ਇਹ ਸਾਰੇ ਸਨੈਪ ਇੰਡੀਅਨ ਐਕਸਪ੍ਰੈੱਸ ਤੋਂ ਇਲਾਵਾ ਟੈਲੀਗ੍ਰਾਫ ਨੂੰ ਵੀ ਵੇਚੇ ਤੇ ਨਾਲ ਹੀ ਇਕ-ਇਕ ਕਾਪੀ ਭਾਈ ਅਮਰੀਕ ਸਿੰਘ ਨੂੰ ਉਹਦੇ ਛੋਟੇ ਭਰਾ ਹੱਥ ਭੇਜ ਦਿੱਤੀ।
ਭਾਈ ਜੀ ਨੇ ਉਹੀ ਫੋਟੋਆਂ ਸੰਤ ਭਿੰਡਰਾਂਵਾਲੇ ਦੇ ਦਰਬਾਰ ਪੇਸ਼ ਕਰ ਦਿੱਤੀਆਂ। ਪਛਾਣਨ ਵਾਲਿਆਂ ਬਾਰਾਂ ਘੰਟਿਆਂ ਵਿਚ ਸੂਹ ਕੱਢ ਲਈ, ‘‘ਬਲਵੰਤ ਜਨਸੰਗੀ’’ ਨਾਲ ਸੂਰ ਮੰਡੀ ਦੇ ਬਾਲਮੀਕੀ ਸਨ। ਬਾਕੀ ਦੋ-ਤਿੰਨ ਹਿੰਦੂ ਬਾਊ ਕੌਣ ਸਨ, ਇਹ ਪਤਾ ਨਹੀਂ ਸੀ ਲਗ ਰਿਹਾ? ਸੰਤ ਭਿੰਡਰਾਂਵਾਲੇ ਦਿਆਂ ਚੇਲਿਆਂ- ਉਸੇ ਸ਼ਾਮ ਬਲਵੰਤ ਨੂੰ ਉਹਦੇ ਦੋ ਗੰਨਮੈਨਾਂ ਸਮੇਤ ਮਾਰ ਦਿੱਤਾ। ਅਗਲੇ ਬਾਰਾਂ ਘੰਟਿਆਂ ਵਿਚ ਹੀ ਉਹਨਾਂ ਸੂਰ ਮੰਡੀ ਦੇ ਉਹਨਾਂ ਦੋਹੇਂ-ਤਿੰਨੇ ਬਦਮਾਸ਼ਾਂ ਨੂੰ ਵੀ ਮਾਰ ਮੁਕਾਇਆ, ਜਿਨ੍ਹਾਂ ਰੇਲਵੇ ਸਟੇਸ਼ਨ ਵਾਲਾ ਹਰਮੰਦਰ ਦਾ ਕੱਚ ਦਾ ਮਾਡਲ ਤੋੜਿਆ ਸੀ।
…..ਵੱਡੀ ਮੁਸ਼ਕਿਲ ਬਾਕੀ ਦੇ ਦੋ-ਤਿੰਨ ਅਣਜਾਣ ਦਿੱਸਦੇ ਹਿੰਦੂ ਬਾਊਆਂ ਦੀ ਸੀ, ਜਿਹੜੇ ਨਾ ਪੰਜਾਬੀ ਲੱਗਦੇ ਸਨ ਤੇ ਨਾ ਕੋਈ ਉਹਨਾਂ ਦੀ ਪਛਾਣ ਹੋ ਰਹੀ ਸੀ। ਭਾਈ ਮਨਜੀਤ ਸਿੰਘ ਦੇ ਚੇਲੇ ਉਹ ਫੋਟੋਆਂ ਲੈ ਕੇ ਕੁੱਤੀ ਵਿਹੜੇ ਦੇ ਪ੍ਰਧਾਨ ‘ਪ੍ਰੀਤਮ ਬਾਲਮੀਕੀ’ ਤੇ ‘ਸ਼ੋਕੀ ਮਸੀਹ’ ਕੋਲ ਵੀ ਆਏ ਸਨ। ਦੋਹਾਂ ਨੇ ਇਕਸੁਰ ਹੋ ਕੇ ਕਿਹਾ ਸੀ -
‘‘ਜਿਹੜਾ ਹਰਿਮੰਦਰ ਸਾਹਿਬ ਦੀ ਬੇਦਬੀ ਕਰੇ, ਸਾਡਾ ਵਿਹੜਾ ਤੇ ਉਹਦੀ ਮਕਾਣ ਵੀ ਨਹੀਂ ਜਾਂਦਾ।’’
….ਕੁਝ ਸਮੇਂ ਬਾਅਦ ਇੰਡੀਅਨ ਐਕਸਪ੍ਰੈੱਸ ਦੇ ਸਟਰਿੰਗਰਾਂ ਨੇ ਹੀ ਖਬਰ ਕੱਢ ਲਿਆਂਦੀ ਸੀ, ਕਿ ਉਸ ਸਿੱਖ ਨੂੰ ਤੇਲ ਪਾ ਕੇ ਸਾੜਦੇ ਜਿਹੜੇ ਦੋ-ਤਿੰਨ ਅਣਜਾਣ ਜਿਹੇ ਹਿੰਦੂ ਬਾਊ ਦਿੱਸ ਰਹੇ ਸਨ, ਉਹ ਸੀ. ਆਰ. ਪੀ. ਦੇ ਹੀ ਸਾਦੇ ਕੱਪੜਿਆਂ ਵਾਲੇ ਜੁਆਨ ਸਨ…..

 
Old 12-12-2008
pps309
 
Re: Copy-Paste: Kutti Vehrda

Originally Posted by Namani View Post
thank you ji
Originally Posted by smilly View Post
thanx 22 ji..
Jad v time lage aa thori thori karke sari paryo. It is very good and hope you guys will get to know lot of new stuff.

 
Old 12-12-2008
pps309
 
Re: Copy-Paste: Kutti Vehrda

ਕੁੱਤੀ ਵਿਹੜਾ (ਭਾਗ 4)

ਵਿਹੜੇ ਵਿਚ ਵਿਆਹ ਦੇ ਦੌਰ-ਦੌਰੇ ਬੜੇ ਸਹਿਜ ਚਲ ਰਹੇ ਸਨ। ਭਾਵੇਂ ਪੂਰਾ ਅੰਬਰਸਰ ਬਰੂਦ ਦੇ ਢੇਰ ‘ਤੇ ਬੈਠਾ ਸੀ। ਮਈ ਦਾ ਅਖੀਰ ਸੀ ਤੇ ਗਰਮੀ ਇਸ ਵਾਰ ਕਹਿਰ-ਪਹਿਰ ਦੀ ਸ਼ੁਰੂ ਸੀ। ਪਹਿਲਾਂ ‘ਅਤਰੋ ਝੱਲੀ’ ਦੇ ਛੋਟੇ ਮੁੰਡੇ ਪੈਤਰਿਕ ਮਸੀਹ ਦਾ ਵਿਆਹ ਹੋ ਕੇ ਹਟਿਆ ਸੀ। ਪੈਤਰਿਕ ਦੇ ਵਿਆਹ ਦੇ ਗਿੱਧੇ ਤੋਂ ਥੱਕੀਆਂ ਚੂਹੜੀਆਂ ਵਿਚਾਰੀਆਂ ਨੇ ਮਸਾਂ ਲੱਕ ਸਿੱਧੇ ਕੀਤੇ ਸਨ ਕਿ ਮੁੜ ਅੰਨਗੜ੍ਹ (ਅੰਬਰਸਰ ਸ਼ਹਿਰ ਵਿਚ ਸ਼ਰਾਬ ਕੱਢਣ ਲਈ ਮਸ਼ਹੂਰ ਪਿੰਡ) ਤੋਂ ਸ਼ਰਾਬ ਦੇ ਬਲੈਡਰ ਪਹੁੰਚਣੇ ਸ਼ੁਰੂ ਹੋ ਗਏ ਸਨ। ਪਹਿਲੀ ਜੂਨ ਨੂੰ ਡੇਵਿਡ ਦੇ ਮੁੰਡੇ ਪਰਤਾਪ ਦੇ ਵਿਆਹ ਦੀਆਂ ਰਸਮਾਂ ਸਨ। ਨਿਕਾਹ ਦੀਆਂ ਰਸਮਾਂ ਸਾਲਵੇਸ਼ਨ ਆਰਮੀ (ਈਸਾਈਆਂ ਦਾ ਇਕ ਫਿਰਕਾ) ਦੇ ਸਰੀਆ ਮਾਰਕਿਟ ਵਾਲੇ ਪੁਰਾਣੇ ਚਰਚ ਵਿਚ ਸਨ। ਉਧਰੋਂ ਉੱਨਤੀ ਤੇ ਤੀਹ ਮਈ ਨੂੰ ਭਿੰਡਰਾਂਵਾਲੇ ਦੇ ਜੱਥੇ ਤੇ ਸਾਹਮਣੇ ਕੋਠਿਆਂ ‘ਤੇ ਬੈਠੀ ਸੀ. ਆਰ. ਪੀ. ਵਿਚ ਸਿੱਧੀ ਗੋਲਾਬਾਰੀ ਸ਼ੁਰੂ ਹੋਈ ਤੇ ਲਗਾਤਾਰ ਚਲਦੀ ਰਹੀ। ਇਕੱਤੀ ਨੂੰ ਠੰਡ-ਠੰਡੋਰਾ ਹੋਇਆ ਸੀ, ਪਰ ਪਿਛਲੇ ਚਾਰ ਦਿਨਾਂ ਤੋਂ ਸਾਰਾ ਸ਼ਹਿਰ ਸੁਸਰੀ ਵਾਂਗ ਸੁੱਤਾ ਪਿਆ ਸੀ। ਸਿਵਾਇ ਰੌਲ ਲਾਣ ਵਾਲੇ ਗ੍ਰੰਥੀਆਂ ਤੇ ਵੱਡੇ ਜਥੇਦਾਰਾਂ ਦੇ, ਕੋਈ ਟਾਵਾਂ-ਟਾਵਾਂ ਸ਼ਰਧਾਲੂ ਹੀ ਜਾ ਰਿਹਾ ਸੀ। ਨਿੱਤਨੇਮੀ ਪਰ ਨੇਮ ਦੇ ਪੱਕੇ ਸਨ। ਰਾਤ ਦੀ ਸੇਵਾ ਵਾਲੇ, ਸ਼ਬਦ ਚੌਂਕੀਆਂ ਵਾਲੇ ਤੇ ਅੰਮ੍ਰਿਤ ਵੇਲੇ ਦੀ ਸੇਵਾ ਵਾਲੇ ਬਿਨ੍ਹਾਂ ਡਰ-ਭਾਓ ਦੇ ਆ ਜਾ ਰਹੇ ਸਨ। ਦੋ ਜੂਨ ਤੋਂ ਸ਼ਹੀਦੀ ਜੋੜ ਮੇਲੇ ਦੇ ਭੋਗ ਪੈਣੇ ਸ਼ੁਰੂ ਸਨ।
****
ਉਧਰ ਕੁੱਤੀ ਵਿਹੜੇ ਵਿਚ ਤੀਹ, ਇਕੱਤੀ, ਦੋਹੇਂ ਦਿਨ ਅੰਨ੍ਹੀ ਸ਼ਰਾਬ ਉੱਡੀ ਸੀ। ਸ਼ਹਿਰ ਲਗਭਗ ਬੰਦ ਸੀ ਤੇ ਸਫਾਈ ਸੇਵਕ ਵਿਹਲੇ ਸਨ। ਕੋਠੇ ਲਾਹੁਣ ਵਾਲੀਆਂ ਵੀ ਮਚਲ ਮਾਰ ਛੱਡੀ ਸੀ। ਭਾਵੇਂ ਉਹ ਦੋਹੇਂ ਦਿਨ ਭਾਰੀ ਗੋਲਾਬਾਰੀ ਸੁਣਦੇ ਰਹੇ ਸਨ। ਪਰ ਉਹਨਾਂ ਨੇ ਗਿੱਧੇ ਤੇ ਬੋਲੀਆਂ ਤੇ ਢੋਲ ਵਜਾਣ ਦੀ ਕਸਰ ਨਹੀਂ ਸੀ ਛੱਡੀ। ਇਕੱਤੀ ਨੂੰ ਠੰਡ-ਠੰਡੋਰਾ ਰਿਹਾ ਹੋਣ ਕਰਕੇ ਸ਼ਾਮ ਨੂੰ ਦੀਵਾ-ਬੱਤੀ ਹੋਣ ਵੇਲ ਬੁੱਢੀਆਂ ਨੇ ਆਖਰੀ ਵਾਰ ਦੀਆਂ ਨੰਗੀਆਂ ਬੋਲੀਆਂ ਪਾਣੀਆਂ ਸ਼ੁਰੂ ਕੀਤੀਆਂ। ਸਵੇਰੇ ਤੇ ਨਿਕਾਹ ਸੀ ਤੇ ਬੁੱਢੀਆਂ ਦਿਲ ਦੀ ਡੰਝ ਲਾਹ ਰਹੀਆਂ ਸਨ। ਫਿੰਨੋ ਤੇ ਡੇਜੀ ਨੇ ਰਲ ਕੇ ਗੇੜਾ ਦਿੱਤਾ ਤੇ ਸਿਖਰਲੀ ਬੋਲੀ ਪਾਈ-
ਘਰ ਆ ਜਾ ਦਿਓਰਾ ਵੇ
ਕਿ ਭਾਬੀ ਸੂਰਮ ਸੂਰਾ ਖੇਡੇ।
ਇਸ ਤੋਂ ਬਾਅਦ ਧੜਮੱਚ ਪਾ ਕੇ ਫਿੰਨੋ ਨੇ ਸਭ ਤੋਂ ਸਿਖਰਲੀ ਤੇ ਨੰਗੀ ਬੋਲੀ ਪਾਈ -
ਬਾਜੀਗਰ ਬਾਜੀ ਪਾ ਗਿਆ ਨੀ ਕੁੜੀਓ
ਬਾਜੀਗਰ ਬਾਜੀ ਪਾ ਗਿਆ
ਰੌਲਾ ਸਿਖਰ ‘ਤੇ ਹੀ ਸੀ ਕਿ ਫੌਜੀ ਬੂਟਾਂ ਦੇ ਖੜਾਕ ਨਾਲ ਸਾਰੇ ਬਜ਼ਾਰ ਗੂੰਜ ਗਏ। ਪ੍ਰੀਤਮ ਭੱਜਾ ਆਇਆ ਤੇ ਉੱਚੀ ਸਾਰੀ ਕਿਹਾ -
‘‘ਸੱਭੇ ਅੰਦਰ ਵੜ ਜਾਓ! ਸ਼ਹਿਰ ਫੌਜ ਨੇ ਸਾਂਭ ਲਿਆ ਜੇ! ਗੋਲੀ ਦਾ ਹੁਕਮ ਹੋ ਗਿਐ!’’
ਸਭ ਪਾਸੇ ਵੀਰਾਨੀ ਹੋ ਗਈ। ਨਿਕਾਹ ਦੀਆਂ ਸੋਚਾਂ ਤੇ ਰੌਣਕਾਂ, ਸਭ ਛਾਈਂ-ਮਾਈਂ ਹੋ ਗਿਆ।
…ਜਿਸ ਦਿਨ ਨੂੰ ਸੰਤਾਂ ਦੇ ਚੇਲੇ ਤੇ ਭਾਰਤ ਸਰਕਾਰ ਸਾਲਾਂ ਤੋਂ ਉਡੀਕ ਰਹੇ ਸਨ, ਅਗਲੀ ਸਵੇਰ ਪਹਿਲੀ ਜੂਨ ਨੂੰ ਉਹ ਆਣ ਪੁੱਜਾ ਸੀ!
****
ਪਹਿਲੀ ਜੂਨ ਤੋਂ ਤਿੰਨ ਜੂਨ ਤੱਕ ਵਿਹੜੇ ਨੇ ਕਿਸੇ ਤਰ੍ਹਾਂ ਭੁੱਖ ਕੱਟ ਲਈ। ਸਾਰੇ ਹੀ ਰੋਜ਼ ਦੇ ਰੋਜ਼ ਆਟਾ ਖਰੀਦਣ ਵਾਲੇ ਸਨ। ਚਾਰ ਜੂਨ ਨੂੰ ਕੁਝ ਬੰਦੇ ਪ੍ਰੀਤਮ ਪ੍ਰਧਾਨ ਦੇ ਮਗਰ ਲਗ ਕੇ ਬਾਹਰ ਆ ਗਏ। ਖਾਸ ਕਰ ਦੁੱਧ ਪੀਂਦੇ ਬੱਚੇ ਬੜੇ ਔਖੇ ਸਨ। ਤੋਪਾਂ ਦੇ ਗੋਲੇ ਇਉਂ ਚਲ ਰਹੇ ਸਨ, ਜਿਵੇਂ ਹਿੰਦ-ਪਾਕਿ ਦੀ ਲੜਾਈ ਲਗੀ ਹੋਵੇ! ਉਹਨਾਂ ਦੇ ਚੰਗੇ ਭਾਗਾਂ ਨੂੰ ਰਾਜਸਥਾਨ ਰਜਮੈਂਟ ਲੱਗੀ ਹੋਈ ਸੀ ਤੇ ਉਹਨਾਂ ਦੇ ਸਾਥ ਲਈ ਲੋਕਲ ਡੀ. ਐੱਸ. ਪੀ. ਛੀਨਾ ਸਾਹਿਬ ਨਾਲ ਸੀ। ਛੀਨੇ ਨੇ ਉਹਨਾਂ ਨੂੰ ਉਦਾਸੀਆਂ ਦੇ ਅਖਾੜੇ ਵਿਚੋਂ ਆਟੇ ਦੀਆਂ ਦੋ ਬੋਰੀਆਂ, ਖੰਡ ਦੀ ਬੋਰੀ ਤੇ ਆਲੂ ਚੱਕਵਾ ਦਿੱਤੇ। ਉਹ ਛੀਨੇ ਨੂੰ ਅਸੀਸਾਂ ਦੇਂਦੇ ਪਰਤ ਆਏ।
****
ਪੰਜ ਤਰੀਕ ਤੱਕ ਬੜੀ ਮਾਰੋ-ਮਾਰ ਹੀ। ਸੱਤ-ਅੱਠ ਤੱਕ ਇਕਦਮ ਸ਼ਾਂਤੀ ਹੋ ਗਈ ਸੀ। ਇਸ ਦੌਰਾਨ ਰੌਲਾ ਪੈ ਗਿਆ ਸੀ ਕਿ ਸੰਤ ਅੰਦਰ ਮਾਰਿਆ ਗਿਐ। ਸੱਤ ਤਰੀਕ ਨੂੰ ਸਾਰੀ ਗਲੀ, ਸਾਰੇ ਬਜ਼ਾਰ ਤੇ ਹਰ ਨੁੱਕਰ ਫੌਜ ਤੇ ਪੰਜਾਬ ਪੁਲਸ ਨੇ ਘੇਰ ਲਈ। ਉਹ ਡਰ ਗਏ ਕਿ ਵਿਹੜੇ ਨੇ ਕੀ ਕਰ ਦਿੱਤੈ? ਪਰ ਹੌਲੀ-ਹੌਲੀ ਪੰਜਾਬ ਪੁਲਸ ਕੋਲੋਂ ਗੱਲ ਪਤਾ ਲੱਗੀ ਕਿ ਵੱਲੇ ਵਾਲੀ ਪੁਰਾਣੀ ਚੁੰਗੀ ਤੇ ਪੰਝੀ-ਤੀਹ ਹਜ਼ਾਰ ਸਿੱਖਾਂ ਦਾ ਮਾਰਖੋਰਾ ਗਰੁੱਪ ਜਾਨਾਂ ਤਲੀ ‘ਤੇ ਧਰ ਕੇ ਹਰਮੰਦਰ ਵਲ ਵਧ ਰਿਹਾ ਹੈ, ਉਹਨਾਂ ਦੀ ਸਿੱਧੀ ਹੱਥੋ-ਹੱਥ ਲੜਾਈ ਫੌਜ ਨਾਲ ਹੋ ਪਈ ਹੈ। ਮਗਰੋਂ ਪਤਾ ਲੱਗਾ ਕਿ ਅਕਾਲ ਤਖ਼ਤ ਦੇ ਜਥੇਦਾਰ ਭਾਈ ਕਿਰਪਾਲ ਸਿੰਘ ਉਥੇ ਅਪੜ ਗਏ ਸਨ। ਉਹਨਾਂ ਦੇ ਕਹਿਣ ‘ਤੇ ਸਿੱਖ ਘਰਾਂ ਨੂੰ ਪਰਤ ਗਏ ਸਨ। ਨਾਲ ਦੀ ਨਾਲ ਹੀ ਫੌਜ ਨੇ ਕੁੱਤੀ ਵਿਹੜਾ ਤੇ ਉਹਦੇ ਨਾਲ-ਨਾਲ ਹਰਿਮੰਦਰ ਸਾਹਿਬ ਵਲ ਜਾਂਦੇ ਸਾਰੇ ਰਾਹਾਂ ਦੇ ਨਾਕੇ ਚੁੱਕ ਲਏ ਸਨ। ਪਰ ਕਰਫਿਊ ਜਾਰੀ ਸੀ!
****
ਅੱਠ ਜੂਨ ਦੀ ਸਵੇਰ ਥਾਣਾ ਬੀ. ਡਵੀਜ਼ਨ ਦੇ ਸਿਪਾਹੀ ਕੁੱਤੀ ਵਿਹੜੇ ਆ ਵੜੇ। ਉਨ੍ਹਾਂ ਨਾਲ ਮਦਰਾਸ ਰਜਮੈਂਟ ਦਾ ਮੇਜਰ ਸੀ। ਹੌਲਦਾਰ ਮਹਿੰਦਰੀ, ਜੀਹਨੂੰ ਵਿਹੜੇ ਦਾ ਬੱਚਾ-ਬੱਚਾ ਜਾਣਦਾ ਸੀ, ਸਿੱਧਾ ਹੀ ਕਹਿਣ ਲੱਗਾ -
‘ਓ ਸੁਣੋ ਉਏ! ਹਰਮੰਦਰ ਸਾਹਿਬ ‘ਚੋਂ ਲੋਥਾਂ ਚੁੱਕਣੀਆਂ ਨੇ ਤੇ ਉਹਨਾਂ ਦਾ ਸਾਂਝਾ ਸਸਕਾਰ ਕਰਨੈ। ਬੰਦੇ ਥੋੜ੍ਹੇ ਨੇ ਤੇ ਲਾਸ਼ਾਂ ਬਹੁਤੀਆਂ ਜੇ! ਤੁਹਾਡੇ ਵਿਚੋਂ ਕੋਈ ਜੇ ਦਿਹਾੜੀ ਕਰਨਾ ਚਾਹੁੰਦੈ ਤਾਂ ਹੁਣੇ ਟੁਰ ਪਏ, ਦਿਹਾੜੀ ਦਾ ਕੋਈ ਅੰਤ ਨਹੀਂ ਜੇ! ਇਕ ਜਾਂ ਦੋ ਦਿਨ ਲਗਣੇ ਨੇ, ਤੇ ਰੁਪਈਆ ਚਾਰ-ਪੰਚ ਸੌ ਹੱਥ ਲੱਗ ਜੂ ਤੇ ਬਾਕੀ ਰਹੀ ਸ਼ਰਾਬ! ਫੌਜ ਨੇ ਕਿਹਾ ਕਿ ਸ਼ਰਾਬ ਨਾਲ ਤੁਹਾਨੂੰ ਲੋਹੜ ਦਿਆਂਗੇ!’’
ਸਭ ਪਾਸੇ ਚੁੱਪ ਵਰਤ ਗਈ। ਫੇਰ ਮਹਿੰਦਰੀ ਨੇ ਦੁਬਾਰਾ ਪੁੱਛਿਆ -
‘ਬੋਲ ਬਈ ਪ੍ਰੀਤਮਾ?’
…ਪ੍ਰੀਤਮ ਕੀ ਬੋਲਦਾ? ਕਿਉਂਕਿ ਉਹਨਾਂ ਸਭਨਾਂ ਦੇ ਮਨ ਵਿਚ ਦੁਚਿੱਤੀ ਆ ਗਈ ਸੀ। ਪੈਸੇ ਹਰ ਕੋਈ ਕਮਾਣਾ ਚਾਹੁੰਦਾ ਸੀ, ਪਰ ਹਰ ਕੋਈ ਹਰਿਮੰਦਰ ਦੇ ਸਰਾਪ ਤੋਂ ਡਰਦਾ ਸੀ। ਹਰਿਮੰਦਰ ਉਹਨਾਂ ਦੇ ਅੰਦਰ ਤੇ ਵੱਸਦਾ ਹੀ ਸੀ, ਭਾਵੇਂ ਕਹਿਣ ਨੂੰ ਉਹ ਹਸਾਈ ਸਨ।
‘‘ਉਏ, ਵਹਿਮ ਛੱਡੋ। ਸਿੱਖ ਤੇ ਮੈਂ ਵੀ ਆਂ। ਗੁਰੂ-ਘਰ ਦੀ ਸਫਾਈ ਸਮਝ ਕੇ ਹੀ ਕੰਮ ਕਰ ਦਿਓ। ਲਾਸ਼ਾਂ ਵਿਚ ਬੋ ਪੈ ਚੱਲੀ ਏ।’’ ਮਹਿੰਦਰੀ ਨੇ ਸਪੱਸ਼ਟ ਕਿਹਾ।
ਉਹਦੇ ਏਨਾ ਕਹਿਣ ‘ਤੇ ਕਈ ਤਿਆਰ ਹੋ ਪਏ। ਪ੍ਰੀਤਮ ਪ੍ਰਧਾਨ, ਕੀਮਤੀ, ਬੱਬੀ, ਤੁਰੀਂ ਬਾਦਸ਼ਾਹ, ਛੋਟੇ ਡੂਨਾ-ਪਾਪੜੀ ਤੇ ਹੋਰ ਤਿੰਨ-ਚਾਰ ਜਣੇ ਉਸੇ ਵੇਲੇ ਟੁਰ ਪਏ। ਅਗੇ ਜਾ ਕੇ ਉਨ੍ਹਾਂ ਵੇਖਿਆ ਕਿ ਬੁੱਢੇ ਬੋਦੂ ਤੇ ਦੀਸ਼ਾ ਵੀ ਪਰ੍ਹੇ ਕਸਾਈ ਵਿਹੜੇ ਦੇ ਸਕੂਲ ਦੇ ਬਾਹਰ ਬੈਠੇ ਹਨ। ਉਹਨਾਂ ਸੈਣਤ ਮਾਰ ਕੇ ਉਹਨਾਂ ਨੂੰ ਵੀ ਨਾਲ ਰਲਾ ਲਿਆ ਸਾਰੇ ਰਲ ਕੇ ਫੌਜ ਦੇ ਮਿੰਨੀ ਟਰੱਕ ਵਿਚ ਚੜ੍ਹ ਗਏ।
ਟਰੱਕ ਅੱਧੇ ਮਿੰਟ ਦੇ ਵਕਫ਼ੇ ਨਾਲ ਹੀ ਘੰਟਾ-ਘਰ ਜਾ ਖੜੋਤਾ। ਉਥੋਂ ਦਾ ਦ੍ਰਿਸ਼ ਬੜਾ ਭਿਆਨਕ ਸੀ। ਤਕਰੀਬਨ ਸੱਤਰ-ਅੱਸੀ ਬੁੱਢੇ ਸਿੱਖ ਕੈਦੀ ਉਹਨਾਂ ਦੀਆਂ ਆਪਣੀਆਂ ਪੱਗਾਂ ਨਾਲ ਹੱਥ ਪਿੱਛੇ ਬੰਨ੍ਹ ਕੇ ਬਿਠਾਏ ਹੋਏ ਸਨ। ਸਾਰੇ ਹੀ ਸੱਤਰਾਂ ਦੇ ਆਸ-ਪਾਸ ਦੀ ਉਮਰ ਦੇ ਸਨ। ਅਮੀ ਚੰਦ ਸੋਢੇ ਵਾਲੇ ਦੀ ਦੁਕਾਨ ਤੋਂ ਲੈ ਕੇ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ ਦੇ ਸਟਾਲ ਤੱਕ ਫੌਜੀ ਖੜ੍ਹੇ ਸਨ। ਵਿਚ-ਵਿਚ ਉਹ ਬਿਨਾਂ ਕਿਸੇ ਗੱਲ ਦੇ ਬੁੱਢਿਆਂ ਨੂੰ ਠੁੱਡ ਮਾਰਨ ਲੱਗ ਪੈਂਦੇ ਸਨ। ਨਾਲ ਹੀ ਉੱਚੀ-ਉੱਚੀ ਬੋਲਦੇ-
‘‘ਗਰਦਨ ਨੀਚੇ….।’’
ਕੁੱਤੀ ਵਿਹੜੇ ਵਾਲੇ ਇਹ ਸੀਨ ਵੇਖ ਕੇ ਦਹਿਲ ਗਏ। ਕਲੇਜੇ ਉਹਨਾਂ ਦੇ ਮੂੰਹ ਨੂੰ ਆ ਗਏ। ਪਰ ਏਨੇ ਨੂੰ ਅੰਬਰਸਰ ਸ਼ਹਿਰ ਦਾ ਐੱਸ. ਐੱਸ. ਪੀ. ਸੀਤਲ ਦਾਸ ਆ ਗਿਆ। ਉਹਦਾ ਇਸ਼ਾਰਾ ਪਾ ਕੇ ਪੰਜਾਬ ਪੁਲਸ ਦੇ ਸਿਪਾਹੀ ਉਹਨਾਂ ਸਭਨਾਂ ਨੂੰ ਹਰਿਮੰਦਰ ਦੇ ਅੰਦਰ ਲੈ ਗਏ।
…ਹਰਿਮੰਦਰ ਦੇ ਅੰਦਰ ਜਾਣ ਵੇਲੇ ਕੁੱਤੀ ਵਿਹੜੇ ਦੇ ਹਰ ਬੰਦੇ ਨੇ ਸਿਰ ‘ਤੇ ਸਾਫਾ ਬੰਨ੍ਹਿਆ ਤੇ ਜੋੜੇ ਲਾਹੇ। ਪੰਜਾਬ ਪੁਲਸ ਦੇ ਹਰ ਜਵਾਨ ਨੇ ਜੋੜੇ ਲਾਹੇ। ਪਰ ਅੰਦਰ ਜਾ ਕੇ ਵੇਖਿਆ ਕਿ ਮਦਰਾਸ ਰਜਮੈਂਟ ਦੇ ਹਰ ਜਵਾਨ ਦੇ ਬੂਟ ਪਾਏ ਹੋਏ ਸਨ। ਬਾਬੇ ਦੀਪ ਸਿੰਘ ਸ਼ਹੀਦ ਦੀ ਜਗ੍ਹਾ ਕੋਲ ਟੈਂਕ ਵੀ ਖੜ੍ਹਾ ਸੀ। ਥਾਂ-ਥਾਂ ਲੱਤਾਂ-ਬਾਹਾਂ, ਸਿਰ ਤੇ ਕਿਤੇ-ਕਿਤੇ ਪੂਰੀਆਂ ਲੋਥਾਂ ਪਈਆਂ ਸਨ। ਕੰਧਾਂ ‘ਤੇ ਕਈ ਥਾਈਂ ਲੱਤਾਂ-ਬਾਹਾਂ ਦੇ ਲੋਥੜੇ ਚੰਬੜੇ ਹੋਏ ਸਨ। ਬੋਦੇ ਤੇ ਦੀਸ਼ੇ ਬੁੱਢੇ ਦੇ ਇਲਾਵਾ ਹਰ ਦਿਲ ਦਹਿਲ ਗਿਆ ਸੀ। ਪ੍ਰੀਤਮ ਦੇ ਕੰਨ ‘ਚ ਛੋਟਾ ਡੂਨਾ-ਪਾਪੜੀ ਕਹਿਣ ਲੱਗਾ।
‘‘ਪਰਤ ਜਾਵਾਂ? ਮੈਨੂੰ ਉਲਟੀ ਆਉਂਦੀ ਹੈ।’’
ਪ੍ਰੀਤਮ ਨੇ ਸਿਆਣਪ ਕੀਤੀ ਕਿ ਉਹਦਾ ਹੱਥ ਫੜ ਕੇ ਰੋਕ ਲਿਆ। ਫੇਰ ਪੰਜਾਬ ਪੁਲਸ ਦੇ ਜਵਾਨਾਂ ਦੀ ਮਦਦ ਨਾਲ ਸਭ ਸਟਰੈਚਰ ਲੈ ਕੇ ਲੋਥਾਂ ਦੇ ਟੋਟੇ ਇਕੱਠੇ ਕਰਨ ਲੱਗ ਪਏ। ਥੋੜ੍ਹੀ-ਥੋੜ੍ਹੀ ਦੇਰ ਬਾਅਦ ਖੜ੍ਹੇ ਟਰੱਕਾਂ ਵਿਚ ਲੱਦੀ ਜਾ ਰਹੇ ਸਨ। ਦੁਪਹਿਰ ਤੱਕ ਉਹਨਾਂ ਕੜਾਹ-ਪ੍ਰਸ਼ਾਦ ਦੀ ਪਰਚੀ ਪਾਸੇ ਤੱਕ ਦੀਆਂ ਸਾਰੀਆਂ ਨੁੱਕਰਾਂ ਸਾਫ ਕਰ ਲਈਆਂ ਸਨ। ਕਮਰਾ ਨੰਬਰ ਉੱਨੀ ਕੋਲ ਉਹਨਾਂ ਨੂੰ ਗਿਆਰਾਂ ਛੋਟੇ ਬੱਚਿਆਂ ਤੇ ਇਕ ਉਹਨਾਂ ਦੀ ਟੀਚਰ ਜਾਪਦੀ ਔਰਤ ਦੀਆਂ ਲੋਥਾਂ ਮਿਲੀਆਂ। ਸਭੇ ਗੋਲੀਆਂ ਨਾਲ ਵਿੰਨ੍ਹੀਆਂ ਸਨ। ਅਕਾਲ ਤਖ਼ਤ ਵਲ ਜਾਣਾ ਮਨ੍ਹਾ ਸੀ। ਕੜਾਹ ਪ੍ਰਸ਼ਾਦ ਵਾਲੇ ਕੜਾਹਿਆਂ ਵਾਲੇ ਕਮਰੇ ਵਿਚ ਦੋ ਝੁਲਸੀਆਂ ਖੋਪੜੀਆਂ ਸਨ। ਉਹ ਤੇ ਉਹਨਾਂ ਚੁੱਕ ਕੇ ਸਟਰੈਚਰਾਂ ਤੇ ਰੱਖ ਲਈਆਂ, ਪਰ ਬੱਚਿਆਂ ਦੀਆਂ ਲੋਥਾਂ ਚੁੱਕਣ ਵੇਲੇ ਸਭ ਦੇ ਦਿਲ ਰੋ ਪਏ। ਸਿਰਫ ਪੱਕੇ ਬੁੱਢੇ ਬੋਦੂ ਤੇ ਦੀਸ਼ੇ ਦੇ ਚਿਹਰੇ ਸਪਾਟ ਸਨ। ਉਹਨਾਂ ਲਈ ਤੇ ਇਹ ਸਭ ਆਮ ਸੀ। ਭਾਵੇਂ ਫੌਜੀਆਂ ਵਲੋਂ ਪੂਰੀ ਛੁੱਟੀ ਸੀ ਕਿ ਲਾਸ਼ਾਂ ਦੇ ਪਾਇਆ ਸੋਨਾ ਲਾਹ ਲਵੋ, ਤੁਹਾਡਾ ਹੀ ਹੈ!
ਤੇ ਜੇਬਾਂ ਵਿਚੋਂ ਪੈਸਾ ਜਿੰਨਾ ਲੱਭੇ, ਤੁਹਾਡਾ ਹੈ! ਪਰ ਮਜਾਲ ਹੈ, ਕਿਸੇ ਹੱਥ ਲਾਇਆ, ਸਿਵਾਇ ਬੋਦੇ ਤੇ ਦੀਸ਼ੇ ਦੇ! ਤੇ ਜਾਂ ਫੇਰ ਮੱਘੇ ਦੇ, ਜੀਹਨੂੰ ਸੋਨੇ ਦੀ ਛਾਪ ਸਾਹਮਣੇ ਪਈ ਦਿਸ ਗਈ ਤੇ ਉਹਨੇ ਚੁੱਕ ਕੇ ਜੇਬ ਵਿਚ ਪਾ ਲਈ। ਸ਼ਾਮ ਤੱਕ ਜਿੰਨਾ ਕੰਮ ਹੋ ਗਿਆ, ਉਹਨਾਂ ਕਰ ਦਿੱਤਾ ਤੇ ਫੌਜੀ ਉਹਨਾਂ ਨੂੰ ਲੋਥਾਂ ਦੇ ਨਾਲ ਹੀ ਟੱਰਕਾਂ ਵਿਚ ਬਿਠਾ ਕੇ ਨਾਲ ਲੈ ਗਏ। ਹੁਕਮ ਇਹ ਸੀ ਕਿ ਦੁਰਗਿਆਣਾ ਮੰਦਰ ਤੋਂ ਪਰ੍ਹੇ ਜਿਹੜਾ ਰਾਵਣ ਸਾੜਨ ਵਾਲਾ ਮੈਦਾਨ ਹੈ, ਉਥੇ ਇਹਨਾਂ ਲਾਸ਼ਾਂ ਦਾ ਸਮੂਹਕ ਸੰਸਕਾਰ ਕਰਨਾ ਹੈ। ਟਰੱਕ ਜਦੋਂ ਹਾਥੀ ਗੇਟ ਟੱਪੇ ਤੇ ਦੁਰਗਿਆਣੇ ਦੇ ਕੋਲੋਂ ਇਕ ਗਲੀ ਪਾਟਦੀ ਸੀ, ਜਿਹੜੀ ਸਿੱਧੀ ਹਿੰਦੂ ਕਾਲਜ ਨੂੰ ਜਾਂਦੀ ਸੀ, ਉਥੇ ਦੋ ਕੁ ਸੌ ਸ਼ਹਿਰੀ ਬਾਊ ਤੇ ਲਾਲੇ ਤੇ ਲਾਲੀਆਂ ਭੰਗੜੇ ਪਾ ਰਹੇ ਸਨ। ਟਰੱਕ ਆਉਂਦੇ ਦੇਖ ਉਹ ਮਦਰਾਸ ਰਜਮੈਂਟ ਦੇ ਹਰ ਜਵਾਨ ਨੂੰ ਟਰੱਕ ਰੋਕ-ਰੋਕ ਕੇ ਲੱਡੂ ਖਵਾ ਰਹੇ ਸਨ, ਟਿੱਕੇ ਲਾ ਰਹੇ ਸਨ। ਨਾਲ-ਨਾਲ ਵਿਚ ਉਹ ਉੱਚੀ ਸਾਰੀ ਨਾਅਰੇ ਮਾਰਦੇ-
ਭਿੰਡਰੀਵਾਲਾ ਮਰ ਗਿਆ
ਤੇ ਮਾਮੀ ਰੰਡੀ ਕਰ ਗਿਆ
ਦੂਜਾ ਨਾਅਰਾ ਉਹ ਹੋਰ ਮਾਰਦੇ -
ਕੰਘਾ-ਕੜਾ ਤੇ ਕਿਰਪਾਨ
ਧੱਕ ਦਿੱਤਾ ਜੇ ਪਾਕਿਸਤਾਨ
ਪ੍ਰੀਤਮ ਪ੍ਰਧਾਨ, ਡੂਨਾ-ਪਾਪੜੀ ਤੇ ਉਹਨਾਂ ਦੇ ਸਾਥੀ ਬੜੇ ਹੈਰਾਨ ਸਨ। ਵਿਚੋਂ ਪ੍ਰੀਤਮ ਨੇ ਕਿਹਾ ਵੀ -
‘‘ਇਹਨਾਂ ਦੱਲਿਆਂ ਨੂੰ ਕਾਹਦੀ ਖੁਸ਼ੀ ਚੜ੍ਹੀ ਏ?’’
ਖਿੱਝਿਆ ਬੈਠਾ ਬੱਬੀ ਕਹਿਣ ਲੱਗਾ -
‘‘…ਇਹਨਾਂ ਭੈਣ…. ਨੂੰ ਮਾਸੂਮ ਬਾਲਾਂ ਦੀਆਂ ਲੋਥਾਂ ਤੇ ਵਖਾਓ ਜਰਾ।’’
…ਟਰੱਕ ਹੌਲੀ-ਹੌਲੀ ਚਲਦੇ ਉਹਨਾਂ ਭੀੜ ਵਾਲਿਆਂ ਲਾਲਿਆਂ ਕੋਲੋਂ ਲੰਘ ਕੇ ਦੁਰਗਿਆਣੇ ਵਲ ਮੁੜ ਗਏ। ਅਗੇ ਰਾਵਣ ਵਾਲੀ ਗਰਾਊਂਡ ਕੋਲ ਜਾ ਕੇ ਸਭਨਾਂ ਵੇਖਿਆ ਵੱਡੇ-ਵੱਡੇ ਟੋਏ ਫੌਜੀਆਂ ਪੁੱਟੇ ਹੋਏ ਸਨ। ਨਾਮਾਤਰ ਲੱਕੜਾਂ ਸਨ। ਫੌਜੀਆਂ ਦਾ ਇਸ਼ਾਰਾ ਪਾ ਕੇ ਪ੍ਰੀਤਮ ਹੁਰਾਂ ਸਭੇ ਲਾਸ਼ਾਂ ਤੇ ਲੋਥੜੇ ਟੋਇਆਂ ਵਿਚ ਪਾ ਦਿੱਤੇ ਤੇ ਪਰ੍ਹੇ ਹੋ ਕੇ ਖੜੋ ਗਏ। ਫੌਜੀਆਂ ਨੇ ਹਰ ਟੋਏ ਤੇ ਪੈਟਰੋਲ ਛਿੜਕਿਆ ਤੇ ਲਾਂਬੂ ਲਾ ਦਿੱਤੇ…..!’
ਵਾਪਸੀ ਤੇ ਪ੍ਰੀਤਮ ਹੁਰਾਂ ਨੂੰ ਪ੍ਰਤੀ ਜੀਅ ਮਜ਼ਦੂਰੀ ਵਜੋਂ ਦੋ-ਦੋ ਸੋ ਰੁਪਏ ਤੇ ਇਕ-ਇਕ ਬੋਤਲ ਮਿਲੀ। ਬੋਤਲ ਦੀ ਅੱਜ ਬੜੀ ਲੋੜ ਸੀ!
…ਘਰ ਜਾ ਕੇ ਹਰ ਇਕ ਨੇ ਦਾਰੂ ਪੀਤੀ ਤੇ ਪੀਤੀ ਹੋਈ ਵਿਚ ਹੀ ਆਪੋ-ਆਪਣੇ ਟੱਬਰਾਂ ਨੂੰ ਤੇ ਪਤਨੀਆਂ-ਬੱਚੀਆਂ ਨੂੰ ਅੱਜ ਦੀ ਲੋਥਾਂ ਵਾਲੀ ਵਿਥਿਆ ਸੁਣਾਈ।
****
ਰਾਤ ਸਭਨਾਂ ਦੀ ਹੀ ਅੱਖਾਂ ਵਿਚ ਦੀ ਲੰਘੀ। ਬੱਚੇ ਵੀ ਡਰੇ ਹੋਏ ਸਨ ਤੇ ਕਿਤੇ-ਕਿਤੇ ਉਹਨਾਂ ਨੂੰ ਆਪਣੇ ਵਡੇਰਿਆਂ ਦੇ ਡਸਕੋਰੇ ਸੁਣਦੇ ਸਨ।
ਪਰ ਜੇ ਕੋਈ ਖੁਸ਼ ਸਨ, ਤਾਂ ਬੋਦੂ ਤੇ ਦੀਸ਼ਾ ਸਨ। ਉਹਨਾਂ ਦੇ ਢਿੱਡ ਵਿਚ ਰੱਜਵੀਂ ਰੋਟੀ ਤੇ ਸ਼ਰਾਬ ਸੀ। ਜੇਬਾਂ ਵਿਚ ਸੋਨੇ ਦੀਆਂ ਮੁੰਦੀਆਂ, ਚੇਨੀਆਂ ਤੇ ਨੋਟ ਸਨ।
….ਦੀਸ਼ਾ ਤੇ ਮਗਰੋਂ ਵੀ ਕਈ ਸਾਲ ਇਹੀ ਉਡੀਕਦਾ ਰਿਹਾ ਸੀ ਕਿ ਇਕ-ਅੱਧ ਹੋਰ ਬਲੂ-ਸਟਾਰ ਕਦੋਂ ਹੋਏਗਾ? ਉਹਨੂੰ ਤੇ ਬੋਦੂ ਨੂੰ ਮੁੱਖ ਮੰਤਰੀ ਬਰਨਾਲੇ ਵਲੋਂ ਦੋ ਸਾਲ ਬਾਅਦ ਕਰਵਾਏ ਆਪ੍ਰੇਸ਼ਨ ਬਲੈਕ-ਥੰਡਰ ਵੇਲੇ ਵੀ ਇਹੀ ਅਫਸੋਸ ਰਿਹਾ ਸੀ ਕਿ ਇਸ ਵਾਰ ਬਲੂ ਸਟਾਰ ਵਰਗੀ ਮੌਜ ਕਿਉਂ ਨਹੀਂ ਸੀ ਲੱਗੀ…?
***
ਇਹ ਸਮੇਂ ਬੜੇ ਵੀਰਾਨੀ ਦੇ ਸਨ। ਬਹੁਤਾ ਕਰਕੇ ਵਪਾਰੀ ਹਰਮੰਦਰ ਵਾਲੇ ਪਾਸੇ ਨਹੀਂ ਸਨ ਆ ਰਹੇ। ਉਹ ਸ਼ਹਿਰ ਦੇ ਬਾਕੀ ਹਿੱਸਿਆਂ ਵਿਚ ਵਣਜ ਕਰ, ਵੇਚ-ਵੱਟ ਕੇ ਟੁਰ ਜਾਂਦੇ ਸਨ। ਕੁੱਤੀ ਵਿਹੜੇ ਦੇ ਵਿਹਲੜ, ਜਿਹੜੇ ਪਹਿਲੇ ਅਫ਼ਗਾਨਾਂ ਦੇ ਪਿੰਡਿਆਂ ‘ਤੇ ਤੇਲ ਮੱਲਦੇ ਤੇ ‘ਖੋਜਿਆਂ’ ਤੇ ਪੱਤਰੀਆਂ ਵਾਚਦੇ ਭਾਟੜਿਆਂ ਦੀਆਂ ਲੱਤਾਂ ਘੁੱਟ ਕੇ ਬਖਸ਼ੀਸ਼ਾਂ ਲੈਂਦੇ ਸਨ, ਅੱਜਕੱਲ੍ਹ ਤੰਗ ਸਨ। ਵਿਹੜੇ ਦੀਆਂ ਜਿਹੜੀਆਂ ਚੂਹੜੀਆਂ ਘਰਵਾਲਿਆਂ ਦੀ ਮਰਜ਼ੀ ਨਾਲ ਧੰਦਾ ਕਰਕੇ ਚਾਰ ਛਿੱਲੜ ਬਣਾ ਲਿਆਂਦੀਆਂ ਸਨ, ਉਹ ਕੁਛ ਸੌਖੀਆਂ ਸਨ। ਪਰ ਉਹ ਅਫਗਾਨ ਗਾਹਕਾਂ ਕੋਲੋਂ ਬੜਾ ਬਚ ਕੇ ਚਲਦੀਆਂ, ਕਿਉਂਕਿ ਉਹ ਪੈਸੇ ਦੇਣ ਵਿਚ ਤਾਂ ਠੀਕ ਸਨ, ਪਰ ਪੁੱਠੀ-ਸਿੱਧੀ ਫਟੀਕ ਬੜੀ ਕਰਵਾਂਦੇ ਸਨ!
ਇਨ੍ਹੀਂ ਦਿਨੀਂ ਹੀ ਬੱਬੇ ਚੂਹੜੇ ਨੇ ਬੜਾ ਖੁੱਲ੍ਹਾ ਖਰਚ ਕਰਨਾ ਸ਼ੁਰੂ ਕਰ ਦਿੱਤਾ। ਉਹ ਨੌਜੁਆਨ ਸੀ ਤੇ ਕੁਆਰਾ! ਘਰ ਵੀ ਉਹਨੇ ਮਾਂ-ਪਿਉ ਨੂੰ ਕਈ ਵਾਰ ਕੁਛ ਨਕਦੀ ਫੜਾ ਦੇਣੀ, ਜਾਂ ਫੇਰ ਕਣਕ ਲੈ ਦੇਣੀ। ਵਿਚ-ਵਿਚ ਚਰਬੀ ਦੀ ਪੀਪੀ ਜਾਂ ਸਰ੍ਹੋਂ ਦਾ ਤੇਲ ਵੀ ਲੈ ਕੇ ਦੇ ਜਾਣਾ। ਕਦੀ-ਕਦੀ ਉਹਦੇ ਨਾਲ ਉਹਦੀ ਉਮਰ ਦਾ ਹੀ ਜੋਟੀਦਾਰ ਮੁੰਡਾ ਕੀਪਾ ਵੀ ਹੋਣਾ, ਤੇ ਦੋਹਾਂ ਨੇ ਚੰਗੀ ਰਹਿਤਲ ਰੱਖ ਕੇ ਵਿਹੜੇ ਵਾਲਿਆਂ ਨੂੰ ਵਿਖਾਣੀ। ਭੁੱਖ ਨਾਲ ਘੁਲਦੇ ਤੇ ਬੋ-ਮਾਰੇ ਕੱਪੜਿਆਂ ਵਾਲੇ ਵਿਹੜੇ ਵਿਚ, ਇਹਨਾਂ ਦੀ ਰਹਿਤਲ ਵੇਖ ਕੇ ਕਈ ਮਗਰ ਲੱਗੇ ਕਿ ਆਖਰ ਏਸ ਖੁਸ਼ਹਾਲੀ ਦਾ ਭੇਦ ਕੀ ਹੈ?
ਗੱਲ ਪਰ ਬਾਹਰ ‘ਮੁੱਚਰ ਘੇਬੇ’ ਨੇ ਕੱਢੀ ਸੀ! ਗੱਲ ਕੱਢਣ-ਕੱਢਾਣ ਤੇ ਲਾਣ-ਬੁਝਾਣ ਦਾ ਮਾਹਰ ਮੁੱਚਰ ਜਿਸ ਦਾ ਅਸਲੀ ਨਾਂ ਘੇਬਾ ਸੀ, ਪਰ ਕਹਿੰਦੇ ਸਾਰੇ ਉਹਨੂੰ ਮੁੱਚਰ ਹੀ ਸਨ। ਮੁੱਚਰ ਤੇ ਉਹਦੀ ਘਰਵਾਲੀ ਦੇ ਭਾਗ ਏਨੇ ਫੁੱਟੇ ਹੋਏ ਸਨ ਕਿ ਉਹਨਾਂ ਦੇ ਘਰ ਹਰ ਵਾਰ ਜਦ ਔਲਾਦ ਹੁੰਦੀ, ਕਦੀ ਬੱਚਾ-ਬੱਚੀ ਨਾ ਹੁੰਦਾ, ਸਗੋਂ ਹਰ ਵਾਰ ਮੁੱਚਰ ਦੀ ਵਹੁਟੀ ‘ਦੌਲੇ ਸ਼ਾਹ ਦੇ ਚੂਹੇ-ਚੂਹੀਆਂ’ ਜੰਮਦੀ ਸੀ। ਪਹਿਲੇ ਇਕ ਦੋ ਚੂਹੇ ਤੇ ਮੁੱਚਰ ਮਹੀਨੇ-ਦੋ ਮਹੀਨੇ ਦੇ ਕਰਕੇ ਪੀਰ ਲਾਲਾਂ ਵਾਲੇ ਦੇ ਦਰ ਤੇ ਰੱਖ ਆਉਂਦਾ ਰਿਹਾ ਸੀ। ਵਿਚ ਇਕ-ਅੱਧ ਦੌਲੇ ਸਾਹ ਦੇ ਚੂਹੇ ਦੇ ਰੂਪ ਵਾਲੇ ਬੱਚੇ ਨੂੰ ਉਹਨਾਂ ਦੋਹਾਂ ਨੇ ਦਾਈ ਦੀ ਮਦਦ ਨਾਲ ਅੱਕ ਚੱਟਾ ਕੇ ਮਾਰ ਵੀ ਦਿੱਤਾ ਸੀ। ਫੇਰ ਪਤਾ ਨਹੀਂ ਦੋਹਾਂ ਮੀਆਂ ਬੀਵੀ ਦੇ ਦਿਲ ਵਿਚ ਕੀ ਆਇਆ, ਉਹਨਾਂ ਫੈਸਲਾ ਕੀਤਾ ਸੀ ਕਿ ਹੁਣ ਬੱਚੇ ਰੱਖ ਲੈਣੇ ਨੇ! ਅਗਲੀ ਵਾਰ ਦੋ ਇਕੱਠੀਆਂ ਦੋਲੇ ਸ਼ਾਹ ਦੀਆਂ ਚੂਹੀਆਂ ਉਹਨਾਂ ਘਰ ਪੈਦਾ ਹੋਈਆਂ।
ਦੋਹੇਂ ਕੁੜੀਆਂ ਦੇ ਰੂਪ ਵਿਚ ਸਨ। ਮੁੱਚਰ ਤੇ ਉਹਦੀ ਬੀਵੀ ਨੇ ਦੋਹੇਂ ਪਾਲ ਲਈਆਂ। ਉਹਨਾਂ ਦੇ ਬਾਕੀ ਸਾਰੇ ਹੀ ਕਾਰ-ਵਿਹਾਰ ਬਾਕੀ ਬੱਚਿਆਂ ਵਾਂਗ ਸਨ, ਪਰ ਇਕ ਤੇ ਬੋਲ ਨਹੀਂ ਸਨ ਸਕਦੀਆਂ, ਸਿਰਫ ਚੀਕ ਮਾਰ ਕੇ ਲੋੜ ਦੱਸਦੀਆਂ। ਦੂਸਰੇ ਉਹਨਾਂ ਦੇ ਦੋ-ਦੋ ਫੁੱਟ ਦੇ ਸਰੀਰ ਤੇ ਪੂਰੇ ਬੰਦੇ ਜਿੱਡੇ ਸਿਰ, ਸਾਰੀ ਗਲੀ-ਵਿਹੜੇ ਨੂੰ ਡਰਾ ਦਿੰਦੇ। ਪਰ ਵਿਹੜਾ ਉਹਨਾਂ ਨੂੰ ਸਾਈਂ ਦੌਲੇ ਦਾ ਪਰਸ਼ਾਦ ਸਮਝ ਕੇ ਸਤਿਕਾਰ ਦਿੰਦਾ। ਦੋਹੇਂ ਕੁੜੀਆਂ (ਚੂਹੀਆਂ) ਭਾਵੇਂ ਹੁਣ ਤਕਰੀਬਨ ਅਠਾਰਾਂ-ਵੀਹ ਦੀਆਂ ਸਨ, ਪਰ ਵਧੇਰੇ ਕਰਕੇ ਨੰਗੀਆਂ ਹੀ ਰਹਿੰਦੀਆਂ ਤੇ ਜਿਥੇ ਜੀ ਕਰਦਾ, ਗਲੀ ਵਿਚ ਟੱਟੀ-ਪਿਸ਼ਾਬ ਕਰ ਦਿੰਦੀਆਂ।
ਮੁੱਚਰ ਤੇ ਉਹਦੀ ਵਹੁਟੀ ਅਕਸਰ ਉਹਨਾਂ ਚੀਕਾਂ ਮਾਰਦੀਆਂ ਚੂਹੀਆਂ ਨੂੰ ਢਕਦੇ ਰਹਿੰਦੇ।
…ਕੁਦਰਤ ਦੇ ਸੰਤਾਪ ਦਾ ਮਾਰਿਆ ਮੁੱਚਰ ਚੁਗਲਖੋਰ ਬਣ ਗਿਆ ਸੀ।
ਗੱਲ ਵੀ ਉਹਨੇ ਹੀ ਬਾਹਰ ਕੱਢੀ ਕਿ ਬੱਬੇ ਚੂਹੜੇ ਦੀ ਖੁਸ਼ਹਾਲੀ ਦਾ ਕੀ ਭੇਦ ਸੀ?
***
ਗੱਲ ਅਸਲ ਵਿਚ ਏਹ ਸੀ ਕਿ ਗੁਰੂ ਰਾਮਦਾਸ ਜੀ ਵਲੋਂ ਵਸਾਏ ਅੰਬਰਸਰ ਵਿਚ ਕੱਛ ਵਲੋਂ ਆਏ ਮਾਰਵਾੜੀ ਵੀ ਵਸਾਏ ਗਏ ਹਨ। ਜਿੰਨੇ ਮਾਰਵਾੜੀ ਆਏ, ਉਹਨਾਂ ਵਿਚੋਂ ਅੱਧਿਓਂ ਵਧ ਨੂੰ ਬੰਦਿਆਂ ਦੀ ਮੂਤੇਹਰ ਚੂਸਣ ਦਾ ਠਰਕ ਸੀ। ਇਹ ਠਰਕ ਪੀੜ੍ਹੀ-ਦਰ-ਪੀੜ੍ਹੀ ਉਹਨਾਂ ਨੂੰ ਮਿਲਦਾ ਰਿਹਾ ਸੀ। ਬਹੁਤੇ ਮਾਰਵਾੜੀ ਇਹਦੇ ਸਿ਼ਕਾਰ ਸਨ। ਇਸ ਕੰਮ ਲਈ ਤੇ ਅਮੀਰ ਮਾਰਵਾੜੀਆਂ ਨੇ ਕਈ-ਕਈ ਨੌਜੁਆਨ ਲੋਂਡੇ ਰੱਖੇ ਹੋਏ ਸਨ, ਜਿਨ੍ਹਾਂ ਦਾ ਕੰਮ ਹੀ ਸਿਰਫ ਆਪਣੇ ਮਾਰਵਾੜੀ ਮਾਲਕਾਂ ਨੂੰ ਦਿਹਾੜੀ ਵਿਚ ਇਕ ਅੱਧ ਵਾਰ ਆਪਣਾ ਮੂਤੇਹਰ ਚੁਸਵਾਣਾ ਸੀ। ਬਾਕੀ ਸਾਰਾ ਦਿਨ ਉਹ ਵਿਹਲੇ ਸਨ, ਤੇ ਉਹਨਾਂ ਨੂੰ ਬੱਝੀ ਤਨਖਾਹ ਮਿਲਦੀ ਸੀ।
…ਹੁਣ ਦਿਨੋਂ-ਦਿਨ ਮਾਰਵਾੜੀਆਂ ਕੋਲ ਏਸ ਕੰਮ ਦੇ ਨਿਪੁੰਨ ਕਲਾਕਾਰ ਘਟਦੇ ਜਾ ਰਹੇ ਸਨ। ਉਂਜ ਤੇ ਕਈ ਪਠਾਣ ਵੀ ਏਸ ਕੰਮ ਵਿਚ ਸਨ, ਪਰ ਪਤਾ ਨਹੀਂ ਕਿਵੇਂ, ਸਫਾਈ-ਸੇਵਾ ਦਾ ਕੰਮ ਕਰਦੇ ਬੱਬੇ ਚੂਹੜੇ ਨੂੰ ਉਹਦੇ ਮਾਲਕ ਨੇ ਏਸ ਕੰਮ ਲਈ ਰਾਜ਼ੀ ਕਰ ਲਿਆ ਸੀ! ਬੱਬੇ ਨੇ ਅੱਗੋਂ ਕੀਪੇ ਨੂੰ ਰਲਾ ਲਿਆ ਸੀ। ਤੇ ਦੋਹੇਂ ਚੰਗੀ ਕਮਾਈ ਕਰਨ ਲੱਗੇ। ਮਾਲਕਾਂ ਦਾ ਸਿਰਫ ਇਕੋ ਹੁਕਮ ਸੀ ਕਿ ਸਾਫ ਸੁਥਰੇ ਬਣ ਕੇ ਰਹਿਣਾ ਹੈ, ਤੇ ਭੇਦ ਰੱਖਣਾ ਹੈ।
….ਉਹ ਤੇ ਬੇੜੀ ਬਹਿ ਜਾਏ ਮੁੱਚਰ ਦੀ, ਜੀਹਦੇ ਕੋਲ ਬੱਬਾ ਨਸ਼ਾ ਪੀਤੇ ਵਿਚ ਗੱਲ ਕਰ ਬੈਠਾ। ਤੇ ਉਹਨੇ ਸਾਰੇ ਕੁੱਤੀ ਵਿਹੜੇ ਵਿਚ ਗੱਲ ਘੁੰਮਾ ਦਿੱਤੀ। ਪਲਾਂ ਵਿਚ ਹੀ ਸਾਰੇ ਵਿਹੜੇ ਵਿਚ ਗੱਲ ਫੈਲ ਗਈ।
ਲੋਕਾਂ ਬੱਬੇ ਤੇ ਕੀਪੇ ਦਾ ਲੰਘਣਾ ਔਖਾ ਕਰ ਦਿੱਤਾ। ਉਹ ਜਿਧਰੋਂ ਦੀ ਲੰਘਣ, ਵਿਹੜੇ ਆਲੇ ਛੇੜਨ, ਬੁਰਾ ਭਲਾ ਆਖਣ। ਅੱਕ ਕੇ ਬੱਬਾ ਤੇ ਕੀਪਾ, ਦੋਹੇਂ ਆਪੋ-ਆਪਣੀ ਟਬਰੀ ਲੈ ਕੇ ਪੱਤਰਾ ਵਾਚ ਗਏ। ਮੁੜ ਉਹ ਕਦੀ ਵੀ ਨਾ ਪਰਤੇ, ਸਗੋਂ ਸਮਾਂ ਪਾ ਕੇ ਆਪਣੇ ਹੋਰ ਅੰਗ-ਸਾਕ ਵੀ ਬੁਲਾ ਕੇ ਲੈ ਗਏ।
…ਦਰਅਸਲ ਉਹ ਕੰਢੀ ਵਲ ਟੁਰ ਗਏ ਸਨ। ਕੰਢੀ ਦਿਆਂ ਪਿੰਡਾਂ ਵਲ ਦੇ ਰਾਜਪੂਤਾਂ ਕੋਲ ਮੁਰਦੇ ਫੂਕਣ ਵਾਲੇ ਚੰਡਾਲ ਨਾਂਹ ਦੇ ਬਰਾਬਰ ਸਨ। ਉਥੋਂ ਦੇ ਬਾਹਮਣਾਂ ਤੇ ਰਾਜਪੂਤਾਂ ਵਿਚ ਚੰਡਾਲਾਂ ਦੀ ਭਾਰੀ ਮੰਗ ਸੀ, ਤੇ ਉਹ ਦੋਵੇਂ ਉਧਰ ਹੀ ਕਿਸੇ ਪਿੰਡ ਵਲ ਟਿਕ-ਟਿਕਾ ਗਏ।
….ਏਦਾਂ ਪਹਿਲੀ ਵਾਰ ਮਾਝੇ ਦੇ ਚੂਹੜਿਆਂ ਦਾ ਕੰਢੀ ਵਲ ਚੰਡਾਲ ਬਣ ਕੇ ਲਾਂਘਾ ਬਣਿਆ।
ਵਿਹੜੇ ਦੇ ਲੋਕਾਂ ਵਿਚ ਤੇ ਮਾਰ ਅੱਜ ਅੰਤਾਂ ਦਾ ਉਤਸ਼ਾਹ ਸੀ। ਪਤਾ ਲੱਗਾ ਸੀ ਕਿ ਲਾਹੌਰ ਦੇ ਹਾਕਮ ਨਾਲ ਸਿੱਖਾਂ ਦੇ ਬਾਬੇ ‘‘ਭਾਈ ਮਨੀ ਸਿੰਘ’’ ਨਾਲ ਇਸ ਵਾਰ ਹਰਿਮੰਦਰ ਸਾਹਿਬ ਦੀ ਦੀਵਾਲੀ ਲੌਣ ਦਾ ਸਮਝੌਤਾ ਹੋ ਗਿਆ ਸੀ।
ਚੂਹੜਿਆਂ ਨੂੰ ਅੱਜ ਏਸ ਗੱਲ ਦਾ ਬੜਾ ਚਾਅ ਸੀ, ਕਿਉਂਕਿ ਪਿੰਡਾਂ ਦੇ ਸਿੱਖ ਮੇਲੇ-ਮੁਸਾਹਬੇ ਦੇ ਦਿਨਾਂ ਵਿਚ ਹਰਮੰਦਰ ਦੇ ਬਾਹਰ ਬਿਨਾ ਕਿਸੇ ਦਰੇਗ ਦੇ, ਭਿੱਟ ਦੇ, ਸਭ ਨੂੰ ਕੜਾਹ ਦੇ, ਖੀਰ ਦੇ ਖੁੱਲ੍ਹੇ ਗੱਫੇ ਦਿੰਦੇ ਸਨ। ਜਿਨ੍ਹਾਂ ਮਾਈਆਂ-ਭਾਈਆਂ ਦੇ ਪੁੱਤ-ਪੋਤੇ ਉੱਦਣ ਪੱਗ ਰੱਖ ਕੇ ਸਿੱਖ ਬਣਦੇ ਸਨ, ਉਹ ਤੇ ਵਿਹੜੇ ਵਾਲਿਆਂ ਨੂੰ ਕੌਡਾਂ ਵੀ ਲੁੱਟਾਂਦੇ ਤੇ ਤਾਂਬੇ ਦੇ ਪੈਸਿਆਂ ਦੀ ਸੋਟ ਕਰਦੇ ਸਨ।…. ਪਰ ਇਹ ਕੀ?
…ਹਰਿਮੰਦਰ ਸਾਹਿਬ ਤੋਂ ਕਈ ਕਰਮਾਂ ਪਹਿਲਾਂ ਹੀ ਸਿਪਾਹੀ ਪਹਿਰੇ ਤੋਂ ਖੜ੍ਹੇ ਦਿੱਸਣ ਲਗ ਪਏ। ਜਿਉਂ-ਜਿਉਂ ਵਿਹੜੇ ਆਲੇ ਅਗੇ ਵਧੇ ਤਾਂ ਉਜਾੜ-ਬੀਆਬਾਨ ਤੇ ਮੌਤ ਵਰਗੀ ਚੁੱਪ-ਚਾਂ ਸੀ। ਇਕ ਗੱਲ ਇਹ ਸੀ ਕਿ ਸਿਪਾਹੀ ਉਹਨਾਂ ਨੂੰ ਰੋਕ ਨਹੀਂ ਸਨ ਰਹੇ। ਅੱਗੇ ਜਾ ਕੇ ਉਹਨਾਂ ਕੀ ਵੇਖਿਆ, ਪਈ ਕੁਝ ਸਿੱਖ, ਜਿਹੜੇ ਅਣਭੋਲ ਹੀ ਉਥੇ ਆ ਫਸੇ ਸਨ, ਉਹਨਾਂ ਨੂੰ ਮੁਸ਼ਕਾਂ ਬੰਨ੍ਹ ਕੇ ਸਿਪਾਹੀਆਂ ਨੇ ਭੁੰਜੇ ਬਿਠਾਇਆ ਹੋਇਆ ਸੀ।
…ਉਹ ਤ੍ਰਹਿ ਕੇ ਕਾਫੀ ਪਿੱਛੇ ਹੀ ਰੁਕ ਗਏ। ਉਹਨਾਂ ਨੂੰ ਵੇਖ ਕੇ ਦੂਰ ਖੜ੍ਹੇ ਸਿਪਾਹਸਲਾਰ ਨੇ ਉਹਨਾਂ ਬਾਰੇ ਉਥੋਂ ਦੇ ਸਥਾਨਕ ਤਸੀਲੀਏ ਕੋਲੋਂ ਕੁਝ ਦਰਿਆਫਤ ਕੀਤੀ। ਉਹਨਾਂ ਬਾਬਤ ਪਤਾ ਲੱਗਣ ਤੇ ਉਹਨੇ ਸਿਪਾਹੀਆਂ ਨੂੰ ਉਹਨਾਂ ਵਲ ਜੂਠ ਸੁੱਟਣ ਦਾ ਹੁਕਮ ਦਿੱਤਾ। ਹੁਕਮ ਪਾ ਕੇ ਸਿਪਾਹੀਆਂ ਤੇ ਲਾਂਗਰੀ ਨੇ ਉਹਨਾਂ ਵਲ ਅੱਧ-ਖਾਧੇ ਰੋਟੀਆਂ ਦੇ ਟੋਟੇ, ਚੂਸੀਆਂ ਹੋਈਆਂ ਬੋਟੀਆਂ ਤੇ ਬਚੇ ਹੋਏ ਜ਼ਰਦੇ ਦੇ ਪਤੀਲੇ ਖਾਲੀ ਕਰ ਦਿੱਤੇ। ਉਹ ਵੱਡੇ ਅਜੇ ਜੱਕੋਤਕ ਵਿਚ ਹੀ ਸਨ ਕਿ ਬੱਚੇ ਜੂਠ ਤੇ ਟੁੱਟ ਪਏ। ਵੱਡਿਆਂ ਦੇ ਦਿਲ ਪਰ ਬੁੱਝੇ ਹੋਏ ਸਨ। ਕਿਸੇ ਜੂਠ ਚੁੱਕੀ, ਕਿਸੇ ਨਹੀਂ ਤੇ ਥੋੜੀ ਦੇਰ ਮਗਰੋਂ ਸਾਰੇ ਵਿਹੜੇ ਨੂੰ ਪਰਤ ਗਏ।
ਅਗਲੇ ਦਿਨ ਸਵੇਰੇ ਗੱਲ ਬਾਹਰ ਨਿਕਲੀ, ਜਦੋਂ ਮੁਨਾਦੀ ਵਾਲੇ ਨੇ ਸ਼ਹਿਰ ਦੇ ਅੰਦਰ ‘ਹੋਕੇ’ ਦਿੱਤੇ ਕਿ ਫੜੇ ਗਏ ਸਿੱਖਾਂ ਦੇ ਅੰਗ ਉਥੇ ਹਰਮੰਦਰ ਤੋਂ ਬਾਹਰ ਉਦਾਸੀਨ ਅਖਾੜੇ ਕੋਲ ਵੱਢੇ ਜਾਣਗੇ। ਅਸਲ ਵਿਚ ਲਾਹੌਰ ਦੇ ਹਾਕਮ ਨੇ ਬਾਬਾ ਮਨੀ ਸਿੰਘ ਨੂੰ ਦੀਵਾਲੀ ਵਾਲੇ ਦਿਨ ਧੋਖਾ ਦੇਣਾ ਸੀ। ਦੀਵਾਲੀ ਵਾਲੀ ਰਾਤ ਬਾਬਾ ਜੀ ਦਾ ਹੁਕਮ ਮੰਨ ਕੇ ਸੈਂਕੜੇ ਸਿੱਖਾਂ ਜੰਗਲਾਂ ਵਿਚੋਂ ਨਿਕਲ ਕੇ ਦੀਵਾਲੀ ਮਨਾਉਣ ਹਰਮੰਦਰ ਆਉਣਾ ਸੀ ਤੇ ਉਥੋਂ ਹੀ ਮੁਗਲਾਂ ਫੜ ਕੇ ਸਾਰੇ ਸਿੱਖ ਮਾਰਨ ਦਾ ਗੁਪਤ ਫੈਸਲਾ ਲਿਆ ਹੋਇਆ ਸੀ।
ਪਰ ਬਾਬੇ ਹੁਰਾਂ ਨੂੰ ਟੋਹੀਆਂ ਨੇ ਸਮੇਂ ਸਿਰ ਸਾਰੀ ਗੱਲ ਦੱਸ ਕੇ ਮੁਖਬਰੀ ਕਰ ਦਿੱਤੀ ਸੀ, ਤੇ ਬਾਬੇ ਹੁਰਾਂ ਸਾਰੇ ਸਿੱਖਾਂ ਨੂੰ ਨਾ ਆਉਣ ਦਾ ਗੁਪਤ ਬੋਲਾ ਫੇਰ ਦਿੱਤਾ ਸੀ। ਜਿਹੜੇ ਸੌ-ਪੰਜਾਹ ਸਿੱਖ ਅਣਭੋਲ ਜਾ ਫਸੇ ਸਨ, ਉਹਨਾਂ ਵਿਚੋਂ ਬਹੁਤੇ ਤੇ ਬਿਰਧ ਬਾਬੇ ਸਨ, ਜਾਂ ਬੱਚਿਆਂ ਵਾਲੀਆਂ ਦੋ-ਚਾਰ ਮਾਵਾਂ ਸਨ। ਨੌਜੁਆਨ ਤੇ ਮਸਾਂ ਪੰਝੀ-ਤੀਹ ਸਨ। ਬਾਕੀ ਹੋਰ ਕੋਈ ਬਹੁਤਾ ਸਰਗਰਮ ਸਿੱਖ ਸਰਦਾਰ ਲਾਹੌਰੀਆਂ ਦੇ ਹੱਥ ਨਹੀਂ ਸੀ ਲੱਗਾ।
ਜਦੋਂ ਲਾਹੌਰ ਦੇ ਹਾਕਮਾਂ ਦਾ ਹੁਕਮ ਮੰਨ ਕੇ ਸਾਰੇ ਅੰਬਰਸਰੀਏ ਕਤਲ ਹੋ ਰਹੇ ਸਿੱਖਾਂ ਨੂੰ ਵੇਖਣ ਲਈ ਉਦਾਸੀਨ ਅਖਾੜੇ ਕੋਲ ਖੜੇ ਸਨ, ਪਰ੍ਹਾਂ ਵਿਹੜੇ ਵਾਲੇ ਵੀ ਖੜੇ ਸਨ। ਸਿੱਖ ਅਡੋਲ ਹੀ ਜੱਲਾਦ ਵਲ ਵਧਦੇ ਤੇ ਕਤਲ ਹੋਈ ਜਾ ਰਹੇ ਸਨ। ਬਹੁਤੇ ਲਾਹੌਰ ਭੇਜ ਦਿੱਤੇ ਗਏ ਸਨ। ਇਥੇ ਸਿਰਫ ਬੁੱਢਿਆਂ ਤੇ ਬੱਚਿਆਂ ਦਾ ਕਤਲੇਆਮ ਹੋਣਾ ਸੀ।
ਬਸ ਉਦੋਂ ਹੀ ਵਿਹੜੇ ਵਾਲੀਆਂ ਵੀ ਤੇ ਸ਼ਹਿਰ ਦੀਆਂ ਗੋਰੀਆਂ-ਫੱਬਦੀਆਂ, ਅੰਬਰਸਰਨਾਂ ਕੁਛ ਤੇ ਚੀਕਾਂ ਮਾਰਕੇ ਡਿੱਗ ਪਈਆਂ, ਕੁਝ ਅਰਧ-ਪਾਗਲ ਹੋ ਕੇ ਘਰਾਂ ਨੂੰ ਭੱਜ ਗਈਆਂ। ਜਦੋਂ ਇਕ ਸਿੰਘਣੀ ਕੋਲੋਂ ਦੋ ਕੁ ਸਾਲ ਦਾ ਬਾਲ ਖੋਹ ਕੇ ਜੱਲਾਦ ਨੇ ਦੋ ਟੋਟਿਆਂ ਵਿਚ ਚੀਰ ਕੇ ਅਡੋਲ ਬੈਠੀ ਦੇ ਪੈਰਾਂ ਵਿਚ ਸੁੱਟ ਦਿੱਤਾ ਸੀ। ਕੁਝ ਚਿਰ ਬਾਅਦ ਪਤਾ ਲੱਗਾ ਸੀ ਕਿ ਬਾਬਾ ਮਨੀ ਸਿੰਘ ਵੀ ਟੋਟੇ ਕਰ-ਕਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ।
****
ਇਸ ਘਟਨਾ ਤੋਂ ਚੰਦ ਦਿਨਾਂ ਬਾਅਦ ਇਹ ਖਬਰ ਫੈਲ ਗਈ ਸੀ ਕਿ ਭਾਈ ਮਨੀ ਸਿੰਘ ਦੇ ਭਤੀਜੇ ਸਘੜ ਸਿੰਘ ਦਾ ਜੱਥਾ ਅੰਬਰਸਰ ਫਿਰ ਰਿਹਾ ਹੈ, ਉਹ ਬੜੇ ਗੁਪਤ ਰੂਪ ਵਿਚ ਹਰ ਘਰ ਕੋਲੋਂ ਇਕ-ਇਕ ਪੁੱਤਰ ਮੰਗ ਰਿਹਾ ਹੈ!
ਪਤਾ ਉਦੋਂ ਹੀ ਲੱਗਾ, ਜਦੋਂ ਵਿਹੜੇ ਦੇ ਕਿੰਨੇ ਹੀ ਮੁੱਛ-ਫੁੱਟ ਘਰਾਂ ਵਿਚੋਂ ਗਾਇਬ ਹੋ ਗਏ। ਉਹ ਸਾਰੇ ਉਹੀ ਸਨ, ਜਿਨ੍ਹਾਂ ਉਸ ਸਿੰਘਣੀ ਨੂੰ ਅਡੋਲ ਹੀ ਬਾਲਕ ਦੇ ਦੋ ਟੋਟੇ ਆਪਣੀ ਝੋਲੀ ਪਵਾਂਦੇ ਵੇਖਿਆ ਸੀ।
ਦੂਜੀ ਵੱਡੀ ਗੱਲ ਇਹ ਸੀ ਕਿ ਸਘੜ ਸਿੰਘ ਤੇ ਅਘੜ ਸਿੰਘ ਦੇ ਸ਼ਹੀਦੀ ਜਥੇ ਵਿਚ ਜਾਤ ਬਿਲਕੁਲ ਮਨਫੀ ਸੀ। ਉਹਦਾ ਜਿਕਰ ਕਰਨ ਤੱਕ ਦੀ ਮਨਾਹੀ ਸੀ!
ਇਸ ਦੌਰਾਨ ਕਿੰਨਾ ਹੀ ਪਾਣੀ ਪੁਲਾਂ ਹੇਠੋਂ ਲੰਘ ਗਿਆ ਸੀ। ਸਿੰਘ ਰਾਤ-ਬਰਾਤੇ ਘੋੜਿਆਂ ਤੇ ਚੜ੍ਹੇ ਆਉਂਦੇ ਤੇ ਵਿਹੜੇ ਵਾਲਿਆਂ ਦੇ ਕੋਲੋਂ ਹੀ ਜੰਗਲ ਵਿਚੋਂ ਲੰਘਦੇ ਸਣੇ ਘੋੜਿਆਂ ਦੇ, ਹਰਮੰਦਰ ਦੇ ਜਲ ਵਿਚ ਚੁੱਭਾ ਮਾਰਕੇ ਔਹ ਜਾਹ ਔਹ ਜਾਹ…! ਜਦ ਨੂੰ ਸਿਪਾਹੀਆਂ ਨੂੰ ਪਤਾ ਲੱਗਦਾ, ਸਿੰਘ ਹਰਨਾਂ ਦੇ ਸਿੰਗੀਂ ਜਾ ਚੜ੍ਹੇ ਹੁੰਦੇ ਸਨ। ਵਿਹੜੇ ਵਾਲੇ ਕਈ ਵਾਰ ਅੰਬਰਸਰੀਏ ਮਸਤਾਨਿਆਂ ਨੂੰ ਗੌਂਦੇ ਸੁਣਦੇ ਤਾਂ ਹੈਰਾਨ ਹੁੰਦੇ। ਮਸਤਾਨੇ ਸਾਰੇ ਸ਼ਹਿਰ ਵਿਚ ਭਰੇ ਹੋਏ ਸਨ। ਇਕ ਤੋਂ ਦੂਜੇ ਤੱਕ ਉਹਨਾਂ ਦੇ ਬੋਲ ਪੁੱਜਦੇ। ਕਮਲੇ ਕਿੰਨਾ-ਕਿੰਨਾ ਚਿਰ ਗੌਂਦੇ-
ਆ ਗਏ ਜੀ ਆ ਗਏ
ਸ਼ਹੀਦੀ ਟੋਲੇ ਆ ਗਏ…
ਇਸ ਦੌਰਾਨ ਅਠ੍ਹਾਰਵੀਂ ਸਦੀ ਦੇ ਅੱਧ ਵਿਚ ਅਬਦਾਲੀ ਦਾ ਪ੍ਰਕੋਪ ਅੰਬਰਸਰ ‘ਤੇ ਪਿਆ। 1757 ਤੇ 1760 ਵਿਚ ਉਹਨੇ ਦੋ ਵਾਰ ਹਰਮੰਦਰ ਦੀ ਇਕ-ਇਕ ਇੱਟ ਉਖਾੜ ਕੇ ਉਤੇ ਖੋਤਿਆਂ ਦਾ ਹਲ ਚਲਵਾਇਆ। ਸਿਰਫ ਡੱਗੂ ਮੱਲ ਇਕ ਕਾਲੀਨ ਦਾ ਟੋਟਾ ਚੁੱਕ ਲਿਆਇਆ ਸੀ! ਪਰ ਅਗਲੇ ਹੀ ਦਿਨ ਡੱਗੂ ਦੇ ਮੁੰਡੇ ਨੂੰ ਤੇਈਆ ਚੜ੍ਹ ਗਿਆ। ਮੁੰਡੇ ਦੇ ਮਗਰੋਂ ਲੱਥਾ ਤੇ ਉਹਦੀ ਘਰ ਦੀ ਨੂੰ ਚੜ੍ਹ ਗਿਆ ਸੀ। ਡੱਗੂ ਨੂੰ ਵਿਹੜੇ ਵਾਲਿਆਂ ਡਰਾਇਆ ਕਿ ਗੁਰੂ-ਘਰ ਨਾਲ ਵੈਰ ਕੀਤਾ ਈ, ਤਾਂ ਕੁਝ ਦਿਨਾਂ ਮਗਰੋਂ ਹੀ ਡੱਗੂ ਉਹ ਅੱਤ ਕੀਮਤੀ ਕਲੀਨ ਉਥੇ ਮਲਬੇ ਤੇ ਸੁੱਟ ਆਇਆ ਸੀ। ਭਾਵੇਂ ਸਾਰਾ ਟੱਬਰ ਠੰਡ ਵਿਚ ਮਗਰੋਂ ਭੁੰਜੇ ਅਲਾਣਾ ਸੌਂਦਾ ਰਿਹਾ ਸੀ।
1760 ਵਿਚ ਅਬਦਾਲੀ ਨੇ ਅੰਬਰਸਰ ਗਊ ਜਿਬਾਹ ਕਾਰਨ ਲਈ ਬੁੱਚੜਖਾਨਾ ਖੁਲ੍ਹਵਾ ਦਿੱਤਾ ਸੀ। ਗਊਆਂ ਨੂੰ ਮਿੱਟੀ ਨਾਲ ਮਿੱਟੀ ਹੋ ਚੁੱਕੇ ਹਰਮੰਦਰ ਸਾਹਿਬ ਦੇ ਅਹਾਤੇ ਦੇ ਬਾਹਰ ਜਿਬਾਹ ਕੀਤਾ ਜਾਂਦਾ ਸੀ। ਸ਼ਹਿਰੀਆਂ ਵਿਚੋਂ ਤੇ ਕੋਈ ਵੀ ਮੀਟ ਲੈਣ ਨਹੀਂ ਸੀ ਜਾਂਦਾ। ਸਿਰਫ ਮੁਗਲਾਂ ਦੇ ਕੁਛ ਘਰ, ਜਾ ਫੇਰ ਸ਼ਰੀਫਪੁਰ ਦੇ ਤੇ ਢਾਬ ਬਸਤੀ ਦੇ ਖਟੀਕ ਤੇ ਕੰਜਰ ਮੀਟ ਲੈਣ ਆਉਂਦੇ ਸਨ। ਬਹੁਤੇ ਕਸਾਈ ਉਹੀ ਸਨ, ਜਿਹੜੇ ਵਿਹੜੇ ਵਾਲਿਆਂ ਦੇ ਪੂਰਵਜ ਸਨ ਤੇ ਉਹਨਾਂ ਦੇ ਨਾਲ ਹੀ ਗੁਰੂ ਰਾਮਦਾਸ ਜੀ ਕੋਲੋਂ ਥਾਂ ਲੈਣ ਦੀ ਅਰਜ ਕਰਨ ਆਏ ਸਨ। ਇਹਨਾਂ ਵਿਚੋਂ ਪੀਰਾਂ ਦਿੱਤੇ ਕਸਾਈ ਦਾ ਟੱਬਰ ਬਹੁਤ ਫੈਲਿਆ ਸੀ। ਉਹਦੇ ਹੀ ਪੁੱਤ, ਪੋਤਰੇ ਹੁਣ ਗਊਆਂ ਜਿਬਾਹ ਕਰਦੇ ਤੇ ਕੱਟਾਈ ਕਰਕੇ ਵੇਚਦੇ ਸਨ।
ਇਸ ਦੌਰਾਨ ਅੰਬਰਸਰੀਆਂ ਵੀ ਤੇ ਵਿਹੜੇ ਵਾਲਿਆਂ ਵੀ, ਅਬਦਾਲੀ ਦੇ ਨੱਕ ਤੇ ਸਬੂਤੀ ਇੱਟ ਵੱਜਦੀ ਵੇਖੀ। ਉਹਨਾਂ ਚਰਖੜੀਆਂ ਤੇ ਚੜ੍ਹਦੇ ਸਿੰਘ ਵੇਖੇ! ਮੱਸੇ ਰੰਘੜ ਦਾ ਬਿਨਾ ਸਿਰ ਤੋਂ ਧੜ ਵੇਖਿਆ, ਤੇ ਅੰਤ ਉਸੇ ਹੀ ਹਰਮੰਦਰ ਵਿਚ ਮੁੜ ਜਲ ਭਰੀਂਦਾ ਤੇ ਉਸਰੀਂਦਾ ਤੱਕਿਆ!
****
ਇਹ ਤੇ ਹੁਣ ਗੱਲਾਂ ‘ਚੋਂ ਗੱਲਾਂ ਨਿਕਲੀਦੀਆਂ ਆਉਂਦੀਆਂ ਨੇ ਪਈ ਸੰਨ ਸੱਤਰ ਵਿਚ, ਜਦੋਂ ਇੰਦਰਾ ਪੂਰੀ ਕਹਿੰਦੀ-ਕਹਾਂਦੀ ਪ੍ਰਧਾਨ ਮੰਤਰੀ ਸੀ, ਅੰਬਰਸਰ ਆਪ ਚੱਲ ਕੇ ਆਈ ਸੀ। ਉਦੋਂ ਬਾਕੀ ਕਾਂਗਰਸੀਆਂ ਦੀ ਰੀਸੇ ਅੰਬਰਸਰ ਦੀ ਬਾਲਮੀਕ ਬਰਾਦਰੀ ਨੇ ਵੀ ਪੂਰਾ ਕੱਠ ਕੀਤਾ ਸੀ। ਇਧਰੋਂ ਵਿਹੜੇ ਆਲੇ ਚੂਹੜਿਆਂ ਨੂੰ ਵੀ ਖੁੱਲ੍ਹਾ ਸੱਦਾ ਸੀ ਕਿ ਉਹ ਹਾਲ ਗੇਟ ਦੇ ਅੰਦਰ ਜਦੋਂ ਇੰਦਰਾ ਗਾਂਧੀ ਗਲ ਵਿਚ ਹਾਰ ਪਵਾਏਗੀ, ਉਦੋਂ ਤੁਸੀਂ ਵੀ ਆਪਣੇ ਪ੍ਰਧਾਨ ਨਾਲ ਵੀਹ-ਤੀਹ ਬੰਦੇ ਆ ਕੇ ਇੰਦਰਾ ਜੀ ਦਾ ਸਤਿਕਾਰ ਕਰਿਓ!
ਤੇ ਵਿਹੜੇ ਆਲਿਆਂ ਨੂੰ ਚਾਅ ਚੜ੍ਹ ਗਿਆ ਸੀ! ਉਹਨੀਂ ਦਿਨੀਂ ਇੰਦਰਾ ਨੂੰ ਸਤੀ, ਦੁਰਗਾ, ਭਵਾਨੀ ਤੇ ਮਾਂ ਜਾਂ ‘ਭਾਰਤ-ਪੁੱਤਰੀ’ ਕਿਹਾ ਜਾਂਦਾ ਸੀ। ਨਾਲ ਹੀ ਬਾਲਮੀਕੀਆਂ ਵਿਚ ਪਰਚਾਰ ਸੀ ਕਿ ਉਹ ਗਾਂਧੀ ਬਾਬਾ ਦੀ ਨੂੰਹ ਹੈ। ਕਿਉਂਕਿ ਉਹਨੇ ਫਿਰੋਜ਼ ਨੂੰ ਗੋਦ ਲੈ ਲਿਆ ਸੀ। ਹੋਰ ਵੀ ਉਸ ਨਾਲ ਸਬੰਧਿਤ ਪਰੀ-ਕਥਾਵਾਂ ਜੋੜਦੇ ਸਨ ਤੇ ਬਸ, ਵਿਹੜੇ ਵਾਲਿਆਂ ਫੱਟ ਮੁਲਖੇ ਢੋਲੀ ਨੂੰ ਆਗੂ ਚੁਣ ਲਿਆ ਸੀ। ਮੁਲਖਾ ਢੋਲੀ ਟਕਸਾਲੀ ਕਾਂਗਰਸੀ ਸੀ ਤੇ ਕਾਂਗਰਸ ਦੇ ਹਰ ਜਲਸੇ ਵਿਚ ਅੱਗੇ ਹੋ ਕੇ ਮੁਖਤੋ-ਮੁਖਤੀ ਢੋਲ ਵਜਾਂਦਾ ਸੀ। ਕਾਂਗਰਸੀਆਂ ਵੀ ਉਸ ਨੂੰ ਬਾਲਮੀਕੀ ਸੈਲ ਦਾ ਪ੍ਰਧਾਨ ਬਣਾ ਕੇ ਨਵਾਜਿਆ ਸੀ।
…ਪਰ ਉਦੋਂ ਬੜੀ ਬਦਮਗਜੀ ਹੋਈ, ਜਦੋਂ ਹਾਲ ਗੇਟ ਵਾਲੇ ਦਫਤਰ ਤੋਂ ਇੰਦਰਾ ਨੇ ਹਾਰ ਪਵਾ ਕੇ ਟੁਰਨਾ ਸੀ, ਮੁਲਖੇ ਨੇ ਆਪਣੇ ਗਰੁੱਪ ਦੇ ਵੀਹਾਂ-ਤੀਹਾਂ ਮੈਂਬਰਾਂ ਨੂੰ ਧੋਖਾ ਦਿੱਤਾ, ਕੱਲੇ ਨੇ ਜਾ ਕੇ ਮੰਤਰੀਆਂ-ਸੰਤਰੀਆਂ ਤੇ ਹੋਰ ਚਿੱਟ-ਕਪੜੀਆਂ ਵਿਚ ਸ਼ਾਮਲ ਹੋ ਕੇ ਇੰਦਰਾ ਨੂੰ ਹਾਰ ਜਾ ਪਾਏ। ਵਿਹੜੇ ਆਲੇ ਤੇ ਬਸ ਦੂਰੋਂ ਹੱਥ ਮੱਲਦੇ ਰਹਿ ਗਏ ਸਨ। ਜਲੂਸ ਜਦੋਂ ਅੱਗੇ ਵਧਿਆ ਤਾਂ ਮੁਲਖਾ ਵੀ ਜੀਪਾਂ ਵਿਚ ਸਵਾਰ ਹੋ ਕੇ ਅੱਗੇ ਦਾ ਅੱਗੇ ਟੁਰ ਗਿਆ। ਪਰ ਉਦੋਂ ਹੀ ਕਿਤੇ ਹਾਲ ਗੇਟ ਦੇ ਨਜ਼ਦੀਕ ਕਿਸੇ ਕੋਠੇ ਤੋਂ ਖਾਲਸਾ ਕਾਲਜ ਅੰਬਰਸਰ ਦੇ ਮੁੰਡਿਆਂ ਨੇ ਇੰਦਰਾ ਤੇ ਇੱਟਾਂ ਚਲਾ ਦਿੱਤੀਆਂ। ਲਗੀਆਂ ਤੇ ਕਿਸੇ ਨੂੰ ਨਾ, ਪਰ ਇੰਦਰਾ ਨੇ ਦੌਰਾ ਵਿਚੇ ਛੱਡ ਦਿੱਤਾ ਤੇ ਗੱਡੀਆਂ ਪਿਛਾਂਹ ਭਜਾ ਲਈਆਂ। ਘਬਰਾਈ ਪੰਜਾਬ-ਪੁਲਸ ਨੇ ਮਗਰ ਲੱਗੀ ਕਾਂਗਰਸੀਆਂ ਦੀ ਭੀੜ ਨੂੰ ਹੀ ਛਿਤਰੌਲ ਸ਼ੁਰੂ ਕਰ ਦਿੱਤੀ। ਕਈ ਐਮ. ਐੱਲ. ਏ. ਤੇ ਸਿਰਕੱਢ ਕਾਂਗਰਸੀ ਵੀ ਪਰਸ਼ਾਦ ਲੈ ਹਟੇ। ਮੁਲਖੇ ਨੂੰ ਤੇ ਚੰਗੀਆਂ ਵੱਜੀਆਂ। ਉਹ ਪਰ ਕੀ ਜਾਣਦਾ ਸੀ ਕਿ ਹੁਣ ਉਹਦੀ ਮੰਦੀ ਹਾਲਤ ਸ਼ੁਰੂ ਹੋਣ ਵਾਲੀ ਹੈ? ਰਾਤ ਤੇ ਉਹ ਸੱਟਾਂ ਕਰਕੇ ਘਰ ਹੀ ਲੇਟਿਆ ਰਿਹਾ। ਪਰ ਜਿਉਂ ਹੀ ਸਵੇਰੇ ਉਹ ਢੋਲ ਟੰਗਣ ਆਪਣੀ ਕਿੱਲੀ ‘ਤੇ ਆਇਆ, ਪੂਰੇ ਵਿਹੜੇ ਨੇ ਗਾਹਲਾਂ ਤੇ ਝਾੜੂਆਂ ਨਾਲ ਉਹਦਾ ਸੁਆਗਤ ਕੀਤਾ। ਉਹ ਤੇ ਹੋਟਲਾਂ ਵਾਲਿਆਂ ਤੇ ਮੁਲਖੇ ਦਿਆ ਭਤੀਜਿਆਂ ਉਹਦਾ ਬਚਾ ਕਰ ਦਿੱਤਾ। ਲੱਤਾ, ਘਸੁੰਨਾ ਦੇ ਨਾਲ ਕੁੱਟਿਆ। ਪਰ ਸਭ ਤੋਂ ਅਖੀਰ ਵਿਚ ਹੱਥ ਜੋੜ ਕੇ ਕੂੜੇ ਦੀ ਰੇਹੜੀ ਢੋਣ ਵਾਲੀ ਡੇਜੀ ਬੌਣੀ ਨੂੰ ਰੋਕਿਆ ਗਿਆ, ਕਿਉਂਕਿ ਉਹ ਗੁੱਸੇ ਵਿਚ ਅੰਨ੍ਹੀ ਹੋਈ ਡਿੱਗੇ ਪਏ ਮੁਲਖੇ ਦੀ ਪਿੱਠ ਵਿਚ ਆਪਣੇ ਝਾੜੂ ਦੀ ਮੁੱਠ ਘੁਸੇੜਨ ਦਾ ਯਤਨ ਕਰ ਰਹੀ ਸੀ।
….ਮੁਲਖੇ ਨੂੰ ਕਦੀ ਵੀ ਵਿਹੜੇ ਵਾਲਿਆਂ ਮਾਫ ਨਾ ਕੀਤਾ। ਜਲਦੀ ਹੀ ਮੁਲਖਾ ਢੋਲੀ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਾਹਮਣੇ ਬਣੇ ਖੋਲਿਆਂ ‘ਚੋਂ ਇਕ ਵਿਚ ਜਾ ਵੱਸਿਆ। ਉਹ ਥਾਂ ਪਿੰਡ ਕੋਟ-ਖਾਲਸਾ ਦੇ ਚੂਹੜਿਆਂ ਨੂੰ ਅਲਾਟ ਸੀ ਤੇ ਉਹਨਾਂ ਮੁਲਖੇ ਨੂੰ ਵਸਾ ਲਿਆ। ਮੁੜਕੇ ਮੁਲਖਾ ਖਾਲਸਾ ਕਾਲਜ ਦੇ ਭੰਗੜੇ ਆਲੇ ਮੁੰਡਿਆਂ ਦਾ ਢੋਲੀ ਬਣ ਗਿਆ ਤੇ ਪੰਜਾਬ ਵਿਚ ਨੰਬਰ ਇਕ ਦਾ ਢੋਲੀ ਮਸ਼ਹੂਰ ਹੋਇਆ ਸੀ! ਬਾਕੀ ਤੇ ਭਾਵੇਂ ਸਭ ਭੁੱਲ-ਭੁੱਲਾ ਗਏ ਸਨ, ਪਰ ਕੁੱਤੀ ਵਿਹੜੇ ਵਾਲੇ ਭਰਪੂਰ ਗੱਟੇ ਵਾਲੇ ਨੂੰ ਮੁਲਖਾ ਨਹੀਂ ਸੀ ਭੁੱਲਦਾ! ਭਰਪੂਰ ਬੜਾ ਜ਼ਹਿਰੀ ਬੰਦਾ ਸੀ, ਤੇ ਉਹ ਇੰਦਰਾ ਵੇਲੇ ਹੋਈ ਘਟਨਾ ਤੋਂ ਬੜੀ ਹੀਣਤਾ ਮੰਨ ਗਿਆ ਸੀ। ਭਰਪੂਰ ਹੀ ਇਕੱਲਾ ਬੰਦਾ ਸੀ, ਜੀਹਨੇ ਟੱਟੀ ਚੁੱਕਣ ਦਾ ਕੰਮ ਛੱਡ ਕੇ ਅੰਬਰਸਰ ਦੇ ਭੜਭੂੰਜਿਆਂ ਦੀ ਸ਼ਗਿਰਦੀ ਕੀਤੀ ਸੀ ਤੇ ਉਹਨਾਂ ਕੋਲੋਂ ਗੁੜ ਦਾ ਰੰਗਦਾਰ ਗੱਟਾ ਬਣਾਨਾ ਸਿੱਖਿਆ ਸੀ। ਫੇਰ ਸਾਰੀ ਉਮਰ ਉਹਨੇ ਮੋਟੇ ਬਾਂਸ ਦੇ ਦੁਪਹਿਰੇ ਆਪੇ ਬਣਾਏ ਗੱਟੇ ਦੀ ਲੇਟੀ ਟੰਗਣੀ ਤੇ ਬਾਬਾ ਸਾਹਿਬ ਚੌਕ, ਫਰੀਦ ਦੇ ਚੌਂਕ, ਲਛਮਣ ਸਰ ਤੋਂ ਲੈ ਕੇ ਫੱਟ ਵਾਲੀ ਗਲੀ ਤੱਕ ਆ ਕੇ ਬਸ ਕਰਨੀ। ਨਾਲ ਗੌਂਦੇ ਫਿਰਨਾ-
ਗੱਟਾ ਲਾਚੀਆਂ ਵਾਲਾ
ਜੀ ਲਾਚੀ ਦਾਣਿਆਂ ਵਾਲਾ
ਖਾ ਲਓ, ਖਾ ਲਓ ਮੇਰੀ ਜਾਨ
ਗੱਟਾ ਲਾਚੀਆਂ ਵਾਲਾ।
ਇਹੀ ਭਰਪੂਰ ਜਦੋਂ ਵੀ ਕਿਤੇ ਮੁਲਖੇ ਨੂੰ ਵੇਖਦਾ, ਜਿਹੜਾ ਕਿ ਉਹਨੂੰ ਅਕਸਰ ਛੇਹਰਟੇ ਦੇ ਮੇਲੇ, ਬਾਬੇ ਸ਼ਹੀਦਾਂ ਦੀ ਮੱਸਿਆ-ਸੰਗਰਾਂਦਾਂ ਜਾਂ ਫੇਰ ਦੁਰਗਿਆਣੇ ਮੰਦਰ ‘ਹਨੂਮਾਨ-ਸੈਨਾ’ ਨੂੰ ਮੱਥਾ ਟਕੌਣ ਵੇਲੇ ਢੋਲ ਵੱਜਾਂਦਾ ਮਿਲ ਪੈਂਦਾ, ਭਰਪੂਰ ਫੱਟ ਟੋਨ ਬਦਲ ਕੇ ਉੱਚੀ-ਉੱਚੀ ਗੌਣ ਲੱਗ ਪੈਂਦਾ-
ਓ ਮੇਰਾ ਗੱਟਾ ਗਿਆ ਸੀ ਦਿੱਲੀ
ਮੁਲਖੇ ਦੀ ਭੈਣ ਉਥੇ ਮਿਲੀ
ਓ ਗੱਟਾ ਲਾਚੀਆਂ ਵਾਲਾ।
ਮੁਲਖਾ ਤੇ ਭਰਪੂਰ ਨੂੰ ਵੇਖਦਿਆਂ ਹੀ ਉਰ੍ਹੇ ਪਰ੍ਹੇ ਹੋ ਜਾਂਦਾ ਸੀ।

 
Old 13-12-2008
pps309
 
Re: Copy-Paste: Kutti Vehrda

ਕੁੱਤੀ ਵਿਹੜਾ (ਭਾਗ 5)

ਦਰਅਸਲ ਮੁਲਖੇ ਦੇ ਅੰਦਰਲਾ ਕਮੀਨਾਪਣ ਉਹਨੂੰ ਵਿਰਾਸਤ ਵਿਚ ਮਿਲਿਆ ਸੀ। ਮੁਲਖਾ ਏਸੇ ਵਿਹੜੇ ਦੇ ਪੁਰਾਣੇ ਲੁਟੇਰੇ ‘ਛੋਟੇ ਤੁਤਰੀ’ ਦੀ ਔਲਾਦ ਸੀ। ‘ਛੋਟਾ ਤੁਤਰ’, ਜਿਹੜਾ ਕਿ ਸੰਨ ਸੰਤਾਲੀ ਵੇਲੇ ਦਾ ਮੰਨਿਆ ਲੁਟੇਰਾ ਤੇ ਕਾਤਲ ਸੀ! ਉਹਦਾ ਵੱਡਾ ਭਰਾ, ਜੀਹਨੂੰ ਵੱਡਾ ਤੁਤਰੀ ਕਹਿੰਦੇ ਸਨ, ਉਸ ਤੋਂ ਵੀ ਵੱਡਾ ਬਦਮਾਸ਼ ਸੀ। ਅੰਬਰਸਰ ਸ਼ਹਿਰ ਵਿਚ ਖੱਤਰੀਆਂ- ਰਾਜਪੂਤਾਂ ਦੇ ਦੋ ਵੱਡੇ ਬਦਮਾਸ਼ ਹੋਏ ਸਨ, ਇਕ ਦਾ ਨਾਂ ਢੱਗਾ ਸੀ, ਜਿਹੜਾ ਕਿ ਲੂਣ ਮੰਡੀ ਦਾ ਤੇ ਲਛਮਣਸਰ ਦਾ ਇਲਾਕਾ ਮੱਲਕੇ ਰੱਖਦਾ ਸੀ। ਉਹ ਜਾਤ ਦਾ ਹਿੰਦੂ ‘ਨੰਦਾ’ ਸੀ। ਦੂਜੇ ਬਦਮਾਸ਼ ਇਧਰ ਬਾਬਾ ਸਾਹਿਬ ਚੌਂਕ, ਆਟਾ ਮੰਡੀ ਤੇ ਫਰੀਦ ਦੇ ਚੌਂਕ ਦੇ ਦੋ ਭਾਟੀਏ ਭਰਾ ਸਨ। ਦੋਵੇਂ ਸਿੱਖ ਸਨ, ਪਰ ਵੇਲੇ-ਕਵੇਲੇ ਮੂੰਹ-ਸਿਰ ਮੁੰਨਾ ਛੱਡਦੇ ਸਨ। ਦੋਹੇਂ ਜਗਤਾ-ਭਗਤਾ ਦੇ ਨਾਂ ਨਾਲ ‘‘ਭਾਟੀਏ ਭਰਾ’’ ਮਸ਼ਹੂਰ ਸਨ। ਢੱਗੇ ਦੇ ਗਰੁੱਪ ਦੀ ਤੇ ਜਗਤੇ-ਭਗਤੇ ਦੇ ਗਰੁੱਪ ਦੀ ਆਪਸ ਵਿਚ ਬੜੀ ਖੜਕਦੀ ਸੀ। ਜਗਤਾ-ਭਗਤਾ ਦਾ ਅਸਲ ਕੰਮ ਪੂਰਬ ਦੀਆਂ ਜਨਾਨੀਆਂ ਸਸਤੀਆਂ ਲਿਆ ਕੇ ਏਧਰ ਪੰਜਾਬ ਵਿਚ ਵੇਚਣ ਦਾ ਧੰਦਾ ਸੀ। ਉਹਨਾਂ ਤੇ ਮਾਰ ਅੰਬਰਸਰ ਦੇ ਅੱਧਿਓਂ ਵਧ ਛੜੇ, ਪੂਰਬਣਾਂ ਵੇਚ-ਵੇਚ ਵਸਾ ਛੱਡੇ ਸਨ। ਢੱਗਾ ਪਰ ਧਰਮੀ ਬੰਦਾ ਸੀ। ਉਹ ਏਦਾਂ ਦੇ ਕੰਮਾਂ-ਕਾਰਾਂ ਨੂੰ ਨਫਰਤ ਦੀ ਨਿਗਾਹ ਨਾਲ ਵੇਖਦਾ ਸੀ। ਪਰ ਇਕ ਕੰਮ ਤੇ ਆ ਕੇ ਦੋਹੇਂ ਧੜੇ ਇਕੋ ਸੋਚ ਤੇ ਖੜੋ-ਜਾਂਦੇ ਸਨ! ਜਦੋਂ ਅੰਬਰਸਰ ਦੇ ਮੁਸਲਮਾਨ ਤਾਜੀਏ ਕੱਢਦੇ ਤਾਂ ਢੱਗਾ ਡਾਂਗ ਲੈ ਕੇ ਖੜੋ ਜਾਂਦਾ, ਨਾਲ ਉਹਦੇ ਚਮਚੇ ਹੁੰਦੇ। ਡਰਦੇ ਮੁਸਲਮਾਨ ਲੂਣ-ਮੰਡੀ ਵਿਚੋਂ ਤਾਜੀਏ ਲੈ ਕੇ ਨਹੀਂ ਸਨ ਨਿਕਲਦੇ। ਉਧਰ ਭਾਟੀਏ ਭਰਾ ਬਾਬਾ ਸਾਹਿਬ ਚੌਂਕ ਤੇ ਬਾਬਾ ਅਟੱਲ ਗੁਰਦੁਆਰੇ ਤੋਂ ਲੈ ਕੇ ਮੰਗਲ ਪਕੌੜਿਆਂ ਵਾਲੇ ਤੇ ਪ੍ਰਾਗਦਾਸ ਚੌਂਕ ਤੱਕ ਆਪਣੇ ਬਦਮਾਸ਼ ਲੈ ਕੇ ਖੜੇ ਹੁੰਦੇ। ਡਰਦੇ ਮੁਸਲਮਾਨ ਫਰੀਦ ਦੇ ਚੌਂਕ ਤੇ ਚੌਂਕ ਚਬੂਤਰੇ ਤੇ ਪਾਸੀਆਂ ਬਾਜ਼ਾਰ ਜਾਂ ਢਾਬ ਖਟੀਕਾਂ ਤੱਕ ਦੇ ਗੇੜੇ ਦੇਂਦੇ ਸਨ। ਦੋ ਵਾਰ ਹਮਲੇ ਹੋਏ ਸਨ, ਇਕ ਵਾਰ ਖਟੀਕ ਇਕੱਠੇ ਹੋ ਕੇ ਭਾਟੀਏ ਭਰਾਵਾਂ ਨੂੰ ਪਏ ਸਨ ਤੇ ਦੋਵੇਂ ਧਿਰਾਂ ਦੇ ਸਿਰ ਪਾਟੇ ਸਨ। ਇਕ ਵਾਰ ਦੀ ਗੱਲ ਹੈ, ਸੁਲਤਾਨ ਵਿੰਡ ਗੇਟ ਦੇ ਬਾਹਰ ਰਹਿੰਦੇ ਚਮਰੰਗ ਇਕੱਠੇ ਹੋ ਕੇ ‘ਅੱਲਾ ਹੂ ਅਕਬਰ’ ਦੇ ਨਾਅਰੇ ਮਾਰਦੇ ਢੱਗੇ ਬਦਮਾਸ਼ ਨੂੰ ਪੈ ਗਏ ਸਨ। ਅੱਗੇ ਢੱਗੇ ਦੇ ਸਾਥੀ ਤੇ ਤਗੜੇ ਸਨ, ਪਰ ਢੱਗੇ ਨੇ ਇਕੱਲੇ ਨੇ ਉਹ ਡਾਂਗ ਵਾਹੀ ਕਿ ਸੈਂਕੜਿਆਂ ਦੀ ਗਿਣਤੀ ਵਿਚ ਆਏ ਚਮਰੰਗ ਕਈ ਬੰਦੇ ਮਰਵਾ ਕੇ ਭੱਜ ਗਏ ਸਨ। ਉਧਰ ਅੰਗਰੇਜ਼ ਹਾਕਮ ਤੇ ਚਾਹੁੰਦੇ ਇਹੀ ਸੀ! ਉਹਨਾਂ ਦੇ ਹੁਕਮ ਕਾਰਨ ਢੱਗੇ ਤੇ ਪੁਲਸ ਨੇ ਕੋਈ ਕੇਸ ਨਾ ਪਾਇਆ, ਅਜੇ ਕਿ ਅੰਬਰਸਰ ਦੀ ਨੱਬੇ ਪਰਸੈਂਟ ਪੁਲਸ ਮੁਸਲਮਾਨ ਸੀ। ਮੁਸਲਮਾਨ ਥਾਣੇਦਾਰ ਬੜਾ ਤੜਫੇ ਸਨ, ਪਰ ਗੋਰੇ ਹਾਕਮਾਂ ਅੱਗੇ ਪੇਸ਼ ਨਹੀਂ ਸੀ ਗਈ!
****
…ਇਹੀ ਵੱਡਾ ਤੁਤਰੀ ਤੇ ਛੋਟਾ ਤੁਤਰੀ, ਦੋਹੇਂ ਭਰਾ ਢੱਗੇ ਦੇ ਹਜੂਰੀਏ ਬਦਮਾਸ਼ ਸਨ। ਜਦੋਂ ਸੰਨ ਪੰਜਾਹ ਵਿਚ ਜਗਤੇ ਭਾਟੀਏ ਤੇ ਭਗਤੇ ਭਾਟੀਏ ਨੇ ਇਕੱਲੇ ਤੇ ਨਿਹੱਥੇ ਕੁਰਸੀ ਤੇ ਬੈਠੇ ਢੱਗੇ ਬਦਮਾਸ਼ ਨੂੰ ਪਿੱਛੋਂ ਦੀ ਟਕੂਏ ਮਾਰ ਕੇ ਕਤਲ ਕੀਤਾ ਸੀ, ਉਦੋਂ ਹੀ ਉਹਨਾਂ ਨੇ ਛੋਟੇ ਤੁਤਰੀ ਤੇ ਤਿੰਨ-ਚਾਰ ਹੋਰ ਵੀ ਜੀ-ਹਜ਼ੂਰੀਏ ਮਾਰ ਘੱਤੇ ਸਨ। ਢੱਗੇ ਤੇ ਉਹਦੇ ਬਦਮਾਸ਼ਾਂ ਨੂੰ ਰਤਾ ਵੀ ਭਿਣਕ ਨਹੀਂ ਸੀ ਪੈ ਸਕੀ ਕਿ ਜਗਤਾ ਤੇ ਭਗਤਾ ਏਨਾ ਵਸਾਹ ਕੇ ਮਾਰਨਗੇ! ਨਹੀਂ ਤੇ ਸਾਰੇ ਹੀ ਅੰਬਰਸਰੀਏ ਬਦਮਾਸ਼ ਸਿਰ ਤੇ ਲੋਹੇ ਦੀ ਬਾਟੀ ਰੱਖ ਕੇ ਲੜਨ ਵਾਲੇ ਸਨ, ਉਹ ਸਿਰ ਦੀ ਸੱਟ ਨਾਲ ਕਿਥੇ ਮਰਦੇ ਸਨ? ਹਰ ਬਦਮਾਸ਼ ਸਿਰ ਤੇ ਲੋਹੇ ਦੀ ਬਾਟੀ ਬੰਨ੍ਹ ਕੇ ਪੱਗ ਬੰਨ੍ਹਦਾ ਸੀ।
ਉਦੋਂ ਮੁਲਖਾ ਅਜੇ ਛੋਟਾ ਸੀ। ਮੁਲਖੇ ਦੀ ਮਾਂ ਫਿੰਨੋ ਨੂੰ ਵੱਡੇ ਤੁਤਰੀ ਨਾਲ ਬਿਠਾ ਦਿੱਤਾ ਗਿਆ, ਪਰ ਵੱਡਾ ਤੁਤਰੀ ਭਰਾ ਦਾ ਵਿਯੋਗ ਹੀ ਏਨਾ ਮੰਨ ਗਿਆ ਕਿ ਪੰਜ-ਸੱਤ ਸਾਲ ਉਸ ਮਸਾਂ ਕੱਢੇ। ਬਸ ਉਹ ਏਨਾ ਕੁ ਕਰ ਗਿਆ ਕਿ ਮੁਲਖੇ ਨੂੰ ਵੱਡਾ ਕਰ ਗਿਆ ਸੀ ਤੇ ਢੋਲੀ ਬਣਾ ਗਿਆ ਸੀ!
****
ਏਸ ਬੰਟੀ ਮਸੀਹ ਦਾ ਦਾਦਾ ਵੀ ਵੱਡੇ ਤੇ ਛੋਟੇ ਤੁਤਰੀ ਵਾਂਗ ਲੁਟੇਰਾ ਰਿਹਾ ਸੀ। ਸੰਤਾਲੀ ਦੇ ਹੱਲਿਆਂ ਵੇਲੇ ਉਹਨੇ ਲੁੱਟਮਾਰ ਤੇ ਕਤਲ ਬਥੇਰੇ ਕੀਤੇ, ਪਰ ਗੁਰੂ ਰਾਮਦਾਸ ਦੇ ਵਰੋਸਾਏ ਇਲਾਕਿਆਂ ਵਿਚ ਲੁਟੇਰੇ ਕਾਤਲ ਕਿੰਨਾ ਕੁ ਕੱਟਦੇ? ਉਹ ਏਨਾ ਲਾਲਚੀ ਸੀ ਕਿ ਇਕ ਵਾਰ ਸੰਤਾਲੀ ਦੌਰਾਨ ਉਹਨੇ ਇਕ ਗਰੀਬ ਮੁਸਲਮਾਨ ਨੂੰ ਮਾਈ ਸੇਵਾਂ ਦੇ ਬਾਜ਼ਾਰ ਵਿਚ ਮਾਰਿਆ ਤੇ ਉਹਦੇ ਸਾਰੇ ਖੀਸੇ ਖਾਲੀ ਕਰ ਲਏ। ਫੇਰ ਉਹਨੇ ਉਹੀ ਖੰਜਰ ਝੂਠੇ ਬਜ਼ਾਰ ਦੇ ਬਾਹਰ ਬਣੇ ਸੰਗਤਾਂ ਦੇ ਹੱਥ-ਪੈਰ ਧੋਣ ਲਈ ਬਣੇ ਚੁਬੱਚੇ ਵਿਚੋਂ ਧੋ ਲਿਆ, ਜਿਹੜਾ ਕਦੀ ਉਹਦੇ ਪਿਉ ਨੂੰ ਅੰਗਰੇਜ਼ ਥਾਣੇਦਾਰ ‘ਰਿਚਰਡ ਕਲੈਚੀ’ ਨੇ ਦਿੱਤਾ ਸੀ।
ਬਸ…!
ਬੰਟੀ ਦਾ ਦਾਦਾ ਥੋੜ੍ਹੀ ਦੇਰ ਬਾਅਦ ਹੀ ਦਿਮਾਗ ਹਿੱਲਣ ਕਾਰਨ ਪਾਗਲ ਹੋ ਗਿਆ ਸੀ ਤੇ ਥੋੜੀ ਦੇਰ ਬਾਅਦ ਗਾਇਬ ਹੋ ਗਿਆ ਸੀ। ਬੰਟੀ ਦਾ ਪਿਉ ਵੀ ਉਦੋਂ ਮਸਾਂ ਤਿੰਨ-ਚਾਰ ਸਾਲ ਦਾ ਸੀ। ਬੰਟੀ ਦੇ ਦੋ ਵੱਡੇ ਤਾਏ ਵੀ ਸਨ। ਪਿਉ ਦਾ ਪਿੱਛਾ ਕਿਸੇ ਨਾ ਕੀਤਾ। ਕਈ ਗੱਲਾਂ ਉੱਡੀਆਂ। ਕੋਈ ਕਹੇ, ਕਸੂਰ ਨੂੰ ਜਾਣ ਵਾਲੀ ਨਹਿਰ ਵਿਚ ਡੁੱਬ ਕੇ ਮਰ ਗਿਐ। ਕੋਈ ਕਹੇ ਕਿ ਚਰਚ ਦੇ ਪਾਦਰੀਆਂ ਕੋਲੋਂ ਕਿਸੇ ਦਾ ਐਡਰੈਸ ਲੈ ਕੇ ਦੱਖਣ ਟੁਰ ਗਿਐ।
ਪਰ ਇਕ ਕੰਮ ਉਹ ਬਾਖੂਬੀ ਕਰਦਾ ਰਿਹਾ ਸੀ। ਗਾਇਬ ਹੋਣ ਤੋਂ ਪਹਿਲਾਂ ਪਾਗਲਪਨ ਦੀ ਹਾਲਤ ਵਿਚ ਵੀ ਉਹ ਉਸ ਖੰਜਰ ਨੂੰ ਬੈਠਾ ਕਈ-ਕਈ ਘੰਟੇ ਘੂਰਦਾ ਰਹਿੰਦਾ ਸੀ ਤੇ ਮੂੰਹ ਵਿਚ ਕੋਈ ਗਾਹਲ-ਮੰਦਾ ਕੱਢਦਾ ਰਹਿੰਦਾ ਸੀ। ਫੇਰ ਉਹਨੇ ਉਹ ਖੰਜਰ ਆਪਣੇ ਇਕੋ ਕਮਰੇ ਵਾਲੇ ਘਰ ਦੇ ਅੰਦਰ ਹੀ ਬਣੇ ਸੁਫ਼ੇ (ਘੁਰਨੇ) ਵਿਚ ਸੁੱਟ ਦਿੱਤਾ ਸੀ, ਜਿਥੇ ਉਹਦੇ ਸਦੀਵੀਂ ਦੋ ਸਾਥੀ ਪਾਏ ਹੋਏ ਸਨ। ਇਕ ਸੀ ਮਲ ਮੂਤਰ ਢੋਣ ਵਾਲਾ ਲੋਹੇ ਦਾ ਪੁਰਾਣਾ ਬਾਲਟਾ, ਤੇ ਦੂਸਰਾ ਗੰਦ ਚੁੱਕਣ ਵਾਲਾ ਫਰਸਾ! ਉਥੇ ਹੀ ਕਿਤੇ ਉਹਨੇ ਉਹ ਖੰਜਰ ਸੁੱਟ ਦਿੱਤਾ। ਸੁਫ਼ੇ ਨੂੰ ਕੁੰਡਾ ਲਾਇਆ ਤੇ ਮੁੜ ਧਰਤੀ ਤੋਂ ਗਾਇਬ ਹੋ ਗਿਆ।
****
ਅਗੇ ਸੁਫੇ ਵਧੇਰੇ ਕਰਕੇ ਗਰਮੀਆਂ ਕੱਟਣ ਲਈ ਬਣਾਏ ਜਾਂਦੇ ਸਨ। ਬੰਟੀ ਦੀ ਮਾਂ, ਜਿਹੜੀ ਕਿ ਰਾਧਾ ਰੰਡੀ ਦੀ ਹੀ ਪੜ ਦੋਹਤੀਆਂ ਵਿਚੋਂ ਸੀ, ਕਤਲਾਂ ਤੋਂ ਡਰੀ ਹੋਈ ਨੇ ਕਦੀ ਸੁਫਾ ਖੋਹਲਿਆਂ ਹੀ ਨਹੀਂ ਸੀ। ਬੰਟੀ ਦਾ ਪਿਉ ਵੀ ਪ੍ਰੋਫੈਸ਼ਨਲ ਲੜਾਕਾ ਤੇ ਚਰਸੀ ਸੀ। ਉਹਨੇ ਵੀ ਸੁਫਾ ਘੱਟ-ਵਧ ਹੀ ਖੋਹਲਿਆ ਸੀ। ਉਂਝ ਉਹ ਕਦੀ-ਕਦੀ ਯਾਦ ਕਰਦਾ ਸੀ ਕਿ ਮੇਰੇ ਪਿਉ ਕੋਲ ਗੋਰਿਆਂ ਦੇ ਹੱਥ ਦਾ ਬਣਿਆ ਇਕ ਖੰਜਰ ਹੁੰਦਾ ਸੀ, ਪਰ ਨਾ ਉਸ ਕਦੀ ਤਰੱਦਦ ਕੀਤਾ ਤੇ ਨਾ ਹੀ ਡਰੀ ਹੋਈ ਬੰਟੀ ਦੀ ਮਾਂ ਨੇ ਕਦੀ ਪੁਰਾਣੀਆਂ ਵਸਤਾਂ ਦਾ ਪਿਟਾਰਾ ਖੋਹਲਿਆ। ਸੋ ਜਿਥੇ-ਕਿਤੇ ਉਹ ਗੰਦ ਚੁੱਕਣ ਵਾਲੇ ਸੰਦ ਪਏ ਸਨ, ਸਾਲਾਂ ਤੋਂ ਉਹ ਖੰਜਰ ਵੀ ਕਿਸੇ ਲੋੜਵੰਦ ਹੱਥ ਦੀ ਉਡੀਕ ਵਿਚ ਉਥੇ ਚੁੱਪਚਾਪ ਬੈਠਾ ਹੋਇਆ ਸੀ।
****
ਜਦੋਂ ਸਿੱਖ ਮਿਸਲਾਂ ਤਾਕਤਵਰ ਹੋ ਰਹੀਆਂ ਸਨ, ਉਦੋਂ ਦੇ ਦਿਨ ਵਿਹੜੇ ਵਾਲਿਆਂ ਲਈ ਰਤਾ ਕੁ ਸੁਖਾਵੇਂ ਸਨ। ਸ਼ਹਿਰ ਵਾਲੇ ਉਹਨਾਂ ਨੂੰ ਵਧੇਰੇ ਤਸੀਹੇ ਨਹੀਂ ਸਨ ਦੇ ਸਕਦੇ, ਨਾ ਹੀ ਕੁੱਟਮਾਰ ਕਰ ਸਕਦੇ ਸਨ। ਉਧਰ ਅੰਬਰਸਰ ਦੇ ਬਾਹਰਵਾਰ ਵੀ ਜੱਸਾ ਸਿੰਘ ਰਾਮਗੜੀਏ ਨੇ ‘ਰਾਮਗੜ੍ਹ’ ਨਾਂ ਦਾ ਕਿਲਾ ਬਣਵਾ ਲਿਆ ਸੀ। ਉਹਦੀ ਪੰਥ ਦੇ ਵੱਡੇ ਜਰਨੈਲ ਜੱਸਾ ਸਿੰਘ ਕਲਾਲ (ਆਹਲੂਵਾਲੀਆ) ਨਾਲ ਅਕਸਰ ਖੜਕਦੀ ਰਹਿੰਦੀ ਸੀ। ਪਰ ਇਕ ਸਮੇਂ ਬਾਦ ਉਹ ਇਕੱਠੇ ਹੋ ਗਏ ਸਨ। ਵਿਹੜੇ ਵਾਲਿਆਂ ਨੂੰ ਪਰ ਦੋਹੇਂ ਧਿਰਾਂ ਦਾ ਪੂਰਾ ਆਸਰਾ ਸੀ। ਕਿਸੇ ਵੀ ਮਾੜੀ ਧਿਰ ਨਾਲ ਨਾਜਾਇਜ਼ ਹੋਵੇ, ਪੰਥ ਦੇ ਹਰ ਧੜੇ ਵਲੋਂ ਮਦਦ ਹੁੰਦੀ ਸੀ। ਭਾਵੇਂ ਪੰਥ ਦੇ ਚਲਦੇ ਵਹੀਰ ਵਿਚ ਅਨੇਕਾਂ ਲੁਟੇਰੇ, ਚੋਰ ਵੀ ਸ਼ਾਮਲ ਸਨ, ਪਰ ਦੋਵੇਂ ਜੱਸਿਆਂ ਦਾ ਹੁਕਮ ਸੀ ਕਿ ਲੁੱਟਮਾਰ ਕਰੋ, ਮੁਗਲਾਂ ਨਾਲ ਕਰੋ ਪਠਾਣਾਂ ਦੀ ਕਰੋ, ਪਰ ਕਿਸੇ ਗਰੀਬ ਰਿਆਇਆ ਦੀ ਨਹੀਂ ਕਰਨੀ!
ਇਸੇ ਸਮੇਂ ਹੀ ਮਹਾਰਾਜਾ ਰਣਜੀਤ ਸਿੰਘ ਦੀ ਚੜ੍ਹਤ ਸ਼ੁਰੂ ਹੋਈ। ਅੱਗੇ ਵਿਹੜੇ ਵਾਲੇ ਮੁਗਲਾਂ ਤੇ ਪਠਾਣਾਂ ਤੋਂ ਤੰਗ ਸਨ। ਪਠਾਣਾਂ ਨੇ ਕਈ ਵਾਰ ਵਿਹੜੇ ਦੇ ਬਾਰਾਂ-ਚੌਦਾਂ ਸਾਲਾਂ ਦੇ ਅਨੇਕਾਂ ਮੁੰਡੇ ਆਪਣੇ ਲੌਂਡੇ ਬਣਾਨ ਲਈ ਵਿਹੜੇ ਵਾਲਿਆਂ ਕੋਲੋਂ ਖੋਹੇ ਸਨ। ਅਨੇਕਾਂ ਜਨਾਨੀਆਂ ਵੀ ਉਹਨਾਂ ਵਿਹੜੇ ਦੇ ਬੰਦਿਆਂ ਕੋਲੋਂ ਖੋਹ ਕੇ ਅੱਗੇ ਗਜ਼ਨੀ ਤੱਕ ਜਾ ਕੇ ਵੇਚ ਦਿੱਤੀਆਂ ਸਨ। ਕਾਬਲ ਤੇ ਜਲਾਲਾਬਾਦ ਵਿਚ ਤਾਂ ਅਨੇਕਾਂ ਹੀ ਗਰੀਬੜੇ ਮੁੰਡੇ-ਕੁੜੀਆਂ ਤੇ ਔਰਤਾਂ ਪਠਾਣਾਂ ਦੇ ਲੌਂਡੋ-ਲੌਂਡੀਆਂ ਬਣ ਕੇ ਮੌਤ ਨੂੰ ਉਡੀਕ ਰਹੇ ਸਨ।
…ਇਹਨੂੰ ਆ ਕੇ ਪੰਥ ਦੇ ਡੁਰਲੀ ਜੱਥੇ ਨੇ ਰੋਕ ਲਾਈ ਸੀ। ਪੰਥ ਦੇ ਡੁਰਲੀ ਜੱਥੇ ਨੇ ਤਾਂ ਇਕਵਾਰ ਅਬਦਾਲੀ ਦੇ ਨਾਸੀਂ ਧੂੰਆਂ ਲਿਆ ਦਿੱਤਾ ਸੀ।
ਇਹਨਾਂ ਸਮਿਆਂ ਵਿਚ ਹੀ ਜਦੋਂ ਪੰਜਾਬ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ, ਉਹਨੇ ਅੰਬਰਸਰ ਦੀ ਤੇ ਹਰਮੰਦਰ ਸਾਹਿਬ ਦੀ ਕਾਇਆ-ਕਲਪ ਕਰਨ ਦੀ ਠਾਣ ਲਈ ਸੀ। ਪੁਜਾਰੀਆਂ ਡਰਦੇ ਮਾਰੇ ਕੁੰਜੀਆਂ ਮਹਾਰਾਜੇ ਦੇ ਦੀਵਾਨ ਨੂੰ ਸੌਂਪ ਦਿੱਤੀਆਂ ਸਨ। ਰਾਜਸਥਾਨ ਤੇ ਮੱਧ ਭਾਰਤ ਦੇ ਕਾਰੀਗਰ ਆ ਕੇ ਹਰਮੰਦਰ ਦੀਆਂ ਛੱਤਾਂ ਤੇ ਕੰਧਾਂ ਉੱਪਰ ਮੀਨਾਕਾਰੀ ਕਰ ਰਹੇ ਸਨ। ਕੁਛ ਸਿੱਖ ਨਕਾਸ਼ ਵੀ ਉਹਨਾਂ ਦਾ ਸਾਥ ਦੇ ਰਹੇ ਸਨ। ਪਰਿਕਰਮਾ ਚਿੱਟੇ ਪੱਥਰਾਂ ਨਾਲ ਪੱਕੀ ਹੋ ਰਹੀ ਸੀ। ਪਰਕਰਮਾ ਵਿਚ ਥਾਂ-ਥਾਂ ਤੇ ਹਿੰਦੂ ਮੰਦਰ ਤੇ ਨਿੱਕੀਆਂ-ਨਿੱਕੀਆਂ ਮੂਰਤੀਆਂ ਵੀ ਸਥਾਪਤ ਹੋ ਰਹੀਆਂ ਸਨ। ਛਾਬੜੀਆਂ ਵਾਲੇ ਤੇ ਹੋਰ ਫੜੀ-ਫੇਰੀਆਂ ਵਾਲੇ ਵੀ ਹੁਣ ਸਵੇਰ ਤੋਂ ਸ਼ਾਮ ਤੱਕ ਹਰਮੰਦਰ ਦੇ ਬਾਹਰ ਬੈਠ ਕੇ ਸੌਦੇ ਵੇਚਦੇ ਸਨ। ਹਰਮੰਦਰ ਦੇ ਆਲੇ ਦੁਆਲੇ ਸਿੱਖ ਸਰਦਾਰਾਂ ਨੇ ਬੁੰਗੇ ਬਣਾਨੇ ਸ਼ੁਰੂ ਕਰ ਦਿੱਤੇ ਸਨ। ਖਾਸਕਰ ਰਾਮਗੜ੍ਹੀਆਂ ਨੇ, ਜਿਹੜੇ ਜੱਸੇ ਦੇ ਵਾਰਸ ਸਨ, ਦੋ ਮੀਨਾਰਾਂ ਵੀ ਤਾਮੀਰ ਕਰ ਲਈਆਂ ਸਨ। ਹੁਣ ਤੇ ਹਰਮੰਦਰ ਦੇ ਆਲੇ-ਦੁਆਲੇ ਦੀ ਡਰਾਉਣੀ ਭਾਹ ਮਾਰਦੀ ਉਜਾੜ ਮੁੱਕ ਰਹੀ ਸੀ। ਹਰਮੰਦਰ ਦੇ ਆਲੇ-ਦੁਆਲੇ ਪਸਰਿਆ ਜੰਗਲ ਵੀ ਹੁਣ ਮੁੱਕ ਰਿਹਾ ਸੀ। ਲੋੜਵੰਦ ਜੰਗਲ ਕੱਟ ਰਹੇ ਸਨ ਤੇ ਥਾਵਾਂ ਮੱਲ ਰਹੇ ਸਨ।
…ਮਹਾਰਾਜੇ ਦਾ ਤੋਰਾ-ਫੇਰਾ ਅੰਬਰਸਰ ਕਾਫੀ ਵਧ ਗਿਆ ਸੀ। ਜਿਉਂ-ਜਿਉਂ ਮਹਾਰਾਜਾ ਵਡੇਰੀ ਉਮਰ ਦਾ ਹੋ ਰਿਹਾ ਸੀ, ਉਹ ਹਰਮੰਦਰ ਸਾਹਿਬ ਵਲ ਉਲਾਰ ਹੋ ਰਿਹਾ ਸੀ। ਉਂਜ ਮਹਾਰਾਜਾ ਅੰਦਰੋਂ ਦੇਵੀ-ਭਗਤ ਸੀ, ਪਰ ਸ਼੍ਰੀ ਹਰਮੰਦਰ ਵਲ ਵੀ ਉਸਦੀ ਆਰਜਾ ਕਾਇਮ ਸੀ।
ਇਹਨਾਂ ਹੀ ਸਮਿਆਂ ਵਿਚ ਜੱਲ੍ਹੇ ਪੰਡਤ ਨੂੰ, ਜਿਹੜਾ ਮਹਾਰਾਜੇ ਦਾ ਦਰਬਾਰੀ ਸੀ, ਮਹਾਰਾਜੇ ਨੇ ਸ਼੍ਰੀ ਹਰਮੰਦਰ ਦੇ ਕੋਲ ਖਾਲੀ ਪਈ ਥਾਂ ਬਾਗ ਲਾਉਣ ਲਈ ਦੇ ਦਿੱਤੀ ਸੀ।ਜੱਲ੍ਹਾ ਅੰਦਰੋਂ ਬੜਾ ਜਾਲਮ ਸੀ ਤੇ ਉਹਦੇ ਅੰਗ-ਸਾਕ ਉਹਤੋਂ ਵਧ ਸਨ। ਜੱਲ੍ਹੇ ਨੇ ਹੁਕਮ ਮਿਲਦਿਆਂ ਹੀ ਉਨੇ ਹਿੱਸੇ ਦਾ ਜੰਗਲ ਕੱਟ ਕੇ ਬਾਗ ਲਵਾਣਾ ਸ਼ੁਰੂ ਕਰ ਦਿੱਤਾ ਸੀ। ਲਾਲਚ ਉਹਦੇ ਅੰਗ-ਸਾਕਾਂ ਨੂੰ ਏਨਾ ਸੀ ਕਿ ਉਹਨਾਂ ਬਾਗ ਦੀ ਇਕ ਨੁੱਕਰ ਸ਼੍ਰੀ ਹਰਿਮੰਦਰ ਸਾਹਿਬ ਕੋਲੋਂ ਸ਼ੁਰੂ ਕਰਕੇ ਦੂਜੀ ਨੁੱਕਰ ਕੁੱਤੀ ਵਿਹੜੇ ਦੇ ਸਿਰੇ ਨੂੰ ਲਾ ਦਿੱਤੀ। ਉਥੇ ਹੀ ਕਿਤੇ ਤੋਚੀ ਤੇ ਛੱਲੋ ਦੀਆਂ ਝੁੱਗੀਆਂ ਸਨ। ਹੋਰ ਵੀ ਇਕ-ਦੋ ਗਰੀਬੜੇ ਕਸਾਈ ਉਥੇ ਹੀ ਰਹਿ ਰਹੇ ਸਨ। ਜੱਲ੍ਹੇ ਦਿਆਂ ਰਿਸ਼ਤੇਦਾਰਾਂ ਤੇ ਜੱਲ੍ਹੇ ਨੂੰ ਮਿਲੀ ਮਿਸਲ ਦਿਆਂ ਸਪਾਹੀਆਂ ਨੇ ਇਕ ਸ਼ਾਮ, ਹਨੇਰੇ ਪਏ ਤੇ ਤੋਚੀ ਤੇ ਛੱਲੋ ਦੀਆਂ ਲੱਤਾਂ ਤੋੜ ਛੱਡੀਆਂ ਤੇ ਕਸਾਈਆਂ ਨੂੰ ਦਾਬਾ ਮਾਰ ਕੇ ਭਜਾ ਦਿੱਤਾ। ਉਹ ਥਾਂ, ਜਿਹੜੀ ਸਦੀਆਂ ਤੋਂ ਕੁੱਤੀ ਵਿਹੜੇ ਕੋਲ ਸੀ, ਉਹ ਥਾਂ, ਜਿਹੜੀ ਗੁਰੂ ਰਾਮ ਦਾਸ ਵਲੋਂ ਬਖਸ਼ ਸੀ, ਉਹ ਜੱਲ੍ਹਿਆਂ ਨੇ ਆਪਣੇ ਬਾਗ ਵਿਚ ਰਲਾ ਕੇ ਵਾੜ ਕਰ ਲਈ ਸੀ।
ਛੱਲੋ ਤੇ ਦੋ ਕੁ ਦਿਨਾਂ ਬਾਅਦ ਹੀ ਪੀੜ ਨਾਲ ਮਰ ਗਈ ਸੀ। ਤੋਚੀ ਪਰ ਬੱਚ ਗਿਆ ਸੀ, ਕਿਉਂਕਿ ਮੁਸਲਮਾਨ ਫੱਟ-ਬੰਨ੍ਹ ਬੜਾ ਨੇਕ ਸੀ। ਉਹਨੇ ਸਮੇਂ ਸਿਰ ਤੋਚੀ ਦੇ ਹੱਡ ਬੰਨ੍ਹ ਦਿੱਤੇ ਸਨ। ‘ਜੱਲ੍ਹਿਆਂ ਬਾਹਮਣਾਂ’ ਦੇ ਬਾਗ ਦਾ ਵਧਦਾ ਢਿੱਡ ਤੇ ਵਧਦਾ ਜੁਲਮ ਵੇਖ ਕੇ ਵਿਹੜਾ ਡਰ ਗਿਆ। ਧੀਰੇ ਨੇ ਸਲਾਹ ਦਿੱਤੀ ਪਈ ਐਤਕੀਂ ਜਦੋਂ ਮਹਾਰਾਜਾ ਹਰਮੰਦਰ ਸਾਹਿਬ ਤੋਂ ਬਾਹਰ, ਪਰਕਰਮਾ ਪਾਰ ਦਰਬਾਰ ਲਾਵੇ, ਉਦੋਂ ਉਸ ਕੋਲ ਫਰਿਆਦ ਕੀਤੀ ਜਾਵੇ।
ਸੁੱਖਾਂ ਸੁਖਦਿਆਂ ਉਹ ਦਿਨ ਵੀ ਆ ਗਏ ਸਨ। ਪਤਾ ਲੱਗਾ ਕਿ ਮਹਾਰਾਜਾ ਕਈ ਦਿਨ ਹਰਮੰਦਰ ਸਾਹਿਬ ਦੀ ਪਰਕਰਮਾ ਤੋਂ ਪਾਰ ਆਪਣਾ ਦਰਬਾਰ ਸਜਾ ਕੇ ਦੁਨੀਆਂਦਾਰੀ ਨੂੰ ਮਿਲੇਗਾ ਤੇ ਰਿਆਇਆ ਦੀਆਂ ਦੁੱਖ-ਤਕਲੀਫਾਂ ਸੁਣੇਗਾ।
…ਜਿੱਦਣ ਵਿਹੜੇ ਵਾਲੇ ਪੰਝੀ-ਤੀਹ ਜਣੇ ਨੰਗੇ ਪਿੰਡੇ, ਗਲ ਵਿਚ ਲੀਰਾਂ ਲਟਕਾ ਕੇ ਮਹਾਰਾਜੇ ਨੂੰ ਮਿਲਣ ਗਏ, ਉਦਣ ਦਰਬਾਰ ਪੂਰਾ ਭਰਿਆ ਹੋਇਆ ਸੀ। ਖਾਲਸਾਈ ਬਾਣੇ ਪਹਿਨੀ ਕਈ-ਕਈ ਪਹਿਰੇਦਾਰ ਪਹਿਰੇ ਤੇ ਖੜ੍ਹੇ ਸਨ। ਛਨੀ ਦੇ ਮੰਦਰ ਕੋਲੋਂ ਹੀ ਜਦੋਂ ਪਹਿਰੇਦਾਰਾਂ ਉਹਨਾਂ ਨੂੰ ਆਉਂਦਿਆਂ ਦੇਖਿਆ ਤਾਂ ਦੂਰੋਂ ਹੀ ਵੱਡੇ ਮਿਸਲਦਾਰ ਨੇ ਉਹਨਾਂ ਵਲ ਹੱਥ ਕਰਕੇ ਸਪਾਹੀਆਂ ਨੂੰ ਲਲਕਾਰਾ ਮਾਰਕੇ ਕਿਹਾ -
‘‘ਉਏ! ਉਹ ਭੱਜਾਓ ਉਹਨਾਂ ਢੇਡਾਂ ਨੂੰ! ਇਹ ਚੂਹੜੇ-ਚਪਾੜੇ ਕਿਧਰ ਮੂੰਹ ਚੁੱਕ ਆਉਂਦੇ ਨੇ? ਜੇ ਕਿਤੇ ਮਹਾਰਾਜੇ ਨੇ ਵੇਖ ਲਿਆ ਤਾਂ ਔਖਾ ਹੋ ਜਾਣੈ ਸਾਰਿਆਂ ਨੂੰ।’’
…ਹੁਕਮ ਮਿਲਦਿਆਂ ਹੀ ਖਾਲਸੇ ਸਪਾਹੀ ਦੌੜ ਪਏ ਤੇ ਤਿੰਨਾਂ-ਚੌਹਾਂ ਸਪਾਹੀਆਂ ਬਰਛਿਆਂ ਦੀਆਂ ਹੁੱਜਾਂ ਮਾਰ-ਮਾਰ ਕੇ ਚੂਹੜੇ ਭਜਾ ਛੱਡੇ। ਸੱਟਾਂ ਖਾ ਕੇ, ਡਿੱਗਦੇ-ਢਹਿੰਦੇ ਚੂਹੜਿਆਂ ਆਪਣੇ ਵਿਹੜੇ ਵਿਚ ਜਾ ਕੇ ਸਾਹ ਲਿਆ। ਉਥੇ ਵੀ ਡਰੇ ਹੋਏ ਉਹ ਕਿੰਨਾ ਚਿਰ ਆਪਣੀਆਂ ਛੰਨਾਂ ਵਿਚ ਨਾ ਵੜੇ, ਸਗੋਂ ਏਧਰ-ਉਧਰ ਲੁਕੇ ਰਹੇ, ਮਤਾਂ ਕਿਤੇ ਖਾਲਸੇ ਪਿੱਛਾ ਕਰਦੇ ਇਥੇ ਨਾ ਆ ਚੜ੍ਹਨ…!
ਅਗਲੇ ਦਿਨ ਵਿਹੜੇ ਵਾਲੇ ਮਿੱਥ ਕੇ ਸਵੇਰੇ ਹੀ ਬਾਬੇ ਅਟਲ ਦੇ ਗੁਰਦੁਆਰੇ ਵਲ ਨੂੰ ਆਉਂਦੇ ਰਾਹਾਂ ਵਿਚ ਖੜ੍ਹੋ ਗਏ। ਥੋੜ੍ਹੀ ਦੇਰ ਬਾਅਦ ਭਾਈ ਮਨਸਾ ਸਿੰਘ ਜੀ ਹਜ਼ੂਰੀ ਰਾਗੀ ਉਥੋਂ ਲੰਘੇ। ਮੁਸਲਮਾਨ ਰਾਗੀ ਜੋ ‘ਮਰਦਾਨੇ ਕੇ’ ਕਹਾਂਦੇ ਸਨ, ਉਹਨਾਂ ਵਿਚ ਇਹ ਇਕੋ ਇਕ ਸਿੱਖ ਰਾਗੀ ਸਨ। ਆਸਾ ਦੀ ਵਾਰ ਦਾ ਗਾਇਨ ਤੇ ਸਮਾਪਤੀ ਦੇ ਸ਼ਬਦ ਉਹੀ ਪੜ੍ਹਦੇ ਸਨ। ਉਹ ਵੀ ਪਿੱਛੋਂ ਵਿਹੜੇ ਦੀ ਬਰਾਦਰੀ ਨਾਲ ਆਪਣੀ ਅੰਗਲੀ-ਸੰਗਲੀ ਜੋੜਦੇ ਸਨ। ਉਹਨਾਂ ਦੇ ਵੱਡ-ਵਡੇਰੇ ਕਰੀਬਨ ਡੇਢ ਕੁ ਸੌ ਸਾਲ ਪਹਿਲਾਂ ਬਾਬੇ ਅਘੜ ਸਿੰਘ, ਸਘੜ ਸਿੰਘ ਦੇ ਜੱਥੇ ਕੋਲੋਂ ਅੰਮ੍ਰਿਤ ਛੱਕ ਕੇ ਸਿੰਘ ਸਜੇ ਸਨ ਤੇ ਵਿਹੜੇ ਨੂੰ ਛੱਡ ਗਏ ਸਨ। ਮਿਸਲਾਂ ਦੀ ਚੜ੍ਹਾਈ ਵੇਲੇ ਉਹਨਾਂ ਦੇ ਪੁੱਤ ਧੀਆਂ ਪਰਤ ਆਏ ਸਨ ਤੇ ਹਰਮੰਦਰ ਸਾਹਿਬ ਦੇ ਆਸੇ-ਪਾਸੇ ਵੱਸ ਗਏ ਸਨ। ਵਿਹੜੇ ਵਾਲਿਆਂ ਬਾਰੇ ਉਹ ਆਪਣੇ ਵੱਡ-ਵਡੇਰਿਆਂ ਕੋਲੋਂ ਸੁਣਦੇ ਰਹੇ ਸਨ, ਸੋ ਜਦੋਂ ਉਹ ਟੱਬਰ ਹਰਮੰਦਰ ਸਾਹਿਬ ਕੋਲ ਜਾਂ ਅੰਬਰਸਰ ਦੇ ਬਾਹਰਵਾਰ ਵਸੇ, ਉਹ ਵਿਹੜੇ ਵਾਲਿਆਂ ਨਾਲ ਸਾਂਝ ਰੱਖਦੇ ਤੇ ਅਕਸਰ ਖਬਰਸਾਰ ਲੈਂਦੇ ਸਨ। ਅੱਜ ਵੀ ਜਦੋਂ ਵਿਹੜੇ ਦੇ ਦੁਖੀਆਰਿਆਂ ਆਪਣੇ ਭਾਈਬੰਦ ਭਾਈ ਮਨਸਾ ਸਿੰਘ ਹੁਰਾਂ ਨੂੰ ਸਾਰੀ ਕਥਾ ਸੁਣਾਈ ਕਿ ਕਿਵੇਂ ਮਹਾਰਾਜੇ ਦੇ ਸਿਪਾਹੀਆਂ ਸਾਨੂੰ ਉਹਨੂੰ ਮਿਲਣ ਤੱਕ ਨਹੀਂ ਦਿੱਤਾ!
ਸਭ ਕੁਝ ਸੁਣਕੇ ਭਾਈ ਸਾਹਿਬ ਚੁੱਪ ਹੋ ਗਏ। ਲੰਮਾ ਸਮਾਂ ਖਾਮੋਸ਼ ਰਹਿਣ ਤੋਂ ਮਗਰੋਂ ਉਹਨਾਂ ਸਾਰੀ ਸੰਗਤ ਨੂੰ ਸਿਰ ਢੱਕ ਕੇ ਹਰਿਮੰਦਰ ਦੇ ਅੰਦਰ ਆਉਣ ਨੂੰ ਕਿਹਾ। ਸਵੇਰ ਤੋਂ ਦੁਪਹਿਰ ਹੋ ਗਈ। ਵਿਹੜੇ ਵਾਲੇ ਹੁਕਮ ਦੇ ਬੱਧੇ ਸਨ। ਭਾਈ ਮਨਸਾ ਸਿੰਘ ਜੀ ਅਡੋਲ, ਅੱਖਾਂ ਮੀਟ ਕੇ ਬੈਠੇ ਸਨ। ਦੁਪਹਿਰ ਤੋਂ ਸ਼ਾਮ ਹੋ ਗਈ। ਵਿਹੜੇ ਵਾਲੇ ਵੈਸੇ ਤਾਂ ਭੁੱਖਾਂ ਕੱਟਣ ਦੇ ਆਦੀ ਸਨ, ਪਰ ਭੁੱਖ ਸਭ ਨੂੰ ਲੱਗ ਗਈ ਸੀ। ਭਾਈ ਸਾਹਿਬ ਅਡੋਲ ਸਨ। ਉਹਨਾਂ ਨੂੰ ਤੇ ਉਂਜ ਹੀ ਸਵਾ ਪਹਿਰ ਇਕ ਜਾਂ ਦੋ ਪਰਸ਼ਾਦੇ ਨਾਲ ਸਰ ਜਾਂਦਾ ਸੀ। ਰਾਗ ਗਾਇਨ ਕਰਦਿਆਂ ਭੁੱਖ ਬਹੁਤੀ ਲਗਦੀ ਹੀ ਨਹੀਂ ਸੀ….!
ਉਸ ਸ਼ਾਮ ਕਹਿੰਦੇ ਨੇ, ਭਾਈ ਸਾਹਿਬ ਨੇ ਸ਼ਾਮ ਦੀ ਵਾਰੀ ਤੇ ਸਾਰੀ ਬਾਣੀ ਬੇਨਤੀ ਦੇ ਸੁਰਾਂ ਨੂੰ ਮੁੱਖ ਰੱਖ ਕੇ ਪੜ੍ਹੀ। ਉਸ ਸ਼ਾਮ ਅੰਬਰਸਰ ਦੇ ਪੱਕੇ ਨਿੱਤਨੇਮੀ ਹੈਰਾਨ ਸਨ ਕਿ ਭਾਈ ਮਨਸਾ ਸਿੰਘ ਗੁਰਬਾਣੀ ਗਾਇਨ ਕਰ ਰਹੇ ਹਨ ਜਾਂ ਰੁਦਨ ਕਰ ਰਹੇ ਹਨ! ਇਸ ਤੋਂ ਮਗਰੋਂ ਉਹਨਾਂ ਰਲ ਕੇ ਲੰਗਰ ਵਿਚੋਂ ਹੀ ਸਾਰੇ ਵਿਹੜੇ ਨਾਲ ਪਰਸ਼ਾਦਾ ਛਕਿਆ। ਆਮ ਤੌਰ ‘ਤੇ ਭਾਈ ਸਾਹਿਬ ਲੰਗਰ ਵਿਚੋਂ ਪਰਸ਼ਾਦਾ ਨਹੀਂ ਛਕਦੇ ਸਨ, ਸਗੋਂ ਆਪਣੀ ਅੱਗ ਬਾਲ ਕੇ ਘੜੇ ਦੀ ਚਿੱਪਰ ‘ਤੇ ਰੋਟੀ ਪਕਾ ਲੈਂਦੇ ਸਨ। ਅਕਾਲ ਤਖ਼ਤ ਦੇ ਪਿਛੇ ਬਣੇ ਗੁਰਦੁਆਰਾ ਥੜ੍ਹਾ ਸਾਹਿਬ ਦੇ ਨਾਲ ਬਣੀਆਂ ਹੋਈਆਂ ਕੋਠੜੀਆਂ ਵਿਚੋਂ ਇਕ ਭਾਈ ਸਾਹਿਬ ਕੋਲ ਸੀ।
***
ਕੁਝ ਮਹੀਨਿਆਂ ਮਗਰੋਂ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗ ਗਿਆ ਕਿ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਨਸਾ ਸਿੰਘ ਹੋਰੀਂ ਏਨੇ ਗਰੀਬ, ਪਰ ਸਬਰ ਵਾਲੇ ਹਨ ਕਿ ਉਹਨਾਂ ਕੋਲ ਰੋਟੀ ਪਕੌਣ ਜੋਗੇ ਨਾ ਭਾਂਡੇ, ਨਾ ਤਵਾ, ਨਾ ਬਹੁਤੀ ਰਸਦ ਹੀ ਹੈ।
ਇਸ ਗੱਲ ਦਾ ਪਤਾ ਲਗਦਿਆਂ ਹੀ ਅੰਬਰਸਰ ਆਇਆ ਮਹਾਰਾਜਾ ਰਸਦ ਤੇ ਭਾਂਡੇ ਲੈ ਕੇ ਭਾਈ ਮਨਸਾ ਸਿੰਘ ਦੀ ਕੋਠੜੀ ਵਲ ਟੁਰ ਪਿਆ। ਮਗਰ ਸਿੱਖ ਸਰਦਾਰ ਤੇ ਮਿਸਲਦਾਰ ਸਨ। ਦੂਰੋਂ ਜਦੋਂ ਭਾਈ ਸਾਹਿਬ ਨੇ ਮਹਾਰਾਜੇ ਨੂੰ ਆਉਂਦਿਆਂ ਦੇਖਿਆ, ਉਹਨਾਂ ਕੋਠੜੀ ਅੰਦਰੋਂ ਬੰਦ ਕਰ ਲਈ। ਮਹਾਰਾਜੇ ਨੇ ਤੇ ਸਾਥੀਆਂ ਨੇ ਲੱਖ ਕਿਵਾੜ ਖੜਕਾਏ, ਭਾਈ ਸਾਹਿਬ ਨੇ ਬੂਹਾ ਨਹੀਂ ਖੋਲ੍ਹਿਆ। ਵਾਰ-ਵਾਰ ਸੇਵਾ ਪੁੱਛਣ ‘ਤੇ ਅੰਦਰੋਂ ਇਹੀ ਆਵਾਜ਼ ਦਿੱਤੀ-
‘‘ਬਸ ਜੀ, ਸੇਵਾ ਇਹੀ ਹੈ ਕਿ ਅੱਗੇ ਤੋਂ ਦਰਸ਼ਨ ਨਾ ਦਇਓ ਜੀ।’’
ਹਜ਼ੂਰੀ ਰਾਗੀ ਦੇ ਸਰਾਪ ਤੋਂ ਡਰਦਿਆਂ ਨਾ ਮਹਾਰਾਜੇ ਦੀ ਕੁਝ ਹਿੰਮਤ ਹੋਈ ਤੇ ਨਾ ਹੀ ਨਾਲ ਆਏ ਸਰਦਾਰਾਂ ਕੁਝ ਕਿਹਾ। ਸਾਰੇ ਚੁੱਪਚਾਪ ਪਰਤ ਗਏ ਸਨ।
ਭਾਈ ਸਾਹਿਬ ਦੇ ਹਿਰਦੇ ਅੰਦਰ ਉਹਨਾਂ ਦੇ ਗੁਰੂ ਰਾਮਦਾਸ ਦੀ ਰਿਆਇਆ ਨਾਲ ਹੋਇਆ ਧੱਕਾ, ਡੂੰਘਾ ਸੱਲ ਬਣ ਕੇ ਲਹਿ ਗਿਆ ਸੀ।
ਉਹ ਕਿਵੇਂ ਭੁੱਲਦੇ….?
****
ਅੰਗਰੇਜ਼ ਲਾਹੌਰ ਦੇ ਤਖ਼ਤ ‘ਤੇ ਕਾਬਜ਼ ਹੋ ਚੁੱਕੇ ਸਨ। ਮਹਾਰਾਜਾ ਰਣਜੀਤ ਸਿੰਘ ਦਾ ਕਾਲ ਮੁੱਕ ਚੁੱਕਾ ਸੀ। ਅੰਗਰੇਜ਼ੀ ਰਾਜ-ਕਾਜ ਦੌਰਾਨ ਅੰਬਰਸਰ ਦੀ ਕਾਇਆ ਕਲਪ ਸ਼ੁਰੂ ਹੋ ਗਈ ਸੀ। ਅੰਗਰੇਜ਼ ਰੈਜ਼ੀਡੈਂਟ ਸਰ ਹੈਨਰੀ ਲਾਰੰਸ ਨੇ ਈਸਟ ਇੰਡੀਆ ਕੰਪਨੀ ਕੋਲੋਂ ਮੰਗ ਕੇ ਅੰਬਰਸਰ ਸ਼ਹਿਰ ਲਿਆ ਸੀ।
ਸਰ ਹੈਨਰੀ ਲਾਰੰਸ, ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਆਖਰੀ ਚਾਰ-ਪੰਜ ਸਾਲ ਆਉਂਦਾ ਜਾਂਦਾ ਰਿਹਾ ਸੀ, ਅਸਲ ਵਿਚ ਅੰਗੇਰਜ਼ਾਂ ਦਾ ਸੂਹੀਆ ਸੀ। ਫੇਰ ਪਤਾ ਨਹੀਂ ਕਿੱਦਾਂ, ਇਕ ਵਾਰ ਉਹਨੂੰ ਰਾਣੀ ਜਿੰਦਾਂ ਦੀ ਝਲਕ ਪੈ ਗਈ। ਉਹ ਅਨੁਰਾਗੀ ਬੰਦਾ ਸੀ। ਉਹ ਜਿੰਦਾਂ ਨਾਲ ਇਕਪਾਸੜ ਨਰਗਿਸੀ ਪਿਆਰ ਕਰਨ ਲੱਗ ਪਿਆ। ਅਖੀਰ ਵਿਚ ਤੇ ਉਹਦੀ ਇਕਪਾਸੜ ਮੁਹੱਬਤ ਤੇ ਪਾਗਲਪਨ ਏਨਾ ਵਧ ਗਿਆ ਕਿ ਉਹ ਆਪਣੇ ਆਪ ਨੂੰ ਖਿਆਲਾਂ ਦੇ ਵਿਚ ਹੀ ਮਹਾਰਾਜਾ ਰਣਜੀਤ ਸਿੰਘ ਸਮਝਣ ਲੱਗ ਪਿਆ ਸੀ। ਮਹਾਰਾਜਾ ਰਣਜੀਤ ਸਿੰਘ ਵਾਂਗ ਹੀ ਉਹਨਾਂ ਕਈ ਲੌਂਡੀਆਂ ਵਰਤਣ ਲਈ ਤੇ ਇਕ-ਦੋ ਕਸ਼ਮੀਰੀ ਲੌਂਡੇ ਰੱਖ ਲਏ ਸਨ। ਫੇਰ ਕਿਤੇ ਮਹਾਰਾਜੇ ਨੂੰ ਉਹਦੇ ਪਾਗਲਪਨ ਦੀ ਸ਼ੱਕ ਪੈਣੀ ਸ਼ੁਰੂ ਹੋ ਗਈ। ਉਹਨੇ ਬਹਾਨੇ ਨਾਲ ਉਹਨੂੰ ਪਹਿਲਾਂ ਅੰਬਰਸਰ ਭੇਜ ਦਿੱਤਾ ਤੇ ਫੇਰ ਦੀਵਾਨ ਮੂਲ ਚੰਦ ਕੋਲੋਂ ਦਬਕਾ ਮਰਵਾ ਕੇ ਫਿਲੌਰ ਪਾਰ ਕਰਵਾ ਦਿੱਤਾ ਸੀ।
ਮਹਾਰਾਜੇ ਦੇ ਮਰਦਿਆਂ ਹੀ, ਜਦੋਂ ਸਿੱਖ ਰਾਜ ਖਿੰਡਰਿਆ, ਬੁੱਢਾ ਹੋ ਰਿਹਾ ਸਰ ਲਾਰੰਸ ਫੱਟ ਅੰਗਰੇਜ਼ੀ ਰਾਜ ਸਥਾਪਤ ਹੁੰਦਿਆ ਅੰਬਰਸਰ ਤੇ ਲਾਹੌਰ ਦਾ ਰੈਜ਼ੀਡੈਂਟ ਬਣ ਕੇ ਆ ਗਿਆ। ਉਸ ਸਮੇਂ ਤੱਕ ਜਿੰਦਾਂ ਦਾ ਭੂਤ ਉਸ ਅੰਦਰੋਂ ਨਿਕਲ ਚੁੱਕਾ ਸੀ ਤੇ ਅੰਬਰਸਰ, ਲਾਹੌਰ ਉਸਦੀ ਪਹਿਲੀ ਪਸੰਦ ਬਣ ਚੁੱਕਾ ਸੀ।
ਅੰਬਰਸਰ ਆਉਂਦਿਆਂ ਹੀ ਉਹਨੇ ਪਹਿਲੇ ਦਰਬਾਰ ਸਾਹਿਬ ਕੋਲ ਗਊਆਂ ਕੱਟਣ ਵਾਲੇ ਸਪੈਸ਼ਲ ਬੁੱਚੜਖਾਨੇ ਖੁਲ੍ਹਵਾਏ। ਫੇਰ ਅੰਬਰਸਰ ਦੇ ਬਾਹਰਵਾਰ ਮੁਸਲਮਾਨੀ ਇਲਾਕੇ ‘ਰਾਏ ਤਖਤ’ ਵਿਚ ਬੁੱਚੜਖਾਨੇ ਖੁਲ੍ਹਵਾਏ। ਉਹਦੇ ਆਏ ਦਾ ਇਕ ਫਾਇਦਾ ਕੁੱਤੀ ਵਿਹੜੇ ਵਾਲਿਆਂ ਨੂੰ ਇਹ ਹੋਇਆ ਕਿ ਜਿਹੜਾ ਇਲਾਕਾ ਜੰਗਲ-ਬੀਆਬਾਨ ਸੀ ਤੇ ਰਾਤ ਪਏ ਤੇ ਵਿਹੜਾ ਹਨੇਰੇ ਨਾਲ ਭਰ ਜਾਂਦਾ ਸੀ, ਉਸ ਵਿਹੜੇ ਦੇ ਨਾਲ-ਨਾਲ ਬਣੇ ਲਾਂਘੇ ਉਪਰ ਸਰ ਲਾਰੰਸ ਨੇ ਰਾਤ ਨੂੰ ਮਸ਼ਾਲਾਂ ਬਾਲਣ ਤੇ ਰੌਸ਼ਨੀ ਕਰਨ ਦਾ ਹੁਕਮ ਲਾ ਦਿੱਤਾ। ਮਸ਼ਾਲ ਬਾਲਣ ਦੀ ਨੌਕਰੀ ਤੇ ਖਰਚਾ ਵੀ ਅੰਗਰੇਜ਼ ਹਕੂਮਤ ਨੇ ਵਿਹੜੇ ਦੇ ਚੌਧਰੀ ਨੂੰ ਦੇਣਾ ਮੰਨ ਲਿਆ ਸੀ।
ਚੌਧਰੀ ਪੂਰਬਾ ਤੇ ਉਹਦੇ ਇਕ ਦੋ ਸਾਥੀ ਰੋਜ਼ ਰਾਤ ਨੂੰ ਤੇਲ ਲਿਬੜੀਆਂ ਮਸ਼ਾਲਾਂ ਬਾਲ ਕੇ ਲੱਕੜ ਦੇ ਖੰਭਿਆਂ ਤੇ ਟੰਗਦੇ ਤੇ ਕਿਲੋਮੀਟਰ ਲੰਮੇ ਰਾਹ ‘ਤੇ ਰੌਸ਼ਨੀਆਂ ਕਰਦੇ। ਰਾਤ ਹਨੇਰੇ ਵਿਚ ਸਦੀਆਂ ਤੋਂ ਹਨੇਰਾ ਢੋਂਦਾ ਵਿਹੜਾ ਹੁਣ ਰਾਤ ਨੂੰ ਜਗਮਗ ਕਰਦਾ ਸੀ।
***
ਇਸ ਦੌਰਾਨ ਕੂਕਿਆਂ (ਨਾਮਧਾਰੀਆਂ) ਨੇ ਬਾਬੇ ਰਾਮ ਸਿੰਘ ਦੀ ਪ੍ਰੇਰਨਾ ਨੂੰ ਮੁੱਖ ਰੱਖ ਕੇ ਆਪਣੀ ਲਹਿਰ ਪ੍ਰਚੰਡ ਕਰਨੀ ਸ਼ੁਰੂ ਕਰ ਦਿੱਤੀ। 1849-50 ਵਿਚ ਸਰ ਲਾਰੰਸ ਨੇ ਆਪਣੇ ਕਮਿਸ਼ਨਰ ਐਮ.ਸੀ. ਸਾਂਡਰਸ ਨੂੰ ਬੁੱਚੜਖਾਨੇ ਖੋਲ੍ਹਣ ਤੇ ਕਸਾਈਆਂ ਦੀ ਸਰਕਾਰੀ ਹਿਫਾਜ਼ਤ ਦਾ ਹੁਕਮ ਦੇ ਰੱਖਿਆ ਸੀ। ਸਾਂਡਰਸ ਨੇ ਡਿਊਟੀ ਬਖੂਬੀ ਵਜਾਈ ਸੀ। ਸਰ ਲਾਰੰਸ ਨੇ ਆਪਣੀ ਕੋਠੀ ਅੰਬਰਸਰ ਦੇ ਬਾਹਰਵਾਰ ਠੰਡੀ ਸੜਕ ਤੇ ਬਣਵਾਈ, ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਗਰਮੀਆਂ ਦੇ ਮਹੱਲ ‘ਰਾਮ ਬਾਗ’ ਕੋਲ ਸੀ। ਇਹੀ ਮਗਰੋਂ ਲਾਰੰਸ ਬਾਗ ਤੇ ਲਾਰੰਸ ਰੋਡ ਬਣਿਆ ਸੀ। ਉਹਦੇ ਸੈਕਟਰੀ ਦੀ ਕੋਠੀ ਬਾਬੇ ਸ਼ਹੀਦਾਂ ਸਾਹਮਣੇ ਚਾਟੀਵਿੰਡ ਰੋਡ ‘ਤੇ ਸੀ, ਜਿਹੜੀ ਸਕੱਤਰੀ ਦੇ ਬਾਗ ਨਾਲ ਮਸ਼ਹੂਰ ਹੋਈ।
1871 ਦੌਰਾਨ ਭਰੇ-ਪੀਤੇ ਨਾਮਧਾਰੀਆਂ ਨੇ ਗਊਆਂ ਮਾਰਨ ਵਾਲੇ ਤਿੰਨ ਕਸਾਈ : ਪੀਰ, ਜਿਊਣਾ ਤੇ ਸ਼ਾਦੀ ਮਾਰ ਘੱਤੇ। ਚੌਥਾ ਕਸਾਈ ‘ਅਸਾਮੀ’ ਐਵੇਂ ਤੀਂਘੜ ਪਿਆ, ਸੋ ਤੁਰੇ ਜਾਂਦਿਆਂ ਕੂਕਿਆਂ ਨੇ ਉਹ ਵੀ ਗੱਡੀ ਚਾੜ੍ਹ ਦਿੱਤਾ। ਆਪ ਉਹ ਰੂਪੋਸ਼ ਹੋ ਗਏ।
ਇਧਰ ਵਿਹੜੇ ਵਾਲੇ ਡਰ ਗਏ ਸਨ ਕਿ ਕਿਧਰੇ ਕੂਕੇ ਉਹਨਾਂ ਨੂੰ ਆ ਕੇ ਪੈ ਨਾ ਜਾਣ! ਉਹ ਡਰੇ ਹੋਏ, ਪੂਰਬੇ ਦੀ ਅਗਵਾਈ ਵਿਚ ਸਰ ਲਾਰੰਸ ਕੋਲ ਪੇਸ਼ ਹੋ ਗਏ। ਸਰ ਲਾਰੰਸ ਬੁੱਢਾ ਹੋ ਗਿਆ ਸੀ, ਪਰ ਅੰਗਰੇਜ਼ੀ ਸਲਤਨਤ ਦਾ ਵਫਾਦਾਰ ਸੀ। ਜਦ ਉਹਨੂੰ ਪਤਾ ਲੱਗਾ ਕਿ ਉਹਨੂੰ ਕੁੱਤੀ ਵਿਹੜੇ ਦੇ ਚੂਹੜੇ ਮਿਲਣ ਆਏ ਹਨ ਤਾਂ ਉਹਨੇ ਇਕਦਮ ਆਪਣੇ ਨਿੱਜੀ ਸਹਾਇਕ ਤੇ ਦੁਭਾਸ਼ੀ ਚਤਰ ਸਿੰਘ ਨੂੰ ਸੱਦ ਲਿਆ। ਜੀ-ਹਜ਼ੂਰੀਏ ਚਤਰ ਸਿੰਘ ਨੇ ਜਦੋਂ ‘ਚੂਹੜਿਆਂ ਦੀ ਕੌਮ’ ਦੀ ਤਫਸੀਲ ਖੋਲ੍ਹ ਕੇ ਦੱਸੀ ਤਾਂ ਲਾਰੰਸ ਦਾ ਅੰਗਰੇਜ਼ ਦਿਮਾਗ ਫੱਟ ਡੂੰਘੀ ਸੋਚ ਵਿਚ ਲਹਿ ਗਿਆ। ਕੁਝ ਮਿੰਟਾਂ ਬਾਅਦ ਉਹਨੇ ਚਤਰ ਸਿੰਘ ਨੂੰ ਕਿਹਾ -
“Oh! They are untouchables.”
ਫੇਰ ਸੋਚ-ਸੋਚ ਕੇ ਉਹਨੇ ਆਪਣੇ ਸੈਕਟਰੀ ਨੂੰ ਕਿਹਾ ਕਿ ਇਹਨਾਂ ਦੀ ਰਾਖੀ ਲਈ ਗਸ਼ਤ-ਪਾਰਟੀ ਲਾਈ ਜਾਏ। ਨਾਲ ਹੀ ਕਿਹਾ ਕਿ ਇਹਨਾਂ ਲਈ ਚਰਚ ਨੂੰ ਬੇਨਤੀ ਕਰੋ ਕਿ ਸਕੂਲ ਤੇ ਹਸਪਤਾਲ ਖੋਲ੍ਹੇ।….ਕੁਝ ਦੇਰ ਬਾਅਦ ਆਪ ਹੀ ਆਪਣੇ ਹੁਕਮ ਨੂੰ ਕੱਟ ਕੇ ਸੈਕਟਰੀ ਨੂੰ ਕਿਹਾ ਕਿ ਜਾ ਕੇ ਲਾਟ ਪਾਦਰੀ ਫਾਦਰ ਜੇਮਜ਼ ਨੂੰ ਲੈ ਆਉ ਤੇ ਅਜੇ ਸਕੂਲ ਤੇ ਹਸਪਤਾਲ ਵਾਲਾ ਕੰਮ ਰਹਿਣ ਦਿਉ….!
ਲਾਟ ਪਾਦਰੀ ‘ਫਾਦਰ ਜੇਮਜ਼’ ਦੇ ਆਉਣ ਤੇ ਸਰ ਲਾਰੰਸ ਨੇ ਉਹਦਾ ਆਸ਼ੀਰਵਾਦ ਲਿਆ ਤੇ ਲੰਮੀ ਸਲਾਹ ਤੋਂ ਬਾਅਦ ਫਾਦਰ ਨੂੰ ‘ਕੁੱਤੀ ਵਿਹੜੇ’ ਵਿਚ ਆਪਣੇ ਦੁਭਾਸ਼ੀਏ ਨੂੰ ਨਾਲ ਭੇਜਣ ਤੇ ਕੁੱਤੀ ਵਿਹੜੇ ਦੇ ਚੂਹੜਿਆਂ ਨੂੰ ‘ਪ੍ਰਭੂ ਦੇ ਪੁੱਤਰ ਯਸੂ’ ਦੇ ਬਚਨ ਸੁਣਾਨ ਦੀ ਬੇਨਤੀ ਕੀਤੀ। ਫਾਦਰ ਦੇ ਜਾਣ ਮਗਰੋਂ ਉਹਨੇ ਆਪਣੇ ਸੈਕਟਰੀ ਤੇ ਦੁਭਾਸ਼ੀਏ ਚਤਰ ਸਿੰਘ, ਦੋਹਾਂ ਨੂੰ ਭੇਦ ਭਰੇ ਢੰਗ ਨਾਲ ਕਿਹਾ-‘‘ਅਜੇ ਨਾ ਸਕੂਲ, ਨਾ ਹਸਪਤਾਲ ਦੀ ਲੋੜ ਹੈ। ਵੱਡੀ ਲੋੜ ਇਹਨਾਂ ਨੂੰ ਪ੍ਰਭੂ ਯਸੂ ਦੀਆਂ ਬਰਕਤਾਂ ਬਾਰੇ ਦੱਸਣ ਦੀ ਹੈ।’’
ਫੇਰ ਬੜੇ ਭੇਤੀ ਢੰਗ ਨਾਲ ਚਤਰ ਸਿੰਘ ਵਲ ਵੇਖਿਆ, ਜਿਹੜਾ ਉਹਦਾ ਇਸ਼ਾਰਾ ਸਮਝ ਕੇ ਹੱਸ ਰਿਹਾ ਸੀ। ਉਹਨੂੰ ਅੱਖ ਮਾਰ ਕੇ ਕਹਿਣ ਲੱਗਾ - “They are our actual trumpcards.” ਜਵਾਬ ਵਿਚ ਚਤਰ ਸਿੰਘ ਹੱਸਿਆ।
ਇਹ ਉਹੀ ਚਤਰ ਸਿੰਘ ਸੀ, ਜਿਹੜਾ ਵਰ੍ਹਿਆਂ ਬਾਅਦ ਸਿੱਖੀ ਛੱਡ ਕੇ ਮਾਝੇ ਦਾ ਲਾਟ-ਪਾਦਰੀ ਬਣਿਆ!
***
ਬੰਟੀ ਮਸੀਹ ਪਿਉ-ਵਾਹਰਾ ਬਾਲਕ ਸੀ। ਉਹਦਾ ਪਿਉ ਕਿਰਪਾਨਾਂ ਬਾਜ਼ਾਰ ਵਾਲੇ ਲੁਹਾਰਾਂ ਨਾਲ ਲੜਾਈ ਵਿਚ ਮਾਰਿਆ ਗਿਆ ਸੀ। ਲੁਹਾਰ ਬੇਅੰਤ ਤਗੜੇ ਸਨ ਤੇ ਬਹੁਗਿਣਤੀ ਵਿਚ ਸਨ! ਇਧਰ ਬੰਟੀ ਦਾ ਪਿਉ ਤੇ ਤਿੰਨ-ਚਾਰ ਹੋਰ ਚੂਹੜੇ ਸ਼ਰਾਬ ਪੀ ਕੇ ਰੋਜ਼ ਸ਼ਾਮ ਨੂੰ, ਦੁਪਹਿਰ ਨੂੰ ਤੇ ਗਈ ਰਾਤ ਤੱਕ ਚੀਕਾਂ ਤੇ ਬੜ੍ਹਕਾਂ ਮਾਰਦੇ ਸਨ। ਇਕ ਦਿਨ ਦੋਹਾਂ ਧਿਰਾਂ ਦੀ ਵਾਹਵਾ ਪੀਤੀ ਹੋਈ ਸੀ ਤੇ ਆਹਮੋ-ਸਾਹਮਣੇ ਹੋ ਪਈਆਂ। ਲੜਾਈ ਤੇ ਹੁੰਦੀ ਢਾਈ ਫੱਟ ਦੀ ਹੈ, ਜਿਹੜਾ ਪਹਿਲੇ ਲਾ ਗਿਆ! ਲੁਹਾਰਾਂ ਨੇ ਪਹਿਲ ਕਰ ਲਈ।
ਬੰਟੀ ਦੇ ਪਿਉ ਤੇ ਉਹਦੇ ਸਾਥੀਆਂ ਦੇ ਛੁਰੀਆਂ ਕੱਢਣ ਤੋਂ ਪਹਿਲਾਂ ਹੀ ਲੁਹਾਰਾਂ ਨੇ ਟਕੂਏ ਤੇ ਨਲਕਿਆਂ ਦੀਆਂ ਹੱਥੀਆਂ ਮਾਰ-ਮਾਰ ਸਾਰੇ ਢੇਰ ਕਰ ਦਿੱਤੇ। ਬੰਟੀ ਦਾ ਪਿਉ ਤੇ ਉਥੇ ਨਾਲੀ ਕੋਲ ਡਿੱਗ ਕੇ ਹੀ ਮਰ ਗਿਆ। ਬਾਕੀ ਵੀ ਲਹੂ-ਲੁਹਾਣ ਹੋ ਕੇ ਡਿੱਗ ਪਏ। ਰੌਲਾ ਸੁਣ ਕੇ ਸਾਰੇ ਵਿਹੜੇ ਦੇ ਮਰਦ ਭੱਜ ਕੇ ਆਏ, ਪਰ ਲੁਹਾਰਾਂ ਅੱਗੇ ਕੋਈ ਪੇਸ਼ ਨਾ ਗਈ। ਲੁਹਾਰਾਂ ਨੇ ਬੀ. ਡਵੀਜ਼ਨ ਦੇ ਥਾਣੇਦਾਰ ਨੂੰ ਵੱਢੀ ਦਿੱਤੀ ਤੇ ਹਸਪਤਾਲ ਜਾ ਪਏ। ਆਪੇ ਫੱਟ ਲਾ ਕੇ ਬਰਾਬਰ ਦਾ ਪਰਚਾ ਕਟਵਾ ਲਿਆ। ਇਸ ਘਟਨਾ ਤੋਂ ਹਫਤੇ ਕੁ ਬਾਅਦ ਹੀ ਸਾਰੇ ਭਾਰਤ ਵਿਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਦਿੱਤੀ। ਸਾਰੀ ਪੁਲੀਸ ਦਾ ਧਿਆਨ ਮੀਸਾ ਅਧੀਨ ਬਾਕੀ ਲੋਕਾਂ ਨੂੰ ਫੜਨ ਵਲ ਹੋ ਗਿਆ ਤੇ ਇਹ ਕੇਸ ਘੱਟੇ-ਕੌਡੀਆਂ ਰੁਲ ਗਿਆ। ਬੰਟੀ ਦੀ ਮਾਂ ਨੇ ਬਾਅਦ ਵਿਚ ਮੁਆਵਜ਼ਾ ਲੈ ਕੇ ਲੁਹਾਰਾਂ ਨਾਲ ਰਾਜੀਨਾਮਾ ਕਰ ਲਿਆ। ਬੰਟੀ ਬਚਪਨ ਤੋਂ ਹੀ ਬੜੇ ਹਸਾਸ ਮਨ ਦਾ ਸੀ, ਪਰ ਉਹਨੂੰ ਮੌਲਣ ਲਈ ਧਰਤੀ ਨਾ ਮਿਲੀ। ਹੌਲੀ-ਹੌਲੀ ਉਹਦਾ ਬਚਪਨ ਖੁਰਦਾ ਗਿਆ ਤੇ ਅੰਤ ਇਕ ਖਿੰਗਰ-ਪੱਥਰ ਜਿਹਾ ਬੇਤਰਸ ਬੱਚਾ ਸਾਹਮਣੇ ਆ ਗਿਆ! ਫੇਰ ਵੀ ਜਦੋਂ ਕਦੀ ਬੰਟੀ ਇਕੱਲਾ ਬੈਠਾ ਹੁੰਦਾ, ਉਹ ਡੂੰਘੀਆਂ ਸੋਚਾਂ ਵਿਚ ਲਹਿ ਜਾਂਦਾ। ਉਹਦਾ ਪਿਉ ਉਹਨੂੰ ਸਵਾ ਸਾਲ ਦੇ ਨੂੰ ਛੱਡ ਕੇ ਮਰ ਗਿਆ ਸੀ। ਇਕ ਵੱਡੀ ਭੈਣ ਸੀ ਤੇ ਨਿੱਕਾ ਉਦੋਂ ਮਹੀਨੇ ਕੁ ਦਾ ਸੀ। ਮਾਂ ਨੇ ਕਿਤੇ ਹੋਰ ਮੁੜ ਚਾਦਰ ਨਾ ਪਾਈ। ਉਦੋਂ ਕੋਠੇ ਖ਼ਤਮ ਹੋ ਚੁੱਕੇ ਸਨ ਤੇ ਸਾਰੇ ਅੰਬਰਸਰ ਵਿਚ ਸੀਵਰੇਜ ਤੇ ਫਲੱਸ਼ ਲਗ ਗਏ ਸਨ। ਅੰਬਰਸਰ ਦੇ ‘ਚਾਰ ਸੌ ਸਾਲਾ’ ਦਿਵਸ ਤੇ ਸਰਕਾਰ ਦਾ ਇਹ ਤੋਹਫਾ ਸੀ, ਨਾਲ ਉਨ੍ਹਾਂ ਨੇ ਚੂਹੜਿਆਂ ਦੀ ਮੁਕਤੀ ਦਾ ਨਾਅਰਾ ਦੇ ਦਿੱਤਾ - ‘‘ਸਿਰ ‘ਤੇ ਟੋਕਰੀ ਨਹੀਂ…।’’
ਇਸ ਨਾਅਰੇ ਨੇ ਹਜ਼ਾਰਾਂ ਚੂਹੜੇ ਭੁੱਖੇ ਮਰਨ ਲਾ ਦਿੱਤੇ ਸਨ, ਪਰ ਬੰਟੀ ਦੀ ਮਾਂ ਨੂੰ ਤਰਸ ਦੇ ਆਧਾਰ ‘ਤੇ ਕੌਂਸਲਰ ਭਾਟੀਏ ਨੇ ਸਫਾਈ ਸੇਵਕਾ ਲਵਾ ਦਿੱਤਾ। ਉਹ ਹਰ ਮਹੀਨੇ ਬੱਝਵੀਂ ਤਨਖਾਹ ਲੈਂਦੀ ਤੇ ਦੋ ਟਾਇਮ ਆਪਣੇ ਇਲਾਕੇ ਵਿਚ ਸਫਾਈ ਕਰਦੀ। ਤਨਖਾਹ ਭਾਵੇਂ ਥੋੜ੍ਹੀ ਸੀ, ਪਰ ਉਹ ਸੰਜੂੜੀ ਹੋਣ ਕਰਕੇ ਘਰ ਵਾਹਵਾ ਤੋਰੀ ਜਾਂਦੀ ਸੀ। ਇਨ੍ਹਾਂ ਦਿਨਾਂ ਵਿਚ ਹੀ ਗੂੰਹ-ਮੂਤਰ ਚੁੱਕਣ ਦੇ ਕੰਮ ਤੋਂ ਵਿਹਲੀਆਂ ਹੋਈਆਂ ਵਿਹੜੇ ਦੀਆਂ ਜਨਾਨੀਆਂ ਕੰਮ-ਕਾਰ ਮੰਗਣ ਨਿਕਲੀਆਂ। ਉਨ੍ਹਾਂ ਨੂੰ ਭਿੱਟ ਮੰਨਦਾ ਕੋਈ ਘਰ ਕੰਮ ਨਾ ਦਏ! ਅਖੀਰ ਈਸਟ ਮੋਹਨ ਨਗਰ ਦੇ ਇਕ ਬੰਗਾਲੀ ਬੈਂਕ ਮੈਨੇਜਰ ਨੇ ਸੱਤਰਵਿਆਂ ਦੇ ਅਖੀਰ ਵਿਚ ਉਨ੍ਹਾਂ ਨੂੰ ਭਾਂਡੇ-ਸਫਾਈਆਂ ਦਾ ਕੰਮ ਦੇ ਕੇ ਅੰਬਰਸਰੀਆਂ ਦੀ ਇਹ ਝਿਜਕ ਵੀ ਤੋੜ ਦਿੱਤੀ। ਫੇਰ ਤਾਂ ਅਨੇਕਾਂ ਹੀ ਪਰਵੀਨ, ਡੇਜ਼ੀ ਤੇ ਰੂਪਾਂ ਤੇ ਫਰੀਦਾਂ, ਘਰਾਂ ਦੇ ਕੰਮ ਕਰਨ ਲੱਗੀਆਂ। ਬੰਟੀ ਜਦ ਆਪਣੇ ਵਿਹੜੇ ਦੀਆਂ ਜਨਾਨੀਆਂ ਨੂੰ ਕੰਮਾਂ-ਕਾਰਾਂ ‘ਤੇ ਜਾਂਦੀਆਂ ਦੇਖਦਾ ਤਾਂ ਉਹਦੇ ਬਾਲਕ-ਮਨ ਵਿਚ ਕੁਛ-ਕੁਛ ਹੁੰਦਾ। ਬਹੁਤੇ ਬਾਲਮੀਕੀਏ ਜਾਂ ਤਾਂ ਚਰਸ ਪੀਂਦੇ, ਜਿਹੜੀ ਉਦੋਂ ਆਮ ਮਿਲ ਜਾਂਦੀ ਸੀ। ਜਾਂ ਫੇਰ ਅੰਨਗੜ੍ਹ ਜਾ ਕੇ ਘਰ ਦੀ ਕੱਢੀ ਸ਼ਰਾਬ ਲਿਆ ਕੇ ਪੀਵੀ ਜਾਂਦੇ। ਕੰਮਕਾਰ ਵੀ ਕਰਦੇ, ਪਰ ਕਮਾਈ ਘਰ ਘੱਟ ਹੀ ਪਹੁੰਚਦੀ। ਹੌਲੀ-ਹੌਲੀ ਬੰਟੀ ਵੱਡਾ ਹੁੰਦਾ ਗਿਆ ਤੇ ਉਹਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਅੱਧੇ ਤੋਂ ਵਧ ਉਹਦੀਆਂ ਮਾਵਾਂ-ਭੈਣਾਂ, ਦੇਹ-ਵਪਾਰ ਵਿਚੋਂ ਵੀ ਰੋਟੀ ਕੱਢ ਰਹੀਆਂ ਸਨ। ਬੰਟੀ ਜਦੋਂ ਅਕਸਰ ਆਪਣੇ ਸਾਥੀਆਂ ਨਾਲ ਪੀਰਾਂ ਦੇ ਡੇਰਿਆਂ ‘ਤੇ ਜਾਂਦਾ, ਤਾਂ ਬੀੜੀ-ਸਿਗਰਟ ਹੀ ਪੀਂਦਾ। ਜਦੋਂ ਕਵਾਲ ਗੌਂਦੇ-
ਵੇ ਸੁੰਨੀਆਂ ਤੇਰੇ ਬਾਝ ਕਨਾਤਾਂ
ਵਿਹੜੇ ਆ ਵੜ ਮੇਰੇ
ਸਾਈਆਂ ਮੈਂ ਖੜ੍ਹੀ ਦਵਾਰੇ ਤੇਰੇ
ਤਾਂ ਜੀਅ ਕਰਦਾ ਕਿ ਉਹ ਕੱਵਾਲਾਂ ਨਾਲ ਹੀ ਰਲ ਜਾਏ ਤੇ ਡੇਰਿਆਂ ‘ਤੇ ਗੌਂਦਾ ਫਿਰੇ! ਜਦੋਂ ਕਦੀ ਉਨ੍ਹਾਂ ਦਿਆਂ ਬਾਜ਼ਾਰਾਂ ਵਿਚੋਂ ਲੁਬਾਣਿਆਂ ਦਾ ਸੋਹਣ ਸਿੰਘ, ਆਪਣੇ ਭਲਵਾਨੀ ਸਰੀਰ ਨਾਲ ਰੇਹੜੀ ਧੱਕਦਾ ਹੋਕਾ ਦਿੰਦਾ-
ਸਾਵੀਂ ਬੂਰਾ
ਸਾਵੀਂ ਪਿਆਜ਼!
ਆਲੂ ਲੈ ਲੈ
ਪਿਆਜ਼ ਲੈ ਲੈ!
ਉਦੋਂ ਉਹਨੂੰ ਸੋਹਣ ਸਿੰਘ ‘ਤੇ ਵੀ ਰਸ਼ਕ ਹੁੰਦਾ ਸੀ। ਸੋਹਣ ਸਿੰਘ ਸਵੇਰੇ-ਸ਼ਾਮ ਘਈਓ ਉਸਤਾਦ ਦੇ ਅਖਾੜੇ ਵਿਚ ਘੁਲਦਾ ਸੀ। ਬੰਟੀ ਹੁਰਾਂ ਕਈ ਵਾਰ ਸੋਹਣ ਸਿੰਘ ਨੂੰ ਘੁੱਲਦਾ ਤੱਕਿਆ ਸੀ। ਪਰ ਬੰਟੀ ਨੂੰ ਸੁੱਝਦਾ ਨਹੀਂ ਸੀ ਕਿ ਉਹਦੀ ਮੰਜਿ਼ਲ ਕਿਥੇ ਸੀ? ਮਾਂ ਨੌਕਰੀ ਕਰਦੀ ਤੇ ਘਰ ਦੀ ਰੋਟੀ ਟੁਰੀ ਜਾਂਦੀ। ਸਕੂਲ ਤਿੰਨਾਂ ਬੱਚਿਆਂ ਵਿਚੋਂ ਕੋਈ ਨਹੀਂ ਸੀ ਗਿਆ। ਬੰਟੀ ਜਵਾਨ ਹੋ ਰਿਹਾ ਸੀ, ਪਰ ਕੰਮ-ਕਾਰ ਕਿਥੇ ਸੀ? ਉਹ ਕਦੀ-ਕਦੀ ਸੱਤੇ ਤੇ ਪੈਟਰਿਕ ਮਸੀਹ ਨਾਲ ਲੰਮੇ ਬਾਂਸ ਫੜਕੇ ਵੱਡੇ ਨਗਰਾਂ ਦੇ ਸੀਵਰੇਜ ਖੋਲ੍ਹਣ ਲਈ ਜਾਂਦਾ, ਕਿਉਂਕਿ ਸੀਵਰੇਜ ਪ੍ਰਬੰਧ ਨਾਕਸ ਸੀ ਤੇ ਵੱਡੀਆਂ ਕੋਠੀਆਂ ਵਾਲੇ ਹਰ ਤਰ੍ਹਾਂ ਦਾ ਗੰਦਮੰਦ ਹੀ ਸੀਵਰੇਜਾਂ ਵਿਚ ਸੁੱਟਦੇ ਸਨ। ਸੀਵਰੇਜ ਅਕਸਰ ਬੰਦ ਰਹਿੰਦੇ….!
ਇਨ੍ਹਾਂ ਮੰਦੇ ਹਾਲਾਂ ਵਿਚ ਹੀ, ਜਦੋਂ ਹੋਰ ਪਤਾ ਨਹੀਂ ਕਿਸ-ਕਿਸ ਬੰਦ ਦਾ ਸਰਕਾਰ ਵਲੋਂ ਇੰਤਜ਼ਾਮ ਹੋ ਰਿਹਾ ਸੀ, ਪੰਜਾਬ ਵਿਚ ਸਥਾਪਤੀ ਦੀਆਂ ਏਜੰਸੀਆਂ ਨੇ ਨਸ਼ੇ ਦਾ ਚੌਥਾ ਦਰਿਆ ਵਹਾ ਦਿੱਤਾ ਸੀ।
ਏਨੀ ਮਾਤਰਾ ਵਿਚ ਤੇ ਏਨੀ ਸਸਤੀ ਤੇ ਸੌਖੀ ਪੱਧਰ ‘ਤੇ ਨਸ਼ਾ ਮਿਲਣ ਲੱਗਾ ਕਿ ਬੰਟੀ ਵਰਗੇ ਭਟਕ ਰਹੇ ਅਨੇਕ ਸਿੰਘ, ਲਾਲ ਤੇ ਮਸੀਹ, ਨੂੰ ਨਸਿਆਂ ਦੀ ਲੱਤ ਲੱਗ ਗਈ ਸੀ। ਉਹਦੇ ਸਾਥੀ ਵੀ ਬਚ ਨਾ ਸਕੇ। ਆਖਰ ਵਾਰ-ਵਾਰ ਦੀ ਥਾਣਾ ਬੀ. ਡਵੀਜ਼ਨ ਦੀ ਕੁੱਟ ਤੋਂ ਤੰਗ ਆਇਆ ਬੰਟੀ ਸਮੈਕ ਪੀਣ ਦੇ ਨਾਲ-ਨਾਲ ਵੇਚਣ ਵੀ ਲੱਗ ਪਿਆ। ਥਾਣੇਦਾਰਾਂ ਉਹਨੂੰ ਕੁੱਟਣਾ ਛੱਡ ਦਿੱਤਾ ਤੇ ਉਹਨੂੰ ਬਣਦਾ ਮਾਲ ਦੇ ਦਿੰਦੇ ਤੇ ਕਮਿਸ਼ਨ ਲਈ ਜਾਂਦੇ ਸਨ। ਉਹ ਮਸ਼ਹੂਰ ਸਮੈਕ ਸਮੱਗਲਰ ‘ਸੱਤੀ ਬਾਹਮਣ’ ਲਈ ਕੰਮ ਕਰਨ ਲੱਗਾ, ਜੀਹਦਾ ਨਸ਼ਾ ਸਾਰੇ ਅੰਬਰਸਰ ਵਿਚ ਵਿਕਦਾ ਸੀ। ਸੱਤੀ ਦੇ ਪੇਚੇ ਅੰਮ੍ਰਿਤਸਰ ਦੇ ਐਸ.ਐਸ.ਪੀ. ਨਹੀਂ, ਸਗੋਂ ਸਿੱਧੇ ਚੰਡੀਗੜ੍ਹ ਤੱਕ ਲੱਗਦੇ ਸਨ। ਉਹ ਵੇਲੇ ਦੇ ਕਾਤਲ, ਚੋਰ ਤੇ ਭਾੜੇ ‘ਤੇ ਭੀੜ ਇਕੱਠੀ ਕਰਨ ਵਾਲੇ ਦੱਲੇ ਵੀ ਮੁਹੱਈਆ ਕਰਵਾਂਦਾ ਸੀ। ….ਬੰਟੀ ਹੁਣ ਉਸੇ ਦਾ ਫੀਲਾ ਸੀ।

 
Old 13-12-2008
pps309
 
Re: Copy-Paste: Kutti Vehrda

FINAL PART OF THE STORY

ਕੁੱਤੀ ਵਿਹੜਾ (ਭਾਗ 6)

ਮਲਕਾ ਨੂੰ ਖੁਸ਼ ਕਰਨ ਲਈ ਈਸਟ ਇੰਡੀਆ ਕੰਪਨੀ ਕੋਈ ਮੌਕਾ ਨਹੀਂ ਸੀ ਜਾਣ ਦਿੰਦੀ। ਅੰਗਰੇਜ਼ੀ ਹਕੂਮਤ ਨੇ ਮਾਲਕਾਂ ਦੀ ਖੁਸ਼ੀ ਲਈ 1909 ਵਿਚ ਮਲਕਾ ਦੇ ਬੁੱਤ ਬਣਵਾ ਕੇ ਭਾਰਤ ਵਿਚ ਭੇਜੇ। ਕੁਛ ਤੇ ਸਾਊਥ ਦੇ ਕਲਾਕਾਰਾਂ ਆਪ ਬਣਾ ਦਿੱਤੇ, ਪਰ ਅੰਬਰਸਰ ਜਿਹੜਾ ਸੀ, ਉਹਨੂੰ ਦਰਬਾਰ ਸਾਹਿਬ ਤੋਂ ਪਰ੍ਹੇ ਕਰਕੇ, ਨੀਵੇਂ ਬਾਜ਼ਾਰ ਬਾਹਰ ਨਿਕਲ ਕੇ ਚੌਂਕ ਬਣਾ ਕੇ ਲਾਇਆ ਗਿਆ। ਉਹਦੀ ਸੇਧ ਸਿੱਧੀ ਜਾ ਕੇ ਜਲ੍ਹਿਆਂ ਦੇ ਬਾਗ ਦੇ ਗੇਟ ਦੇ ਉਲਟੇ ਪਾਸੇ ਦਿਖਦੀ ਸੀ। ਜਲ੍ਹਿਆਂ ਦੇ ਬਾਗ ਵਲ ਪਿੱਠ ਕਰੋ ਤੇ ਮਲਕਾ ਦਾ ਬੁੱਤ ਦਿਸਦਾ ਸੀ!
ਉਥੇ ਬੁੱਤ ਲਗਣ ਤੋਂ ਬਾਅਦ ਇਕ ਨਵੀਂ ਹੀ ਗੱਲ ਵਾਪਰੀ। ਅੰਬਰਸਰ ਸ਼ਹਿਰ ਭੰਗੜਾਂ ਤੇ ਅਫੀਮੀਆਂ ਨੂੰ, ਪਿੰਗਲਿਆਂ, ਮੰਗਤਿਆਂ, ਚਰਸੀਆਂ ਨੂੰ ਪੁਸ਼ਤ ਪਨਾਹੀ ਦਿੰਦਾ ਰਿਹਾ ਹੈ। ਲੰਗਰ ਵੱਖੋ-ਵੱਖ ਗੁਰਦੁਆਰਿਆਂ ਵਿਚੋਂ ਛੱਕਦੇ ਅਨੇਕਾਂ ਵਿਹਲੜ ਤੇ ਨਸ਼ਈ ਉਥੇ ਫਿਰਦੇ ਸਨ। ਪਿੰਡਾਂ ਦੇ ਮਾਈ-ਭਾਈ ਹਰ ਤਿੱਥ-ਤਿਉਹਾਰ ਤੇ ਮੱਸਿਆ-ਸੰਗਰਾਂਦ ਖੀਰ ਜਾਂ ਹੋਰ ਰਸਦ ਬਣਾ ਕੇ ਲਿਆਂਦੇ ਸਨ। ਹੁਣ ਵਾਪਰਿਆ ਇਹ ਕਿ ਕਾਫੀ ਸਾਰੇ ਨਸ਼ਈ ਤੇ ਵਿਹਲੜ, ਜਾਂ ਕਾਮ ਦੇ ਸਤਾਏ ਮੰਗਤੇ ਤੇ ਚਰਸੀ, ਰਾਤ ਦੇ ਆਖਰੀ ਪਹਿਰ, ਭਾਵ ਡੇਢ ਦੋ ਵਜੇ ਮਲਕਾ ਦੇ ਬੁੱਤ ਕੋਲ ਇਕੱਠੇ ਹੋ ਜਾਂਦੇ।
ਵਾਰੀ-ਵਾਰੀ ਉਹ ਚਬੂਤਰੇ ‘ਤੇ ਚੜ੍ਹਦੇ ਤੇ ਮਲਕਾ ਦੇ ਬੁੱਤ ਨਾਲ ਨੰਗੀਆਂ-ਜੱਫੀਆਂ ਪਾਉਂਦੇ। ਉਹਦੇ ਤਿੱਖੇ ਉਭਾਰਾਂ ਤੇ ਹੱਥ ਫੇਰਦੇ। ਠੰਡਾ ਸੰਗਮਰਮਰ ਉਹਨਾਂ ਨੂੰ ਸਕੂਨ ਦਿੰਦਾ। ਮਲਕਾ ਦਾ ਬੁੱਤ ਉਹਨਾਂ ਲਈ ਸਵਰਗਾ ਸੀ…! …ਅੰਗਰੇਜ਼ਾਂ ਨੂੰ ਕਦੀ ਪਤਾ ਨਹੀਂ ਲੱਗਾ ਕਿ ਦੂਰ ਭਾਰਤ ਦੇ ਇਕ ਨਿੱਕੇ ਜਿਹੇ ਸ਼ਹਿਰ ਵਿਚ, ਜੀਹਦਾ ਨਾਂ ਅੰਬਰਸਰ ਹੈ, ਉਥੇ ਉਹਨਾਂ ਦੀ ਮਲਕਾ ਦੇ ਬੁੱਤ ਨਾਲ ਰੋਜ਼ ਰਾਤ ਨੂੰ ਮੰਗਤੇ, ਨਸ਼ਈ ਤੇ ਵਿਹਲੜ ਮੌਜ ਲੁੱਟਦੇ ਹਨ….! ਹੈਰਾਨੀ ਵਾਲੀ ਗੱਲ ਇਹ ਸੀ ਕਿ ਵਿਹੜੇ ਦੇ ਵੀ ਕਿੰਨੇ ਹੀ ਮੁੱਛਫੁੱਟ ਮੁੰਡੇ ਜਾਂ ਬੁੱਢੇ ਕਈ ਵਾਰ ਰਾਤ ਨੂੰ ਏਸ ਖੇਡ ਵਿਚ ਸ਼ਾਮਲ ਹੰਦੇ ਸਨ, ਅਜੇ ਕਿ ਵਿਹੜੇ ਵਿਚ ਕਾਮ ਦੀ ਖੁੱਲ੍ਹ-ਖੇਡ ਤੋਂ ਕਿਤੇ ਵੀ ਮਨਾਹੀ ਨਹੀਂ ਸੀ, ਕਿਉਂਕਿ ਰਾਮਬਾਗ ਦੇ ਰੰਡੀਖਾਨੇ ਦੀਆਂ ਬਹੁਤੀਆਂ ਵੇਸ਼ਵਾਵਾਂ ਉਹਨਾਂ ਦੇ ਘਰਾਂ ਵਿਚੋਂ ਹੀ ਸਨ….!
….ਇਸ ਦੌਰਾਨ ਰਾਜ-ਭਾਗ ਬਦਲੇ। ਮਲਕਾ ਦੀ ਮੌਤ ਤੋਂ ਮਗਰੋਂ 1911 ਵਿਚ ਜਾਰਜ ਬਾਦਸ਼ਾਹ ਇੰਗਲੈਂਡ ਦੀ ਗੱਦੀ ‘ਤੇ ਬੈਠਾ। ਉਹਦੇ ਰਾਜ ਵਿਚ ਭਾਰਤ ਦੀ ਲੁੱਟ ਤੇ ਭਾਰਤ ਨੂੰ ਥੱਲੇ ਲਾ ਕੇ ਗੁਲਾਮ ਰੱਖਣ ਦੀ ਕਿਰਿਆ ਹੋਰ ਤੇਜ਼ ਹੋਈ। 1919 ਵਿਚ ਜਲ੍ਹਿਆਂ ਵਾਲੇ ਬਾਗ ਦਾ ਸਾਕਾ ਹੋ ਗਿਆ। ਡਾਇਰ ਤੇ ਉਹਦੇ ਫੌਜੀਆਂ ਨੇ, ਜਿਨ੍ਹਾਂ ਵਿਚ ਵਧੇਰੇ ਗੋਰਖੇ ਤੇ ਛਾਛੀ ਸਨ, ਉਹਨਾਂ ਆਪਣੇ ਹੀ ਭਰਾਵਾਂ ‘ਤੇ ਗੋਲੀਆਂ ਚਲਾ ਕੇ ਸੈਂਕੜੇ ਲੋਕ ਮਾਰ ਸੁੱਟੇ। ਡਾਇਰ ਖੁਸ਼ ਸੀ ਕਿ ਇਤਿਹਾਸ ਵਿਚ ਹੁਣ ਉਹ ਜਿਊਂਦਾ ਰਹੇਗਾ….! ਏਧਰ ਸਤਪਾਲ ਤੇ ਕਿਚਲੂ ਹੁਰਾਂ ਅੰਬਰਸਰ ਵਿਚ ਮੁਜ਼ਾਹਰੇ ਤੇਜ਼ ਕਰ ਦਿੱਤੇ। ਉਧਰ ਗਰਮ-ਖਿਆਲ ਨੌਜੁਆਨਾਂ ਆਪਣੇ ਢੰਗ ਨਾਲ ਰੋਸ ਪ੍ਰਗਟਾਵਾ ਸ਼ੁਰੂ ਕਰ ਦਿੱਤਾ….! ਡਾਇਰ ਦਾ ਸਖ਼ਤ ਹੁਕਮ ਸੀ ਕਿ ਜਲ੍ਹਿਆਂ ਵਾਲੇ ਬਾਗ ਦੇ ਹਮਲੇ ਮਗਰੋਂ ਪੰਜਾਬੀ ਨੌਜੁਆਨਾਂ ਨੂੰ ਭੜਕਣ ਨਹੀਂ ਦੇਣਾ। ਸਾਮ, ਦਾਮ, ਦੰਡ, ਭੇਦ ਤੇ ਹਰ ਢੰਗ ਨਾਲ ਇਹਨਾਂ ਨੂੰ ਸਿੱਝਣਾ ਹੈ। ਇਸ ਦੌਰਾਨ ਹਰਿਮੰਦਰ ਸਾਹਿਬ ਦੇ ਸਰਬਰਾਹ (ਹੈਡ) ਅਰੂੜ ਸਿੰਘ ਵਲੋਂ ਜਨਰਲ ਡਾਇਰ ਨੂੰ ਸਿਰੋਪਾ ਦਿੱਤਾ ਗਿਆ ਸੀ।
ਡਾਇਰ ਨੂੰ ਸਿਰੋਪਾ ਦੇਣ ਮਗਰੋਂ ਅਰੂੜ ਸਿੰਘ ਨੂੰ ਸਿੱਖਾਂ ਦੀ ਨਫ਼ਰਤ ਦਾ ਸਿ਼ਕਾਰ ਹੋਣਾ ਪਿਆ। ਉਹਨੂੰ ਇਹ ਡਰ ਵੀ ਪੈ ਗਿਆ ਕਿ ਕਿਤੇ ਕੋਈ ਸਿੱਖ ਅਚਾਨਕ ਹਮਲਾ ਕਰਕੇ ਉਹਨੂੰ ਧੁਰ ਦਰਗਾਹ ਨਾ ਪੁਚਾ ਦਵੇ। ਭਾਵੇਂ ਕਿ ਉਹਦੀ ਬੱਘੀ ਜਦੋਂ ਠੰਡੀ ਖੂਹੀ ਦੇ ਖੁੱਲ੍ਹੇ ਇਲਾਕੇ ਵਿਚੋਂ ਟੁਰਦੀ, ਧੁਰ ਹਰਿਮੰਦਰ ਸਾਹਿਬ ਤੱਕ ਉਹਦੇ ਨਾਲ ਗਸ਼ਤ- ਪਾਰਟੀ ਟੁਰੀ ਜਾਂਦੀ। ਇਹਦੇ ਬਾਵਜੂਦ ਅਰੂੜ ਸਿੰਘ ਨੇ ਪੁਲੀਸ ਕਪਤਾਨ ਨਾਲ ਆਪਣਾ ਡਰ ਸਾਂਝਾ ਕੀਤਾ। ਪੁਲੀਸ ਕਪਤਾਨ ਸਟਾਕਮੈਨ ਤੇ ਅਰੂੜ ਸਿੰਘ ਦੇ ਭੇਦ ਸਾਂਝੇ ਸਨ। ‘ਸਟਾਕਮੈਨ’ ਨੇ ਅਗੋਂ ਆਪਣੇ ਡਿਪਟੀ ਰਿਚਰਡ ਕਲੈਚੀ ਨੂੰ ਬੁਲਾ ਲਿਆ। ਅਸਲ ਵਿਚ ਤੇ ਸਾਰਾ ਸ਼ਹਿਰ ਰਿਚਰਡ ਕਲੈਚੀ ਨਾਂ ਦਾ ਇਹ ਡਿਪਟੀ ਸਾਂਭਦਾ ਸੀ। ਵੱਡੇ ਪੁਲੀਸ ਕਪਤਾਨ ‘ਸਟਾਕਮੈਨ’ ਦਾ ਤੇ ਐਵੇਂ ਨਾਂ ਹੀ ਸੀ। ਰਿਚਰਡ ਨੂੰ ਅੰਬਰਸਰ ਦੇ ਸਾਰੇ ਥਾਣੇਦਾਰਾਂ ਦੇ ਨਾਂ ਤੇ ਸੁਭਾ, ਅੰਬਰਸਰ ਦੇ ਸਾਰੇ ਬਦਮਾਸ਼ਾਂ ਦੇ ਨਾਂ ਤੇ ਇਲਾਕੇ, ਸਭ ਮੂੰਹ ਜੁ਼ਬਾਨੀ ਯਾਦ ਸਨ। ਉਹਨੇ ਆਉਂਦਿਆਂ ਹੀ ਅਰੂੜ ਸਿੰਘ ਦੀ ਚਿੰਤਾ ਦੂਰ ਕਰ ਦਿੱਤੀ।
ਸੁਲਤਾਨਵਿੰਡ ਦੇ ਮਸ਼ਹੂਰ ਸਫੈਦਪੋਸ਼ ‘ਸਵਰਨੇ ਡਾਕੂ’ ਨੂੰ ਬੁਲਾ ਲਿਆ। ਸਵਰਨੇ ਦੇ ਘਰ ਤੇ ਪੱਤੀ ਬਲੋਲ ਵਿਚ ਸਨ, ਪਰ ਉਹਨੇ ਬਾਹਰਲੀ ਹਵੇਲੀ ਡੇਰੇ ਲਾਏ ਹੋਏ ਸਨ। ਬਾਹਰਲੀ ਹਵੇਲੀ ਉਹਦੀ ਅੰਗਰੇਜ਼ਾਂ ਵਲੋਂ ਨਵੀਂ ਕੱਢੀ ਕਸੂਰ ਨਹਿਰ ਕੋਲ ਆ ਗਈ ਸੀ, ਤੇ ਉਹਦੀ ਲਾਟਰੀ ਲਗ ਗਈ ਸੀ। ਉਹ ਹਰ ਤਰ੍ਹਾਂ ਦੇ ਕੁਕਰਮ ਉਥੇ ਕਰਦਾ ਤੇ ਅੰਗਰੇਜ਼ਾਂ ਦੀ ਝੋਲੀ ਚੁੱਕਦਾ ਸੀ। ਹਰ ਥਾਣੇਦਾਰ ਉਸ ਤੋਂ ਡਰਦਾ, ਕਿਉਂਕਿ ਸਭ ਨੂੰ ਪਤਾ ਸੀ ਕਿ ਸਵਰਨੇ ‘ਸਫੈਦਪੋਸ਼’ ਦੇ ਅੰਗਰੇਜ਼ ਹਾਕਮਾਂ ਨਾਲ ਸਿੱਧੇ ਸਬੰਧ ਹਨ। ਲੋਕ ਪਿੱਠ ਪਿੱਛੇ ਉਹਨੂੰ ਸਵਰਨਾ ‘ਡਾਕੂ’ ਕਹਿੰਦੇ ਸਨ, ਕਿਉਂਕਿ ਉਹ ਮਾਝੇ ਦੇ ਕਈ ਨਾਮੀ ਡਾਕੂਆਂ ਦਾ ਮਾਲ ਬਿਲੇ ਲਾਉਂਦਾ ਸੀ। ਸਵਰਨੇ ਨੇ ਆਉਂਦਿਆਂ ਹੀ ਅਰੂੜ ਸਿੰਘ ਦਾ ਡਰ ਚੁੱਕ ਦਿੱਤਾ। ਡਿਪਟੀ ਰਿਚਰਡ ਦੀ ਕੋਠੀ ਵਿਚ ਸਭ ਦੀ ਮੀਟਿੰਗ ਹੋਈ। ਸਵਰਨਾ ਆਪਣੇ ਬਦਮਾਸ਼ ਨਾਲ ਲੈ ਕੇ ਆਇਆ। ਬਦਮਾਸ਼ਾਂ ਦਾ ਟੋਲਾ ਬਾਹਰ ਬਾਗ ਵਿਚ ਬੈਠਾ ਰਿਹਾ ਤੇ ਸਵਰਨੇ ਨਾਲ ਅੰਦਰ ਉਹਦਾ ਸਭ ਤੋਂ ਭਰੋਸੇ ਵਾਲਾ ਤੇ ਮਾਰਖੋਰਾ ਫੀਲਾ ‘ਘੁੱਕ ਬਦਮਾਸ਼’ ਨਾਲ ਅੰਦਰ ਗਿਆ ਸੀ। ਘੁੱਕ ਬਾਲਮੀਕੀਆ ਸੀ ਤੇ ਕੁੱਤੀ ਵਿਹੜੇ ਦਾ ਕਹਿੰਦਾ-ਕੁਹਾਂਦਾ ਲੜਾਕਾ ਸੀ। ਜਦ ਉਹਦਾ ਨਾਂ ਅੰਗਰੇਜ਼ਾਂ ਨੇ ‘ਬਸਤਾ ਬੇ’ ਵਿਚ ਪਾਇਆ ਤਾਂ ਉਹ ਹੋਰ ਅਲੱਥ ਹੋ ਗਿਆ। ਪੁਲੀਸ ਦੀ ਮਾਰ ਖਾ-ਖਾ ਕੇ ਤੇ ਬਦਮਾਸ਼ਾਂ ਦੇ ਆਪਸੀ ਝਗੜਿਆਂ ਵਿਚ ਹੱਡ ਤੁੜਵਾ-ਤੁੜਵਾ ਉਹ ਲੋਹਾ ਹੋ ਗਿਆ ਸੀ। ਉਹਦੀ ਤਾਰੀਫ ਸੁਣ ਕੇ ਸਵਰਨੇ ਜੱਟ ਨੇ ਉਹਨੂੰ ਆਪਣੇ ਬਦਮਾਸ਼ ਟੋਲੇ ਵਿਚ ਸ਼ਾਮਲ ਕਰ ਲਿਆ ਸੀ। ਹੁਣ ਤੇ ਉਹਦਾ ਡਰ ਉੱਕਾ ਹੀ ਮੁੱਕ ਗਿਆ ਸੀ।
ਉਹਨੇ ਵਿਹੜਾ ਤਿਆਗ ਦਿੱਤਾ ਜਾਂ ਕਹੋ ਕਿ ਉਹਦੀਆਂ ਹਰਕਤਾਂ ਕਾਰਨ ਵਿਹੜੇ ਨੇ ਉਹਨੂੰ ਛੱਡ ਦਿੱਤਾ ਤੇ ਉਹ ਪੱਕਾ ਹੀ ਸਵਰਨੇ ਦਾ ਹੋ ਗਿਆ। ਰਿਹਾਇਸ਼ ਉਹ ਸਵਰਨੇ ਵਲੋਂ ਗੁਪਤ ਤੌਰ ‘ਤੇ ਚਲਾਈ ਜਾਂਦੀ ਜੂਏ ਦੀ ਬੈਠਕ ਵਾਲੇ ਘਰ ਵਿਚ ਰੱਖਦਾ ਸੀ। ਸਵਰਨੇ ਦੇ ਘਰ ਉਹ ਕਦੀ ਨਹੀਂ ਸੀ ਜਾਂਦਾ, ਕਿਉਂਕਿ ਸਵਰਨਾ ਚੁੱਪ ਕੀਤਾ ਉਹਨਾਂ ਦੀ ਭਿੱਟ ਮੰਨਦਾ ਸੀ, ਪਰ ਲੋੜ ਨੂੰ ਨਾਲ ਰੱਖਦਾ ਸੀ। ਹਸਬੇ ਮਾਮੂਲ ਅੱਜ ਵੀ ਉਹ ਨਾਲ ਹੀ ਸੀ। ਸਵਰਨੇ ਨੇ ਦੋਹਾਂ ਕਪਤਾਨਾਂ ਸਟਾਕਮੈਨ ਤੇ ਰਿਚਰਡ ਕਲੈਚੀ ਦੀ ਹਾਜ਼ਰੀ ਵਿਚ ਘੁੱਕ ਨੂੰ ਥਾਪੀ ਦਿੱਤੀ ਤੇ ਕਿਹਾ ਕਿ ਜਦੋਂ ਹੀ ਠੰਡੇ ਖੂਹਾਂ ਵਲੋਂ ਭਾਈ ਅਰੂੜ ਸਿੰਘ ਜੀ ਦੀ ਬੱਘੀ ਸ਼ਹਿਰ ਵਿਚ ਵੜੇ, ਤੇਰੀ ਜਿ਼ੰਮੇਵਾਰੀ ਹਾਲ ਦਰਵਾਜੇ ਤੋਂ ਲੈ ਕੇ ਹਰਿਮੰਦਰ ਸਾਹਿਬ ਤੱਕ ਹੋਵੇਗੀ, ਕਿ ਕੋਈ ਸਿੱਖ ਭਾਈ ਅਰੂੜ ਸਿੰਘ ‘ਤੇ ਹਮਲਾ ਨਾ ਕਰ ਦਵੇ! ਚੌਧਰੀਆਂ ਤੇ ਗੋਰੇ ਹਾਕਮ ਦਾ ਫ਼ਲਾਇਆ ਘੁੱਕ ਕਹਿਣ ਲੱਗਾ- ‘‘ਮਾਰਾ! ਮੈਨੂੰ ਤੁਹਾਡੀ ਛੱਤਰ-ਛਾਇਆ ਚਾਹੀਦੀ ਹੈ। ਮੈਂ ਤੇ ਹੁਣ ਏਸ ਸੜਕ ‘ਤੇ ਕੁੱਤੀ ਵੀ ਬੁੜਕਣ ਨਹੀਂ ਦੇਣੀ। ਮੈਂ ਤੇ ਕਹਿੰਦੇ-ਕੁਹਾਂਦੇ ਦੀ…ਥਾਣੀਂ ਪਾਣੀ ਕੱਢ ਦਊਂ।’’
‘‘ਚੰਗਾ ਜੀ ਫੇਰ।’’ ਉਹਨਾਂ ਤਿੰਨਾਂ ਨੂੰ ਖੁਸ਼ ਹੁੰਦਾ ਵੇਖ ਸਵਰਨੇ ਨੇ ਜਾਣ ਦੀ ਇਜਾਜ਼ਤ ਮੰਗੀ। ਆਪਣੇ ਤਜ਼ਰਬੇ ਤੋਂ ਖਚਰਾ ਜੱਟ ਇਹ ਜਾਣ ਗਿਆ ਸੀ ਕਿ ਗੋਰਾ ਹਾਕਮ ਲੋੜ ਦੀ ਗੱਲ ਕਰਕੇ ਖੁਸ਼ ਹੁੰਦਾ ਸੀ ਤੇ ਗੁਲਾਮਾਂ ਦੀ ਲੰਮੇ ਸਮੇਂ ਦੀ ਹਾਜ਼ਰੀ ਪਸੰਦ ਨਹੀਂ ਸੀ ਕਰਦਾ! ਜਦੋਂ ਸਵਰਨਾ ਤੇ ਘੁੱਕ ਉੱਠ ਕੇ ਜਾਣ ਲੱਗੇ ਤਾਂ ਰਿਚਰਡ ਕਲੈਚੀ ਨੇ ਅਚਾਨਕ ਅਵਾਜ਼ ਮਾਰੀ। ਸਵਰਨਾ ਤੇ ਘੁੱਕ ਦੋਹੇਂ ਰੁਕ ਗਏ। ਰਿਚਰਡ ਦੀ ਬੈਠਕ ਵਿਚ, ਜਿਥੇ ਇਹ ਸਾਰੇ ਖੜੇ ਸਨ, ਇਕ ਆਦਮਕੱਦ ਤਾਂਬੇ ਦਾ ਬੁੱਤ ਸੀ। ਉਹ ਬੁੱਤ ਡੈਕੋਰੇਸ਼ਨ - ਪੀਸ ਸੀ। ਉਹਦੇ ਇਕ ਹੱਥ ਵਿਚ ਬਰਛਾ, ਦੂਜੇ ਵਿਚ ਢਾਲ ਸੀ। ਉਹਦੇ ਸਿਰ ‘ਤੇ ਪਿੱਛੇ ਜਿਹੜੀ ਪਲੇਟ ਲੱਗੀ ਹੋਈ ਸੀ, ਉਹਦੇ ਆਸਰੇ ਬੁੱਤ ਖੜ੍ਹਾ ਸੀ। ਬੁੱਤ ਦੇ ਪਿਛਲੀ ਪਲੇਟ ਵਿਚ ਤਿੰਨ-ਚਾਰ ਖੰਜਰ ਬੜੇ ਸਲੀਕੇ ਨਾਲ ਲੱਗੇ ਹੋਏ ਸਨ। ਬੁੱਤ ਸਾਰਾ ਹੀ ਤਾਂਬੇ ਤੇ ਲੋਹੇ ਦਾ ਸੀ ਤੇ ਫਰਾਂਸ ਦਾ ਬਣਿਆ ਹੋਇਆ ਸੀ। ਰਿਚਰਡ ਨੇ ਉਹਨਾਂ ਵਿਚੋਂ ਇਕ ਖੰਜਰ ਕੱਢਿਆ, ਉਹਦੀ ਤਿੱਖੀ ਧਾਰ ਪਰਖੀ ਤੇ ਸਿੱਧੇ ਖੜੇ ਘੁੱਕ ਦੇ ਹੱਥ ਵਿਚ ਦੇ ਦਿੱਤਾ। ਨਾਲ ਹੀ ਕਿਹਾ-“Use it any where, any time, without any fear.”ਜਦੋਂ ਅਰੂੜ ਸਿੰਘ ਨੇ ਸਵਰਨੇ ਜੱਟ ਤੇ ਡਰੇ ਖੜੇ ਘੁੱਕ ਨੂੰ ਰਿਚਰਡ ਦੀ ਅੰਗਰੇਜ਼ੀ ਦੀ ਪੰਜਾਬੀ ਕਰਕੇ ਦੱਸੀ ਤਾਂ ਸਵਰਨੇ ਤੇ ਘੁੱਕ ਦੇ ਚਿਹਰੇ ਖਿੜ ਗਏ। ਉਹਨਾਂ ਠੋਕ ਕੇ ਸਲਾਮ ਕੀਤੀ ਤੇ ਚਲੇ ਗਏ। ਇਹੀ ਘੁੱਕ ਸੀ, ਜੀਹਨੂੰ ਮਗਰੋਂ ‘ਰਾਧਾ ਰੰਡੀ’ ਦੀ ਨਿੱਕੀ ਭੈਣ ਦਾ ਸਾਕ ਜੁੜਿਆ ਸੀ। ਇਹੀ ਭੈਣ, ਜੀਹਨੇ ਮਗਰੋਂ ਰਾਧਾ ਦੀ ਸੇਵਾ ਵਿਚ ਆਪਣੀ ਦਿਨ ਕੱਟੀ ਕੀਤੀ, ਕਿਉਂਕਿ ਘੁੱਕ ਤੇ ਮਗਰੋਂ ਜਲਦੀ ਹੀ ਤਪਦਿਕ ਨਾਲ ਘੁਲਦਾ, ਦੂਰ ਕਿਤੇ ਫਰੰਟੀਅਰ ਵਲ ਮਰ-ਖੱਪ ਗਿਆ ਸੀ।
****
ਸੰਨ 1997 ਜਾ ਰਿਹਾ ਸੀ। ਪੰਜਾਬ ਨੇ ਇਹਨਾਂ ਸਾਲਾਂ ਵਿਚ ਤਿੰਨ ਮੁੱਖ-ਮੰਤਰੀਆਂ ਦਾ ਸਵਾਦ ਲੈ ਲਿਆ ਸੀ। ਬੀਬੀ ਦੀ ਅਗਵਾਈ ਵਿਚ ਕਾਂਗਰਸ ਮੁੜ ਕੇ ਇਲੈਕਸ਼ਨ ਲਈ ਤਿਆਰ ਸੀ। ਪਰ ਹੁਣ ਇਹ ਗੱਲ ਸਭ ਨੂੰ ਜੱਗ ਜ਼ਾਹਿਰ ਸੀ ਕਿ ਅਗਲੀ ਵਾਰੀ ਹੁਣ ਅਕਾਲੀ ਆਗੂ ਤੇ ਸਾਬਕਾ ਮੁੱਖ ਮੰਤਰੀ ਰੌਸ਼ਨ ਸਿੰਘ ਦੀ ਹੈ। ਉਹਦੀ ਅਗਵਾਈ ਹੇਠ ਅਕਾਲੀ ਪੱਟਾਂ ‘ਤੇ ਤੇਲ ਲਾਈ ਫਿਰਦੇ ਸਨ। ਉਧਰ ਆਪਣੇ ਸਿਆਸੀ ਗੁਰੂ ਦਾ ਹੁਕਮ ਪਾ ਕੇ ਮਸ਼ਹੂਰ ਬਦਮਾਸ਼ ਤੇ ਹੁਣ ਬਦਮਾਸ਼ ਤੋਂ ਸਿਆਸਤਦਾਨ ਬਣੇ ‘ਸਲਾਰੀਏ’ ਸੰਧੂ ਨੇ ਅਕਾਲੀ ਪਾਰਟੀ ਜੁਆਇਨ ਕਰ ਲਈ ਸੀ। ਸਲਾਰੀਏ ਦੇ ਮੁਕਾਬਲੇ ਇਲੈਕਸ਼ਨ ਲੜ ਰਹੇ ਉਹਦੇ ਪੁਰਾਣੇ ਭੇਤੀ ‘ਫਤਹਿਪੁਰੀਆ’ ਨੇ ਵੀ ਕਮਰਕਸੇ ਕੱਸ ਲਏ ਸਨ। ਉਹਨੇ ਪਹਿਲ ਕਰਦਿਆਂ ਆਪਣੇ ਬਦਮਾਸ਼ਾਂ ਦੀ ਇਕ ਟੋਲੀ ਸਿੱਖੀ ਸਰੂਪ ਵਿਚ ਸ਼ਹਿਰ ਦੇ ਉਹਨਾਂ ਅੰਦਰੂਨੀ ਹਲਕਿਆਂ ਵਿਚ ਭੇਜੀ, ਜਿਹੜੇ ਹਿੰਦੂ ਬਹੁਗਿਣਤੀ ਵਿਚ ਸਨ। ਉਹ ਇਲਾਕੇ ਉਹਦੇ ਹਲਕੇ ਵਿਚ ਆਉਂਦੇ ਸਨ। ਸਿੱਖੀ ਸਰੂਪ ਵਿਚ, ਦਾਹੜੇ ਖੋਲ੍ਹਕੇ ਦੋ ਜੀਪਾਂ ਵਿਚ ਸਵਾਰ ਬਦਮਾਸ਼ ਉਥੋਂ ਤੇਜ਼ੀ ਨਾਲ ‘ਖਾਲਿਸਤਾਨ ਜਿੰਦਾਬਾਦ’ ਤੇ ‘ਸਲਾਰੀਆ ਸੰਧੂ’ ਜਿੰਦਾਬਾਦ ਦੇ ਨਾਅਰੇ ਮਾਰਦੇ ਲੰਘ ਗਏ।
ਜਦੋਂ ਸਲਾਰੀਏ ਨੂੰ ਪਤਾ ਲੱਗਾ ਕਿ ਉਹਦੇ ਹਲਕੇ ਵਿਚ, ਉਹਦੇ ਹੀ ਵਿਰੋਧੀ ਕਾਂਗਰਸੀ ਉਮੀਦਵਾਰ ‘ਫਤਹਿਪੁਰੀਆ’ ਨੇ ਨਾਅਰੇ ਮਰਵਾ ਦਿੱਤੇ ਹਨ ਤਾਂ ਉਹਦਾ ਦਿਲ ਡੋਲ ਗਿਆ। ਹੁਣ ਭਾਵੇਂ ਬੀ.ਜੇ.ਪੀ. ਲੱਖ ਕਹਿੰਦੀ, ਹਿੰਦੂ ਵੋਟ ਉਹਨੂੰ ਨਹੀਂ ਸੀ ਮਿਲਣੀ। ਉਹਨੇ ਡਰੇ ਹੋਏ ਅਕਾਲੀ ਹਾਈਕਮਾਂਡ ਨੂੰ ਰਿਪੋਰਟ ਦਿੱਤੀ। ਹਾਈ ਕਮਾਂਡ ਨੇ ਸਪੱਸ਼ਟ ਆਦੇਸ਼ ਦਿੱਤਾ, ‘‘ ਜੋ ਹੋ ਗਿਆ, ਛੱਡ ਦਿਉ! ਹੁਣ ਭਵਿੱਖ ਵਿਚ ‘ਫਤਹਿਪੁਰੀਆ’ ਦੇ ਹਰ ਜਲਸੇ ਨੂੰ ਤਾਰਪੀਡੋ ਕਰ ਦਿਉ। ਬਦਮਾਸ਼ ਭੇਜੀ ਜਾਓ ਤੇ ਜਲਸੇ ਵਿਚ ਲੜਾਈ ਕਰਵਾ ਕੇ ਇੱਟਾਂ, ਛੁਰੀਆਂ ਚਲਵਾ ਦਿਉ। ਆਪੇ ਕੋਈ ਹੱਲ ਨਿਕਲ ਆਏਗਾ, ਜਾਂ ਏਜੰਸੀਆਂ ਆਪੇ ਕੁਝ ਕਰਨਗੀਆਂ….!’’ ਹੁਕਮ ਪਾ ਕੇ ਸਲਾਰੀਏ ਨੇ ਫੱਟ ਆਪਣੇ ਫੀਲੇ ਸੱਦ ਲਏ। ਉਹਦਾ ਵੱਡਾ ਫੀਲਾ ਸਮੈਕ ਦਾ ਮਸ਼ਹੂਰ ਸਮਗਲਰ, ਜੋ ਸੱਤੀ ਪੰਡਤ ਕਹਾਂਦਾ ਸੀ, ਉਹ ਵੀ ਸੱਦ ਲਿਆ। ਪੰਡਤ ਨੇ ਆਪਣੇ ਸਭ ਬਦਮਾਸ਼ਾਂ ਦੀਆਂ ਡਿਊਟੀਆਂ ਲਾ ਦਿੱਤੀਆਂ। ਅਜੀਤ ਨਗਰ ਦੇ ਇਲਾਕੇ ਵਿਚ ਖਰੂਦ ਪਾਉਣ ਦੀ ਡਿਊਟੀ ਬੰਟੀ ਮਸੀਹ ਦੀ ਲੱਗੀ। ਇਸ਼ਾਰਾ ਮਿਲਦੇ ਹੀ ਬੰਟੀ ਮਸੀਹ ਪੰਡਤ ਦੇ ਸੱਦੇ ‘ਤੇ ਈਸਟ-ਮੋਹਨ ਨਗਰ, ਇਲੈਕਸ਼ਨ ਕੰਮਾਂ ਲਈ ਕਿਰਾਏ ‘ਤੇ ਲਈ ਕੋਠੀ ਵਿਚ ਪੁੱਜ ਗਿਆ। ਰਾਤ ਦਾ ਵੇਲਾ ਸੀ, ਜਦੋਂ ਸਲਾਰੀਏ ਨਾਲ ਉਹਦੀ ਪੰਡਤ ਨੇ ਮੁਲਾਕਾਤ ਕਰਾਈ…।
‘‘ਕਿਉਂ ਬਈ ਜੁਆਨਾ, ਲੜ ਆਏਂਗਾ?’’ ਸਿੱਧਾ ਸਪਾਟ ਪੁੱਛਿਆ ਸਲਾਰੀਏ ਨੇ, ਤੇ ਸਿੱਧਾ ਹੀ ਉਹਦੀਆਂ ਅੱਖਾਂ ਵਿਚ ਝਾਕਿਆ। ਪੰਡਤ ਵੀ ਉਹਦੇ ਨਾਲ ਹੀ ਬੈਠਾ ਸੀ। ਸਿੱਧਾ ਖੜਾ ਬੰਟੀ ਮਸੀਹ ਹਲਕਾ ਜਿਹਾ ਕੰਬਿਆ, ਕਿਉਂਕਿ ਉਹਦੀ ਸਮੈਕ ਮੁੱਕੀ ਹੋਈ ਸੀ ਤੇ ਨਸ਼ਾ ਟੁੱਟ ਰਿਹਾ ਸੀ…! ‘‘ਜੀ ਜਨਾਬ। ਮੈਂ ਤੇ ਲਿਆ ਦਊਂ ’ਨ੍ਹੇਰੀਆਂ! ਪਰ ਕਦੀ-ਕਦੀ ਥਾਣੇਦਾਰ ‘ਮੰਗੇੜਾ’ ਤੇ ਥਾਣੇਦਾਰ ‘ਮੱਲ੍ਹੀ’ ਬੜਾ ਮਾਰਦੇ ਨੇ।’’ ਬੰਟੀ ਨੇ ਕਿਹਾ। ‘‘ਉਹ ਤੇ ਅੱਖ ‘ਚ ਪਾਇਆਂ ਨਾ ਰੜਕਣਗੇ। ਉਹਨਾਂ ਦੀ ਚਿੰਤਾ ਹੀ ਛੱਡ। ਉਹ ਤੇ ਵਿਚਾਰੇ….ਨੇ ਸਾਡੇ ਲਈ।’’ ਸਲਾਰੀਏ ਨੇ ਸਪੱਸ਼ਟ ਕਿਹਾ।
‘‘ਹੁਣ ਅਗਲਾ ਜਲਸਾ ਕਿਥੇ ਐ ਜਨਾਬ?’’ ਪੰਡਤ ਨੇ ਕਿਹਾ।
‘‘ਅਗਲਾ ਜਲਸਾ ਫਤਹਿਪੁਰੀਏ ਨੇ ਅਜੀਤ ਨਗਰ ਦੀ ਆਖਰੀ ਨੁੱਕਰ ‘ਕਾਲੜੇ ਦੇ ਹਸਪਤਾਲ’ ਦੇ ਨਾਲ ਕਰਕੇ ਰੱਖਿਆ ਹੈ। ਤੁਸੀਂ ਉਹਨੂੰ ਹੁਣੇ ਤਾਰਪੀਡੋ ਕਰਨੈ।’’ ਸਲਾਰੀਏ ਨੇ ਪੰਡਤ ਨੂੰ ਕਿਹਾ, ਪਰ ਅੱਖਾਂ ਬੰਟੀ ‘ਤੇ ਰੱਖੀਆਂ।
‘‘ਤੂੰ ਉਏ ਬੰਟੀ। ਸੁਣ ਲਿਐ? ਹੁਣ ਉਹ ਜਲਸਾ ਸੁਖੀਂ-ਸਾਂਦੀ ਨਹੀਂ ਹੋਣਾ ਚਾਹੀਦਾ।’’ ਪੰਡਤ ਨੇ ਕਿਹਾ।
‘‘ਜਨਾਬ। ਮੈਂ ਆਪਣੇ ਨਾਲ ਦੇ ਸਾਰੇ ਲਫੰਡਰ ਨਾਲ ਲੈ ਜਾਊਂ। ਸੱਟ-ਪੇਟ ਤੋਂ ਨਹੀਂ ਡਰਦੇ ਅਸੀਂ, ਤੇ ਨਾ ਹੀ ਛੁਰੀਆਂ ਮਾਰਨ ਤੋਂ! ਬਸ ਤੁਹਾਡਾ ਹੱਥ ਸਿਰ ‘ਤੇ ਚਾਹੀਦੈ।’’ ਬੰਟੀ ਨੇ ਕਿਹਾ। ‘‘ਬਸ ਇਕ ਵਾਰ ਐਮ.ਐਲ.ਏ. ਬਣ ਲੈਣ ਦੇਹ। ਫੇਰ ਵੇਖੀ…।’’ ਸਲਾਰੀਏ ਨੇ ਲੋਰ ਵਿਚ ਆ ਕੇ ਕਿਹਾ।
ਉਹਦੀ ਗੱਲ ਮੁਕੱਦਿਆਂ ਹੀ ਪੰਡਤ ਨੇ ਪੰਜ-ਪੰਜ ਸੌ ਦੇ ਚਾਰ ਨੋਟ ਸਲਾਰੀਏ ਸਾਹਬ ਨੂੰ ਵਿਖਾ ਕੇ ਬੰਟੀ ਦੀ ਮੁੱਠ ਵਿਚ ਦੇ ਦਿੱਤੇ। ਨਾਲ ਹੀ ਉਂਗਲ ਨਾਲ ਇਸ਼ਾਰਾ ਕਰਕੇ ਕਿਹਾ -
‘‘ਅਹੁ ਪੇਟੀ ਲੈ ਜਾਈਂ। ਦੇਸੀ ਦੀਆਂ ਬਾਰਾਂ ਬੋਤਲਾਂ ਈ ਵਿਚ।’’
‘‘ਜੀ ਜਨਾਬ।’’ ਬੰਟੀ ਨੇ ਕਿਹਾ, ਪਰ ਖੜ੍ਹਾ ਉਹ ਫੇਰ ਵੀ ਰਿਹਾ…।
‘‘ਜਾਹ ਹੁਣ। ਹੋਰ…ਲੈਣਾ ਸੀ।’’ ਪੰਡਤ ਨੇ ਉਹਨੂੰ ਖੜ੍ਹਾ ਵੇਖ ਕੇ ਕਿਹਾ।
‘‘ਜਨਾਬ।’’ ਬੰਟੀ ਨੇ ਕਿਸੇ ਭੇਦ ਭਰੇ ਢੰਗ ਨਾਲ ਸਲਾਰੀਏ ਦੇ, ਤੇ ਫੇਰ ਪੰਡਤ ਦੇ ਗੋਡੇ ਘੁੱਟੇ।
‘‘ਦੇਹ ਪੰਡਤਾ! ਦੋ ਪੁੜੀਆਂ ਵੀ ਦੇਹ ਇਹਨੂੰ।’’ ਸਲਾਰੀਏ ਤੇ ਪੰਡਤ ਉਹਦੀ ਰਮਜ਼ ਸਮਝ ਗਏ ਸਨ।
‘‘ਲੈ ਮਾਂ…! ਲੈ ਲੈ!’’ ਪੰਡਤ ਨੇ ਵੀ ਹੱਸ ਕੇ ਦੋ ਸਮੈਕ ਦੀਆਂ ਪੁੜੀਆਂ ਬੰਟੀ ਮਸੀਹ ਦੇ ਹੱਥ ਦੇ ਦਿੱਤੀਆਂ।
ਬੰਟੀ ਦੀਆਂ ਅੱਖਾਂ ਲਿਸ਼ਕ ਪਈਆਂ। ਉਹਨੇ ਸਲਾਮ ਵਜਾਈ ਤੇ ਟੁਰ ਪਿਆ।
‘‘ਉਏ। ਕਿਰਪਾਨਾਂ ਲੈ ਕੇ ਜਾਇਓ ਪੰਡਤ ਕੋਲੋਂ। ਤੇ ਨਾਲੇ ਯਾਦ ਰੱਖਿਓ, ਕਿਰਪਾਨ ਪੁੱਠੀ ਮਾਰਨੀ ਐ, ਜੀਹਦੇ ਵੀ ਮਾਰੀ! ਸਿੱਧੀ ਨਹੀਂ।’’ ਸਲਾਰੀਏ ਨੇ ਤੁਰੇ ਜਾਂਦੇ ਬੰਟੀ ਨੂੰ ਕਿਹਾ। ‘‘ਜੀ ਜਨਾਬ! ਕਿਰਪਾਨਾਂ ਲੈ ਕੇ ਜਾਵਾਂਗੇ। ਤੁਸੀਂ ਹੁਣ ਚਿੰਤਾ ਨਾ ਕਰੋ, ਮੈਂ ਤੇ ਰੋਡ ‘ਤੇ ਕੁੱਤੀ ਨਹੀਂ ਬੁੜਕਣ ਦੇਣੀ। ਤੁਸੀਂ ਆਵਾਜ਼ ਕਰਾਓ, ਚਿਹਰਾ ਕਰਾਉ, ਮੈਂ ਤੇ ਸਾਲਿਆਂ ਦੇ…..‘ਚੋਂ ਪਾਣੀ ਕੱਢ ਦਿਆਂਗਾ!’’ ਬੰਟੀ ਨੇ ਸਦੀਆਂ ਤੋਂ ਬੋਲੇ ਜਾਂਦੇ ਆਪਣੇ ਉਹੀ ਅਸ਼ਲੀਲ ਬੋਲ ਬੋਲੇ, ਜਿਹੜੇ ਵਿਹੜੇ ਦੀ ਵਿਰਾਸਤ ਸਨ….।
ਬੰਟੀ ਦੇ ਜਾਣ ਤੋਂ ਬਾਅਦ ਸਲਾਰੀਏ ਤੇ ਪੰਡਤ ਦੀਆਂ ਨਜ਼ਰਾਂ ਮਿਲੀਆਂ। ਕਿਸੇ ਗੁੱਝੀ ਰਮਜ਼ ‘ਤੇ ਕਿਸੇ ਅਕਹਿ ਆਨੰਦ ਵਿਚ ਦੋਹੇਂ ਹੱਸ ਪਏ, ਤੇ ਪੰਡਤ ਨੇ ਕਿਹਾ -
‘‘ਇਹ ਜੀ ਸੰਧੂ ਸਾਹਿਬ, ਸਾਡੇ ਤਰੁੱਪ ਦੇ ਪੱਤੇ ਜੇ! ਜਿਥੇ ਮਰਜ਼ੀ ਵਰਤ ਲਵੋ! ਅੰਗਰੇਜ਼ੀ ਵਿਚ ਤੁਸੀਂ ਭਲਾ ਕੀ ਆਂਹਦੇ ਹੁੰਦੇ ਜੇ ਇਹਨਾਂ ਨੂੰ?’’
“Trump Card” ਹੱਸ ਕੇ ਸਲਾਰੀਏ ਸੰਧੂ ਨੇ ਕਿਹਾ।
ਇਹੋ ਬੰਟੀ ਮਸੀਹ ਸੀ, ਜਿਹਨੇ ਮੈਨੂੰ, ਯਾਨੀ ਤੁਹਾਡੇ ਇਸ ਬਿਆਨਕਰਤਾ, ਮਨਿੰਦਰ ਸਿੰਘ ਕਾਂਗ ਨੂੰ ਸਿਆਪਾ ਪਾ ਦਿੱਤਾ ਸੀ। ਮੇਰੀ ਹੀ ਮਾੜੀ ਕਿਸਮਤ ਸੀ, ਜਦੋਂ ਮੈਂ ਆਪਣੇ ਮਿੱਤਰਾਂ ਨਾਲ ਸ਼ਾਮ ਪਏ ਹਰਿਮੰਦਰ ਸਾਹਿਬ ਦੇ ਰਸਤਿਓਂ-ਰਸਤੇ ਲੰਘਦਾ ਅਜੀਤ ਨਗਰ ਵਲ ਜਾ ਰਿਹਾ ਸਾਂ। ਉਥੇ ਹੀ ਬੰਟੀ ਮਸੀਹ ਤੇ ਉਹਦੇ ਸਾਥੀ ਹੋ ਰਹੇ ਕਾਂਗਰਸੀ ਜਲਸੇ ਨੂੰ ਤਾਰਪੀਡੋ ਕਰਕੇ ਹਟੇ ਸਨ ਤੇ ਲੜਾਈ ਹੋ ਕੇ ਹਟੀ ਸੀ।
….ਉਥੇ ਹੀ ਬੰਟੀ ਨੇ ਖੰਜਰ ਹਵਾ ਵਿਚ ਲਹਿਰਾ ਕੇ ਕਿਹਾ ਸੀ….
‘‘ਰੋਡ ‘ਤੇ ਕੁੱਤੀ ਨਹੀਂ ਬੁੜਕਨ ਦਿਆਂਗੇ।’’
….ਉਥੇ ਹੀ ਮੇਰੇ ਸਾਥੀਆਂ ਵਿਚੋਂ ਇਕ ਨੇ ਕਿਹਾ ਸੀ-
‘‘ਮੂਰਖ ਜਾਂ ਖਾ ਮੋਏ, ਜਾਂ ਰੱਜ ਮੋਏ।’’
…..ਉਥੇ ਹੀ ਮੇਰੇ ਦੂਜੇ ਸਾਥੀ ਨੇ ਕਿਹਾ ਸੀ -
….‘‘ਚਿੱਟੇ ਚਾਂਭਲੇ ਹੋਏ ਨੇ।’’
ਆਪਣੇ ਦੋਸਤਾਂ ਦੇ ਕਹੇ ਦਾ ਫਲ ਮੈਨੂੰ ਭੁਗਤਣਾ ਪਿਆ ਸੀ। ਆਦਿ-ਮਾਤਾ ਮੇਰੇ ਦੁਆਲੇ ਹੋ ਗਈ ਸੀ ਤੇ ਮੇਰੀ ਜਾਨ ਤਾਂ ਛੱਡਣਾ ਮੰਨੀ ਸੀ, ਜਦੋਂ ਮੈਂ ਇਹਨਾਂ ਦੇ ਜੀਵਨ ਦੀ ਬਾਤ ਪਾਉਣੀ ਮੰਨ ਲਈ ਸੀ।
ਉਂਜ ਇਹ ਗੱਲ ਵੀ ਦੱਸਣੀ ਜ਼ਰੂਰੀ ਹੈ ਕਿ ਜਿਸ ਦਿਨ ਬੰਟੀ ਨੇ ਆਪਣੀ ਲਫੰਡਰ ਪਾਰਟੀ ਨੂੰ ਲੈ ਕੇ ਕਾਂਗਰਸ ਦਾ ਜਲਸਾ ਤਾਰਪੀਡੋ ਕਰਨ ਜਾਣਾ ਸੀ, ਉਹ ਨਿਰਾ ਸਲਾਰੀਏ ਦੀਆਂ ਦਿੱਤੀਆਂ ਜੀਪਾਂ ਤੇ ਕਿਰਪਾਨਾਂ ਦਾ ਆਸਰਾ ਤੱਕ ਕੇ ਨਹੀਂ ਸੀ ਗਿਆ, ਸਗੋਂ ਉਹ ਤਕਰੀਬਨ ਸੌ ਸਾਲ ਪੁਰਾਣੇ ਉਸ ਖੰਜਰ ਨੂੰ ਵੀ ਡੱਬ ਵਿਚ ਲਾ ਕੇ ਗਿਆ ਸੀ, ਜਿਹੜਾ ਉਹਦੇ ਦਾਦਿਆਂ-ਪੜਦਾਦਿਆਂ ਨੂੰ ਗੋਰੇ ਹਾਕਮਾਂ ਕੋਲੋਂ ਮਿਲਿਆ ਸੀ। ਉਹ ਖੰਜਰ ਉਹਨੂੰ ਆਪਣੇ ਇਕੋ ਕਮਰੇ ਵਾਲੇ ਘਰ ਦੇ ਅੰਦਰ ਬਣੀ ਕੋਠੜੀ ਵਿਚੋਂ ਮਿਲਿਆ ਸੀ, ਜੀਹਨੂੰ ਉਹਦੀ ਦਾਦੀ ਖੋਲ੍ਹਣ ਨਹੀਂ ਸੀ ਦਿੰਦੀ ਤੇ ਜਦੋਂ ਉਹਦੀ ਦਾਦੀ ਮਰੀ, ਉਹਨੇ ਉਹ ਕੋਠੜੀ ਮਾਂ ਦੇ ਵਿਰੋਧ ਕਰਨ ‘ਤੇ ਵੀ ਖੋਲ੍ਹ ਲਈ ਸੀ….
….ਤੇ ਵਿਚੋਂ ਨਿਕਲਿਆ ਕੀ ਸੀ?
‘‘….ਸਵਾਹ ਤੇ ਖੇਹ।’’
ਕੋਠੜੀ ਵਿਚੋਂ ਇਕ ਤੇ ਗੰਦ ਚੁੱਕਣ ਵਾਲੀ ਲੋਹੇ ਦੀ ਤਸਲੀ ਤੇ ਕਾਪਾ ਮਿਲੇ ਸਨ, ਜਿਹੜੇ ਉਹਨੇ ਨਫ਼ਰਤ ਨਾਲ ਉਥੇ ਹੀ ਸੁੱਟ ਦਿੱਤੇ ਸਨ ਤੇ ਇਕ ਉਹਨੂੰ ਖੰਜਰ ਮਿਲਿਆ ਸੀ, ਜੀਹਨੂੰ ਅੱਜ ਤੱਕ ਵੀ ਜੰਗ ਨਹੀਂ ਸੀ ਲੱਗਾ ਤੇ ਜੀਹਦੇ ‘ਤੇ ਪਤਾ ਨਹੀਂ, ਕਿਹੜੀ ਭਾਸ਼ਾ ਵਿਚ ਕੀ ਖੁਦਿਆ ਹੋਇਆ ਸੀ?
ਬੰਟੀ ਨੂੰ ਇਹ ਖੰਜਰ, ਜਿਹੜਾ ਲੋਹਾ, ਤਾਂਬਾ, ਜਿਸਤ ਤੇ ਹੋਰ ਪਤਾ ਨਹੀਂ ਕਿਹੜੀਆਂ ਧਾਤਾਂ ਮਿਕਸ ਕਰਕੇ ਬਣਿਆ ਸੀ, ਬੜੇ ਕੰਮ ਦਾ ਲੱਗਾ ਤੇ ਉਹਨੇ ਇਹਨੂੰ ਸਦਾ ਲਈ ਡੱਬ ਵਿਚ ਲਾ ਲਿਆ ਸੀ….।
…ਤੇ ਲਉ ਬਈ ਪੜ੍ਹਦਿਓ-ਸੁਣਦਿਓ! ਤੇ ਲਓ ਬਈ ਇਰਦ-ਗਿਰਦ ਬੈਠਿਓ! ਮੈਂ ਜੇ ਤੁਹਾਡਾ ਸੇਵਕ ਕਾਂਗ, ਜੀਹਨੇ ਇਹ ਲੰਮੀ ਬਾਤ ਪਾਈ ਤੇ ਇਹਨੂੰ ਲਿਖਤ ਦਾ ਰੂਪ ਵੀ ਦਿੱਤਾ! ਮੈਂ ਤੇ ਇਹ ਬਾਤ ਕੋਈ ਨਹੀਂ ਸੀ ਜੇ ਪਾਣੀ, ਉਹ ਤੇ ਆਦਿ ਮਾਤਾ ਨੇ ਮੇਰੇ ਗਲ ਗੂਠਾ ਦਿੱਤਾ। ਮੇਰੀ ਜਾਨ ਜਦੋਂ ਲਬਾਂ ‘ਤੇ ਆਈ ਤੇ ਮੈਂ ਬਾਤ ਪੌਣੀ ਮੰਨ ਲਈ…।

 
Old 13-12-2008
Johal
 
Re: Copy-Paste: Kutti Vehrda

thnkxx 22 gg for sharing

ll read it part by part

 
Old 13-12-2008
pps309
 
Re: Copy-Paste: Kutti Vehrda

Originally Posted by johal View Post
thnkxx 22 gg for sharing

ll read it part by part
Hanji, its a big one. Part by Part time kad ke parde rayo.

 
Old 14-10-2011
desiji
 
Re: Copy-Paste: Kutti Vehrda

lol haha funy

 
Old 25-07-2012
♥ (ਛੱਲਾ) ♥
 
Re: Copy-Paste: Kutti Vehrda

lol ...

 
Old 27-07-2012
babbu356
 
Re: Copy-Paste: Kutti Vehrda



Reply
« Chabba surname-- jatt or ramgarhia | Suhaag traditional »

Similar Threads for : Copy-Paste: Kutti Vehrda
Recipe Paneer recipes
don't copy if u can't paste
Paste Your Favourite YouTube Video

Contact Us - DMCA - Privacy - Top
UNP